ਪੰਜਾਬੀ ਫਿਲਮਾਂ ਦਾ ਪਹਿਲਾ ਸੰਗੀਤਕਾਰ ਪ੍ਰੋ. ਨਵਾਬ ਖਾਨ

ਮਨਦੀਪ ਸਿੰਘ ਸਿੱਧੂ
ਪੰਜਾਬੀ ਦੀ ਪਹਿਲੀ ਬੋਲਦੀ ਫਿਲਮ ‘ਇਸ਼ਕ-ਏ-ਪੰਜਾਬ` ਉਰਫ਼ ‘ਮਿਰਜ਼ਾ ਸਾਹਿਬਾਂ` ਦਾ ਸੰਗੀਤ ਤਿਆਰ ਕਰ ਕੇ ਪ੍ਰੋਫੈਸਰ ਨਵਾਬ ਖਾਨ ਪੰਜਾਬੀ ਫਿਲਮਾਂ ਦਾ ਪਹਿਲਾ ਸੰਗੀਤਕਾਰ ਬਣ ਗਿਆ। ਉਸ ਦਾ ਜਨਮ 1870 ਨੂੰ ਕਸੂਰ ਸ਼ਹਿਰ ਦੇ ਪੰਜਾਬੀ ਮੁਸਲਿਮ ਪਰਿਵਾਰ ਵਿਚ ਹੋਇਆ। ਨਵਾਬ ਖਾਨ ਨੂੰ ਚੜ੍ਹਦੀ ਉਮਰੇ ਸੰਗੀਤ ਵਿਚ ਬਹੁਤ ਦਿਲਚਸਪੀ ਹੋ ਗਈ ਸੀ।

ਕਸੂਰ ਦੇ ਕਲਾਸੀਕਲ ਘਰਾਣੇ ਦੇ ਉਸਤਾਦ ਮੀਆਂ ਅੱਲ੍ਹਾ ਦਿੱਤਾ ਖਾਨ ਕਲਾਵੰਤ ਕਸੂਰੀ ਜੋ ਮਸ਼ਹੂਰ ਤੇ ਆਲ੍ਹਾ ਦਰਜੇ ਦੇ ਗਵੱਈਏ ਸਨ, ਉਨ੍ਹਾਂ ਦੇ ਖਾਸ ਸ਼ਾਗਿਰਦ ਹਾਜ਼ੀ ਮੁਹੰਮਦ ਉਰਫ਼ ਹਾਜ਼ੀ ਲੈਕਾਰ ਸਨ ਜੋ ਹਾਰਮੋਨੀਅਮ ਵਜਾਉਣ ਵਿਚ ਮੁਹਾਰਤ ਰੱਖਦੇ ਸਨ। ਇਨ੍ਹਾਂ ਦਾ ਸ਼ਾਗਿਰਦ ਬਣਨ ਦਾ ਮਾਣ ਨਵਾਬ ਖਾਨ ਨੂੰ ਮਿਲਿਆ। ਸੰਗੀਤ ਦੇ ਖੇਤਰ ‘ਚ ਮੁਕਾਮ ਬਣਾਉਣ ਲਈ ਉਸ ਨੇ ਸ਼ਿੱਦਤ ਨਾਲ ਹਾਰਮੋਨੀਅਮ ਦੀ ਤਾਲੀਮ ਹਾਸਲ ਕੀਤੀ। ਇਸ ਵਿਚ ਮੁਹਾਰਤ ਪਾਉਂਦਿਆਂ ਹੀ ਉਹ ਕਸੂਰ ਤੋਂ ਕਲਕੱਤਾ ਚਲਾ ਗਿਆ ਅਤੇ ਮਸ਼ਹੂਰ ਕੰਪਨੀ ਨਿਊ ਥੀਏਟਰ ਵਿਚ ਨੌਕਰੀ ਕਰਨ ਲੱਗਾ। ਫਿਰ ਉਹਨੇ ਆਰਕੈਸਟਰਾ ਗਰੁੱਪ ‘ਚ ਹਾਰਮੋਨੀਅਮ ਵਜਾਉਣ ਦਾ ਕੰਮ ਕੀਤਾ।
