ਪੰਜਾਬ ਵਿਚ ਕਮਿਊਨਿਸਟ ਧਿਰਾਂ ਅਤੇ ਸਿੱਖ ਵਿਦਵਾਨਾਂ ਦੀ ਪਹੁੰਚ ਦੇ ਮਸਲੇ

‘ਸਾਕਾ ਨੀਲਾ ਤਾਰਾ’ ਦੇ ਦੁਖਾਂਤ ਦੇ ਵੱਖ-ਵੱਖ ਪੱਖਾਂ ਬਾਰੇ ਕਈ ਕੁਝ ਸਾਹਮਣੇ ਆ ਚੁੱਕਾ ਹੈ। ਉਸ ਸਮੇਂ ਦੇ ਪੰਜਾਬ ਦੇ ਗਵਰਨਰ ਬੀ.ਡੀ. ਪਾਂਡੇ, ਅੰਮ੍ਰਿਤਸਰ ਦੇ ਉਸ ਸਮੇਂ ਰਹੇ ਡਿਪਟੀ ਕਮਿਸ਼ਨਰ ਸ. ਰਮੇਸ਼ਇੰਦਰ ਸਿੰਘ, ‘ਰਾਅ’ ਦੇ ਸੀਨੀਅਰ ਅਧਿਕਾਰੀ ਜੀ.ਬੀ.ਐਸ. ਸਿੱਧੂ ਸਮੇਤ ਅਨੇਕਾਂ ਲਿਖਾਰੀਆਂ ਅਤੇ ਪੱਤਰਕਾਰਾਂ ਦੀਆਂ ਪੁਸਤਕਾਂ ਛਪ ਚੁੱਕੀਆਂ ਹਨ ਪਰ ਇਹ ਬਹਿਸ ਅਜੇ ਤੱਕ ਜਾਰੀ ਹੈ। ਇਸ ਪ੍ਰਥਾਏ ਸ. ਹਰਚਰਨ ਸਿੰਘ ਪ੍ਰਹਾਰ ਨੇ ਉਸ ਦੌਰ ਵਿਚ ਕਮਿਊਨਿਸਟਾਂ ਦੀ ਭੂਮਿਕਾ ਸਬੰਧੀ ਵਿਵਾਦ ਬਾਰੇ ਆਪਣਾ ਲੇਖ ਭੇਜਿਆ ਹੈ। ਲੇਖ ਵਿਚ ਪ੍ਰਗਟ ਵਿਚਾਰਾਂ ਨਾਲ ਸਾਡੀ ਸਹਿਮਤੀ ਹੋਵੇ, ਇਹ ਜ਼ਰੂਰੀ ਨਹੀਂ; ਉਂਝ, ਇਸ ਮਸਲੇ ‘ਤੇ ਆਉਣ ਵਾਲੇ ਵਿਚਾਰਾਂ ਦਾ ਸਵਾਗਤ ਕੀਤਾ ਜਾਵੇਗਾ।

ਹਰਚਰਨ ਸਿੰਘ ਪ੍ਰਹਾਰ
ਫੋਨ: 403-681-8689
‘ਪੰਜਾਬ ਮਸਲਾ’ ਭਾਰਤ ਵਿਚ ਸਿੱਖ ਹੱਕਾਂ/ਹਿੱਤਾਂ ਦੇ ਸਵਾਲ ਨੂੰ ਲੈ ਕੇ ਪਿਛਲੇ 70-75 ਵਰ੍ਹਿਆਂ ਤੋਂ ਕਸ਼ਮੀਰ ਜਾਂ ਫਲਸਤੀਨ ਦੇ ਮੁੱਦੇ ਵਾਂਗ ਹੀ ਨਿਰੰਤਰ ਕਲੇਸ਼ ਅਤੇ ਵਾਦ-ਵਿਵਾਦ ਦਾ ਕੇਂਦਰ ਬਣਿਆ ਹੋਇਆ ਹੈ। ਸਿੱਖ ਹਲਕਿਆਂ ਅੰਦਰ ਰਵਾਇਤੀ ਤੌਰ ‘ਤੇ ਗਰਮ-ਖਿਆਲ ਧਿਰਾਂ ਇਸ ਮਸਲੇ ਨੂੰ ਖੜ੍ਹਾ ਕਰਨ ਜਾਂ ਉਲਝਾਉਣ ਲਈ ਸਾਰੀ ਜ਼ਿੰਮੇਵਾਰੀ ਕਥਿਤ ਤੌਰ ‘ਤੇ ਦੇਸ਼ ਦੇ ਬਹੁ-ਗਿਣਤੀ ਭਾਈਚਾਰੇ ਦੀ ਨੁਮਾਇੰਦਗੀ ਕਰਦੀਆਂ ਕੇਂਦਰੀ ਸਰਕਾਰਾਂ ਸਿਰ ਮੜ੍ਹਦੀਆਂ ਰਹੀਆਂ ਹਨ ਪਰ ਕਾਮਰੇਡੀ ਛੱਡ ਕੇ ਸਿੱਖ ਚਿੰਤਕ ਬਣੇੇ ਸ. ਅਜਮੇਰ ਸਿੰਘ ਅਤੇ ਸ. ਗੁਰਬਚਨ ਸਿੰਘ ਨੇ ਆਪਣੀਆਂ ਕਿਤਾਬਾਂ, ਯੂਟਿਊਬ ਪ੍ਰਵਚਨਾਂ ਤੇ ਸੋਸ਼ਲ ਮੀਡੀਆ ਰਾਹੀਂ ਭਾਰਤੀ ਹਾਕਮਾਂ ਤੋਂ ਵੀ ਵੱਧ ਇਸ ਸਾਰੇ ਮਸਲੇ ਲਈ ਕਾਮਰੇਡ, ਸੈਕੂਲਰ ਤੇ ਉਦਾਰਵਾਦੀ ਧਿਰਾਂ ਨੂੰ ਦੋਸ਼ੀ ਗਰਦਾਨਣਾ ਸ਼ੁਰੂ ਕੀਤਾ ਹੋਇਆ ਹੈ। ਉਂਝ, ਇਨ੍ਹਾਂ ਦੀਆਂ ਗੱਲਾਂ ਤੋਂ ਸਪਸ਼ਟ ਨਹੀਂ ਹੁੰਦਾ ਕਿ ਜੇ ਕਾਮਰੇਡਾਂ ਨੇ ਗਦਾਰੀ ਕੀਤੀ ਹੈ ਤਾਂ ਇਨ੍ਹਾਂ ਦਾ ਇਹ ਮਸਲੇ ਹੱਲ ਕਰਨ ਵਿਚ ਆਪਣਾ ਯੋਗਦਾਨ ਕੀ ਰਿਹਾ ਹੈ? ਕੀ ਇਨ੍ਹਾਂ ਵਿਦਵਾਨਾਂ ਨੂੰ ਪੰਜਾਬ ਦੇ ਲੋਕ ਮਸਲਿਆਂ, ਨਿੱਘਰ ਰਹੀ ਸਿਆਸਤ, ਬੌਧਿਕ ਕੰਗਾਲੀ, ਬੇਰੁਜ਼ਗਾਰੀ, ਕਰਜ਼ੇ, ਮੰਦਹਾਲੀ, ਭ੍ਰਿਸ਼ਟਾਚਾਰ, ਨਸ਼ੇ, ਸਿੱਖਾਂ ਦਾ ਵਿਦੇਸ਼ਾਂ ਨੂੰ ਪਰਵਾਸ, ਪ੍ਰਦੂਸ਼ਤ ਹੋ ਰਹੇ ਪਾਣੀ ਤੇ ਵਾਤਾਵਰਨ ਆਦਿ ਦੇ ਕਾਰਨ ਲੱਭਣ ਜਾਂ ਕੋਈ ਹੱਲ ਸੁਝਾਉਣ ਲਈ ਉਪਰਾਲਾ ਨਹੀਂ ਕਰਨਾ ਚਾਹੀਦਾ? ਪੰਜਾਬ ਦੇ ਲੋਕ ਮੁੱਦੇ ਵਿਸਾਰ ਕੇ ਸਿਰਫ ਸਿੱਖਾਂ ਦੇ ਧਾਰਮਿਕ ਮੁੱਦਿਆਂ ਤੇ ਸਿਆਸੀ ਅਕਾਂਖਿਆਵਾਂ ‘ਤੇ ਹੀ ਪ੍ਰਵਚਨ ਕਰੀ ਜਾਣ ਅਤੇ ਵਿਤਕਰਿਆਂ ਦੇ ਬਿਰਤਾਂਤ ਸਿਰਜੀ ਜਾਣ ਨਾਲ ਕਿੰਨੇ ਕੁ ਸਾਰਥਿਕ ਸਿੱਟੇ ਨਿਕਲ ਸਕਦੇ ਹਨ? ਕੀ ਇਨ੍ਹਾਂ ਨੂੰ ਪੰਜਾਬ ਦੇ ਅਸਲ ਮੁੱਦਿਆਂ ਦੇ ਕਾਰਨ ਲੱਭਣ ਲਈ ਕੋਈ ਉਪਰਾਲਾ ਨਹੀਂ ਕਰਨਾ ਚਾਹੀਦਾ? ਪੰਜਾਬ 3 ਲੱਖ ਕਰੋੜ ਦੇ ਕਰਜ਼ੇ ਕਾਰਨ ਦੀਵਾਲੀਆ ਹੋਣ ਕਿਨਾਰੇ ਹੈ। ਪੰਜਾਬ ਸਰਕਾਰ ਦੀ ਆਮਦਨ ਇਸ ਵਕਤ 90 ਹਜ਼ਾਰ ਕਰੋੜ ਅਤੇ ਖਰਚੇ 1 ਲੱਖ 55 ਕਰੋੜ ਹਨ; ਹਾਲਾਤ ਪਾਕਿਸਤਾਨ ਜਾਂ ਸ੍ਰੀਲੰਕਾ ਤੋਂ ਵੀ ਭੈੜੇ ਹਨ। ਕੀ ਅਜਿਹੇ ਬਦਤਰ ਹਾਲਾਤ ਵਿਚ ਪੰਜਾਬ ਦੀਆਂ ਇਨ੍ਹਾਂ ਵਾਰਿਸ ਧਿਰਾਂ ਦੇ ਏਜੰਡੇ ‘ਤੇ ਪੰਜਾਬ ਦੇ ਅਜਿਹੇ ਗੰਭੀਰ ਮੁੱਦੇ ਪ੍ਰਮੁੱਖ ਨਹੀਂ ਹੋਣੇ ਚਾਹੀਦੇ?
ਪਿਛੇ ਜਿਹੇ ਸਿੱਖ ਵਿਦਵਾਨ ਸ. ਗੁਰਬਚਨ ਸਿੰਘ ਨੇ ਪੰਜਾਬ ਦੇ ਕਾਮਰੇਡਾਂ ਦਾ ਮਜ਼ਾਕ ਉਡਾਉਣ ਲਈ ਰੂਸੀ ਲੇਖਕ ਗੋਰਕੀ ਦੀ ਬੜੀ ਵਿਅੰਗਾਤਮਕ ਤੇ ਰੌਚਕ ਪੋਸਟ ਸ਼ੇਅਰ ਕੀਤੀ ਹੈ: ‘ਰੂਸੀ ਲੇਖਕ ਮੈਕਸਿਮ ਗੋਰਕੀ ਦੀ ਪੰਜਾਬ ਦੇ ‘ਕਾਮਰੇਡੀ’ ਸਾਹਿਤ ਉਤੇ ਬਹੁਤ ਖੂਬਸੂਰਤ ਟਿੱਪਣੀ: ‘ਇਕ ਦਿਨ ਚੈਖੋਵ ਮੂਹਰੇ ਕੋਈ ਸ਼ਿਕਾਇਤ ਕਰ ਰਿਹਾ ਸੀ ਕਿ ਭਾਰੀ-ਭਾਰੀ ਰਸਾਲਿਆਂ ਦੇ ‘ਗੰਭੀਰ’ ਲੇਖ ਕਿੰਨੇ ਬੋਰ ਕਰਨ ਵਾਲੇ ਹੁੰਦੇ ਹਨ।’ ‘ਤੁਸੀਂ ਅਜਿਹੇ ਲੇਖ ਪੜ੍ਹੋ ਹੀ ਨਾ’, ਚੈਖੋਵ ਨੇ ਪੂਰੇ ਭਰੋਸੇ ਨਾਲ ਆਖਿਆ। ‘ਇਹ ਤਾਂ ਮਿੱਤਰਾਂ ਦਾ ਸਾਹਿਤ ਹੈ। ਇੱਕ ਲਿਖਦੈ, ਦੂਜਾ ਆਲੋਚਨਾ ਕਰਦੈ ਤੇ ਤੀਜਾ ਉਨ੍ਹਾਂ ਦੋਹਾਂ ਦੀ ਬਹਿਸ ਦਾ ਨਿਪਟਾਰਾ ਕਰਦੈ; ਪਾਠਕ ਨੂੰ ਇਸ ਦੀ ਕੀ ਲੋੜ ਹੈ, ਕੋਈ ਨਹੀਂ ਜਾਣਦਾ।’
‘ਕਾਮਰੇਡਾਂ ਵਲੋਂ ਸਰਕਾਰੀ ਹਥਿਆਰਾਂ ਦੀ ਮੰਗ’ ਸਿਰਲੇਖ ਹੇਠਲੀ ਉਨ੍ਹਾਂ ਦੀ ਇਸ ਤੋਂ ਵੀ ਵਾਢਵੀਂ ਇੱਕ ਹੋਰ ਪੋਸਟ ਇਸ ਪ੍ਰਕਾਰ ਹੈ: ‘ਉਗਰਾਹਾਂ ਜਥੇਬੰਦੀ ਲਈ ਹੁਣ ਇਸ ਦੀ ‘ਸਵੈ-ਰੱਖਿਆ’ ਨੂੰ ਜਿਹੜਾ ਖਤਰਾ ਖੜ੍ਹਾ ਹੋਇਆ ਹੈ, ਉਹ ਇਸ ਦਾ ਖੁਦ ਸਹੇੜਿਆ ਹੋਇਆ ਹੈ। ਜਦੋਂ ਇਸ ਖਤਰੇ ਦੀਆਂ ਸੰਭਾਵਨਾਵਾਂ ਸਾਹਮਣੇ ਆਈਆਂ ਤਾਂ ਇਹ ਧੁਰ ਅੰਦਰੋਂ ਕੰਬ ਉਠੀ। ਉਗਰਾਹਾਂ ਨੇ ਅੰਮ੍ਰਿਤਪਾਲ ਦੀ ਪੰਜਾਬ ਦੇ ਸਿਆਸੀ ਰੰਗ-ਮੰਚ ਉਤੇ ਆਮਦ ਪ੍ਰਤੀ ਜੋ ਲਫਜ਼ ਬੋਲੇ ਸਨ, ਉਹ ਸਿਆਸੀ ਸ਼ਬਦਾਵਲੀ ਨਹੀਂ ਸੀ।’ ਸਮਝੋ ਕਿ ਕਾਮਰੇਡ ਜੋਗਿੰਦਰ ਸਿੰਘ ਉਗਰਾਹਾਂ ਆਪਣੇ ਇੱਕ ਭਾਸ਼ਨ ਵਿਚ ਭਾਈ ਅੰਮ੍ਰਿਤਪਾਲ ਸਿੰਘ ਨੂੰ ‘ਛੋਕਰਾ’ ਤਾਂ ਕੀ ਕਹਿ ਬੈਠਾ, ਸ. ਗੁਰਬਚਨ ਸਿੰਘ ਅਨੁਸਾਰ ਫਿਰ ਉਸ ਨੂੰ ਇਸ ਤੋਂ ਨਿਕਲਣ ਵਾਲ਼ੇ ਸੰਭਾਵੀ ਸਿੱਟਿਆਂ ਬਾਰੇ ਸੋਚ ਕੇ ਕਾਂਬਾ ਛਿੜ ਪਿਆ ਤੇ ਉਸ ਨੇ ਹਥਿਆਰਾਂ ਦੀ ਮੰਗ ਸ਼ੁਰੂ ਕਰ ਦਿੱਤੀ।
ਇਸੇ ਪੋਸਟ ਵਿਚ ਅੱਗੇ ਲਿਖਦੇ ਹਨ: ‘ਪੰਜਾਬ ਦੇ ‘ਕਾਮਰੇਡ’ ਇੱਕ ਵਾਰ ਫਿਰ ਉਹੀ ਗਲਤੀ ਕਰ ਰਹੇ ਹਨ ਜਿਹੜੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੇਲੇ ਕੀਤੀ ਸੀ। ਉਦੋਂ ਵੀ ਉਹ ਸਰਕਾਰ ਤੋਂ ਦੂਰੀ ਬਣਾ ਕੇ ਸੰਤ ਭਿੰਡਰਾਂਵਾਲਿਆ ਦੀ ਲਹਿਰ ਨਾਲ ਹਾਂ-ਪੱਖੀ ਸੰਵਾਦ ਰਚਾਉਣ ਦੀ ਬਜਾਇ ਸਰਕਾਰੀ ਪੈਂਤੜੇ ਉਤੇ ਖੜ੍ਹ ਕੇ ਉਨ੍ਹਾਂ ਦਾ ਅੰਨ੍ਹਾ ਵਿਰੋਧ ਕਰਨ ਦੇ ਰਾਹ ਪੈ ਗਏ ਸਨ ਅਤੇ ਹੁਣ ਫਿਰ ਉਹ ਭਾਈ ਅੰਮ੍ਰਿਤਪਾਲ ਸਿੰਘ ਦਾ ਉਸੇ ਪੈਂਤੜੇ ਉਤੇ ਖੜ੍ਹ ਕੇ ਵਿਰੋਧ ਕਰ ਰਹੇ ਹਨ।’
ਸਮਝ ਨਹੀਂ ਆਉਂਦੀ ਕਿ ਸ. ਗੁਰਬਚਨ ਸਿੰਘ ਤੇ ਉਨ੍ਹਾਂ ਦਾ ਪੁਰਾਣਾ ਸਾਥੀ ਸ. ਅਜਮੇਰ ਸਿੰਘ, ਕਾਮਰੇਡ ਉਗਰਾਹਾਂ ਤੇ ਉਸ ਦੀ ਜਥੇਬੰਦੀ ਤੋਂ ਇਤਨੇ ਤਪੇ ਹੋਏ ਕਿਉਂ ਹਨ? ਦਿੱਲੀ ਦੀਆਂ ਬਰੂਹਾਂ ‘ਤੇ ਚੱਲਿਆ ਕਿਸਾਨ ਮੋਰਚਾ ਆਪਣੇ ਜ਼ਾਬਤੇ ਤੇ ਸਫਲਤਾ ਲਈ ਦੁਨੀਆ ਭਰ ਵਿਚ ਚਰਚਾ ਦਾ ਵਿਸ਼ਾ ਬਣਿਆ ਰਿਹਾ। ਨੌਮ ਚੌਮਸਕੀ ਵਰਗੇ ਵਿਸ਼ਵ ਪ੍ਰਸਿੱਧ ਸਥਾਪਤੀ ਵਿਰੋਧੀ ਅਤੇ ਅਨੇਕਾਂ ਲੋਕ-ਪੱਖੀ ਚਿੰਤਕਾਂ ਨੇ ਇਸ ਨੂੰ ਸਲਾਹਿਆ, ਕਿਸਾਨ ਨੇਤਾਵਾਂ ਦੀ ਹਮਾਇਤ ਕੀਤੀ ਅਤੇ ਦੁਨੀਆ ਭਰ ਦੇ ਦੱਬੇ-ਕੁਚਲੇ ਲੋਕਾਂ ਨੂੰ ਇਸ ਤੋਂ ਸਬਕ ਸਿੱਖਣ ਦੀਆਂ ਸਲਾਹਾਂ ਦਿੱਤੀਆਂ। ਉਸ ਮੋਰਚੇ ਦੇ ਇੱਕ ਮੁਹਾਜ਼ ‘ਤੇ 32 ਕਿਸਾਨ ਜਥੇਬੰਦੀਆਂ ਅਤੇ ਦੂਜੇ ਪਾਸੇ ਉਗਰਾਹਾਂ ਜਥੇਬੰਦੀ ਨੇ ਇਕੱਲਿਆਂ ਹੀ ਮੈਦਾਨ ਮੱਲੀ ਰੱਖਿਆ। ਉਗਰਾਹਾਂ ਮੁਹਾਜ਼ ‘ਤੇ ਅੰਦੋਲਨਕਾਰੀਆਂ ਦਾ ਜ਼ਾਬਤਾ ਤੇ ਸ਼ਾਂਤਮਈ ਸੰਘਰਸ਼ ਅਜਿਹਾ ਕਮਾਲ ਸੀ ਕਿ ਮਹਾਤਮਾ ਗਾਂਧੀ ਵੀ ਦੇਖ ਕੇ ਧੰਨ ਹੋ ਜਾਂਦਾ। ਉਸ ਮੌਕੇ ਸ. ਅਜਮੇਰ ਸਿੰਘ ਨੇ ਦੀਪ ਸਿੱਧੂ ਨੂੰ ਵਡਿਆਉਣ ਤੇ ਖੱਬੇ ਪੱਖੀ ਸਾਰੀਆਂ ਕਿਸਾਨ ਜਥੇਬੰਦੀਆਂ ਖਾਸਕਰ ਉਗਰਾਹਾਂ ਨੂੰ ਛੁਟਿਆਉਣ ਤੇ ਉਨ੍ਹਾਂ ਨੂੰ ਬੁਰੇ ਦੇ ਘਰ ਤੱਕ ਬੱਦੂ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਾਈ ਰੱਖਿਆ। ਉਗਰਾਹਾਂ ਧੜੇ ਵਿਰੁੱਧ ਉਸ ਦੇ ਭੰਡੀ ਪ੍ਰਚਾਰ ਦੀ ਸਿਖਰ 3 ਕਿਸਾਨ ਵਿਰੋਧੀ ਕਾਨੂੰਨ ਰੱਦ ਕਰਾਉਣ ਦੀ ਜਿੱਤ ਪਿਛੋਂ ਮਸਤੂਆਣਾ ਰੈਲੀ ਵਾਲੇ ਭਾਸ਼ਨ ਵਿਚ ਖੁੱਲ੍ਹ ਕੇ ਸਾਹਮਣੇ ਆਈ। ਉਸ ਨੇ ਕਿਸਾਨ ਆਗੂਆਂ ਨੂੰ ਬੁਜ਼ਦਿਲੀ ਤੇ ਕਾਇਰਤਾ ਦੇ ਮਿਹਣੇ ਮਾਰੇ ਕਿ ਉਨ੍ਹਾਂ 26 ਨਵੰਬਰ, 2020 ਨੂੰ ਦਿੱਲੀ ਜਾਣ ਦਾ ਸੱਦਾ ਤਾਂ ਦਿੱਤਾ ਹੋਇਆ ਸੀ, ਨਾਲ ਹੀ ਪੁਲਿਸ ਵਲੋਂ ਰੋਕੇ ਜਾਣ ‘ਤੇ ਰਾਹ ਵਿਚ ਹੀ ਤੰਬੂ ਗੱਡ ਕੇ ਭੁੱਜੇ ਛੋਲੇ ਖਾਣ ਦਾ ਪ੍ਰਬੰਧ ਵੀ ਕੀਤਾ ਹੋਇਆ ਸੀ। ਇਥੇ ਉਹ ‘ਜੋਸ਼ ਤੇ ਹੋਸ਼’ ਦੇ ਜੁੱਟ ਦੇ ਅਨੁਪਾਤ ਦਾ ਫਰਕ ਕੱਢਦਾ ਹੋਇਆ ਮੋਰਚੇ ਦੌਰਾਨ ਸ਼ਾਂਤ ਰਹਿਣ ਜਾਂ ਹੋਸ਼ ਤੋਂ ਕੰਮ ਲੈਣ ਦੀਆਂ ਸਲਾਹਾਂ ਦੇਣ ਲਈ ਉਗਰਾਹਾਂ ਧੜੇ ਨੂੰ ਕੂਕ-ਕੂਕ ਕੇ ਸ਼ਰਮ ਦਿਵਾਉਣ ਤੱਕ ਚਲਾ ਜਾਂਦਾ ਹੈ। ਉਸ ਦਾ ਗਚ ਭਰ ਉਠਦਾ ਹੈ ਜਦੋਂ ਉਹ ਕਿਸਾਨ ਨੇਤਾਵਾਂ ਨੂੰ ਗੁਰਨਾਮ ਸਿੰਘ ਚੜੂਨੀ ਦੇ ਭਤੀਜੇ ਨਵਦੀਪ ਸਿੰਘ ਦਾ ਧੰਨਵਾਦੀ ਹੋਣ ਲਈ ਕਹਿੰਦਾ ਹੈ ਜਿਸ ਨੇ ਪੁਲਿਸ ਦੇ ਵਾਟਰ ਕੈਨਨ ‘ਤੇ ਚੜ੍ਹ ਕੇ ਪਾਣੀ ਵਾਲੀ ਤੋਪ ਦੀਆਂ ਬੁਛਾੜਾਂ ਰੋਕ ਕੇ ਅੱਖ ਦੇ ਫੋਰ ਵਿਚ ਹੀ ਸਾਰੇ ਅੜਿੱਕੇ ਤੋੜ ਦਿਖਾਏ ਸਨ। ਅਜਮੇਰ ਸਿੰਘ ਦਾ ਕਹਿਣਾ ਸੀ ਕਿ ਜੇ ਨੌਜਵਾਨ ਅਜਿਹਾ ਜੋਸ਼ ਨਾ ਦਿਖਾਉਂਦੇ ਤਾਂ ਹੋਸ਼ ਵਾਲਿਆਂ ਉਥੇ ਹੀ ਬੈਠੇ ਰਹਿਣਾ ਸੀ।
ਸ. ਅਜਮੇਰ ਸਿੰਘ ਅਤੇ ਸ. ਗੁਰਬਚਨ ਸਿੰਘ ਦੇ ਅਜਿਹੇ ਪ੍ਰਵਚਨ ਕੋਈ ਨਵੇਂ ਨਹੀਂ ਹਨ। ਇਹ ਉਨ੍ਹਾਂ ਪ੍ਰਵਚਨਾਂ ਦਾ ਸਿਖਰ ਹਨ ਜਿਹੜੇ ਇਨ੍ਹਾਂ ਧਰਮ ਯੁੱਧ ਮੋਰਚੇ ਦੌਰਾਨ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਮੁਕਾਬਲੇ ਰਵਾਇਤੀ ਅਕਾਲੀਆਂ ਦੇ ਰੋਲ ਨੂੰ ਮੁੱਢੋਂ ਹੀ ਛੁਟਿਆਉਣ ਅਤੇ ਕਾਮਰੇਡਾਂ ਤੇ ਹੋਰ ਧਿਰਾਂ ਨੂੰ ਦੋਸ਼ੀ ਠਹਿਰਾਉਣ ਲਈ 20-25 ਵਰ੍ਹਿਆਂ ਤੋਂ ਆਰੰਭੇ ਹੋਏ ਹਨ। ਜਿਸ ਤਰ੍ਹਾਂ ਅਜਮੇਰ ਸਿੰਘ ਨੇ ਕਿਸਾਨ ਮੋਰਚੇ ਦੌਰਾਨ ਲਗਾਤਾਰ ਦੀਪ ਸਿੱਧੂ ਦਾ ਗੁੱਡਾ ਬੰਨ੍ਹਿਆ ਸੀ, ਕੀ ਉਸੇ ਤਰ੍ਹਾਂ ਸ. ਗੁਰਬਚਨ ਸਿੰਘ ਆਪਣੀਆਂ ਫੇਸਬੁੱਕ ਪੋਸਟਾਂ ਰਾਹੀਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਅਸਮਾਨੀ ਚੜ੍ਹਾਉਣ ਲਈ ਕਾਹਲੇ ਪਏ ਨਹੀਂ ਜਾਪਦੇ?
