ਜੀਨ-ਯੁਕਤ ਫਸਲਾਂ ਬਾਰੇ ਖ਼ਦਸ਼ੇ ਅਤੇ ਹਕੀਕਤਾਂ

ਕਰਮ ਬਰਸਟ
ਖੇਤੀ ਜਿਣਸਾਂ ਅਤੇ ਇਸ ਨਾਲ ਜੁੜੀ ਖੁਰਾਕ ਸਨਅਤ ਵਿਚ ਸਮੇਂ ਸਮੇਂ `ਤੇ ਸੁਧਾਰ ਕਰ ਕੇ ਵਿਕਾਸ ਹੁੰਦਾ ਆਇਆ ਹੈ। ਹਰੇ ਇਨਕਲਾਬ ਦੀ ਤਕਨੀਕ ਤੋਂ ਪਹਿਲਾਂ ਦੀ ਖੇਤੀ ਵੱਲ ਨਜ਼ਰ ਮਾਰੀ ਜਾਵੇ ਤਾਂ ਮੰਡੀ ਲਈ ਵੇਚਣ ਲਈ ਤਾਂ ਕੀ ਬਚਣਾ ਸੀ, ਪਰਿਵਾਰ ਦਾ ਪੇਟ ਭਰਨਾ ਵੀ ਮੁਸ਼ਕਲ ਹੁੰਦਾ ਸੀ। ਸਰਦੇ ਪੁੱਜਦੇ ਘਰਾਂ ਵਿਚ ਕਣਕ ਦਾ ਆਟਾ ਮਹਿਮਾਨਾਂ ਲਈ ਹੀ ਵਰਤਿਆ ਜਾਂਦਾ ਸੀ ਨਹੀਂ ਤਾਂ ਟੱਬਰ ਦੇ ਜੀਆਂ ਲਈ ਬਾਜਰਾ, ਜੌਂਅ ਅਤੇ ਜਵਾਰ ਹੀ ਵਰਤੀ ਜਾਂਦੀ ਸੀ। ਹਰੇ ਇਨਕਲਾਬ ਤੋਂ ਬਾਅਦ ਕਣਕ ਤੇ ਝੋਨੇ ਦੀਆਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਆਈਆਂ। ਪੰਜਾਬ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਅਤੇ ਦੱਖਣੀ ਰਾਜਾਂ ਦੇ ਉਪਜਾਊ ਅਤੇ ਮਿੱਠੇ ਪਾਣੀ ਵਾਲੇ ਚੋਣਵੇਂ ਖ਼ਿੱਤਿਆਂ ਨੂੰ ਚੁਣ ਕੇ ਜਿਹੜੀ ਤਕਨੀਕ ਵਰਤੀ ਗਈ, ਉਸ ਨਾਲ ਨਾ ਕੇਵਲ ਭਾਰਤ ਆਤਮ-ਨਿਰਭਰ ਬਣਿਆ ਸਗੋਂ ਕਣਕ ਤੇ ਚੌਲ਼ਾਂ ਦੀ ਬਰਾਮਦ ਕਰਨ ਵਾਲਾ ਦੇਸ ਵੀ ਬਣ ਗਿਆ।

ਭਾਰਤ ਦੀ ਖੇਤੀ ਦਾ ਵਿਕਾਸ ਰਵਾਇਤੀ ਫਸਲਾਂ ਤੋਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਨਾਲ ਜੁੜਿਆ ਹੋਇਆ ਹੈ। ਨਵੀਆਂ ਕਿਸਮਾਂ ਨਾਲ ਜੁੜ ਕੇ ਪਾਣੀ ਦੀ ਕਿੱਲਤ, ਜ਼ਮੀਨ ਤੇ ਹਵਾ ਪਰਦੂਸ਼ਣ, ਜ਼ਮੀਨੀ ਸਿਹਤ ਵਿਚ ਨਿਘਾਰ ਤੋਂ ਇਲਾਵਾ ਖੇਤੀ ਖੇਤਰ ਵਿਚੋਂ ਕਾਸ਼ਤਕਾਰਾਂ ਅਤੇ ਮਜ਼ਦੂਰਾਂ ਦਾ ਨਿਕਾਸ ਵੀ ਹੋਇਆ। ਬੇਰੁਜ਼ਗਾਰੀ ਵਿਚ ਅਥਾਹ ਵਾਧਾ ਹੋਇਆ, ਕੰਮ ਦੇ ਮੌਕਿਆਂ ਅੰਦਰ ਬੇਹਿਸਾਬੀ ਕਟੌਤੀ ਹੋਈ ਅਤੇ ਵਿਹਲੜਪੁਣੇ ਦਾ ਰੁਝਾਨ ਵੀ ਵਧਿਆ। ਖੇਤੀ ਅੰਦਰ ਹੋਏ ਤੇਜ਼ ਵਿਕਾਸ ਦੇ ਮੁੱਢਲੇ ਦਹਾਕਿਆਂ ਅੰਦਰ ਪੇਂਡੂ ਖੇਤਰ ਵਿਚ ਗਿਣਨਯੋਗ ਖ਼ੁਸ਼ਹਾਲੀ ਆਈ। ਸਿਹਤ ਤੇ ਸਿੱਖਿਆ ਦਾ ਫੈਲਾਅ ਹੋਇਆ। ਇਸਦੇ ਨਾਲ ਹੀ ਪੰਜਾਬ ਅੰਦਰ ਸਰਕਾਰੀ ਸੇਵਾਵਾਂ ਖਾਸ ਕਰਕੇ ਸਿੱਖਿਆ, ਬਿਜਲੀ ਮਹਿਕਮਾ ਅਤੇ ਪੁਲੀਸ ਅੰਦਰ ਰੁਜ਼ਗਾਰ ਦੇ ਮੌਕੇ ਵੱਡੀ ਪੱਧਰ `ਤੇ ਪੈਦਾ ਹੋਣ ਨਾਲ ਚੰਗਾ ਚੋਖਾ ਮੱਧ ਵਰਗ ਹੋਂਦ ਵਿਚ ਆਇਆ ਹੈ।
ਹਰ ਨਵੀਂ ਤਕਨੀਕ, ਅੱਗੇ ਹੋਰ ਤਕਨੀਕ ਨੂੰ ਜਨਮ ਦਿੰਦੀ ਹੈ। ਵਧੇਰੇ ਝਾੜ ਵਾਲੀਆਂ ਫਸਲਾਂ ਜੋ ਅਕਸਰ ਦੋ ਜਾਂ ਬਹੁਤੀਆਂ ਫਸਲਾਂ ਦਾ ਮੇਲ-ਜੋਲ ਕਰਵਾ ਕੇ ਕੀਤੀ ਜਾਂਦੀ ਸੀ, ਉਸ ਦੀ ਜਗ੍ਹਾ `ਤੇ ਜੀਨ ਸੋਧੀਆਂ ਕਿਸਮਾਂ ਦਾ ਪਸਾਰਾ ਹੋਣ ਲੱਗ ਪਿਆ। ਜੀਨ ਸੋਧੇ ਬੀਜ ਭਾਵ ਜੈਨੇਟਿਕਲੀ ਮੋਡੀਫਾਈਡ (ਜੀ ਐਮ) ਬੀਜ ਖੇਤੀਬਾੜੀ ਫਸਲਾਂ ਦੇ ਉਤਪਾਦਨ ਵਿਚ ਅਗਲਾ ਮਹੱਤਵਪੂਰਨ ਕਦਮ ਹੈ। ਜੀਨ ਯੁਕਤ ਬੀਜ ਉਹ ਹੁੰਦੇ ਹਨ ਜਿਨ੍ਹਾਂ ਨੂੰ ਕੁੱਝ ਵੱਖਰੀਆਂ ਵਿਸ਼ੇਸ਼ਤਾਵਾਂ ਨੂੰ ਸ਼ਾਮਲ ਕਰਨ ਲਈ ਸੋਧਿਆ ਜਾਂਦਾ ਹੈ। ਪਰ ਜੀਨ-ਯੁਕਤ ਬੀਜਾਂ ਨੂੰ ਤਿਆਰ ਕਰਨ ਲਈ ਵਰਤਿਆ ਜਾਂਦਾ ਤਰੀਕਾ ਪਰੰਪਰਾਗਤ ਵਿਧੀ ਤੋਂ ਵੱਖਰਾ ਹੈ। ਹੁਣ ਜੀਨਾਂ ਨੂੰ ਕਰਾਸ-ਫਰਟੀਲਾਈਜ਼ੇਸ਼ਨ ਦੀਆਂ ਪੀੜ੍ਹੀਆਂ ਵਿਚ ਨਹੀਂ ਸੋਧਿਆ ਜਾਂਦਾ, ਸਗੋਂ ਕਿਸੇ ਹੋਰ ਬੀਜ ਦਾ ਜੀਨ ਸੋਧੇ ਜਾਣ ਵਾਲੇ ਬੀਜ ਦੇ ਡੀ ਐਨ ਏ ਵਿਚ ਪਾਇਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਪੈਦਾਵਾਰ ਦੀ ਇਹ ਵਿਧੀ ਵਧੇਰੇ ਕੁਸ਼ਲ, ਘੱਟ ਖਰਚੀਲੀ ਅਤੇ ਕਈ ਗੁਣਾ ਵੱਧ ਝਾੜ ਦੇਣ ਵਾਲੀ ਹੈ। ਇਸ ਤਕਨੀਕ ਦੇ ਆਲੋਚਕਾਂ ਦਾ ਤਰਕ ਹੈ ਕਿ ਇਹ ਮਨੁੱਖੀ ਸਿਹਤ, ਬਾਕੀ ਜੈਵਿਕ ਪ੍ਰਕਿਰਤੀ ਅਤੇ ਵਾਤਾਵਰਨ ਉਪਰ ਘਾਤਕ ਪ੍ਰਭਾਵ ਪਾਉਂਦੀ ਹੈ। ਸਿੱਟੇ ਵਜੋਂ, ਇਹ ਤਕਨਾਲੋਜੀ ਬਹੁਤ ਸਾਰੇ ਵਿਵਾਦਾਂ ਵਿਚ ਘਿਰ ਗਈ ਹੈ।
ਪੰਜਾਬ ਅੰਦਰ ਜੀਨ ਯੁਕਤ ਸਰੋ੍ਹਂ ਦੀ ਪ੍ਰੀਖਿਆ ਲਈ ਕੀਤੀ ਜਾਣ ਵਾਲੀ ਖੋਜ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਅਤੇ ਜੈਵਿਕ-ਖੇਤੀ ਤਕਨੀਕ ਨਾਲ ਜੁੜੇ ਖੋਜੀਆਂ ਤੇ ਮਾਹਿਰਾਂ ਨੇ ਕਾਫ਼ੀ ਇਤਰਾਜ਼ ਪ੍ਰਗਟ ਕੀਤੇ ਹਨ। ਸਿੱਟੇ ਵਜੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ 16 ਜਨਵਰੀ 2023 ਨੂੰ ਜੀਨ ਸੋਧਕ ਸਰੋ੍ਹਂ ਵਿਚ ਦਿਲਚਸਪੀ ਰੱਖਣ ਵਾਲੀਆਂ ਵੱਖ ਵੱਖ ਧਿਰਾਂ ਦੀ ਇਕ ਸਾਂਝੀ ਬੈਠਕ ਬੁਲਾ ਕੇ ਇਸ ਮਸਲੇ ਨੂੰ ਨਿਤਾਰਨ ਦੀ ਸ਼ਲਾਘਾਯੋਗ ਕੋਸ਼ਿਸ਼ ਕੀਤੀ ਹੈ। ਇਸ ਬੈਠਕ ਵਿਚ ਹੋਈ ਚਰਚਾ ਦਾ ਨਤੀਜਾ ਕੁੱਝ ਵੀ ਨਿਕਲੇ, ਪਰ ਕਿਸੇ ਮਸਲੇ ਨਾਲ ਬਾਵਾਸਤਾ ਰੱਖਦੀਆਂ ਧਿਰਾਂ ਨੂੰ ਮੰਚ ਮੁਹੱਈਆ ਕਰਵਾਉਣਾ ਜਮਹੂਰੀ ਪ੍ਰਬੰਧ ਨੂੰ ਤਕੜਾ ਕਰਨ ਲਈ ਸ਼ੁਭ ਸੁ਼ਰੂਆਤ ਹੈ।
ਸੰਸਾਰ ਪੱਧਰ `ਤੇ ਇਸ ਨਵੀਂ ਜੀਨ ਯੁਕਤ ਤਕਨੀਕ ਨੂੰ ਲੈ ਕੇ ਕਿਸਾਨਾਂ ਨੇ ਰਲਵਾਂ-ਮਿਲਵਾਂ ਹੁੰਗਾਰਾ ਭਰਿਆ ਹੈ। ਯੂਰਪ ਦੇ ਅਨੇਕਾਂ ਦੇਸ਼ਾਂ ਨੇ ਇਸ ਤਕਨੀਕ ਨੂੰ ਉੱਕਾ ਪੁਕਾ ਰੱਦ ਕਰਨ ਦਾ ਫੈਸਲਾ ਲਿਆ ਹੈ। ਇਸਦਾ ਇਕ ਕਾਰਨ ਇਸ ਤਕਨੀਕ ਦਾ ਪੇਟੈਂਟ ਅਮਕੀਕਾ ਦੀਆਂ ਮੋਨਸੈਂਟੋ ਵਰਗੀਆਂ ਵਿਸ਼ਾਲ ਕਾਰਪੋਰੇਸ਼ਨਾਂ ਦੇ ਹੱਥਾਂ ਵਿਚ ਹੈ। ਸੁਭਾਵਿਕ ਹੈ ਕਿ ਯੂਰਪੀ ਯੂਨੀਅਨ ਦੀ ਸਾਮਰਾਜੀ ਸਰਮਾਏਦਾਰੀ ਉਦੋਂ ਤੱਕ ਇਸਦੀ ਇਜਾਜ਼ਤ ਨਹੀਂ ਦੇਵੇਗੀ ਜਦੋਂ ਤੱਕ ਉਹ ਬਦਲਵੀਂ ਤਕਨੀਕ ਵਿਕਸਤ ਨਹੀਂ ਕਰ ਲੈਂਦੀ ਜਾਂ ਮੁਨਾਫ਼ੇ ਦੀ ਵੰਡ ਨੂੰ ਲੈ ਕੇ ਅਮਰੀਕਨ ਕੰਪਨੀਆਂ ਨਾਲ ਉਸਦਾ ਸਮਝੌਤਾ ਨਹੀਂ ਹੋ ਜਾਂਦਾ। ਉੱਤਰੀ ਅਮਰੀਕਾ ਅਤੇ ਭਾਰਤ ਸਮੇਤ ਤੀਜੀ ਦੁਨੀਆਂ ਦੀਆਂ ਬਹੁਤ ਸਾਰੀਆਂ ਸਰਕਾਰਾਂ ਨੇ ਇਸ ਤਕਨੀਕ ਨੂੰ ਅਪਣਾ ਲਿਆ ਹੈ। ਜੀਨ ਯੁਕਤ ਫਸਲਾਂ ਦੁਆਲੇ ਜੁੜੇ ਵਿਵਾਦਾਂ ਸਦਕਾ ਬਾਕੀ ਦੇਸ ਅਤੇ ਖੇਤੀ ਮਾਹਰ ਖੇਤੀਬਾੜੀ ਕਾਰਜਾਂ ਵਾਸਤੇ ਇਨ੍ਹਾਂ ਬੀਜਾਂ ਦੀ ਵਰਤੋਂ ਕਰਨ ਤੋਂ ਝਿਜਕ ਰਹੇ ਹਨ।
ਅਸਲ ਵਿਚ ਵਿਗਿਆਨਕ ਤਰੱਕੀ ਨੂੰ ਦੋ ਪੱਖਾਂ ਤੋਂ ਦੇਖਣ ਦੀ ਲੋੜ ਹੁੰਦੀ ਹੈ। ਪਹਿਲਾ, ਕੀ ਇਹ ਸੱਚੀਂ-ਮੁੱਚੀਂ ਵਿਕਾਸ ਨੂੰ ਅੱਗੇ ਲਿਆਉਣ ਵਾਲੀ ਹੈ ਜਾਂ ਨਹੀਂ? ਆਮ ਨਿਯਮ ਵਜੋਂ (ਜੰਗੀ ਹਥਿਆਰਾਂ ਨੂੰ ਛੱਡ ਕੇ) ਹਰੇਕ ਨਵੀਂ ਖੋਜ ਅਗਾਂਹਵਧੂ ਹੀ ਸਮਝੀ ਜਾਂਦੀ ਹੈ। ਅਗਲੀ ਗੱਲ ਹੈ ਕਿ ਨਵੀਂ ਤਕਨੀਕ ਸਮੁੱਚੀ ਮਨੁੱਖਤਾ ਦੇ ਭਲੇ ਲਈ ਵਰਤੀ ਜਾ ਰਹੀ ਹੈ ਜਾਂ ਕੁੱਝ ਮੁੱਠੀ ਭਰ ਸਰਮਾਏਦਾਰ ਅਤੇ ਵਿਕਸਿਤ ਦੇਸ਼ ਆਪਣੇ ਮੁਨਾਫ਼ੇ ਵਧਾਉਣ ਲਈ ਵਰਤ ਰਹੇ ਹਨ। ਜਦੋਂ ਨਵੀਂ ਤਕਨੀਕ ਵਿਚ ਮੁਨਾਫ਼ਾ ਪ੍ਰਧਾਨ ਹੋਵੇਗਾ ਤਾਂ ਲਾਲਚੀ ਸ਼ਕਤੀਆਂ ਦੀ ਮੁਨਾਫ਼ੇ ਦੀ ਹਵਸ ਕਾਰਨ ਮਨੁੱਖ, ਸਮਾਜ ਅਤੇ ਕੁਦਰਤ ਨਾਲ ਖਿਲਵਾੜ ਹੋਣਾ ਲਾਜ਼ਮੀ ਸ਼ਰਤ ਹੈ। ਨਵੀਆਂ ਫਸਲਾਂ ਬੀਜੀਆਂ ਜਾਣਗੀਆਂ, ਕਾਰਖਾਨੇ ਲੱਗਣਗੇ, ਹਵਾ ਤੇ ਪਾਣੀ ਵੀ ਦੂਸ਼ਿਤ ਹੋਣਗੇ। ਕੀ ਇਹਦੇ ਲਈ ਨਵੀਂ ਤਕਨੀਕ ਜਾਂ ਖੋਜ ਜ਼ਿੰਮੇਵਾਰ ਹੈ ਜਾਂ ਇਨ੍ਹਾਂ ਦੀ ਵਰਤੋਂ ਲਈ ਸੁਰੱਖਿਆ ਪ੍ਰਬੰਧਾਂ ਦੀ ਜਾਮਨੀ ਕਰਨ ਵਾਲੀਆਂ ਸਰਕਾਰਾਂ ਅਤੇ ਨਿਗਰਾਨ ਅਦਾਰੇ?
ਖੇਤੀ ਮਾਹਿਰਾਂ, ਵਾਤਾਵਰਨ ਪ੍ਰੇਮੀਆਂ ਅਤੇ ਕਿਸਾਨਾਂ ਨੂੰ ਜੀ ਐੱਮ ਬੀਜਾਂ ਦੀ ਵਰਤੋਂ ਦੇ ਫਾਇਦਿਆਂ ਅਤੇ ਨੁਕਸਾਨਾਂ ਦੋਵਾਂ ਦਾ ਹੀ ਮੁਲਾਂਕਣ ਕਰਨਾ ਹੋਵੇਗਾ। ਕਿਸੇ ਵੀ ਨਵੀਂ ਤਕਨੀਕ `ਤੇ ਅੰਨ੍ਹੇਵਾਹ ਪਾਬੰਦੀ ਹੋਰ ਖੋਜਾਂ ਨੂੰ ਨਿਰਉਤਸ਼ਾਹਤ ਕਰੇਗੀ। ਜੀਨ ਯੁਕਤ ਤਕਨੀਕ ਦੇ ਲਾਭਾਂ ਵਿਚ ਫਸਲਾਂ ਦੀ ਪੈਦਾਵਾਰ ਵਿਚ ਬੇਸੁ਼ਮਾਰ ਵਾਧਾ, ਕੀਟਨਾਸ਼ਕਾਂ ਅਤੇ ਨਦੀਨ ਨਾਸ਼ਕਾਂ ਦੀ ਵਰਤੋਂ ਵਿਚ ਕਮੀ ਅਤੇ ਵਧੀ ਹੋਈ ਪੈਦਾਵਾਰ ਕਾਰਨ ਵਾਧੂ ਮੁਨਾਫੇ ਸ਼ਾਮਲ ਹਨ। ਇਸ ਤਕਨਾਲੋਜੀ ਨੂੰ ਅਪਣਾਉਣ ਤੋਂ ਪਹਿਲਾਂ ਕਿਸਾਨਾਂ ਨੂੰ ਜਿਨ੍ਹਾਂ ਚਿੰਤਾਵਾਂ ਦਾ ਹੱਲ ਕਰਨਾ ਚਾਹੀਦਾ ਹੈ, ਉਨ੍ਹਾਂ ਵਿਚ ਕਿਸਾਨਾਂ ਅਤੇ ਬੀਜ ਕੰਪਨੀਆਂ ਵਿਚਕਾਰ ਨਿੱਜੀ ਇਕਰਾਰਨਾਮੇ, ਨਵੇਂ ਬੀਜਾਂ ਨਾਲ ਗੁਆਂਢੀ ਖੇਤ ਨੂੰ ਲੱਗਣ ਵਾਲੀ ਲਾਗ, ਤਕਨਾਲੋਜੀ ਦਾ ਵਾਤਾਵਰਨ ਉੱਤੇ ਪ੍ਰਭਾਵ ਅਤੇ ਜੀਨ ਸੋਧਕ ਫਸਲਾਂ ਲਈ ਮਾਰਕੀਟ ਤੱਕ ਰਸਾਈ ਅਤੇ ਖਪਤਕਾਰਾਂ ਦੀ ਫਿਕਰਮੰਦੀ ਸ਼ਾਮਲ ਹੈ।
ਇਸ ਗੱਲ ਵਿਚ ਕੋਈ ਰੱਟਾ ਨਹੀਂ ਕਿ ਜੀਨ ਯੁਕਤ ਬੀਜਾਂ ਨਾਲ ਫਸਲ ਦੀ ਪੈਦਾਵਾਰ ਖੇਤੀਬਾੜੀ ਵਿਚ ਅਥਾਹ ਵਾਧਾ ਹੁੰਦਾ ਹੈ। ਇਹ ਵੀ ਸੱਚ ਹੈ ਕਿ ਜੀਨ ਯੁਕਤ ਫਸਲਾਂ ਦੀ ਪੈਦਾਵਾਰ ਅਤੇ ਉਪਜ ਉਪਰ ਬਾਇਓਟੈਕਨਾਲੌਜੀ ਦੇ ਮਾੜੇ ਅਸਰਾਂ ਦੀ ਵਿਆਪਕ ਖੋਜ ਨਹੀਂ ਕੀਤੀ ਗਈ ਪਰੰਤੂ ਜੋ ਵੀ ਖੋਜ ਆਧਾਰਤ 1997 ਦੇ ਅੰਕੜੇ ਪ੍ਰਾਪਤ ਹਨ ਤਾਂ ਆਰਥਿਕ ਖੋਜ ਸੇਵਾ (ਓ੍ਰੰ) ਦੇ ਅਧਿਐਨ ਵਿਚ, ਫਸਲ ਦੀ ਵਧੀ ਹੋਈ ਪੈਦਾਵਾਰ ਨੂੰ ਸਵੀਕਾਰ ਕੀਤਾ ਗਿਆ ਹੈ। ਜੀਨ ਯੁਕਤ (ਜੀ ਐਮ) ਬੀਜਾਂ ਨੂੰ ਨਦੀਨਾਂ ਅਤੇ ਕੀਟਨਾਸ਼ਕਾਂ ਲਈ ਪਾਇਆ ਗਿਆ ਹੈ। ਕਪਾਹ ਅਤੇ ਸੋਇਆਬੀਨ ਦੀਆਂ ਬੀ.ਟੀ. ਫਸਲਾਂ ਦੀ ਪੈਦਾਵਾਰ ਵਿਚ ‘ਮਹੱਤਵਪੂਰਨ ਵਾਧਾ’ ਹੁੰਦਾ ਹੈ। ਆਇਓਵਾ ਸਟੇਟ ਯੂਨੀਵਰਸਿਟੀ ਦੇ ਇੱਕ ਹੋਰ ਅਧਿਐਨ ਵਿਚ ਪਾਇਆ ਗਿਆ ਹੈ ਕਿ ਬੀਟੀ ਫਸਲਾਂ ਗੈਰ-ਬੀਟੀ ਫਸਲਾਂ ਨਾਲੋਂ ਵੱਧ ਝਾੜ ਦਿੰਦੀਆਂ ਹਨ। ਯੂਨੀਵਰਸਿਟੀ ਨੇ 377 ਖੇਤਾਂ ਦਾ ਅਧਿਐਨ ਕਰਨ ਉਪਰੰਤ ਨੋਟ ਕੀਤਾ ਹੈ ਕਿ ਜੀ.ਐਮ ਬੀਜਾਂ ਨਾਲ ਉਗਾਈ ਗਈ ਮੱਕੀ ਦੀ ਫਸਲ ਪ੍ਰਤੀ ਖੇਤ ਵਿਚ 56 ਕੁਇੰਟਲ ਦੀ ਉਪਜ ਦਿੰਦੀਆਂ ਹਨ, ਜਦੋਂਕਿ ਗੈਰ-ਜੀ ਐਮ ਬੀਜਾਂ ਨਾਲ ਉਗਾਈਆਂ ਗਈਆਂ ਫਸਲਾਂ ਨੇ 51 ਕੁਇੰਟਲ ਪੈਦਾਵਾਰ ਦਿੱਤੀ।
ਈ.ਆਰ.ਐਸ. ਦੇ ਅਧਿਐਨ ਵਿਚ ਪਾਇਆ ਗਿਆ ਹੈ ਕਿ ਜਦੋਂ ਕਿਸਾਨਾਂ ਨੇ ਜੀ ਐਮ ਬੀਜਾਂ ਨੂੰ ਅਪਣਾਇਆ, ਤਾਂ ਨਦੀਨ ਨਾਸ਼ਕਾਂ ਦੀ ਵਰਤੋਂ ਕਾਫ਼ੀ ਘਟ ਗਈ ਹੈ। ਕੀਟਨਾਸ਼ਕਾਂ ਦੀ ਵਰਤੋਂ ਵਿਚ ਤਾਂ ਇਹ ਕਮੀ ਹੋਰ ਵੀ ਮਹੱਤਵਪੂਰਨ ਸੀ। ਜੜੀ-ਬੂਟੀਆਂ ਦੇ ਗਲਾਈਫੋਸੇਟ ਨੂੰ ਛੱਡ ਕੇ, ਜਿਸ ਲਈ ਖੋਜ ਵਿਚ ਮਹੱਤਵਪੂਰਨ ਵਾਧਾ ਹੋਇਆ ਹੈ, ਜੜੀ-ਬੂਟੀਆਂ ਦੀ ਵਰਤੋਂ ਵਿਚ ਇਹ ਕਮੀ ਵੀ ਮਹੱਤਵਪੂਰਨ ਸੀ। ਕਈ ਅਧਿਐਨਾਂ ਵਿਚ ਪੈਦਾਵਾਰ ਬਨਾਮ ਨਦੀਨ ਤੇ ਕੀਟ ਨਾਸ਼ਕਾਂ ਵਿਚ ਗਹਿਰਾ ਸੰਬੰਧ ਨਹੀਂ ਪਾਇਆ ਗਿਆ ਪਰੰਤੂ ਆਇਓਵਾ ਸਟੇਟ ਯੂਨੀਵਰਸਿਟੀ ਦੇ ਅਧਿਐਨ ਵਿਚ ਦਾਅਵਾ ਕੀਤਾ ਗਿਆ ਕਿ ਜੀ ਐਮ ਫਸਲਾਂ ਕਿਸਾਨਾਂ ਨੇ ਗੈਰ-ਜੀ ਐਮ ਫਸਲਾਂ `ਤੇ 18% ਅਤੇ ਜੀ ਐਮ ਫਸਲਾਂ `ਤੇ 12% ਕੀਟਨਾਸ਼ਕਾਂ ਦੀ ਵਰਤੋਂ ਕੀਤੀ।
