ਨਫਰਤ ਦਾ ਧੰਦਾ-3 ਝੂਠ-ਤੂਫਾਨ ਬੋਲਦੇ ਸੱਜੇ-ਪੱਖੀ ਯੂਟਿਊਬਰ

ਨੀਲ ਮਾਧਵ/ਅਲੀਸਾਨ ਜਾਫਰੀ
ਅਨੁਵਾਦ: ਬੂਟਾ ਸਿੰਘ ਮਹਿਮੂਦਪੁਰ
ਪਿਛਲੇ ਕੁਝ ਸਮੇਂ ਤੋਂ ਯੂਟਿੳਬ ਚੈਨਲਾਂ ਨੇ ਮੀਡੀਆ, ਖਾਸਕਰ ਸੋਸ਼ਲ ਮੀਡੀਆ ‘ਤੇ ਗਾਹ ਪਾਇਆ ਹੋਇਆ ਹੈ। ਕੱਟੜ ਤਾਕਤਾਂ ਇਸ ਮੰਚ ਨੂੰ ਖੂਬ ਵਰਤ ਰਹੀਆਂ ਹਨ। ਭਾਰਤੀ ਜਨਤਾ ਪਾਰਟੀ ਵਰਗੀਆਂ ਸਿਆਸੀ ਜਮਾਤਾਂ ਇਨ੍ਹਾਂ ਯੂਟਿਊਬਰਾਂ ਨੂੰ ਹੱਲਾਸ਼ੇਰੀ ਦੇ ਰਹੀਆਂ ਹਨ। ਇਸ ਪਾਰਟੀ ਦੇ ਲੀਡਰ ਮੁੱਖ ਚੈਨਲਾਂ ਦੀ ਥਾਂ ਇਨ੍ਹਾਂ ਯੂਟਿਊਬਰਾਂ ਨੂੰ ਇੰਟਰਵਿਊ ਦਿੰਦੇ ਹਨ ਅਤੇ ਆਪਣੀ ਮਰਜ਼ੀ ਦੀਆਂ ਗੱਲਾਂ ਕਰਦੇ ਹਨ। ਉਘੇ ਰਸਾਲੇ ‘ਕਾਰਵਾਂ’ ਨਾਲ ਜੁੜੇ ਨੀਲ ਮਾਧਵ ਅਤੇ ਅਲੀਸਾਨ ਜਾਫਰੀ ਇਸ ਮਸਲੇ ਦੀਆਂ ਤਹਿਆਂ ਫਰੋਲਦਿਆਂ ਰਿਪੋਰਟ ਤਿਆਰ ਕੀਤੀ ਹੈ। ਇਸ ਲੰਮੇ ਲੇਖ ਦਾ ਅਨੁਵਾਦ ਸਾਡੇ ਕਾਲਮਨਵੀਸ ਬੂਟਾ ਸਿੰਘ ਮਹਿਮੂਦਪੁਰ ਨੇ ਕੀਤਾ ਹੈ। ਇਸ ਦੀ ਤੀਜੀ ਕਿਸ਼ਤ ਹਾਜ਼ਰ ਹੈ।

ਕਿਸਾਨ ਅੰਦੋਲਨ ਦੀ ਵਿਆਪਕ ਕਵਰੇਜ ਕਰਨ ਵਾਲੇ ਪੱਤਰਕਾਰ ਮਨਦੀਪ ਪੂਨੀਆ ਵੀ ਘਟਨਾ ਸਮੇਂ ਉੱਥੇ ਮੌਜੂਦ ਸੀ। ਉਸ ਨੇ ਸਾਨੂੰ ਦੱਸਿਆ ਕਿ ਚੌਧਰੀ ਨੇ ਹੀ ਭੀੜ ਨੂੰ ਉਕਸਾਇਆ ਸੀ। ਪੂਨੀਆ ਨੇ ਕਿਹਾ, “ਉਹ ਭੀੜ ਨਾਲ ਸੀ ਅਤੇ ਕਿਸਾਨਾਂ ਨੂੰ ਖਾਲਿਸਤਾਨੀ ਕਹਿ ਰਿਹਾ ਸੀ।” ਤੱਥਾਂ ਦੀ ਜਾਂਚ ਕਰਨ ਵਾਲੀਆਂ ਸੰਸਥਾਵਾਂ ਨੇ ਵਿਸਤਾਰਤ ਜਾਂਚ ਕੀਤੀ ਜਿਸ ਤੋਂ ਸਾਹਮਣੇ ਆਇਆ ਕਿ ਭੀੜ ਵਿਚ ਸ਼ਾਮਿਲ ਬਹੁਤ ਸਾਰੇ ਮੈਂਬਰ ਭਾਜਪਾ ਦਾ ਕਾਡਰ ਸਨ। ਮੁੱਖਧਾਰਾ ਪ੍ਰੈੱਸ ਵਿਚ ਇਸ ਖਬਰ ਇਸ ਤਰ੍ਹਾਂ ਨਸ਼ਰ ਹੋਈ ਕਿ ਇਹ ‘ਸਥਾਨਕ ਲੋਕਾਂ’ ਅਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਰਮਿਆਨ ਟਕਰਾਅ ਦਾ ਲੇਖਾ-ਜੋਖਾ ਸੀ ਬੱਸ। ਟਾਈਮਜ਼ ਨਾਓ ਨੇ ਹਮਲਾਵਰਾਂ ਨੂੰ “ਸਥਾਨਕ ਲੋਕਾਂ ਦੇ ਰੂਪ `ਚ ਪੇਸ਼ ਕੀਤਾ ਜੋ ਪ੍ਰਦਰਸ਼ਨਕਾਰੀਆਂ ਤੋਂ ਇਲਾਕਾ ਖਾਲੀ ਕਰਾਉਣ ਦੀ ਆਪਣੀ ਮੰਗ `ਤੇ ਅੜੇ ਹੋਏ ਹਨ।” ਜ਼ੀ ਨਿਊਜ਼ ਨੇ ਵੀ ਇਹੀ ਰਿਪੋਰਟ ਦਿੱਤੀ। ਮਈ 2022 ਵਿਚ ਮੁੱਖ ਤੌਰ `ਤੇ ਫੇਸਬੁੱਕ ਆਧਾਰਿਤ ਵੌਕਸ-ਪੌਪ ਚੈਨਲ ਵਰਤਮਾਨ ਭਾਰਤ ਦਾ ਇਕ ਵੀਡੀਓ ਵਾਇਰਲ ਹੋਇਆ ਸੀ। ਰਿਪੋਰਟਰ ਸ਼ਾਹੀਨ ਬਾਗ਼ ਤੋਂ ਲੰਘ ਰਹੇ ਕਈ ਰਾਹਗੀਰਾਂ ਨੂੰ ਪੁੱਛਦਾ ਨਜ਼ਰ ਆ ਰਿਹਾ ਹੈ ਕਿ ਉਹ ਲੋਕ ਕਿੱਥੋਂ ਦੇ ਹਨ? ਸਾਰੇ ਝੱਟਪੱਟ ਜਵਾਬ ਦਿੰਦੇ ਹਨ ਕਿ ਉਹ ਬੰਗਲਾਦੇਸ਼ ਤੋਂ ਹਨ। ਵੀਡੀਓ ਦੇ ਹੇਠਾਂ ਲਿਖਿਆ ਹੈ, “ਖੁਲਾਸਾ, ਕਿਵੇਂ ਸ਼ਾਹੀਨ ਬਾਗ਼ ਬੰਗਲਾਦੇਸ਼ੀਆਂ ਦਾ ਗੜ੍ਹ ਹੈ।” ਕੁਝ ਘੰਟਿਆਂ `ਚ ਹੀ ਵੀਡੀਓ ਨੂੰ 1 ਕਰੋੜ ਤੋਂ ਵੱਧ ਵਾਰ ਦੇਖਿਆ ਗਿਆ- ਹੁਣ ਇਸ ਦੇ ਦਰਸ਼ਕ 2 ਕਰੋੜ 20 ਲੱਖ ਹਨ। ਵੀਡੀਓ ਦੀ ਕਲਿਪ ਕੀਤੀ ਫੁਟੇਜ ਨੂੰ ਸੁਰਿੰਦਰ ਪੂਨੀਆ ਸਮੇਤ ਭਾਜਪਾ ਦੇ ਕਈ ਸੀਨੀਅਰ ਆਗੂਆਂ ਨੇ ਸ਼ੇਅਰ ਕੀਤਾ। ਪੂਨੀਆ ਨੇ ਵੀਡੀਓ ਟਵੀਟ ਕਰਦੇ ਹੋਏ ਕਿਹਾ, “ਰੋਹਿੰਗਿਆ-ਬੰਗਲਾਦੇਸ਼ੀ ਘੁਸਪੈਠੀਏ ਦਿੱਲੀ ਵਿਚ ਖੁੱਲ੍ਹੇਆਮ ਘੁੰਮ ਰਹੇ!” ਪਾਰਟੀ ਦੇ ਸਾਬਕਾ ਬੁਲਾਰੇ ਅਸ਼ਵਨੀ ਉਪਾਧਿਆਏ ਨੇ ਆਪਣੇ ਫੇਸਬੁੱਕ `ਤੇ ਵੀਡੀਓ ਅਪਲੋਡ ਕੀਤਾ ਅਤੇ ਲਿਖਿਆ: “ਰੋਹਿੰਗਿਆ-ਬੰਗਲਾਦੇਸ਼ੀ ਘੁਸਪੈਠੀਆਂ ਦੀ 100 ਫੀਸਦੀ ਜਾਇਦਾਦ ਜ਼ਬਤ ਕਰਨ ਅਤੇ 10-20 ਸਾਲ ਦੀ ਸਜ਼ਾ ਦੇਣ ਲਈ ਕਾਨੂੰਨ ਬਣਾਉਣਾ ਜ਼ਰੂਰੀ ਹੈ।” ਫੇਸਬੁੱਕ ਉੱਪਰ ਇਸ ਨੂੰ ਪਹਿਲੇ ਤਿੰਨ ਦਿਨਾਂ ਵਿਚ ਦੋ ਲੱਖ ਤੋਂ ਵੱਧ ਵਾਰ ਸਾਂਝਾ ਕੀਤਾ ਗਿਆ ਅਤੇ 1 ਕਰੋੜ 80 ਲੱਖ ਵਾਰ ਦੇਖਿਆ ਗਿਆ। ਸਵਾਲਾਂ ਦੇ ਜਵਾਬ ਵਿਚ ਉਪਾਧਿਆਏ ਨੇ ਵੀਡੀਓ ਦਾ ਲਿੰਕ ਮੰਗਿਆ, ਸਾਡੇ ਵੱਲੋਂ ਲਿੰਕ ਭੇਜੇ ਜਾਣ ਤੋਂ ਬਾਅਦ ਉਸ ਨੇ ਕੋਈ ਜਵਾਬ ਨਹੀਂ ਦਿੱਤਾ।
ਆਲਟ ਨਿਊਜ਼ ਦੇ ਸਹਿ-ਸੰਸਥਾਪਕ ਮੁਹੰਮਦ ਜ਼ੁਬੈਰ ਨੇ ਸਾਨੂੰ ਦੱਸਿਆ ਕਿ ਘੋਰ-ਸੱਜੇਪੱਖੀ ਯੂਟਿਊਬਰ ਈਕੋ-ਸਿਸਟਮ ਦੇ ਇਹ ਅਤੇ ਇਸੇ ਤਰ੍ਹਾਂ ਦੇ ਹੋਰ ਵੀਡੀਓ ਆਮ ਤੌਰ `ਤੇ ਹਾਸਲ ਹੋਣ ਵਾਲੀਆਂ ਗ਼ਲਤ ਸੂਚਨਾਵਾਂ ਤੋਂ ਵੱਖਰੇ ਹਨ। ਉਨ੍ਹਾਂ ਸਪਸ਼ਟ ਕਿਹਾ, “ਜਾਅਲੀ ਖਬਰਾਂ ਰੋਕਣਾ ਸੌਖਾ ਹੈ ਪਰ ਉਸ ਪ੍ਰਚਾਰ ਨੂੰ ਬੇਨਕਾਬ ਕਰਨਾ ਔਖਾ ਹੈ ਜੋ ਕਪਟ ਪੂਰਨ ਤਰੀਕੇ ਨਾਲ ਤੱਥਾਂ ਦੀ ਦੁਰਵਰਤੋਂ ਕਰਦੇ ਹਨ। ਇਸ ਵੀਡੀਓ ਨੂੰ ਹੀ ਲੈ ਲਓ, ਕੀ ਵੀਡੀਓ ਵਿਚ ਨਜ਼ਰ ਆ ਰਹੇ ਲੋਕ ਬੰਗਲਾਦੇਸ਼ੀ ਹਨ? ਹਾਂ। ਕੀ ਜਿਸ ਜਗਾ੍ਹ ਇਹ ਵੀਡੀਓ ਬਣਾਇਆ ਜਾ ਰਿਹਾ ਹੈ, ਉਹ ਸ਼ਾਹੀਨ ਬਾਗ਼ ਹੈ? ਹਾਂ। ਹਾਲਾਂਕਿ, ਉਹ ਲੋਕ ਸੈਲਾਨੀ ਹਨ ਅਤੇ ਗ਼ੈਰ-ਕਾਨੂੰਨੀ ਪਰਵਾਸੀ ਨਹੀਂ ਹਨ (ਪਰ) ਵੀਡੀਓ ਵਿਚ ਇਸ ਦਾ ਜ਼ਿਕਰ ਨਹੀਂ ਹੈ। ਅਜਿਹੀ ਸਮੱਗਰੀ ਵਿਚ ਤੱਥਾਂ ਦੀ ਚੋਣਵੀਂ ਪੇਸ਼ਕਾਰੀ ਇਸ ਨੂੰ ਮੁੱਖ ਧਾਰਾ ਦੀਆਂ ਜ਼ਿਆਦਾਤਰ ਮੀਡੀਆ ਸੰਸਥਾਵਾਂ ਦੀਆਂ ਕਮਜ਼ੋਰ ਸੰਪਾਦਕੀ ਛਾਨਣੀਆਂ `ਚੋਂ ਸੌਖਿਆਂ ਹੀ ਲੰਘਾ ਦਿੰਦੀ ਹੈ।”
23 ਜੁਲਾਈ 2021 ਨੂੰ ਪਿਆਰਾ ਹਿੰਦੁਸਤਾਨ ਨੇ ਮਦਨਪੁਰ ਖਾਦਰ ਦੇ ਇਕ ਖਸਤਾ ਹਾਲ ਕੈਂਪ ਵਿਚ ਰਹਿ ਰਹੇ ਕਈ ਰੋਹਿੰਗਿਆ ਸ਼ਰਨਾਰਥੀਆਂ ਨਾਲ ਇੰਟਰਵਿਊ ਕੀਤੀ। ਇਕ ਦਿਨ ਪਹਿਲਾਂ ਹੀ ਉੱਥੋਂ ਦੇ ਸ਼ਰਨਾਰਥੀਆਂ ਦਾ ਉੱਤਰ ਪ੍ਰਦੇਸ਼ ਵਿਚਲਾ ਅਸਥਾਈ ਕੈਂਪ ਖੁਸ ਗਿਆ ਸੀ। ਪਿਆਰਾ ਹਿੰਦੁਸਤਾਨ ਦੇ ਰਿਪੋਰਟਰ ਨੇ ਸ਼ਰਨਾਰਥੀਆਂ ਨੂੰ ਇਹ ਮੰਨ ਲੈਣ ਲਈ ਬਦਨਾਮ ਕੀਤਾ ਕਿ ਉਨ੍ਹਾਂ ਨੂੰ ਦਿੱਲੀ ਸਰਕਾਰ ਤੋਂ ਮਦਦ ਮਿਲੀ ਹੈ। ਕੁਝ ਲੋਕਾਂ ਨੇ ਪਾਣੀ, ਟੈਂਟ ਅਤੇ ਸੀਮਤ ਬਿਜਲੀ ਸਪਲਾਈ ਦਿੱਤੇ ਜਾਣ ਦੀ ਗੱਲ ਮੰਨੀ ਪਰ ਭਾਸ਼ਾ ਨੂੰ ਪੂਰੀ ਤਰ੍ਹਾਂ ਨਾ ਸਮਝਦੇ ਹੋਣ ਕਰ ਕੇ ਇੰਞ ਜਾਪਦਾ ਸੀ ਕਿ ਉਹ ਸਵਾਲਾਂ ਬਾਰੇ ਅਨਿਸ਼ਚਿਤ ਸਨ ਅਤੇ ਆਪਣੇ ਅਨੁਭਵ ਦੱਸ ਰਹੇ ਸਨ। ਕੁਝ ਲੋਕਾਂ ਨੇ ਉਸ ਬਾਰੇ ਗੱਲ ਕੀਤੀ ਜੋ ਉਨ੍ਹਾਂ ਨੂੰ ਮਿਲਿਆ ਸੀ ਜਿਸ ਵਿਚ ਮਦਦ ਕਰਨ ਵਾਲੇ ਵਿਅਕਤੀਆਂ ਜਾਂ ਗ਼ੈਰ-ਸਰਕਾਰੀ ਸੰਸਥਾਵਾਂ ਤੋਂ ਮਿਲੀ ਮਦਦ ਵੀ ਸ਼ਾਮਲ ਹੈ। ਵੀਡੀਓ ਨੂੰ ਇਸ ਤਰੀਕੇ ਨਾਲ ਸੰਪਾਦਿਤ ਕੀਤਾ ਗਿਆ ਸੀ ਤਾਂ ਜੋ ਦਰਸ਼ਕ ਇਹ ਵਿਸ਼ਵਾਸ ਕਰ ਲੈਣ ਕਿ ਦਿੱਲੀ ਸਰਕਾਰ ਵੱਲੋਂ ਸ਼ਰਨਾਰਥੀਆਂ ਦੀ ਹਰ ਜ਼ਰੂਰਤ ਪੂਰੀ ਕੀਤੇ ਜਾਣ ਕਾਰਨ ਉਹ ਐਸ਼ੋ-ਆਰਾਮ ਦੀ ਜ਼ਿੰਦਗੀ ਜੀ ਰਹੇ ਹਨ। ਅਗਲੇ ਦਿਨ ਉਨ੍ਹਾਂ ਨੇ ਉਸੇ ਕੈਂਪ `ਚ ਬਣਾਈ ਫਾਲੋਅੱਪ ਵੀਡੀਓ ਵੀ ਜਾਰੀ ਕੀਤੀ।
ਵੀਡੀਓ ਵਿਚ ਕੀਤੇ ਦਾਅਵੇ ਆਲਟ ਨਿਊਜ਼ ਨੇ ਲੱਗਭੱਗ ਤੁਰੰਤ ਹੀ ਰੱਦ ਕਰ ਦਿੱਤੇ ਸਨ ਪਰ ਇਸ ਨਾਲ ਇਸ ਵੀਡੀਓ ਦੇ ਫੈਲਣ ਨੂੰ ਰੋਕਿਆ ਨਾ ਜਾ ਸਕਿਆ। ਭਾਜਪਾ ਦੀ ਦਿੱਲੀ ਇਕਾਈ ਦੇ ਅਧਿਕਾਰਤ ਹੈਂਡਲ ਨੇ ਇਹ ਵੀਡਿਓ ਸ਼ੇਅਰ ਕੀਤੀ, ਇਸੇ ਤਰ੍ਹਾਂ ਭਾਜਪਾ ਦੇ ਬੁਲਾਰੇ ਤਜਿੰਦਰ ਬੱਗਾ ਨੇ ਸ਼ੇਅਰ ਕੀਤੀ ਜੋ 80 ਹਜ਼ਾਰ ਦੇ ਕਰੀਬ ਦਰਸ਼ਕਾਂ ਨੇ ਦੇਖੀ। ਭਾਜਪਾ ਵੱਲੋਂ ਕੇਜਰੀਵਾਲ ਉੱਪਰ ਰੋਹਿੰਗਿਆ ਭਾਈਚਾਰੇ ਦੀ ਮਦਦ ਕਰਨ ਦਾ ਇਲਜ਼ਾਮ ਵੱਡਾ ਸਿਆਸੀ ਵਿਵਾਦ ਬਣ ਗਿਆ ਜੋ ਅਗਲੇ ਮਹੀਨੇ ਮੁੱਖ ਖਬਰਾਂ ਬਣ ਕੇ ਛਾਇਆ ਰਿਹਾ।
ਰਿਪੋਰਟਾਂ ਦੱਸਦੀਆਂ ਹਨ ਕਿ ਦੋ ਕੁ ਸਾਲ ਪਹਿਲਾਂ ਬਣਾਈ ਯੋਜਨਾ ਅਨੁਸਾਰ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਹਰਦੀਪ ਪੁਰੀ ਨੇ ਐਲਾਨ ਕੀਤਾ ਸੀ ਕਿ ਕੈਂਪ ਦੇ ਸ਼ਰਨਾਰਥੀਆਂ ਨੂੰ ਦਿੱਲੀ ਦੇ ਬੱਕਰਵਾਲਾ ਮੁਹੱਲੇ `ਚ ਸੁਰੱਖਿਅਤ ਘਰਾਂ ਵਿਚ ਭੇਜਿਆ ਜਾ ਰਿਹਾ ਹੈ ਪਰ ਸ਼ਾਇਦ ਆਪ ਸਰਕਾਰ ਵੱਲੋਂ ਸ਼ਰਨਾਰਥੀ ਭਾਈਚਾਰੇ ਦੀਆਂ ਕੁਝ ਕੁ ਜ਼ਰੂਰਤਾਂ ਪੂਰੀਆਂ ਕਰਨ ਬਾਰੇ ਹੋ ਰਹੀ ਚਰਚਾ ਨੂੰ ਦੇਖਦੇ ਹੋਏ ਮੰਤਰਾਲੇ ਨੇ ਤੁਰੰਤ ਬਿਆਨ ਜਾਰੀ ਕੀਤਾ ਕਿ ਉਸ ਨੇ ‘ਨਵੀਂ ਦਿੱਲੀ ਵਿਚ ਬੱਕਰਵਾਲਾ ਵਿਚ ਗ਼ੈਰ-ਕਾਨੂੰਨੀ ਰੋਹਿੰਗਿਆ ਸ਼ਰਨਾਰਥੀਆਂ ਨੂੰ ਈ.ਵੀ.ਐੱਸ. ਫਲੈਟ ਦੇਣ ਲਈ ਕੋਈ ਨਿਰਦੇਸ਼ ਨਹੀਂ ਦਿੱਤਾ।` ਇਸ ਦੀ ਬਜਾਏ ਮੰਤਰਾਲੇ ਨੇ ਦਾਅਵਾ ਕੀਤਾ ਕਿ ਇਹ ਤਾਂ ਦਿੱਲੀ ਸਰਕਾਰ ਵੱਲੋਂ ਤਜਵੀਜ਼ ਕੀਤਾ ਗਿਆ ਸੀ।
ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀ ਅਜਿਹਾ ਕੋਈ ਆਦੇਸ਼ ਜਾਰੀ ਕੀਤੇ ਜਾਣ ਤੋਂ ਇਨਕਾਰ ਕੀਤਾ ਅਤੇ ਆਪਣਾ ਪਹਿਲਾ ਦਾਅਵਾ ਦੁਹਰਾਇਆ ਕਿ ਭਾਜਪਾ ਰਾਜਧਾਨੀ ਵਿਚ ਸ਼ਰਨਾਰਥੀਆਂ ਨੂੰ “ਗ਼ੈਰ-ਕਾਨੂੰਨੀ ਤਰੀਕੇ ਨਾਲ ਵਸਾਉਣ ਦੀ ਸਾਜ਼ਿਸ਼” ਕਰ ਰਹੀ ਸੀ। ਨਤੀਜਾ ਇਹ ਹੋਇਆ ਕਿ ਜਿਨ੍ਹਾਂ ਸ਼ਰਨਾਰਥੀਆਂ ਨੂੰ ਸੰਯੁਕਤ ਰਾਸ਼ਟਰ ਨੇ ਦੁਨੀਆ ਦੀ “ਸਭ ਤੋਂ ਵਧੇਰੇ ਸਤਾਈ ਹੋਈ ਘੱਟਗਿਣਤੀ” ਕਿਹਾ, ਉਨ੍ਹਾਂ ਨੂੰ ਦੋਵਾਂ ਪਾਰਟੀਆਂ ਨੇ ਹੋਰ ਵੀ ਅਣਮਨੁੱਖੀ ਬਣਾਉਣਾ ਜਾਰੀ ਰੱਖਿਆ ਜਿਸ ਦੀ ਤਕਰੀਬਨ ਹਰ ਪ੍ਰਿੰਟ ਅਤੇ ਟੈਲੀਵੀਜ਼ਨ ਨਿਊਜ਼ਰੂਮ ਵਿਆਪਕ ਕਵਰੇਜ਼ ਕਰਦੇ ਰਹੇ। ਨਿਊਜ਼18 ਨੇ ਇਸ ਵਿਸ਼ੇ ਉੱਪਰ ਪ੍ਰਾਈਮ ਟਾਈਮ ਬਹਿਸ ਚਲਾਈ ਜਦੋਂ ਕਿ ਐੱਨ.ਡੀ.ਟੀ.ਵੀ. ਨੇ ਕਈ ਜ਼ਮੀਨੀ ਰਿਪੋਰਟਾਂ ਦਿੱਤੀਆਂ। ਸਾਡੇ ਵੱਲੋਂ ਭੇਜੇ ਸਵਾਲਾਂ ਦਾ ਜਵਾਬ ਨਾ ਦਿੱਲੀ ਭਾਜਪਾ ਅਤੇ ਆਪ ਨੇ ਦਿੱਤਾ, ਨਾ ਹੀ ਬੱਗਾ ਅਤੇ ਸਿਸੋਦੀਆ ਨੇ।
ਵਰਤਮਾਨ ਭਾਰਤ ਦਾ ਸ਼ਾਹੀਨ ਬਾਗ਼ ਅਤੇ ਪਿਆਰਾ ਹਿੰਦੁਸਤਾਨ ਦਾ ਮਦਨਪੁਰ ਖਾਦਰ ਵੀਡੀਓ ਇਸਲਾਮ ਨੂੰ ਹਊਆ ਬਣਾ ਕੇ ਪੇਸ਼ ਕਰਦੀ ਸਮੱਗਰੀ ਨੂੰ ਯੂਟਿਊਬ ਤੋਂ ‘ਮੁੱਖ ਧਾਰਾ` ਦੇ ਪਲੇਟਫਾਰਮਾਂ `ਤੇ ਲਿਆਉਣ ਵਿਚ ਭਾਜਪਾ ਨੇਤਾਵਾਂ ਦੀ ਭੂਮਿਕਾ ਨੂੰ ਦਰਸਾਉਂਦੇ ਹਨ। ਭਾਜਪਾ ਦੀ ਲੀਡਰਸ਼ਿਪ ਅਤੇ ਘੋਰ-ਸੱਜੇਪੱਖੀ ਸਮੱਗਰੀ ਬਣਾਉਣ ਵਾਲਿਆਂ ਦਾ ਦੁਵੱਲਾ ਲਾਭਦਾਇਕ ਰਿਸ਼ਤਾ ਹੈ। ਅਵਸਥੀ ਨੇ ਸਾਨੂੰ ਦੱਸਿਆ ਕਿ ਜਿੱਥੋਂ ਤੱਕ ਉਸ ਨੂੰ ਪਤਾ ਹੈ, ਭਾਜਪਾ ਇਨ੍ਹਾਂ ਸਮੱਗਰੀ ਨਿਰਮਾਤਾਵਾਂ ਨੂੰ ਸਿੱਧੇ ਤੌਰ `ਤੇ ਭੁਗਤਾਨ ਨਹੀਂ ਕਰਦੀ। ਉਸ ਅਨੁਸਾਰ- “ਬੇਸ਼ੱਕ, ਕੁਝ ਆਗੂਆਂ ਨੇ ਕੁਝ ਮਾਮਲਿਆਂ `ਚ ਚੈਨਲ `ਤੇ ਆਉਣ ਲਈ ਵਿਅਕਤੀਗਤ ਤੌਰ `ਤੇ ਭੁਗਤਾਨ ਕੀਤਾ ਹੋ ਸਕਦਾ ਹੈ ਪਰ ਇਸ ਤੋਂ ਵਧੇਰੇ ਕੋਈ ਬਕਾਇਦਾ ਭੁਗਤਾਨ ਪ੍ਰਣਾਲੀ ਜਾਂ ਅਜਿਹਾ ਕੁਝ ਨਹੀਂ ਹੈ।”
ਫਿਰ ਵੀ, ਉਨ੍ਹਾਂ ਦੇ ਵੀਡੀਓ ਦਾ ਜਿਸ ਤਰ੍ਹਾਂ ਦਾ ਪ੍ਰਚਾਰ ਭਾਜਪਾ ਦੇ ਆਗੂ ਕਰਦੇ ਹਨ, ਉਸ ਦੀ ਬਦੌਲਤ ਉਨ੍ਹਾਂ ਦੀ ਨਿੱਜੀ ਆਮਦਨ ਮੁੱਖ ਧਾਰਾ ਮੀਡੀਆ ਵਿਚ ਉਨ੍ਹਾਂ ਦੇ ਹਮਰੁਤਬਾ ਦੀਆਂ ਤਨਖਾਹਾਂ ਤੋਂ ਕਿਤੇ ਵੱਧ ਹੈ। ਅਵਸਥੀ ਹੁਣ ਉਭਰਦੇ ਕਾਰੋਬਾਰੀ ਵਾਲੇ ਭਰੋਸੇ ਨਾਲ ਗੱਲ ਕਰਦਾ ਹੈ। ਉਸ ਨੇ ਸਾਨੂੰ ਦੱਸਿਆ ਕਿ ਓ ਨਿਊਜ਼ ਹਿੰਦੀ ਇਕ ਮਹੀਨੇ ਵਿਚ 1 ਲੱਖ ਰੁਪਏ ਤੋਂ ਵੀ ਘੱਟ ਕਮਾਉਂਦਾ ਹੈ, ਜਦੋਂ ਕਿ ਫੇਸਬੁੱਕ ਤੋਂ ਮਹੀਨਾਵਾਰ ਆਮਦਨ ਕਈ ਵਾਰ 5 ਲੱਖ ਰੁਪਏ ਤੱਕ ਪਹੁੰਚ ਜਾਂਦੀ ਹੈ। ਓ ਨਿਊਜ਼ ਹਿੰਦੀ ਦਾ ਦਵਾਰਕਾ ਵਿਚ ਸਹੂਲਤਾਂ ਨਾਲ ਲੈਸ ਦਫ਼ਤਰ ਹੈ ਅਤੇ ਉਹ ਆਪਣੇ ਪੱਤਰਕਾਰਾਂ ਦੇ ਸਫ਼ਰ ਦੇ ਖਰਚੇ ਸੌਖਿਆਂ ਹੀ ਚੁੱਕ ਸਕਦਾ ਹੈ। ਇਹ ਖਾਸ ਤੌਰ `ਤੇ ਮਹੱਤਵਪੂਰਨ ਹੈ ਕਿਉਂਕਿ ਚੋਣ ਸਰਕਟ ਅਵਸਥੀ ਦੇ ਮੁਕਾਬਲੇਬਾਜ਼ਾਂ ਲਈ ਸਭ ਤੋਂ ਵੱਧ ਲਾਭਦਾਇਕ ਦੌੜ ਹੈ। ਉਨ੍ਹਾਂ ਦੀ ਟੀਮ ਮੁੱਢਲੀ ਜੋੜੀ ਨਾਲੋਂ ਵਿਸਤਾਰਤ ਹੋ ਗਈ ਹੈ ਜੋ ਪਹਿਲਾਂ ਸ਼ੂਟਿੰਗ, ਸੰਪਾਦਨ, ਪੇਸ਼ਕਾਰੀ ਅਤੇ ਅਪਲੋਡ ਕਰਨ ਦਾ ਸਾਰਾ ਕੰਮ ਖੁਦ ਹੀ ਕਰਦੀ ਸੀ।
ਉਸ ਨੇ ਦੱਸਿਆ ਕਿ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਚ (ਚੋਣਾਂ ਨੂੰ ਮੁੱਖ ਰੱਖ ਕੇ) ਵੌਕਸ ਪੌਪ ਰੁੱਤ ਦੀ ਯੋਜਨਾ ਬਣਾਈ ਗਈ ਹੈ ਪਰ ਇਸ ਨੂੰ ਉਹ ਸੌਖਾ ਸਮਝਦਾ ਸੀ: “ਮੈਂ 2024 `ਤੇ ਧਿਆਨ ਕੇਂਦਰਿਤ ਕਰਨਾ ਸ਼ੁਰੂ ਕਰ ਦਿੱਤਾ ਹੈ, ਉਸ ਚੋਣ ਲਈ ਸਮੱਗਰੀ ਅਸੀਂ ਪਹਿਲਾਂ ਹੀ ਤਿਆਰ ਕਰ ਰਹੇ ਹਾਂ।” ਹੋਰ ਚੈਨਲਾਂ ਨੇ ਵੀ ਆਪਣੀਆਂ 2024 ਯੂਟਿਊਬ ਪਲੇਅ-ਲਿਸਟਾਂ ਭਰਨੀਆਂ ਸ਼ੁਰੂ ਕਰ ਦਿੱਤੀਆਂ ਹਨ।