ਇਸ ਤੋਂ ਪਹਿਲਾਂ ਕਿ ਸ. ਗੁਰਬਚਨ ਸਿੰਘ ਵਲੋਂ ਉਠਾਏ ਸਵਾਲ ਕਿ ਕਾਮਰੇਡਾਂ ਨੇ ਸੰਤ ਭਿੰਡਰਾਂਵਾਲਿਆਂ ਜਾਂ ਧਰਮ ਯੁੱਧ ਮੋਰਚਾ ਚਲਾ ਰਹੇ ਅਕਾਲੀਆਂ ਨਾਲ ਸੰਵਾਦ ਕਿਉਂ ਨਹੀਂ ਰਚਾਇਆ, ਬਾਰੇ ਚਰਚਾ ਕਰੀਏ, ਇਹ ਸਮਝਣਾ ਜ਼ਰੂਰੀ ਹੈ ਕਿ 1984 ਤੋਂ ਪਹਿਲਾਂ ਕਿਹੜੇ ਹਾਲਾਤ ਸਨ ਜਿਨ੍ਹਾਂ ਕਰ ਕੇ ਜੂਨ 1984 ਵਰਗਾ ਦੁਖਦਾਈ ਤੇ ਭਿਆਨਕ ਘੱਲੂਘਾਰਾ ਵਾਪਰਿਆ। ਅਜਿਹਾ ਕਾਂਡ ਕਿਸੇ ਵੀ ਸੂਰਤ ਵਿਚ ਨਹੀਂ ਵਾਪਰਨਾ ਚਾਹੀਦਾ ਸੀ। ਇੰਦਰਾ ਗਾਂਧੀ ਦੀ ਇਸ ਮੁਜਰਮਾਨਾ ਗਲਤੀ ਤੋਂ ਵੀ ਕੋਈ ਇਨਕਾਰੀ ਨਹੀਂ ਪਰ ਧਰਮ ਯੁੱਧ ਮੋਰਚੇ ਦੌਰਾਨ ਗਰਮ-ਖਿਆਲ ਤੇ ਨਰਮ-ਖਿਆਲ ਪੰਥਕ ਧਿਰਾਂ ਕੋਲੋਂ ਜੋ ਗਲਤੀਆਂ ਹੋਈਆਂ ਸਨ, ਬਾਰੇ ਪੁਣ-ਛਾਣ ਤਾਂ ਕੀਤੀ ਹੀ ਜਾ ਸਕਦੀ ਹੈ। ਜੇ ਸਾਰਾ ਦੋਸ਼ ਇੱਕ ਧਿਰ ਨੂੰ ਹੀ ਦਿੰਦੇ ਰਹਾਂਗੇ ਤਾਂ ਆਉਣ ਵਾਲ਼ੀਆਂ ਪੀੜ੍ਹੀਆਂ ਸਹੀ ਜਾਣਕਾਰੀ ਕਿਸ ਸੋਮੇ ਤੋਂ ਲੈਣਗੀਆਂ?
24 ਅਪਰੈਲ, 1982 ਨੂੰ ਜਦੋਂ ਕਪੂਰੀ ਤੋਂ ਸਤਲੁਜ-ਜਮੁਨਾ ਲਿੰਕ ਨਹਿਰ ਰੋਕਣ ਲਈ ਮੋਰਚਾ ਸ਼ੁਰੂ ਹੋਇਆ ਤਾਂ ਹਰਕ੍ਰਿਸ਼ਨ ਸਿੰਘ ਸੁਰਜੀਤ ਦੀ ਅਗਵਾਈ ਵਾਲੀ ਮੁੱਖ ਮਾਰਕਸੀ ਧਿਰ (ਸੀ.ਪੀ.ਐਮ.) ਇਸ ਮੋਰਚੇ ਵਿਚ ਅਕਾਲੀਆਂ ਦਾ ਸਾਥ ਦੇਣ ਲਈ ਸਭ ਤੋਂ ਮੂਹਰੇ ਸੀ। ਪਾਣੀਆਂ ਦੇ ਹੱਕਾਂ ਦੀ ਰਾਖੀ, ਚੰਡੀਗੜ੍ਹ ਸਮੇਤ ਪੰਜਾਬੀ ਬੋਲਦੇ ਇਲਾਕਿਆਂ ਦੀ ਪ੍ਰਾਪਤੀ ਜਾਂ ਰਾਜਾਂ ਲਈ ਵੱਧ ਅਧਿਕਾਰ ਆਦਿ ਮੂਲ ਮੁੱਦਿਆਂ ‘ਤੇ ਮਾਰਕਸੀ ਤਾਂ ਕੀ, ਸਭ ਵਿਰੋਧੀ ਪਾਰਟੀਆਂ ਅਕਾਲੀਆਂ ਦੇ ਨਾਲ ਸਨ। ਉਹ ਫਸਲਾਂ ਦੀ ਕਟਾਈ ਦੇ ਦਿਨ ਸਨ, ਸ਼ੁਰੂ ਵਿਚ ਮੋਰਚੇ ਨੂੰ ਚੰਗਾ ਹੁੰਗਾਰਾ ਨਾ ਮਿਲਿਆ; ਉਧਰ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਧੜੇ ਨੇ ਆਨੰਦਪੁਰ ਦੇ ਮਤੇ ਦੀ ਪ੍ਰਾਪਤੀ ਲਈ ਪਹਿਲਾਂ ਹੀ ਦਿੱਲੀ ਮੋਰਚਾ ਲਾਇਆ ਹੋਇਆ ਸੀ। ਅਕਾਲੀ ਆਪੋ ਵਿਚ ਪਹਿਲਾਂ ਹੀ ਫਟੇ ਹੋਏ ਸਨ, ਇਸ ਆਪਾ-ਧਾਪੀ ਵਿਚ ਪਿੱਛੇ ਰਹਿਣ ਦੇ ਡਰੋਂ ਸ. ਪ੍ਰਕਾਸ਼ ਸਿੰਘ ਬਾਦਲ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਸ. ਬਲਵੰਤ ਸਿੰਘ ਆਦਿ ਅਕਾਲੀ ਲੀਡਰਾਂ ਨੇ ਸੰਤ ਲੌਂਗੋਵਾਲ ਨੂੰ ਮੋਰਚੇ ਦਾ ਡਿਕਟੇਟਰ ਥਾਪ ਕੇ ‘ਕਪੂਰੀ’ ਛੱਡ ਕੇ ਦਰਬਾਰ ਸਾਹਿਬ ਮੋਰਚਾ ਲਾ ਲਿਆ। ਇਸ ਤੋਂ ਕੁਝ ਦਿਨ ਪਹਿਲਾਂ ਤੋਂ ਸੰਤ ਭਿੰਡਰਾਂਵਾਲਿਆਂ ਨੇ ਆਪਣੇ ਸਾਥੀਆਂ ਨੂੰ ਰਿਹਾਅ ਕਰਾਉਣ ਲਈ ਕੰਪਲੈਕਸ ਵਿਚ ਮੋਰਚਾ ਮੱਲਿਆ ਹੋਇਆ ਸੀ। ਸੰਤ ਭਿੰਡਰਾਂਵਾਲੇ 1978 ਦੀ ਵਿਸਾਖੀ ‘ਤੇ ਹੋਏ ਖੂਨੀ ਨਿਰੰਕਾਰੀ ਕਾਂਡ ਤੋਂ ਹੀ ਅਕਾਲੀਆਂ ਦੀ ਤਿੱਖੀ ਆਲੋਚਨਾ ਕਰ ਰਹੇ ਸਨ। 1979 ਵਿਚ ਉਨ੍ਹਾਂ ਸ਼੍ਰੋਮਣੀ ਕਮੇਟੀ ਦੀ ਚੋਣ ਨੰਗੇ ਚਿੱਟੇ ਰੂਪ ਵਿਚ ਕਾਂਗਰਸ ਦੇ ਸਹਿਯੋਗ ਨਾਲ ਲੜੀ ਸੀ। ਇੱਥੇ ਹੀ ਬੱਸ ਨਹੀਂ, ਉਨ੍ਹਾਂ 1980 ਦੀਆਂ ਅਸੈਂਬਲੀ ਤੇ ਪਾਰਲੀਮਾਨੀ ਚੋਣਾਂ ਵਿਚ ਕਾਂਗਰਸੀ ਲੀਡਰਾਂ ਰਘੂਨੰਦਨ ਲਾਲ ਭਾਟੀਆ, ਸੁਖਬੰਸ ਕੌਰ ਭਿੰਡਰ ਆਦਿ ਨਾਲ ਸਟੇਜਾਂ ਸਾਂਝੀਆਂ ਕਰ ਕੇ ਹਮਾਇਤ ਕੀਤੀ ਸੀ। ਕਾਂਗਰਸ ਦੀ 1980 ਵਿਚ ਸੱਤਾ ਵਾਪਸੀ ਤੋਂ ਬਾਅਦ ਨਿਰੰਕਾਰੀ ਮੁਖੀ ਬਾਬਾ ਗੁਰਬਚਨ ਸਿੰਘ ਦੇ ਕਤਲ ਅਤੇ ਪੰਜਾਬ ਕੇਸਰੀ ਅਖ਼ਬਾਰ ਦੇ ਐਡੀਟਰ ਲਾਲਾ ਜਗਤ ਨਰਾਇਣ ਦੀਆਂ ਹੱਤਿਆਵਾਂ ਦੇ ਮਾਮਲੇ ਵਿਚ ਸੰਤ ਭਿੰਡਰਾਂਵਾਲਿਆਂ ਦਾ ਨਾਮ ਆ ਚੁੱਕਾ ਸੀ। ਸੰਤ ਭਿੰਡਰਾਂਵਾਲੇ ਆਪਣੀ ਪੁਜ਼ੀਸ਼ਨ ਅਤੇ ਵਿਚਾਰਧਾਰਾ ‘ਤੇ ਸਪਸ਼ਟ ਸਨ, ਉਨ੍ਹਾਂ ਦੇ ਵਿਚਾਰਾਂ ਤੇ ਮਿਜ਼ਾਜ ਤੋਂ ਭਲਾ ਕੌਣ ਜਾਣੂ ਨਹੀਂ ਸੀ?
ਅਜਿਹੇ ਪਿਛੋਕੜ ਦੇ ਬਾਵਜੂਦ ਜਥੇਦਾਰ ਟੌਹੜਾ ਦੀ ਆਪਣੇ ਤਿਲਕਵੇਂ ਸੁਭਾਅ ਅਨੁਸਾਰ ਸੰਤ ਭਿੰਡਰਾਂਵਾਲਿਆਂ ਨਾਲ ਨੇੜਤਾ ਤਾਂ ਸਮਝ ਆਉਂਦੀ ਹੈ ਪਰ ਸ. ਬਾਦਲ, ਸੰਤ ਲੌਂਗੋਵਾਲ, ਜਥੇਦਾਰ ਜਗਦੇਵ ਸਿੰਘ ਤਲਵੰਡੀ, ਸ. ਬਲਵੰਤ ਸਿੰਘ, ਸੁਰਜੀਤ ਸਿੰਘ ਬਰਨਾਲਾ, ਜਥੇਦਾਰ ਬ੍ਰਹਮਪੁਰਾ ਵਰਗੇ ਅਕਾਲੀ ਲੀਡਰਾਂ ਨੇ ਸੰਤ ਭਿੰਡਰਾਂਵਾਲੇ ਨੂੰ ਆਪਣੇ ਮੋਰਚੇ ਵਿਚ ਸ਼ਾਮਿਲ ਕਰਨ ਜਾਂ ਉਸ ਦੇ ਮੋਰਚੇ ਵਿਚ ਸ਼ਾਮਿਲ ਹੋਣ ਵੇਲੇ ਕੀ ਸੋਚਿਆ ਹੋਵੇਗਾ? ਜਦੋਂ ਉਸ ਦੌਰ ਵਿਚ ਜੂਨ ਚੁਰਾਸੀ ਅਤੇ ਨਵੰਬਰ ਚੁਰਾਸੀ ਵਰਗੇ ਵੱਡੇ ਘੱਲੂਘਾਰੇ ਵਾਪਰੇ ਹੋਣ ਤਾਂ ਕੀ ਸਿੱਖ ਲੀਡਰਸ਼ਿਪ ਨੂੰ ਸਵਾਲ ਨਹੀਂ ਪੁੱਛੇ ਜਾਣੇ ਚਾਹੀਦੇ? ਇਸ ਸੂਰਤ ਵਿਚ ਕਾਮਰੇਡ ਸੁਰਜੀਤ ਜਾਂ ਹੋਰ ਮਾਰਕਸੀ ਧਿਰਾਂ ਕਿਸ ਨਾਲ ਤੇ ਕਿਸ ਕਿਸਮ ਦਾ ਸੰਵਾਦ ਰਚਾਉਂਦੀਆਂ? ਕੀ ਇਸ ਬਾਰੇ ਅਜਮੇਰ ਸਿੰਘ ਜਾਂ ਗੁਰਬਚਨ ਸਿੰਘ ਵਰਗੇ ਸਿੱਖ ਚਿੰਤਕ ਕਦੇ ਲੋਕਾਂ ਨੂੰ ਸਪਸ਼ਟ ਕਰਨਗੇ? 1984 ਤੋਂ ਵੀ ਪਹਿਲਾਂ ਅੱਧੀ ਸਦੀ ਤੋਂ ਕਾਮਰੇਡ ਧਿਰਾਂ ਦੀ ਲੋਕ-ਹਿਤਾਂ ਲਈ ਸੰਘਰਸ਼ਾਂ ਦੀ ਆਪਣੀ ਵਿਰਾਸਤ ਸੀ, ਸਮਝ ਸੀ, ਵਿਚਾਰਧਾਰਾ ਸੀ। ਉਹ ਆਪਣੀ ਵਿਚਾਰਧਾਰਾ ਅਨੁਸਾਰ ਵੱਖ-ਵੱਖ ਢੰਗਾਂ ਨਾਲ ਲਗਾਤਾਰ ਸੰਘਰਸ਼ ਕਰ ਰਹੇ ਸਨ। ਉਹ ਆਪਣੇ ਇਸ ਜਮਾਤੀ ਵਿਰਸੇ ਨੂੰ ਛੱਡ ਕੇ ਅਕਾਲੀਆਂ ਦੇ ‘ਤਬਕਾਤੀ ਮੰਗਾਂ’ ਦੇ ਧਾਰਮਿਕ ਰੰਗ ਵਾਲੇ ਮੋਰਚੇ ਵਿਚ ਕਿੰਝ ਆ ਜਾਂਦੇ? ਕੀ ਅਜਿਹਾ ਸਵਾਲ ਗੁਰਬਚਨ ਸਿੰਘ ਵਰਗੇ ਸਿੱਖ ਚਿੰਤਕਾਂ ਨੂੰ ਨਹੀਂ ਪੁੱਛਿਆ ਜਾਣਾ ਚਾਹੀਦਾ? ਕੀ ਅਜਿਹੇ ਸਵਾਲਾਂ ਨੂੰ ਸੰਬੋਧਨ ਹੋਣਾ ਹਰ ਉਸ ਪੰਜਾਬੀ ਦਾ ਨੈਤਿਕ ਫਰਜ਼ ਨਹੀਂ ਬਣਦਾ ਜੋ ਪੰਜਾਬ ਲਈ ਫਿਕਰਮੰਦ ਹੈ; ਖਾਸਕਰ ਜਿਨ੍ਹਾਂ ਨੇ 84 ਦਾ ਸੰਤਾਪ ਹੰਢਾਇਆ ਸੀ, ਭਾਵੇਂ ਉਹ ਕਿਸੇ ਵੀ ਧਰਮ, ਜਾਤ, ਫਿਰਕੇ ਨਾਲ ਸਬੰਧਤ ਹੋਵੇ? ਕਹਿਣ ਨੂੰ ਇਹ ਮੋਰਚਾ ਸ਼ਾਂਤਮਈ ਸੀ ਪਰ ਕੀ ਸ਼ਾਂਤਮਈ ਲੜਾਈਆਂ ਇਸ ਤਰ੍ਹਾਂ ਲੜੀਆਂ ਜਾਂਦੀਆਂ ਹਨ?