ਨਵਾਬ ਖਾਨ ਨੇ ਬਤੌਰ ਬਾਜਾ ਮਾਸਟਰ ਯਾਨੀ ਹਾਰਮੋਨੀਅਮ-ਵਾਦਕ ਪਾਰਸੀ ਥੀਏਟਰੀਕਲ ਕੰਪਨੀਆਂ ਵੱਲੋਂ ਖੇਡੇ ਜਾਂਦੇ ਬੇਸ਼ੁਮਾਰ ਸਟੇਜ ਨਾਟਕਾਂ ਦੀਆਂ ਧੁਨਾਂ ਬਣਾਈਆਂ। ਉਹ ਆਪਣੇ ਦੌਰ ਦੀਆਂ ਥੀਏਟਰੀਕਲ ਕੰਪਨੀਆਂ ਦੇ ਨਾਮਵਰ ਸੰਗੀਤਕਾਰਾਂ `ਚ ਸ਼ਾਮਲ ਸੀ ਜਿਨ੍ਹਾਂ ਦੀਆਂ ਬਣਾਈਆਂ ਖੂਬਸੂਰਤ ਧੁਨਾਂ ਤੋਂ ਕੰਪਨੀਆਂ ਨੇ ਬਹੁਤ ਸ਼ੁਹਰਤ ਕਮਾਈ। ਉਸ ਦੇ ਸੰਗੀਤ ਦੇ ਚਰਚੇ ਕਲਕੱਤਾ ਤੋਂ ਇਲਾਵਾ ਬੰਬੇ ਤੇ ਲਾਹੌਰ ਵਿਚ ਵੀ ਹੋਣ ਲੱਗ ਪਏ।
ਭਾਰਤ ਵਿਚ ਬੋਲਦੀਆਂ ਫਿਲਮਾਂ ਦੀ ਸ਼ੁਰੂਆਤ ਤੋਂ ਬਾਅਦ ਉਹ ਫਿਲਮੀ ਦੁਨੀਆ ਨਾਲ ਜੁੜ ਗਿਆ। ਉਸ ਨੇ 2 ਫਿਲਮਾਂ ਦਾ ਸੰਗੀਤ ਤਿਆਰ ਕੀਤਾ ਜਿਨ੍ਹਾਂ ਵਿਚੋਂ ਇੱਕ ਪੰਜਾਬੀ ਤੇ ਇੱਕ ਹਿੰਦੀ ਫਿਲਮ ਸੀ। ਇਹ ਦੋਵੇਂ ਫਿਲਮਾਂ ਲਾਹੌਰ ਵਿਚ ਬਣੀਆਂ। ਲਾਹੌਰ ਵਿਚ ਰਹਿੰਦਾ ਉੱਘਾ ਫਿਲਮਸਾਜ਼ ਰੌਸ਼ਨ ਲਾਲ ਸ਼ੋਰੀ ਉਰਫ਼ ਆਰ.ਐੱਲ. ਸ਼ੋਰੀ ਵੀ ਨਵਾਬ ਖਾਨ ਦੇ ਸੰਗੀਤ ਤੋਂ ਬੜਾ ਪ੍ਰਭਾਵਿਤ ਸੀ। ਲਿਹਾਜ਼ਾ ਸ਼ੋਰੀ ਨੇ ਉਸ ਨੂੰ ਕਲਕੱਤੇ ਤੋਂ ਲਾਹੌਰ ਸੱਦ ਲਿਆ। ਜਦੋਂ ਰੌਸ਼ਨ ਲਾਲ ਸ਼ੋਰੀ ਨੇ ਆਪਣੀ ਪਹਿਲੀ ਬੋਲਦੀ ਹਿੰਦੀ ਫਿਲਮ ‘ਰਾਧੇ ਸ਼ਿਆਮ` ਉਰਫ਼ ‘ਜ਼ੁਲਮ-ਏ-ਕੰਸ` (1932) ਬਣਾਈ ਤਾਂ ਸੰਗੀਤਕਾਰ ਵਜੋਂ ਨਵਾਬ ਖਾਨ (ਹਾਰਮੋਨੀਅਮ ਵਾਦਕ) ਚੁਣਿਆ। ਉਨ੍ਹਾਂ ਨੇ ਸੰਗੀਤਕਾਰ ਉਸਤਾਦ ਬੰਨ੍ਹੇ ਖਾਨ (ਸਾਰੰਗੀ ਵਾਦਕ), ਐੱਮ.