ਗੁਰੂ ਅੰਗਦ ਦੇਵ-ਗੁਰੂ ਚੇਲਾ ਚੇਲਾ ਗੁਰੂ

ਗੁਰਨਾਮ ਕੌਰ
ਗੁਰੂ ਅੰਗਦ ਦੇਵ ਜੀ, ਜਿਨ੍ਹਾਂ ਦਾ ਪਹਿਲਾ ਨਾਮ ਲਹਿਣਾ ਸੀ, ਦਾ ਜਨਮ 31 ਮਾਰਚ, 1504 (ਵਿਸਾਖ ਵਦੀ 1, ਸੰਮਤ 1561 ਬਿਕਰਮੀ) ਨੂੰ ਭਾਈ ਫੇਰੂ ਜੀ ਅਤੇ ਮਾਤਾ ਸਭਰਾਈ (ਜਿਨ੍ਹਾਂ ਦੇ ਕਈ ਨਾਮ ਲਏ ਜਾਂਦੇ ਹਨ) ਦੇ ਘਰ ਮੁਕਤਸਰ ਦੇ ਨੇੜੇ ਮੱਤੇ ਦੀ ਸਰਾਇ, ਜਿਸ ਨੂੰ ਅੱਜ ਕੱਲ੍ਹ ਸਰਾਇ ਨਾਂਗਾ ਕਿਹਾ ਜਾਂਦਾ ਹੈ ਅਤੇ ਹੁਣ ਫਰੀਦਕੋਟ ਜ਼ਿਲ੍ਹੇ ਵਿਚ ਹੈ, ਵਿਖੇ ਹੋਇਆ। ਭਾਈ ਫੇਰੂ ਜੀ ਛੋਟੇ ਵਪਾਰੀ ਸਨ। ਭਾਈ ਲਹਿਣਾ ਜੀ ਦਾ ਵਿਆਹ ਅੰਮ੍ਰਿਤਸਰ ਜ਼ਿਲੇ੍ਹ ਦੇ ਪਿੰਡ ਸੰਘਰ ਨੇੜੇ ਖਡੂਰ ਦੇ ਦੇਵੀ ਚੰਦ ਦੀ ਪੁੱਤਰੀ ਖੀਵੀ ਜੀ ਨਾਲ ਜਨਵਰੀ 1520 ਵਿਚ ਹੋਇਆ ਅਤੇ ਉਨ੍ਹਾਂ ਦੇ ਘਰ ਦੋ ਪੁੱਤਰ ਦਾਸੂ ਅਤੇ ਦਾਤੂ, ਅਤੇ ਇੱਕ ਪੁੱਤਰੀ ਬੀਬੀ ਅਮਰੋ ਹੋਏ।

ਪੁਰਾਤਨ ਜਨਮ ਸਾਖੀ ਅਤੇ ਹੋਰ ਗੌਣ ਸਰੋਤਾਂ ਵਿਚ ਮਿਲਦੇ ਕੁੱਝ ਵੇਰਵਿਆਂ ਅਨੁਸਾਰ ਗੁਰੂ ਨਾਨਕ ਦੇਵ ਜੀ ਦਾ ਇਕ ਸਿੱਖ ਹਰ ਰੋਜ਼ ਉਨ੍ਹਾਂ ਦੀ ਬਾਣੀ ਉਚਾਰਦਾ ਹੁੰਦਾ ਸੀ। ਇਕ ਦਿਨ ਉਸ ਤੋਂ ਬਾਣੀ ਕੰਨਾਂ ਵਿਚ ਪਈ ਤਾਂ ਭਾਈ ਲਹਿਣਾ ਜੀ ਨੇ ਉਸ ਸਿੱਖ ਤੋਂ ਪੁੱਛਿਆ ਕਿ ਇਹ ਰਚਨਾ ਕਿਸ ਦੀ ਹੈ? ਉਸ ਤੋਂ ਇਹ ਸੁਣ ਕੇ ਕਿ ਇਹ ਗੁਰੂ ਨਾਨਕ ਦੀ ਬਾਣੀ ਹੈ, ਉਹ ਗੁਰੂ ਨਾਨਕ ਦੇ ਸ਼ਰਧਾਲੂ ਬਣ ਗਏ। ਗੁਰੂ ਨਾਨਕ ਸਾਹਿਬ ਦੇ ਜੋਤਿ ਪ੍ਰਕਾਸ਼ਨ ਤੋਂ ਪਹਿਲਾਂ ਪੰਜਾਬ ਵਿਚ ਆਮ ਤੌਰ `ਤੇ ਲੋਕ ਦੇਵੀ-ਪੂਜਕ ਸਨ ਅਤੇ ਦੇਵੀਆਂ ਦੇ ਬਹੁਤੇ ਪੂਜਾ-ਸਥਾਨ ਸਾਨੂੰ ਪੁਰਾਤਨ ਪੰਜਾਬ ਵਿਚ ਹੀ ਮਿਲਦੇ ਹਨ। ਗੁਰੂ ਅੰਗਦ ਦੇਵ ਅਤੇ ਗੁਰੂ ਅਮਰਦਾਸ ਬਾਰੇ ਇਹ ਗੱਲ ਆਮ ਕਹੀ ਜਾਂਦੀ ਹੈ ਕਿ ਗੁਰੂ ਨਾਨਕ ਸਾਹਿਬ ਦੀ ਸਥਾਪਤ ਕੀਤੀ ਵਿਚਾਰਧਾਰਾ ਦੇ ਸੰਪਰਕ ਵਿਚ ਆਉਣ ਤੋਂ ਪਹਿਲਾਂ ਉਹ ਦੇਵੀ-ਪੂਜਕ ਸਨ। ਕੁਦਰਤੀ ਹੈ ਕਿ ਗੁਰੂ ਨਾਨਕ ਸਾਹਿਬ ਦੇ ਸ਼ਰਧਾਲੂ ਸਿੱਖ ਤੋਂ ਬਾਣੀ ਸੁਣਨ ਉਪਰੰਤ ਭਾਈ ਲਹਿਣਾ ਜੀ ਦੇ ਮਨ ਵਿਚ ਗੁਰੂ ਦੇ ਦਰਸ਼ਨ ਕਰਨ ਦੀ ਤਾਂਘ ਜਾਗੀ ਹੋਵੇਗੀ ਅਤੇ ਉਹ ਕਰਤਾਰਪੁਰ ਵਿਖੇ ਗੁਰੂ ਦਰਸ਼ਨਾਂ ਲਈ ਆਏ ਅਤੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿਚ ਰਹਿ ਕੇ ਤਨੋਂ-ਮਨੋ ਕਰਤਾਰਪੁਰ ਵਿਖੇ ਸੇਵਾ ਕਰਨ ਲੱਗੇ। ਉਹ ਮਨ ਦੇ ਪੂਰੇ ਸਮਰਪਣ ਨਾਲ ਨਾਮ ਸਿਮਰਨ, ਸੇਵਾ ਅਤੇ ਸ਼ਬਦ/ਬਾਣੀ ਨਾਲ ਜੁੜ ਗਏ, ਜਿਸ ਵਿਚ ਖੇਤਾਂ ਵਿਚ ਕਿਰਤ ਕਮਾਈ ਕਰਨ ਤੋਂ ਲੈ ਕੇ ਲੰਗਰ ਆਦਿ ਹਰ ਤਰ੍ਹਾਂ ਦੀ ਸੇਵਾ ਕਰਨਾ ਸ਼ਾਮਲ ਹੈ।
ਭਾਈ ਲਹਿਣਾ ਜੀ ਨੇ ਆਪਣੇ ਆਪ ਨੂੰ ਪੂਰੀ ਲਗਨ ਨਾਲ ਗੁਰੂ ਦੀ ਸੇਵਾ ਵਿਚ ਲਗਾ ਦਿੱਤਾ ਅਤੇ ਗੁਰੂ ਨਾਨਕ ਨੇ ਉਨ੍ਹਾਂ ਨੂੰ ਲਹਿਣੇ ਤੋਂ ਅੰਗਦ ਅਰਥਾਤ ‘ਆਪਣਾ ਅੰਗ’ ਬਣਾ ਦਿੱਤਾ। ਗੁਰੂ ਨਾਨਕ ਸਾਹਿਬ ਨੇ ਆਪਣੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਆਪਣਾ ਵਾਰਸ ਥਾਪਣ ਲਈ ਗੁਰਗੱਦੀ ਆਪਣੇ ਜੀਵਨ ਸਮੇਂ ਵਿਚ ਹੀ ਦੇਣ ਦਾ ਫ਼ੈਸਲਾ ਕੀਤਾ ਜਿਸ ਦਾ ਪੈਮਾਨਾ ਯੋਗਤਾ ਨੂੰ ਰੱਖਿਆ; ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਰਾਗੁ ਮਾਰੂ ਵਿਚ ਦੱਸਿਆ ਹੈ ਕਿ ਉਸ ਤਖਤ ਉਤੇ ਉਹੀ ਬੈਠਦਾ ਹੈ ਜੋ ਉਸ ਤਖਤ ਦੇ ਲਾਇਕ ਹੁੰਦਾ ਹੈ, ਉਹ ਦਾਸ ਜਿਸ ਦੇ ਕਾਮ, ਕ੍ਰੋਧ ਆਦਿ ਪੰਜ ਦੋਸ਼ ਮੁੱਕ ਗਏ ਹੁੰਦੇ ਹਨ ਅਤੇ ਜਿਸ ਨੇ ਗੁਰੂ ਦੀ ਮਤਿ ਅਨੁਸਾਰ ਚੱਲਦਿਆਂ ਸ਼ੱਕ ਅਤੇ ਭਰਮ ਦੂਰ ਕੀਤਾ ਹੁੰਦਾ ਹੈ:
ਤਖਤਿ ਬਹੈ ਤਖਤੈ ਕੀ ਲਾਇਕ॥
ਪੰਚ ਸਮਾਏ ਗੁਰਮਤਿ ਪਾਇਕ॥
ਆਦਿ ਜੁਗਾਦੀ ਹੈ ਭੀ ਹੋਸੀ ਸਹਸਾ ਭਰਮੁ ਚੁਕਾਇਆ॥(ਪੰ.1039)
ਹਰ ਤਰ੍ਹਾਂ ਦੀ ਨਿਰਖ-ਪਰਖ ਤੋਂ ਬਾਅਦ ਕਸਵੱਟੀ `ਤੇ ਪੂਰਾ ਉਤਰਨ ਉਪਰੰਤ ਗੁਰੂ ਨਾਨਕ ਸਾਹਿਬ ਨੇ ਗੁਰਗੱਦੀ ਦੇ ਵਾਰਸ ਹੋਣ ਦੀ ਚੋਣ ਭਾਈ ਲਹਿਣਾ ਜੀ ਦੀ ਕੀਤੀ। ਸਤਾ ਅਤੇ ਬਲਵੰਡ ਨੇ ਰਾਮਕਲੀ ਰਾਗੁ ਵਿਚ ਰਚੀ ਆਪਣੀ ਵਾਰ ਵਿਚ ਭਾਈ ਲਹਿਣਾ ਜੀ ਦੇ ਗੁਰੂ ਅੰਗਦ ਦੇਵ ਦੇ ਸਰੂਪ ਵਿਚ ਨਾਨਕ ਜੋਤਿ ਦੇ ਅਗਲੇ ਵਾਰਸ ਬਣ ਕੇ ਗੁਰਗੱਦੀ `ਤੇ ਬਿਰਾਜਮਾਨ ਹੋਣ ਦਾ ਵਰਣਨ ਕੀਤਾ ਹੈ ਕਿ ਕਰਤਾ ਪੁਰਖ ਜਿਸ ਨੂੰ ਆਪ ਵਡਿਆਈ ਬਖਸ਼ਿਸ਼ ਕਰੇ ਫਿਰ ਉਸ ਨੂੰ ਕਿਸੇ ਹੋਰ ਮਾਪ-ਤੋਲ ਦੀ ਜ਼ਰੂਰਤ ਨਹੀਂ ਰਹਿੰਦੀ। ਭਾਈ ਲਹਿਣਾ ਵਿਚ ਉਹ ਸਾਰੇ ਰੱਬੀ ਗੁਣ ਕੁਦਰਤੀ ਹੀ ਮੌਜੂਦ ਸਨ ਜਿਨ੍ਹਾਂ ਨਾਲ ਉਚੀ ਅਵਸਥਾ ਅਤੇ ਅਧਿਆਤਮਕ ਬੁਲੰਦੀਆਂ ਨੂੰ ਛੂਹਣ ਦੀ ਬਖਸ਼ਿਸ਼ ਦੇ ਭਾਗੀਦਾਰ ਬਣ ਸਕੀਦਾ ਹੈ। ਗੁਰੂ ਨਾਨਕ ਸਹਿਬ ਨੇ ਉਨ੍ਹਾਂ ਗੁਣਾਂ ਦੀ ਪਛਾਣ ਕੀਤੀ ਅਤੇ ਅਕਾਲ ਪੁਰਖ ਦੀ ਬਖਸ਼ਿਸ ਕੀਤੀ ਮਤਿ ਅਤੇ ਬਲ ਦੇ ਜ਼ੋਰ ਨਾਲ ਭਾਈ ਲਹਿਣਾ ਨੂੰ ਆਤਮਕ ਜ਼ਿੰਦਗੀ ਬਖਸ਼ਿਸ਼ ਕਰ ਕੇ ਉਨ੍ਹਾਂ ਦੇ ਸਿਰ ਉਤੇ ਗੁਰਿਆਈ ਦਾ ਤਾਜ ਰੱਖਿਆ:
ਨਾਉ ਕਰਤਾ ਕਾਦਰੁ ਕਰੇ ਕਿਉ ਬੋਲੁ ਹੋਵੈ ਜੋਖੀਵਦੈ॥
……
ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ॥
ਲਹਣੇ ਧਰਿਓਨੁ ਛਤੁ ਸਿਰਿ ਕਰਿ ਸਿਫਤੀ ਅੰਮ੍ਰਿਤੁ ਪੀਵਦੈ॥
ਗੁਰੂ ਨਾਨਕ ਸਾਹਿਬ ਨੇ ਪੱਕੀ ਨੀਂਹ ਰੱਖ ਕੇ ਜੋ ਕਿਲਾ ਬਣਾਇਆ ਸੀ ਅਤੇ ਧਰਮ ਦਾ ਰਾਜ ਚਲਾਇਆ ਉਸ ਦੇ ਵਾਰਸ ਆਪਣੇ ਜੀਵਨ ਸਮੇਂ ਵਿਚ ਹੀ ਆਪਣੇ ਸਿੱਖ ਭਾਈ ਲਹਿਣਾ ਜੀ ਨੂੰ ਬਣਾਇਆ, ਉਨ੍ਹਾਂ ਅੱਗੇ ਮੱਥਾ ਟੇਕਿਆ ਅਤੇ ਗੁਰਿਆਈ ਦਾ ਤਿਲਕ ਉਨ੍ਹਾਂ ਦੇ ਮੱਥੇ `ਤੇ ਲਾਇਆ:
ਗੁਰਿ ਚੇਲੇ ਰਹਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ॥
ਸਹਿ ਟਿਕਾ ਦਿਤੋਸੁ ਜੀਵਦੈ॥1॥
ਇਸ ਤਰ੍ਹਾਂ ਬਾਬਾ ਫੇਰੂ ਜੀ ਦੇ ਪੁੱਤਰ ਭਾਵ ਗੁਰੂ ਅੰਗਦ ਜੀ ਨੇ ਆ ਕੇ ਖਡੂਰ ਵਿਚ ਵਾਸਾ ਕੀਤਾ ਅਰਥਾਤ ਗੁਰੂ ਨਾਨਕ ਦੀ ਆਗਿਆ ਦਾ ਪਾਲਣ ਕਰਦੇ ਹੋਏ ਉਹ ਕਰਤਾਰਪੁਰ ਛੱਡ ਕੇ ਖਡੂਰ ਵਿਖੇ ਆ ਗਏ:
ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰ॥
ਗੁਰੂ ਨਾਨਕ ਦੇਵ ਜੀ ਦੀ ਵਡਿਆਈ ਦੀ ਧੁੰਮ ਚਾਰੇ ਪਾਸੇ ਫੈਲ ਗਈ। ਗੁਰੂ ਅੰਗਦ ਦੇਵ ਵਿਚ ਗੁਰੂ ਜੋਤਿ ਵੀ ਉਹੀ ਹੈ ਅਤੇ ਗੁਰੂ ਜੁਗਤਿ ਵੀ ਉਹੀ ਹੈ, ਸਿਰਫ ਸਰੀਰ ਬਦਲਿਆ ਹੈ। ਗੁਰਤਾ ਦੀ ਇਸ ਜ਼ਿੰਮੇਵਾਰੀ ਨੂੰ ਨਿਭਾਉਣਾ ਕੋਈ ਸੌਖਾ ਕੰਮ ਨਹੀਂ ਹੈ, ਇਹ ਯੋਗ ਦੀ ਅਲੂਣੀ ਸਿਲ ਚੱਟਣ ਵਾਂਗ ਬਹੁਤ ਮੁਸ਼ਕਲ ਕੰਮ ਹੈ। ਗੁਰੂ ਅੰਗਦ ਦੇ ਸਰੂਪ ਵਿਚ ਭਾਈ ਲਹਿਣਾ ਜੀ ਤਖਤ ਉਤੇ ਬੈਠੇ ਹਨ ਅਤੇ ਉਨ੍ਹਾਂ ਦੇ ਸਿਰ ਉਤੇ ਰੱਬੀ ਛੱਤਰੀ ਝੁਲ ਰਹੀ ਹੈ ਤਾਂ ਉਹ ਗੁਰੂ ਦੇ ਇਸ ਕਾਰਜ ਨੂੰ ਬਾਖ਼ੂਬੀ ਨਿਭਾਅ ਰਹੇ ਹਨ। ਗੁਰੂ ਅੰਗਦ ਸਾਹਿਬ ਨੇ ਸ਼ਬਦ ਦਾ ਲੰਗਰ ਚਲਾਇਆ ਹੈ, ਅਕਾਲ ਪੁਰਖ ਦੀ ਦਿੱਤੀ ਹੋਈ ਨਾਮ ਦੀ, ਸ਼ਬਦ ਦੀ, ਬਾਣੀ ਦੀ ਦਾਤ ਨੂੰ ਵੰਡ ਰਹੇ ਹਨ ਅਤੇ ਪਰਮਾਤਮਾ ਦੀ ਸਿਫ਼ਤਿ ਦਾ ਗਾਇਨ ਹੋ ਰਿਹਾ ਹੈ, ਗੁਰਬਾਣੀ ਦੇ ਕੀਰਤਨ ਦਾ ਪ੍ਰਵਾਹ ਚੱਲ ਰਿਹਾ ਹੈ ਜਿਸ ਨਾਲ ਸੰਗਤਾਂ ਨਿਹਾਲ ਹੋ ਰਹੀਆ ਹਨ:
ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ॥
ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ॥
…….
ਲੰਗਰਿ ਚਲੈ ਗੁਰ ਸਬਦਿ ਹਰਿ ਤੋਟਿ ਨ ਆਵੀ ਖਟੀਐ॥
ਭਾਈ ਲਹਿਣਾ ਜੀ ਨੂੰ ਗੁਰੂ ਨਾਨਕ ਸਾਹਿਬ ਨੇ ਜੋ ਵੀ ਹੁਕਮ ਕੀਤਾ ਉਨ੍ਹਾਂ ਨੇ ਪੂਰੇ ਮਨ ਨਾਲ ਉਸ ਦੀ ਪਾਲਣਾ ਕੀਤੀ ਅਤੇ ਸੱਚ ਕਰਕੇ ਉਨ੍ਹਾਂ ਬੋਲਾਂ ਨੂੰ ਪੂਰਾ ਕੀਤਾ; ਪ੍ਰੰਤੂ ਇਸ ਦੇ ਉਲਟ ਪੁੱਤਰਾਂ ਨੇ ਆਗਿਆ ਦਾ ਪਾਲਣ ਨਹੀਂ ਕੀਤਾ, ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਗੁਰੂ ਵੱਲ ਪਿੱਠ ਮੋੜ ਕੇ ਹਰ ਬਚਨ ਤੋਂ ਇਨਕਾਰ ਕਰਦੇ ਰਹੇ। ਜਿਨ੍ਹਾਂ ਦੇ ਮਨ ਵਿਚ ਖੋਟ ਹੁੰਦੀ ਹੈ ਉਹ ਗੁਰੂ ਤੋਂ ਆਕੀ ਹੋਏ ਫਿਰਦੇ ਹਨ ਅਤੇ ਦੁਨੀਆਦਾਰੀ ਦੀ ਛੱਟ ਦਾ ਭਾਰ ਢੋਂਦੇ ਰਹਿੰਦੇ ਹਨ। ਗੁਰੂ ਨਾਨਕ ਸਾਹਿਬ ਨੇ ਆਪ ਹੀ ਗੁਰੂ ਅੰਗਦ ਦੇਵ ਜੀ ਨੂੰ ਸਮਰੱਥਾ ਬਖਸ਼ਿਸ਼ ਕੀਤੀ:
ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ੍ਹ ਮੁਰਟੀਐ॥
ਦਿਲਿ ਖੋਟੇ ਆਕੀ ਫਿਰਨ੍ਹਿ ਬੰਨ੍ਹਿ ਭਾਰੁ ਉਚਾਇਨ੍ਹਿ ਛਟੀਐ॥
ਇਹ ਇਤਿਹਾਸਕ ਤੱਥ ਹੈ ਕਿ ਸ਼ਬਦ ਦੇ ਲੰਗਰ ਰਾਹੀਂ ਗੁਰੂ ਅੰਗਦ ਦੇਵ ਜੀ ਨੇ ਗੁਰਬਾਣੀ ਦਾ ਪ੍ਰਚਾਰ ਅਤੇ ਪ੍ਰਸਾਰ ਹੀ ਨਹੀਂ ਕੀਤਾ ਬਲਕਿ ਉਨ੍ਹਾਂ ਨੇ ਲਿੱਪੀ ਨੂੰ ਸੋਧ ਕੇ ਅਤੇ ਤਰਤੀਬ ਦੇ ਕੇ ਪੈਂਤੀ ਅੱਖਰੀ ਦੇ ਰੂਪ ਵਿਚ ਸਾਨੂੰ ਗੁਰਮੁਖੀ ਲਿੱਪੀ ਦਿੱਤੀ, ਆਪ ਕੈਦੇ ਲਿਖੇ ਅਤੇ ਲਿਖਵਾਏ, ਸਿੱਖਾਂ ਨੂੰ ਗੁਰਮੁਖੀ ਅੱਖਰਾਂ ਦੀ ਪੜ੍ਹਾਈ-ਲਿਖਾਈ ਸਿੱਖਣ ਵੱਲ ਲਾਇਆ ਅਤੇ ਬਾਣੀ ਦੇ ਉਤਾਰੇ ਕਰਵਾਏ ਤਾਂ ਕਿ ਵੱਧ ਤੋਂ ਵੱਧ ਸੰਗਤਾਂ ਵਿਚ ਬਾਣੀ ਦਾ ਪ੍ਰਚਾਰ ਅਤੇ ਪਸਾਰ ਕੀਤਾ ਜਾ ਸਕੇ। ਸ਼ਾਮ ਦੇ ਸਮੇਂ ਬੱਚਿਆਂ ਨੂੰ ਉਹ ਆਪ ਪੜ੍ਹਾਉਂਦੇ। ਚੰਗੀ ਸਿਹਤ ਲਈ ਪ੍ਰੰਪਰਕ ਖੇਡਾਂ ਜਿਵੇਂ ਕੁਸ਼ਤੀ ਆਦਿ ਲਈ ਅਖਾੜਾ ਬਣਾਇਆ ਅਤੇ ਸਰੀਰਕ ਕਸਰਤ ਦੀ ਪ੍ਰੇਰਨਾ ਕੀਤੀ ਕਿਉਂਕਿ ਆਤਮਕ ਅਤੇ ਮਾਨਸਿਕ ਸਿਹਤ ਦੇ ਨਾਲ ਨਾਲ ਸਰੀਰਕ ਤੌਰ `ਤੇ ਸਿਹਤਮੰਦ ਹੋਣਾ ਵੀ ਜ਼ਰੂਰੀ ਹੈ ਤਾਂ ਕਿ ਕਿਰਤ, ਸੇਵਾ ਅਤੇ ਨਾਮ ਦੀ ਕਮਾਈ ਨਿਰਵਿਘਨ ਕੀਤੀ ਜਾ ਸਕੇ। ਅਕਾਲ ਪੁਰਖ ਵੱਲੋਂ ਬਖਸ਼ਿਸ਼ ਹੋਈ ਨਾਮ ਦੀ ਦਾਤ ਨੂੰ ਗੁਰੂ ਅੰਗਦ ਦੇਵ ਖੂਬ ਵੰਡ ਰਹੇ ਹਨ, ਗੁਰੂ ਸ਼ਬਦ ਰਾਹੀਂ ਨਾਮ ਦਾ ਲੰਗਰ ਚੱਲ ਰਿਹਾ ਹੈ, ਜਿਸ ਵਿਚ ਕੋਈ ਤੋਟ ਨਹੀਂ ਆ ਰਹੀ। ਸੈਂਕੜੇ ਸਿੱਖਾਂ ਵਾਲੇ ਗੁਰੂ ਨਾਨਕ ਦੇਵ ਸਰੀਰ ਵਟਾ ਕੇ ਗੁਰੂ ਅੰਗਦ ਦੇਵ ਦੇ ਰੂਪ ਵਿਚ ਗੱਦੀ `ਤੇ ਬਿਰਾਜਮਾਨ ਹੋ ਕੇ ਸਾਰਾ ਕਾਰਜ ਕਰ ਰਹੇ ਹਨ। ਸ਼ਬਦ ਅਤੇ ਨਾਮ ਰਾਹੀਂ ਮਨੁੱਖ ਦੀ ਅਧਿਆਤਮਕ ਜਗਿਆਸਾ ਅਤੇ ਆਤਮਿਕ ਭੁੱਖ ਦੀ ਸੰਤੁਸ਼ਟੀ ਹੁੰਦੀ ਹੈ ਪ੍ਰੰਤੂ ਪੇਟ ਦੀ ਭੁੱਖ ਨੂੰ ਸਰਚਾਉਣ ਲਈ ਭੋਜਨ ਦੀ ਜ਼ਰੂਰਤ ਹੁੰਦੀ ਹੈ ਜਿਸ ਨੂੰ ਧਿਆਨ ਵਿਚ ਰੱਖ ਕੇ ਗੁਰੂ ਨਾਨਕ ਸਾਹਿਬ ਨੇ ਮਨੁੱਖੀ ਬਰਾਬਰੀ ਅਤੇ ਸਾਂਝ ਦੀ ਪ੍ਰਤੀਕ ਲੰਗਰ ਦੀ ਸੰਸਥਾ ਦਾ ਅਰੰਭ ਕਰਤਾਰਪੁਰ ਵਿਚ ਕੀਤਾ। ਖਡੂਰ ਸਾਹਿਬ ਵਿਖੇ ਜਿੱਥੇ ਇਕ ਪਾਸੇ ਗੁਰੂ ਅੰਗਦ ਦੇਵ ਸ਼ਬਦ ਦਾ ਲੰਗਰ ਚਲਾ ਰਹੇ ਹਨ ਉਥੇ ਹੀ ਉਨ੍ਹਾਂ ਦੀ ਧਰਮ-ਪਤਨੀ ਮਾਤਾ ਖੀਵੀ ਜੀ ਸੰਗਤਿ ਵਾਸਤੇ ਭੋਜਨ ਦਾ ਲੰਗਰ ਚਲਾ ਰਹੇ ਹਨ ਜਿਸ ਦਾ ਸਾਰਾ ਪ੍ਰਬੰਧ ਮਾਤਾ ਖੀਵੀ ਜੀ ਦੀ ਸੁਚੱਜੀ ਸੇਵਾ-ਸੰਭਾਲ ਵਿਚ ਬਾਖੂਬੀ ਚੱਲ ਰਿਹਾ ਹੈ:
ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ॥
ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ॥
ਮਾਤਾ ਖੀਵੀ ਜੀ ਬਹੁਤ ਨੇਕ ਇਨਸਾਨ ਹਨ ਜਿਨ੍ਹਾਂ ਦੀ ਸੰਗਤਿ ਉਤੇ ਛਾਂ ਬੜੀ ਸੰਘਣੀ ਹੈ। ਮਾਤਾ ਖੀਵੀ ਜੀ ਦੇ ਲੰਗਰਾਂ ਵਿਚ ਉਨ੍ਹਾਂ ਦੀ ਸੇਵਾ ਭਾਵਨਾ ਸਦਕਾ ਸੰਗਤਿ ਨੂੰ ਘਿਉ ਵਾਲੀ ਖੀਰ ਦਾ ਸਵਾਦੀ ਲੰਗਰ ਛਕਾਇਆ ਜਾ ਰਿਹਾ ਹੈ। ਮਾਤਾ ਖੀਵੀ ਜੀ ਦਾ ਪਤੀ ਅਜਿਹਾ ਹੈ ਜਿਸ ਨੇ ਧਰਤੀ ਦਾ ਭਾਰ ਚੁੱਕ ਲਿਆ ਹੋਇਆ ਸੀ ਅਤੇ ਜਿਸ ਨੇ ਮਰਦਾਂ ਵਾਲੀ ਘਾਲ-ਕਮਾਈ ਕੀਤੀ ਤਾਂ ਗੁਰੂ ਨਾਨਕ ਸਾਹਿਬ ਦੇ ਦਰ `ਤੇ ਕਬੂਲ ਹੋਏ। ਗੁਰੂ ਨਾਨਕ ਦੀ ਜੋਤਿ ਗੁਰੂ ਅੰਗਦ ਵਿਚ ਸਮਾ ਗਈ ਹੈ। ਗੁਰੂ ਸਿਧਾਂਤ ਵੀ ਉਹੀ ਹਨ, ਗੁਰੂ ਜੁਗਤਿ ਵੀ ਓਹੀ ਹੈ, ਉਹ ਹੀ ਰੱਬੀ ਜੋਤਿ ਜਗ ਰਹੀ, ਸਿਰਫ ਕਾਇਆ ਬਦਲੀ ਹੈ, ਸਰੀਰ ਬਦਲਿਆ ਹੈ। ਜਿੱਥੇ ਗੁਰੂ ਨਾਨਕ ਦੇ ਨਾਮ ਦੀ ਵਡਿਆਈ ਸਾਰੇ ਪਾਸੇ ਫੈਲ ਰਹੀ ਸੀ ਹੁਣ ਨਾਲ ਹੀ ਗੁਰੂ ਅੰਗਦ ਦੇਵ ਦੇ ਨਾਮ ਦਾ ਐਲਾਨ ਹੋ ਗਿਆ ਹੈ। ਗੁਰੂ ਦੀ ਸੰਗਤਿ ਦਾ ਫੈਲਾਉ ਦੂਰ ਦੂਰ ਤੱਕ ਹੋ ਗਿਆ ਹੈ:
ਗੁਰ ਅੰਗਦ ਦੀ ਦੋਹੀ ਫਿਰੀ ਸਚੁ ਕਰਤੈ ਬੰਧਿ ਬਹਾਲੀ॥
ਨਾਨਕ ਕਾਇਆ ਪਲਟੁ ਕਰਿ ਮਲਿ ਤਖਤੁ ਬੈਠਾ ਸੈ ਡਾਲੀ॥
ਗੁਰੂ ਨਾਨਕ ਦੇ ਦਰ `ਤੇ ਗੁਰੂ ਅੰਗਦ ਇਸ ਲਈ ਕਬੂਲ ਹੋਏ ਕਿਉਂਕਿ ਉਨ੍ਹਾਂ ਨੇ ਮਰਦਾਂ ਵਾਲੀ ਘਾਲ ਘਾਲੀ ਸੀ। ਆਮ ਲੋਕਾਈ ਨੇ ਇਸ ਨੂੰ “ਹੋਰਿਓਂ ਗੰਗ ਵਹਾਈਐ ਦੁਨਿਆਈ ਆਖੈ ਕਿ ਕਿਓਨਿ॥” ਭਾਵ ਉਲਟੀ ਗੰਗਾ ਵਹਾਉਣਾ ਕਿਹਾ ਕਿਉਂਕਿ ਗੁਰੂ ਨਾਨਕ ਨੇ ਆਪਣੇ ਚੇਲੇ ਭਾਈ ਲਹਿਣਾ ਜੀ ਨੂੰ ਗੁਰਗੱਦੀ ਦਿੱਤੀ ਪ੍ਰੰਤੂ ਇਹ ਗੁਰਗੱਦੀ ਭਾਈ ਲਹਿਣਾ ਜੀ ਨੂੰ ਪਰਖ ਕੇ ਹੀ ਦਿੱਤੀ ਗਈ, ਚੰਗੀ ਤਰ੍ਹਾਂ ਪੜਤਾਲ ਕਰ ਕੇ ਦਿੱਤੀ ਗਈ। ਜਦੋਂ ਲਹਿਣਾ ਪਰਖਿਆ ਗਿਆ, ਸੋਧਿਆ ਗਿਆ ਤਾਂ ਗੁਰੂ ਨਾਨਕ ਨੇ ਆਪਣੀ ਜੋਤਿ ਨੂੰ ਭਾਈ ਲਹਿਣਾ ਦੀ ਜੋਤਿ ਵਿਚ ਮਿਲਾ ਲਿਆ, ਆਪਣੇ ਨਾਲ ਇਕਮਿਕ ਕਰ ਲਿਆ:
ਲਹਣੇ ਧਰਿਓਨੁ ਛਤ੍ਰ ਸਿਰਿ ਅਸਮਾਨਿ ਕਿਆੜਾ ਛਿਕਿਓਨੁ
ਜੋਤਿ ਸਮਾਣੀ ਜੋਤਿ ਮਾਹਿ ਆਪੁ ਆਪੈ ਸੇਤੀ ਮਿਕਿਓਨੁ॥
ਸਿਖਾਂ ਪੁਤ੍ਰਾਂ ਘੋਖਿ ਕੈ ਸਭ ਉਮਤਿ ਵੇਖਹੁ ਜਿ ਕਿਓਨਿੁ॥
ਜਾਂ ਸੁਧੋਸੁ ਤਾਂ ਲਹਣਾ ਟਿਕਿਓਨੁ॥4॥
ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਅਤੇ ਗੁਰਮਤਿ ਸਿਧਾਂਤਾਂ ਦਾ ਮੌਲਿਕ, ਮੁੱਢਲਾ ਸ੍ਰੋਤ ਹੈ। ਗੌਣ ਜਾਂ ਸੈਕੰਡਰੀ ਸੋਮਿਆਂ ਵਿਚ ਭਾਈ ਗੁਰਦਾਸ ਦੀਆ ਰਚਨਾਵਾਂ ਸਭ ਤੋਂ ਮਹੱਤਵਪੂਰਨ ਹਨ, ਖਾਸ ਕਰਕੇ ਉਨ੍ਹਾਂ ਦੀਆਂ ਵਾਰਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੂੰਜੀ ਹੋਣ ਦਾ ਮਾਣ ਪ੍ਰਾਪਤ ਹੈ। ਭਾਈ ਗੁਰਦਾਸ ਨੂੰ ਨਾ ਸਿਰਫ਼ ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਅਤੇ ਗੁਰੂ ਹਰਗੋਬਿੰਦ ਸਾਹਿਬ ਦੀ ਸੰਗਤਿ ਮਾਣਨ ਦਾ ਅਵਸਰ ਪ੍ਰਾਪਤ ਹੋਇਆ, ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬੀੜ ਦੇ ਲਿਖਾਰੀ ਹੋਣ ਦਾ ਮਾਣ ਵੀ ਪ੍ਰਾਪਤ ਹੈ। ‘ਜੋਤਿ ਓਹਾ ਜੁਗਤਿ ਸਾਇ’ ਦੇ ਸਿਧਾਂਤ ਦੀ ਪ੍ਰੋੜਤਾ ਭਾਈ ਗੁਰਦਾਸ ਨੇ ਆਪਣੀਆਂ ਵਾਰਾਂ ਵਿਚ ਕੀਤੀ ਹੈ। ਭਾਈ ਗੁਰਦਾਸ ਗੁਰੂ ਨਾਨਕ ਸਾਹਿਬ ਵੱਲੋਂ ਉਦਾਸੀਆਂ ਤੋਂ ਬਾਅਦ ਕਰਤਾਰਪੁਰ ਆ ਕੇ ਨਿਵਾਸ ਕਰਨ ਬਾਰੇ ਲਿਖਦੇ ਹਨ ਕਿ ਬਾਬੇ ਨੇ ਉਦਾਸੀਆਂ ਦਾ ਭੇਖ ਉਤਾਰ ਕੇ ਸੰਸਾਰੀ ਕੱਪੜੇ ਧਾਰਨ ਕਰ ਲਏ ਅਤੇ ਮੰਜੀ `ਤੇ ਬੈਠ ਕੇ ਸੰਗਤਾਂ ਨੂੰ ਉਪਦੇਸ਼ ਕਰਨ ਲੱਗੇ। ਬਾਬੇ ਨੇ ਆਪਣੇ ਸਿੱਖ ਭਾਈ ਲਹਿਣਾ ਜੀ ਨੂੰ ਗੁਰਗੱਦੀ ਦੇ ਕੇ ਉਲਟੀ ਗੰਗਾ ਵਹਾ ਦਿੱਤੀ ਭਾਵ ਚੇਲੇ ਨੂੰ ਗੁਰੂ ਬਣਾਇਆ। ਬਾਬੇ ਦੇ ਪੁੱਤਰਾਂ ਨੇ ਬਚਨਾਂ ਦੀ ਪਾਲਣਾ ਨਹੀਂ ਕੀਤੀ ਕਿਉਂਕਿ ਉਨ੍ਹਾਂ ਦੇ ਮਨ ਵਿਚ ਖੋਟ ਸੀ ਅਤੇ ਉਹ ਗੁਰੂ ਦੇ ਵਚਨ ਤੋਂ ਆਕੀ ਹੋ ਕੇ ਚੱਲ ਰਹੇ ਸੀ:
ਫਿਰ ਬਾਬਾ ਆਇਆ ਕਰਤਾਰਪੁਰਿ ਭੇਖੁ ਉਦਾਸੀ ਸਗਲ ਉਤਾਰਾ।
ਪਹਿਰਿ ਸੰਸਾਰੀ ਕਪੜੇ ਮੰਜੀ ਬੈਠਿ ਕੀਆ ਅਵਤਾਰਾ।
ਉਲਟੀ ਗੰਗ ਵਹਾਈਓਨਿ ਗੁਰ ਅੰਗਦੁ ਸਿਰਿ ਉਪਰਿ ਧਾਰਾ।
ਪੁਤਰੀ ਕਉਲੁ ਨ ਪਾਲਿਆ ਮਨਿ ਖੋਟੇ ਆਕੀ ਨਸਿਆਰਾ।
ਅੱਗੇ ਫਿਰ ਜ਼ਿਕਰ ਕੀਤਾ ਹੈ ਕਿ ਮੁਲਤਾਨ ਦੀ ਯਾਤਰਾ ਕਰਨ ਤੋਂ ਬਾਅਦ ਗੁਰੂ ਨਾਨਕ ਕਰਤਾਰਪੁਰ ਆਏ ਅਤੇ ਆਪਣੇ ਜੀਵਨ ਸਮੇਂ ਵਿਚ ਹੀ ਭਾਈ ਲਹਿਣੇ ਦੇ ਸਿਰ `ਤੇ ਗੁਰਿਆਈ ਦਾ ਛੱਤ੍ਰ ਰੱਖਿਆ, ਆਪਣੀ ਗੁਰੂ ਜੋਤਿ ਗੁਰੂ ਅੰਗਦ ਨਾਲ ਮਿਲਾ ਕੇ ਅਤੇ ਰੂਪ ਵਟਾ ਕੇ ਗੁਰੂ ਅੰਗਦ ਬਣ ਗਏ। ਇਸ ਦਾ ਭਾਵ ਹੈ ਕਿ ਗੁਰੂ ਜੋਤਿ ਅਤੇ ਗੁਰੂ ਜੁਗਤਿ ਉਹੀ ਹੈ ਸਿਰਫ ਸਰੀਰਕ ਰੂਪ ਬਦਲਿਆ ਹੈ:
ਜਾਰਤਿ ਕਰਿ ਮੁਲਤਾਨ ਦੀ ਫਿਰਿ ਕਰਤਾਰਿ ਪੁਰੇ ਨੋ ਆਇਆ।
ਚੜ੍ਹੇ ਸਵਾਈ ਦਿਹਿ ਦਿਹੀ ਕਲਿਜੁਗ ਨਾਨਕ ਨਾਮੁ ਧਿਆਇਆ।
ਵਿਣੁ ਨਾਵੈ ਹੋਰੁ ਮੰਗਣਾ ਸਿਰਿ ਦੁਖਾਂ ਦੇ ਦੁਖ ਸਬਾਇਆ।
ਮਾਰਿਆ ਸਿਕਾ ਜਗਤਿ ਵਿਚਿ ਨਾਨਕ ਨਿਰਮਲ ਪੰਥੁ ਚਲਾਇਆ।
ਥਾਪਿਆ ਲਹਿਣਾ ਜੀਂਵਦੇ ਗੁਰਿਆਈ ਸਿਰਿ ਛਤ੍ਰੁ ਫਿਰਾਇਆ।
ਜੋਤੀ ਜੋਤਿ ਮਿਲਾਇ ਕੈ ਸਤਿਗੁਰ ਨਾਨਕਿ ਰੂਪੁ ਵਟਾਇਆ।
ਲਖਿ ਨ ਕੋਈ ਸਕਈ ਆਚਰਜੇ ਆਚਰਜੁ ਦਿਖਾਇਆ।
ਕਾਇਆ ਪਲਟਿ ਸਰੂਪੁ ਬਣਾਇਆ॥45॥
24ਵੀਂ ਵਾਰ ਵਿਚ ਇਸੇ ਸਿਧਾਂਤ ਗੁਰੂ ਤੋਂ ਚੇਲਾ, ਚੇਲੇ ਤੋਂ ਗੁਰੂ ਅਤੇ ਜੋਤਿ ਤੋਂ ਜੋਤਿ ਜਗਣ ਦੀ ਗੱਲ ਕਰਦੇ ਹੋਏ ਭਾਈ ਗੁਰਦਾਸ ਨੇ ਅੰਗ ਤੋਂ ਅੰਗ ਉਪਜਣ, ਗੰਗ ਤੋਂ ਤਰੰਗ ਉੱਠਣ, ਗੁਰੂ ਤੋਂ ਚੇਲਾ ਚੇਲੇ ਤੋਂ ਗੁਰੂ, ਬਿਰਖ ਤੋਂ ਫਲ ਫਲ ਤੋਂ ਬਿਰਖ, ਪਿਉ ਤੋਂ ਪੁੱਤ ਅਤੇ ਪੁੱਤ ਤੋਂ ਪਿਉ ਬਣਨ ਦੀ ਉਦਾਹਰਣ ਦਿੰਦਿਆਂ ਗੁਰੂ ਅੰਗਦ ਨੂੰ ਬਾਬੇ ਦੇ ਰੂਪ ਵਿਚ ਆਉਣਾ ਦੱਸਿਆ ਹੈ, “ਬਾਬਾਣੇ ਗੁਰ ਅੰਗਦ ਆਇਆ॥” ਇਸੇ ਤਰ੍ਹਾਂ ਅੱਗੇ ਪਾਰਸ ਨੂੰ ਛੂਹ ਕੇ ਪਾਰਸ ਬਣਨ, ਗੁਰੂ ਉਪਦੇਸ਼ ਅਤੇ ਰਹਿਤ ਵਿਚ ਰਹਿ ਕੇ ਚੰਦਨ ਤੋਂ ਚੰਦਨ ਹੋਣ, ਜੋਤਿ ਦੇ ਜੋਤਿ ਵਿਚ ਸਮਾਉਣ ਦਾ ਵਰਣਨ ਕਰਦਿਆਂ ਸਤਿਸੰਗਤ ਵਿਚ ਚੱਲਣ ਨੂੰ ਗੁਰੂ ਨਾਨਕ ਦਾ ਗਾਡੀ ਰਾਹ ਫੁਰਮਾਇਆ ਹੈ ਅਤੇ ਭਾਈ ਲਹਿਣਾ ਜੀ ਦੀ ਵਡਿਆਈ ਬਾਬੇ ਦੇ ਘਰ ਚਾਨਣ ਹੋਣ ਵਿਚ ਕੀਤੀ ਹੈ, “ਬਾਬਾਣੈ ਘਰਿ ਚਾਨਣ ਲਹਣਾ॥” ਅੱਗੇ ਦੱਸਿਆ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਸ਼ਬਦ ਰਾਹੀਂ ਭਾਈ ਲਹਿਣਾ ਜੀ ਦੇ ਵਿਅਕਤੀਤਵ ਨੂੰ ਤਰਾਸ਼ਿਆ। ਭਾਈ ਲਹਿਣਾ ਜੀ ਨੇ ਆਪਣੇ ਅੰਦਰੋਂ ਆਪਾਭਾਵ ਦਾ ਤਿਆਗ ਕਰ ਕੇ ਪ੍ਰੇਮ ਅਤੇ ਨਿਰਮਲ ਭੈ ਵਾਲੀ ਭਗਤੀ ਦਾ ਮਾਰਗ ਅਪਣਾਇਆ। ਸਤਿ, ਸੰਤੋਖ, ਦਇਆ ਧਰਮ, ਅਰਥ ਅਤੇ ਵਿਚਾਰ ਦੇ ਸਹਿਜ ਮਾਰਗ `ਤੇ ਚੱਲਦਿਆਂ ਕਾਮ, ਕ੍ਰੋਧ, ਵੈਰ-ਵਿਰੋਧ, ਲੋਭ, ਮੋਹ ਅਤੇ ਅੰਹਕਾਰ ਦਾ ਤਿਆਗ ਕੀਤਾ ਅਤੇ ਇਸ ਤਰ੍ਹਾਂ ਲਹਿਣਾ ਬਾਬੇ ਨਾਨਕ ਦੇ ਪੁੱਤ ਤੋਂ ਸਪੁੱਤ ਬਣਿਆ, “ਪੁਤੁ ਸਪੁਤੁ ਬਾਬਾਣੇ ਲਹਣਾ॥” ਭਾਈ ਲਹਿਣੇ ਨੂੰ ਗੁਰੂ ਨਾਨਕ ਨੇ ਆਪਣੇ ਸੀਨੇ ਨਾਲ ਲਾ ਕੇ ਅੰਗਦ ਬਣਾ ਲਿਆ ਉਸੇ ਤਰ੍ਹਾਂ ਜਿਵੇਂ ਅੰਮ੍ਰਿਤ ਦੇ ਬਿਰਛ ਨੂੰ ਅੰਮ੍ਰਿਤ ਫਲ ਲੱਗਦਾ ਹੈ, ਜੋਤਿ ਤੋਂ ਜੋਤਿ ਅਤੇ ਦੀਵੇ ਤੋਂ ਦੀਵਾ ਜਗਦਾ ਹੈ, ਹੀਰੇ ਨਾਲ ਹੀਰਾ ਬੇਧਿਆ ਜਾਂਦਾ ਹੈ, ਜਦੋਂ ਪਾਣੀ ਨਾਲ ਪਾਣੀ ਰਲ ਜਾਂਦਾ ਹੈ ਕੋਈ ਬੁੱਝ ਨਹੀਂ ਸਕਦਾ, ਸਚੁ ਅੰਦਰ ਸੱਚ ਢਲ ਜਾਂਦਾ ਹੈ ਤਾਂ ਸੱਚਾ ਅਤੇ ਸੱਚ ਦੋਵੇਂ ਸੁਭਾਇਮਾਨ ਹੁੰਦੇ ਹਨ। ਸੱਚ ਦਾ ਤਖਤ ਵੀ ਅਟਲ ਹੈ ਅਤੇ ਸੱਚੇ ਤਖਤ ਦਾ ਰਾਜ ਵੀ ਅਟਲ ਹੈ। ਗੁਰੂ ਨੇ ਸੱਚਾ ਸ਼ਬਦ ਸੌਂਪਿਆ ਅਤੇ ਸੱਚ ਦੀ ਟਕਸਾਲ ਵਿਚੋਂ ਸੱਚ ਦਾ ਸਿੱਕਾ ਚਲਾਇਆ ਗਿਆ।
ਇਸ ਸੰਖੇਪ ਵੇਰਵੇ ਤੋਂ ਪਤਾ ਲੱਗਦਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਜੀ ਦੇ ਸਤਿ, ਸੰਤੋਖ, ਦਇਆ, ਸੇਵਾ, ਪ੍ਰੇਮ, ਹਲੀਮੀ ਅਤੇ ਸਮਰਪਣ ਆਦਿ ਗੁਣਾਂ ਦੀ ਪਰਖ ਕਰ ਕੇ ਹੀ, ਆਪਣੇ ਪੁੱਤਰਾਂ ਨਾਲੋਂ ਗੁਰਗੱਦੀ ਦੇ ਯੋਗ ਸਮਝਦਿਆਂ, ਆਪਣੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਹਾੜ੍ਹ ਵਦੀ 13, ਬਿਕ੍ਰਮੀ ਸੰਮਤ 1596/ 13 ਜੂਨ 1539 ਈਸਵੀ ਨੂੰ ਗੁਰਗੱਦੀ `ਤੇ ਬਿਰਾਜਮਾਨ ਕੀਤਾ। ਗੁਰੂ ਨਾਨਕ ਸਾਹਿਬ ਜੋਤੀ ਜੋਤਿ ਅੱਸੂ ਵਦੀ 10, ਬਿਕ੍ਰਮੀ ਸੰਮਤ 1596/7 ਸਤੰਬਰ 1539 ਨੂੰ ਸਮਾਏ। ਗੁਰੂ ਨਾਨਕ ਨੇ ਉਨ੍ਹਾਂ ਨੂੰ ਗੁਰੂ ਅੰਗਦ ਬਣਾ ਕੇ ਆਪਣੇ ਬਰਾਬਰ ਕੀਤਾ ਅਤੇ ਆਪਣੀ ਜੋਤਿ ਉਨ੍ਹਾਂ ਵਿਚ ਰੱਖੀ। ਇਸ ਤਰ੍ਹਾਂ ਉਹ ਦੂਸਰੀ ਨਾਨਕ ਜੋਤਿ ਦੇ ਤੌਰ `ਤੇ ਬਿਰਾਜਮਾਨ ਹੋਏ ਅਤੇ ਨਾਨਕ ਵਿਰਾਸਤ ਨੂੰ ਅੱਗੇ ਲੈ ਕੇ ਗਏ। ‘ਗੁਰੁ ਚੇਲਾ ਚੇਲਾ ਗੁਰੂ’ ਦੀ ਯੋਗਤਾ-ਮੂਲਕ ਕਸਵੱਟੀ ਨਿਰਧਾਰਤ ਕੀਤੀ ਗਈ।
ਗੁਰੂ ਅੰਗਦ ਸਾਹਿਬ ਨੇ ਗੁਰੂ ਕਾਰਜ ਨੂੰ ਖਡੂਰ ਸਾਹਿਬ ਤੋਂ ਜਾਰੀ ਰੱਖਿਆ ਅਤੇ ਗੁਰੂ ਨਾਨਕ ਵਾਂਗ ਸੰਗਤਿ ਨੂੰ ਗੁਰਮਤਿ ਦੀ ਸਿੱਖਿਆ ਅਤੇ ਗੁਣਾਂ ਤੋਂ ਜਾਣੂ ਕਰਾਉਣ ਦਾ ਕਾਰਜ ਨਿਭਾਇਆ। ਕਰਤਾਰਪੁਰ ਵਾਂਗ ਹੀ ਖਡੂਰ ਸਾਹਿਬ ਵਿਖੇ ਵੀ ਨਾਮ ਸਿਮਰਨ, ਗੁਰਬਾਣੀ ਕੀਰਤਨ, ਗੁਰਬਾਣੀ ਵਿਚਾਰਾਂ ਅਤੇ ਲੰਗਰ ਦੀ ਪ੍ਰੰਪਰਾ ਰੋਜ਼ਾਨਾ ਤੌਰ `ਤੇ ਹੋਣ ਲੱਗੀ ਅਤੇ ਕਰਤਾਰਪੁਰ ਵਾਂਗ ਹੀ ਖਡੂਰ ਸਾਹਿਬ ਸਿੱਖੀ ਦਾ ਕੇਂਦਰ ਬਣ ਗਿਆ। ਗੁਰੂ ਨਾਨਕ ਸਾਹਿਬ ਦੀ ਵਿਰਾਸਤ ਨੂੰ ਗੁਰੂ ਅੰਗਦ ਦੇਵ ਅੱਗੇ ਲੈ ਕੇ ਗਏ। ਜਿਵੇਂ ਰਾਮਕਲੀ ਕੀ ਵਾਰ ਵਿਚ ਵੀ ਦੱਸਿਆ ਹੈ ਕਿ ਬਾਬਾ ਲਹਿਣਾ ਜੀ (ਗੁਰੂ ਅੰਗਦ ਦੇਵ) ਕਰਤਾ ਪੁਰਖ ਦੀ ਦਿੱਤੀ ਹੋਈ ਨਾਮ ਦੀ ਦਾਤ ਵੰਡ ਰਹੇ ਹਨ, ਆਪ ਵੀ ਵਰਤ ਰਹੇ ਹਨ ਅਤੇ ਹੋਰਨਾਂ ਨੂੰ ਵੀ ਦਬਾਦਬ ਦਾਨ ਕਰ ਰਹੇ ਹਨ। ਗੁਰੂ ਨਾਨਕ ਦੀ ਹੱਟ ਵਿਚ ਗੁਰੂ ਦੇ ਸ਼ਬਦ ਦਾ ਲੰਗਰ ਚੱਲ ਰਿਹਾ ਹੈ, ਨਾਮ ਕਮਾਈ ਵਿਚ ਕੋਈ ਘਾਟਾ ਨਹੀਂ ਪੈਂਦਾ।
ਗੁਰੂ ਅੰਗਦ ਦੇਵ ਚੇਤ ਸੁਦੀ 4, ਸੰਤ ਬਿਕ੍ਰਮੀ 1609 ਅਰਥਾਤ 29 ਮਾਰਚ 1552 ਈਸਵੀ ਨੂੰ ਖਡੂਰ ਵਿਖੇ ਜੋਤੀ ਜੋਤਿ ਸਮਾਏ ਅਤੇ ਸੰਸਾਰ ਤੋਂ ਕੂਚ ਕਰਨ ਤੋਂ ਪਹਿਲਾਂ ਗੁਰੂ ਅਮਰਦਾਸ ਨੂੰ, ਗੁਰੂ ਨਾਨਕ ਦੀ ਚਲਾਈ ਪ੍ਰੰਪਰਾ ਅਨੁਸਾਰ ਤੀਜੀ ਨਾਨਕ ਜੋਤਿ ਦੇ ਤੌਰ ਤੇ ਗੁਰਗੱਦੀ `ਤੇ ਸਥਾਪਤ ਕੀਤਾ। ਪੈਮਾਨਾ ਇਥੇ ਵੀ ਯੋਗਤਾ-ਮੂਲਕ ਹੀ ਰੱਖਿਆ ਗਿਆ ਜਿਸ ਕਰਕੇ ਪੁੱਤਰਾਂ ਅਤੇ ਸਿੱਖਾਂ ਵਿਚੋਂ ਕਸਵੱਟੀ `ਤੇ ਪੂਰਾ ਉਤਰਨ `ਤੇ ਸਿੱਖ ਦੀ ਚੋਣ ਕੀਤੀ ਗਈ। ਸਤਾ ਅਤੇ ਬਲਵੰਡ ਇਸ ਅਧਿਆਤਮਕ ਵਿਰਾਸਤ ਦੀ ਗੱਲ ਕਰਦਿਆਂ ਗੁਰੂ ਨਾਨਕ ਨੂੰ ਦਾਦਾ, ਗੁਰੂ ਅੰਗਦ ਨੂੰ ਪਿਤਾ ਅਤੇ ਗੁਰੂ ਅਮਰਦਾਸ ਨੂੰ ਗੁਰੂ ਨਾਨਕ ਦਾ ਪੋਤਾ ਹੋਣ ਦਾ ਦਰਜਾ ਦਿੰਦੇ ਹਨ ਜੋ ਗੁਰੂ ਵਿਰਾਸਤ ਨੂੰ ਅੱਗੇ ਲੈ ਕੇ ਗਏ। ਤਖ਼ਤ ਭਾਵ ਗੁਰਗੱਦੀ ਵੀ ਉਹੀ ਹੈ, ਗੁਰਗੱਦੀ ਦਾ ਨਿਸ਼ਾਨ ਵੀ ਉਹੀ ਹੈ, ਗੁਰੂ ਦਰਬਾਰ ਵੀ ਉਹੀ ਹੈ ਗੁਰੂ ਨਾਨਕ ਦੀ ਪ੍ਰੰਪਰਾ ਨੂੰ ਗੁਰੂ ਅਮਰਦਾਸ ਰਾਹੀਂ ਗੁਰੂ ਅੰਗਦ ਦੇਵ ਅੱਗੇ ਤੋਰਦੇ ਹਨ:
ਸੋ ਟਿਕਾ ਸੋ ਬੈਹਣਾ ਸੋਈ ਦੀਬਾਣੁ॥
ਪਿਯੂ ਦਾਦੇ ਜੇਵਿਹਾ ਪੋਤਾ ਪਰਵਾਣੁ॥
ਭਾਈ ਗੁਰਦਾਸ ਗੁਰੂ ਨਾਨਕ ਦੀ ਵਿਰਾਸਤ ਦੇ ਗੁਰੂ ਅੰਗਦ ਦੇਵ ਤੋਂ ਗੁਰੂ ਅਮਰਦਾਸ ਤੱਕ ਪਹੁੰਚਣ ਦਾ ਵੇਰਵਾ ਬਹੁਤ ਹੀ ਸੰਖੇਪ ਸ਼ਬਦਾਂ ਵਿਚ ਬਿਆਨ ਕਰਦੇ ਹਨ ਕਿ ਮੱਥੇ `ਤੇ ਗੁਰਿਆਈ ਦਾ ਤਿਲਕ, ਸਿਰ `ਤੇ ਗੁਰਿਆਈ ਦਾ ਛਤਰ ਅਤੇ ਗੁਰਿਆਈ ਦਾ ਤਖ਼ਤ ਵੀ ਉਹੀ ਹੈ ਜਿਸ `ਤੇ ਗੁਰੂ ਅਮਰਦਾਸ ਟਿਕੇ ਹਨ। ਗੁਰੂ ਨਾਨਕ ਦੀ ਮੁਹਰ ਗੁਰੂ ਅੰਗਦ ਹੱਥ ਆਈ ਤਾਂ ਉਨ੍ਹਾਂ ਦੇ ਨਾਮ ਦੀ ਵਡਿਆਈ ਹੋਈ ਅਤੇ ਉਨ੍ਹਾਂ ਨੇ ਕਰਤਾਰਪੁਰ ਛੱਡ ਕੇ ਖਡੂਰ ਵਿਖੇ ਜੋਤਿ ਜਗਾਈ। ਜਿਸ ਕਿਸਮ ਦਾ ਬੀਜ ਪਹਿਲਾ ਬੀਜਿਆ ਹੋਵੇ ਬੂਟਾ ਵੀ ਉਸੇ ਕਿਸਮ ਦਾ ਉਗਦਾ ਹੈ। ਭਾਈ ਲਹਿਣੇ ਨੇ ਗੁਰੂ ਨਾਨਕ ਦੇ ਹੱਥੋਂ ਜੋ ਮੁਹਰ ਪ੍ਰਾਪਤ ਕੀਤੀ ਸੀ ਉਹ ਹੁਣ ਗੁਰੂ ਅੰਗਦ ਪਾਸੋਂ ਗੁਰੂ ਅਮਰਦਾਸ ਕੋਲ ਆ ਗਈ ਹੈ। ਇਸ ਇਲਾਹੀ ਦਾਤ ਨੂੰ ਪਾ ਕੇ ਗੁਰੂ ਅਮਰ ਸਰੂਪ ਹੋ ਕੇ ਬਿਰਾਜਮਾਨ ਹੋ ਗਏ ਅਤੇ ਉਨ੍ਹਾਂ ਨੇ ਫੇਰ ਖਡੂਰ ਨੂੰ ਛੱਡ ਕੇ ਗੋਇੰਦਵਾਲ ਵਸਾ ਲਿਆ ਅਤੇ ਇਸ ਅਸਚਰਜ ਖੇਡ ਦਾ ਭੇਦ ਪਾ ਸਕਣਾ ਮੁਸ਼ਕਿਲ ਹੈ। ਜੋਤਿ ਦੀ ਇਹ ਦਾਤ ਉਸ ਮਾਲਕ ਦੀ ਵਡਿਆਈ ਵਜੋਂ ਪ੍ਰਾਪਤ ਹੋਈ ਹੈ:
ਸੋ ਟਿਕਾ ਸੋ ਛਤ੍ਰ ਸਿਰਿ ਸੋਈ ਸਚਾ ਤਖਤੁ ਟਿਕਾਈ।
ਗੁਰ ਨਾਨਕ ਹੰਦੀ ਮੁਹਰਿ ਹਥਿ ਗੁਰ ਅੰਗਦ ਦੀ ਦੋਹੀ ਫਿਰਾਈ।
ਦਿਤਾ ਛੋੜਿ ਕਰਤਾਰ ਪੁਰੁ ਬੈਠਿ ਖਡੂਰੇ ਜੋਤਿ ਜਗਾਈ।
ਜੰਮੇ ਪੂਰਬਿ ਬੀਜਿਆ ਵਿਚਿ ਵਿਚਿ ਹੋਰੁ ਕੂੜੀ ਚਤੁਰਾਈ।
ਲਹਣੇ ਪਾਈ ਨਾਨਕੋ ਦੇਣੀ ਅਮਰਦਾਸਿ ਘਰਿ ਆਈ।
ਗੁਰੁ ਬੈਠਾ ਅਮਰੁ ਸਰੂਪੁ ਹੋਇ ਗੁਰਮੁਖਿ ਪਾਈ ਦਾਦਿ ਇਲਾਹੀ।
ਫੇਰਿ ਵਸਾਇਆ ਗੋਇੰਦਵਾਲੁ ਅਚਰਜੁ ਖੇਲੁ ਨ ਲਖਿਆ ਜਾਈ।
ਦਾਤਿ ਜੋਤਿ ਖਸਮੇ ਵਡਿਆਈ॥ 46॥
ਗੁਰੂ ਨਾਨਕ ਤੋਂ ਦਸਵੇਂ ਗੁਰੂ ਗੋਬਿੰਦ ਸਿੰਘ ਤੱਕ ਸਤਿ ਦਾ ਪ੍ਰਕਾਸ਼ਨ, ਜਿਸ ਨੂੰ ਸਿੱਖ ਇਲਹਾਮ ਵੀ ਕਹਿ ਸਕਦੇ ਹਾਂ, ਗੁਰੂ ਜੋਤਿ ਅਤੇ ਗੁਰੂ ਜੁਗਤਿ ਦੇ ਰੂਪ ਵਿਚ ਇਕ ਲਗਾਤਾਰ ਅਮਲ ਹੈ। ਗੁਰੂ ਨੇ ਆਪ ਸਤਿ ਦਾ ਅਨੁਭਵ ਕੀਤਾ ਅਤੇ ਫਿਰ ਇਸ ਅਨੁਭਵ ਦਾ ਪ੍ਰਗਟਾਵਾ ਸ਼ਬਦ ਦੇ ਰੂਪ ਵਿਚ ਕੀਤਾ। ਸ਼ਬਦ ਉਸ ਨਾਮ ਦਾ ਪ੍ਰਗਟਾਵਾ ਹੈ ਇਸੇ ਲਈ ਸ਼ਬਦ ਨੂੰ ਸੁਣਨਾ ਹੈ, ਉਸ ਦਾ ਗਾਇਨ ਕਰਨਾ ਹੈ, ਉਸ `ਤੇ ਮਨਣ ਕਰਨਾ ਹੈ। ਸ਼ਬਦ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਹੈ। ਜਿੱਥੋਂ ਤੱਕ ਗੁਰੂ ਸਾਹਿਬਾਨ ਦੀ ਹਸਤੀ ਜਾਂ ਰੁਤਬੇ ਦਾ ਤੁਅਲਕ ਹੈ, ਇਸ ਨੂੰ ਸਮਝਣ ਲਈ ਸਾਨੂੰ ਗੁਰੂ ਦਾ ਇੱਕ ਪਾਸੇ ਕਰਤਾ ਪੁਰਖ ਨਾਲ ਰਿਸ਼ਤਾ ਅਤੇ ਦੂਸਰੇ ਪਾਸੇ ਸਿੱਖ ਨਾਲ ਰਿਸ਼ਤਾ ਸਮਝਣਾ ਪਵੇਗਾ। ਕਰਤਾ ਪੁਰਖ ਨਾਲ ਆਪਣੇ ਰੁਤਬੇ ਨੂੰ ਪ੍ਰਗਟ ਕਰਨ ਲਈ ਗੁਰੂ ਢਾਢੀ, ਦਾਸ, ਸੇਵਕ, ਪੁੱਤਰ, ਧਨ ਅਰਥਾਤ ਇਸਤ੍ਰੀ, ਖੋਜੀ, ਪਹਿਲਵਾਨ ਆਦਿ ਸ਼ਬਦਾਂ ਦੀ ਵਰਤੋਂ ਕਰਦੇ ਹਨ, ਜਿਵੇਂ ‘ਹਉਂ ਢਾਢੀ ਬੇਕਾਰ ਕਾਰੇ ਲਾਇਆ’ ਜਾਂ ‘ਹਉਂ ਸਾਈਂ ਦਾ ਪਹਿਲਵਾਨੜਾ’, ‘ਹਉਂ ਖਰੀ ਨਿਮਾਣੀ’, ਆਦਿ। ਜਿੱਥੋਂ ਤੱਕ ਸਿੱਖ ਨਾਲ ਸਬੰਧ ਹੈ ਗੁਰੂ ਖੇਵਟ ਜਾਂ ਕਿਸ਼ਤੀ (ਜੋ ਸਿੱਖ ਨੂੰ ਭਵ-ਸਾਗਰ ਤੋਂ ਪਾਰ ਲੈ ਜਾਂਦੀ ਹੈ), ਭਾਈ, ਮਿੱਤਰ, ਦ੍ਰਸ਼ਟਾ, ਰਾਹ-ਦਰਸਾਵਾ, ਨਾਮ ਦੇਣ ਵਾਲਾ ਅਤੇ ਸੱਚਾ ਪਾਤਿਸ਼ਾਹ ਹੈ। ਇਸ ਸੰਦਰਭ ਵਿਚ ਸਿੱਖ ਧਰਮ ਦਰਸ਼ਨ ਦਾ ਵਿਲੱਖਣ ਲੱਛਣ ‘ਆਪੇ ਗੁਰ ਚੇਲਾ’ ਜਾਂ ‘ਗੁਰ ਚੇਲਾ ਚੇਲਾ ਗੁਰੂ’ ਦਾ ਹੈ ਅਰਥਾਤ ਸਿੱਖ ਗੁਰੂ ਦੀ ਸਿੱਖਿਆ ਤੇ ਚੱਲ ਕੇ ਗੁਰੂ ਪਦਵੀ ਤੱਕ ਪਹੁੰਚਿਆ ਹੈ ਅਤੇ ਗੁਰੂ ਨੇ ਉਸ ਨੂੰ ਗੁਰੂ ਦਾ ਦਰਜਾ ਦਿੰਦਿਆਂ ਸਿੱਖ ਬਣ ਕੇ ਨਮਸਕਾਰ ਕੀਤੀ ਹੈ। ਇਸੇ ਪ੍ਰੰਪਰਾ ਨੂੰ ਕਾਇਮ ਰੱਖਦਿਆਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ‘ਗ੍ਰੰਥ ਸਾਹਿਬ’ ਨੂੰ ਗੁਰੂ ਥਾਪ ਕੇ ਸਦੀਵ ਸਮਿਆਂ ਵਾਸਤੇ ਸਿੱਖ ਨੂੰ ‘ਸ਼ਬਦ ਗੁਰੂ’ ਦੇ ਲੜ ਲਾ ਦਿੱਤਾ ਅਤੇ ਸਿੱਖ ਨੂੰ ਸ਼ਬਦ ਗੁਰੂ ਦੀ ਅਗਵਾਈ ਲੈਣ ਦੀ ਆਗਿਆ ਕੀਤੀ।