ਪੰਜਾਬ ਦੀ ਸਿਆਸਤ ਅਤੇ ਅਸਪਸ਼ਟ ਸਿਆਸੀ ਨਿਸ਼ਾਨੇ

ਹਜ਼ਾਰਾ ਸਿੰਘ ਮਿਸੀਸਾਗਾ
ਫੋਨ: +1-647-585-5997
‘ਪੰਜਾਬ ਟਾਈਮਜ਼’ ਦੇ 28 ਜਨਵਰੀ 2023 ਵਾਲੇ ਅੰਕ 4 ਵਿਚ ਹਰਚਰਨ ਸਿੰਘ ਪ੍ਰਹਾਰ ਦੀ ਪੰਜਾਬ ਦੇ ਕਮਿਊਨਿਸਟਾਂ ਅਤੇ ਸਿੱਖ ਵਿਦਵਾਨਾਂ ਦੀ ਪਹੁੰਚ ਬਾਰੇ ਲਿਖਤ ਪੜ੍ਹੀ। ਇਹ ਲਿਖਤ ਪਿਛਲੇ 40 ਸਾਲਾਂ ਦੀਆਂ ਘਟਨਾਵਾਂ ’ਤੇ ਪੰਛੀ ਝਾਤ ਪੁਆਉਂਦੀ ਹੈ, ਘਟਨਾਵਾਂ ਨਾਲ ਜੁੜੇ ਪਾਤਰਾਂ ਦੀ ਨੀਤ ਅਤੇ ਨੀਤੀ ਬਾਰੇ ਕਈ ਗੁੱਝੇ ਪੱਖਾਂ ਤੇ ਰੌਸ਼ਨੀ ਪਾਉਂਦੀ ਹੈ। ਇਨ੍ਹਾਂ ਘਟਨਾਵਾਂ ਨਾਲ ਵਾਬਸਤਾ ਰਹੇ ਆਗੂਆਂ ਅਤੇ ਵਿਦਵਾਨਾਂ ਦੀ ਦੂਰਦਰਸ਼ਤਾ ਅਤੇ ਕਾਬਲੀਅਤ ‘ਤੇ ਵਾਜਿਬ ਸਵਾਲ ਖੜ੍ਹੇ ਕਰਦੀ ਹੈ। ਲਿਖਤ ਸਾਬਿਤ ਕਰਦੀ ਹੈ ਕਿ ਕੇਂਦਰੀ ਸਰਕਾਰ ਸਮੇਤ ਸਭ ਧਿਰਾਂ ਆਪੋ-ਆਪਣੇ ਸਵਾਰਥ ਨੂੰ ਹੀ ਮੁੱਖ ਰੱਖ ਰਹੀਆਂ ਸਨ। ਕੋਈ ਧਿਰ ਵੀ ਸੁਹਿਰਦ ਨਹੀ ਸੀ। ਕਮਿਊਨਿਸਟ ਅਤੇ ਸਿੱਖ ਵਿਦਵਾਨ ਵੀ ਸਵਾਲਾਂ ਦੇ ਘੇਰੇ ਵਿਚ ਹਨ। ਸਭ ਵਾਸਤੇ ਵੱਡਾ ਸਵਾਲ ਹੈ ਕਿ ਇਹ ਪੰਜਾਬ ਦੇ ਲੋਕਾਂ ਦੇ ਬੁਨਿਆਦੀ ਮਸਲਿਆਂ ‘ਤੇ ਕੋਈ ਚਿੰਤਨ ਅਤੇ ਹੱਲ ਪੇਸ਼ ਕਿਉਂ ਨਹੀ ਕਰ ਸਕੀਆਂ।

ਹਰਚਰਨ ਸਿੰਘ ਪ੍ਰਹਾਰ ਦੇ ਅਕਾਲੀ ਲੀਡਰਾਂ, ਸਿੱਖ ਵਿਦਵਾਨਾਂ, ਕਮਿਊਨਿਸਟ ਚਿੰਤਕਾਂ ਅਤੇ ਕਮਿਊਨਿਸਟਾਂ ਤੋਂ ਸਿੱਖ ਬਣੇ ਵਿਦਵਾਨਾਂ ਬਾਰੇ ਸਵਾਲ ਵਾਜਿਬ ਹਨ ਪਰ ਇਨ੍ਹਾਂ ਦਾ ਜਵਾਬ ਕਿਸੇ ਨੇ ਨਹੀਂ ਦੇਣਾ। ਭਲਾ ਅਕਾਲੀ ਦਲ ਵੱਲੋਂ ਮੋਰਚਾ ਦਰਬਾਰ ਸਾਹਿਬ ਅੰਦਰ ਲਿਜਾ ਕੇ ਪੰਜਾਬ ਦੀਆਂ ਮੰਗਾਂ ਨੂੰ ਸਿੱਖ ਮੰਗਾਂ ਦਾ ਰੂਪ ਕਿਉਂ ਦਿੱਤਾ ਗਿਆ? ਇਸ ਦਾ ਜਵਾਬ ਕਿਹੜੀ ਧਿਰ ਦੇਵੇਗੀ? ਦਰਬਾਰ ਸਾਹਿਬ ਅੰਦਰ ਹਥਿਆਰ ਕਿਸ ਸਾਜ਼ਿਸ਼ ਤਾਹਿਤ ਭੇਜੇ ਗਏ ਅਤੇ ਹਥਿਆਰ ਪ੍ਰਾਪਤ ਕਰਨ ਵਾਲੇ ਉਸ ਸਾਜ਼ਿਸ਼ ਨੂੰ ਕਿਉਂ ਨਾ ਸਮਝ ਸਕੇ? ਇਸ ਦਾ ਜਵਾਬ ਵੀ ਕਿਸੇ ਵਿਦਵਾਨ ਨੇ ਨਹੀਂ ਦੇਣਾ। ਟੋਰਾਂਟੋ ਆਏ ਗੁਰਚਰਨ ਸਿੰਘ ਟੌਹੜਾ ਨੂੰ ਕਿਸੇ ਨੇ ਪੁੱਛਿਆ ਸੀ ਕਿ ਸੰਤਾਂ ਨੂੰ ਅਕਾਲ ਤਖਤ ‘ਤੇ ਮੋਰਚਾਬੰਦੀ ਦੀ ਆਗਿਆ ਦੇਣਾ ਤੁਹਾਡੀ ਕਮਜ਼ੋਰੀ ਸੀ ਜਾਂ ਨਾਲਾਇਕੀ? ਟੌਹੜਾ ਜੀ ਮੋਰਚਾਬੰਦੀ ਤੋਂ ਹੀ ਮੁਨਕਰ ਹੋ ਗਏ। ਬਹੁਤ ਵਰ੍ਹੇ ਪੰਥਕ ਧਿਰਾਂ ਇਸ ਗੱਲ ਤੋਂ ਮੁਨਕਰ ਰਹੀਆਂ ਕਿ ਦਰਬਾਰ ਸਾਹਿਬ ਅੰਦਰ ਮਿਥ ਕੇ ਲੜਾਈ ਲੜਨ ਦੇ ਇਰਾਦੇ ਨਾਲ ਕੋਈ ਹਥਿਆਰ ਇੱਕਠੇ ਕੀਤੇ ਗਏ ਸਨ। ਬੜੇ-ਬੜੇ ਮਹਾਂਪੁਰਖਾਂ ਸਮੇਤ ਜਿਹੜੀਆਂ ਧਿਰਾਂ ਸੰਤ ਜਰਨੈਲ ਸਿੰਘ ਦੇ ਮਾਰੇ ਜਾਣ ਨੂੰ ਮੰਨਣ ਤੋਂ ਹੀ ਵੀਹ ਸਾਲ ਇਨਕਾਰੀ ਰਹੀਆਂ, ਉਹ ਪ੍ਰਹਾਰ ਦੀ ਲਿਖਤ ਵਿਚਲੇ ਸਵਾਲਾਂ ਦਾ ਕੀ ਜਵਾਬ ਦੇਣਗੀਆਂ!
ਵੈਸੇ ਅਸਿੱਧੇ ਤੌਰ ‘ਤੇ ਸਮੇਂ ਨੇ ਬਹੁਤ ਸਾਰੇ ਸਵਾਲਾਂ ਦਾ ਜਵਾਬ ਦੇ ਦਿੱਤਾ ਹੈ। ਕਾਂਗਰਸ ਅਤੇ ਭਾਰਤੀ ਸਟੇਟ ਦਰਬਾਰ ਸਾਹਿਬ ‘ਤੇ ਕੀਤੇ ਹਮਲੇ ਨੂੰ ਗਲਤੀ ਸਮਝ ਰਹੀਆਂ ਹਨ ਅਤੇ ਅਸਿੱਧੇ ਤੌਰ ‘ਤੇ ਪਛਤਾਵਾ ਕਰ ਰਹੀਆਂ ਹਨ। ਅਕਾਲੀ ਦਲ ਸਿਆਸੀ ਮੰਗਾਂ ਲਈ ਮੋਰਚਾ ਸਿਆਸਤ ਤੋਂ ਤੋਬਾ ਕਰ ਚੁੱਕਾ ਹੈ। ਕੁਝ ਬੇਚੈਨ ਗਰਮਖਿਆਲੀ ਸਿੱਖ ਚਿੰਤਕ ਉਸ ਪੈਂਤੜੇ ‘ਤੇ ਮੁੜਨ ਨੂੰ ਅਜੇ ਵੀ ਬਥੇਰਾ ਤਾਂਘਦੇ ਹਨ, ਪਰ ਉਨ੍ਹਾਂ ਦੀ ਇਸ ਤਾਂਘ ਨੂੰ ਬੂਰ ਪੈਂਦਾ ਕਿਧਰੇ ਦਿਸ ਨਹੀਂ ਰਿਹਾ।
ਇਹ ਠੀਕ ਹੈ ਕਿ ਪੰਜਾਬ ਦੀ ਤਾਸੀਰ ਵਿਚ ਹਥਿਆਰਬੰਦ ਯੁੱਧ ਦਾ ਵਲਵਲਾ ਰਿਹਾ ਹੋਣ ਕਾਰਨ ਪੰਜਾਬੀਆਂ ਨੂੰ ਹਰ ਉਹ ਲਹਿਰ ਚੰਗੀ ਲਗਦੀ ਰਹੀ ਹੈ ਜਿਸ ਵਿਚ ਹਥਿਆਰਬੰਦ ਅੰਸ਼ ਸ਼ਾਮਿਲ ਹੁੰਦਾ ਸੀ। ਮਿਸਾਲ ਵਜੋਂ ਗਦਰ ਲਹਿਰ, ਬੱਬਰ ਅਕਾਲੀ ਲਹਿਰ, ਭਗਤ ਸਿੰਘ, ਊਧਮ ਸਿੰਘ, ਕਰਤਾਰ ਸਿੰਘ ਆਦਿ ਦੇ ਸੂਰਮਤਾਈ ਵਾਲੇ ਕਾਰਨਾਮੇ ਪੰਜਾਬੀਆਂ ਦੇ ਮਨਾਂ ‘ਤੇ ਛਾਏ ਹੋਏ ਹਨ। ਹੋਰ ਤਾਂ ਹੋਰ, ਦੁੱਲਾ ਭੱਟੀ, ਸੁੱਚਾ ਸੂਰਮਾ ਅਤੇ ਜਿਊਣਾ ਮੌੜ ਅਤੇ ਜੱਗਾ ਡਾਕੂ ਵੀ ਪੰਜਾਬੀਆਂ ਦੇ ਮਨਾਂ ਵਿਚ ਅਣਖ ਲਈ ਲੜਨ ਵਾਲੇ ਸਤਿਕਾਰਤ ਸੂਰਮੇ ਹਨ। ਬੱਸ ਇਨ੍ਹਾਂ ਭਾਵਨਾਵਾਂ ਕਾਰਨ ਹੀ ਜਦ ਕਿਤੇ ਲੜਾਈ ਦਾ ਆਦਰਸ਼ ਵੱਡਾ ਜਾਪਦਾ ਹੋਏ ਤਾਂ ਪੰਜਾਬੀ ਲੋਕ ਹਥਿਆਰਬੰਦ ਲੜਾਈ ਲਈ ਕਾਹਲੇ ਪੈ ਜਾਂਦੇ ਹਨ। ਗੱਲ ‘ਸ਼ਾਹ ਮੁਹਮੰਦਾ ਵਰਜ ਨਾ ਜਾਂਦਿਆਂ ਨੂੰ, ਫੌਜਾਂ ਹੋਇ ਮੁਹਾਣੀਆਂ ਕਦ ਮੁੜੀਆਂ’ ਵਾਲੀ ਹੋ ਜਾਂਦੀ ਹੈ। ਜਜ਼ਬਾਤ ਦੀ ਹਨੇਰੀ ਅੱਗੇ ਲੀਡਰ ਬੇਵੱਸ ਹੋ ਜਾਂਦੇ ਹਨ, ਫੌਜਾਂ ਬੇਕਾਬੂ ਹੋ ਕੇ ਹੰਨੇ-ਹੰਨੇ ਮੀਰੀ ਵਰਤਾਉਣ ਲਈ ਉਤਾਵਲੀਆਂ ਹੋ ਜਾਂਦੀਆਂ ਹਨ। ਜਥੇਬੰਦੀਆਂ ਦੇ ਕੁੰਡੇ ਟੁੱਟ ਜਾਂਦੇ ਹਨ ਤੇ ਆਪ-ਮੁਹਾਰੇਪਣ ਦੇ ਮਾਹੌਲ ਵਿਚ ਆਗੂਆਂ ਨੂੰ ਪੁੱਛਣ ਦੀ ਥਾਂ ਕਿਹਾ ਜਾਂਦਾ ਹੈ- ‘ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋਣੀ, ਜਿਹੜੀ ਕਰੇਗਾ ਖਾਲਸਾ ਪੰਥ ਮੀਆਂ’। ਕਿਸਾਨ ਮੋਰਚੇ ਦੌਰਾਨ ਵੀ ਇਹੋ ਵਰਤਾਰਾ ਵਰਤਾਉਣ ਦੀ ਕੋਸ਼ਿਸ਼ ਸੀ ਪਰ ਕਿਸਾਨ ਜਥੇਬੰਦੀਆਂ ਦੀ ਸੂਝ-ਬੂਝ ਅਤੇ ਆਪਣੇ ਬਿਰਤਾਂਤ ‘ਤੇ ਪੱਕੇ ਪੈਰੀਂ ਖੜ੍ਹੇ ਰਹਿਣ ਦੀ ਮਜ਼ਬੂਤੀ ਨੇ ਪੰਜਾਬੀਆਂ ਦੇ ਇਸ ਆਪਮੁਹਾਰੇਪਣ ਵਾਲੇ ਵਤੀਰੇ ਵਿਚ ਇਤਹਾਸਕ ਸਿਫਤੀ ਤਬਦੀਲੀ ਦਾ ਕਾਰਜ ਕੀਤਾ। ਇਸੇ ਕਰ ਕੇ ਹੁਣ ‘ਪੱਕੇ’ ਮੋਰਚੇ ਲਾਉਣ ਵਾਲੇ ਹਥਿਆਰ ਉਠਾਉਣ ਦੀਆਂ ਗੱਲਾਂ ਕਰਨ ਦੀ ਥਾਂ ਕਿਸਾਨ ਮੋਰਚੇ ਤੋਂ ਸਿੱਖੇ ਸਬਕ ਅਪਣਾਉਣ ਦੀਆਂ ਗੱਲਾਂ ਕਰਦੇ ਹਨ ਪਰ ਦਰਬਾਰ ਸਾਹਿਬ ‘ਤੇ ਹਮਲਾ ਕਰਨ ਵਾਲਿਆਂ ਅਤੇ ਅੰਦਰੋਂ ਮੋਰਚਾ ਬਣਾ ਕੇ ਲੜਨ ਵਾਲਿਆਂ ਵਾਂਗ 26 ਜਨਵਰੀ ਨੂੰ ਲਾਲ ਕਿਲ੍ਹੇ ‘ਤੇ ਝੰਡਾ ਝੁਲਾਉਣ ਵਾਲੇ ਵੀ ਸਮੁੱਚੇ ਕਿਸਾਨ ਮੋਰਚੇ ਨੂੰ ਲੀਹੋਂ ਲਾਹੁਣ ਦੀ ਗਲਤੀ ਨੂੰ ਖੁੱਲ੍ਹ ਕੇ ਸਵੀਕਾਰਨ ਲਈ ਤਿਆਰ ਨਹੀਂ, ਸਗੋਂ ਦੀਪ ਸਿੱਧੂ ਦੇ ਉਸਤਾਦ ਸਿੱਖ ਚਿੰਤਕ ਅਜਮੇਰ ਸਿੰਘ ਨੇ ਪੂਰੀ ਕਿਸਾਨ ਲੀਡਰਸਿ਼ਪ ਨੂੰ ਜੜੋਂ ਹੀ ਨਖਿੱਧ ਸਾਬਤ ਕਰਕੇ ਉਨ੍ਹਾਂ ਦੇ ਮੁਕਾਬਲੇ ਦੀਪ ਨੂੰ ਸਿੱਖਾਂ ਦਾ ਆਦਰਸ਼ ਨਾਇਕ ਸਾਬਤ ਕਰਨ ਲਈ ਲਗਾਤਾਰ ਪੂਰਾ ਤਾਣ ਲਾਇਆ ਹੋਇਆ ਹੈ। ਇਸ ਪ੍ਰਥਾਇ ਉਸ ਵਲੋਂ ਲਾਲ ਕਿਲਾ ਕਾਂਡ ਦੀ ਦੂਸਰੀ ਵਰ੍ਹੇਗੰਢ ਮਨਾਉਣ ਲਈ 26 ਜਨਵਰੀ ਨੂੰ ਗੁਰਦੁਆਰਾ ਹਾਜੀਰਤਨ ਬਠਿੰਡਾ ਵਿਖੇ ‘ਲਾਲ ਕਿਲੇ ‘ਤੇ ਝੁਲੇ ਕੇਸਰੀ ਨਿਸ਼ਾਨ’ ਵਾਲਾ ਵਿਹੁਪੂਰਨ ਪਰੰਤੂ ਵਲਵਲੇ ਭਰਪੂਰ ਭਾਸ਼ਣ ਯੂਟਿਊਬ ਉਪਰ ਸੁਣਿਆ ਜਾ ਸਕਦਾ ਹੈ।
ਹਰਚਰਨ ਸਿੰਘ ਪ੍ਰਹਾਰ ਕਮਿਊਨਸਿਟ ਅਤੇ ਸਿੱਖ ਵਿਦਵਾਨਾਂ ਬਾਰੇ ਸਵਾਲ ਉਠਾ ਰਹੇ ਹਨ। ਸਵਾਲ ਵਾਜਿਬ ਹਨ ਪਰ ਇਨ੍ਹਾਂ ਵਿਦਵਾਨਾਂ ਦੇ ਵੱਸ ਤੋਂ ਬਾਹਰ ਹਨ। ਢਿੱਲਵਾਂ ਬੱਸ ਕਾਂਡ ਦੀ ਸਿੱਖ ਵਿਦਵਾਨ, ਨਕਸਲੀਆਂ ਵੱਲੋਂ ਬਿਨਾ ਕਿਸੇ ਠੋਸ ਤਿਆਰੀ ਦੇ ਭੀਖੀ, ਸਮਾਓਂ ਅਤੇ ਕਿਲ੍ਹਾ ਹਕੀਮਾਂ ਵਿਚ ਜ਼ਮੀਨਾਂ ‘ਤੇ ਜਬਰੀ ਕਬਜ਼ੇ ਕਰਨ ਦੀ ਛੇੜ ਅਤੇ ਜਨਰਲ ਬਲਵੰਤ ਸਿੰਘ ਦੇ ਕਤਲ ਦੀ ਕਮਿਊਨਿਸਟਾਂ ਕੋਲ ਕੀ ਵਾਜਿਬ ਵਿਆਖਿਆ ਹੋ ਸਕਦੀ ਹੈ? ਰਾਜ ਉਲਟਾਉਣ ਲਈ ਦਰਬਾਰ ਸਾਹਿਬ ਅੰਦਰ ਹਥਿਆਰ ਇਕੱਠੇ ਕਰਨੇ ਜਾਂ ਨਕਸਲੀਆਂ ਵੱਲੋਂ ਚਮਕੌਰ ਸਾਹਿਬ ਪੁਲਿਸ ਚੌਕੀ ‘ਤੇ ਹਮਲਾ ਕਰਨਾ ਸਿਆਸੀ ਸੂਝ ਤੋਂ ਵਿਰਵੀ ਇੱਕੋ ਜਿਹੀ ਭਾਵੁਕ ਮਾਅਰਕੇਬਾਜ਼ੀ ਸੀ। ਦੋਨਾਂ ਧਿਰਾਂ ਦੇ ਆਦਰਸ਼ ਵੱਖਰੇ ਸਨ। ਆਪੋ-ਆਪਣੀ ਥਾਂ ‘ਤੇ ਦੋਨੋ ਧਿਰਾਂ ਦੇ ਆਦਰਸ਼ ਬਹੁਤ ਉੱਚੇ ਸਨ ਅਤੇ ਉਹ ਇਸ ਲਈ ਕੁਰਬਾਨੀ ਕਰਨ ਵਾਸਤੇ ਉਤਾਵਲੇ ਵੀ ਸਨ, ਪਰ ਕਿਸੇ ਮੁਹਿੰਮ ਨੂੰ ਸਰ ਕਰਨ ਲਈ ਕੁਰਬਾਨੀ ਦਾ ਜ਼ਜਬਾ ਕੀ ਕਾਫੀ ਹੈ? ਇਥੇ ਪ੍ਰਹਾਰ ਵਲੋਂ ਸ੍ਰੀ ਲੰਕਾ ਵਿਚ ਲਿਟਿਆਂ ਵਲੋਂ ਆਪਣੇ ਸੰਘਰਸ਼ ਦੌਰਾਨ ਅਣਗਿਣਤ ਬੇਮਿਸਾਲ ਪਰੰਤੂ ਅਝਾਂਈ ਦਿਤੀਆਂ ਗਈਆਂ ਕੁਰਬਾਨੀਆਂ ਦੀ ਬੜੀ ਢੁਕਵੀਂ ਮਿਸਾਲ ਦਿਤੀ ਹੈ।