ਡੀ. ਖੁਰਸ਼ੀਦ (ਸਾਰੰਗੀ ਵਾਦਕ) ਤੇ ਜਤੀ ਬਖਸ਼ (ਤਬਲਾ ਵਾਦਕ) ਨਾਲ ਮਿਲ ਕੇ ਇਸ ਫਿਲਮ ਦਾ ਸੰਗੀਤ ਤਿਆਰ ਕੀਤਾ। ਇਸ ਫਿਲਮ ਵਿਚ ਮੋਹਨ ਨੇ ਕ੍ਰਿਸ਼ਨ ਤੇ ਰਾਧਾ ਨੇ ‘ਰਾਧਾ` ਨਾਂ ਦਾ ਮੁੱਖ ਕਿਰਦਾਰ ਅਦਾ ਕੀਤਾ ਸੀ। ਇਸ ਫਿਲਮ ਦੀ ਅਸਲ ਬੁਕਲਿਟ ਮੈਨੂੰ ਲਾਹੌਰ ਰਹਿੰਦੇ ਫਿਲਮ ਇਤਿਹਾਸਕਾਰ ਸ਼ਾਹਿਦ ਪਰਦੇਸੀ ਕੋਲੋਂ ਪ੍ਰਾਪਤ ਹੋਈ। ਫਿਲਮ ਵਿਚ ਕੁਲ 29 ਗੀਤ ਸਨ ਜੋ ਗੀਤਕਾਰ ਡੀ.ਐੱਨ. ਮਧੋਕ ਉਰਫ਼ ਪੰਡਤ ਦੀਨਾ ਨਾਥ ਮਧੋਕ ਨੇ ਲਿਖੇ। ਅਦਾਕਾਰਾ ਰਾਧਾ `ਤੇ ਫਿਲਮਾਏ ਗੀਤਾਂ `ਚ ‘ਕਯਾ ਨਾਮ ਹੈ ਯੇ ਪਯਾਰੇ ਮਾਧੋ ਮਦਨ ਮੁਰਾਰੀ`, ‘ਕਿਤ ਗਏ ਹੈਂ ਬਾਂਕੇ ਬਿਹਾਰੀ ਮੋਹਨ ਮੁਰਲੀ ਬਜਾ ਕੇ` (ਸਮੂਹਗਾਨ) ਸਨ। ਮੋਹਨ (ਕ੍ਰਿਸ਼ਨ) `ਤੇ ਫਿਲਮਾਏ ਗੀਤਾਂ `ਚ ‘ਹਿਰਦਯ ਮੇਂ ਠੇਸ ਲਗੀ ਕੈਸੀ ਮਨ ਮੇਰਾ ਕਯੋਂ ਭਰ ਆਯਾ` ਤੇ ‘ਆਓ ਗੋਕੁਲ ਕੀ ਬਾਰ ਬ੍ਰਜ ਨਾਰ ਪਯਾਰੀ ਆਓ` (ਸਮੂਹਗਾਨ), ਫਿਲਮ ਦੇ ਹੋਰ ਕਿਰਦਾਰ ਫੂਲ ਕੁਮਾਰੀ (ਦੇਵਕੀ) `ਤੇ ਫਿਲਮਾਏ ਗੀਤਾਂ `ਚ ‘ਸੋ ਜਾ ਤੂ ਮੇਰੇ ਜਾਏ ਵਹ ਪਾਪੀ ਯਹਾਂ ਆਏ` ਤੇ ‘ਆਜਾ ਤੂ ਮੇਰੇ ਲਾਲ ਤੁਝੇ ਗੋਦ ਖਿਲਾਊਂ`। ਡੀ. ਐੱਨ. ਮਧੋਕ (ਵਾਸੂਦੇਵ) `ਤੇ ਫਿਲਮਾਇਆ ‘ਚਿੰਤਾ ਨਾ ਕਰੋ ਆਏਂਗੇ ਯਹੀਂ ਗੋਪਾਲ-ਕਨਹਾਈ-ਗਿਰਧਾਰੀ` ਸੀ।