ਪੱਛਮੀ ਯੂਨੀਵਰਸਿਟੀਆਂ ਦੇ ਅਧਿਐਨ ਦਰਸਾਉਂਦੇ ਹਨ ਕਿ ਜਿਨ੍ਹਾਂ ਕਿਸਾਨਾਂ ਨੇ ਜੀ ਐਮ ਬੀਜਾਂ ਨੂੰ ਅਪਣਾਇਆ ਤਾਂ ਉਨ੍ਹਾਂ ਨੇ ਸੋਇਆਬੀਨ ਦੀ ਫਸਲ ਦਾ ਪ੍ਰਤੀ ਏਕੜ ਔਸਤਨ 208.42 ਡਾਲਰ (ਕਰੀਬ 17056 ਰੁਪਏ) ਦਾ ਸ਼ੁੱਧ ਮੁੱਲ ਪੈਦਾ ਕੀਤਾ, ਜਦਕਿ ਹੋਰ ਫਸਲਾਂ ਨੇ 191.56 ਡਾਲਰ (15708 ਰੁਪਏ) ਪ੍ਰਤੀ ਏਕੜ ਸੁੱ਼ਧ ਮੁੱਲ ਪੈਦਾ ਕੀਤਾ। ਉੱਤਰੀ ਕੈਰੋਲੀਨਾ ਦੇ ਇੱਕ ਅਧਿਐਨ ਨੇ ਸੰਕੇਤ ਦਿੱਤਾ ਕਿ ਜੀ ਐਮ ਸੋਇਆਬੀਨ ਨੇ ਰਵਾਇਤੀ ਕਿਸਮਾਂ ਨਾਲੋਂ ਪ੍ਰਤੀ ਏਕੜ ਛੇ ਡਾਲਰ ਵੱਧ ਝਾੜ ਦਿੱਤਾ ਹੈ।
ਜੀ ਐਮ ਬੀਜਾਂ ਦਾ ਵਿਰੋਧ ਕਰਨ ਵਾਲੇ ਖੋਜੀਆਂ ਤੇ ਖੇਤੀ ਮਾਹਰਾਂ ਦੀਆਂ ਗੱਲਾਂ ਵੀ ਬਰਾਬਰ ਦੇ ਧਿਆਨ ਦੀ ਮੰਗ ਕਰਦੀਆਂ ਹਨ। ਉਨ੍ਹਾਂ ਦੀ ਚਿੰਤਾ ਹੈ ਕਿ ਜੀ ਐਮ ਬੀਜਾਂ ਦੀ ਵਰਤੋਂ ਨਾਲ “ਮਹਾਂਨਦੀਨ” ਜਾਂ “ਮਹਾਂਕੀਟ” ਪੈਦਾ ਹੋਣਗੇ, ਜੋ ਸਮੇਂ ਦੇ ਨਾਲ ਨਾਲ ਜੀ ਐਮ ਬੀਜਾਂ ਅਤੇ ਫਸਲਾਂ ਅਤੇ ਹੋਰ ਜੜੀ-ਬੂਟੀਆਂ ਅਤੇ ਕੀਟਨਾਸ਼ਕਾਂ ਪ੍ਰਤੀ ਰੋਧਕ (ਸਹਿਣਸ਼ੀਲ) ਬਣ ਜਾਂਦੇ ਹਨ। ਕੁਝ ਖੋਜਾਂ ਇਹ ਸੁਝਾਅ ਦਿੰਦੀਆਂ ਹਨ ਕਿ ਜੰਗਲੀ ਬੂਟੀ ਅਤੇ ਕੀੜੇ ਸੰਭਵ ਤੌਰ ‘ਤੇ ਰੋਧਕ ਜੀਵਾਂ ਵਿਚ ਵਿਕਸਤ ਹੋ ਸਕਦੇ ਹਨ।
ਇੱਕ ਤਾਜ਼ਾ ਅਧਿਐਨ ਨੇ ਬੀਟੀ ਫਸਲਾਂ ਲਈ ਕੀਟਨਾਸ਼ਕ ਸਪਰੇਅ ਦੀ ਵਰਤੋਂ ਮਗਰੋਂ ਕੀੜਿਆਂ ਦੀ ਦਵਾਈ ਪ੍ਰਤੀ ਘਟੀ ਹੋਈ ਸੰਵੇਦਨਸ਼ੀਲਤਾ ਦਾ ਦਸਤਾਵੇਜ਼ੀਕਰਨ ਕੀਤਾ ਹੈ। ਜੀ ਐਮ ਬੀਜਾਂ ਦੇ ਪ੍ਰਤੀਰੋਧਕ ਕੀੜਿਆਂ ਦੇ ਵਿਕਾਸ ਨੂੰ ਰੋਕਣ ਲਈ ਵਿਕਸਿਤ ਕੀਤੀ ਗਈ ਇੱਕ ਵਿਸ਼ੇਸ਼ ਰਣਨੀਤੀ ਨੂੰ ‘ਸ਼ਰਨਾਰਥੀ ਖੇਤਰ’ ਕਿਹਾ ਜਾਂਦਾ ਹੈ। ਇਹ ਖੇਤਰ ਗੈਰ-ਜੀ ਐਮ ਫਸਲਾਂ ਨਾਲ ਬੀਜੀਆਂ ਜ਼ਮੀਨਾਂ ਦੇ ਨਾਲ ਲੱਗਦੇ ਟੁਕੜੇ ਹਨ, ਜੋ ਕੀੜਿਆਂ ਦੇ ਪਲਣ ਲਈ ਪਨਾਹਗਾਰ ਵਜੋਂ ਕੰਮ ਕਰਦੇ ਹਨ। ਇਨ੍ਹਾਂ ਖੇਤਰਾਂ ਵਿਚ ਰਹਿੰਦੇ ਕੀੜੇ-ਮਕੌੜੇ ਪਰਵਾਸ ਕਰਦੇ ਰਹਿੰਦੇ ਹਨ ਅਤੇ ਆਪਣੀ ਨਸਲ ਵਿਚ ਵਾਧਾ ਕਰਦੇ ਹਨ। ਦਾਅਵਾ ਕੀਤਾ ਜਾਂਦਾ ਹੈ ਕਿ ‘ਪਨਾਹਗੀਰ’ ਜ਼ੋਨ ਵੱਲੋਂ ਕੀੜਿਆਂ ਦੇ ਖਾਣ ਲਈ ਕਾਫ਼ੀ ਰਾਸ਼ਨ ਪੈਦਾ ਕਰ ਦਿੱਤਾ ਜਾਂਦਾ ਹੈ, ਇਸ ਲਈ ਜੀ ਐਮ ਫਸਲਾਂ ਪ੍ਰਤੀ ਕੀੜਿਆਂ ਨੂੰ ਰੋਧਕ ਬਣਨ ਦੀ ਕੋਈ ਲੋੜ ਨਹੀਂ ਹੈ, ਅਤੇ ਇਸ ਤਰ੍ਹਾਂ ਫਸਲ ਦਾ ਇਕ ਵੱਡਾ ਹਿੱਸਾ ਸੁਰੱਖਿਅਤ ਰਹਿ ਜਾਂਦਾ ਹੈ। ਜੀ ਐਮ ਫਸਲਾਂ ਵੱਲੋਂ ਗੈਰ ਜੀ ਐਮ ਫਸਲ ਦੇ ਬੀਜਾਂ ਲਈ ਸੰਭਾਵਤ ਪਰ-ਪਰਾਗਣ ਕਿਸਾਨਾਂ ਲਈ ਇਕ ਚਿੰਤਾ ਦਾ ਵਿਸ਼ਾ ਹੈ, ਖਾਸਕਰ ਉਨ੍ਹਾਂ ਕਿਸਾਨਾਂ ਲਈ ਜੋ ਆਪਣੀਆਂ ਫਸਲਾਂ ਨੂੰ ਗੈਰ-ਜੀ ਐਮ ਜਾਂ ਜੈਵਿਕ ਫਸਲਾਂ ਦੇ ਰੂਪ ਵਿਚ ਤਿਆਰ ਕਰਦੇ ਹਨ।
ਜੀ ਐਮ ਬੀਜਾਂ ਦੇ ਆਲੋਚਕਾਂ ਦਾ ਇਲਜ਼ਾਮ ਹੈ ਕਿ ਬੀਜ ਪੈਦਾ ਕਰਨ ਵਾਲੀਆਂ ਕਾਰਪੋਰੇਸ਼ਨਾਂ ਜੀ ਐਮ ਉਤਪਾਦਾਂ ਦਾ ਮਨੁੱਖੀ ਸਿਹਤ ‘ਤੇ ਪੈਣ ਵਾਲੇ ਉਪਰ ਪਰਦਾ ਪਾਉਂਦੀਆਂ ਹਨ। ਉਨ੍ਹਾਂ ਦਾ ਤਰਕ ਹੈ ਕਿ ਸਿਹਤ ਲਈ ਸਭ ਤੋਂ ਵੱਡਾ ਖਤਰਾ ਜੀ.ਐਮ. ਭੋਜਨ ਸਪਲਾਈ ਵਿਚ ਅਣਜਾਣ ਐਲਰਜੀਨਾਂ ਦੀ ਮੌਜੂਦਗੀ ਹੈ। ਇਸ ਗੱਲ ਦੇ ਸਬੂਤ ਮਿਲਦੇ ਹਨ ਕਿ ਐਲਰਜੀਨ ਪ੍ਰਤੀ ਪ੍ਰਤੀਕਿਰਿਆ ਕਰਨ ਵਾਲੇ ਮਨੁੱਖ ਉਸ ਐਲਰਜੀਨ ਪ੍ਰਤੀ ਵੀ ਉਸੇ ਤਰ੍ਹਾਂ ਦੀ ਪ੍ਰਤੀਕਿਰਿਆ ਕਰਨਗੇ ਜਦੋਂ ਇਹ ਕਿਸੇ ਹੋਰ ਜੀਵ ਨਾਲ ਤਬਦੀਲ ਕੀਤਾ ਜਾਂਦਾ ਹੈ।
ਕੁੱਲ ਮਿਲਾ ਕੇ, ਇਸ ਗੱਲ ਦੇ ਬਹੁਤ ਘੱਟ ਸਬੂਤ ਹਨ ਕਿ ਜੀ.ਐਮ. ਫਸਲਾਂ ਖਪਤਕਾਰਾਂ ਲਈ ਇਕ ਮਹੱਤਵਪੂਰਨ ਸਿਹਤ ਖਤਰਾ ਪੈਦਾ ਕਰਦੀਆਂ ਹਨ। ਰੋਗ ਨਿਯੰਤਰਣ ਕੇਂਦਰਾਂ ਨੇ ਹਾਲ ਹੀ ਵਿਚ ਇਕ ਅਧਿਐਨ ਤੋਂ ਸਿੱਟਾ ਕੱਢਿਆ ਹੈ ਜਿਸ ਵਿਚ ਜੀ ਐਮ ਉਤਪਾਦਾਂ ਅਤੇ ਐਲਰਜੀ ਵਾਲੀਆਂ ਪ੍ਰਤੀਕਿਰਿਆਵਾਂ ਵਾਲੇ ਕਥਿਤ ਪ੍ਰੋਸੈੱਸਡ ਭੋਜਨ ਵਿਚਕਾਰ ਕੋਈ ਸਬੰਧ ਨਹੀਂ ਮਿਲਿਆ। ਇਸ ਤੋਂ ਇਲਾਵਾ, ਜੀ.ਐਮ ਸਨਅਤ ਦੇ ਜ਼ਿਆਦਾਤਰ ਘੋਖੀਆਂ ਦਾ ਮੰਨਣਾ ਹੈ ਕਿ ਘਰੇਲੂ ਬਾਜ਼ਾਰ ਨੇ ਜੀ.ਐਮ ਉਤਪਾਦਾਂ ਦੀ ਸਾਲਾਂਬੱਧੀ ਖਪਤ ਕੀਤੀ ਹੈ ਪਰੰਤੂ ਹੁਣ ਤੱਕ, ਸਿਹਤ `ਤੇ ਕੋਈ ਮਾੜੇ ਪ੍ਰਭਾਵ ਉਜਾਗਰ ਨਹੀਂ ਹੋਏ ਹਨ।
ਮੋਟੇ ਤੌਰ `ਤੇ ਸਿੱਟਾ ਇਹ ਹੈ ਕਿ ਜੀਨ ਯੁਕਤ ਤਕਨੀਕ ਨੂੰ ਨਾ ਤਾਂ ਪੂਰੇ ਪੈਮਾਨੇ `ਤੇ ਅਪਨਾਉਣਾ ਅਤੇ ਨਾ ਹੀ ਪੂਰੀ ਤਰ੍ਹਾਂ ਰੱਦ ਕਰਨਾ ਚਾਹੀਦਾ ਹੈ। ਇਹ ਤਕਨੀਕ ਉਨ੍ਹਾਂ ਕਿਸਾਨਾਂ ਲਈ ਵਧੇਰੇ ਢੁਕਵੀਂ ਹੋ ਸਕਦੀ ਹੈ, ਜਿਨ੍ਹਾਂ ਨੂੰ ਕੀਟਨਾਸ਼ਕਾਂ ਅਤੇ ਜੜੀ-ਬੂਟੀਆਂ ਦੇ ਛਿੜਕਾਅ ਕਰਨ ਵਿਚ ਮੁਸ਼ਕਲ ਆਉਂਦੀ ਹੈ। ਇਹ ਬੀਜ ਉਪਜਾਊ ਖੇਤੀ ਵਾਲੀਆਂ ਵੱਡੀਆਂ ਜੋਤਾਂ ਵਿਚ ਵਧੀਆ ਕੰਮ ਕਰ ਸਕਦੇ ਹਨ, ਜਿੱਥੇ ਲਾਗ ਦਾ ਘੱਟ ਖਤਰਾ ਹੈ। ਇਹ ਉਨ੍ਹਾਂ ਖੇਤਾਂ ਲਈ ਵੀ ਸਹਾਈ ਹੋ ਸਕਦੇ ਹਨ ਜੋ ਟਰੈਕਟਰਾਂ ਦੀ ਪਹੁੰਚ ਤੋਂ ਬਾਹਰ ਹਨ ਜਾਂ ਜਲ ਸਰੋਤਾਂ ਦੇ ਨੇੜੇ ਹਨ, ਜਾਂ ਉਨ੍ਹਾਂ ਥਾਵਾਂ ‘ਤੇ ਜਿੱਥੇ ਹਵਾ ਤੇਜ਼ ਨਹੀਂ ਵਗਦੀ।
ਇਸ ਦੇ ਉਲਟ, ਘੰ ਬੀਜ ਉਨ੍ਹਾਂ ਕਿਸਾਨਾਂ ਲਈ ਘੱਟ ਢੁਕਵੇਂ ਹੋ ਸਕਦੇ ਹਨ, ਜੋ ਖਾਸ ਤੌਰ ‘ਤੇ ਪੱਕੀ ਮੰਡੀ `ਤੇ ਭਰੋਸਾ ਕਰਦੇ ਹਨ। ਵੱਡੀਆਂ ਜਾਂ ਵਿਦੇਸ਼ੀ ਮੰਡੀਆਂ ਇਕ ਵੱਡਾ ਜੋਖਮ ਹਨ ਜੋ ਭਾਰਤ ਵਰਗੇ ਛੋਟੇ ਕਿਸਾਨਾਂ ਲਈ ਕਿਸੇ ਤਰ੍ਹਾਂ ਵੀ ਮੁਆਫ਼ਕ ਨਹੀਂ ਹੋ ਸਕਦੀਆਂ।
ਫੇਰ ਵੀ ਪੰਜਾਬ ਸਰਕਾਰ ਨੂੰ ਜੀਨ-ਯੁਕਤ ਸਰ੍ਹੋਂ ਜਾਂ ਹੋਰ ਫਸਲਾਂ ਦੇ ਪਰੀਖਣ ਕਰਨ ਦੀ ਇਜਾਜ਼ਤ ਦੇਣ ਤੋਂ ਪਹਿਲਾਂ ਇਨ੍ਹਾਂ ਬੀਜਾਂ ਦੇ ਚੰਗੇ ਜਾਂ ਮੰਦੇ ਅਸਰਾਂ ਦਾ ਵਿਆਪਕ ਮੁਲਾਂਕਣ ਕਰਵਾ ਲੈਣਾ ਚਾਹੀਦਾ ਹੈ। ਕਿਸਾਨਾਂ ਨੂੰ ਵਾਜਬ ਤਰੀਕੇ ਨਾਲ ਭਰੋਸੇ ਵਿਚ ਲੈ ਕੇ ਹੀ ਜੀ.ਐਮ. ਬੀਜਾਂ ਬਾਰੇ ਕਾਹਲ਼ੀ ਨਾਲ ਕੋਈ ਫੈਸਲਾ ਕਰਨ ਦੀ ਬਜਾਏ ਸਾਰੀਆਂ ਸਬੰਧਤ ਧਿਰਾਂ ਦੇ ਖ਼ਦਸ਼ੇ ਦੂਰ ਕਰਨ ਦੀ ਲੋੜ ਹੈ।