ਮੋਰਚੇ ਦੇ ਸ਼ੁਰੂ ‘ਚ ਹੀ ਸਿੱਖ ਲੀਡਰਸ਼ਿਪ ਵਲੋਂ 19 ਨਵੰਬਰ, 1982 ਤੋਂ 4 ਦਸੰਬਰ, 1982 ਤੱਕ ਦਿੱਲੀ ਜਾ ਕੇ ‘ਏਸ਼ੀਆਡ ਖੇਡਾਂ’ ਵਿਚ ਖਲਲ ਪਾਉਣ ਦਾ ਸੱਦਾ ਕਿੰਨੀ ਕੁ ਦੂਰ-ਅੰਦੇਸ਼ੀ ਨਾਲ ਸੋਚ-ਵਿਚਾਰ ਕੇ ਦਿੱਤਾ ਗਿਆ ਸੀ? ‘ਸੰਤ ਭਿੰਡਰਾਂਵਾਲ਼ੇ ਦੇ ਰੂ-ਬ-ਰੂ, ਜੂਨ 84 ਦੀ ਪੱਤਰਕਾਰੀ’ ਕਿਤਾਬ ਵਿਚ ਉਸ ਵੇਲੇ ਦਰਬਾਰ ਸਾਹਿਬ ਤਾਇਨਾਤ ਰਹੇ ਯੂ ਐਨ ਆਈ ਦੇ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਨੇ ਬੇਸ਼ਕ ਨਿੱਜੀ ਗਵਾਹੀ ਪਾ ਕੇ ਸਾਬਿਤ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੋਈ ਹੈ ਕਿ ਸੰਤ ਲੌਂਗੋਵਾਲ਼ ਤੇ ਸਮੁੱਚੀ ਅਕਾਲੀ ਲੀਡਰਸ਼ਿਪ ਦੀ ਏਸ਼ੀਆਡ ਖੇਡਾਂ ਵਿਚ ਅਜਿਹਾ ਕੁਝ ਕਰਨ ਦੀ ਮਨਸ਼ਾ ਬਿਲਕੁਲ ਵੀ ਨਹੀ ਸੀ। ਸਗੋਂ ਖ਼ਬਰ ਏਜੰਸੀ ਦੇ ਚੰਡੀਗੜ੍ਹ ਬੈਠੇ ਸ਼ਰਾਰਤੀ ਮੁੱਖੀ ਅਖਿਲ ਗੌਤਮ ਨੇ ਤੋੜ-ਮਰੋੜ ਕੇ ਕੁਝ ਹੋਰ ਹੀ ਬਣਾ ਦਿੱਤਾ ਸੀ, ਜਿਸ ਕਾਰਨ ਇੱਕ ਵਾਰ ਤਾਂ ਸ਼ਾਂਤ ਚੱਲ ਰਿਹਾ ਮੋਰਚਾ ਲੀਹੋਂ ਲੱਥ ਗਿਆ ਸੀ। ਗੌਤਮ ਕੋਲ਼ੋਂ ਜੇ ਕੋਈ ਕਸਰ ਰਹਿ ਗਈ ਸੀ, ਹਰਿਆਣੇ ਦੇ ਮੁੱਖ ਮੰਤਰੀ ਭਜਨ ਲਾਲ ਨੇ ਦਿੱਲੀ ਵੱਲ ਜਾ ਰਹੇ ਸਿੱਖਾਂ ਦੀਆਂ ਹਰਿਆਣੇ ਵਿਚ ਤਲਾਸ਼ੀਆਂ ਰਾਹੀਂ ਬੇਇਜਤੀ ਕਰਵਾ ਕੇ ਕੱਢ ਦਿਤੀ ਸੀ, ਜਿਸਨੇ ਸੰਤ ਭਿੰਡਰਾਂਵਾਲ਼ਿਆਂ ਨੂੰ ਸਿੱਖਾਂ ਖਿਲਾਫ ਵਿਤਕਰੇ ਦਾ ਇੱਕ ਹੋਰ ਬਿਰਤਾਂਤ ਸਿਰਜਣ ਦਾ ਮੌਕਾ ਦੇ ਦਿੱਤਾ ਸੀ। ਪਰ ਕੀ ਅਜਿਹੇ ਨਾਜੁਕ ਮੌਕੇ ਸਿੱਖ ਲੀਡਰਸ਼ਿੱਪ ਤੇ ਪੱਤਰਕਾਰ ਦਲਬੀਰ ਸਿੰਘ ਵਰਗੇ ਸੰਤਾਂ ਦੇ ਸਲਾਹਾਕਾਰਾਂ ਨੂੰ ਅਖਿਲ ਗੌਤਮ ਦੀ ਸ਼ਰਾਰਤ ਤੋਂ ਸਵਾਧਾਨ ਨਹੀਂ ਹੋ ਜਾਣਾ ਚਾਹੀਦਾ ਸੀ।
ਅਫਸੋਸ ਕਿ ਸਿੱਖ ਲੀਡਰਸ਼ਿਪ ਇਸ ਤੋਂ ਸਾਵਧਾਨ ਨਾ ਹੋਈ। ਜੇ ਸਾਵਧਾਨੀ ਵਰਤੀ ਹੁੰਦੀ ਤਾਂ ਇਨ੍ਹਾਂ ਘਟਨਾਵਾਂ ਤੋਂ ਕੇਵਲ ਚਾਰ ਮਹੀਨੇ ਬਾਅਦ 25 ਅਪਰੈਲ, 1983 ਨੂੰ ਹਰਿਮੰਦਰ ਸਾਹਿਬ ਕੰਪਲੈਕਸ ਦੀ ਦੇਹਲੀ ‘ਤੇ ਡੀ.ਆਈ.ਜੀ. ਅਵਤਾਰ ਸਿੰਘ ਅਟਵਾਲ ਦੀ ਹੱਤਿਆ ਵਰਗਾ ‘ਭੜਕਾਊ ਕਾਂਡ’ ਨਾ ਕੀਤਾ ਹੁੰਦਾ। ਉਸ ਹੱਤਿਆ ਲਈ ਅੰਦਰ ਹੀ ਅੰਦਰ ਸੰਤ ਭਿੰਡਰਾਂਵਾਲਿਆਂ ਦੇ ਨਜ਼ਦੀਕੀ ਮੇਜਰ ਸਿੰਘ ਨਾਗੋਕੇ ਦਾ ਨਾਮ ਸਾਹਮਣੇ ਆ ਗਿਆ ਸੀ। ਜੇ ਕਿਸੇ ਨੂੰ ਅਜੇ ਤੱਕ ਕੋਈ ਸ਼ੱਕ ਸੀ ਤਾਂ ਉਹ ਹੁਣ ਇੰਗਲੈਂਡ ਰਹਿੰਦੇ, ਉਸ ਦੇ ਪੁੱਤਰ ਅਜੈਪਾਲ ਸਿੰਘ ਨੇ 10 ਜੂਨ, 2021 ਨੂੰੰ ਯੂਟਿਊਬ ਚੈਨਲ ‘ਟ੍ਰਿਬਿਊਟ 1984’ ਨੂੰ ਦਿੱਤੀ ਇੰਟਰਵਿਊ ਵਿਚ ਆਪਣੀ ਮਾਂ ਦੇ ਹਵਾਲੇ ਨਾਲ ਆਪ ਹੀ ਵਿਸਥਾਰ ਵਿਚ ਸੁਣਾ ਦਿੱਤਾ ਹੈ। ਸੰਤ ਲੌਂਗੋਵਾਲ ਤੇ ਅਕਾਲੀ ਲੀਡਰਸ਼ਿਪ ਨੇ ਇਸ ਘਟਨਾ ਨੂੰ ਭਵਿੱਖੀ ਹਿੰਸਾ ਦੇ ਦੌਰ ਦੀ ਦਸਤਕ ਸਮਝ ਕੇ ਕੋਈ ਕਦਮ ਚੁੱਕਣ ਦੀ ਥਾਂ ਸਭ ਕੁਝ ਜਾਣਦੇ ਹੋਏ ਵੀ, ਸਾਰਾ ਭਾਂਡਾ ਖੁਫੀਆ ਏਜੰਸੀਆਂ ਸਿਰ ਭੰਨ ਦਿੱਤਾ ਸੀ। ਡੀ.ਆਈ.ਜੀ. ਅਟਵਾਲ ਦੇ ਕਤਲ ਦਾ ਨਾ ਸਿਰਫ ਸਿੱਖਾਂ ਬਾਰੇ ਸਾਰੇ ਭਾਰਤ ਵਿਚ ਵੱਡਾ ਨਾ-ਪੱਖੀ ਅਸਰ ਪਿਆ, ਸੰਤ ਭਿੰਡਰਾਂਵਾਲਿਆਂ ‘ਤੇ ਕਾਰਵਾਈ ਦੀ ਮੰਗ ਵੀ ਵੱਡੀ ਪੱਧਰ ‘ਤੇ ਉਠਣ ਲੱਗੀ। ਇਸ ਬਾਰੇ ਸ. ਅਜਮੇਰ ਸਿੰਘ ਦੀ ਕਿਤਾਬ ‘ਵੀਹਵੀਂ ਸਦੀ ਦੀ ਸਿੱਖ ਰਾਜਨੀਤੀ’ ਦੇ ਪੰਨਾ 398 ਦਾ ਹਵਾਲਾ ਪਾਠਕਾਂ ਨੂੰ ਸਥਿਤੀ ਸਮਝਣ ਲਈ ਸਹਾਈ ਹੋਵੇਗਾ।
ਸ. ਅਜਮੇਰ ਸਿੰਘ ਲਿਖਦੇ ਹਨ: ‘ਇਸ ਘਟਨਾ ਤੋਂ ਬਾਅਦ ਸੰਤ ਭਿੰਡਰਾਂਵਾਲੇ ਦੇ ਖਿਲਾਫ ‘ਫੌਰੀ ਤੇ ਅਸਰਦਾਰ’ ਕਾਰਵਾਈ ਦੀ ਮੰਗ ਹੋਰ ਉਚੀ ਹੋ ਗਈ ਸੀ। ਇੰਦਰਾ ਗਾਂਧੀ ਇਸ ਫਿਰਕੂ ਮੰਗ ਅਤੇ ਇਸ ਪਿੱਛੇ ਕੰਮ ਕਰਦੀਆਂ ਫਿਰਕੂ ਭਾਵਨਾਵਾਂ ਨਾਲ ਪੂਰੀ ਤਰ੍ਹਾਂ ਇੱਕਮਤ ਤੇ ਇੱਕਸੁਰ ਹੁੰਦੇ ਹੋਏ ਵੀ ਆਪਣੀਆਂ ਅਲੱਗ ਗੀਟੀਆਂ ਖੇਡ ਰਹੀ ਸੀ। ਇੱਕ ਤਾਂ ਉਹ ਹਿੰਦੂ ਭਾਵਨਾਵਾਂ ਨੂੰ ਅਜੇ ਹੋਰ ਸਿਖਰਾਂ ‘ਤੇ ਲੈ ਜਾਣਾ ਚਾਹੁੰਦੀ ਸੀ (ਤਾਂ ਜੋ ਇਨ੍ਹਾਂ ਦੀ ਹੋਰ ਭਰਪੂਰ ਵਰਤੋਂ ਕੀਤੀ ਜਾ ਸਕੇ)। ਦੂਜਾ, ਉਹ ਹਾਲਾਤ ਦੀ ਘੁੰਮਣਘੇਰੀ ਵਿਚ ਫਸ ਕੇ ਰਹਿ ਗਈ ਅਕਾਲੀ ਲੀਡਰਸ਼ਿਪ ਨੂੰ ਅਜੇ ਹੋਰ ਗੋਤੇ ਖੁਆਉਣਾ ਚਾਹੁੰਦੀ ਸੀ।’
ਇਸ ਤੋਂ ਕੁਝ ਮਹੀਨੇ ਬਾਅਦ ਢਿਲਵਾਂ ਬੱਸ ਕਾਂਡ ਵਰਗਾ ਇੱਕ ਹੋਰ ਭਾਣਾ ਵਰਤ ਗਿਆ। ਸਿੱਖ ਲੀਡਰ ਵਰ੍ਹਿਆਂ ਬੱਧੀ ਇਸ ਦੀ ਜ਼ਿੰਮੇਵਾਰੀ ਵੀ ਏਜੰਸੀਆਂ ਸਿਰ ਸੁੱਟੀ ਗਏ। ਦੋ ਕੁ ਸਾਲ ਪਹਿਲਾਂ ਉਸ ਮੌਕੇ ਜਦੋਂ ਤੱਕ ਪਵਿੱਤਰ ਸ਼ਹਿਰ ਵਿਚ ਤਾਇਨਾਤ ਸੀਨੀਅਰ ਪੱਤਰਕਾਰ ਤੇ ਧਰਮ ਯੁੱਧ ਮੋਰਚੇ ਦੇ ਹਮਦਰਦ ਰਹੇ ਸੰਤਾਂ ਦੀ ਖਾੜਕੂ ਰਾਜਨੀਤੀ ਦੇ ਹਮਦਰਦ ਚਿਤੇਰੇ ਸ. ਜਗਤਾਰ ਸਿੰਘ ਨੇ ਆਪਣੀ ਪੁਸਤਕ ‘ਰਿਵਰਜ਼ ਆਨ ਫਾਇਰ’ ਅੰਦਰ ਇਸ ਕਾਂਡ ਵਿਚ ਸ਼ਾਮਿਲ ਖਾੜਕੂ ਸੁੱਖੇ ਕੱਕੜਾਂ ਵਾਲੇ ਨਾਲ ਇਤਿਹਾਸਕ ਇੰਟਰਵਿਊ ਰਾਹੀਂ ਸਚਾਈ ਪ੍ਰਗਟ ਨਹੀਂ ਕਰ ਦਿੱਤੀ। ਸੁੱਖਾ ਕੱਕੜਾਂ ਵਾਲਾ ਬਾਰਡਰ ਦੇ ਸਮਗਲਰਾਂ ਦਾ ਪਾਂਡੀ ਸੀ ਅਤੇ ਉਸ ਮੌਕੇ ਦੇ ਹੋਰ ਅਨੇਕਾਂ ਮੁਜਰਮਾਂ ਵਾਂਗ ਉਸ ਨੇ ਵੀ ਧਰਮ ਯੁੱਧ ਮੋਰਚੇ ਦੀ ਆੜ ਵਿਚ ਦਰਬਾਰ ਸਾਹਿਬ ਵਿਚ ਪਨਾਹ ਲਈ ਹੋਈ ਸੀ। ਜਥੇਦਾਰ ਰਾਮ ਸਿੰਘ ਚੌਲੱਧਾ ਦੇ ਇਸ਼ਾਰੇ ‘ਤੇ ਸੋਢੀ ਅਤੇ ਲਾਭ ਸਿੰਘ ਨੇ ਢਿਲਵਾਂ ਕਾਂਡ ਲਈ ਪ੍ਰੋਗਰਾਮ ਉਲੀਕਿਆ ਤਾਂ ਸੁੱਖੇ ਤੇ ਉਸ ਦੇ ਸੀਰੀ ਤੋਤੀ ਨੂੰ ਵੀ ਨਾਲ ਲੈ ਲਿਆ ਜਦਕਿ ਸੁੱਖੇ ਤੇ ਤੋਤੀ ਦਾ ਮੋਰਚੇ ਨਾਲ ਕੋਈ ਸਬੰਧ ਨਹੀਂ ਸੀ। ਉਹ ਵਾਰਦਾਤ ਕਰ ਕੇ ਉਸੇ ਬੱਸ ਚੜ੍ਹ ਕੇ ਰਾਤ ਨੂੰ ਦਰਬਾਰ ਸਾਹਿਬ ਆ ਗਏ ਸਨ। ਜਿਸ ਰਾਤ ਇਹ ਕਾਂਡ ਵਾਪਰਿਆ, ਉਸੇ ਦਿਨ ਸ੍ਰੀਨਗਰ ਵਿਚ ਫਾਰੂਕ ਅਬਦੁੱਲਾ ਤੇ ਵਿਰੋਧੀ ਧਿਰ ਦੇ ਲੀਡਰ 1985 ਵਿਚ ਹੋਣ ਵਾਲੀਆਂ ਚੋਣਾਂ ਵਿਚ ਇੰਦਰਾ ਗਾਂਧੀ ਦੀ ਤਾਨਾਸ਼ਾਹੀ ਵਿਰੁੱਧ ਸਾਂਝਾ ਮੁਹਾਜ਼ ਬਣਾਉਣ ਦੀਆਂ ਯੋਜਨਾਵਾਂ ਬਣਾ ਰਹੇ ਸਨ ਪਰ ਢਿੱਲਵਾਂ ਕਾਂਡ ਦੀ ਇੱਕੋ ਘਟਨਾ ਨੇ ਪਲਾਂ ਅੰਦਰ ਇੰਦਰਾ ਵਿਰੁੱਧ ਵਿਛਾਈ ਜਾ ਰਹੀ ਬਿਸਾਤ ਖਿੰਡਾ ਦਿੱਤੀ। ਅਗਲੇ ਦਿਨ ਤੋਂ ਵਿਰੋਧੀ ਧ੍ਰਿ ਦੇ ਜਿਹੜੇ ਆਗੂ ਅਕਾਲੀ ਮੋਰਚੇ ਦੀਆਂ ਜਾਇਜ਼ ਮੰਗਾਂ ਜਾਣ-ਬੁੱਝ ਕੇ ਟਾਲਣ ਲਈ ਇੰਦਰਾ ਦਾ ਵਿਰੋਧ ਕਰ ਰਹੇ ਸਨ, ਉਨ੍ਹਾਂ ਕੰਪਲੈਕਸ ਵਿਚ ਛੁਪੇ ਅਨਸਰਾਂ ਤੋਂ ਕੰਪਲੈਕਸ ਤੁਰੰਤ ਮੁਕਤ ਨਾ ਕਰਾਉਣ ਲਈ ਇੰਦਰਾ ਸਰਕਾਰ ਦੀ ਅੱਡੀਆਂ ਚੁੱਕ-ਚੁੱਕ ਕੇ ਆਲੋਚਨਾ ਸ਼ੁਰੂ ਕਰ ਦਿੱਤੀ। ਸਮਝੋ, ਖਾੜਕੂ ਧਿਰਾਂ ਦੇ ਕੁਰਾਹੇ ਦੇ ਇਸ ਇੱਕੋ ਐਕਸ਼ਨ ਨਾਲ ਇੰਦਰਾ ਦੀਆਂ ਪੌਂ-ਬਾਰਾਂ ਪੈ ਗਈਆਂ ਸਨ ਅਤੇ ਇਸ ਨੇ ਸਾਰੇ ਭਾਰਤ ਵਿਚ ਹਿੰਦੂ ਵਸੋਂ ਦਾ ਧਰੁਵੀਕਰਨ ਕਰ ਦਿੱਤਾ। ਇਹ ਅਹਿਮ, ਫੈਸਲਾਕੁਨ ਮੋੜ ਸੀ। ਇਸ ਕਤਲੇਆਮ ਬਾਰੇ ਸੰਤ ਦੇ ਨਜ਼ਦੀਕੀ ਰਹੇ ਪੱਤਰਕਾਰ ਦਲਬੀਰ ਸਿੰਘ ਦੀ ਕਿਤਾਬ ‘ਨੇੜਿਉਂ ਡਿੱਠੇ ਸੰਤ ਭਿੰਡਰਾਂਵਲ਼ੇ’ ਵਿਚੋਂ ਵੀ ਪਤਾ ਲੱਗ ਜਾਂਦਾ ਹੈ। ਉਨ੍ਹੀਂ ਦਿਨੀਂ ਸੰਤ ਭਿੰਡਰਾਂਵਾਲੇ ਸੁਣਦੇ ਵੀ ਵੱਧ ਉਨ੍ਹਾਂ ਦੀ ਹੀ ਸਨ। ਢਿੱਲਵਾਂ ਕਾਂਡ ਤੋਂ ਅਗਲੇ ਦਿਨ ਸੰਤ ਨੇ ਉਨ੍ਹਾਂ ਨੂੰ ਪੁੱਛਿਆ ਕਿ ‘ਭਾਈਆ’, ਹੁਣ ਆਪਾਂ ਕੀ ‘ਕਹੀਏ’, ਤਾਂ ਉਨ੍ਹਾਂ ਦਾ ਜਵਾਬ ਹੈਰਾਨ ਕਰਨ ਵਾਲਾ ਸੀ- ‘ਦੁਸ਼ਟ ਦਰਬਾਰੇ’ ਦੀ ਸਰਕਾਰ ਭੰਗ ਕਰਨ ਲਈ ਅਸੀਂ ਕਈ ਮਹੀਨਿਆਂ ਤੋਂ ਕਹਿ ਰਹੇ ਸਾਂ, ਇੰਦਰਾ ਦੇ ਕੰਨਾਂ ‘ਤੇ ਜੂੰ ਨਹੀਂ ਸੀ ਸਰਕੀ, ਹੁਣ ਇਸ ਘਟਨਾ ਨੇ ਜੂੰ ਦੀਆਂ ਭਾਜੜਾਂ ਨਹੀਂ ਪੁਆ ਦਿੱਤੀਆਂ?