ਇਸ ਫਿਲਮ ਦੀ ਨੁਮਾਇਸ਼ ਵਾਲੇ ਇਸ਼ਤਿਹਾਰ ਉੱਤੇ ਦਰਜ ਇਬਾਰਤ ਮੁਤਾਬਿਕ ਇਹ ਪੌਰਾਣਿਕ ਫਿਲਮ ਲਾਹੌਰ ਵਿਚ ਬਣੀ ਪਹਿਲੀ ਬੋਲਦੀ ਹਿੰਦੀ ਫਿਲਮ ਸੀ। 2 ਸਤੰਬਰ 1932 ਨੂੰ ਇਹ ਫਿਲਮ ਲਾਹੌਰ ਦੇ ਅਲਫਿੰਸਟਨ ਥੀਏਟਰ ਵਿਚ ਰਿਲੀਜ਼ ਹੋਈ ਜਿਸ ਨੂੰ ਦਰਸ਼ਕਾਂ ਨੇ ਬੜਾ ਪਸੰਦ ਕੀਤਾ। ਇਸ ਸਾਲ ਹੀ ਲਾਹੌਰ ਵਿਚ ਪੰਜਾਬ ਦੇ ਮਸ਼ਹੂਰ ਮੁਹੱਬਤੀ ਫਸਾਨੇ ਹੀਰ-ਰਾਂਝਾ ਉੱਤੇ ਬਣੀ ਹਿੰਦੀ ਫਿਲਮ ‘ਹੀਰ ਰਾਂਝਾ` ਉਰਫ਼ ‘ਹੂਰ-ਏ-ਪੰਜਾਬ` (1932) ਇਸ ਫਿਲਮ ਤੋਂ 7 ਦਿਨ ਬਾਅਦ 9 ਸਤੰਬਰ 1932 ਨੂੰ ਰਿਲੀਜ਼ ਹੋਈ ਸੀ। ਇਤਿਹਾਸਕ ਹਵਾਲਿਆਂ ਮੁਤਾਬਿਕ ਲਾਹੌਰ ਵਿਚ ਰਿਲੀਜ਼ ਹੋਣ ਵਾਲੀ ਪਹਿਲੀ ਟਾਕੀਜ਼ ਹਿੰਦੀ ਫਿਲਮ ‘ਰਾਧੇ ਸ਼ਿਆਮ` ਉਰਫ਼ ‘ਜ਼ੁਲਮ-ਏ-ਕੰਸ` ਹੀ ਬਣਦੀ ਹੈ।
ਜਦੋਂ ਗੁਜਰਾਤੀ ਫਿਲਮਸਾਜ਼ ਤੇ ਅਦਾਕਾਰ ਬੋਮਨ ਸ਼ਰਾਫ਼ ਨੇ ਲਾਹੌਰ ਵਿਚ ਪੰਜਾਬੀ ਦੀ ਪਹਿਲੀ ਬੋਲਦੀ ਫਿਲਮ ‘ਇਸ਼ਕ-ਏ-ਪੰਜਾਬ` ਉਰਫ਼ ‘ਮਿਰਜ਼ਾ ਸਾਹਿਬਾਂ` (1935) ਬਣਾਈ ਤਾਂ ਸੰਗੀਤਕਾਰ ਵਜੋਂ ਹਾਰਮੋਨੀਅਮ-ਵਾਦਕ ਪ੍ਰੋਫੈਸਰ ਨਵਾਬ ਖਾਨ ਦੀ ਚੋਣ ਕੀਤੀ। ਫਿਲਮ ਦੇ ਹਿਦਾਇਤਕਾਰ ਜੀ.