ਜਦ ਕਮਿਊਨਿਸਟ ਅਤੇ ਸਿੱਖ ਧਾਰਾਵਾਂ ਦੀ ਗੱਲ ਚਲਦੀ ਹੈ ਤਾਂ ਨੇੜਲੇ ਇਤਹਾਸ ਵਿਚ ਪੰਜਾਬ ਦੇ ਲੋਕਾਂ ਨੂੰ ਉੱਪਰੋਥਲੀ ਦੋ ਰਾਜਸੀ ਨਿਸ਼ਾਨਿਆਂ ਨੇ ਧੁਰ ਅੰਦਰ ਤੱਕ ਪ੍ਰਭਾਵਿਤ ਕੀਤਾ। ਕਮਿਊਨਸਿਟਾਂ ਦੇ ‘ਇਨਕਲਾਬ’ ਅਤੇ ਸਿੱਖ ਧਾਰਾ ਦੇ ‘ਖਾਲਸਾ ਰਾਜ’ ਨੇ। ਇਹ ਦੋਨੋਂ ਧਾਰਾਵਾਂ ਲੜਨ ਲਈ ਜੋਸ਼ ਅਤੇ ਕੁਰਬਾਨੀ ਦਾ ਜਜ਼ਬਾ ਤਾਂ ਪੰਜਾਬ ਦੀ ਤਾਸੀਰ ਵਿਚੋਂ ਲੈਂਦੀਆਂ ਸਨ ਪਰ ਰਾਜਨੀਤਕ ਤੌਰ ‘ਤੇ ਨਾ ਸਪਸ਼ਟ ਸਨ ਅਤੇ ਨਾ ਹੀ ਲੜਾਈ ਲਈ ਤਿਆਰ। ਕਮਿਊਨਿਸਟਾਂ ਨੂੰ ਜਿਸ ਤਰ੍ਹਾਂ ਦਾ ਕਾਹਲੀ-ਕਾਹਲੀ ਜੋ ਸਮਝ ਆਇਆ, ਉਨ੍ਹਾਂ ਲਾਗੂ ਕਰਨਾ ਸ਼ੁਰੂ ਕਰ ਦਿੱਤਾ। ਸਿੱਖ ਧਾਰਾ ਦੀ ਰਾਜਸੀ ਚੌਖਟੇ ਬਾਰੇ ਪਹੁੰਚ ਇਹ ਰਹੀ ਹੈ ਕਿ ਜਦ ਰਾਜ ਆ ਗਿਆ ਤਾਂ ਚੌਖਟਾ ਵੀ ਆਪੇ ਬਣ ਜਾਊ। ਕੋਈ ਪੁੱਛ ਬੈਠਾ ਕਿ ਖਾਲਿਸਤਾਨ ਨਾਲ ਤਾਂ ਸਮੁੰਦਰ ਨਹੀਂ ਲੱਗੇਗਾ। ਇੱਕ ਜਵਾਬ ਸੀ ਕਿ ਤੂੰ ਡੁੱਬਣਾ! ਦੂਸਰਾ ਜਵਾਬ ਸੀ ਕਿ ਤੁਸੀਂ ਲੱਤਾਂ ਨਾ ਖਿੱਚੋ, ਸਮੁੰਦਰ ਅਸੀਂ ਆਪੇ ਪੁੱਟ ਲਵਾਂਗੇ। ਐਸੇ ਮਾਹੌਲ ਵਿਚ ਕਿਹੜਾ ਵਿਦਵਾਨ ਕੀ ਜਵਾਬ ਦੇਵੇਗਾ ਅਤੇ ਕੀ ਸਵਾਲ ਕਰੇਗਾ?
ਦੋਨੋਂ ਧਾਰਾਵਾਂ ਦੇ ਨਿਸ਼ਾਨਿਆਂ- ‘ਇਨਕਲਾਬ’ ਅਤੇ ‘ਖਾਲਸਾ ਰਾਜ’ ਦੀ ਪ੍ਰਾਪਤੀ ਲਈ ਦੋਨੋਂ ਧਿਰਾਂ ਪੰਜਾਬ ਦੀ ਧਰਤੀ ‘ਤੇ ਵੱਖ-ਵੱਖ ਸਮੇਂ ਲੜੀਆਂ। ਦੋਹਾਂ ਦੀ ਸ਼ਕਤੀ ਪੰਜਾਬ ਦੇ ਲੋਕ ਅਤੇ ਪੰਜਾਬੀ ਤਾਸੀਰ ਸੀ। ਦੋਨੋਂ ਕਾਹਲ ਅਤੇ ਜਜ਼ਬਾਤ ਦੇ ਘੋੜੇ ‘ਤੇ ਸਵਾਰ ਸਨ। ਦੋਹਾਂ ਵਿਚ ਵਿਦਵਾਨ ਅਤੇ ਵਿਦਵਤਾ ਕਿਤੇ ਪਿੱਛੇ ਰਹਿ ਗਏ ਸਨ। ਦੋਨਾਂ ਦੀ ਅਗਵਾਈ ਕਰਨ ਲਈ ਦੋ ਆਗੂ ਆਏ ਜੋ ਆਪੋ-ਆਪਣੀ ਧਾਰਾ ਵਿਚ ਸਿਤਾਰਿਆਂ ਵਾਂਗ ਚਮਕਦੇ ਨਾਇਕ ਹੋ ਨਿੱਬੜੇ। ਬਾਕੀ ਦੁਨੀਆ ਵਿਚ ਦੋਹਾਂ ਨੂੰ ਅਨਪੜ੍ਹਾਂ ਦੇ ਅਨਪੜ੍ਹ ਲੀਡਰ ਕਿਹਾ ਜਾਂਦਾ ਸੀ ਪਰ ਇਹ ਦੋਨੋਂ ਆਪੋ-ਆਪਣੇ ਸਮਰਥਕਾਂ ਨੂੰ ਕੀਲਣ ਦੀ ਵਿਸ਼ੇਸ਼ ਯੋਗਤਾ ਦੇ ਮਾਲਕ ਸਨ। ਦੋਨੋਂ ਦੁਨਿਆਵੀ ਲਾਲਚਾਂ ਤੋਂ ਨਿਰਲੇਪ ਅਤੇ ਕੁਰਬਾਨੀ ਲਈ ਆਪਣੇ ਆਪ ਨੂੰ ਤਿਆਰ ਕਰੀ ਬੈਠੇ ਸਨ। ਦੋਹਾਂ ਲਈ ਸੈਂਕੜੇ ਲੋਕ ਮਰ ਮਿਟਣ ਲਈ ਤਿਆਰ ਸਨ। ਇਹ ਦੋ ਸ਼ਖਸ ਸਨ ਕਾਮਰੇਡ ਬਾਬਾ ਬੂਝਾ ਸਿੰਘ ਅਤੇ ਸੰਤ ਜਰਨੈਲ ਸਿੰਘ। ਦੋਹਾਂ ਵਿਚ ਬਹੁਤ ਕੁਝ ਸਾਂਝਾ ਸੀ ਅਤੇ ਦੋ ਧਰੁਵਾਂ ਜਿੰਨੀ ਦੂਰੀ ਵੀ। ਬਾਬਾ ਬੂਝਾ ਸਿੰਘ ਨੇ ਮਾਸਕੋ ਤੱਕ ਜਾ ਕੇ ਕਮਿਊਨਿਜ਼ਮ ਦੀ ਮੋਟੀ ਠੁੱਲ੍ਹੀ ਪੜ੍ਹਾਈ ਕੀਤੀ, ਬਹੁਤ ਸਾਰੇ ਨੌਜੁਆਨਾਂ ਨੂੰ ਸਟੱਡੀ ਸਰਕਲ ਦਿੱਤੇ, ਨੌਜੁਆਨ ਇਨਕਲਾਬੀ ਬਣਾਏ, ਸਭਾਵਾਂ ਬਣਾਈਆਂ ਅਤੇ ਇਨਕਲਾਬ ਦੇ ਰਾਹ ਤੋਰਿਆ ਪਰ ਭਾਰਤ ਦੇ ਵੱਡੇ ਕਾਮਰੇਡ ਬਾਬੇ ਨੂੰ ਅਨਪੜ੍ਹ ਹੀ ਜਾਣਦੇ ਸਨ। ਦੂਸਰੇ ਪਾਸੇ, ਸੰਤ ਜਰਨੈਲ ਸਿੰਘ ਨੇ ਧਾਰਮਿਕ ਗ੍ਰੰਥ ਪੜ੍ਹੇ, ਅੰਮ੍ਰਿਤ ਛਕਾਉਣ ਦੀ ਲਹਿਰ ਚਲਾਈ, ਨੌਜੁਆਨਾਂ ਨੂੰ ਨਸ਼ੇ ਛੁਡਾ ਕੇ ਅੰਮ੍ਰਿਤਧਾਰੀ ਬਣਾਇਆ ਅਤੇ ਖਾਲਸਾ ਰਾਜ ਦੇ ਵਿਚਾਰ ਨੂੰ ਮੁੜ ਸੁਰਜੀਤ ਕੀਤਾ।
ਜਿਵੇਂ ਬਾਬਾ ਬੂਝਾ ਸਿੰਘ ਦੇ ਨਕਸਲੀਏ ਸੋਚਦੇ ਸਨ ਕਿ ਇਨਕਲਾਬ ਬੰਦੂਕ ਨਾਲੀ ਵਿਚੋਂ ਨਿਕਲਦਾ ਹੈ, ਉਵੇਂ ਹੀ ਸਿੱਖ ਧਾਰਾ ਵਿਚ ‘ਸ਼ਸਤਰਨ ਕੇ ਆਧੀਨ ਹੈ ਰਾਜ’ ਦਾ ਵਿਚਾਰ ਪ੍ਰਬਲ ਸੀ। ਪੰਜਾਬ ਵਿਚਲੇ ਨਕਸਲੀਏ ਹਥਿਆਰਬੰਦ ਇਨਕਲਾਬ ਦੇ ਰੋਮਾਂਚਿਕ ਪੱਖ ਦੀ ਕੀਲ ਵਿਚ ਸਨ। ਉਹ ਸੋਚਦੇ ਸਨ ਕਿ ਬਹੁਤਾ ਸੋਚਣ ਵਿਚਾਰਨ ਦਾ ਸਮਾਂ ਨਹੀਂ, ਬੱਸ ਮੱਕੀਆਂ ਵੱਡੀਆਂ ਹੋਣ ਦੀ ਦੇਰ ਆ, ਪਿੰਡਾਂ ਵਿਚੋਂ ਬਗਾਵਤ ਕਰ ਕੇ ਸ਼ਹਿਰ ਕਬਜ਼ੇ ਵਿਚ ਲੈ ਲੈਣੇ ਹਨ। ਇਹ ਇਨਕਲਾਬ ਦਾ ਜਟਕਾ ਤਰੀਕਾ ਸੀ।
