ਸੁਰਿੰਦਰ ਸਿੰਘ ਤੇਜ
ਫੋਨ: +91-98555-01488
ਭਾਰਤ ਵਿਚ ਐਂਗਲੋ-ਇੰਡੀਅਨਾਂ ਦਾ ਆਪਣਾ ਇਤਿਹਾਸ ਰਿਹਾ ਹੈ। ਸੀਨੀਅਰ ਪੱਤਰਕਾਰ ਸੁਰਿੰਦਰ ਸਿੰਘ ਤੇਜ ਨੇ ਬੈਰੀ ਓ’ਬਰਾਇਨ ਦੀ ਕਿਤਾਬ ਦੇ ਬਹਾਨੇ ਇਸ ਭਾਈਚਾਰੇ ਬਾਰੇ ਕੁਝ ਬੇਹੱਦ ਦਿਲਚਸਪ ਤੱਥ ਆਪਣੇ ਇਸ ਲੇਖ ਵਿਚ ਪਰੋਏ ਹਨ।
ਰੌਜਰ ਮਾਈਕਲ ਹੰਫਰੀ ਬਿੰਨੀ (67) ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦਾ ਪ੍ਰਧਾਨ ਹੈ। ਕ੍ਰਿਕਟ ਨਾਲ ਉਸ ਦਾ ਨਾਤਾ ਅੱਧੀ ਸਦੀ ਤੋਂ ਵੱਧ ਪੁਰਾਣਾ ਹੈ।
1983 ਵਿਚ ਕਪਿਲ ਦੇਵ ਦੀ ਅਗਵਾਈ ਹੇਠ ਵਿਸ਼ਵ ਕੱਪ ਅਤੇ 1985 `ਚ ਆਸਟਰੇਲੀਆ ਵਿਚ ਵਿਸ਼ਵ ਕ੍ਰਿਕਟ ਚੈਂਪੀਅਨਸ਼ਿਪ ਜਿੱਤਣ ਵਾਲੀਆਂ ਭਾਰਤੀ ਟੀਮਾਂ ਦਾ ਉਹ ਮੁੱਖ ਮੈਂਬਰ ਸੀ। ਕਪਿਲ ਵਾਂਗ ਉਹ ਤੇਜ਼ ਗੇਂਦਬਾਜ਼ ਵੀ ਸੀ ਤੇ ਬੱਲੇਬਾਜ਼ ਵੀ। ਫੀਲਡਰ ਵੀ ਨਿਹਾਇਤ ਉਮਦਾ। ਦਰਅਸਲ, ਦੋਵਾਂ ਚੈਂਪੀਅਨਸ਼ਿਪਾਂ ਵਿਚ ਬਤੌਰ ਗੇਂਦਬਾਜ਼ ਉਸ ਨੇ ਸਭ ਤੋਂ ਵੱਧ ਵਿਕਟਾਂ ਲਈਆਂ। ਆਪਣੇ ਨਾਮ ਵਾਂਗ ਸ਼ਕਲ-ਸੂਰਤ ਤੋਂ ਉਹ ਯੂਰਪੀ ਗੋਰਾ ਲੱਗਦਾ ਸੀ- ਨਸਲ ਪੱਖੋਂ ਐਂਗਲੋ-ਇੰਡੀਅਨ ਹੋਣ ਕਰ ਕੇ। ਉਸ ਦਾ ਪੜਦਾਦਾ ਸਕੌਟਲੈਂਡ ਤੋਂ ਭਾਰਤ ਆਇਆ। ਇੱਥੇ ਨੌਕਰੀ ਕਰਦਿਆਂ ਉਸ ਨੇ ਭਾਰਤੀ ਇਸਾਈ ਕੁੜੀ ਨਾਲ ਵਿਆਹ ਰਚਾਇਆ। ਇਹੋ ਜਿਹੇ ਮੇਲ ਹੀ ਭਾਰਤੀ ਉਪ-ਮਹਾਂਦੀਪ ਵਿਚ ਐਂਗਲੋ-ਇੰਡੀਅਨ ਨਸਲ ਦੀ ਉਤਪਤੀ ਤੇ ਪਸਾਰ ਦਾ ਜ਼ਰੀਆ ਬਣੇ। ਪਹਿਲਾਂ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਅਤੇ ਫਿਰ ਬ੍ਰਿਟਿਸ਼ ਭਾਰਤ ਸਰਕਾਰ ਨੇ ਐਂਗਲੋ-ਇੰਡੀਅਨਾਂ ਨੂੰ ਵਿਆਪਕ ਰਿਆਇਤਾਂ ਦਿੱਤੇ ਜਾਣ ਦੇ ਬਾਵਜੂਦ ਭਾਰਤੀ ਵਸੋਂ ਵਿਚ ਇਸ ਭਾਈਚਾਰੇ ਦੀ ਆਬਾਦੀ ਦਾ ਅਨੁਪਾਤ ਨਾਂ-ਮਾਤਰ ਹੀ ਰਿਹਾ। ਅਜਿਹੇ ਨਾਂ-ਮਾਤਰ ਅਨੁਪਾਤ ਦੇ ਬਾਵਜੂਦ ਇਸ ਭਾਈਚਾਰੇ ਨੇ ਆਜ਼ਾਦੀ ਤੋਂ ਪਹਿਲਾਂ ਵੀ, ਅਤੇ ਬਾਅਦ ਵਿਚ ਵੀ ਭਾਰਤੀ ਵਿਕਾਸ-ਵਿਗਾਸ ਵਿਚ ਅਹਿਮ ਯੋਗਦਾਨ ਪਾਇਆ। ਇਹੋ ਕਹਾਣੀ ਕਹਿੰਦੀ ਹੈ ਖੇਡ ਪੱਤਰਕਾਰ, ਵਿਦਿਆਦਾਨੀ ਤੇ ਲੇਖਕ ਬੈਰੀ ਓ`ਬ੍ਰਾਇਨ ਦੀ ਕਿਤਾਬ ‘ਦਿ ਐਂਗਲੋ-ਇੰਡੀਅਨਜ਼: ਏ ਪੋਰਟਰੇਟ ਆਫ ਏ ਕਮਿਊਨਿਟੀ’ (ਭਾਰਤ `ਚ ਐਂਗਲੋ-ਇੰਡੀਅਨ ਭਾਈਚਾਰੇ ਦੀ ਅਸਲ ਤਸਵੀਰ)। ਇਸ ਭਾਈਚਾਰੇ ਬਾਰੇ ਦਰਜਨਾਂ ਕਿਤਾਬਾਂ ਮੌਜੂਦ ਹਨ, ਬਹੁਤੀਆਂ ਖੋਜ ਪੱਤਰਾਂ ਜਾਂ ਨਿਬੰਧ ਸੰਗ੍ਰਹਿਆਂ ਵਰਗੀ ਖੁਸ਼ਕੀ ਵਾਲੀਆਂ। ਓ`ਬ੍ਰਾਇਨ ਦੀ ਕਿਤਾਬ ਇਨ੍ਹਾਂ ਤੋਂ ਭਿੰਨ ਹੈ। ਇਹ ਐਂਗਲੋ-ਇੰਡੀਅਨਾਂ ਦੇ ਆਦਿ ਤੋਂ ਵਰਤਮਾਨ ਦੇ ਫ਼ਸਾਨੇ, ਅਫ਼ਸਾਨਿਆਂ ਵਰਗੀ ਲੱਜ਼ਤ ਤੇ ਸ਼ਾਇਸਤਗੀ ਨਾਲ ਪੇਸ਼ ਕਰਦੀ ਹੈ।
ਪੰਜ ਸੌ ਵਰ੍ਹੇ ਪਹਿਲਾਂ ਸ਼ੁਰੂ ਹੋਇਆ ਸੀ ਯੂਰਪੀਨਾਂ ਅਤੇ ਭਾਰਤੀਆਂ ਦਾ ਨਸਲੀ ਮੇਲ। ਵਾਸਕੋ ਡੀ`ਗਾਮਾ ਦੀ ਅਗਵਾਈ ਹੇਠ ਪੁਰਤਗੀਜ਼ਾਂ ਦੀ ਅਰਬ ਸਾਗਰੀ ਸਾਹਿਲ `ਤੇ ਆਮਦ ਨਾਲ। ਤਕਰੀਬਨ ਅੱਧੀ ਸਦੀ ਤੱਕ ਜਿੰਨੇ ਵੀ ਪੁਰਤਗੀਜ਼ ਜਹਾਜ਼ ਭਾਰਤੀ ਸਾਹਿਲ ਤੱਕ ਪਹੁੰਚੇ, ਉਨ੍ਹਾਂ ਵਿਚ ਇਕ ਵੀ ਔਰਤ ਸਵਾਰ ਨਹੀਂ ਸੀ। ਸਥਾਨਕ ਪ੍ਰਸ਼ਾਸਕਾਂ ਨੇ ਪੁਰਤਗੀਜ਼ ਜਹਾਜ਼ੀਆਂ ਨੂੰ ਭਾਰਤੀ ਔਰਤਾਂ ਨਾਲ ਵਿਆਹ ਕਰਨ ਦੀ ਇਜਾਜ਼ਤ ਦੇ ਦਿੱਤੀ। ਪੁਰਤਗੀਜ਼ ਸਰਕਾਰ ਤੇ ਕੈਥੋਲਿਕ ਪਾਦਰੀਆਂ ਨੂੰ ਅਜਿਹੇ ਵਿਆਹਾਂ `ਤੇ ਇਤਰਾਜ਼ ਨਹੀਂ ਸੀ ਬਲਕਿ ਸਮਾਜਿਕ ਅਤੇ ਸਿਆਸੀ ਤੌਰ `ਤੇ ਅਜਿਹੇ ਵਿਆਹ ਪੁਰਤਗੀਜ਼ ਹਿੱਤਾਂ ਲਈ ਲਾਹੇਵੰਦ ਸਨ। ਪਹਿਲਾਂ ਦੱਖਣੀ ਭਾਰਤ ਦੇ ਵਿਜੈ ਨਗਰ ਸਾਮਰਾਜ ਦੇ ਹਿੰਦੂ ਸਮਰਾਟਾਂ ਤੇ ਦਰਬਾਰੀਆਂ ਅਤੇ ਫਿਰ ਆਦਿਲਸ਼ਾਹੀ ਸੁਲਤਾਨਾਂ ਦੀ ਮੰਗ `ਤੇ ਪੁਰਤਗੀਜ਼ਾਂ ਨੇ ਕੱਕੇ ਕੇਸਾਂ, ਭੂਰੀਆਂ ਅੱਖਾਂ ਤੇ ਗੋਰੀ ਜਿਲਦ ਵਾਲੀਆਂ ਔਰਤਾਂ ਵੀ ਭਾਰਤ ਲਿਆਉਣੀਆਂ ਸ਼ੁਰੂ ਕੀਤੀਆਂ; ਮੁੱਖ ਤੌਰ `ਤੇ ਵਪਾਰਕ ਰਿਆਇਤਾਂ ਹਾਸਲ ਕਰਨ ਲਈ। ਅਜਿਹੇ ਸਹਿਵਾਸ ਤੋਂ ਉਪਜੀ ਨਸਲ ਤਾਂ ਭਾਰਤੀ ਨਸਲ ਦਾ ਹਿੱਸਾ ਬਣ ਗਈ ਪਰ ਪੁਰਤਗੀਜ਼ ਪੁਰਸ਼ਾਂ ਤੇ ਭਾਰਤੀ ਔਰਤਾਂ ਦੇ ਮੇਲ ਤੋਂ ਉਪਜੀ ਔਲਾਦ ਵੱਖਰੀ (ਯੂਰੇਸ਼ੀਅਨ) ਹੀ ਮੰਨੀ ਜਾਂਦੀ ਰਹੀ। ਬਰਤਾਨਵੀਆਂ ਦੀ ਆਮਦ ਨੇ ਸਥਿਤੀ ਨੂੰ ਹੋਰ ਪੇਚੀਦਾ ਬਣਾ ਦਿੱਤਾ। ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਬਹੁਤੇ ਮੁਲਾਜ਼ਮ ਮੁੱਢੋਂ-ਸੁੱਢੋਂ ਇੰਗਲਿਸਤਾਨੀ ਨਹੀਂ ਸਨ। ਉਹ ਅਮੂਮਨ ਗ਼ਰੀਬ ਆਇਰਿਸ਼ ਤੇ ਸਕੌਟਿਸ਼ ਪਰਿਵਾਰਾਂ ਨਾਲ ਸਬੰਧਿਤ ਸਨ ਅਤੇ ਕੰਪਨੀ ਦੀ ਨੌਕਰੀ ਰਾਹੀਂ ਆਪਣੀ ਜ਼ਿੰਦਗੀ ਬਿਹਤਰ ਬਣਾਉਣ ਲਈ ਭਾਰਤ ਆਏ ਸਨ। ਉਨ੍ਹਾਂ ਨੂੰ ਪਤਾ ਸੀ ਕਿ ਉਹ ਦੋ-ਚਾਰ ਵਰ੍ਹਿਆਂ ਮਗਰੋਂ ਵਤਨ ਨਹੀਂਂ ਪਰਤ ਸਕਦੇ। ਲਿਹਾਜ਼ਾ, ਉਨ੍ਹਾਂ ਨੇ ਭਾਰਤੀ ਔਰਤਾਂ ਨਾਲ ਵਿਆਹਾਂ ਨੂੰ ਤਰਜੀਹ ਦਿੱਤੀ। ਐਂਗਲੋ-ਇੰਡੀਅਨ ਭਾਈਚਾਰਾ ਇਸੇ ਵਰਤਾਰੇ ਵਿਚੋਂ ਉਪਜਿਆ। ਪੁਰਤਗੀਜ਼ ਤਾਕਤ ਕਮਜ਼ੋਰ ਪੈਣ ਮਗਰੋਂ ਯੂਰੇਸ਼ੀਅਨ ਲੋਕ ਵੀ ਐਂਗਲੋ-ਇੰਡੀਅਨਾਂ ਵਾਂਗ ਵਿਚਰਨ ਲੱਗੇ।
ਬਰਤਾਨਵੀਆਂ ਤੇ ਪੁਰਤਗੀਜ਼ਾਂ ਦਰਮਿਆਨ ਬੁਨਿਆਦੀ ਫ਼ਰਕ ਇਹ ਸੀ ਕਿ ਪੁਰਤਗੀਜ਼ਾਂ ਨੂੰ ਭੂਰੇ ਰੰਗ ਤੋਂ ਪਰਹੇਜ਼ ਨਹੀਂ ਸੀ। ਇਸ ਦਾ ਮੁੱਖ ਕਾਰਨ ਭੂਗੋਲਿਕ ਸੀ। ਪੁਰਤਗਾਲ, ਉੱਤਰ ਅਫਰੀਕੀ ਸਾਹਿਲ ਤੋਂ ਬਹੁਤਾ ਦੂਰ ਨਹੀਂ। ਉੱਤਰ ਅਫਰੀਕੀ ਅਰਬ (ਮੂਰ) ਰੁਜ਼ਗਾਰ ਤੇ ਕਾਰੋਬਾਰ ਲਈ ਪੁਰਤਗਾਲ ਵੱਲ ਹਿਜਰਤ ਇਕ ਦਹਿਸਦੀ ਤੋਂ ਕਰਦੇ ਆਏ ਹਨ। ਉਨ੍ਹਾਂ ਦੀ ਗੰਦਮੀ ਜਾਂ ਨੀਮ-ਗੋਰੀ ਚਮੜੀ ਪੁਰਤਗੀਜ਼ ਜਨਤਕ ਲੈਂਡਸਕੇਪ ਦਾ ਹਿੱਸਾ ਬਣੀ ਰਹੀ ਹੈ। ਇਸ ਵੇਲੇ ਵੀ ਪੁਰਤਗਾਲ ਦਾ ਪ੍ਰਧਾਨ ਮੰਤਰੀ, ਵਿਦੇਸ਼ ਮੰਤਰੀ ਅਤੇ ਪ੍ਰਤੀਿਨਧੀ ਸਭਾ (ਪਾਰਲੀਮੈਂਟ) ਦਾ ਸਪੀਕਰ ਗੋਆ ਦੇ ਜੰਮਪਲ ਹਨ। ਉਨ੍ਹਾਂ ਦਾ ਗੰਦਮੀ ਰੰਗ ਉਨ੍ਹਾਂ ਲਈ ਕਦੇ ਵੀ ਰਾਜਸੀ ਅੜਿੱਕਾ ਸਾਬਤ ਨਹੀਂ ਹੋਇਆ। ਐਂਗਲੋ-ਇੰਡੀਅਨਾਂ ਦੇ ਨਸੀਬ ਇੰਨੇ ਖੁਸ਼ਗਵਾਰ ਨਹੀਂ ਰਹੇ। 17ਵੀਂ ਤੋਂ 19ਵੀਂ ਸਦੀ ਤੱਕ ਦੇ ਅਰਸੇ ਦੌਰਾਨ ਇਕ ਵੀ ਬਰਤਾਨਵੀ ਪਰਿਵਾਰ ਅਜਿਹਾ ਨਹੀਂ ਸੀ ਜਿਸ ਨੇ ਆਪਣੇ ਕਿਸੇ ਐਂਗਲੋ-ਇੰਡੀਅਨ ਮੈਂਬਰ ਨੂੰ ਬ੍ਰਿਟੇਨ ਬੁਲਾਇਆ ਅਤੇ ਪਰਿਵਾਰਕ ਜੀਅ ਵਜੋਂ ਸਵੀਕਾਰਿਆ। ਆਪਣੀ ਗੰਦਮੀ ਜਾਂ ਭੂਰੀ ਜਿਲਦ ਕਾਰਨ ਉਹ ਭਾਰਤੀ ਉਪ-ਮਹਾਂਦੀਪ ਤੱਕ ਹੀ ਮਹਿਦੂਦ ਹੋ ਕੇ ਰਹਿ ਗਏ। ਉਨ੍ਹਾਂ ਲਈ ਬ੍ਰਿਟੇਨ ‘ਵਤਨ` ਸੀ ਪਰ ਬਹੁਤ ਘੱਟ ਖੁਸ਼ਨਸੀਬਾਂ ਨੂੰ ਇਸ ‘ਮਾਤ-ਭੂਮੀ` ਦੇ ਦੀਦਾਰੇ ਨਸੀਬ ਹੋਏ। ਭਾਰਤੀ ਲੋਕ ਉਨ੍ਹਾਂ ਪ੍ਰਤੀ ਤਾਅਬੇਦਾਰੀ ਜ਼ਰੂਰ ਦਿਖਾਉਂਦੇ ਰਹੇ ਪਰ ਰੂਹੋਂ ਹਿਕਾਰਤ ਨਾਲ। ਬ੍ਰਿਟਿਸ਼ ਭਾਰਤੀ ਸ਼ਾਸਕਾਂ ਨੇ ਉਨ੍ਹਾਂ ਲਈ ਵਿਦਿਆ, ਪੱਕੀਆਂ ਨੌਕਰੀਆਂ, ਚੰਗੇ ਘਰ, ਕਲੱਬ ਆਦਿ ਯਕੀਨੀ ਬਣਾਏ ਪਰ ਆਪਣੇ ਜ਼ਾਤੀ ਜਸ਼ਨਾਂ ਜਾਂ ਸਮਾਗਮਾਂ ਲਈ ਸੱਦਾ-ਪੱਤਰ ਸਿਰਫ਼ ਨਾਂ-ਮਾਤਰ ਐਂਗਲੋ-ਇੰਡੀਅਨਾਂ ਨੂੰ ਦੇਣ ਦੀ ਰਵਾਇਤ ਸਖ਼ਤੀ ਨਾਲ ਬਰਕਰਾਰ ਰੱਖੀ। ਬ੍ਰਿਟਿਸ਼ ਨਾਵਲਕਾਰ ਜੌਹਨ ਮਾਸਟਰਜ਼ ਦਾ 1954 ਵਿਚ ਲਿਖਿਆ ਨਾਵਲ ਅਤੇ ਉਸ ਉੱਤੇ 1956 ਵਿਚ ਬਣੀ ਬ੍ਰਿਟਿਸ਼ ਫਿਲਮ ‘ਭੋਵਾਨੀ ਜੰਕਸ਼ਨ` (ਜੋ ਭੁਸਾਵਲ ਜੰਕਸ਼ਨ-ਮਹਾਰਾਸ਼ਟਰ ਵਿਚ ਆਜ਼ਾਦੀ ਤੋਂ ਪਹਿਲਾਂ ਵਾਪਰੀਆਂ ਘਟਨਾਵਾਂ ਤੋਂ ਪ੍ਰੇਰਿਤ ਸੀ) ਇਸੇ ਦ੍ਰਿਸ਼ਾਵਲੀ ਦਾ ਚਿਤਰਨ ਸੀ।
ਓ`ਬ੍ਰਾਇਨ ਅਨੁਸਾਰ ਬ੍ਰਿਟਿਸ਼ ਰਾਜ ਦੌਰਾਨ ਐਂਗਲੋ-ਇੰਡੀਅਨਾਂ ਨੂੰ ਵਿਦਿਅਕ ਪ੍ਰਾਪਤੀਆਂ ਦੇ ਮੌਕੇ ਵੀ ਖ਼ੂਬ ਮਿਲੇ ਅਤੇ ਸਰਕਾਰੀ ਨੌਕਰੀਆਂ ਦੀ ਵੀ ਉਨ੍ਹਾਂ ਲਈ ਕਦੇ ਕਮੀ ਨਹੀਂ ਰਹੀ। ਭਾਰਤੀ ਫ਼ੌਜ ਦੇ ਦਰ ਉਨ੍ਹਾਂ ਲਈ ਸਦਾ ਖੁੱਲ੍ਹੇ ਰਹੇ। ਭਾਰਤੀ ਆਜ਼ਾਦੀ ਤੋਂ ਬਾਅਦ ਇਹ ਮੌਜਾਂ ਸੀਮਿਤ ਹੋ ਕੇ ਰਹਿ ਗਈਆਂ। ਬ੍ਰਿਟਿਸ਼ ਸਰਕਾਰ ਨੇ ਉਨ੍ਹਾਂ ਨੂੰ ਬ੍ਰਿਟੇਨ, ਕੈਨੇਡਾ, ਆਸਟਰੇਲੀਆ ਤੇ ਨਿਊਜ਼ੀਲੈਂਡ ਜਾ ਵਸਣ ਦੀ ਖੁੱਲ੍ਹ ਦਿੱਤੀ ਪਰ ਬਹੁਗਿਣਤੀ ਨੇ ਭਾਰਤ ਨਾ ਛੱਡਣਾ ਹੀ ਬਿਹਤਰ ਸਮਝਿਆ। ਹੁਣ ਸਥਿਤੀ ਬਦਲ ਗਈ ਹੈ। ਯੁਵਾ ਪੀੜ੍ਹੀ ਹੋਰਨਾਂ ਭਾਰਤੀ ਯੁਵਾਵਾਂ ਵਾਂਗ ਕੈਨੇਡਾ-ਅਮਰੀਕਾ ਵੱਲ ਧੜਾਧੜ ਹਿਜਰਤ ਕਰ ਰਹੀ ਹੈ। 1947 ਵਿਚ ਭਾਰਤ ਵਿਚ ਹੀ ਵਸੇ ਰਹਿਣ ਦੇ ਐਂਗਲੋ-ਇੰਡੀਅਨਾਂ ਦੇ ਫ਼ੈਸਲੇ ਦੀ ਕਦਰ ਕਰਦਿਆਂ ਨਹਿਰੂ ਸਰਕਾਰ ਨੇ ਭਾਰਤੀ ਪਾਰਲੀਮੈਂਟ ਵਿਚ ਇਕ ਸੀਟ ਇਸ ਭਾਈਚਾਰੇ ਲਈ ਰਾਖਵੀਂ ਰੱਖਣ ਦੀ ਰਵਾਇਤ ਤੋਰੀ ਸੀ। ਇਸ ਭਾਈਚਾਰੇ ਦੇ ਇਕ ਵਿਦਵਾਨ ਨੁਮਾਇੰਦੇ ਨੂੰ ਰਾਜ ਸਭਾ ਦਾ ਮੈਂਬਰ ਨਾਮਜ਼ਦ ਕੀਤਾ ਜਾਂਦਾ ਸੀ। ਉੱਘੇ ਵਿਦਿਆਦਾਨੀ ਤੇ ਨਾਮਵਰ ਵਕੀਲ ਫਰੈਂਕ ਐਂਥਨੀ ਬੜੇ ਵਰ੍ਹਿਆਂ ਤੱਕ ਰਾਜ ਸਭਾ ਮੈਂਬਰ ਰਹੇ। 2017 ਵਿਚ ਮੋਦੀ ਸਰਕਾਰ ਨੇ ਇਹ ਰਵਾਇਤ ਖ਼ਤਮ ਕਰ ਦਿੱਤੀ। ਉਸ ਸਾਲ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਦਾ ਇਹ ਤਰਕ ਸੀ ਕਿ ਜਿਸ ਭਾਈਚਾਰੇ ਦੀ ਵਸੋਂ (2011 ਦੀ ਮਰਦਮਸ਼ੁਮਾਰੀ ਮੁਤਾਬਿਕ) ਸਿਰਫ਼ 286 ਹੋਵੇ, ਉਸ ਵਾਸਤੇ ਰਾਖਵਾਂਕਰਨ ਕਿਉਂ? ਬੈਰੀ ਓ`ਬ੍ਰਾਇਨ ਅਨੁਸਾਰ ਪ੍ਰਸਾਦ ਦਾ ਅੰਕੜਾ ਗ਼ਲਤ ਸੀ। ਉਸ ਸਮੇਂ ਐਂਗਲੋ-ਇੰਡੀਅਨ ਵਸੋਂ ਚਾਰ ਲੱਖ ਦੇ ਕਰੀਬ ਸੀ; ਹੁਣ ਕੁਝ ਘੱਟ ਹੈ, ਨੌਜਵਾਨ ਪੀੜ੍ਹੀ ਦੀ ਹਿਜਰਤ ਕਾਰਨ। ਬਹਰਹਾਲ, ਇਸ ਭਾਈਚਾਰੇ ਦਾ ਡੈਰੇਕ ਓ`ਬ੍ਰਾਇਨ ਅੱਜ ਵੀ ਰਾਜ ਸਭਾ ਦਾ ਸਰਗਰਮ ਮੈਂਬਰ ਹੈ, ਤ੍ਰਿਣਮੂਲ ਕਾਂਗਰਸ ਦਾ ਨੇਤਾ ਹੋਣ ਸਦਕਾ। ਬੈਰੀ ਓ`ਬ੍ਰਾਇਨ ਦਾ ਉਹ ਭਰਾ ਹੈ ਭਾਵੇਂ ਬੈਰੀ ਹੁਣ ਰਾਜਸੀ ਤੌਰ `ਤੇ ਭਾਜਪਾ ਨਾਲ ਸਬੰਧਤ ਹੈ। ਉਨ੍ਹਾਂ ਦਾ ਪਿਤਾ ਨੀਲ ਓ`ਬ੍ਰਾਇਨ ਉੱਘਾ ਵਿਦਿਆਦਾਨੀ ਅਤੇ ਕੁਇੱਜ਼ ਮਾਸਟਰ ਸੀ। ਉਹ ਤਿੰਨ ਵਾਰ ਪੱਛਮੀ ਬੰਗਾਲ ਵਿਧਾਨ ਸਭਾ ਦਾ ਨਾਮਜ਼ਦ ਮੈਂਬਰ ਰਿਹਾ। 2011 ਵਿਚ ਇਹੋ ਐਜਾਜ਼ ਬੈਰੀ ਓ`ਬ੍ਰਾਇਨ ਦੇ ਹਿੱਸੇ ਆਇਆ ਪਰ 2014 ਵਿਚ ਉਸ ਨੇ ਤ੍ਰਿਣਮੂਲ ਕਾਂਗਰਸ ਨਾਲੋਂ ਨਾਤਾ ਤੋੜ ਲਿਆ।
ਕਿਤਾਬ ਦੱਸਦੀ ਹੈ ਕਿ ਭਾਰਤੀ ਵਿਕਾਸ ਦੇ ਘੱਟੋ-ਘੱਟ ਤਿੰਨ ਖੇਤਰਾਂ ਵਿਚ ਐਂਗਲੋ-ਇੰਡੀਅਨਾਂ ਦੀ ਅਹਿਮ ਭੂਮਿਕਾ ਰਹੀ। ਪਹਿਲਾ ਖੇਤਰ ਹੈ ਅੰਗਰੇਜ਼ੀ ਭਾਸ਼ਾ। ਇਸ ਭਾਸ਼ਾ ਵਿਚ ਭਾਰਤੀਆਂ ਦੀ ਮੁਹਾਰਤ ਐਂਗਲੋ-ਇੰਡੀਅਨ ਸਕੂਲਾਂ ਤੇ ਅਧਿਆਪਕਾਂ ਨੇ ਸੰਭਵ ਬਣਾਈ। ਇਸੇ ਮੁਹਾਰਤ ਸਦਕਾ ਭਾਰਤੀਆਂ ਨੂੰ ਦੁਨੀਆ ਦੇ ਹਰ ਮੁਲਕ ਵਿਚ ਚੰਗੀਆਂ ਨੌਕਰੀਆਂ ਮਿਲ ਰਹੀਆਂ ਹਨ। ਇੰਝ ਹੀ ਭਾਰਤੀ ਰੇਲਵੇ ਦੇ ਵਿਕਾਸ-ਵਿਸਤਾਰ ਵਿਚ ਐਂਗਲੋ-ਇੰਡੀਅਨਾਂ ਨੇ ਭਰਵਾਂ ਯੋਗਦਾਨ ਪਾਇਆ। 1947 ਤੋਂ ਪਹਿਲਾਂ 40 ਫ਼ੀਸਦੀ ਤੋਂ ਵੱਧ ਇੰਜਣ ਡਰਾਈਵਰ ਤੇ ਇੰਜਨੀਅਰ ਐਂਗਲੋ-ਇੰਡੀਅਨ ਸਨ। ਖੇਡਾਂ ਦੇ ਖੇਤਰ ਵਿਚ ਵੀ ਉਨ੍ਹਾਂ ਦੀ ਭੂਮਿਕਾ ਜ਼ਿਕਰਯੋਗ ਹੈ। ਆਜ਼ਾਦੀ ਤੋਂ ਪਹਿਲਾਂ ਭਾਰਤੀ ਓਲੰਪਿਕ ਹਾਕੀ ਟੀਮਾਂ ਵਿਚ ਔਸਤਨ 6-7 ਖਿਡਾਰੀ ਐਂਗਲੋ ਇੰਡੀਅਨ ਹੋਇਆ ਕਰਦੇ ਸਨ। 1952, 1956 ਤੇ 1960 ਦੀਆਂ ਓਲੰਪਿਕ ਖੇਡਾਂ ਵਿਚ ਨੇਜ਼ਲੀ ਕਲਾਡੀਅਸ ਭਾਰਤੀ ਹਾਕੀ ਟੀਮ ਦਾ ਧੁਰਾ ਸੀ। ਦਰਅਸਲ, 1960 ਦੇ ਰੋਮ ਓਲੰਪਿਕ ਵਿਚ ਜਿੱਥੇ ਕਲਾਡੀਅਸ ਭਾਰਤੀ ਕਪਤਾਨ ਸੀ, ਉੱਥੇ ਆਸਟਰੇਲੀਅਨ ਕਪਤਾਨ ਕੇਵਿਨ ਕਾਰਟਨ ਵੀ ਐਂਗਲੋ-ਇੰਡੀਅਨ ਸੀ।
ਬੜੀ ਲੰਮੀ ਹੈ ਅਜਿਹੀਆਂ ਪ੍ਰਾਪਤੀਆਂ ਦੀ ਫਹਿਰਿਸਤ। ਲੇਖਣ ਦੇ ਖੇਤਰ ਵਿਚ ਮੈਂ ਰਸਕਿਨ ਬੌਂਡ ਅਤੇ ਐਲੇਨ ਸੀਲੀ ਦੇ ਨਾਵਾਂ ਤੱਕ ਹੀ ਮਹਿਦੂਦ ਰਹਾਂਗਾ। ਦਰਜਨਾਂ ਭਰਮ-ਭੁਲੇਖੇ ਦੂਰ ਕਰਦੀ ਹੈ ਕਿਤਾਬ ਉਹ ਵੀ ਸੁਹਜਮਈ ਲਹਿਜੇ ਨਾਲ। ਇਹ ਕੋਈ ਛੋਟੀ ਪ੍ਰਾਪਤੀ ਨਹੀਂ।
ਗਾਤਾ ਰਹੇ ਮੇਰਾ ਦਿਲ
ਬੋਲਣ ਵਾਲੀ ਪਹਿਲੀ ਭਾਰਤੀ ਫਿਲਮ ‘ਆਲਮ ਆਰਾ` (1931) ਵਿਚ ਵਜ਼ੀਰ ਮੁਹੰਮਦ ਨੇ ਜਦੋਂ ‘ਦੇ ਦੇ ਖ਼ੁਦਾ ਕੇ ਨਾਮ ਪੇ` ਗੀਤ ਗਾਇਆ ਤਾਂ ਉਸ ਸਮੇਂ ਕਿਸੇ ਨੇ ਕਿਆਸ ਤੱਕ ਨਹੀਂ ਸੀ ਕੀਤਾ ਕਿ ਅਜਿਹਾ ਗੀਤ-ਸੰਗੀਤ ਨਾ ਸਿਰਫ਼ ਨਵੀਂ ਸੰਗੀਤ ਸਨਅਤ ਨੂੰ ਜਨਮ ਦੇਵੇਗਾ ਸਗੋਂ ਭਾਰਤੀ ਸਿਨੇ-ਜਗਤ ਦੀ ਨਵੇਕਲੀ ਪਛਾਣ ਬਣ ਜਾਵੇਗਾ। ਉਸ ਗੀਤ ਮਗਰੋਂ ਫਿਲਮੀ ਗੀਤਾਂ ਦਾ ਅਜਿਹਾ ਸਿਲਸਿਲਾ ਤੁਰਿਆ ਜਿਸ ਦਾ ਪ੍ਰਵਾਹ ਹੁਣ ਵੀ ਜਾਰੀ ਹੈ। ਅਜਿਹੇ ਫਿਲਮੀ ਗੀਤਾਂ ਦੀ ਗਿਣਤੀ ਬੇਸ਼ੁਮਾਰ ਹੈ ਜਿਨ੍ਹਾਂ ਨੂੰ ਕਲਾਸਿਕ ਮੰਨਿਆ ਜਾ ਸਕਦਾ ਹੈ। ਅਜਿਹੇ ਕਲਾਸਿਕਸ ਵਿਚੋਂ 50 ਗੀਤਾਂ ਦੇ ਜਾਦੂ ਤੇ ਜਲਵੇ ਦੀਆਂ ਗਾਥਾਵਾਂ ਦੀ ਪੇਸ਼ਕਾਰੀ ਹੈ ਅਨੀਰੁੱਧ ਭੱਟਾਚਾਰਜੀ ਤੇ ਬਾਲਾਜੀ ਵਿੱਟਲ ਦੀ ਕਿਤਾਬ ‘ਗਾਤਾ ਰਹੇ ਮੇਰਾ ਦਿਲ`। ਦੋਵੇਂ ਲੇਖਕ ਕਾਰਪੋਰੇਟ ਜਗਤ ਵਿਚ ਉੱਚ ਅਹੁਦਿਆਂ `ਤੇ ਕੰਮ ਕਰਦੇ ਆਏ ਹਨ। ਦੋਵੇਂ ਸੰਗੀਤ, ਖ਼ਾਸ ਕਰ ਕੇ ਭਾਰਤੀ ਸ਼ਾਸਤਰੀ ਸੰਗੀਤ ਦੇ ਗਿਆਤਾ ਹੋਣ ਦੇ ਨਾਲ ਨਾਲ ਹਿੰਦੀ ਫ਼ਿਲਮ ਸੰਗੀਤ ਦੇ ਸ਼ੈਦਾਈ ਹਨ। ਇਹ ਉਨ੍ਹਾਂ ਦੀ ਤੀਜੀ ਕਿਤਾਬ ਹੈ (ਪਹਿਲੀਆਂ ਦੋ ਕਿਤਾਬਾਂ ਸੰਗੀਤਕਾਰ ਸਚਿਨ ਦੇਵ ਬਰਮਨ ਤੇ ਉਨ੍ਹਾਂ ਦੇ ਪੁੱਤਰ ਰਾਹੁਲ ਦੇਵ ਬਰਮਨ ਦੀਆਂ ਸੰਗੀਤਕ ਜੀਵਨੀਆਂ ਸਨ)।
‘ਗਾਤਾ ਰਹੇ ਮੇਰਾ ਦਿਲ` ਤਿੰਨ ਵਰ੍ਹਿਆਂ ਦੀ ਮਿਹਨਤ ਦੀ ਪੈਦਾਇਸ਼ ਹੈ ਅਤੇ ਫਿਲਮ ਮੇਲਿਆਂ ਵਿਚ ਪੁਰਸਕਾਰ ਵੀ ਜਿੱਤ ਚੁੱਕੀ ਹੈ। 50 ਕਲਾਸਿਕ ਗੀਤਾਂ ਦੇ ਮੁਲਾਂਕਣ ਦਾ ਆਗ਼ਾਜ਼ ‘ਵਾਕਟਰ` (1942) ਦੇ ਪੰਕਜ ਮਲਿਕ ਵਲੋਂ ਗਾਏ ਗੀਤ ‘ਚਲੇ ਪਵਨ ਕੀ ਚਾਲ` ਤੋਂ ਕੀਤਾ ਗਿਆ ਹੈ। ਇਹ ਸਫ਼ਰ ‘ਐ ਅਜਨਬੀ, ਤੂ ਭੀ ਕਭੀ, ਆਵਾਜ਼ ਦੇ ਕਹੀਂ ਸੇ` (ਦਿਲ ਸੇ; 1988) ਉੱਤੇ ਜਾ ਕੇ ਸਮਾਪਤ ਹੁੰਦਾ ਹੈ।
ਭੂਮਿਕਾ ਤੇ ਅੰਤਿਕਾ ਵਿਚ ਲੇਖਕ ਜੋੜੀ ਨੇ ਕਬੂਲ ਕੀਤਾ ਹੈ ਕਿ ਗੀਤਾਂ ਦੀ ਚੋਣ, ਮਕਬੂਲੀਅਤ ਜਾਂ ਮਿਠਾਸ ਦੇ ਆਧਾਰ `ਤੇ ਨਹੀਂ ਕੀਤੀ ਗਈ ਬਲਕਿ ਉਨ੍ਹਾਂ ਅੰਦਰਲੇ ਸੰਗੀਤਕ ਤਜਰਬਿਆਂ, ਫਿਲਮ ਦੇ ਜਿਸਮ ਅੰਦਰ ਉਨ੍ਹਾਂ ਦੀ ਅਹਿਮੀਅਤ ਅਤੇ ਫਿਲਮਾਂਕਣ ਅੰਦਰਲੀ ਨਾਟਕੀਅਤਾ ਦੀ ਬੁਨਿਆਦ `ਤੇ ਕੀਤੀ ਗਈ ਹੈ। ਮਸਲਨ, ‘ਆਵਾਰਾ` (1951) ਵਿਚਲੇ ਦੋ ਜੁੜਵੇਂ ਗੀਤਾਂ ‘ਤੇਰੇ ਬਿਨਾ ਆਗ ਯਿਹ ਚਾਂਦਨੀ/ਘਰ ਆਯਾ ਮੇਰਾ ਪਰਦੇਸੀ` ਨੂੰ ਚਰਚਾ ਵਾਸਤੇ ਚੁਣਿਆ ਗਿਆ ਹੈ। ਇਹ ਦੋਵੇਂ ਗੀਤ ਲੋਕਪ੍ਰਿਯਤਾ ਪੱਖੋਂ ਫਿਲਮ ਦੇ ਥੀਮ ਸੌਂਗ ‘ਆਵਾਰਾ ਹੂੰ…` ਦੇ ਨੇੜੇ ਵੀ ਨਹੀਂ ਖੜ੍ਹਦੇ ਪਰ ਫਿਲਮ ਦੇ ਜਿਸਮ ਤੇ ਰੂਹ ਦੇ ਅੰਦਰ ਇਨ੍ਹਾਂ ਦੋਵਾਂ ਗੀਤਾਂ ਦਾ ਮਹੱਤਵ ‘ਆਵਾਰਾ ਹੂੰ` ਤੋਂ ਕਿਤੇ ਜ਼ਿਆਦਾ ਹੈ। ਇਹ ਇਕ ਚੋਰ (ਨਾਇਕ) ਪ੍ਰਤੀ ਨਾਇਕਾ ਦੀ ਵੇਦਨਾ, ਚੋਰ ਦੇ ਹਿਰਦੇ ਪਰਿਵਰਤਨ ਅਤੇ ਇਸ ਅਮਲ ਮਗਰੋਂ ਨਾਇਕਾ ਨੂੰ ਮਿਲੀ ਅੰਤਰੀਵੀ ਖ਼ੁਸ਼ੀ ਦਾ ਇਜ਼ਹਾਰ ਹਨ। ਇਨ੍ਹਾਂ ਦੇ ਫ਼ਿਲਮਾਂਕਣ `ਤੇ ਕੀਤੀ ਗਈ ਮੁਸ਼ੱਕਤ ਵੀ ਬੇਮਿਸਾਲ ਹੈ। ਇਸੇ ਤਰ੍ਹਾਂ ‘ਗਾਈਡ` (1966) ਦੇ ਅੱਵਲਤਰੀਨ ਗੀਤ ‘ਪੀਆ ਤੋਸੇ ਨੈਨਾ ਲਾਗੇ ਰੇ` ਦੀ ਥਾਂ ਜੌੜੇ ਗੀਤਾਂ ‘ਮੌਸੇ ਛਲ ਕੀਏ ਜਾ, ਸਈਆਂ ਬਈਮਾਨ/ਕਿਆ ਸੇ ਕਿਆ ਹੋ ਗਯਾ, ਬੇਵਫ਼ਾ ਤੇਰੇ ਪਿਆਰ ਮੇਂ` ਨੂੰ ਤਰਜੀਹ ਦਿੱਤੀ ਗਈ ਹੈ। ਇਸ ਦੀਆਂ ਦੋ ਵਜ੍ਹਾ ਹਨ: ਇਕ ਤਾਂ ਦਾਦਾ ਬਰਮਨ (ਸੰਗੀਤਕਾਰ ਐੱਸ.ਡੀ. ਬਰਮਨ) ਨੇ ਇਕੋ ਹੀ ਬੁਨਿਆਦੀ ਧੁਨ ਨੂੰ ਬਹੁਤ ਹੁਨਰਮੰਦੀ ਨਾਲ ਦੋ ਵੱਖ-ਵੱਖ ਗੀਤਾਂ ਵਿਚ ਢਾਲਿਆ ਹੈ ਅਤੇ ਰਾਗ ਤੇ ਲੈਅ ਦਾ ਤਵਾਜ਼ਨ ਨਹੀਂ ਵਿਗੜਨ ਦਿੱਤਾ। ਦੂਜਾ ਦੋਵੇਂ ਗੀਤ ਨਾਇਕਾ ਰੋਜ਼ੀ ਤੇ ਨਾਇਕ ਰਾਜੂ ਦਾ ਰਿਸ਼ਤਾ ਤਿੜਕਣ ਦੀ ਕਹਾਣੀ ਅਤੇ ਇਨ੍ਹਾਂ ਦੋਵਾਂ ਕਿਰਦਾਰਾਂ ਦਾ ਆਪੋ-ਆਪਣਾ ਪੱਖ ਬੜੇ ਸਹਿਜ ਨਾਲ ਪੇਸ਼ ਕਰ ਜਾਂਦੇ ਹਨ। ਕੁਲ ਮਿਲਾ ਕੇ ਗੀਤਾਂ ਦੀ ਬਣਤਰ ਪਿਛਲੀ ਕਹਾਣੀ, ਸ਼ਬਦਾਂ ਤੇ ਸਾਜ਼ਾਂ ਦੀ ਚੋਣ, ਰਿਕਾਰਡਿੰਗ ਜਾਂ ਫਿਲਮਾਂਕਣ ਸਮੇਂ ਆਈਆਂ ਦਿੱਕਤਾਂ, ਆਖ਼ਰੀ ਮੌਕੇ ਕੀਤੀਆਂ ਤਬਦੀਲੀਆਂ ਆਦਿ ਜਾਣਕਾਰੀਆਂ ਦਾ ਜ਼ਖ਼ੀਰਾ ਹੈ ਇਹ ਕਿਤਾਬ।
ਸਾਹਿਤ ਸੰਜੀਵਨੀ
ਰਸਮੀ ਤੁਆਰਫ਼ ਤੋਂ ਪਹਿਲਾਂ ਕਿਤਾਬ ਵਿਚੋਂ ਕੁਝ ਸਤਰਾਂ: “…ਜ਼ਿੰਦਗੀ ਦੇ ਬੇਹੱਦ ਔਖੇ ਦੌਰ ਵਿਚ ਸਾਹਿਤ ਅਧਿਐਨ ਮੇਰੇ ਲਈ ਸੰਜੀਵਨੀ ਸਿੱਧ ਹੋਇਆ। ਸ਼ਾਹਕਾਰ ਨਾਵਲਾਂ ਦਾ ਅਧਿਐਨ ਲਗਾਤਾਰ ਮੇਰੇ ਜਿਸਮ ਤੇ ਜ਼ਹਿਨ `ਤੇ ਪਸਰੇ ਘੁੱਪ ਹਨੇਰੇ ਨੂੰ ਦੁਪਹਿਰ ਦੀ ਖਿੜੀ ਧੁੱਪ ਵਿਚ ਤਬਦੀਲ ਕਰਦਾ ਰਿਹਾ।… ਮਹਾਨ ਸਾਹਿਤਕ ਕ੍ਰਿਤੀਆਂ ਦੇ ਅਧਿਐਨ ਨੇ ਮੈਨੂੰ ਸਰੀਰਿਕ ਪੀੜ ਬਰਦਾਸ਼ਤ ਕਰਨ ਦੀ ਸਮਰੱਥਾ ਤਾਂ ਦਿੱਤੀ ਹੀ, ਨਾਲੋ-ਨਾਲ ਇਸ ਨੇ ਮੇਰੀ ਮਾਨਸਿਕ ਸਿਹਤ ਨੂੰ ਵੀ ਚੜ੍ਹਦੀ ਕਲਾ ਵਿਚ ਰੱਖਿਆ। … ਸਾਹਿਤ-ਅਧਿਐਨ ਨੇ ਮੈਨੂੰ ਭਲੀ-ਭਾਂਤ ਅਹਿਸਾਸ ਕਰਵਾਇਆ ਕਿ ਦੁਨੀਆ ਵਿਚ ਦੁੱਖ-ਦਰਦ ਝੱਲਣ ਵਾਲਾ ਨਾ ਤਾਂ ਮੈਂ ਪਹਿਲਾ ਵਿਅਕਤੀ ਹਾਂ ਅਤੇ ਨਾ ਹੀ ਆਖਰੀ।” ਅਜਿਹੇ ਅਹਿਸਾਸਾਂ ਤੋਂ ਉਗਮੀ, ਨਿੱਸਰੀ ਤੇ ਮੌਲੀ ਹੈ ਜੰਗ ਬਹਾਦਰ ਗੋਇਲ ਦੀ ਕਿਤਾਬ ‘ਸਾਹਿਤ ਸੰਜੀਵਨੀ`। ਅਨੂਠੀ ਅਦਬੀ ਜੁਗਤ ਹੈ ਇਹ: ਸਾਹਿਤਕ ਸਵੈ-ਜੀਵਨੀ ਵੀ ਹੈ, ਸ਼ਾਹਕਾਰ ਕਿਤਾਬਾਂ ਬਾਰੇ ਚਿੰਤਨ-ਮੰਥਨ ਵੀ ਹੈ, ਤੇ ਸਾਹਿਤ ਦੇ ਚਕਿਤਸਾਮੁਖੀ ਗੁਣਾਂ-ਖ਼ੂਬੀਆਂ ਦਾ ਖ਼ੁਲਾਸਾ ਵੀ ਹੈ।
ਡਾ. ਸੁਰਜੀਤ ਪਾਤਰ ਨੇ ਇਸ ਦੀ ਜਾਣ-ਪਛਾਣ ਇਨ੍ਹਾਂ ਸ਼ਬਦਾਂ ਨਾਲ ਕਰਵਾਈ ਹੈ: “ਸਾਹਿਤ ਸੰਜੀਵਨੀ… ਬਹੁਤ ਅਨੂਠੀ, ਸਾਰਥਕ ਤੇ ਦਿਲਚਸਪ ਪੁਸਤਕ ਹੈ। ਜਿਵੇਂ ਨਾਮ ਤੋਂ ਹੀ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਪੁਸਤਕ ਸਾਹਿਤ ਪੜ੍ਹਨ-ਲਿਖਣ ਦੇ ਜੀਵਨਮਈ ਮਹੱਤਵ ਬਾਰੇ ਹੈ। ਮਾਯੂਸ, ਹਾਰੇ ਹੋਏ, ਉਦਾਸ, ਰੋਗੀ ਸੋਗੀ ਕੁੰਠਿਤ ਲੋਕ ਕਵਿਤਾ, ਕਹਾਣੀ, ਨਾਵਲ, ਨਾਟਕ ਜਾਂ ਲੇਖ ਪੜ੍ਹ ਕੇ ਆਪਣੇ ਆਪ ਵਿਚ ਨਵੀਂ ਜੀਵਨ ਸ਼ਕਤੀ ਮਹਿਸੂਸ ਕਰਨ ਲੱਗ ਪੈਂਦੇ ਹਨ। ਇਹ ਤੱਥ ਇਸ ਪੁਸਤਕ ਵਿਚ ਅਮੂਰਤ ਢੰਗ ਨਾਲ ਬਿਆਨ ਹੀ ਨਹੀਂ ਕੀਤਾ ਗਿਆ, ਇਸ ਤੱਥ ਨੂੰ ਦੁਨੀਆਂ ਭਰ ਦੇ ਲੋਕਾਂ ਦੀਆਂ ਦਿਲ-ਟੁੰਬਵੀਆਂ ਮਿਸਾਲਾਂ ਨਾਲ ਸਮੂਰਤ ਵੀ ਕੀਤਾ ਗਿਆ ਹੈ।” ਕਿਤਾਬ ਉਪਰੋਕਤ ਰਾਇ ਉਪਰ ਖ਼ਰੀ ਉਤਰਦੀ ਹੈ। ਇਸ ਅੰਦਰਲੇ ਛੇ ਨਿਬੰਧ ਨਿੱਜੀ ਅਨੁਭਵਾਂ ਦਾ ਬਿਆਨ ਤਾਂ ਹਨ ਹੀ, ਅਦਬੀ ਜਾਣਕਾਰੀ ਦਾ ਭੰਡਾਰ ਵੀ ਹਨ। ਗੋਇਲ ਸਾਬਕਾ ਆਈ.ਏ.ਐੱਸ. ਅਫਸਰ ਹਨ। ਅੰਗਰੇਜ਼ੀ ਦੇ ਵਿਦਵਾਨ ਹੋਣ ਦੇ ਬਾਵਜੂਦ ਪੰਜਾਬੀ ਤੇ ਹਿੰਦੀ ਵਿਚ ਲਿਖਦੇ ਆਏ ਹਨ। ਪੰਜਾਬੀ ਨੂੰ ਉਨ੍ਹਾਂ ਨੇ ਆਲਮੀ ਸ਼ਾਹਕਾਰ ਨਾਵਲਾਂ ਦੇ ਪੁਨਰ-ਕਥਨ ਨਾਲ ਪ੍ਰਫੁਲਿਤ ਕੀਤਾ ਹੈ। ‘ਸਾਹਿਤ ਸੰਜੀਵਨੀ` ਉਨ੍ਹਾਂ ਉੱਦਮਾਂ ਨਾਲੋਂ ਵੱਧ ਤਸੱਲੀ, ਵੱਧ ਵਿਸਮਾਦ ਦੇਣ ਵਾਲੀ ਕਿਤਾਬ ਹੈ।