ਆਰ. ਸੇਠੀ, ਕੈਮਰਾਮੈਨ ਈ.ਆਰ. ਕੂਪਰ ਅਤੇ ਗਾਇਕਾਂ ਵਿਚ ਭਾਈ ਦੇਸਾ, ਭਾਈ ਛੈਲਾ, ਮਿਸ ਖੁਰਸ਼ੀਦ ਬਾਨੋ, ਮਿਸ ਸਰਲਾ ਦੇਵੀ ਦੇ ਨਾਮ ਸ਼ਾਮਲ ਸਨ। ਪੰਜਾਬ ਦੇ ਮਸ਼ਹੂਰ ਇਸ਼ਕੀਆ ਅਫ਼ਸਾਨੇ `ਤੇ ਬਣੀ ਇਸ ਫਿਲਮ ਵਿਚ ‘ਮਿਰਜ਼ਾ` ਦਾ ਕਿਰਦਾਰ ਅੰਮ੍ਰਿਤਸਰ ਦੇ ਮਸ਼ਹੂਰ ਰਬਾਬੀ ਭਾਈ ਦੇਸਾ ਅਤੇ ‘ਸਾਹਿਬਾਂ` ਦਾ ਪਾਰਟ ਕਸੂਰ ਦੀ ਲੋਕ ਗਾਇਕਾ ਮਿਸ ਖੁਰਸ਼ੀਦ ਅਦਾ ਕਰ ਰਹੀ ਸੀ।
ਸਾਂਝੇ ਪੰਜਾਬ ਵਿਚ ਤਿਆਰ ਹੋਈ ਇਹ ਭਾਰਤ ਦੀ ਪਹਿਲੀ ਬੋਲਦੀ ਪੰਜਾਬੀ ਫੀਚਰ ਫਿਲਮ ਸੀ ਜਿਸ ਦੀ ਸ਼ੂਟਿੰਗ ਪੰਜਾਬ ਵਿਚ 1933 ਵਿਚ ਸ਼ੁਰੂ ਹੋ ਗਈ ਸੀ। 2 ਸਾਲਾਂ ਵਿਚ ਇਸ ਫਿਲਮ ਨੂੰ ਕਾਮਯਾਬ ਬਣਾਉਣ ਲਈ ਪੈਸਾ ਪਾਣੀ ਵਾਂਗ ਵਹਾਇਆ ਗਿਆ। ਪੰਜਾਬ ਦੇ ਵੱਡੇ-ਵੱਡੇ ਸ਼ਹਿਰਾਂ ਅੰਮ੍ਰਿਤਸਰ, ਲਾਹੌਰ, ਗੁਜਰਾਂਵਾਲਾ, ਝੰਗ, ਗੁਰਦਾਸਪੁਰ `ਚੋਂ ਸੋਹਣੇ ਨਜ਼ਾਰੇ ਤੇ ਦ੍ਰਿਸ਼ ਲਏ ਗਏ। ਉਸ ਦੌਰ ਵਾਂਗ ਪੰਜਾਬੀ ਰਸਮਾਂ-ਰਵਾਇਤਾਂ ਨੂੰ ਬਹੁਤ ਸੰਜੀਦਗੀ ਨਾਲ ਪੇਸ਼ ਕੀਤਾ ਗਿਆ। 129 ਮਿੰਟ ਦੀ ਇਹ ਪਹਿਲੀ ਫੀਚਰ ਫਿਲਮ 24 ਜਨਵਰੀ 1935 ਨੂੰ ਸੈਂਸਰ ਬੋਰਡ ਦੁਆਰਾ ਸੈਂਸਰ ਕੀਤੀ ਗਈ। 29 ਮਾਰਚ 1935 ਨੂੰ ਇਹ ਫਿਲਮ ਲਾਹੌਰ ਵਿਖੇ ਪਰਦਾਪੇਸ਼ ਹੋਈ ਪਰ ਨਾਕਾਮ ਸਾਬਤ ਹੋਈ। ਪੰਜਾਬੀ ਦੇ ਇਲਾਵਾ ਇਹ ਫਿਲਮ ਹਿੰਦੀ (ਉਰਦੂ ਵਿਚ ਡੱਬ) ਜ਼ਬਾਨ ਵਿਚ ਵੀ 11 ਜਨਵਰੀ 1935 ਨੂੰ ਸੈਂਸਰ ਹੋਈ ਪਰ ਇਸ ਦੀ ਸਿਨਮਾ ਰਿਲੀਜ਼ ਸੰਭਵ ਨਹੀਂ ਹੋਈ।
ਇਹ ਫਿਲਮ ਪ੍ਰੋਫੈਸਰ ਨਵਾਬ ਖਾਨ ਦੀ ਸੰਗੀਤਕਾਰ ਵਜੋਂ ਪਹਿਲੀ ਅਤੇ ਆਖਰੀ ਪੰਜਾਬੀ ਫਿਲਮ ਸੀ ਜਿਸ ਵਿਚ ਗੀਤ ਤਾਂ ਬਹੁਤ ਸਨ ਪਰ ਕਾਫ਼ੀ ਖੋਜਬੀਣ ਕਰਨ ਤੋਂ ਬਾਅਦ ਇਸ ਦੇ ਸਿਰਫ਼ ਇੱਕ ਗੀਤ ਦਾ ਹਵਾਲਾ ਹੀ ਮਿਲਿਆ ਹੈ ਜੋ 30 ਮਾਰਚ 1935 ਦੇ ਲਾਹੌਰ ਤੋਂ ਪ੍ਰਕਾਸ਼ਿਤ ਹੁੰਦੇ ਰੋਜ਼ਾਨਾ ਉਰਦੂ ਅਖਬਾਰ ‘ਦਿ ਡੇਲੀ ਇਨਕਲਾਬ` ਦੇ ਇੱਕ ਇਸ਼ਤਿਹਾਰ ਵਿਚ ਦਰਜ ਹੈ। ਮਿਸ ਖੁਰਸ਼ੀਦ ਬਾਨੋ ਦੇ ਗਾਏ ਤੇ ਉਸੇ ਉੱਤੇ ਫਿਲਮਾਏ ਇਸ ਗੀਤ ਦੇ ਬੋਲ ਹਨ- ‘ਜੇ ਮੈਂ ਐਸਾ ਜਾਣਦੀ ਪ੍ਰੀਤ ਕੀਏ ਦੁੱਖ ਹੋ ਨਗਰ ਢਿੰਡੋਰਾ ਫੇਰਦੀ ਪ੍ਰੀਤ ਕਰੇ ਨਾ ਕੋ`। ਭਾਰਤ ਦੇ ਪੰਜਾਬੀ ਸਿਨੇਮਾ ਦੇ ਇਤਿਹਾਸ ਵਿਚ ਆਪਣਾ ਨਾਮ ਅਮਰ ਕਰਵਾਉਣ ਵਾਲਾ ਇਹ ਸੰਗੀਤਕਾਰ 1941 `ਚ ਆਪਣੇ ਪੁਸ਼ਤੈਨੀ ਸ਼ਹਿਰ ਕਸੂਰ ਵਿਚ 70 ਸਾਲਾਂ ਦੀ ਉਮਰ ਵਿਚ ਵਫ਼ਾਤ ਪਾ ਗਿਆ। ਇਸ ਲੇਖ ਵਿਚਲੀ ਤਸਵੀਰ ਕੋਇਟਾ (ਪਾਕਿਸਤਾਨ) ਰਹਿੰਦੇ ਫਿਲਮਾਂ ਦੇ ਕਦਰਦਾਨ ਮੁਹੰਮਦ ਕਾਸਿਮ ਖਾਨ ਅਜ਼ਮੀ ਨੇ ਭੇਜੀ ਹੈ।