ਦੂਸਰੇ ਪਾਸੇ, ਸਿੱਖ ਧਾਰਾ ਵੀ ਸਭਰਾਵਾਂ ਦੀ ਹਾਰ ਤੋਂ ਬਾਅਦ ਬਾਜ਼ੀ ਜਿੱਤਣ ਲਈ ਇੱਕ ਵਾਰ ਹਥਿਆਰਬੰਦ ਯੁੱਧ ਲੜ ਕੇ ਦੇਖਣਾ ਚਾਹੁੰਦੀ ਸੀ। ਨਕਸਲੀਆਂ ਦੇ ਜਟਕੇ ਇਨਕਲਾਬੀ ਤਰੀਕੇ ਵਾਂਗ ਹੀ ਸੰਤ ਜਰਨੈਲ ਸਿੰਘ ਨੇ ‘ਇਹ ਵੀ ਜਟਕਾ ਫੰਧ ਲਗਾ ਲਈਏ’ ਅਨੁਸਾਰ ਇੱਕੋ ਹੱਲੇ ਖਾਲਸਾ ਰਾਜ ਸਿਰਜ ਦੇਣ ਦਾ ਜਟਕਾ ਫੰਧ ਲਾਇਆ ਸੀ। ਫੰਧ ਇਹ ਸੀ ਕਿ ਇੰਦਰਾ ਤਾਂ ਭਾਵੇਂ ਆਪਣੇ ਰਾਜਸੀ ਲਾਭ ਲਈ ਹਾਲਾਤ ਵਿਗੜੀ ਜਾਣ ਦੇਈ ਜਾ ਰਹੀ ਸੀ ਪਰ ਸੰਤ ਇਸ ਦਾਅ ‘ਤੇ ਸੀ ਕਿ ਜਦ ਵਿਗੜੇ ਹਾਲਾਤ ਨੂੰ ਕਾਬੂ ਕਰਨ ਲਈ ਫੌਜ ਆਏਗੀ ਤਾਂ ਦੋ-ਤਿੰਨ ਦਿਨ ਮੁਕਾਬਲਾ ਕਰ ਕੇ ਰੋਕਾਂਗੇ, ਇੰਨੇ ਚਿਰ ਨੂੰ ਪੰਜਾਬ ਵਿਚ ਅਫਰਾ-ਤਫਰੀ ਫੈਲ ਜਾਏਗੀ, ਵੱਡੇ ਪੱਧਰ ‘ਤੇ ਫੈਲੀ ਗੜਬੜ ਕਾਰਨ ਹਾਲਾਤ ਕਾਬੂ ਤੋਂ ਬਾਹਰ ਹੋ ਜਾਣਗੇ ਜਿਸ ਵਿਚੋਂ ਨਵੇਂ ਦੇਸ਼ ਦਾ ਜਨਮ ਹੋ ਜਾਏਗਾ। ਇਸ ਦੀ ਤਿਆਰੀ ਲਈ ਉਹ ਤਕਰੀਰਾਂ ਵਿਚ ਆਮ ਕਿਹਾ ਕਰਦਾ ਸੀ ਕਿ ਜਿਸ ਦਿਨ ਪਤਾ ਲੱਗ ਜਾਏ ਕਿ ਫੌਜ ਨੇ ਹਮਲਾ ਕਰ ਦਿੱਤਾ, ਉਸ ਦਿਨ ਪੰਥ ਦੋਖੀ ਚੁਣ-ਚੁਣ ਗੱਡੀ ਚਾੜ੍ਹ ਦਿਓ। ਐਥੇ ਆਇਆਂ ਨੂੰ ਐਵਂੇ ਨਹੀਂ ਜਾਣ ਦਿੰਦੇ, ਢੇਰੀਆਂ ਲਾ ਦਿਆਂਗੇ, ਟੋਪੀ ਵਾਲਿਆਂ ਦੀਆਂ। ਕਹਿਣ ਦਾ ਭਾਵ, ਨਕਸਲੀਆਂ ਦੇ ਮੋਟੇ ਠੁੱਲ੍ਹੇ ਇਨਕਲਾਬੀ ਖਾਕੇ ਵਾਂਗ ਸੰਤ ਵੀ ਆਪਣੇ ਮਨ ਅੰਦਰ ਖਾਲਸਾ ਰਾਜ ਦੀ ਬਹਾਲੀ ਲਈ ਹਥਿਆਰਬੰਦ ਰਾਹ ਨੂੰ ਅਜ਼ਮਾਉਣ ਦਾ ਖਾਕਾ ਉਲੀਕੀ ਬੈਠਾ ਸੀ।
ਦੋਹਾਂ ਧਿਰਾਂ ਦੀਆਂ ਗਿਣਤੀਆਂ-ਮਿਣਤੀਆਂ ਹਕੀਕਤਾਂ ਦੇ ਸਨਮੁਖ ਸਹੀ ਨਾ ਹੋਣ ਕਾਰਨ ਨਾ ਇਨਕਲਾਬ ਆਇਆ, ਨਾ ਖਾਲਸਾ ਰਾਜ ਬਹਾਲ ਹੋ ਸਕਿਆ। ਬਾਬਾ ਬੂਝਾ ਸਿੰਘ ਦੀ ਲਾਸ਼ ਖੋਹਣ ਵਾਲੇ ਆਮ ਕਿਰਤੀ ਤਾਂ ਅੱਗੇ ਆਏ ਪਰ ਜਿਨ੍ਹਾਂ ਕਿਸਾਨਾਂ ਦੀ ਬੰਦ ਖਲਾਸੀ ਲਈ ਉਹ ਸਾਰੀ ਉਮਰ ਜੂਝਿਆ, ਉਹ ਆਪਣੇ ਖੇਤਾਂ ਵਿਚ ਰੁੱਝੇ ਰਹੇ। ਸੰਤ ਜਰਨੈਲ ਸਿੰਘ ਵੀ ਕੁਰਬਾਨ ਹੋ ਗਿਆ, ਕਰਫਿਊ ਕਾਰਨ ਲੋਕ ਉਸ ਤੱਕ ਪਹੁੰਚ ਨਾ ਸਕੇ। ਅਫਜ਼ਲ ਅਹਿਸਨ ਰੰਧਾਵਾ ਦੇ ਲਫਜ਼ਾਂ ਵਿਚ ਮੰਜ਼ਰ ਇਹ ਬਣਿਆ- ‘ਉੱਥੇ ਕੋਈ ਨਾ ਬਹੁੜਿਆ, ਉਸ ਨੂੰ ਵੈਰੀਆਂ ਮਾਰਿਆ ਘੇਰ। ਉਂਝ ਡੱਕੇ ਰਹਿ ਗਏ ਘਰਾਂ ਵਿਚ, ਮੇਰੇ ਲੱਖਾਂ ਪੁੱਤਰ ਸ਼ੇਰ।’
ਪੰਜਾਬ ਦੇ ਇਤਹਾਸ ਵਿਚਲੇ ਇਨ੍ਹਾਂ ਦੋਹਾਂ ਦੌਰਾਂ ਦੇ ਦੋਹਾਂ ‘ਨਾਇਕਾਂ’ ਤੋਂ ਬਾਅਦ ਵਿਦਵਾਨਾਂ ਜਾਂ ਕਵੀਆਂ ਵੱਲੋਂ ਜੋ ਹੋਇਆ, ਉਹ ਕੇਵਲ ਲੋਕਾਂ ਦੇ ਗੁੱਸੇ ਦੀ ਤਰਜਮਾਨੀ ਕਰਨ ਜਾਂ ਪੰਜਾਬੀ ਪਰੰਪਰਾ ਵਿਚਲੇ ਬਦਲੇ ਦੀ ਭਾਵਨਾ ਨੂੰ ਪ੍ਰਗਟ ਕਰਨ ਤੋਂ ਵੱਧ ਕੁਝ ਵੀ ਨਹੀਂ ਸੀ। ਬਾਬਾ ਬੂਝਾ ਸਿੰਘ ਬਾਰੇ ਪਾਸ਼ ਸਿੱਧੇ ਤੌਰ ‘ਤੇ ਬਦਲੇ ਦੀ ਗੱਲ ਕਰਦਾ ਹੈ, ‘ਅਸੀਂ ਬਦਲਾ ਲੈਣਾ ਹੈ, ਉਸ ਬੁੱਢੇ ਬਾਬੇ ਦਾ। ਸਾਥੋਂ ਖੋਹ ਲਿਆ ਜਿਨ੍ਹਾਂ, ਸਾਡੇ ਮਾਣ ਦੁਆਬੇ ਦਾ।’ ਸਹੀ ਸੀ ਜਾਂ ਗਲਤ ਪਰ ਨਕਸਲੀਆਂ ਨੇ ਸਰਪੰਚ ਜਸਮੇਲ ਸਿੰਘ ‘ਤੇ ਬੂਝਾ ਸਿੰਘ ਦੀ ਮੁਖਬਰੀ ਦਾ ਦੋਸ਼ ਲਾ ਕੇ, ਉਸ ਨੂੰ ਮਾਰ ਕੇ, ਬੂਝਾ ਸਿੰਘ ਦੀ ਸ਼ਹੀਦੀ ਦਾ ‘ਬਦਲਾ’ ਲੈ ਜ਼ਰੂਰ ਲਿਆ ਸੀ। ਇਸੇ ਹੀ ਤਰ੍ਹਾਂ ਸੰਤ ਜਰਨੈਲ ਸਿੰਘ ਤੋਂ ਬਾਅਦ ਪੰਜਾਬ ਦੀ ਫਿਜ਼ਾ ਵਿਚ ‘ਜਿਹੜਾ ਗਿਣ-ਗਿਣ ਬਦਲੇ ਲੈਂਦਾ, ਉਹਨੂੰ ਪੰਜਾਬ ਕਹਿੰਦੇ ਆ’ ਦੀ ਸੁਰ ਉੱਭਰੀ ਅਤੇ ਬਦਲਿਆਂ ਅਤੇ ਮੋੜਵੇਂ ਬਦਲਿਆਂ ਦਾ ਅਜਿਹਾ ਕਹਿਰੀ ਤੁਫਾਨ ਝੁਲਿਆ, ਜੋ ਪੂਰੇ ਅਗਲੇ 10-12 ਵਰ੍ਹਿਆਂ ਤਕ ਚਲੀ ਗਿਆ, ਆਮ ਲੋਕ ਚੱਕੀ ਦੇ ਦੋ ਪੁੜਾਂ ਵਿਚਾਲੇ ਆਏ ਰਹੇ। ਪੁਲੀਸ ਅਤੇ ਅਫਸਰਸ਼ਾਹੀ ਨੇ ਰਜ ਰਜ ਕੇ ਮਨਮਰਜੀਆਂ ਕੀਤੀਆਂ ਅਤੇ ਪੰਜਾਬ ਦਾ ਬੇੜਾ ਗਰਕ ਹੋ ਗਿਆ। ਸਿੱਟਾ ਸਭ ਦੇ ਸਾਹਮਣੇ ਹੈ।
ਹਰਚਰਨ ਸਿੰਘ ਪ੍ਰਹਾਰ ਜੀ, ਪੰਜਾਬ ਦੇ ਐਸੇ ‘ਵਿਚਾਰਕ’ ਧਰਾਤਲ ‘ਤੇ ਕਿਹੜੇ ਵਿਦਵਾਨ ਨੇ ਕੀ ਜਵਾਬ ਦੇਣਾ ਸੀ? ਜਿੱਥੇ ਆਪੋ-ਆਪਣੀ ਵਿਚਾਰਧਾਰਾ ਵੀ ਸਪਸ਼ਟ ਨਾ ਹੋਵੇ, ਉੱਥੇ ਵਿਚਾਰਧਾਰਾਵਾਂ ਦੇ ਸੁਮੇਲ ਦੀ ਗੱਲ ਕਿਵੇਂ ਚੱਲ ਸਕਦੀ ਹੈ? ਪੰਜਾਬੀਆਂ ਨੇ ਸਾਂਝੀ ਪੰਜਾਬੀ ਕੌਮ ਸਿਰਜਣ ਲਈ ਅਜੇ ਬੜਾ ਫਾਸਲਾ ਤੈਅ ਕਰਨਾ ਹੈ।