ਭਾਜਪਾ ਦੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ਅਤੇ ਨਾਲ ਹੀ ਉਨ੍ਹਾਂ ਦੇ ਆਗੂ ਉਨ੍ਹਾਂ ਦੀ ਸਮੱਗਰੀ ਦੇ ਫੈਲਾਅ ਨੂੰ ਜ਼ਰਬਾਂ ਦੇ ਕੇ ਅਹਿਸਾਨ ਮੋੜਨ ਲਈ ਬਹੁਤ ਤਤਪਰ ਰਹਿੰਦੇ ਹਨ। ਸਿਰਫ਼ ਅੱਠ ਦਿਨਾਂ ਦੇ ਅਰਸੇ `ਚ ਹੀ ਅਸੀਂ ਦੇਖਿਆ ਕਿ ਭਾਜਪਾ ਦੀ ਦਿੱਲੀ ਇਕਾਈ ਦੇ ਟਵਿੱਟਰ ਹੈਂਡਲ ਨੇ ਉਨ੍ਹਾਂ ਚੈਨਲਾਂ ਦੇ ਘੱਟੋ-ਘੱਟ 9 ਵੀਡੀਓ ਸਾਂਝੇ ਕੀਤੇ ਜਿਨ੍ਹਾਂ ਦਾ ਜ਼ਿਕਰ ਅਸੀਂ ਕੀਤਾ ਹੈ। ਜਿਵੇਂ-ਜਿਵੇਂ ਨਗਰ ਨਿਗਮ ਚੋਣਾਂ ਨੇੜੇ ਆ ਰਹੀਆਂ ਸਨ, ਇਹ ਮੁੱਖ ਤੌਰ `ਤੇ ਸ਼ਹਿਰੀ ਮੁੱਦਿਆਂ, ਹਸਪਤਾਲਾਂ ਅਤੇ ਬਿਜਲੀ ਦੀ ਕਮੀ ਨੂੰ ਲੈ ਕੇ ਸਨ। ਅਵਸਥੀ ਨੇ ਕਿਹਾ, “ਇਹ ਦੋਵਾਂ ਸੰਸਥਾਵਾਂ ਲਈ ਸਹਾਈ ਹੁੰਦਾ ਹੈ। ਭਾਜਪਾ ਨੂੰ ਸਾਡੀ ਰਿਪੋਰਟਿੰਗ ਤੋਂ ਉਨ੍ਹਾਂ ਦੇ ਸੋਸ਼ਲ ਮੀਡੀਆ ਲਈ ਸਮੱਗਰੀ ਮਿਲਦੀ ਹੈ ਅਤੇ ਜਦੋਂ ਉਹ ਵੀਡੀਓ ਵਾਇਰਲ ਕਰਦੇ ਹਨ ਤਾਂ ਉਨ੍ਹਾਂ ਵਿਚ ਸਾਡੇ ਚੈਨਲ ਦਾ ਨਾਮ ਅਤੇ ਲੋਗੋ ਲੱਗਿਆ ਰਹਿੰਦਾ ਹੈ। ਇਸ ਨਾਲ ਸਾਡੀ ਪਹੁੰਚ ਵਧਣ ਨਾਲ ਸਾਨੂੰ ਫ਼ਾਇਦਾ ਹੁੰਦਾ ਹੈ।”
ਮੁੱਖ ਧਾਰਾ ਮੀਡੀਆ ਵਿਚ ਪਲੇਟਫਾਰਮ ਦੀ ਘਾਟ ਕਾਰਨ ਹਿੰਦੂ ਕੱਟੜਪੰਥੀਆਂ ਦੇ ਕਈ ਅਤਿਵਾਦੀ ਅਨਸਰਾਂ ਨੂੰ ਡਿਜੀਟਲ ਮੀਡੀਆ ਵਿਚ ਅੱਡਾ ਮਿਲ ਗਿਆ ਹੈ। ਭਾਰਤੀ ਜਨਤਾ ਯੁਵਾ ਮੋਰਚਾ ਦਾ ਸਾਬਕਾ ਨੇਤਾ ਸੰਜੀਵ ਭਾਟੀ ਅਜਿਹੀ ਸ਼ਖਸੀਅਤ ਹਨ ਜੋ ਹੁਣ ਹਿੰਦੂ ਸੈਨਾ ਨਾਂ ਦੇ ਸੰਗਠਨ ਦੀ ਅਗਵਾਈ ਕਰਦਾ ਹੈ। ਮਈ 2022 `ਚ ਵਾਇਰਲ ਸੰਦੇਸ਼ ਵਿਚ ਦਾਅਵਾ ਕੀਤਾ ਗਿਆ ਕਿ ਸ਼ਿਰਡੀ ਸਾਈ ਬਾਬਾ ‘ਜਹਾਦੀ’ ਸੀ। ਉਹ 19ਵੀਂ ਸਦੀ ਦਾ ਸੰਤ ਹੋਇਆ ਹੈ ਜਿਸ ਨੂੰ ਹਿੰਦੂ ਪੂਜਦੇ ਹਨ। ਇਕ ਹੋਰ ਵਾਇਰਲ ਸੰਦੇਸ਼ ਵਿਚ ਇਲਜ਼ਾਮ ਲਾਇਆ ਗਿਆ ਕਿ ਉਹ ਝਾਂਸੀ ਦੀ ਰਾਣੀ ਲਕਸ਼ਮੀਬਾਈ ਦੇ ਕਤਲ ਦੀ ਸਾਜ਼ਿਸ਼ ਵਿਚ ਸ਼ਾਮਲ ਸੀ।
ਭਾਟੀ ਨੇ ਆਪਣੇ ਫੇਸਬੁੱਕ ਪੇਜ ਉੱਪਰ ਅਪਲੋਡ ਕੀਤੇ ਵੀਡੀਓ ਵਿਚ ਕਿਹਾ, “ਅਸੀਂ ਜਾਗਰੂਕਤਾ ਮੁਹਿੰਮ ਚਲਾ ਰਹੇ ਹਾਂ। ਸਾਡੇ ਮੰਦਰਾਂ ਵਿਚ ਜਹਾਦੀ ਸਥਾਪਤ ਕੀਤਾ ਗਿਆ ਹੈ ਚਾਂਦ ਮੀਆਂ ਜਿਸ ਨੂੰ ਤੁਸੀਂ ਸਾਈਂ ਕਹਿੰਦੇ ਹੋ ਅਤੇ ਉਸ ਦੀ ਪੂਜਾ ਕਰਦੇ ਹੋ। ਇਸ ਮੁਹਿੰਮ ਨਾਲ ਅਸੀਂ ਬਹੁਤ ਛੇਤੀ ਆਪਣੇ ਮੰਦਰਾਂ ਵਿਚੋਂ ਜਹਾਦੀ ਸਾਈਂ ਚਾਂਦ ਮੀਆਂ ਦਾ ਸਫ਼ਾਇਆ ਕਰ ਦੇਵਾਂਗੇ। ਸਭ ਤੋਂ ਪਹਿਲਾਂ ਅਸੀਂ ਮੰਦਰਾਂ ਵਿਚ ਜਾਵਾਂਗੇ ਅਤੇ ਪੁਜਾਰੀਆਂ ਨਾਲ ਗੱਲ ਕਰ ਕੇ ਉਨ੍ਹਾਂ ਨੂੰ ਸਾਈਂ ਦੀਆਂ ਮੂਰਤੀਆਂ ਨੂੰ ਹਟਾਉਣ ਲਈ ਕਹਾਂਗੇ। ਜੇ ਉਹ ਅਜਿਹਾ ਨਹੀਂ ਕਰਦੇ ਤਾਂ ਅਸੀਂ ਸਾਈਂ ਦੀਆਂ ਮੂਰਤੀਆਂ ਤੋੜਨ ਲਈ ਹਥੌੜੇ ਅਤੇ ਛੈਣੀਆਂ ਲੈ ਕੇ ਮੰਦਰਾਂ ਦੇ ਅੰਦਰ ਜਾਵਾਂਗੇ। ਸੰਜੀਵ ਭਾਟੀ ਨੇ ਹੁਣ ਸੱਜੇ-ਪੱਖੀ ਯੂਟਿਊਬ ਚੈਨਲਾਂ `ਤੇ ਖਾਸ ਬੁਲਾਰੇ ਵਜੋਂ ਆਪਣੀ ਆਉਣੀ-ਜਾਣੀ ਖੂਬ ਵਧਾ ਲਈ ਹੈ ਅਤੇ ਉਹ ਪਿਆਰਾ ਹਿੰਦੁਸਤਾਨ, ਓ ਨਿਊਜ਼ ਹਿੰਦੀ ਅਤੇ ਐੱਚ.ਸੀ.ਐਨ. ਦੀਆਂ ਵੀਡੀਓ ਵਿਚ ਅਕਸਰ ਨਜ਼ਰ ਆਉਂਦਾ ਹੈ। ਅਸੀਂ ਟਿੱਪਣੀ ਲਈ ਸੰਜੀਵ ਭਾਟੀ ਤੱਕ ਨਹੀਂ ਪਹੁੰਚ ਸਕੇ।
ਅਜਿਹੇ ਹੋਰ ਕਾਰਕੁਨ ਹਨ ਜਿਨ੍ਹਾਂ ਨੂੰ ਯੂਟਿਊਬਰ ਆਰਥਿਕਤਾ ਨੇ ਹੱਲਾਸ਼ੇਰੀ ਦਿੱਤੀ ਅਤੇ ਮਸ਼ਹੂਰ ਬਣਾਇਆ ਹੈ। ਇਨ੍ਹਾਂ ਵਿਚ ਰਾਮ ਤਿਆਗੀ ਵਰਗੇ ਸ਼ਖਸ ਸ਼ਾਮਲ ਹਨ ਜਿਨ੍ਹਾਂ ਨੇ ਉਹ ਵੀਡੀਓ ਪ੍ਰਸਾਰਿਤ ਕੀਤਾ ਜਿਸ ਵਿਚ ਭੀੜ ਜਿਸ ਨੇ ਬਾਅਦ ਵਿਚ ਚਰਚ ਵਿਚ ਭੰਨਤੋੜ ਕੀਤੀ, ‘ਦੇਸ਼ ਕੇ ਗ਼ੱਦਾਰੋਂ ਕੋ ਗੋਲੀ ਮਾਰੋ ਸਾਲੋਂ ਕੋ’ ਦੇ ਨਾਅਰੇ ਲਗਾ ਰਹੀ ਸੀ।
ਇਸੇ ਤਰ੍ਹਾਂ ਪਿੰਕੀ ਚੌਧਰੀ ਜਿਸ ਨੇ 5 ਜਨਵਰੀ 2020 ਨੂੰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਉੱਪਰ ਹਮਲੇ ਦੀ ਜ਼ਿੰਮੇਵਾਰੀ ਲਈ ਸੀ ਅਤੇ ਰਾਗਿਨੀ ਤਿਵਾੜੀ ਜਿਸ ਨੇ ਫੇਸਬੁੱਕ ਲਾਈਵ ਈਵੈਂਟ ਚਲਾਏ, ਜਿੱਥੇ ਉਸ ਨੇ ਉੱਤਰ-ਪੂਰਬੀ ਦਿੱਲੀ ਵਿਚ ਹਿੰਸਾ ਦੌਰਾਨ ਭੀੜ ਨੂੰ ਹਮਲੇ ਲਈ ਉਕਸਾਇਆ। ਇਸ ਕਾਰਨ 53 ਲੋਕ ਮਾਰੇ ਗਏ ਸਨ ਜਿਨ੍ਹਾਂ ਵਿਚ ਜ਼ਿਆਦਾਤਰ ਮੁਸਲਮਾਨ ਸਨ। ਤਿਆਗੀ ਨੇ ਸਾਡੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ। (ਚੱਲਦਾ)