ਹੈਰਾਨੀ ਨਹੀਂ ਕਿ ਉਹ ਇਹੀ ਸਾਖੀ ਆਪਣੇ ਆਖਰੀ ਸਾਹਾਂ ਤੱਕ 30-35 ਵਰ੍ਹੇ ਪਿਛੋਂ ਵੀ ਸੁਣਾਉਂਦੇ ਰਹੇ ਸਨ। ਕਦੇ ਉਨ੍ਹਾਂ ਦੇ ਕਿਸੇ ਪ੍ਰਸ਼ੰਸਕ ਨੇ ਉਨ੍ਹਾਂ ਨੂੰ ਟੋਕਣ ਦਾ ਜੇਰਾ ਨਾ ਕੀਤਾ। ਕੀ ਅਜਿਹੇ ਮੁੱਦਿਆਂ ‘ਤੇ ਕਦੇ ਚਰਚਾ ਨਹੀਂ ਹੋਣੀ ਚਾਹੀਦੀ? ਇੱਥੇ ‘ਵੀਹਵੀ ਸਦੀ ਦੀ ਸਿੱਖ ਰਾਜਨੀਤੀ’ ਦੇ ਪੰਨਾ 411 ਦਾ ਹਵਾਲਾ ਬਿਲਕੁਲ ਢੁੱਕਵਾਂ ਰਹੇਗਾ: ‘ਜਦ 4 ਅਕਤੂਬਰ, 1983 ਨੂੰ ਢਿੱਲਵਾਂ (ਜ਼ਿਲ੍ਹਾ ਕਪੂਰਥਲਾ) ਨੇੜੇ ਕੁਝ ਅਗਿਆਤ ਸਿੱਖ ਨੌਜਵਾਨਾਂ ਨੇ ਇੱਕ ਮੁਸਾਫਿਰ ਬੱਸ ਵਿਚੋਂ 6 ਹਿੰਦੂ ਸਵਾਰੀਆਂ ਨੂੰ ਅਲੱਗ ਛਾਂਟ ਕੇ ਗੋਲੀਆਂ ਨਾਲ ਭੁੰਨ ਸੁੱਟਣ ਦਾ ਖੂਨੀ ਕਾਰਾ ਕਰ ਦਿੱਤਾ ਤਾਂ ਸੰਤ ਭਿੰਡਰਾਂਵਾਲੇ ਨੇ ਇਸ ਵਾਰਦਾਤ ਦੀ ਰਸਮੀ ਤੌਰ ‘ਤੇ ਨਿੰਦਿਆ ਕਰਦਿਆਂ, ਇਸ ਕਾਂਡ ਦੇ ਝੱਟ ਪਿਛੋਂ ਕੇਂਦਰੀ ਸਰਕਾਰ ਦੁਆਰਾ ਪੰਜਾਬ ਅੰਦਰ ਦਰਬਾਰਾ ਸਿੰਘ ਸਰਕਾਰ ਭੰਗ ਕਰ ਕੇ ਰਾਸ਼ਟਰਪਤੀ ਰਾਜ ਲਾਗੂ ਕਰ ਦੇਣ ਦੇ ਫੈਸਲੇ ਉਤੇ ਆਪਣੀ ਖੁਸ਼ੀ ਤੇ ਤਸੱਲੀ ਦਾ ਖੁੱਲ੍ਹ ਕੇ ਇਜ਼ਹਾਰ ਕੀਤਾ। ਸੰਤ ਭਿੰਡਰਾਂਵਾਲੇ ਦੇ ਇਸ ਪ੍ਰਤੀਕਰਮ ਦੀ ਰੌਸ਼ਨੀ ਵਿਚ ਇਸ ਸਵਾਲ ਦੀ ਕੋਈ ਸਾਰਥਿਕਤਾ ਨਹੀਂ ਰਹਿੰਦੀ ਕਿ ਇਹ ਕਾਰਸ਼ਤਾਨੀ ਸਿੱਖ ਜੁਝਾਰੂਆਂ ਦੀ ਹੀ ਸੀ ਜਾਂ ਸਰਕਾਰੀ ਏਜੰਸੀਆਂ ਦੇ ‘ਭੜਕਾਊ ਏਜੰਟਾਂ’ ਦੀ। ਇਹ ਕਾਰਵਾਈ ਕਿਸੇ ਨੇ ਵੀ ਕੀਤੀ ਹੋਵੇ, ਸੰਤ ਜੀ ਇਸ ਦੇ ਨਤੀਜਿਆਂ ਤੋਂ ਦਿਲੋਂ ਖੁਸ਼ ਸਨ।’
ਸ. ਅਜਮੇਰ ਸਿੰਘ ਆਪਣੀ ਇਸੇ ਕਿਤਾਬ ਵਿਚ ਬੇਗੁਨਾਹ ਹਿੰਦੂਆਂ ਦੇ ਕਤਲਾਂ ‘ਤੇ ਸੰਤ ਭਿੰਡਰਾਂਵਾਲਿਆਂ ਦੀ ਵਿਚਾਰਧਾਰਾ ਦਾ ਪੱਖ ਇਉਂ ਪੇਸ਼ ਕਰਦੇ ਹਨ: ‘ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਅਮਲ ਵਿਚੋਂ ਇਹ ਭਾਂਪ ਲਿਆ ਸੀ ਕਿ ਹਿੰਦੂ ਹਾਕਮ ਹੋਰ ਕਿਸੇ ਵੀ ਗੱਲ ਨਾਲੋਂ ਵੱਧ ਪੰਜਾਬ ਅੰਦਰ ਹਿੰਦੂ ਵਰਗ ਦੇ ਕਤਲਾਂ ਦੀ ਸਭ ਤੋਂ ਜ਼ਿਆਦਾ ਚੋਭ ਮੰਨਦੇ ਹਨ। ਇਸ ਕਰ ਕੇ ਹਿੰਦੂ ਵਰਗ ਦੇ ਕਤਲਾਂ ਦੀ ਨੀਤੀ ਵਰਜਕ ਦੇ ਰੂਪ ਵਿਚ ਇਸਤੇਮਾਲ ਕਰਨ ਦੀ ਧਾਰਨਾ ਉਨ੍ਹਾਂ ਦੇ ਮਨ ਨੂੰ ਜਚ ਗਈ ਹੋਈ ਸੀ। ਉਹ ਇਹ ਮਹਿਸੂਸ ਕਰਨ ਲੱਗ ਪਏ ਸਨ ਕਿ ਫਿਰਕੂ ਹਾਕਮਾਂ ਦੇ ਵਹਿਸ਼ੀ ਜ਼ੁਲਮਾਂ ਤੋਂ ਬਚਣ ਲਈ ਸਿੱਖਾਂ ਵਲੋਂ ਬਚਾਓ ਦੇ ਇਸ ਹਥਿਆਰ ਦੀ ਵਰਤੋਂ ਕਰਨੀ ਨੈਤਿਕ ਦ੍ਰਿਸ਼ਟੀ ਤੋਂ ਅਣਉਚਿਤ ਨਹੀਂ ਠਹਿਰਾਈ ਜਾ ਸਕਦੀ। ਉਨ੍ਹਾਂ ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਦੀ ਸੂਰਤ ਵਿਚ ਇਸ ਸਵੈ-ਰੱਖਿਆ ਦੇ ਹਥਿਆਰ ਨੂੰ ਵਿਆਪਕ ਪੈਮਾਨੇ ਉਤੇ ਵਰਤਣ ਦਾ ਮਨ ਬਣਾ ਲਿਆ ਹੋਇਆ ਸੀ। ਉਨ੍ਹਾਂ ਸਿੱਖ ਸੰਗਤਾਂ ਨੂੰ ਇਸ ਸਬੰਧੀ ਅਗਾਊਂ ਹੀ ਸੰਕੇਤ ਦੇਣੇ ਸ਼ੁੁਰੂ ਕਰ ਦਿੱਤੇ ਸਨ। ਉਨ੍ਹਾਂ ਦਾ ਸਪਸ਼ਟ ਆਦੇਸ਼ ਸੀ ਕਿ ਦਰਬਾਰ ਸਾਹਿਬ ਦੇ ਹਮਲੇ ਦੀ ਖ਼ਬਰ ਸੁਣ ਕੇ ਅੰਮ੍ਰਿਤਸਰ ਵੱਲ ਵਹੀਰਾਂ ਘੱਤਣ ਦੀ ਕੋਈ ਲੋੜ ਨਹੀਂ ਬਲਕਿ ਆਪੋ-ਆਪਣੇ ਥਾਵਾਂ ਤੋਂ ਨਿਸ਼ਾਨੇ ਮਿੱਥ ਕੇ ਹਮਲੇ ਕਰਨ (ਭਾਵ ਹਿੰਦੂਆਂ ਦੇ ਕਤਲ ਕਰਨ) ਤੋਂ ਨਹੀਂ ਉੱਕਣਾ।’
ਅਜਿਹਾ ਹੀ ਇੱਕ ਹੋਰ ਮੰਦਭਾਗਾ ਮੋੜ ਆਇਆ ਜਦੋਂ 28 ਮਾਰਚ 1984 ਨੂੰ ਖਾੜਕੂਆਂ ਨੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਬੰਸ ਸਿੰਘ ਮਨਚੰਦਾ ਨੂੰ ਦਿਨ-ਦਿਹਾੜੇ ਦਿੱਲੀ ਦੀ ਸੜਕ ‘ਤੇ ਜਾ ਮਾਰਿਆ ਅਤੇ ਫਿਰ 3 ਅਪਰੈਲ 1984 ਨੂੰ ਫੈਡਰੇਸ਼ਨ ਆਗੂ ਹਰਮਿੰਦਰ ਸੰਧੂ ਅਤੇ ਚੰਡੀਗੜ੍ਹ ਵਿਚ ਉਨ੍ਹਾਂ ਦੇ ਸਲਾਹਕਾਰ ਡਾ. ਭਗਵਾਨ ਸਿੰਘ ਦੀ ਪ੍ਰੇਰਨਾ ‘ਤੇ ਫੈਡਰੇਸ਼ਨ ਕਾਰਕੁਨਾਂ ਨੇ ਕਾਂਗਰਸੀ ਐਮ.ਪੀ. ਵਿਸ਼ਵ ਨਾਥ ਤਿਵਾੜੀ ਦੀ ਦਿਨ-ਦਿਹਾੜੇ, ਉਸ ਦੇ ਘਰ ਜਾ ਕੇ ਹੱਤਿਆ ਕਰ ਦਿੱਤੀ। ਇਸ ਦੇ ਨਾਲ ਹੀ ਦਿੱਲੀ ਅੰਮ੍ਰਿਤਸਰ ਵਿਚਾਲੇ ਗੱਲਬਾਤ ਦਾ ਅਜੇ ਵੀ ਕੋਈ ਸੰਭਾਵੀ ਅਸਰਦਾਰ ਚੈਨਲ ਹੋ ਸਕਦਾ ਸੀ ਤਾਂ ਉਸ ਦਾ ਵੀ ਭੋਗ ਪਾ ਦਿੱਤਾ। ਅਮਰੀਕਾ ਦੀ ਅਖ਼ਬਾਰ ‘ਵਾਸ਼ਿੰਗਟਨ ਪੋਸਟ’ ਦੇ ਪੱਤਰਕਾਰ ਵਿਲੀਅਮ ਕਲੇਬੌਰਨ ਦੀ 23 ਅਪਰੈਲ 1984 ਦੀ ਰਿਪੋਰਟ ਅਨੁਸਾਰ 20 ਮਾਰਚ 1984 ਨੂੰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ‘ਤੇ ਭਾਰਤ ਸਰਕਾਰ ਵਲੋਂ ਪਾਬੰਦੀ ਲਾਉਣ ਤੋਂ ਬਾਅਦ ਨਵੀਂ ਅੰਡਰ-ਗਰਾਊਂਡ ਖਾੜਕੂ ਜਥੇਬੰਦੀ ਦਸਮੇਸ਼ ਰੈਜੀਮਂੈਟ ਨੇ ਐਲਾਨ ਕੀਤਾ ਕਿ ਉਹ ਰੋਜ਼ਾਨਾ ਕਿਸੇ ਸਿਆਸਤਦਾਨ ਜਾਂ ਕਿਸੇ ਵੀ.ਆਈ.ਪੀ. ਦਾ ਕਤਲ ਕਰਿਆ ਕਰਨਗੇ, ਜਦੋਂ ਤੱਕ ਫੈਡਰੇਸ਼ਨ ਤੋਂ ਪਾਬੰਦੀ ਨਹੀਂ ਚੁੱਕੀ ਜਾਂਦੀ ਅਤੇ ਪੰਜਾਬ ਵਿਚ ਕਾਲਜਾਂ ਦੇ ਸਾਲਾਨਾ ਪੇਪਰ ਨਹੀਂ ਹੋਣ ਦਿੱਤੇ ਜਾਣਗੇ। ਬੇਸ਼ਕ ਇਨ੍ਹਾਂ ਕਤਲਾਂ ਦੀ ਜ਼ਿੰਮੇਵਾਰੀ ਫੈਡਰੇਸ਼ਨ ਆਗੂ ਹਰਮਿੰਦਰ ਸਿੰਘ ਸੰਧੂ ਵਲੋਂ ਗੁਪਤ ਤੌਰ ‘ਤੇ ਚਲਾਈ ਜਾ ਰਹੀ ਜਥੇਬੰਦੀ ਦਸਮੇਸ਼ ਰੈਜਮੈਂਟ ਨੇ ਲੈ ਲਈ ਸੀ ਪਰ ਫਿਰ ਵੀ ਇਨ੍ਹਾਂ ਦੋਨਾਂ ਕਤਲਾਂ ਦੀ ਜ਼ਿੰਮੇਵਾਰੀ ਵੀ ਅਕਾਲੀ ਰਹਿਬਰਾਂ ਨੇ ਏਜੰਸੀਆਂ ਸਿਰ ਪਾ ਦਿੱਤੀ। ਹੁਣ ਇਸ ਸਾਰੀ ਘਟਨਾ ਦੀ ਸਚਾਈ ਸਾਬਕਾ ਖਾੜਕੂ ਕੁਲਜਿੰਦਰ ਸਿੰਘ ਢਿੱਲੋਂ ਨੇ ਆਪਣੀ ਇੰਟਰਵਿਊ ਵਿਚ ਜੱਗ-ਜ਼ਾਹਿਰ ਕਰ ਦਿਤੀ ਹੈ।
ਸ਼ਾਂਤਮਈ ਮੋਰਚਾ ਕਿਤਨਾ ਕੁ ਸ਼ਾਂਤ ਸੀ, ਇਸ ਦਾ ਪਤਾ ਇੱਥੋਂ ਵੀ ਲਗਦਾ ਹੈ ਕਿ ਜਦੋਂ ਜਨਵਰੀ 1984 ਵਿਚ ਹਰਿਮੰਦਰ ਸਾਹਿਬ ਕੰਪਲੈਕਸ ਵਿਚੋਂ 35 ਨਿਰੰਕਾਰੀ ਮਾਰਨ ਦੀ ਜ਼ਿੰਮੇਵਾਰੀ ਸੁਖਦੇਵ ਸਿੰਘ ਬੱਬਰ ਨੇ ਆਪਣੀ ਹੱਥ ਲਿਖਤ ਕੰਧਾਂ ‘ਤੇ ਲਗਾ ਕੇ ਲਈ ਸੀ ਜਿਸ ਬਾਰੇ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਨੇ ਆਪਣੀ ਕਿਤਾਬ ‘ਸੰਤ ਭਿੰਡਰਾਂਵਾਲੇ ਦੇ ਰੂ-ਬ-ਰੂ: ਜੂਨ 84 ਦੀ ਪੱਤਰਕਾਰੀ’ ਦੇ ਪੰਨਾ 66-67 ਵਿਚ ਵਿਸਥਾਰ ਨਾਲ ਦਿੱਤਾ ਹੈ। ਉਹ ਲਿਖਦੇ ਹਨ: ‘ਇੱਕ ਦਿਨ ਫੈਡਰੇਸ਼ਨ ਨਾਲੋਂ ਟੁੱਟ ਕੇ ਬੱਬਰਾਂ ਨਾਲ ਜੁੜੇ ਨੌਜਵਾਨ ਮਨਮੋਹਨ ਸਿੰਘ ਨੇ ਬੱਬਰਾਂ ਦੇ ਲੈਟਰ ਪੈਡ ‘ਤੇ ਹੱਥ ਨਾਲ ਲਿਖਿਆ ਨੋਟ ਦਿਤਾ ਜਿਸ ਵਿਚ ਲਿਖਿਆ ਸੀ: ‘ਕਈ ਵੱਡੇ-ਵੱਡੇ ਨਿਰੰਕਾਰੀਆ ਦੇ ਕਤਲਾਂ ਦੀਆਂ ਵਾਰਦਾਤਾਂ ਅਸੀਂ ਕੀਤੀਆਂ ਹਨ ਅਤੇ ਉਨ੍ਹਾਂ ਦੀ ਜ਼ਿੰਮੇਵਾਰੀ ਅਸੀਂ ਲੈਂਦੇ ਹਾਂ।’ ਜੇ ਅਜਿਹੀ ਜ਼ਿੰਮੇਵਾਰੀ ਖਾੜਕੂਆਂ ਨੇ ਖੁਦ ਨਾ ਲਈ ਹੁੰਦੀ, ਸ਼ਾਇਦ ਨਿਰੰਕਾਰੀਆਂ ਦੇ ਕਤਲ ਵੀ ਏਜੰਸੀਆਂ ਸਿਰ ਮੜ੍ਹੇ ਜਾਣੇ ਸਨ। ਗੱਲ ਇਥੇ ਹੀ ਨਹੀਂ ਰੁਕੀ ਸੀ, ਉਸ ਤੋਂ ਬਾਅਦ ਸੈਂਕੜੇ ਨਿਰੰਕਾਰੀ (ਸ਼ਾਇਦ 500 ਤੋਂ ਵੱਧ) ਖਾੜਕੂਆਂ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ। ਬੇਸ਼ਕ ਅੰਦਰ ਬੈਠੇ ਖਾੜਕੂਆਂ ਵਲੋਂ ਅਜਿਹੀ ਜ਼ਿੰਮੇਵਾਰੀ ਲੈਣੀ ਅਹਿਮ ਘਟਨਾ ਸੀ ਪਰ ਜਸਪਾਲ ਸਿੰਘ ਸਿੱਧੂ ਨੇ ਖਾੜਕੂਆਂ ਦੇ ਬਚਾਅ ਵਾਲੇ ਪੈਂਤੜੇ ਤੋਂ ਇਸ ਨੂੰ ਬਹੁਤੀ ਅਹਿਮੀਅਤ ਨਹੀਂ ਦਿੱਤੀ ਅਤੇ ਕੁਝ ਦਿਨ ਖ਼ਬਰ ਆਪਣੇ ਕੋਲ ਹੀ ਰੱਖ ਛੱਡੀ ਸੀ ਜਿਸ ਨੂੰ ਬਾਅਦ ਵਿਚ ਬੱਬਰਾਂ ਨੇ ਦਬਾਅ ਪਾ ਕੇ ਲਵਾਇਆ ਸੀ। ਸ. ਜਸਪਾਲ ਸਿੰਘ ਸਿੱਧੂ ਅਨੁਸਾਰ, ਸ਼ਾਇਦ ਬੱਬਰਾਂ ਨੇ ਜ਼ਿੰਮੇਵਾਰੀ ਸੰਤ ਭਿੰਡਰਾਂਵਾਲਿਆਂ ਦੇ ਖਾੜਕੂਆਂ ਦੇ ਮੁਕਾਬਲੇ ਆਪਣਾ ਸ਼ਕਤੀ ਪ੍ਰਦਰਸ਼ਨ ਕਰਨ ਵਾਸਤੇ ਲਈ ਸੀ।
ਇਸ ਖ਼ਬਰ ਤੋਂ ਬਾਅਦ ਸੰਤ ਲੌਂਗੋਵਾਲ ਧੜਾ ਖੁਸ਼ ਸੀ, (ਸੰਤ ਲੌਂਗੋਵਾਲ ਧੜੇ ਵਲੋਂ ਸੰਤ ਭਿੰਡਰਾਂਵਾਲਿਆਂ ਦੇ ਮੁਕਾਬਲੇ ਦਰਬਾਰ ਸਾਹਿਬ ਅੰਦਰ ਬੱਬਰ ਖਾਲਸਾ ਦੇ ਖਾੜਕੂਆਂ ਦੀ ਪੁਸ਼ਤ-ਪਨਾਹੀ ਕੀਤੀ ਜਾਂਦੀ ਸੀ) ਕਿਉਂਕਿ ਬੱਬਰ ਆਮ ਹੀ ਇਹ ਕਹਿ ਰਹੇ ਸਨ ਕਿ ਐਕਸ਼ਨ ਅਸੀਂ ਕਰ ਰਹੇ ਹਾਂ, ਭਿੰਡਰਾਂਵਾਲਾ ਐਵੇਂ ਹੀਰੋ ਬਣ ਰਿਹਾ ਹੈ। ਇਸੇ ਕਿਤਾਬ ਅਨੁਸਾਰ ਇਹ ਖ਼ਬਰ ਛਪਣ ਤੋਂ ਬਾਅਦ ਸਾਰੇ ਦੇਸ਼ ਵਿਚ ਹੰਗਾਮਾ ਮਚ ਗਿਆ ਅਤੇ ਮੀਡੀਆ ਰਾਹੀਂ ਸਰਕਾਰ ‘ਤੇ ਦਬਾਅ ਬਣ ਰਿਹਾ ਸੀ ਕਿ ਸਰਕਾਰ ਦਰਬਾਰ ਸਾਹਿਬ ਵਿਚੋਂ ਅਤਿਵਾਦੀਆਂ ਨੂੰ ਬਾਹਰ ਕੱਢ ਕੇ ਸ਼ਾਂਤੀ ਬਹਾਲ ਕਰੇ।
ਮੋਰਚੇ ਵਿਚ ਸੰਭਲਣ ਦਾ ਸ਼ਾਇਦ ਆਖਰੀ ਮੌਕਾ ਉਦੋਂ ਆਇਆ, ਜਦੋਂ ਸੀ.ਆਰ.ਪੀ.ਐਫ. ਨੇ ਕੋਤਵਾਲੀ ਕੋਲ ਕਾਰ-ਸੇਵਾ ਵਾਲੇ ਅਨਾਜ ਦੇ ਟਰੱਕਾਂ ਦੀ ਆੜ ਵਿਚ ਅੰਦਰ ਜਾ ਰਹੇ ਅਸਲੇ ਦਾ ਟਰੱਕ ਰੋਕਿਆ ਪਰ ਅੰਦਰ ਬੈਠੀਆਂ ਖਾੜਕੂ ਧਿਰਾਂ ਨੇ ਧਮਕੀ ਦੇ ਕੇ ਟਰੱਕ ਛੁਡਵਾ ਲਿਆ ਸੀ। ਅਜਿਹੇ ਮਾਹੌਲ ਵਿਚ ਕੀ ਉਦੋਂ ਦੇ ਸਿੱਖ ਚਿੰਤਕਾਂ ਦਲਬੀਰ ਸਿੰਘ, ਗੁਰਤੇਜ ਸਿੰਘ ਵਰਗਿਆਂ ਜਾਂ ਜਥੇਦਾਰ ਟੌਹੜਾ ਤੇ ਸ. ਬਾਦਲ ਵਰਗੇ ਆਗੂਆਂ ਨੂੰ ਚੌਕਸ ਨਹੀਂ ਹੋਣਾ ਚਾਹੀਦਾ ਸੀ? ਸੰਤਾਂ ਦੇ ਸਲਾਹਕਾਰ ਦੱਸਣ ਵਾਲੇ ਸ. ਗੁਰਤੇਜ ਸਿੰਘ ਅਜੇ ਵੀ ਉਨ੍ਹਾਂ ਹਥਿਆਰਾਂ ਦਾ ਭਾਂਡਾ ਮੇਜਰ ਜਨਰਲ ਜਸਵੰਤ ਸਿੰਘ ਭੁੱਲਰ ਨੂੰ ‘ਰਾਅ’ ਦਾ ਏਜੰਟ ਦੱਸ ਕੇ ਏਜੰਸੀਆਂ ਸਿਰ ਭੰਨੀ ਜਾਂਦੇ ਹਨ। ਕੀ ਇਸ ਦਾ ਮਤਲਬ ਇਹ ਨਹੀਂ ਬਣਦਾ ਕਿ ‘ਰਾਅ’ ਦੇ ਏਜੰਟ ਭੁੱਲਰ ਵਲੋਂ ਦਰਬਾਰ ਸਾਹਿਬ ਭੇਜੇ ਹਥਿਆਰਾਂ ਦੇ ਟਰੱਕਾਂ ਨਾਲ ਮੋਰਚੇਬੰਦੀ ਕਰ ਕੇ ਹੀ ਸੰਤ ਭਿੰਡਰਾਂਵਾਲ਼ਿਆਂ ਤੇ ਜਨਰਲ ਸੁਬੇਗ ਸਿੰਘ ਨੇ ਭਾਰਤੀ ਫੌਜ ਨਾਲ ਲੜਾਈ ਲੜੀ? ਮੰਨ ਲਉ ਕੰਪਲੈਕਸ ਅੰਦਰ ਹਥਿਆਰ ਏਜੰਸੀਆਂ ਹੀ ਭੇਜ ਰਹੀਆਂ ਸਨ ਤਾਂ ਰੌਲਾ ਪੈਣ ਤੋਂ ਬਾਅਦ ਵੀ ਅੰਦਰ ਬੈਠੇ ਨੇਤਾਵਾਂ ਨੇ ਹਥਿਆਰ ਕਿਉਂ ਸਵੀਕਾਰ ਕੀਤੇ? ਸਗੋਂ ਉਨ੍ਹਾਂ ਤਾਂ ਹਥਿਆਰ ਅੰਦਰ ਨਾ ਆਉਣ ਦੀ ਸੂਰਤ ਵਿਚ ਸਰਕਾਰ ਨੂੰ ਕਿਸੇ ਵੱਡੀ ਕਾਰਵਾਈ ਦੀ ਧਮਕੀ ਵੀ ਦੇ ਦਿੱਤੀ ਸੀ। ਸ. ਗੁਰਤੇਜ ਸਿੰਘ ਸਮੇਤ ਕਦੇ ਕਿਸੇ ਵਿਦਵਾਨ ਨੇ ਇਸ ਗੱਲ ਦਾ ਵੀ ਕਦੇ ਜਵਾਬ ਨਹੀਂ ਦਿੱਤਾ? ਜੇ ਇੰਦਰਾ ਸਰਕਾਰ ਸਿੱਖਾਂ ਨਾਲ ਗੇਮ ਵੀ ਖੇਡ ਰਹੀ ਸੀ ਤਾਂ ਅਸੀਂ ਹਥਿਆਰ ਕਿਉਂ ਲਏ? ਕੀ ਉਹ ਹਥਿਆਰ ਵਾਪਿਸ ਭੇਜ ਕੇ ਏਜੰਸੀਆਂ ਦੀ ਚਾਲ ਨੂੰ ਸ਼ਰੇਆਮ ਬੇਨਕਾਬ ਨਹੀਂ ਕੀਤਾ ਜਾਣਾ ਚਾਹੀਦਾ ਸੀ? ਕੀ ਧਰਮ ਯੁੱਧ ਮੋਰਚੇ ਦੇ ਡਿਕਟੇਟਰ ਸੰਤ ਲੌਂਗੋਵਾਲ ਜਾਂ ਸ੍ਰੀ ਹਰਿਮੰਦਰ ਕੰਪਲੈਕਸ ਦੇ ਕਸਟੋਡੀਅਨ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਟੌਹੜਾ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਕਹਾਣੀ ਕਿਸ ਤਰ੍ਹਾਂ ਆਪ ਮੁਹਾਰੇ ਦੁਖਾਂਤਕ ਮੋੜ ਵੱਲ ਭੱਜ ਰਹੀ ਸੀ? ਉਹ ਆਪਣੇ ਸਾਹਮਣੇ ਸਭ ਕੁਝ ਹੁੰਦਾ ਦੇਖ ਕੇ ਮੂਕ ਦਰਸ਼ਕ ਕਿਉਂ ਬਣੇ ਰਹੇ? ਕੀ ਉਹ ਬੰਦੂਕਾਂ ਵਾਲੀ ਧਿਰ ਤੋਂ ਇੰਨਾ ਡਰ ਅਤੇ ਸਹਿਮ ਗਏ ਸਨ ਕਿ ਉਨ੍ਹਾਂ ਬਿੱਲੀ ਵਲੋਂ ਕਬੂਤਰ ਅੱਗੇ ਅੱਖ ਮੀਟ ਕੇ ਵਕਤ ਟਪਾਉਣ ਦੀ ਨੀਤੀ ਅਪਨਾ ਲਈ ਸੀ? ਕੀ ਉਨ੍ਹਾਂ ਇਹ ਸੋਚ ਲਿਆ ਸੀ ਕਿ ਸਥਿਤੀ ਹੁਣ ਉਨ੍ਹਾਂ ਦੇ ਕੰਟਰੋਲ ਵਿਚ ਨਹੀਂ ਸੀ ਤੇ ਜੋ ਹੋਵੇਗਾ, ਦੇਖੀ ਜਾਵੇਗੀ? ਦਰਬਾਰ ਸਾਹਿਬ ਅੰਦਰ ਇੰਨੀ ਵੱਡੀ ਮਾਤਰਾ ਵਿਚ ਹਥਿਆਰ ਕਿਵੇਂ ਆਏ, ਬਾਰੇ ਪਾਠਕ ਵਿਸਥਾਰ ਵਿਚ ਪੱਤਰਕਾਰ ਕੰਵਰ ਸੰਧੂ ਵਲੋਂ ‘ਡੇ ਐਂਡ ਨਾਈਟ ਨਿਉਜ਼ ਚੈਨਲ’ ‘ਤੇ ਜੂਨ 2013 ਵਿਚ 8 ਭਾਗਾਂ ਦੀ ਬਣਾਈ ਡਾਕੂਮੈਂਟਰੀ ਫਿਲਮ ‘ਓਪਰੇਸ਼ਨ ਬਲਿਊ ਸਟਾਰ- ਦਿ ਅਨਟੋਲਡ ਸਟੋਰੀ’ ਦੇ ਭਾਗ-1 ਵਿਚ ਦੇਖ ਸਕਦੇ ਹਨ।
ਦਰਅਸਲ ਉਸ ਸਮੇਂ ਕੰਪਲੈਕਸ ਅੰਦਰ ਸਥਿਤੀ ਕਿਸ ਕਿਸਮ ਦੀ ਬਣੀ ਹੋਈ ਸੀ, ਉਸ ਦਾ ਪਤਾ ਉਪਰ ਦੱਸੀਆਂ ਘਟਨਾਵਾਂ ਤੋਂ ਜੇ ਪੂਰੀ ਤਰ੍ਹਾਂ ਨਹੀਂ ਲਗਦਾ ਤਾਂ ਹਰਮਿੰਦਰ ਸਿੰਘ ਸੰਧੂ ਦੇ ਕਥਿਤ ਸਾਥੀ ਸੁਖਵਿੰਦਰ ਸਿੰਘ ਕਾਕਾ ਵਲੋਂ ਸੁਖਨੈਬ ਸਿੱਧੂ ਨਾਲ ਯੂਟਿਊਬ ਚੈਨਲ ‘ਪੀਐਨਓ ਮੀਡੀਆ ਗਰੁੱਪ’ ਉਪਰ 2-3 ਸਾਲ ਪਹਿਲਾਂ ਕੀਤੇ ਪ੍ਰਗਟਾਵਿਆਂ ਨੂੰ ਸੁਣ ਲਿਆ ਜਾਣਾ ਚਾਹੀਦਾ ਹੈ। ਫੈਡਰੇਸ਼ਨ ਆਗੂ ਹਰਮਿੰਦਰ ਸਿੰਘ ਸੰਧੂ ਦੇ ਜੇਲ੍ਹ ਵਿਚੋਂ ਬਾਹਰ ਆਉਣ ਤੋਂ ਬਾਅਦ ਵੀ ਸੁਖਵਿੰਦਰ ਕਾਕਾ ਉਸ ਦੇ ਨਾਲ ਰਿਹਾ ਸੀ। ਕਾਕੇ ਦੇ ਦੱਸਣ ਅਨੁਸਾਰ ਸੰਧੂ ਨੇ ਦਸੰਬਰ 1989 ਵਿਚ ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਉੱਘੀ ਗਾਇਕਾ ਲਤਾ ਮੰਗੇਸ਼ਕਰ ਨੂੰ ਅਗਵਾ ਕਰ ਕੇ ਜਿੰਦਾ-ਸੁੱਖਾ ਨੂੰ ਛੁਡਾਉਣ ਲਈ ਉਸ ਦੀ ਜ਼ਿੰਮੇਵਾਰੀ ਲਾਈ ਸੀ। ਸੰਧੂ ਦਾ ਖਾੜਕੂਆਂ ਵਲੋਂ ਕਤਲ ਕਰਨ ਅਤੇ ਕਾਕੇ ਦੇ ਕਿਸੇ ਹਿੰਦੂ ਦੋਸਤ ਦੇ ਪਰਿਵਾਰ ਦੀਆਂ ਕੀਤੀਆਂ ਹਤਿਆਵਾਂ ਨੇ ਉਸ ਦਾ ਮਨ ਲਹਿਰ ਤੋਂ ਖੱਟਾ ਕਰ ਦਿੱਤਾ ਸੀ। ਫਿਰ ਉਸ ਨੇ ਪੁਲਿਸ ਨਾਲ ਰਲ ਕੇ ਖਾੜਕੂਆਂ ਦੇ ਖਾਤਮੇ ਲਈ ਹੀ ਹਥਿਆਰ ਚੁੱਕ ਲਏ। ਜਿਸ ਕਿਸਮ ਦੀਆਂ ਗਵਾਹੀਆਂ ਸਾਬਕਾ ਖਾੜਕੂ ਸੁਖਵਿੰਦਰ ਸਿੰਘ ਕਾਕਾ ਅਤੇ ਕੁਲਜਿੰਦਰ ਸਿੰਘ ਢਿੱਲੋਂ ਕੰਪਲੈਕਸ ਅੰਦਰਲੇ ਹਾਲਾਤ ਬਾਰੇ ਦੇ ਰਹੇ ਹਨ, ਉਹ ਸਾਰੇ ਹਾਲਾਤ ਉਥੇ ਬੈਠੇ ਦਲਬੀਰ ਸਿੰਘ, ਜਗਤਾਰ ਸਿੰਘ, ਜਸਪਾਲ ਸਿੰਘ ਸਿੱਧੂ ਜਾਂ ਮਹਿੰਦਰ ਸਿੰਘ ਵਰਗੇ ਸੁੱਘੜ ਪੱਤਰਕਾਰਾਂ ਨੂੰ ਨਜ਼ਰ ਕਿਉਂ ਨਾ ਆਏ? ਇਹ ਸਵਾਲ ਤਾਂ ਇਨ੍ਹਾਂ ਨੂੰ ਪੁੱਛਿਆ ਹੀ ਜਾ ਸਕਦਾ ਹੈ ਕਿ ਉਨ੍ਹਾਂ ਨੇ ਅਜਿਹੀਆਂ ਘਟਨਾਵਾਂ ਅਤੇ ਕੰਪਲੈਕਸ ਅੰਦਰਲੇ ਹਾਲਾਤ ਬਾਰੇ ਸੱਚ ਦੁਨੀਆ ਸਾਹਮਣੇ ਕਿਉਂ ਨਾ ਲਿਆਂਦਾ? ਇੱਥੇ ਇੱਕ ਵਾਰ ਫਿਰ ‘ਵੀਹਵੀਂ ਸਦੀ ਦੀ ਸਿੱਖ ਰਾਜਨੀਤੀ’ ਦੇ ਪੰਨਾ 384-385 ਦਾ ਹਵਾਲਾ ਸਥਿਤੀ ਨੂੰ ਸਪਸ਼ਟ ਕਰਨ ਲਈ ਸਾਰਥਕ ਹੋਵੇਗਾ: ‘ਅਕਾਲੀਆਂ ਨੇ ਕੇਂਦਰ ਸਰਕਾਰ ਨਾਲ ਸਮਝੌਤਾ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ, ਇਸ ਲਈ ਉਨ੍ਹਾਂ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ ਪਰ ਇੰਦਰਾ ਗਾਂਧੀ ਬੜੇ ਬੇਹੂਦਾ ਢੰਗ ਨਾਲ ਆਖਰੀ ਮੌਕੇ ਮੁੱਕਰ ਜਾਂਦੀ ਸੀ। ਉਹ ਆਪਣੀ ਸੋਚੀ-ਸਮਝੀ ਰਣਨੀਤੀ ਤਹਿਤ ਫਿਰਕੂ ਖੇਡ, ਖੇਡ ਰਹੀ ਸੀ। ਉਹ ਅਤਿਵਾਦ ਤੇ ਹਿੰਸਾ (ਸਿੱਖ ਖਾੜਕੂਆਂ ਦੀ) ਨੂੰ ਸ਼ਹਿ ਦੇ ਕੇ ਦੇਸ਼ ਭਰ ਵਿਚ ਬਹੁ-ਗਿਣਤੀ ਦੀ ਵਾਹ-ਵਾਹ ਖੱਟ ਕੇ 1972 ਦੀ ਚੋਣ ਵਾਂਗ 1985 ਵਿਚ ਨਵਾਂ ਇਤਿਹਾਸ ਸਿਰਜਣਾ ਚਾਹੁੰਦੀ ਸੀ। ਉਹ ਗਿਣ-ਮਿਥ ਕੇ ਆਪਣੇ ਨਿਸ਼ਾਨੇ ਵੱਲ ਵਧ ਰਹੀ ਸੀ…। ਸਿੱਖ ਸੰਘਰਸ਼ ਅੰਦਰਲੀ ਗਰਮ-ਖਿਆਲ ਧਿਰ ਨੂੰ ਇੱਕ ਖਾਸ ਹੱਦ ਤੱਕ ਤਕੜਾਈ ਹਾਸਿਲ ਕਰ ਲੈਣ ਦੀ ਸੰਕੋਚਵੀਂ ਛੋਟ ਦੇਈ ਰੱਖਣੀ ਇੰਦਰਾ ਦੇ ਫਿਰਕੂ ਮਨੋਰਥਾਂ ਦੇ ਪੂਰੀ ਤਰ੍ਹਾਂ ਸੂਤ ਬੈਠਦਾ ਸੀ। ਸਿੱਖ ਨੌਜਵਾਨਾਂ ਦੀਆਂ ਖਾੜਕੂ ਕਾਰਵਾਈਆਂ ਨਾਲੋਂ ਵੀ ਵਧ ਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਗਰਮਾਇਸ਼ ਉਪਜਾਉਂਦੇ ਬਿਆਨ ਤੇ ਭਾਸ਼ਣ ਹਿੰਦੂ ਜਨਤਾ ਦੇ ਮਨਾਂ ‘ਤੇ ਉਤੇ ਠੀਕ ਉਹੀ ਅਸਰ ਛੱਡ ਰਹੇ ਸਨ ਜਿਸ ਦੀ ਇੰਦਰਾ ਗਾਂਧੀ ਨੂੰ ਲੋੜ ਸੀ।’ ਇਸੇ ਕਿਤਾਬ ਦੇ ਪੰਨਾ 389 ਅਨੁਸਾਰ ਸੰਤ ਭਿੰਡਰਾਂਵਾਲਿਆਂ ਦੇ ਬਿਆਨ: ‘ਇੱਕ-ਇੱਕ ਸਿੱਖ ਨੂੰ ਸਿਰਫ 35-35 ਹਿੰਦੂ ਆਉਂਦੇ ਹਨ’, ਇਸ ਤੋਂ ਇੱਕ ਵੀ ਵੱਧ ਨਹੀ’, ਨਾਲ ਦੇਸ਼ ਭਰ ਵਿਚ ਹਿੰਦੂਵਾਦੀ ਤਾਕਤਾਂ ਅੱਗ-ਬਗੂਲਾ ਹੋ ਗਈਆਂ ਸਨ। ਦੇਸ਼-ਵਿਦੇਸ਼ ਦੀ ਹਿੰਦੂ ਪ੍ਰੈਸ ਨੇ ਸੰਤ ਦੇ ਇਸ ਬਿਆਨ ਨੂੰ ਉਸ ਦੀ ਹਿੰਦੂ ਭਾਈਚਾਰੇ ਪ੍ਰਤੀ ‘ਅੰਨ੍ਹੀ ਫਿਰਕੂ ਨਫਰਤ’ ਪਾਲਣ ਦਾ ਦੋਸ਼ੀ ਗਰਦਾਨਿਆ। ਦੇਸ਼ ਭਰ ਵਿਚ ਹਿੰਦੂ ਭਾਈਚਾਰੇ ਅੰਦਰ ਸੰਤ ਭਿੰਡਰਾਂਵਾਲੇ ਖਿਲਾਫ ਅਤੇ ਉਸ ਦੇ ਬਹਾਨੇ ਸਮੁੱਚੇ ਸਿੱਖ ਭਾਈਚਾਰੇ ਖਿਲਾਫ ਫਿਰਕੂ ਨਫਰਤ ਭਰਨ ਦੇ ਯਤਨ ਹੋਰ ਤੇਜ਼ ਹੋ ਗਏ।’ ਜਦੋਂ ਅਸੀਂ ਕਹਿੰਦੇ ਹਾਂ ਕਿ ਜੂਨ ਚੁਰਾਸੀ ਦੇ ਹਮਲੇ ਵੇਲੇ ਹਿੰਦੂਆਂ ਨੇ ਸਿੱਖਾਂ ਦੇ ਹੱਕ ਵਿਚ ਹਾਅ ਦਾ ਨਾਹਰਾ ਨਹੀਂ ਮਾਰਿਆ ਜਾਂ ਨਵੰਬਰ ਚੁਰਾਸੀ ਦਾ ਸਿੱਖ ਕਤਲੇਆਮ ਕਿਉਂ ਹੋਇਆ ਤਾਂ ਅਜਮੇਰ ਸਿੰਘ ਹੋਰਾਂ ਦਾ ਵਿਸ਼ਲੇਸ਼ਣ ਬਿਲਕੁੱਲ ਦਰੁਸਤ ਜਾਪਦਾ ਹੈ ਕਿ ਪੰਜਾਬ ਵਿਚ 1982-84 ਤੱਕ ਫੈਲਾਈ ਗਈ ਹਿੰਸਾ ਨਾਲ ਬਹੁ-ਗਿਣਤੀ ਹਿੰਦੂ ਭਾਈਚਾਰੇ ਵਿਚ ਸਿੱਖਾਂ ਪ੍ਰਤੀ ਫਿਰਕੂ ਨਫਰਤ ਭਰੀ ਜਾ ਚੁੱਕੀ ਸੀ। ਸ਼ਾਇਦ ਅਜਿਹੀ ਫਿਰਕੂ ਨਫਰਤ ਵੀ ਨਵੰਬਰ 1984 ਦੇ ਸਿੱਖ ਕਤਲੇਆਮ ਦਾ ਇੱਕ ਕਾਰਨ ਬਣੀ? ਸਵਾਲ ਤਾਂ ਇਹ ਹੈ ਕਿ ਅਜਿਹਾ ਸਭ ਕੁਝ ਸਭ ਦੇ ਸਾਹਮਣੇ ਵਾਪਰ ਰਿਹਾ ਸੀ ਤਾਂ ਸਿੱਖ ਲੀਡਰਸ਼ਿਪ, ਸਿੱਖ ਵਿਦਵਾਨ, ਪੱਤਰਕਾਰ ਵਕਤ ਸਿਰ ਫੈਸਲੇ ਕਿਉਂ ਨਾ ਕਰ ਸਕੇ?
ਜਿਸ ਤਰ੍ਹਾਂ ਉਪਰ ਗੁਰਬਚਨ ਸਿੰਘ ਦੀ ਫੇਸਬੁੱਕ ਪੋਸਟ ‘ਕਾਮਰੇਡਾਂ ਵਲੋਂ ਸਰਕਾਰੀ ਹਥਿਆਰਾਂ ਦੀ ਮੰਗ’ ਸਾਂਝੀ ਕੀਤੀ ਸੀ ਜਿਸ ਵਿਚ ਉਹ ਕਹਿੰਦੇ ਹਨ ਕਿ ਉਗਰਾਹਾਂ ਗਰੁੱਪ ਦੇ ਜੋਗਿੰਦਰ ਸਿੰਘ ਵਲੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਅਲੋਚਨਾ ਕਰਨ ਕਰ ਕੇ, ਹੁਣ ਉਨ੍ਹਾਂ ਨੂੰ ਡਰਦਿਆਂ ਸਰਕਾਰ ਤੋਂ ਹਥਿਆਰਾਂ ਦੀ ਮੰਗ ਕਰਨੀ ਪਈ। ਸਮਝ ਨਹੀਂ ਆਈ ਕਿ ਉਹ ਅਜਿਹੀ ਪੋਸਟ ਰਾਹੀਂ ਕਹਿਣਾ ਕੀ ਚਾਹੁੰਦੇ ਹਨ? ਕੀ ਉਹ ਇਹ ਕਹਿਣਾ ਚਾਹੁੰਦੇ ਹਨ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਆਲੋਚਨਾ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ? ਕੀ ਇਸ ਦਾ ਮਤਲਬ ਇਹ ਸਮਝਿਆ ਜਾਵੇ ਕਿ ਹੁਣ ਪੰਜਾਬ ਵਿਚ ਧਮਕੀਆਂ ਦਾ ਦੌਰ ਦੁਬਾਰਾ ਸ਼ੁਰੂ ਹੋ ਰਿਹਾ ਹੈ ਤੇ ਲੋਕਾਂ ਦੇ ਬੋਲਣ ‘ਤੇ ਪਾਬੰਦੀ ਲਗਾਈ ਜਾ ਰਹੀ ਹੈ? ਨਹੀਂ ਤਾਂ ਸਰਦਾਰ ਸਾਹਿਬ ਦਾ ਇਹ ਕਹਿਣਾ ਕਿ ‘ਇਹ ਖਤਰਾ ਉਨ੍ਹਾਂ ਦਾ ਆਪ ਸਹੇੜਿਆ ਹੈ’, ਤੋਂ ਕੀ ਭਾਵ ਹੈ? ਗੁਰਬਚਨ ਸਿੰਘ ਆਪਣੀਆਂ ਪੁਸਤਕਾਂ ਤੇ ਪ੍ਰਵਚਨਾਂ ਵਿਚ ਗੁਰਬਾਣੀ ਦੀ ਪ੍ਰਭਾਵਸ਼ਾਲੀ ਵਿਆਖਿਆ ਕਰਦਿਆਂ ਅਕਸਰ ਸਿੱਖਾਂ ਲਈ ‘ਹਲੇਮੀ ਰਾਜ’, ‘ਬੇਗਮਪੁਰਾ’ ਆਦਿ ਦੇ ਸੁਪਨੇ ਸਿਰਜਦੇ ਹਨ। ਉਨ੍ਹਾਂ ਅਨੁਸਾਰ ‘ਖਾਲਸਾ ਰਾਜ’ ਦੁਨੀਆ ਦਾ ਅਨੋਖਾ ਰਾਜ ਹੋਵੇਗਾ। ਕੀ ਇਸ ਅਨੋਖੇ ਰਾਜ ਵਿਚ ਹਰ ਵਿਰੋਧੀ ਆਵਾਜ਼ ਨੂੰ ਇਸੇ ਤਰ੍ਹਾਂ ਧਮਕੀਆਂ ਨਾਲ ਦਬਾਇਆ ਜਾਇਆ ਕਰੇਗਾ? ਇਸੇ ਤਰ੍ਹਾਂ ਗੁਰਬਚਨ ਸਿੰਘ ਦੇ ਪੁਰਾਣੇ ਸਾਥੀ ਅਜਮੇਰ ਸਿੰਘ ਵਲੋਂ ਵੀ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿਚ 84 ਦੇ ਦੌਰ ਵਿਚ ਖਾੜਕੂ ਰਹੇ ਭਾਈ ਰਣਜੀਤ ਸਿੰਘ ਕੁੱਕੀ ਬਾਰੇ ਕਿਹਾ ਗਿਆ ਸੀ: ‘ਦੇਖਿਓ, ਹੁਣ ਇਹ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਵੀ ਆਲੋਚਨਾ ਕਰੇਗਾ?’ ਰਣਜੀਤ ਸਿੰਘ ਕੁੱਕੀ ਨੇ ਜੂਨ 84 ਦੇ ਹਮਲੇ ਤੋਂ ਬਾਅਦ ਖਾੜਕੂ ਲਹਿਰ ਵਿਚ ਹਿੱਸਾ ਲੈਂਦਿਆਂ 17 ਵਰ੍ਹੇ ਦੇਸ਼-ਵਿਦੇਸ਼ ਦੀਆਂ ਜੇਲ੍ਹਾਂ ਵਿਚ ਬਿਤਾਏ ਸਨ। ਉਨ੍ਹਾਂ ਸੰਘਰਸ਼ ਦੇ ਆਪਣੇ ਲੰਮੇ ਤਜਰਬੇ ਦੇ ਆਧਾਰ ‘ਤੇ ਇੰਨਾ ਹੀ ਕਿਹਾ ਸੀ ਕਿ ਭਾਈ ਅੰਮ੍ਰਿਤਪਾਲ ਸਿੰਘ ਜ਼ਰਾ ਠਰੰਮੇ ਨਾਲ ਚੱਲੇ, ਸਿੱਖ ਭਾਈਚਾਰੇ ਨੂੰ ਕਿਸੇ ਨਵੀਂ ਸਾੜ੍ਹਸਤੀ ਵੱਲ ਨਾ ਧੱਕ ਦੇਵੇ। ਕੀ ਸਿੱਖ ਕੌਮ ਲਈ ਕੁਰਬਾਨੀ ਕਰਨ ਵਾਲੇ ਅਜਿਹੇ ਸ਼ਖਸ ਨੂੰ ਵੀ ਆਪਣੀ ਸਮਝ ਅਨੁਸਾਰ ਆਲੋਚਨਾ ਕਰਨ ਦਾ ਹੱਕ ਨਹੀਂ? ਕੀ ਬੀਤੇ ਦੀਆਂ ਗਲਤੀਆਂ ਤੋਂ ਸਬਕ ਲੈਣਾ ਕੌਮ ਨਾਲ ਗਦਾਰੀ ਹੁੰਦੀ ਹੈ? ਕੀ ਸ. ਅਜਮੇਰ ਸਿੰਘ ਸ. ਕੁੱਕੀ ਰਾਹੀਂ ਸਿੱਖਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਲੋਚਨਾ ਤੋਂ ਉਪਰ ਹਨ? ਕੀ ਉਨ੍ਹਾਂ ਦੀ ਲਹਿਰ ਦਾ ਵਿਸ਼ਲੇਸ਼ਣ ਨਹੀਂ ਹੋ ਸਕਦਾ?
ਗੁਰਬਚਨ ਸਿੰਘ ਨੂੰ ਇਤਰਾਜ਼ ਹੈ ਕਿ ਕਾਮਰੇਡਾਂ ਨੇ ਸੰਤ ਜੀ ਨਾਲ ਸੰਵਾਦ ਨਹੀਂ ਰਚਾਇਆ ਸਗੋਂ ਸਰਕਾਰੀ ਪੈਂਤੜੇ ਤੋਂ ਉਨ੍ਹਾਂ ਦਾ ਵਿਰੋਧ ਕੀਤਾ; ‘ਧਰਮ ਯੁੱਧ ਮੋਰਚੇ’ ਵਿਚ ਵਾਪਰੀਆਂ ਕੁਝ ਅਹਿਮ ਘਟਨਾਵਾਂ ਦਾ ਜ਼ਿਕਰ ਇਸੇ ਲਈ ਜ਼ਰੂਰੀ ਸੀ ਕਿ ਇਸ ਪੱਖ ਨੂੰ ਪਾਠਕ ਸਮਝ ਸਕਣ ਕਿ ਉਹ ਅਕਾਲੀ ਲੀਡਰਸ਼ਿਪ ਜਿਹੜੀ ਪੰਜਾਬ ਦੀਆਂ ਹੱਕੀ ਮੰਗਾਂ ਵਾਲ ਸਾਂਝਾ ਮੋਰਚਾ ਛੱਡ ਕੇ ਦਰਬਾਰ ਸਾਹਿਬ ਸੰਤ ਭਿੰਡਰਾਂਵਾਲਿਆਂ ਨਾਲ ਸਾਂਝਾ ਧਰਮ ਮੋਰਚਾ ਲਾ ਬੈਠੀ ਸੀ, ਉਨ੍ਹਾਂ ਦਾ ਹਸ਼ਰ ਕੀ ਹੋਇਆ ਸੀ? ਉਨ੍ਹਾਂ ਦੇ ਸਾਹਮਣੇ ਸ਼ਰੇਆਮ ਕਤਲ ਹੋ ਰਹੇ ਸਨ, ਉਹ ਖੁਦ ਮੌਤ ਦੇ ਸਾਏ ਹੇਠ ਜੀਅ ਰਹੇ ਸਨ ਤਾਂ ਕਾਮਰੇਡ ਕਿਸ ਦੇ ਪਾਣੀਹਾਰ ਸਨ? ਉਹ ਆਪਣੀ ਬੇਵਸੀ ਵਿਚ ਦਰਬਾਰ ਸਾਹਿਬ ਦੇ ਅੰਦਰ ਤੇ ਬਾਹਰ ਹੋ ਰਹੇ ਕਤਲਾਂ ਦਾ ਭਾਂਡਾ ਏਜੰਸੀਆਂ ਸਿਰ ਭੰਨ ਕੇ ਜਾਨ ਬਚਾ ਰਹੇ ਸਨ? ਗੁਰਬਚਨ ਸਿੰਘ ਆਪ ਹੀ ਸੋਚ ਸਕਦੇ ਹਨ ਕਿ ਅਜਿਹੇ ਮਾਹੌਲ ਵਿਚ ਕਾਮਰੇਡ ਕਿਸ ਆਧਾਰ ‘ਤੇ ਸੰਵਾਦ ਰਚਾਉਂਦੇ? ਕੀ ਉਥੇ ਸੰਵਾਦ ਦਾ ਕੋਈ ਮਾਹੌਲ ਸੀ? ਇੱਥੇ ਸ. ਅਜਮੇਰ ਸਿੰਘ ਦੀ ਕਿਤਾਬ ‘ਵੀਹਵੀਂ ਸਦੀ ਦੀ ਸਿੱਖ ਰਾਜਨੀਤੀ’ ਦੇ ਪੰਨਾ 357 ਦਾ ਹਵਾਲਾ ਸਾਰਥਿਕ ਰਹੇਗਾ ਜਿੱਥੇ ਉਹ ਲਿਖਦੇ ਹਨ ਕਿ ਮਾਰਕਸੀ ਲੀਡਰ ਹਰਕ੍ਰਿਸ਼ਨ ਸਿੰਘ ਸੁਰਜੀਤ ਵਲੋਂ ਅਕਾਲੀਆਂ ਨੂੰ ਫਿਰਕੂ ਧਾਰਮਿਕ ਰਾਜਨੀਤੀ ਛੱਡ ਕੇ ਲੋਕ ਹਿੱਤਾਂ ਵਾਸਤੇ ਲੜਨ ਲਈ ਪ੍ਰੇਰਨ ਦਾ ਪੂਰਾ ਜ਼ੋਰ ਲੱਗਾ ਹੋਇਆ ਸੀ ਪਰ ਅਕਾਲੀ ਸੌੜੇ ਹਿੱਤਾਂ ਲਈ ਅਜਿਹਾ ਨਾ ਕਰ ਸਕੇ। ਉਹ ਲਿਖਦੇ ਹਨ: ‘ਜਦੋਂ ਦਰਿਆਈ ਪਾਣੀਆਂ ਲਈ ਕਪੂਰੀ ਮੋਰਚਾ ਲੱਗਾ ਤਾਂ ਲੋਕਾਂ ਨੇ ਬਹੁਤਾ ਉਤਸ਼ਾਹ ਨਾ ਦਿਖਾਇਆ। ਬੇਸ਼ਕ ਇਸ ਮੱਠੇ ਹੁੰਗਾਰੇ ਲਈ ਹਾੜ੍ਹੀ ਦੀ ਫਸਲ ਦੇ ਰੁਝੇਵੇਂ ਕਿਹਾ ਗਿਆ ਪਰ ਅਸਲ ਵਿਚ ਉਸ ਵਕਤ ਤੱਕ ਹਿੰਦੂਆਂ-ਸਿੱਖਾਂ ਵਿਚ ਫਿਰਕੂ ਰੰਗਤ ਪੂਰੀ ਤਰ੍ਹਾਂ ਚੜ੍ਹ ਚੁੱਕੀ ਸੀ। ਲੋਕ ਮੁੱਦੇ ਉਨ੍ਹਾਂ ਲਈ ਕੋਈ ਦਿਲ-ਖਿੱਚਵੇਂ ਨਹੀਂ ਰਹੇ ਸਨ। ਅਜਿਹੀ ਸਥਿਤੀ ਜਿਤਨੀ ਗਰਮ-ਖਿਆਲੀਆਂ ਨੂੰ ਮਜ਼ਬੂਤੀ ਦੇ ਰਹੀ ਸੀ, ਉਤਨੀ ਨਰਮ-ਖਿਆਲੀਆਂ ਲਈ ਬਖੇੜੇ ਖੜ੍ਹੇ ਕਰ ਰਹੀ ਸੀ। ਇਸ ਨਾਲ ਪੰਜਾਬ ਅੰਦਰ ਕਾਮਰੇਡ ਸੁਰਜੀਤ ਦੀ ਸਾਰੀ ਲੋਕ ਪੱਖੀ ਖੇਡ ਖਰਾਬ ਹੋ ਰਹੀ ਸੀ। ਉਹ ਦਹਾਕਿਆਂ ਤੋਂ ਪੰਜਾਬ ਵਿਚ ਸਿੱਖ ਫਿਰਕਾਪ੍ਰਸਤੀ ਨੂੰ ਭਾਂਜ ਦੇਣ ਦੀਆਂ ਮਸ਼ਕਾਂ ਕਰਦਾ ਆ ਰਿਹਾ ਸੀ। ਉਸ ਦਾ ਸਾਰਾ ਜ਼ੋਰ ਅਕਾਲੀਆਂ ਨੂੰ ਧਾਰਮਿਕ ਮੁੱਦਿਆਂ ਤੋਂ ਹਟਾ ਕੇ ‘ਲੋਕ-ਪੱਖੀ ਅਫਿਰਕੂ ਮੁੱਦਿਆਂ’ ‘ਤੇ ਲਾਉਣ ਲਈ ਲੱਗਾ ਹੋਇਆ ਸੀ। ਕਮਿਊਨਿਸਟ ਪਾਰਟੀਆਂ ਵਲੋਂ ‘ਨਹਿਰ ਰੋਕੂ’ ਮੋਰਚੇ ਵਿਚ ਸ਼ਾਮਿਲ ਹੋਣਾ ਵੀ ਇਸੇ ਰਣਨੀਤੀ ਦਾ ਹਿੱਸਾ ਸੀ। ਬੇਸ਼ਕ ਅਕਾਲੀ ਵੀ ਸੰਤ ਜਰਨੈਲ ਸਿੰਘ ਦੀ ਵਧਦੀ ਤਾਕਤ ਰੋਕਣ ਲਈ ਅਜਿਹੇ ਯਤਨ ਕਰ ਰਹੇ ਸਨ ਪਰ ਉਨ੍ਹਾਂ ਦੇ ਸਾਰੇ ਯਤਨ ਨਾਕਾਮ ਹੋ ਰਹੇ ਸਨ। ਉਨ੍ਹਾਂ ਦਿਨਾਂ ਵਿਚ ਹੀ ‘ਦਲ ਖਾਲਸਾ’ ਵਲੋਂ 25-26 ਅਪਰੈਲ 1982 (ਮੋਰਚਾ ਸ਼ੁਰੂ ਹੋਣ ਤੋਂ 2-3 ਦਿਨ ਬਾਅਦ) ਦੋ ਮੰਦਰਾਂ ਵਿਚ ਗਊਆਂ ਦੇ ਸਿਰ ਅਤੇ ਪੂਛਾਂ ਵੱਢ ਕੇ ਸੁੱਟਣ ਨਾਲ ਪੰਜਾਬ ਵਿਚ ਹਿੰਦੂ-ਸਿੱਖ ਫਿਰਕੂ ਤਣਾਅ ਵਧ ਗਿਆ ਸੀ। ਇਸ ਤੋਂ ਬਾਅਦ ਹਿੰਦੂਆਂ ਨੇ ਸਿੱਖਾਂ ‘ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਇਸੇ ਦੌਰਾਨ ਸਿੱਖ ਜੁਝਾਰੂਆਂ ਨੇ ਪੰਜਾਬ ਵਿਚ ਚੁਣ-ਚੁਣ ਕੇ ਨਿਰੰਕਾਰੀ ਮਾਰਨੇ ਸ਼ੁਰੂ ਕਰ ਦਿੱਤੇ। ਅਜਿਹੀ ਸਥਿਤੀ ਪੰਜਾਬ ਅਤੇ ਕੇਂਦਰ ਦੀਆਂ ਕਾਂਗਰਸੀ ਸਰਕਾਰਾਂ ਦੇ ਫਿਰਕੂ ਏਜੰਡੇ ਦੇ ਰਾਸ ਆ ਰਹੀ ਸੀ।’
ਹੁਣ ਗੁਰਬਚਨ ਸਿੰਘ ਦੇ ਕਾਮਰੇਡਾਂ ਪ੍ਰਤੀ ਉਠਾਏ ਇਤਰਾਜ਼ ਵੱਲ ਆਉਂਦੇ ਹਾਂ ਕਿ ਉਨ੍ਹਾਂ ਨੂੰ ਖਾੜਕੂ ਧਿਰਾਂ ਨਾਲ ਸੰਵਾਦ ਰਚਾਉਣਾ ਚਾਹੀਦਾ ਸੀ। ਉਸ ਵਕਤ ਵੱਡੀ ਧਿਰ ਅਕਾਲੀ ਦਲ ਆਪਣੇ ਸ਼ਾਂਤਮਈ ਮੋਰਚੇ ਵਿਚ ਹਿੰਸਾ ਵਾੜਨ ਵਾਲੇ ਧੜਿਆਂ ਨੂੰ ਨਾ ਨਿਖੇੜ ਸਕੇ ਤੇ ਨਾ ਹੀ ਰੋਜ਼ਾਨਾ ਹੋ ਰਹੇ ਸਿਆਸੀ ਤੇ ਬੇਗੁਨਾਹਾਂ ਦੇ ਕਤਲਾਂ ‘ਤੇ ਕੋਈ ਸਪਸ਼ਟ ਸਟੈਂਡ ਲੈ ਸਕੇ। ਜਦੋਂ ਉਹ ਫਸ ਜਾਂਦੇ ਤਾਂ ਭਾਂਡਾ ਏਜੰਸੀਆਂ ਸਿਰ ਭੰਨ ਦਿੰਦੇ ਸਨ। ਕੀ ਉਸ ਵਕਤ ਸਿੱਖ ਵਿਦਵਾਨਾਂ ਨੂੰ ਇਹ ਨਹੀਂ ਚਾਹੀਦਾ ਸੀ ਕਿ ਉਹ ਸਿੱਖੀ ਸਿਧਾਂਤਾਂ ਦੇ ਉਲਟ ਬੇਗੁਨਾਹਾਂ ਦੇ ਹੋ ਰਹੇ ਕਤਲਾਂ ਖਿਲਾਫ ਸਟੈਂਡ ਲੈਂਦੇ? ਜੇ ਕਾਮਰੇਡਾਂ ਨੇ ਅਜਿਹੀ ਬੇਮੁਹਾਰੀ ਹਿੰਸਾ ਦਾ ਵਿਰੋਧ ਕੀਤੀ ਤਾਂ ਉਨ੍ਹਾਂ ਦੇ ਲੀਡਰਾਂ ਦੇ ਕਤਲ ਸ਼ੁਰੂ ਕਰ ਦਿੱਤੇ ਗਏ। ਸਿੱਖ ਵਿਦਵਾਨਾਂ ਨੂੰ ਸਵਾਲ ਹੈ: ਕੀ ਬੇਗੁਨਾਹਾਂ ਦੇ ਕਤਲਾਂ ਖਿਲਾਫ ਆਵਾਜ਼ ਉਠਾਉਣਾ ਸਟੇਟ ਨਾਲ ਖੜ੍ਹਨਾ ਸੀ? 1982-1994 ਤੱਕ ਖਾੜਕੂਵਾਦ ਦੇ ਦੌਰ ਵਿਚ ਵਿਚਾਰਧਾਰਕ ਅਤੇ ਸਿਆਸੀ ਵਿਰੋਧ ਵਿਚ ਸੈਂਕੜੇ ਕਾਮਰੇਡ, ਪੱਤਰਕਾਰ, ਲੇਖਕ, ਸਿਆਸੀ ਲੀਡਰ, ਨਿਰੰਕਾਰੀ, ਹਿੰਦੂ ਆਦਿ ਖਾੜਕੂਆਂ ਦੀਆਂ ਗੋਲੀਆਂ ਦਾ ਨਿਸ਼ਾਨਾ ਬਣੇ ਸਨ ਜਿਨ੍ਹਾਂ ਦੇ ਕਤਲਾਂ ‘ਤੇ ਵਿਚਾਰ ਕਰਨ ਦੀ ਥਾਂ ਸਾਡੇ ਅਜਿਹੇ ਵਿਦਵਾਨ ਇਹ ਕਹਿ ਕਿ ਪੱਲਾ ਝਾੜ ਲੈਂਦੇ ਹਨ ਕਿ ਉਹ ਲੋਕ ਸਟੇਟ ਨਾਲ ਖੜ੍ਹੇ ਸਨ ਜਾਂ ਉਨ੍ਹਾਂ ਮੁਖਬਰੀਆਂ ਕੀਤੀਆਂ ਸਨ। ਅਰਜਨ ਸਿੰਘ ਮਸਤਾਨਾ, ਦਰਸ਼ਨ ਸਿੰਘ ਕੈਨੇਡੀਅਨ, ਦੀਪਕ ਧਵਨ, ਬਲਦੇਵ ਮਾਨ, ਜੰਗੀਰ ਸਿੰਘ ਕੌਲ ਸਹੇੜੀ, ਜੈਮਲ ਪੱਡਾ, ਅਮਰ ਸਿੰਘ ਅੱਛਰਵਾਲ ਆਦਿ ਵਰਗੇ ਸੈਂਕੜੇ ਕਾਮਰੇਡ ਕਿਸ ਕਿਸਮ ਦੀ ਮੁਖਬਰੀ ਕਰ ਰਹੇ ਸਨ ਜਾਂ ਕਿਹੜੀ ਸਟੇਟ ਨਾਲ ਖੜ੍ਹੇ ਸਨ? ਕੀ ਉਨ੍ਹਾਂ ਤੇ ਉਨ੍ਹਾਂ ਵਰਗੇ ਹੋਰ ਸੈਂਕੜੇ ਮਰਨ ਵਾਲਿਆਂ ਦਾ ਦੋਸ਼ ਸਿਰਫ ਇੰਨਾ ਹੀ ਨਹੀਂ ਸੀ ਕਿ ਉਹ ਖਾੜਕੂਆਂ ਵਲੋਂ ਬੇਦੋਸ਼ੇ ਕਤਲਾਂ ਦਾ ਵਿਰੋਧ ਕਰਨ ਦੀ ਗੁਸਤਾਖੀ ਕਰ ਰਹੇ ਸਨ?
ਕੀ ਫਿਰ ਸਾਡਾ ਅਜਿਹਾ ਧਰਮ ਆਧਾਰਿਤ ‘ਖਾਲਸਾ ਰਾਜ’ ਵੀ ਇਰਾਨ ਵਿਚ ਕੁਰਾਨ ਦੀ ਸ਼ਰ੍ਹਾ ਆਧਾਰਿਤ ਮੌਜੂਦਾ ਖੁਮੈਨੀ ਦੇ ਇਸਲਾਮੀ ਰਾਜ ਵਰਗਾ ਹੋਵੇਗਾ? ਜਾਂ ਇਹ ਰਾਜ ਅਫਗਾਨਿਸਤਾਨ ਦੇ ਤਾਲਿਬਾਨ ਦੇ ਇਸਲਾਮੀ ਰਾਜ ਵਰਗਾ ਹੋਵੇਗਾ? ਕੀ ਸਿੱਖ ਵਿਦਵਾਨਾਂ ਦਾ ‘ਹਲੇਮੀ ਰਾਜ’ ਇਹੋ ਜਿਹਾ ਤਾਂ ਨਹੀਂ ਹੋਵੇਗਾ ਜਿਸ ਦੀ ਝਲਕ ‘ਖਾਲਸਾ ਰਾਜ’ ਦੇ ਨਵੇਂ ਝੰਡਾ-ਬਰਦਾਰ ਭਾਈ ਅੰਮ੍ਰਿਤਪਾਲ ਸਿੰਘ ਦੀ ‘ਖਾਲਸਾ ਵਹੀਰ’ ਵਲੋਂ ਪਹਿਲਾਂ ਕਪੂਰਥਲੇ ਅਤੇ ਫਿਰ ਗੁਰਬਚਨ ਸਿੰਘ ਦੇ ਆਪਣੇ ਸ਼ਹਿਰ ਜਲੰਧਰ ਦੇ ਮਾਡਲ ਟਾਊਨ ਗੁਰਦੁਆਰੇ ਦੇ ਫਰਨੀਚਰ ਦੀ ਭੰਨ-ਤੋੜ ਅਤੇ ਸਾੜ-ਫੂਕ ਕਰ ਕੇ ਦਿਖਾਈ ਹੈ? ਇਸ ਘਟਨਾ ਬਾਰੇ ਭਾਈ ਅੰਮ੍ਰਿਤਪਾਲ ਸਿੰਘ ਨੇ ਪੱਤਰਕਾਰਾਂ ਸਾਹਮਣੇ ਆਪਣਾ ਪੱਖ ਇਵੇਂ ਪੇਸ਼ ਕੀਤਾ: ‘ਸੰਘਰਸ਼ ਵਿਚ ਤੁਹਾਡੇ ਕਈ ਐਕਸ਼ਨ ‘ਸਿੰਬੌਲਿਕ’ ਹੁੰਦੇ ਹਨ ਤਾਂ ਕਿ ਵੱਡੀ ਲੁਕਾਈ ਨੂੰ ਮੈਸੇਜ ਦਿੱਤਾ ਜਾਵੇ ਕਿ ਜੇ ਤੁਸੀਂ ਅਜਿਹੇ ਕੰਮ (ਭਾਵ ਗੁਰਦੁਆਰਿਆਂ ਵਿਚ ਕੁਰਸੀਆਂ-ਮੇਜ਼ ਰੱਖਣੇ) ਬੰਦ ਨਾ ਕੀਤੇ ਤਾਂ ਤੁਹਾਡੀ ਵਾਰੀ ਵੀ ਜਲਦੀ ਆ ਸਕਦੀ ਹੈ।’ ਇਸ ਸਬੰਧੀ ਉਦਾਹਰਨ ਦਿੰਦੇ ਉਹ ਕਹਿੰਦੇ ਹਨ: ‘ਜਿਸ ਤਰ੍ਹਾਂ ਇਰਾਨ, ਅਫਗਾਨਿਸਤਾਨ, ਸਊਦੀ ਅਰਬ ਵਿਚ ਜੁਰਮ ਕਰਨ ‘ਤੇ ਹੱਥ-ਪੈਰ ਕੱਟ ਦਿੱਤੇ ਜਾਂਦੇ ਹਨ ਜਾਂ ਮੁਜਰਿਮ ਫਾਹੇ ਲਾ ਕੇ ਚੁਰਾਹਿਆਂ ਵਿਚ ਟੰਗ ਦਿੱਤੇ ਜਾਂਦੇ ਹਨ, ਇਹ ਸਭ ਲੋਕਾਂ ਨੂੰ ਮੈਸੇਜ ਦੇਣ ਲਈ ਹੁੰਦਾ ਹੈ, ਸਾਡਾ ਐਕਸ਼ਨ ਵੀ ਲੋਕਾਂ ਨੂੰ ਅਜਿਹਾ ਸੁਨੇਹਾ ਦੇਣ ਵਾਲਾ ਹੀ ਹੈ।’ ਹੁਣ ਇਸ ਬਿਆਨ ਤੋਂ ਕੀ ਸਮਝਿਆ ਜਾਵੇ? ਸਾਡਾ ‘ਹਲੇਮੀ ਖਾਲਸਾ ਰਾਜ’ ਮੁੱਲਿਆਂ ਦੇ ਇਰਾਨ, ਤਾਲਿਬਾਨ ਦੇ ਅਫਗਾਨਿਸਤਾਨ ਜਾਂ ਸ਼ੇਖਾਂ ਦੇ ਸਊਦੀ ਅਰਬ ਤੋਂ ਕਿਵੇਂ ਵੱਖਰਾ ਧਾਰਮਿਕ ਦੇਸ਼ ਹੋਵੇਗਾ?
