ਭਾਜਪਾ ਲਈ ਪੰਜਾਬ ਮਿਸ਼ਨ ਔਖਾ ਹੋਇਆ

ਚੰਡੀਗੜ੍ਹ: ਭਾਜਪਾ ਹਾਈਕਮਾਨ ਦੀ ਪੰਜਾਬ ਬਾਰੇ ਰਣਨੀਤੀ ਨੇ ਭਗਵਾ ਧਿਰ ਦੀ ਸੂਬਾਈ ਲੀਡਰਸ਼ਿਪ ਵਿਚ ਹਲਚਲ ਪੈਦਾ ਕਰ ਦਿੱਤੀ ਹੈ। ਹਾਈਕਮਾਨ ਵੱਲੋਂ ਪਾਰਟੀ ਦੇ ਸਥਾਨਕ ‘ਕੱਟੜ` ਵਫ਼ਾਦਾਰਾਂ ਦੀ ਥਾਂ ਦਲ ਬਦਲੂਆਂ ਦੀ ਵਧ ਰਹੀ ਪੁੱਛ-ਪ੍ਰਤੀਤ ਅਤੇ ਦਿੱਤੀਆਂ ਜਾ ਰਹੀਆਂ ਅਹੁਦੇਦਾਰੀਆਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ।

ਭਗਵਾ ਪਾਰਟੀ ਅੰਦਰਲੇ ਟਕਸਾਲੀ ਆਗੂ ਭਾਵੇਂ ਖੁੱਲ੍ਹ ਕੇ ਕੁਝ ਬੋਲਣ ਤੋਂ ਟਾਲਾ ਵੱਟ ਰਹੇ ਹਨ ਪਰ ਅੰਦਰੋਂ ਕਾਫੀ ਘੁਟਣ ਮਹਿਸੂਸ ਕਰ ਰਹੇ ਹਨ। ਅਜਿਹੇ ਆਗੂ ਮਨਪ੍ਰੀਤ ਸਿੰਘ ਬਾਦਲ ਦੀ ‘ਐਂਟਰੀ` ਤੋਂ ਕਾਫੀ ਹੈਰਾਨ ਹਨ। ਸੂਤਰਾਂ ਮੁਤਾਬਕ ਮਨਪ੍ਰੀਤ ਵੱਲੋਂ ਭਾਜਪਾ ਵਿਚ ਸ਼ਾਮਲ ਹੋਣ ਦੇ ਆਖਰੀ ਪਲਾਂ ਤੱਕ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਸਣੇ ਹੋਰਨਾਂ ਆਗੂਆਂ ਨੂੰ ਕੋਈ ਜਾਣਕਾਰੀ ਨਹੀਂ ਸੀ। ਪਾਰਟੀ ਸੂਤਰਾਂ ਦਾ ਦੱਸਣਾ ਹੈ ਕਿ ਨਮੋਸ਼ੀ ਦੇ ਮਾਰਿਆਂ ਪ੍ਰਧਾਨ ਸਣੇ ਭਾਜਪਾ ਦੇ ਸੂਬਾਈ ਆਗੂਆਂ ਨੇ ਆਪਣੇ ਫੋਨ ਹੀ ਬੰਦ ਕਰ ਲਏ। ਮਨਪ੍ਰੀਤ ਬਾਦਲ ਦੀ ਸ਼ਮੂਲੀਅਤ ਮੌਕੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਗੈਰ-ਮੌਜੂਦਗੀ ਤੋਂ ਵੀ ਕਈ ਮਾਅਨੇ ਕੱਢੇ ਜਾ ਰਹੇ ਹਨ ਜਦਕਿ ਇਸੇ ਰਾਤ ਅਸ਼ਵਨੀ ਸ਼ਰਮਾ ਦਿੱਲੀ ਵਿਚ ਹੀ ਮੌਜੂਦ ਸਨ। ਇਸੇ ਦੌਰਾਨ ਕਾਂਗਰਸ ਦੇ ਜਿਹੜੇ ਮਨਪ੍ਰੀਤ ਵਿਰੋਧੀ ਆਗੂ ਪਹਿਲਾਂ ਭਾਜਪਾ ਵਿਚ ਸ਼ਾਮਲ ਹੋਏ ਹਨ, ਉਹ ਵੀ ਔਖੇ ਹਨ।
ਇਹ ਕੋਈ ਪਹਿਲਾ ਮੌਕਾ ਨਹੀਂ ਜਦੋਂ ਪੰਜਾਬ ਲੀਡਰਸ਼ਿਪ ਨੂੰ ਅਜਿਹੇ ਫੈਸਲਿਆਂ ਤੋਂ ਲਾਂਭੇ ਰੱਖਿਆ ਗਿਆ ਹੋਵੇ। ਇਸ ਤੋਂ ਪਹਿਲਾਂ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਤੇ ਹੋਰਨਾਂ ਕਈ ਮੌਕਿਆਂ ‘ਤੇ ਵੀ ਭਾਜਪਾ ਦੇ ਸੂਬਾਈ ਆਗੂਆਂ ਨੂੰ ਨਿਰਾਸ਼ਾ ਝੱਲਣੀ ਪਈ ਹੈ। ਸੂਬਾਈ ਲੀਡਰਸ਼ਿਪ ਦਾ ਤਰਕ ਹੈ ਕਿ ਕਿਸਾਨ ਅੰਦੋਲਨ ਸਮੇਂ ਔਖੇ ਹਾਲਾਤ, ਜਦੋਂ ਭਾਜਪਾ ਆਗੂਆਂ ਦੇ ਘਰਾਂ ਅੱਗੇ ਅੰਦੋਲਨਕਾਰੀਆਂ ਨੇ ਪਹਿਰੇ ਲਾ ਦਿੱਤੇ ਸਨ, ਸਮੇਂ ਪਾਰਟੀ ਦਾ ਸਾਥ ਦੇਣ ਵਾਲੀ ਆਗੂਆਂ ਦੀ ਥਾਂ ਬਾਹਰੋਂ ਦਲ ਬਦਲ ਕੇ ਆਏ ਲੋਕਾਂ ਨੂੰ ਅਹੁਦੇਦਾਰੀਆਂ ਤੇ ਇਸ ਤਰ੍ਹਾਂ ਮਾਣ-ਸਨਮਾਨ ਦੇਣ ਨਾਲ ਟਕਸਾਲੀ ਵਰਕਰਾਂ ‘ਚ ਨਿਰਾਸ਼ਾ ਹੈ।
ਪਤਾ ਲੱਗਾ ਹੈ ਕਿ ਭਾਜਪਾ ਦੇ ਸੀਨੀਅਰ ਆਗੂ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੰਜਾਬ ਦੌਰਾ ਇਸੇ ਕਾਰਨ ਰੱਦ ਕਰਨਾ ਪਿਆ। ਕੇਂਦਰੀ ਗ੍ਰਹਿ ਮੰਤਰੀ ਨੇ 29 ਜਨਵਰੀ ਨੂੰ ਪਟਿਆਲਾ ‘ਚ ਜਨਤਕ ਸਮਾਗਮ ਨੂੰ ਸੰਬੋਧਨ ਕਰਨ ਆਉਣਾ ਸੀ। ਇਸੇ ਦਿਨ ਉਨ੍ਹਾਂ ਭਾਜਪਾ ਦੇ ਸੂਬਾਈ ਆਗੂਆਂ ਨਾਲ ਮੀਟਿੰਗ ਕਰ ਕੇ ਆਗਾਮੀ ਸੰਸਦੀ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣਾ ਸੀ। ਸੂਤਰਾਂ ਦਾ ਕਹਿਣਾ ਹੈ ਕਿ ਸ਼ਾਹ ਦਾ ਦੌਰਾ ਭਾਜਪਾ ਦੇ ਟਕਸਾਲੀ ਆਗੂਆਂ ‘ਚ ਪਾਈ ਜਾ ਰਹੀ ਨਿਰਾਸ਼ਾ ਕਾਰਨ ਰੱਦ ਕਰਨਾ ਪਿਆ ਹੈ। ਪਟਿਆਲਾ ਸਮਾਗਮ ਦੀਆਂ ਚੱਲ ਰਹੀਆਂ ਤਿਆਰੀਆਂ ਦੌਰਾਨ ਭਾਜਪਾ ਦੇ ਟਕਸਾਲੀ ਆਗੂ ਨੁੱਕਰੇ ਲੱਗੇ ਮਹਿਸੂਸ ਕਰ ਰਹੇ ਸਨ ਜਦਕਿ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਸਮੇਤ ਭਗਵੇਂ ਰੰਗ ‘ਚ ਨਵੇਂ ਆਗੂਆਂ ਦੇ ਹੱਥ ਹੀ ਕਮਾਨ ਸੀ। ਪਾਰਟੀ ਸੂਤਰਾਂ ਦਾ ਦੱਸਣਾ ਹੈ ਕਿ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਭਾਜਪਾ ‘ਚ ਸ਼ਮੂਲੀਅਤ ਦੌਰਾਨ ਵੀ ਸੂਬਾਈ ਲੀਡਰਸ਼ਿਪ ਨੂੰ ਨਜ਼ਰ-ਅੰਦਾਜ਼ ਕਰਨਾ ਪਾਰਟੀ ‘ਚ ਮੁੱਦਾ ਬਣਦਾ ਜਾ ਰਿਹਾ ਹੈ। ਅਮਿਤ ਸਾਹ ਦੀ ਪੰਜਾਬ ਫੇਰੀ ਦੀਆਂ ਪੂਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਸਨ ਤੇ ਅਚਾਨਕ ਹੀ ਇਹ ਦੌਰਾ ਰੱਦ ਕਰਨ ਦਾ ਸੰਦੇਸ ਆ ਗਿਆ। ਇਸ ਦੌਰੇ ਨੂੰ ਰੱਦ ਕਰਨ ਦਾ ਕੋਈ ਠੋਸ ਆਧਾਰ ਵੀ ਨਹੀਂ ਦੱਸਿਆ ਗਿਆ।
ਯਾਦ ਰਹੇ ਕਿ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਭਾਜਪਾ ‘ਚ ਸ਼ਾਮਲ ਹੋਣ ਮਗਰੋਂ ਅਗਲੇ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਤੇ ਸੀਨੀਅਰ ਆਗੂਆਂ ਨਾਲ ਮੁਲਾਕਾਤਾਂ ਕੀਤੀਆਂ। ਮਨਪ੍ਰੀਤ ਬਾਦਲ ਦੇ ਭਾਜਪਾ ਦੇ ਲੜ ਲੱਗਣ ਤੋਂ ਕਾਫੀ ਸਿਆਸੀ ਹਲਚਲ ਮੱਚੀ ਹੋਈ ਹੈ। ਪੰਜਾਬ ਭਾਜਪਾ ਦੇ ਸੀਨੀਅਰ ਆਗੂਆਂ ਵੱਲੋਂ ਹਾਲੇ ਤੱਕ ਮਨਪ੍ਰੀਤ ਬਾਦਲ ਦੀ ਭਾਜਪਾ ‘ਚ ਐਂਟਰੀ ਦਾ ਕਿਧਰੋਂ ਕੋਈ ਸਵਾਗਤ ਨਹੀਂ ਆਇਆ ਹੈ। ਭਾਜਪਾ ਆਗਾਮੀ ਸੰਸਦੀ ਚੋਣਾਂ ਦੌਰਾਨ ਸਾਰੇ 13 ਹਲਕਿਆਂ ਤੋਂ ਉਮੀਦਵਾਰ ਖੜ੍ਹੇ ਕਰਨ ਦੀ ਰਣਨੀਤੀ ‘ਤੇ ਕੰਮ ਕਰ ਰਹੀ ਹੈ। ਭਾਜਪਾ ਵੱਲੋਂ ਵਿਧਾਨ ਸਭਾ ਚੋਣਾਂ 2022 ‘ਚ ਮਹਿਜ਼ ਦੋ ਸੀਟਾਂ ਜਿੱਤਣ ਤੋਂ ਬਾਅਦ ਕਾਂਗਰਸ ਪਾਰਟੀ ਨੂੰ ਵੱਡੇ ਪੱਧਰ ‘ਤੇ ਸੰਨ੍ਹ ਲਾਇਆ ਗਿਆ। ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਸਣੇ ਹੁਣ ਤੱਕ ਦੋ ਦਰਜਨ ਤੋਂ ਵੱਧ ਵੱਡੇ ਕਾਂਗਰਸੀ ਭਗਵੇਂ ਰੰਗ ਵਿਚ ਰੰਗੇ ਜਾ ਚੁੱਕੇ ਹਨ।
ਭਾਜਪਾ ਨੇ ਆਪਣਾ ਆਧਾਰ ਵਧਾਉਣ ਦੀ ਰਣਨੀਤੀ ਤਹਿਤ ਹੀ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਏ ਆਗੂਆਂ ਨੂੰ ਸੂਬਾ ਪੱਧਰ ਦੀਆਂ ਅਹਿਮ ਕਮੇਟੀਆਂ, ਸੂਬਾਈ ਅਹੁਦੇਦਾਰਾਂ ਤੇ ਜ਼ਿਲ੍ਹਾ ਪ੍ਰਧਾਨਾਂ ਵਜੋਂ ਨਿਯੁਕਤੀਆਂ ਦਿੱਤੀਆਂ। ਇਕ ਭਾਜਪਾ ਆਗੂ ਨੇ ਕਿਹਾ ਕਿ ਕੌਮੀ ਲੀਡਰਸ਼ਿਪ ਵੱਲੋਂ ਪੰਜਾਬ ਦੇ ਮਾਮਲੇ ਵਿਚ ਪੱਛਮੀ ਬੰਗਾਲ ਵਾਲੀ ਰਣਨੀਤੀ ਅਪਣਾਈ ਹੈ ਜਿਸ ਤਹਿਤ ਰਵਾਇਤੀ ਪਾਰਟੀਆਂ ਨੂੰ ਖੋਰਾ ਲਗਾ ਕੇ ਪਹਿਲਾਂ ਸੂਬਾ ਪੱਧਰ ਦੀ ਲੀਡਰਸ਼ਿਪ ਖੜ੍ਹੀ ਕੀਤੀ ਜਾਵੇਗੀ। ਭਾਜਪਾ ਦੀ ਰਣਨੀਤੀ ਕਾਂਗਰਸ ਤੇ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੂੰ ਸ਼ਾਮਲ ਕਰਕੇ ਉਨ੍ਹਾਂ ਦੇ ਵੋਟ ਬੈਂਕ ਨੂੰ ਵਰਤਣਾ ਹੈ। ਭਾਜਪਾ ਦੀ ਤਾਜ਼ਾ ਰਣਨੀਤੀ ਦੱਸਦੀ ਹੈ ਕਿ ਉਸ ਨੂੰ ਆਪਣੀ ਸਥਾਨਕ ਲੀਡਰਸ਼ਿਪ ਤੋਂ ਬਾਹਲੀਆਂ ਉਮੀਦਾਂ ਨਹੀਂ ਹਨ। ਇਸ ਲਈ ਦਲ ਬਦਲੂਆਂ ਨੂੰ ਪਾਰਟੀ ਦਾ ਹਿੱਸਾ ਬਣਾਉਣ ਲਈ ਪੰਜਾਬ ਲੀਡਰਸ਼ਿਪ ਨੂੰ ਪਾਸੇ ਰੱਖਿਆ ਜਾ ਰਿਹਾ ਹੈ। ਪੰਜਾਬ ਸੂਬੇ ਦੀ ਕਾਰਜਕਾਰਨੀ ਦੇ ਅੰਮ੍ਰਿਤਸਰ ਵਿਚ ਹੋਏ ਸੰਮੇਲਨ ਵਿਚ ਵੀ ਬਹੁਤੇ ਉਹ ਆਗੂ ਵੀ ਸ਼ਾਮਲ ਹੋਏ ਹਨ ਜੋ ਦੂਸਰੀਆਂ ਪਾਰਟੀਆਂ ਨੂੰ ਛੱਡ ਕੇ ਭਾਜਪਾ ਵਿਚ ਆਏ ਹਨ। ਚੇਤੇ ਰਹੇ ਕਿ ਪੰਜਾਬ ਤੇ ਪੱਛਮੀ ਬੰਗਾਲ, ਅਜਿਹੇ ਦੋ ਸੂਬੇ ਹਨ ਜੋ ਭਗਵਾ ਧਿਰ ਦੇ ਗੇੜ ਨਹੀਂ ਆ ਰਹੇ ਹਨ। ਪਿਛਲੇ ਕੁਝ ਸਮੇਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਿੱਖ ਭਾਈਚਾਰੇ ਲਈ ਕੀਤੇ ਐਲਾਨ ਵੀ ਇਹੀ ਦੱਸਦੇ ਹਨ ਕਿ ਭਗਵਾ ਧਿਰ ਪੰਜਾਬ ਵਿਚ ਪੱਕੇ ਪੈਰੀਂ ਹੋਣ ਲਈ ਹਰ ਹੀਲਾ ਵਰਤ ਰਹੀ ਹੈ। ਦੇਸ਼ ਭਰ ਵਿਚ ‘ਵੀਰ ਬਾਲ ਦਿਵਸ` ਮਨਾਉਣ ਦਾ ਐਲਾਨ, ਕਰਤਾਰਪੁਰ ਲਾਂਘਾ ਖੋਲ੍ਹਣਾ, 84 ਦੇ ਕਤਲੇਆਮ ਲਈ ਨਵੀਂ ਸਿਟ ਬਣਾਉਣ ਵਰਗੇ ਕਦਮਾਂ ਨੂੰ ਭਾਜਪਾ ਪ੍ਰਚਾਰਦੀ ਰਹੀ ਹੈ।