ਭਾਰਤ ਦਾ ਖੇਡ ਢਾਂਚਾ ਅਤੇ ਖਿਡਾਰੀਆਂ ਦਾ ਸ਼ੋਸ਼ਣ

ਨਵਕਿਰਨ ਸਿੰਘ ਪੱਤੀ
ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਅਤੇ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਚੱਲ ਰਹੇ ਸੰਘਰਸ਼ ਦੀ ਅਗਵਾਈ ਖਿਡਾਰੀ ਹੀ ਕਰ ਰਹੇ ਹਨ। ਖਿਡਾਰੀਆਂ ਦਾ ਜਿਨਸੀ ਸ਼ੋਸ਼ਣ ਕੋਈ ਸਾਧਾਰਨ ਮਸਲਾ ਨਹੀਂ ਪਰ ਭਾਰਤੀ ਜਨਤਾ ਪਾਰਟੀ ਅਤੇ ਮੋਦੀ ਸਰਕਾਰ ਨੇ ਇਸ ਮਸਲੇ ਪ੍ਰਤੀ ਜੋ ਸੰਵੇਦਨਹੀਣਤਾ ਦਿਖਾਈ ਹੈ, ਉਸ ਤੋਂ ਸਾਫ ਜ਼ਾਹਿਰ ਹੈ ਕਿ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਬਚਾਉਣ ਦੇ ਯਤਨ ਕੀਤੇ ਜਾ ਰਹੇ ਹਨ। ਨੌਜਵਾਨ ਪੱਤਰਕਾਰ ਨਵਕਿਰਨ ਸਿੰਘ ਪੱਤੀ ਨੇ ਇਸ ਮਸਲੇ ਬਾਰੇ ਚਰਚਾ ਆਪਣੇ ਇਸ ਲੇਖ ਵਿਚ ਕੀਤੀ ਹੈ।

ਭਾਰਤ ਦੇ ਓਲੰਪੀਅਨ ਪਹਿਲਵਾਨਾਂ ਵੱਲੋਂ ਦੇਸ਼ ਦੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਔਰਤ ਭਲਵਾਨਾਂ ਦਾ ਸਰੀਰਕ ਸ਼ੋਸ਼ਣ ਕਰਨ ਦੇ ਇਲਜ਼ਾਮ ਲਾਉਂਦਿਆਂ ਦਿੱਲੀ ਦੇ ਜੰਤਰ-ਮੰਤਰ ਉੱਤੇ ਦਿੱਤਾ ਗਿਆ ਧਰਨਾ ਦੇਸ਼ ਦੀ ਸਰਕਾਰ ਅਤੇ ਉਸ ਦੇ ਕਿਰਦਾਰ ‘ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਇਹ ਮਸਲਾ ਇੱਕਦਮ ਸਾਹਮਣੇ ਨਹੀਂ ਆਇਆ ਹੈ ਬਲਕਿ ਪਿਛਲੇ ਲੱਗਭੱਗ ਡੇਢ ਸਾਲ ਤੋਂ ਔਰਤ ਭਲਵਾਨਾਂ ਸਰਕਾਰ ਕੋਲ ਪ੍ਰਧਾਨ ਦੀ ਸ਼ਿਕਾਇਤ ਕਰ ਰਹੀਆਂ ਹਨ ਤੇ ਸਰਕਾਰ ਵੱਲੋਂ ਵੱਟੀ ਚੁੱਪ ਤੋਂ ਅੱਕ ਕੇ ਉਹਨਾਂ ਸੰਘਰਸ਼ ਦਾ ਰਾਹ ਚੁਣਿਆ ਹੈ। ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਓਲੰਪੀਅਨ ਭਲਵਾਨਾਂ ਨੇ ਭਾਵੇਂ ਤਿੰਨ ਦਿਨ ਬਾਅਦ ਆਪਣਾ ਧਰਨਾ ਮੁਲਤਵੀ ਕਰ ਦਿੱਤਾ ਹੈ ਪਰ ਕੌਮਾਂਤਰੀ ਪੱਧਰ ਦੇ ਖਿਡਾਰੀਆਂ ਦਾ ਇਉਂ ਦੇਸ਼ ਦੀ ਰਾਜਧਾਨੀ ਵਿਚ ਸਰੀਰਕ ਸ਼ੋਸ਼ਣ ਜਿਹੇ ਗੰਭੀਰ ਮਾਮਲੇ ‘ਤੇ ਪ੍ਰਦਰਸ਼ਨ ਕਰਨਾ ਸਰਕਾਰ ਦੀ ਸੰਵੇਦਨਸ਼ੀਲਤਾਂ ‘ਤੇ ਸਵਾਲ ਖੜ੍ਹੇ ਕਰਦਾ ਹੈ। ਇਹਨਾਂ ਖਿਡਾਰੀਆਂ ਦੇ ਖੁਲਾਸੇ ਚੌਂਕਾ ਦੇਣ ਵਾਲੇ ਹਨ। ਪਹਿਲਵਾਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਕੌਮੀ ਕੈਂਪ ਹਰ ਵਰ੍ਹੇ ਲਖਨਊ ਵਿਚ ਲਾਇਆ ਜਾਂਦਾ ਹੈ ਕਿਉਂਕਿ ਉੱਥੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ ਆਲੀਸ਼ਾਨ ਮਹਿਲ ਹੈ ਜਿੱਥੇ ਔਰਤ ਪਹਿਲਵਾਨਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ। ਖਿਡਾਰੀਆਂ ਦਾ ਇਲਜ਼ਾਮ ਹੈ ਕਿ ਫੈਡਰੇਸ਼ਨ ਪ੍ਰਧਾਨ ਕਈ ਕੁੜੀਆਂ ਦਾ ਸ਼ੋਸ਼ਣ ਕਰ ਚੁੱਕਾ ਹੈ।
ਭਾਰਤ ਵਰਗੇ ਸਾਮਰਾਜੀ-ਜਗੀਰੂ ਸੱਭਿਆਚਾਰਕ ਕਦਰਾਂ ਕੀਮਤਾਂ ਨਾਲ ਗ੍ਰਸਤ ਮੁਲਕ ਵਿਚ ਔਰਤਾਂ ਦਾ ਖੇਡਾਂ ਵਾਲੇ ਪਾਸੇ ਤੁਰਨਾ ਸੌਖੀ ਗੱਲ ਨਹੀਂ ਪਰ ਜਦ ਭਾਰਤ ਦੀਆਂ ਕੁੜੀਆਂ ਇਸ ਪਾਸੇ ਮੱਲਾਂ ਮਾਰ ਰਹੀਆਂ ਹਨ ਤਾਂ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਨਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਨਾ ਆਵੇ ਲੇਕਿਨ ਇੱਥੇ ਤਾਂ ਖਿਡਾਰਨਾਂ ਨੂੰ ਸਮੱਸਿਆ ਹੀ ‘ਸਰਕਾਰ` ਤੋਂ ਨਜ਼ਰ ਆ ਰਹੀ ਹੈ।