ਇਰਾਨ ਵਿਚ ਅਮਰੀਕਾ ਪੱਖੀ ਸ਼ਾਹ ਸਰਕਾਰ ਵਿਰੁੱਧ ਖੁਮੈਨੀ ਦੇ ਧਰਮ ਆਧਾਰਿਤ ਰਾਜਤੰਤਰ ‘ਇਸਲਾਮੀ ਇਨਕਲਾਬ’ ਦੀ ਲਹਿਰ ਵਿਚ ਸਭ ਤੋਂ ਮੂਹਰੇ ਹੋ ਕੇ ਲੜਨ ਤੇ ਜਾਨਾਂ ਵਾਰਨ ਵਾਲੇ ‘ਮੁਜਾਹਿਦੀਨ-ਏ-ਖਲਕ’ ਦੇ ਮਾਰਕਸਵਾਦੀ ਯੋਧੇ ਸਨ ਜੋ ਅਖੀਰ ਤੱਕ ਇਸ ਆਸ ਵਿਚ ਲੜੇ ਸਨ ਕਿ ਸ਼ਾਇਦ ਖੁਮੈਨੀ ਵਰਗੀਆਂ ਕੱਟੜ ਮੁੱਲਾਂ ਬਰੈਂਡ ਇਸਲਾਮੀ ਤਾਕਤਾਂ ਦੇ ਸਹਿਯੋਗ ਨਾਲ ਅਜਿਹਾ ਇਸਲਾਮੀ ਰਾਜ ਲੈ ਆਉਣਗੇ ਜੋ ਮਾਰਕਸਵਾਦੀ ਨਜ਼ਰੀਏ ਤੋਂ ਲੋਕਾਂ ਦਾ ਰਾਜ ਹੋਵੇਗਾ ਪਰ ਹੋਇਆ ਇਸ ਦੇ ਐਨ ਉਲਟ ਸੀ। ‘ਇਨਕਲਾਬ’ ਆਉਣ ‘ਤੇ ਖੁਮੈਨੀ ਦੀ ਇਸਲਾਮੀ ਸਰਕਾਰ ਨੇ ਸਭ ਤੋਂ ਪਹਿਲਾਂ ਨਾ ਸਿਰਫ ‘ਮੁਜਾਹੀਦੀਨ-ਏ-ਖਲਕ’ ‘ਤੇ ਪਾਬੰਦੀ ਲਗਾਈ ਸਗੋਂ ਇਸ ਦੇ ਹਜ਼ਾਰਾਂ ਲੀਡਰਾਂ ਤੇ ਕਾਰਕੁਨਾਂ ਨੂੰ ਫਾਹੇ ਲਾ ਕੇ ਮਾਰ ਮੁਕਾਇਆ ਅਤੇ ਬਹੁਤ ਸਾਰੇ ਅੱਜ ਵੀ ਜਲਾਵਤਨੀ ਕੱਟ ਰਹੇ ਹਨ। ਮਾਕਰਸਵਾਦੀਆਂ ਦੀ ਮਦਦ ਨਾਲ ਬਣੀ ਨਵੀਂ ‘ਇਸਲਾਮੀ ਰਿਪਬਲਿਕ ਆਫ ਇਰਾਨ’ ਵਿਚ ਅੱਜ ਲੋਕਾਂ ਦਾ ਜੋ ਹਾਲ ਹੈ, ਸਭ ਦੇ ਸਾਹਮਣੇ ਹੈ। ਪਿਛਲੇ 43 ਸਾਲਾਂ ਵਿਚ ਹਰ ਮਹੀਨੇ ਸੈਂਕੜੇ ਵਿਰੋਧੀਆਂ ਨੂੰ ਸ਼ਰੇਆਮ ਫਾਹੇ ਟੰਗਿਆ ਜਾਂਦਾ ਹੈ। ਪਿਛਲੇ ਕੁਝ ਮਹੀਨਿਆਂ ਤੋਂ ਖੁਮੈਨੀ ਦੇ ਇਸਲਾਮੀ ਰਾਜ ਦੇ 43 ਸਾਲ ਦੇ ਤਜਰਬਿਆਂ ਬਾਅਦ ਹੁਣ ਔਰਤਾਂ ਦੀ ਤਹਿਰੀਕ ਸਪਸ਼ਟ ਦੱਸ ਰਹੀ ਹੈ ਕਿ ਉਥੇ ਕੀ ਕੁਝ ਹੋ ਰਿਹਾ ਹੈ। 13 ਸਤੰਬਰ 2022 ਨੂੰ ਆਪਣੇ ਪਰਿਵਾਰ ਨਾਲ ਤਹਿਰਾਨ ਘੁੰਮਣ ਆਈ 23 ਸਾਲਾ ਕੁਰਦਿਸ਼ ਲੜਕੀ ਮਾਹਸਾ ਅਮੀਨੀ ਨੂੰ ਗਲਤ ਢੰਗ ਨਾਲ ਹਿਜ਼ਾਬ ਪਹਿਨਣ ਕਾਰਨ ਗ੍ਰਿਫਤਾਰ ਕੀਤਾ ਗਿਆ ਅਤੇ 3 ਦਿਨ ਦੇ ਤਸ਼ੱਦਦ ਤੋਂ ਬਾਅਦ ਪੁਲਿਸ ਹਿਰਾਸਤ ਵਿਚ ਉਸ ਦੀ ਮੌਤ ਨੂੰ ਹਰਟ ਅਟੈਕ ਕਹਿ ਦਿੱਤਾ ਗਿਆ। ਇਸ ਤੋਂ ਬਾਅਦ ਔਰਤਾਂ ਵਿਚ ਕਈ ਦਹਾਕਿਆਂ ਤੋਂ ਦਬਿਆ ਪਿਆ ਗੁੱਸਾ ਲਾਵੇ ਵਾਂਗ ਫਟ ਪਿਆ। ਪ੍ਰਦਰਸ਼ਨਾਂ ਦੌਰਾਨ ਹੁਣ ਤੱਕ 500 ਤੋਂ ਵੱਧ ਮਰਦ-ਔਰਤਾਂ ਪੁਲਿਸ ਗੋਲੀ ਨਾਲ ਮਾਰੇ ਜਾ ਚੁੱਕੇ ਹਨ, ਹਜ਼ਾਰਾਂ ਜੇਲ੍ਹਾਂ ਵਿਚ ਸੜ ਰਹੇ ਹਨ। ਸੈਂਕੜੇ ਲੋਕ ਫਾਹੇ ਲਗਾਏ ਜਾ ਚੁੱਕੇ ਹਨ। ਗੱਲ ਸਿਰਫ ਇਰਾਨ ਦੀ ਨਹੀਂ, ਦੁਨੀਆ ਭਰ ਦੇ ਧਰਮ ਆਧਾਰਿਤ ਇਸਲਾਮੀ ਦੇਸ਼ਾਂ ਵਿਚ ਇਹੀ ਹਾਲ ਹੈ। ਅਫਗਾਨਿਸਤਾਨ ਵਿਚ ਤਾਲਿਬਾਨ ਦੇ ਰਾਜ ਬਾਰੇ ਤਾਂ ਚੁੱਪ ਹੀ ਭਲੀ ਹੈ। ਆਪਣੇ ਪਿਛਲੇ ਸ਼ਾਸਨ ਵਿਚ ਤਾਲਿਬਾਨ ਨੇ ਜੋ ਕੁਝ ਕੀਤਾ, ਉਸ ਦਾ ਤਾਂ ਕਹਿਣਾ ਹੀ ਕੀ ਹੈ! ਕੁਝ ਹਫਤੇ ਪਹਿਲਾਂ ਨਵੇਂ ਸੁਧਾਰਵਾਦੀ ਤਾਲਿਬਾਨ ਨੇ ਇੱਕ ਵਾਰ ਫਿਰ ਅਫਗਾਨਿਸਤਾਨ ਵਿਚ ਲੜਕੀਆਂ ਦੀ ਵਿੱਦਿਆ ‘ਤੇ ਪਾਬੰਦੀ ਲਾ ਦਿੱਤੀ ਹੈ।
ਵੈਸੇ ਮੈਂ ਸ. ਗੁਰਬਚਨ ਸਿੰਘ ਵਾਂਗ ਨਾ ਕਦੇ ਮਾਰਕਸਵਾਦ ਨੂੰ ਡੂੰਘਾਈ ਵਿਚ ਪੜ੍ਹਿਆ ਹੈ ਤੇ ਨਾ ਕਦੇ ਕਿਸੇ ਕਮਿਊਨਿਸਟ ਜਥੇਬੰਦੀ ਨਾਲ ਸਬੰਧਤ ਰਿਹਾ ਹਾਂ ਪਰ ਉਨ੍ਹਾਂ ਨੂੰ ਤਾਂ ਗੁਰਬਾਣੀ ਦੇ ਵਿਸ਼ਵ ਵਿਆਪੀ ਫਲਸਫੇ ਦੇ ਨਾਲ-ਨਾਲ ਮਾਰਕਸਵਾਦ ਦੀ ਵੀ ਗਹਿਰੀ ਸਮਝ ਹੈ ਤੇ ਉਨ੍ਹਾਂ ਨੇ ਪਹਿਲਾਂ ਆਪਣੇ ਸੀਨੀਅਰ ਸਾਥੀ ਅਜਮੇਰ ਨਾਲ ਨਾਗੀਰੈਡੀ ਨਕਸਲੀ ਸੰਗਠਨ ਵਿਚ ਵੀ ਲੰਮਾ ਸਮਾਂ ਕੰਮ ਕੀਤਾ, ਫਿਰ ਨਾਗੀਰੈਡੀ ਤੋਂ ਅਲੱਗ ਹੋ ਕੇ ਅਜਮੇਰ ਸਿੰਘ ਦੀ ਅਗਵਈ ਹੇਠ ‘ਦੇਸ ਪੰਜਾਬ’ ਦੀ ਮੁਕਤੀ ਲਈ ਹਥਿਆਰਬੰਦ ਸੰਘਰਸ਼ ਵਿਚ ਉਨ੍ਹਾਂ ਦਾ ਅਹਿਮ ਯੋਗਦਾਨ ਰਿਹਾ। ਉਨ੍ਹਾਂ ਨੇ ਇਸ ਦੌਰ ਵਿਚ ਕੇਸਰ ਸਿੰਘ ਛਾਜਲੀ ਦੀ ਅਗਵਾਈ ਹੇਠ ਸਿੱਖ ਖਾੜਕੂਆਂ ਦੀ ਜਥੇਬੰਦੀ ‘ਖਾਲਿਸਤਾਨ ਲਿਬਰੇਸ਼ਨ ਫੋਰਸ’ ਦੀ ਤਰਜ਼ ‘ਤੇ ‘ਪੰਜਾਬ ਲਿਬਰੇਸ਼ਨ ਫੋਰਸ’ ਨਾਮ ਦੀ ਹਥਿਆਰਬੰਦ ਜਥੇਬੰਦੀ ਵੀ ਬਣਾਈ ਸੀ ਜਿਸ ਦੇ ਕਾਰਨਾਮਿਆਂ ਬਾਰੇ ਉਨ੍ਹਾਂ ਦੇ ਆਪਣੇ ਪੁਰਾਣੇ ਸਾਥੀ ਸ. ਮਲਵਿੰਦਰ ਸਿੰਘ ਮਾਲੀ ਨੇ ਪਿਛਲੇ ਸਮੇਂ ਵਿਚ ਆਪਣੀਆਂ ਅਨੇਕਾਂ ਵੀਡੀਓਜ਼ ਰਾਹੀਂ ਸਪਸ਼ਟ ਕਰ ਦਿੱਤਾ ਹੋਇਆ ਹੈ। ਸ. ਅਜਮੇਰ ਸਿੰਘ ਨੇ ਕੇਸਰ ਸਿੰਘ ਛਾਜਲੀ ਵਰਗੇ ਆਪਣੇ ਮਾਰੇ ਗਏ ਸਾਥੀਆਂ ਦੇ ਘਰੀਂ ਜਾ ਕੇ ਉਨ੍ਹਾਂ ਦੇ ਪਰਿਵਾਰਾਂ ਦੀ ਮਦਦ ਤਾਂ ਕੀ ਕਰਨੀ ਸੀ, ਸੁੱਖ-ਸਾਂਦ ਪੁੱਛਣ ਦੀ ਵੀ ਲੋੜ ਨਹੀਂ ਸਮਝੀ, ਤੇ ਹੁਣ ਨਵੀਂ ਪੀੜ੍ਹੀ ਨੂੰ ਸ਼ਹਾਦਤਾਂ ਦੇ ਉਸੇ ਰਸਤੇ ਪੈਣ ਲਈ ਉਕਸਾ ਰਿਹਾ ਹੈ। ਕੀ ਇਹੋ ਕੰਮ ਜਲੰਧਰ ਵਿਚ ਬੈਠ ਕੇ ਸ. ਗੁਰਬਚਨ ਸਿੰਘ ਵੀ ਪੂਰੀ ਦ੍ਰਿੜਤਾ ਨਾਲ ਕਰਦੇ ਨਜ਼ਰ ਨਹੀਂ ਆ ਰਹੇ?
ਆਪਣੀ ਕਿਤਾਬ ‘ਸੰਤ ਭਿੰਡਰਾਂਵਾਲੇ ਤੇ ਖਾਲਿਸਤਾਨੀ ਲਹਿਰ’ ਦੀ ਅੰਤਿਕਾ ਵਿਚ ‘ਮਸਲਾ ਨਵੇਂ ਮਨੁੱਖੀ ਸਮਾਜ ਦੇ ਸੰਕਲਪ ਨੂੰ ਸਪੱਸ਼ਟ ਕਰਨ ਦਾ ਹੈ (ਪ੍ਰੋ. ਪੰਨੂ ਦੀ ‘ਇੱਕ ਟਿਪੱਣੀ’ ਦੇ ਜਵਾਬ ਵਿਚ) ਆਪਣੇ ਆਪ ਨੂੰ ਗਰੀਬ ਅਕਾਲੀ ਪਰਿਵਾਰ ਨਾਲ ਸਬੰਧਤ ਦੱਸਦਿਆਂ ਸ. ਗੁਰਬਚਨ ਸਿੰਘ ਜੀ ਨੇ ਇੱਕ ਪਾਸੇ ਅੰਤਾਂ ਦੀ ਗਰੀਬੀ ਤੇ ਦੂਜੇ ਪਾਸੇ ਅੰਤਾਂ ਦੀ ਅਮੀਰੀ ਵਾਲੇ ਗਲੇ ਸੜੇ, ਮਨੁੱਖੀ ਰਿਸ਼ਤਿਆਂ ਪੱਖੋਂ ਅਸਲੋਂ ਕੰਗਾਲ ਸਮਾਜ ਨੂੰ ਬਦਲਣ ਦੀ ਇੱਛਾ ਨਾਲ ਇਨਕਲਾਬੀ ਕਮਿਊਨਿਸਟ ਲਹਿਰ ਵਿਚ ਸ਼ਾਮਿਲ ਹੋਣ ਦੀ ਗੱਲ ਕੀਤੀ ਹੈ, ਉਥੇ 21 ਸਾਲ ‘ਜਨਤਕ ਪੈਗਾਮ’ ਅਤੇ ‘ਦੇਸ ਪੰਜਾਬ’ ਰਸਾਲੇ ਦਾ ਆਪਣੇ ਆਪ ਨੂੰ ਸੂਤਰਧਾਰ ਵੀ ਦੱਸਿਆ ਹੋਇਆ ਹੈ। ਗੁਰਬਚਨ ਸਿੰਘ ‘ਜਨਤਕ ਪੈਗਾਮ’ ਦਾ ਸੰਪਾਦਕ ਬਣਨ ਤੋਂ ਪਹਿਲਾਂ ਜਿਸ ਨਾਗੀਰੈਡੀ ਧਿਰ ਨੂੰ ਛੱਡ ਕੇ ਦੇਸ ਪੰਜਾਬ ਦੀ ਮੁਕਤੀ ਦੇ ਹਥਿਆਰਬੰਦ ਸੰਘਰਸ਼ ਵਿਚ ਆਏ ਸਨ, ਉਸੇ ਧਿਰ ਦੇ ਇਸ ਦੇ ‘ਉਗਰਾਹਾਂ ਵਰਗੇ’ ਪੁਰਾਣੇ ਸਾਥੀਆਂ ਵਲੋਂ ਵਰ੍ਹਿਆਂ ਬੱਧੀ ਮਾਲਵੇ ਦੀ ਗਰੀਬ ਕਿਸਾਨੀ ਨੂੰ ਲਾਮਬੰਦ ਕੀਤਾ, ਸਾਲ ਭਰ ਚੱਲੇ ਕਿਸਾਨ ਅੰਦੋਲਨ ਵਿਚ ਲੱਖਾਂ ਲੋਕਾਂ ਦੀ ਅਗਵਾਈ ਵਿਚ ਮੂਹਰੀ ਰੋਲ ਨਿਭਾਇਆ, ਤੇ ਆਖਿਰ ਜਿੱਤ ਹਾਸਿਲ ਕੀਤੀ। ਸ. ਅਜਮੇਰ ਸਿੰਘ ਤੇ ਸ. ਗੁਰਬਚਨ ਸਿੰਘ ਨੇ ਪਹਿਲੇ ਦਿਨੋਂ ਹੀ ਇਸ ਸੰਘਰਸ਼ ਵਿਚ ਇਨ੍ਹਾਂ ਧਿਰਾਂ (ਉਗਰਾਹਾਂ ਜਥੇਬੰਦੀ) ਦੇ ਰੋਲ ਨੂੰ ਛੁਟਿਆਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਬਾਰੇ ਤਨਜ਼ ਕੱਸਦੇ ਰਹੇ ਕਿ ਇਹ ਛੋਟੇ-ਮੋਟੇ ਧਰਨੇ ਮੁਜ਼ਾਹਰੇ ਕਰਨ ਜੋਗੇ ਹਨ, ਇਤਨੇ ਵਿਸ਼ਾਲ ਸੰਘਰਸ਼ ਦੀ ਅਗਵਾਈ ਕਰਨ ਦੇ ਸਮਰੱਥ ਨਹੀਂ। ਸਵਾਲ ਹੈ: ਇਸ ਦੇ ਬਰਾਬਰ ਤੁਹਾਡੇ ‘ਜਨਤਕ ਪੈਗਾਮ ਗਰੁੱਪ’ ਨੇ ਕੀ ਕੀਤਾ? ਫਰਵਰੀ 1992 ਦੀਆਂ ਚੋਣਾਂ ਵਿਚ ਤੁਸੀਂ ਬਾਈਕਾਟ ਦਾ ਸੱਦਾ ਦਿੱਤਾ। ਲੋਕਾਂ ਤੁਹਾਡੀ ਸਲਾਹ ਮੰਨਦਿਆਂ ਜਾਂ ਖਾੜਕੂਆਂ ਦੇ ਡਰ ਅਧੀਨ ਵੋਟ ਸੰਦੂਕੜੀਆਂ ਤਾਂ ਖਾਲੀ ਵਾਪਿਸ ਭੇਜ ਦਿੱਤੀਆਂ ਪਰ ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ‘ਤੇ ਜੋ ਕਹਿਰ ਝੁੱਲਿਆ, ਕੀ ਉਸ ਦੀ ਤੁਸੀਂ ਕਦੇ ਜ਼ਿੰਮੇਵਾਰੀ ਲਈ ਹੈ? ਕੀ ਉਸ ਦਾ ਕਦੇ ਕੋਈ ਵਿਸ਼ਲੇਸ਼ਣ ਕੀਤਾ ਹੈ? ਤੁਸੀਂ ਆਪਣੀ ਮਾਂ ਪਾਰਟੀ ਨਾਗੀਰੈਡੀ ਗਰੁੱਪ ਤੋਂ ਵੱਖ ਹੋ ਕੇ ‘ਜਨਤਕ ਪੈਗ਼ਾਮ’ ਨਾਮ ਦੇ ਮੈਗਜ਼ੀਨ ਰਾਹੀਂ 84 ਤੋਂ ਬਾਅਦ ਦੇ ਖਾੜਕੂਵਾਦ ਦੇ ਦੌਰ ਦੌਰਾਨ ‘ਸਿੱਖਸਤਾਨ’ ਦੀ ਥਾਂ ‘ਪੰਜਾਬੀ ਕੌਮ’ ਦਾ ਪੈਂਤੜਾ ਲਿਆ ਸੀ। ਚਲੋ, ਵੱਖ-ਵੱਖ ਰੰਗਾਂ ਦੇ ਕਾਮਰੇਡਾਂ ਨੂੰ ਛੱਡੋ ਕਿ ਉਨ੍ਹਾਂ ਸੰਵਾਦ ਕਿਉਂ ਨਹੀਂ ਰਚਾਇਆ ਸੀ, ਕੀ ਤੁਸੀਂ ਆਪਣੇ ‘ਜਨਤਕ ਪੈਗ਼ਾਮ’ ਦੇ ‘ਪੰਜਾਬੀ ਕੌਮ’ ਦੇ ਪੈਂਤੜੇ ਵਾਲੇ ਕਈ ਸਾਲਾਂ ਦੇ ਆਪਣੇ ਯਤਨਾਂ ਤੋਂ ਬਾਅਦ ਦੱਸ ਸਕਦੇ ਹੋ ਕਿ ਖਾੜਕੂ ਧਿਰਾਂ ਵਿਚੋਂ ਕਿਸੇ ਇੱਕ ਨਾਲ ਵੀ ਸੰਵਾਦ ਰਚਾਉਣ ਵਿਚ ਕਾਮਯਾਬ ਹੋਏ ਸੀ?
ਦੂਸਰਾ ਸਵਾਲ ਹੈ ਕਿ ਤੁਹਾਡੇ ਗਰੁੱਪ ਵਲੋਂ ਕਾਮਰੇਡ ਧਿਰਾਂ ਤੋਂ ਬਾਗੀ ਹੋ ਕੇ ਪੰਜਾਬੀ ਕੌਮ ਵਾਲੇ ਪੈਂਤੜੇ ਦਾ ਹੁਣ ਕੀ ਬਣਿਆ? ਕੀ ਸ. ਗੁਰਬਚਨ ਸਿੰਘ ਅਤੇ ਸ. ਅਜਮੇਰ ਸਿੰਘ ਆਪਣੀ ਪੰਜਾਬੀ ਕੌਮ ਵਾਲੀ ਲਹਿਰ ਦਾ ਵਿਸ਼ਲੇਸ਼ਣ ਕਰ ਕੇ ਦੱਸਣਗੇ ਕਿ ਉਹ ਕਿਉਂ ਫੇਲ੍ਹ ਹੋਇਆ ਤੇ ਉਨ੍ਹਾਂ ਨੇ ਉਨ੍ਹਾਂ ਹੀ ਲੋਕਾਂ ਨਾਲ ਸਾਂਝ ਕਿਵੇਂ ਪਾ ਲਈ ਜਾਂ ਬਾਕੀਆਂ ਨੂੰ ਪਾਉਣ ਲਈ ਕਹਿ ਰਹੇ ਹਨ ਜਿਨ੍ਹਾਂ ਨੂੰ ਉਹ ‘ਖਾਲਿਸਤਾਨ ਦੇ ਖਾੜਕੂ’ ਸੰਘਰਸ਼ ਦੌਰਾਨ ਗਲਤ ਮੰਨਦੇ ਸਨ? ਕੀ ਉਨ੍ਹਾਂ ਚੁਰਾਸੀ ਦੇ ਦੌਰ ਦੀ ਲਹਿਰ ਵਿਚ ਹੋਏ ਬੇਤਹਾਸ਼ਾ ਨੁਕਸਾਨ ਦਾ ਰਿਵਿਊ ਕਰ ਕੇ ਕੋਈ ਨਵਾਂ ਪ੍ਰੋਗਰਾਮ ਪੇਸ਼ ਕੀਤਾ ਹੈ? ਜਿਸ ਆਧਾਰ ‘ਤੇ ਸ. ਗੁਰਬਚਨ ਸਿੰਘ ਕਮਿਊਨਿਸਟ ਧਿਰਾਂ ਨੂੰ ਅੰਮ੍ਰਿਤਪਾਲ ਸਿੰਘ ਨਾਲ ਸੰਵਾਦ ਰਚਾਉਣ ਦੀ ਸਲਾਹ ਦੇ ਰਹੇ ਹਨ, ਕੀ ਅਜੋਕੇ ਸਮੇਂ ਵਿਚ ਲੋਕਾਂ ਨੂੰ ਆਪਣੀ ਗੱਲ ਆਪਣੇ ਢੰਗ ਨਾਲ ਕਰਨ ਅਤੇ ਲੋਕਤੰਤਰੀ ਢੰਗ ਨਾਲ ਸੰਘਰਸ਼ ਕਰਨ ਦਾ ਹੱਕ ਨਹੀਂ ਹੈ? ਗੁਰਬਚਨ ਸਿੰਘ ਆਪਣੀਆਂ ਫੇਸਬੁੱਕ ਪੋਸਟਾਂ ਅਤੇ ਅਜਮੇਰ ਸਿੰਘ ਆਪਣੀਆਂ ਕਿਤਾਬਾਂ ਤੇ ਯੂਟਿਊਬ ਪ੍ਰਵਚਨਾਂ ਰਾਹੀਂ ਰਾਹੀਂ ਇਹ ਜ਼ੋਰ ਕਿਉਂ ਲਗਾ ਰਹੇ ਹਨ ਕਿ ਹਰ ਇੱਕ ਸ਼ਖ਼ਸ ਪੰਜਾਬ ਵਿਚ ਸੰਤ ਭਿੰਡਰਾਂਵਾਲੇ ਜਾਂ ਹੁਣ ਅੰਮ੍ਰਿਤਪਾਲ ਸਿੰਘ ਦੇ ਪੈਂਤੜੇ ਤੋਂ ਹੀ ਗੱਲ ਕਰਨ ਜਾਂ ਉਨ੍ਹਾਂ ਦੀ ਹਾਂ ਵਿਚ ਹਾਂ ਮਿਲਾਉਣ? ਕੀ ਗੁਰਬਚਨ ਸਿੰਘ ਦੱਸ ਸਕਦੇ ਹਨ ਕਿ ਅਕਾਲੀ ਦਲ ਵਲੋਂ ‘ਅਨੰਦਪੁਰ ਦੇ ਮਤੇ’ ਦੀਆਂ ਮੰਗਾਂ ਦੀ ਪ੍ਰਾਪਤੀ ਲਈ ਲਗਾਏ ‘ਪੂਰਨ ਸ਼ਾਂਤਮਈ ਧਰਮ ਯੁੱਧ ਮੋਰਚੇ’ ਵਿਚ ਸੰਤ ਭਿੰਡਰਾਂਵਾਲਿਆਂ ਨੂੰ ਹਥਿਆਰਬੰਦ ਸੰਘਰਸ਼ ਸ਼ੁਰੂ ਕਰਨ ਦੀ ਕਿਉਂ ਲੋੜ ਪਈ ਜਾਂ ਉਨ੍ਹਾਂ ਨੂੰ ਕਿਸ ਨੇ ਅਜਿਹਾ ਕਰਨ ਲਈ ਕਿਹਾ ਸੀ? ਜੇ ਮੋਰਚਾ ਸ਼ਾਂਤਮਈ ਸੀ ਤਾਂ ਉਪਰਲੀਆਂ ਘਟਨਾਵਾਂ ਦਾ ਕੀ ਮਕਸਦ ਸੀ? ਕੀ ਅਕਾਲੀ ਦਲ ਜਾਂ ਅਕਾਲ ਤਖਤ ਤੋਂ ਕੋਈ ਹੁਕਮਨਾਮਾ ਜਾਰੀ ਹੋ ਗਿਆ ਸੀ ਕਿ ਹੁਣ ਸ਼ਾਂਤਮਈ ਸੰਘਰਸ਼ ਨਾਲ ਕੁਝ ਪ੍ਰਾਪਤ ਨਹੀਂ ਹੋਣਾ ਤੇ ਤੁਸੀਂ ਹਥਿਆਰ ਚੁੱਕ ਲਉ ਸਗੋਂ ਅਕਾਲ ਤਖਤ ਤੋਂ ਇਹ ਹੁਕਮਨਾਮਾ ਜਾਰੀ ਹੋਇਆ ਸੀ ਕਿ ਦਰਬਾਰ ਸਾਹਿਬ ਵਿਚ ਹਥਿਆਰਾਂ ਦੀ ਪ੍ਰਦਰਸ਼ਨੀ ਨਾ ਕੀਤੀ ਜਾਵੇ ਜਿਸ ਕਾਰਨ ਸੰਗਤ ਵਿਚ ਭੈਅ ਦਾ ਮਾਹੌਲ ਬਣਦਾ ਹੈ। ਸੰਤ ਭਿੰਡਰਾਂਵਾਲਿਆਂ ਨੇ ਇਹ ਹੁਕਮ ਇੱਕ ਹਫਤੇ ਤੋਂ ਵੱਧ ਨਹੀਂ ਮੰਨਿਆ ਸੀ ਸਗੋਂ ਅਕਾਲ ਤਖਤ ਦੇ ਸਾਬਕਾ ਜਥੇਦਾਰ ਗਿਆਨੀ ਪ੍ਰਤਾਪ ਸਿੰਘ ਵਲੋਂ ਦਰਬਾਰ ਸਾਹਿਬ ਅੰਦਰ ਹਥਿਆਰਾਂ ਦੀ ਪ੍ਰਦਰਸ਼ਨੀ ਅਤੇ ਹੋ ਰਹੇ ਕਤਲਾਂ ਬਾਰੇ ਦਿੱਤੇ ਬਿਆਨ ਤੋਂ ਅਗਲੇ ਦਿਨ ਹੀ ਉਸ ਦੇ ਘਰ ਜਾ ਕੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਕੀ ਅਕਾਲੀ ਦਲ ਆਪਣਾ ਸ਼ਾਂਤਮਈ ਮੋਰਚਾ ਵਾਪਿਸ ਲੈ ਕੇ ਮੈਦਾਨੋਂ ਭੱਜ ਗਿਆ ਸੀ ਤੇ ਸੰਤ ਜੀ ਕੋਲ ਸਿੱਖ ਹੱਕਾਂ ਲਈ ਲੜਨ ਵਾਸਤੇ ਹਥਿਆਰਬੰਦ ਸੰਘਰਸ਼ ਤੋਂ ਬਿਨਾ ਕੋਈ ਰਾਹ ਨਹੀਂ ਸੀ? ਜੇ ਸੰਤ ਜੀ ਨੇ ਸਿੱਖਾਂ ਗਲੋਂ ਗੁਲਾਮੀ ਲਾਹੁਣ ਲਈ ਹਥਿਆਰਬੰਦ ਸੰਘਰਸ਼ ਕਰਨਾ ਹੀ ਸੀ ਤਾਂ ਕੀ ਉਨ੍ਹਾਂ ਨੂੰ ਆਪਣੇ ਵੱਖਰੇ ਪਲੈਟਫਾਰਮ ਜਾਂ ਚੌਕ ਮਹਿਤਾ ਤੋਂ ਨਹੀਂ ਲੜਨਾ ਚਾਹੀਦਾ ਸੀ? ਕੀ ਤੁਸੀਂ ਦੱਸ ਸਕਦੇ ਹੋ ਕਿ ਜੂਨ 1984 ਤੋਂ ਪਹਿਲਾਂ ਕਿਤਨੇ ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲੇ ਹੋਏ ਸਨ? ਉਸ ਦੇ ਮੁਕਾਬਲੇ 1981-84 ਤੱਕ ਖਾੜਕੂਆਂ ਨੇ ਕਿਤਨੇ ਕਤਲ ਕੀਤੇ ਸਨ ਤੇ ਬੈਂਕ ਡਾਕੇ ਮਾਰੇ ਸਨ? ਇਸ ਸਬੰਧੀ ਖਾੜਕੂ ਕੁਲਜਿੰਦਰ ਸਿੰਘ ਢਿੱਲੋਂ ਦੀ ਇੰਟਰਵਿਊ ਵਿਸ਼ੇਸ਼ ਮਹੱਤਤਾ ਰੱਖਦੀ ਹੈ (ਜਿਸ ਦਾ ਲਿੰਕ ਉਪਰ ਦਿੱਤਾ ਗਿਆ ਹੈ) ਕਿਉਂਕਿ ਉਹ ਖੁਦ 1983-84 ਵਿਚ ਦਰਬਾਰ ਸਾਹਿਬ ਅੰਦਰ ਬਾਕੀ ਖਾੜਕੂਆਂ ਨਾਲ ਰਹਿ ਰਿਹਾ ਸੀ। ਉਸ ਦੇ ਦੱਸਣ ਮੁਤਬਿਕ ਅੰਦਰ ਬੈਠੇ ਖਾੜਕੂਆਂ ਵਲੋਂ ਬੈਂਕ ਲੁੱਟਣੀ ਤਾਂ ‘ਛਿੱਤਰ ਨਾਲ ਸੈਹਾ’ ਮਾਰਨ ਸਮਾਨ ਹੋ ਗਈ ਸੀ, ਇਸ ਸਾਰੇ ਵਰਤਾਰੇ ਬਾਰੇ ਅਜਮੇਰ ਸਿੰਘ ਜਾਂ ਗੁਰਬਚਨ ਸਿੰਘ ਵਰਗੇ ਸਿੱਖ ਵਿਦਵਾਨਾਂ ਦੀ ਕੀ ਰਾਏ ਹੈ?
ਸ. ਗੁਰਬਚਨ ਸਿੰਘ ਨੇ ‘ਗੁਰੂ ਨਾਨਕ ਦਾ ਧਰਮ’ ਸਿਰਲੇਖ ਹੇਠਲੀ ਪੁਸਤਕ ਵਿਚ ਸਿੱਖ ਧਰਮ ਨੂੰ 21ਵੀਂ ਸਦੀ ਦਾ ਸੰਸਾਰ ਧਰਮ ਦੱਸਿਆ ਹੈ। ‘ਜਗਤੁ ਜਲੰਦਾ ਰੱਖ ਲੈ’ ਨਾਂ ਦੇ ਸ਼ੁਰੂਆਤੀ ਲੇਖ ਅਨੁਸਾਰ ਯਕੀਨਨ ‘ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ, ਸਮੁੱਚੀ ਮਨੁੱਖ ਜਾਤੀ ਦੇ ਅਨੁਭਵੀ (ਆਤਮਿਕ) ਗਿਆਨ ਦਾ ਖਜ਼ਾਨਾ ਸਿੱਖ ਪੰਥ ਅਤੇ ਪੰਜਾਬ ਦੇ ਲੋਕਾਂ ਕੋਲ਼ ਮੌਜੂਦ ਹੈ ਪਰ ਅਜੋਕੇ ਪ੍ਰਸੰਗ ਵਿਚ ਇਸ ਦਾ ਲਾਹਾ ਲੈਣ ਲਈ ਇਸ ਨੂੰ ਦੁਨੀਆ ਭਰ ਦੇ ਸਾਰੇ ਧਰਮਾਂ ਦੇ ਲੋਕਾਂ ਨਾਲ ਸਾਂਝਾ ਕਰਨ ਦੀ ਲੋੜ ਹੈ।’ ਇਸੇ ਤਰ੍ਹਾਂ ਉਹ ਆਪਣੇ ‘ਨੇਸ਼ਨ ਸਟੇਟ ਬਨਾਮ ਖਾਲਿਸਤਾਨ’ ਲੇਖ ਵਿਚ ਲਿਖਦੇ ਹਨ: ‘ਗੁਰਮਤਿ ਅਨੁਸਾਰ ‘ਖਾਲਿਸਤਾਨ’ ਦੀ ਰਾਜਨੀਤੀ ਦਾ ਤੱਤ ਅਜਿਹੇ ਰਾਜ ਦੀ ਸਥਾਪਨਾ ਕਰਨੀ ਹੈ ਜਿੱਥੇ ਹਰ ਮਾਈ-ਭਾਈ ਇਸ ਅਸੀਮ ਕੁਦਰਤ ਨਾਲ ਇਕਸੁਰਤਾ ਤੇ ਇਸ ਦੇ ਜਾਣੇ ਹੋਏ ਨੇਮਾਂ ਵਿਚ ਰਹਿਣ ਦੇ ਯਤਨ ਕਰਦਿਆਂ ਅਤੇ ਇਸ ਦੇ ਗੁਣ ਗਾਉਂਦਿਆਂ ਆਤਮ-ਸੰਜਮੀ (ਸਦਾਚਾਰੀ) ਜ਼ਿੰਦਗੀ ਜੀਵੇ ਅਤੇ ਹੱਥੀਂ ਕਿਰਤ ਕਰਦਿਆਂ ਹੋਇਆਂ ਸਮੂਹ ਭਾਈਚਾਰੇ ਨਾਲ ਰਲ-ਮਿਲ ਕੇ ਵੰਡ ਛਕਣ ਦੇ ਅਸੂਲ ਤਹਿਤ ਆਪਣੀਆਂ ਤਰਕ-ਸੰਗਤ ਲੋੜਾਂ ਦੀ ਪੂਰਤੀ ਕਰੇ।’ ਇਹ ਸਭ ਇਨਸਾਨੀਅਤ ਦੇ ਭਲੇ ਲਈ ਬਹੁਤ ਵਧੀਆ ਆਦਰਸ਼ ਹਨ। ਸਾਰੇ ਧਰਮਾਂ ਦੇ ਰਹਿਬਰ ਅਜਿਹੇ ਆਦਰਸ਼ਾਂ ‘ਤੇ ਚੱਲਣ ਲਈ ਜ਼ੋਰ ਦਿੰਦੇ ਆਏ ਹਨ। ਸਵਾਲ ਤਾਂ ਇਹ ਹੈ ਕਿ ਇਨ੍ਹਾਂ ਆਦਰਸ਼ਾਂ ਨੂੰ ਅਮਲੀ ਰਾਜਨੀਤੀ ਵਿਚ ਕਿਵੇਂ ਰੂਪਮਾਨ ਕੀਤਾ ਜਾਵੇ। ਕੀ ਗੁਰਬਚਨ ਸਿੰਘ ਜਾਂ ਅਜਮੇਰ ਸਿੰਘ ਨੇ ਪਿਛਲੇ 30-40 ਸਾਲਾਂ ਵਿਚ ਇਸ ਪਾਸੇ ਕੋਈ ਕੋਸ਼ਿਸ਼ ਕੀਤੀ ਹੈ ਤੇ ਜੇ ਕੀਤੀ ਹੈ ਤਾਂ ਉਨ੍ਹਾਂ ਨੂੰ ਕਿੰਨੀ ਕੁ ਕਾਮਯਾਬੀ ਮਿਲੀ ਹੈ? ਜਿਸ ਤਰ੍ਹਾਂ ਆਪਣੀਆਂ ਪੁਸਤਕਾਂ ਤੇ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਸ. ਗੁਰਬਚਨ ਸਿੰਘ ਧਾਰਮਿਕ/ਰੂਹਾਨੀ ਮੁਹਾਵਰੇ ਵਿਚ ਆਧੁਨਿਕ ਯੁੱਗ ਦੀਆਂ ਵਿਗਿਆਨਕ ਪ੍ਰਾਪਤੀਆਂ ਨੂੰ ਕਟਿਹਰੇ ਵਿਚ ਖੜ੍ਹਾ ਕਰਦੇ ਹਨ, ਕੀ ਆਧੁਨਿਕ ਵਿਗਿਆਨ ਅਤੇ ਪੱਛਮ ਸਭਿਅਤਾ ਨੂੰ ਮੁੱਢੋਂ ਛੁਟਿਆਉਣ ਲਈ ਅਜਿਹੇ ਦਾਅਵੇ ਸਯਦ ਕੁਤਬ ਜਾਂ ਮੌਲਾਨਾ ਮੌਦੂਦੀ ਆਦਿ ਵਰਗੇ ਆਪਣੀਆਂ ਕਿਤਾਬਾਂ ਰਾਹੀਂ ਨਹੀਂ ਕਰਦੇ ਆ ਰਹੇ? ਕੀ ਉਨ੍ਹਾਂ ਦੇ ਅਜਿਹੇ ਪ੍ਰਵਚਨਾਂ ਨਾਲ ਮੁਹੰਮਦ ਸਾਹਿਬ ਦੇ ‘ਇਲਾਹੀ ਵਚਨਾਂ’ ਦੀ ਸੋਚ ਦਾ ਕੋਈ ਰੂਹਾਨੀਅਤ ਵਾਲ਼ਾ ਇਸਲਾਮੀ ਦੇਸ਼ ਉਸਰ ਸਕਿਆ?

ਅੰਤਿਕਾ 1
ਓੜਕ ਸਚ ਰਹੀ!
ਰਾਹੁਲ ਗਾਂਧੀ ਦੇ ਕੇਸਰੀ ਪੱਗ ਬੰਨ੍ਹ ਕੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਦੀਆਂ ਅਨੇਕ ਇਤਿਹਾਸਕ ਪਰਤਾਂ ਹਨ। ਜੇ ਇੱਕ ਪਲ ਲਈ ਕੁਝ ਲੋਕਾਂ ਦੀ ਇਹ ਆਮ ਧਾਰਨਾ ਮੰਨ ਵੀ ਲਈ ਜਾਵੇ ਕਿ ਸਿੱਖਾਂ ਦੀਆਂ ਵੋਟਾਂ ਲੈਣ ਵਾਸਤੇ ਰਾਹੁਲ ਗਾਂਧੀ ਨੇ ਇਹ ਸਾਰਾ ਕੁਝ ਕੀਤਾ ਹੈ, ਤਾਂ ਵੀ ਇਸ ਇੱਕ ਕਾਰਵਾਈ ਨੇ ਉਸ ਸਾਰੇ ਬਿਰਤਾਂਤ ਨੂੰ ਨਕਾਰ ਦਿਤਾ ਹੈ ਜਿਹੜਾ 1984 ਵਿਚ ਸ੍ਰੀ ਅਕਾਲ ਤਖਤ ਸਾਹਿਬ ਉਤੇ ਹਮਲਾ ਕਰਨ ਲਈ ਘੜਿਆ ਗਿਆ ਸੀ। ਇਸ ਕਾਰਵਾਈ ਨੇ ਅਰੁਣ ਪੁਰੀ, ਸ਼ੇਖਰ ਗੁਪਤਾ, ਗਿਰੀ ਲਾਲ ਜੈਨ, ਪ੍ਰੇਮ ਭਾਟੀਆ, ਜਗਜੀਤ ਸਿੰਘ ਅਨੰਦ, ਜਤਿੰਦਰ ਪੰਨੂ ਸਮੇਤ ਸਾਰੇ ਉਨ੍ਹਾਂ ਪੱਤਰਕਾਰਾਂ ਦੇ ਮੂੰਹ ਉਤੇ ਕਾਲਖ ਮਲ ਦਿੱਤੀ ਹੈ ਜਿਨ੍ਹਾਂ ਨੇ ਇਹ ਬਿਰਤਾਂਤ ਘੜਨ ਵਿਚ ਸਹਾਇਤਾ ਕੀਤੀ ਸੀ। ਰਾਹੁਲ ਗਾਂਧੀ ਦੀ ਇਸ ਕਾਰਵਾਈ ਨੇ ਉਨ੍ਹਾਂ ਸਾਰੇ ਫੌਜੀ ਅਫਸਰਾਂ ਦੇ ਚਿਹਰੇ ਕਲੰਕਤ ਕਰ ਦਿਤੇ ਹਨ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਉਤੇ ਕੀਤੇ ਗਏ ਫੌਜੀ ਹਮਲੇ ਵਿਚ ਹਿੱਸਾ ਲਿਆ ਸੀ ਤੇ ਉਨ੍ਹਾਂ ਸਾਰੇ ਕਮਿਊਨਿਸਟ ਆਗੂਆਂ ਦਾ ਨਾਂ ