ਲੋਕਾਂ ਨੇ ਪੱਕੇ ਮੋਰਚੇ ਵੱਲ ਘੱਤੀਆਂ ਵਹੀਰਾਂ

ਮੁਹਾਲੀ: ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਸਣੇ ਹੋਰ ਸਿੱਖ ਮਸਲਿਆਂ ਬਾਰੇ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਤੇ ਪੰਥਕ ਕਮੇਟੀ ਸਣੇ ਹੋਰ ਸਿੱਖ ਜਥੇਬੰਦੀਆਂ ਦਾ ਪੱਕਾ ਮੋਰਚਾ ਮੁਹਾਲੀ-ਚੰਡੀਗੜ੍ਹ ਦੀ ਹੱਦ ‘ਤੇ ਜਾਰੀ ਹੈ। ਠੰਢ ਦੇ ਬਾਵਜੂਦ ਲੋਕ ਧਰਨੇ ‘ਤੇ ਬੈਠੇ ਹਨ ਅਤੇ ਰੋਜ਼ਾਨਾ ਵੱਡੀ ਗਿਣਤੀ ਵਿਚ ਸਿੱਖ ਸੰਗਤ ਜੁੜ ਰਹੀ ਹੈ।

ਕਿਰਤੀ ਕਿਸਾਨ ਯੂਨੀਅਨ ਦੇ ਵੱਡੀ ਗਿਣਤੀ ਮੈਂਬਰਾਂ ਨੇ ਧਰਨੇ ਵਿਚ ਪੁੱਜ ਕੇ ਸੰਘਰਸ਼ ਨੂੰ ਸਮਰਥਨ ਦਾ ਐਲਾਨ ਕੀਤਾ। ਕਈ ਪੰਜਾਬੀ ਗਾਇਕ ਤੇ ਅਦਾਕਾਰ ਵੀ ਧਰਨੇ ਵਿਚ ਪਹੁੰਚੇ। ਇਥੋਂ ਤੱਕ ਕਿ ਗੈਰ-ਸਿਆਸੀ ਕਿਸਾਨ ਮੋਰਚੇ ਦੀਆਂ 15 ਜਥੇਬੰਦੀਆਂ ਕੌਮੀ ਇਨਸਾਫ ਮੋਰਚੇ ਦੇ ਸਮਰਥਨ ਲਈ ਲਈ ਪੁੱਜ ਗਈਆਂ ਹਨ। ਸਮਾਜ ਸੇਵੀ ਅਤੇ ਕਿਸਾਨ ਵੀ ਲਗਾਤਾਰ ਜੁੜ ਰਹੇ ਹਨ। ਧਰਨੇ ਵਿਚ ਪਹੁੰਚ ਰਹੀ ਸੰਗਤ ਲਈ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਸੜਕ ਦੇ ਦੋਵੇਂ ਪਾਸੇ ਪੱਕੇ ਸ਼ੈੱਡ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਨੇੜਲੇ ਪਿੰਡਾਂ ‘ਚੋਂ ਹਿੰਦੂ ਭਾਈਚਾਰੇ ਦਾ ਵੱਡਾ ਜਥਾ ਪੱਕੇ ਮੋਰਚੇ ਵਿਚ ਪੁੱਜਿਆ ਹੈ। ਸਿੱਖ ਸੰਘਰਸ਼ ਵਿਚ ਪਹੁੰਚਣ ‘ਤੇ ਬਾਪੂ ਗੁਰਚਰਨ ਸਿੰਘ ਸਮੇਤ ਹੋਰਨਾਂ ਪ੍ਰਬੰਧਕਾਂ ਨੇ ਇਨ੍ਹਾਂ ਪਰਿਵਾਰਾਂ ਨਿੱਘਾ ਸਵਾਗਤ ਕੀਤਾ।