ਸਰਕਾਰ ਦੇ ਨਾਲ-ਨਾਲ ਭਾਰਤੀ ਓਲੰਪਿਕ ਸੰਘ ਨੇ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਖਿਲਾਫ ਸਰੀਰਕ ਸ਼ੋਸ਼ਣ ਦੇ ਮਾਮਲੇ ਦੀ ਜਾਂਚ ਲਈ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਜਿਨ੍ਹਾਂ ਵਿਚ ਸਾਬਕਾ ਖਿਡਾਰੀਆਂ ਦੇ ਨਾਲ-ਨਾਲ ਦੋ ਵਕੀਲ ਵੀ ਹਨ ਪਰ ਉਸ ਦੀ ਰਿਪੋਰਟ ਵੀ ਅਜੇ ਤੱਕ ਨਹੀਂ ਆਈ ਹੈ। ਇਸ ਵਿਚ ਕੋਈ ਦੋ ਰਾਵਾਂ ਨਹੀਂ ਹਨ ਕਿ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਖਿਲਾਫ ਚੱਲ ਰਹੇ ਸੰਘਰਸ਼ ਦੀ ਅਗਵਾਈ ਖਿਡਾਰੀ ਹੀ ਕਰ ਰਹੇ ਹਨ। ਏਸ਼ਿਆਈ ਅਤੇ ਰਾਸ਼ਟਰਮੰਡਲ ਖੇਡਾਂ ‘ਚ ਭਾਰਤ ਨੂੰ ਕਈ ਤਮਗੇ ਜਿਤਾਉਣ ਵਾਲੀ ਔਰਤ ਪਹਿਲਵਾਨ ਵਿਨੇਸ਼ ਫੋਗਾਟ, ਓਲੰਪਿਕ ਮੈਡਲ ਜੇਤੂ ਪਹਿਲੀ ਮਹਿਲਾ ਭਲਵਾਨ ਸਾਕਸ਼ੀ ਮਲਿਕ, ਓਲੰਪਿਕ ਤਗਮਾ ਜੇਤੂ ਬਜਰੰਗ ਪੂਨੀਆ, ਵਿਸ਼ਵ ਚੈਂਪੀਅਨ ਅੰਸ਼ੂ ਮਲਿਕ, ਵਿਸ਼ਵ ਚੈਂਪੀਅਨ ਰਵੀ ਦਹੀਆ ਆਦਿ ਨੇ ਪ੍ਰਧਾਨ ਖਿਲਾਫ ਇਲਜ਼ਾਮ ਲਗਾਏ ਹਨ ਲੇਕਿਨ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਵੱਲੋਂ ਹੰਕਾਰ ਵਿਚ ਕੌਮਾਂਤਰੀ ਪੱਧਰ ਦੇ ਖਿਡਾਰੀਆਂ ਵੱਲੋਂ ਲਗਾਏ ਧਰਨੇ ਨੂੰ ‘ਸ਼ਾਹੀਨ ਬਾਗ ਦਾ ਧਰਨਾ` ਕਹਿਣਾ ਅਤੇ ਇਹ ਕਹਿਣਾ ਕਿ ਇਸ ਧਰਨੇ ਪਿੱਛੇ ਕਾਂਗਰਸ ਜਾਂ ਵੱਡੀਆਂ ਤਾਕਤਾਂ ਦਾ ਹੱਥ ਹੈ, ਦਰਸਾਉਂਦਾ ਹੈ ਕਿ ਉਹ ਹਕੀਕੀ ਮਸਲੇ ਨੂੰ ਹੋਰ ਚਰਚਾ ਦੇ ਕੇ ਧਿਆਨ ਪਾਸੇ ਲਗਾ ਰਿਹਾ ਹੈ।
ਇਸ ਕਰ ਕੇ ਹੁਣ ਇਹ ਸਮਝਣਾ ਬਹੁਤ ਮਹੱਤਵਪੂਰਨ ਹੈ ਕਿ ਭਾਰਤੀ ਜਨਤਾ ਪਾਰਟੀ ਬ੍ਰਿਜ ਭੂਸ਼ਣ ਸ਼ਰਨ ਸਿੰਘ ‘ਤੇ ਇੰਨੀ ਮਿਹਰਵਾਨ ਕਿਉਂ ਹੈ। ਧਰਨਾ ਚੁਕਵਾਉਣ ਸਮੇਂ ਇੱਕ ਪਾਸੇ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਕਹਿ ਰਹੇ ਸਨ ਕਿ ਜਦ ਤੱਕ ਜਾਂਚ ਮੁਕੰਮਲ ਨਹੀਂ ਹੋ ਜਾਂਦੀ, ਤਦ ਤੱਕ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਅਹੁਦੇ ਤੋਂ ਹਟੇ ਰਹਿਣਗੇ; ਦੂਜੇ ਪਾਸੇ ਐਲਾਨ ਦੇ ਕੁਝ ਹੀ ਪਲਾਂ ਬਾਅਦ ਉੱਤਰ ਪ੍ਰਦੇਸ਼ ਦੇ ਗੋਂਡਾ ਦੇ ਨੰਦਿਨੀ ਨਗਰ ਸਟੇਡੀਅਮ ਵਿਚ ਹੋਏ ਕੁਸ਼ਤੀ ਮੁਕਾਬਲੇ ਦੌਰਾਨ ‘ਪ੍ਰਧਾਨ` ਮੁੱਖ ਮਹਿਮਾਨ ਵਜੋਂ ਨਜ਼ਰ ਆ ਰਹੇ ਸਨ। ਉਸ ਨੇ ਟੂਰਨਾਮੈਂਟ ਦਾ ਉਦਘਾਟਨ ਕੀਤਾ ਅਤੇ ਅਧਿਕਾਰੀਆਂ ਵੱਲੋਂ ਮੁੱਖ ਮਹਿਮਾਨ ਵਜੋਂ ਹਾਰ ਪਾ ਕੇ ਉਸ ਦਾ ਸਵਾਗਤ ਕੀਤਾ ਗਿਆ।
ਦਰਅਸਲ, ਬ੍ਰਿਜ ਭੂਸ਼ਣ ਸ਼ਰਨ ਸਿੰਘ ਆਰ.ਐਸ.ਐਸ. ਦੇ ਉਹਨਾਂ ਚਿਹਰਿਆਂ ਵਿਚੋਂ ਇੱਕ ਹੈ ਜਿਨ੍ਹਾਂ ਸੰਘ ਦੀ ਨੀਤੀ ਤਹਿਤ ਉੱਤਰ ਪ੍ਰਦੇਸ਼ ਵਿਚ ਫਿਰਕੂ ਤਣਾਅ ਪੈਦਾ ਕਰਨ ਵਿਚ ਵੱਡੀ ਭੂਮਿਕਾ ਨਿਭਾਈ ਸੀ। 1992 ‘ਚ ਅਯੁੱਧਿਆ ਵਿਚ ਬਾਬਰੀ ਮਸਜਿਦ ਦਾ ਢਾਂਚਾ ਢਾਹੁਣ ਲਈ ਲਾਲ ਕ੍ਰਿਸ਼ਨ ਅਡਵਾਨੀ ਸਮੇਤ ਜ਼ਿੰਮੇਵਾਰ ਮੰਨੇ ਗਏ ਮੁੱਖ 40 ਆਗੂਆਂ ਵਿਚੋਂ ਬ੍ਰਿਜ ਭੂਸ਼ਣ ਸ਼ਰਨ ਸਿੰਘ ਇੱਕ ਹੈ; ਹਾਲਾਂਕਿ ਬਾਅਦ ਵਿਚ ਅਦਾਲਤ ਨੇ ਇਨ੍ਹਾਂ ਸਾਰਿਆਂ ਨੂੰ ਦੋਸ਼ਾਂ ਤੋਂ ਬਰੀ ਕਰ ਦਿੱਤਾ ਪਰ ਜੋ ਉਸ ਸਮੇਂ ਵਾਪਰਿਆ, ਉਹ ਕਿਸੇ ਤੋਂ ਭੁੱਲਿਆ ਹੋਇਆ ਨਹੀਂ। ਘੱਟ ਗਿਣਤੀ ਨੂੰ ਦਬਾਉਣ ਦੀ ਭਾਜਪਾ ਦੀ ਨੀਤੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖੂਬ ਫਿੱਟ ਬੈਠੀ ਹੈ ਕਿ ਇਹ 1999 ਤੋਂ ਬਾਅਦ ਕੋਈ ਚੋਣ ਨਹੀਂ ਹਾਰਿਆ ਹੈ।
ਸਿਆਸੀ ਪਾਰਟੀਆਂ ਦੀ ਹੁਣ ਤੱਕ ਦਾ ਇਹ ਰੀਤ ਰਹੀ ਹੈ ਕਿ ਉਹ ਪਾਰਟੀ ਇਸ਼ਾਰੇ ‘ਤੇ ਫਿਰਕੂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਲੀਡਰਾਂ ਦੀ ਸਰਪ੍ਰਸਤੀ ਕਰਦੀਆਂ ਹਨ। ਕਾਂਗਰਸ ਨੇ ਸੱਤਾ ਵਿਚ ਰਹਿੰਦਿਆਂ ਦਿੱਲੀ ਕਤਲੇਆਮ ਲਈ ਜ਼ਿੰਮੇਵਾਰ ਸੱਜਣ ਕੁਮਾਰ, ਜਗਦੀਸ਼ ਟਾਈਟਲਰ ਵਰਗੇ ਆਗੂਆਂ ਦੀ ਪੁਸ਼ਤ-ਪਨਾਹੀ ਕੀਤੀ ਅਤੇ ਹੁਣ ਭਾਜਪਾ ਸੱਤਾ ਦੇ ਜ਼ੋਰ ਅਜਿਹੇ ਆਗੂਆਂ ਨੂੰ ਮਨਮਰਜ਼ੀ ਕਰਨ ਦੀ ਖੁੱਲ੍ਹ ਦੇ ਰਹੀ ਹੈ।
ਉੱਤਰ ਪ੍ਰਦੇਸ਼ ਦੇ ਗੋਂਡਾ ਨਾਲ ਸਬੰਧਤ ਬ੍ਰਿਜ ਭੂਸ਼ਣ ਸ਼ਰਨ ਸਿੰਘ ਕੈਸਰਗੰਜ ਲੋਕ ਸਭਾ ਹਲਕੇ ਤੋਂ ਐਤਕੀਂ ਛੇਵੀਂ ਵਾਰ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਹਨ ਹਾਲਾਂਕਿ ਇੱਕ ਚੋਣ ਇਸ ਨੇ ਸਮਾਜਵਾਦੀ ਪਾਰਟੀ ਵੱਲੋਂ ਵੀ ਜਿੱਤੀ ਸੀ। ਬ੍ਰਿਜ ਭੂਸ਼ਣ ਸ਼ਰਨ ਸਿੰਘ ਪਿਛਲੇ ਇੱਕ ਦਹਾਕੇ ਤੋਂ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਹਨ। ਚਾਹੀਦਾ ਤਾਂ ਇਹ ਸੀ ਕਿ ਇਸ ਆਹੁਦੇ ‘ਤੇ ਕਿਸੇ ਅਜਿਹੇ ਸਾਬਕਾ ਖਿਡਾਰੀ ਨੂੰ ਲਾਇਆ ਜਾਂਦਾ ਜੋ ਕੌਮਾਂਤਰੀ ਪੱਧਰ ‘ਤੇ ਨਾਮਣਾ ਖੱਟ ਚੁੱਕਾ ਹੋਵੇ ਤੇ ਖੇਡਾਂ ਦੇ ਖੇਤਰ ਵਿਚ ਉਸ ਦੀਆਂ ਗਿਣਨਯੋਗ ਪ੍ਰਾਪਤੀਆਂ ਹੋਣ ਪਰ ਸਰਕਾਰ ਨੇ ਅਜਿਹੇ ਸਿਆਸੀ ਲੀਡਰ ਨੂੰ ਇਸ ਆਹੁਦੇ ‘ਤੇ ਤਾਇਨਾਤ ਕੀਤਾ ਹੋਇਆ ਹੈ ਜੋ ਅਕਸਰ ਵਿਵਾਦਾਂ ਵਿਚ ਘਿਰਿਆ ਰਹਿੰਦਾ ਹੈ।
ਕੁਸ਼ਤੀ ਫੈਡਰੇਸ਼ਨ ਦਾ ਪ੍ਰਧਾਨ ਰਹਿੰਦਿਆਂ ਇਸ ਨੇ ਖਿਡਾਰੀਆਂ ਵਿਰੋਧੀ ਕੰਮ ਇਹ ਕੀਤਾ ਕਿ ਖੇਡਾਂ ਵਿਚ ਵੀ ਠੇਕਾ ਪ੍ਰਣਾਲੀ ਲਾਗੂ ਕਰ ਦਿੱਤੀ ਅਤੇ ਖਿਡਾਰੀਆਂ ਨੂੰ ਗ੍ਰੇਡ ਏ, ਬੀ, ਸੀ, ਡੀ ਵਿਚ ਵੰਡ ਦਿੱਤਾ। ਭਾਰਤੀ ਜਨਤਾ ਪਾਰਟੀ ਦੀ ਸਿਆਸਤ ਦੇ ਧੁਰੇ ਵਜੋਂ ਜਾਣੇ ਜਾਂਦੇ ਅਯੁੱਧਿਆ ਖੇਤਰ ਵਿਚ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਭਾਜਪਾ ਦਾ ਸਭ ਤੋਂ ਵੱਧ ਪ੍ਰਭਾਵਸ਼ਾਲੀ ਆਗੂ ਮੰਨਿਆ ਜਾਂਦਾ ਹੈ। ਇਸ ਦਾ ਪੁੱਤਰ ਪ੍ਰਤੀਕ ਭੂਸ਼ਣ ਗੋਂਡਾ ਤੋਂ ਭਾਜਪਾ ਵਿਧਾਇਕ ਹੈ। ‘ਪ੍ਰਧਾਨ ਜੀ’ ਦਾ ਕਿਰਦਾਰ ‘ਬਦਮਾਸ਼ੀ` ਵਾਲਾ ਹੈ। ਝਾਰਖੰਡ ਵਿਚ ਕੌਮੀ ਰੈਸਲਿੰਗ ਚੈਂਪੀਅਨਸ਼ਿਪ ਦੌਰਾਨ ਸਟੇਜ ‘ਤੇ ਹੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਇੱਕ ਘੱਟ ਉਮਰ ਦੇ ਭਲਵਾਨ ਦੇ ਥੱਪੜ ਮਾਰ ਦਿੱਤਾ ਸੀ।
ਹਿੰਦੂਤਵ ਦੀ ਖੁੱਲ੍ਹ ਕੇ ਸਿਆਸਤ ਕਰਨ ਵਾਲਾ ਇਹ ਚਿਹਰਾ ਉੱਤਰ ਪ੍ਰਦੇਸ਼ ਦੀਆਂ ਲੰਘੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਹਿ ਰਿਹਾ ਸੀ ਕਿ ਜੇਕਰ ਤੁਸੀਂ ਸਮਾਜਵਾਦੀ ਪਾਰਟੀ ਨੂੰ ਵੋਟ ਪਾਓਗੇ ਤਾਂ ਪਾਕਿਸਤਾਨ ਖੁਸ਼ ਹੋਵੇਗਾ। ਪਿਛਲੇ ਦਿਨੀਂ ਉਸ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਅਤੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਆਗੂ ਬਿਲਾਵਲ ਭੁੱਟੋ ਨੂੰ ਇੱਕੋ ਨਸਲ ਦੇ ਦੱਸਿਆ ਸੀ।
ਇਹ ਪਹਿਲੀ ਵਾਰ ਨਹੀਂ ਕਿ ਕਿਸੇ ਭਾਜਪਾ ਆਗੂ ‘ਤੇ ਔਰਤਾਂ ਨਾਲ ਬਦਸਲੂਕੀ ਕਰਨ ਦੇ ਇਲਜ਼ਾਮ ਲੱਗੇ ਹੋਣ ਅਤੇ ਪੂਰੀ ਸਟੇਟ ਮਸ਼ੀਨੀਰੀ ਉਸ ਲੀਡਰ ਦੇ ਪੱਖ ਵਿਚ ਭੁਗਤੀ ਹੋਵੇ। ਉੱਤਰ ਪ੍ਰਦੇਸ਼ ਦੇ ਭਾਜਪਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਦੇ ਮਾਮਲੇ ਵਿਚ ਉੱਤਰ ਪ੍ਰਦੇਸ਼ ਦੀ ਸਰਕਾਰ ਉਸ ਦੇ ਪੱਖ ਵਿਚ ਭੁਗਤਦੀ ਰਹੀ ਹੈ। ਪਿਛਲੇ ਦਿਨੀਂ ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਖਿਲਾਫ ਮਹਿਲਾ ਕੋਚ ਨੇ ਛੇੜਛਾੜ ਦੇ ਇਲਜ਼ਾਮ ਲਗਾਏ ਸਨ ਤਾਂ ਉਸ ਮਹਿਲਾ ਖਿਡਾਰੀ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ। ਅਸਲ ਵਿਚ, ਮਸਲੇ ਦੀ ਅਸਲ ਜੜ੍ਹ ਮਨੂੰਵਾਦੀ ਵਿਚਾਰਧਾਰਾ ਹੈ ਜਿਸ ਅੰਦਰ ਔਰਤ ਨੂੰ ਸਿਰਫ ਭੋਗਣ ਦੀ ਵਸਤੂ ਸਮਝਿਆ ਜਾਂਦਾ ਹੈ। ਅਨੇਕਾਂ ਮਸਲਿਆਂ ਦੀਆਂ ਉਦਾਹਰਨਾਂ ਦੇਖੀਆਂ ਜਾ ਸਕਦੀਆਂ ਹਨ ਜਦ ਭਾਜਪਾ ਸਰਕਾਰ ਔਰਤਾਂ ਦੇ ਪੱਖ ਵਿਚ ਖੜ੍ਹਨ ਦੀ ਬਜਾਇ ਦੋਸ਼ੀ ਦਾ ਪੱਖ ਪੂਰਦੀ ਨਜ਼ਰ ਆਉਂਦੀ ਹੈ। ਸਾਧਵੀਆਂ ਨਾਲ ਬਲਾਤਕਾਰ ਦੇ ਦੋਸ਼ਾਂ ਤਹਿਤ ਹਰਿਆਣਾ ਦੀ ਸੁਨਾਰੀਆ ਜੇਲ੍ਹ ਵਿਚ ਬੰਦ ਗੁਰਮੀਤ ਰਾਮ ਰਹੀਮ ਨੂੰ ਪਿਛਲੇ 14 ਮਹੀਨਿਆਂ ਵਿਚ ਚੌਥੀ ਵਾਰ 40 ਦਿਨ ਦੀ ਪੈਰੋਲ ਦਿੱਤੀ ਗਈ ਹੈ। ਸਰਕਾਰ ਨੇ ਇੱਕ ਪਾਸੇ ਤਾਂ ਸਜ਼ਾ ਪੂਰੀ ਕਰਨ ਦੇ ਬਾਵਜੂਦ ਅਨੇਕਾਂ ਕੈਦੀ ਜੇਲ੍ਹਾਂ ਵਿਚ ਬੰਦ ਕੀਤੇ ਹੋਏ ਹਨ; ਦੂਜੇ ਪਾਸੇ ਬਿਲਕੀਸ ਬਾਨੋ ਗੈਂਗਰੇਪ ਦੇ ਦੋਸ਼ੀਆਂ ਦੀ ਸਜ਼ਾ ਮੁਆਫ ਕਰ ਕੇ ਸਮੇਂ ਤੋਂ ਪਹਿਲਾਂ ਰਿਹਾਈ ਕੀਤੀ ਗਈ। ਦਿੱਲੀ ਦੇ ਜੰਤਰ-ਮੰਤਰ ‘ਤੇ ਬੈਠੀਆਂ ਪਹਿਲਵਾਨਾਂ ਨੂੰ ਬਿਲਕੀਸ ਬਾਨੋ ਦਾ ਮਾਮਲਾ ਜ਼ਰੂਰ ਯਾਦ ਆਉਂਦਾ ਹੋਵੇਗਾ ਕਿ ਜਿਸ ਹਕੂਮਤ ਤੋਂ ਉਹ ਇਨਸਾਫ ਮੰਗ ਰਹੀਆਂ ਹਨ, ਉਹ ਹਕੂਮਤ ਤਾਂ ਬਲਾਤਕਾਰੀਆਂ ਨੂੰ ਸਮੇਂ ਤੋਂ ਪਹਿਲਾਂ ਰਿਹਾਈ ਦੇ ਰਹੀ ਹੈ।
ਦੁਨੀਆ ਦੇ ਕਈ ਵਿਕਸਿਤ ਮੁਲਕ ਨੌਜਵਾਨਾਂ ਦੀ ਘਾਟ ਨਾਲ ਜੂਝ ਰਹੇ ਹਨ ਪਰ ਭਾਰਤ ਦੁਨੀਆ ਦਾ ਉਹ ਬਿਹਤਰੀਨ ਮੁਲਕ ਹੈ ਜਿੱਥੇ ਸਭ ਤੋਂ ਵੱਧ ਨੌਜਵਾਨ ਹਨ। ਜੇਕਰ ਚੰਗੀ ਖੇਡ ਨੀਤੀ ਹੋਵੇ ਤਾਂ ਦੇਸ਼ ਦੀ ਜੁਆਨੀ ਵੱਡੀ ਪੱਧਰ ‘ਤੇ ਮੈਡਲ ਲਿਆ ਸਕਦੀ ਹੈ। ਭਲਵਾਨੀ ਦੇ ਖੇਤਰ ਵਿਚ ਭਾਰਤ ਦਾ ਪ੍ਰਦਰਸ਼ਨ ਸਭ ਤੋਂ ਵਧੀਆ ਚੱਲ ਰਿਹਾ ਹੈ। ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਵੱਲੋਂ ਜਿੱਤੇ 22 ਗੋਲਡ ਮੈਡਲਾਂ ਵਿਚੋਂ 12 ਮੈਡਲ ਪਹਿਲਵਾਨਾਂ ਦੇ ਸਨ ਪਰ ਅਫਸੋਸ ਕਿ ਓਲੰਪਿਕ ਵਿਚ 7 ਮੈਡਲ ਜਿੱਤਣ ਵਾਲੇ ਇਹ ਖਿਡਾਰੀ ਧਰਨਾ ਦੇਣ ਲਈ ਮਜਬੂਰ ਹਨ। ਜਿਨ੍ਹਾਂ ਦੀ ਜ਼ਿੰਦਗੀ ‘ਤੇ ਬਣੀਆਂ ‘ਦੰਗਲ` ਜਿਹੀਆਂ ਫਿਲਮਾਂ ਕੁੜੀਆਂ ਨੂੰ ਭਲਵਾਨੀ ਵਾਲੇ ਪਾਸੇ ਤੋਰ ਰਹੀਆਂ ਹਨ, ਅੱਜ ਉਹੀ ਸਰਕਾਰ ਖਿਲਾਫ ਪ੍ਰਦਰਸ਼ਨ ਕਰਨ ਲਈ ਮਜਬੂਰ ਹਨ।
ਸਰਕਾਰਾਂ ਦੇ ‘ਬੇਟੀ ਬਚਾਓ, ਬੇਟੀ ਪੜ੍ਹਾਓ` ਜਿਹੇ ਨਾਅਰੇ ਹਕੀਕੀ ਰੂਪ ਵਿਚ ਖੋਖਲੇ ਹਨ ਅਤੇ ਸਮਾਜ ਦੇ ਸੁਹਿਰਦ ਹਲਕਿਆਂ ਨੂੰ ਚਾਹੀਦਾ ਹੈ ਕਿ ਧੀਆਂ ਨਾਲ ਸੱਤਾ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਖਿਲਾਫ ਉਹਨਾਂ ਦਾ ਸਾਥ ਦਿੱਤਾ ਜਾਵੇ।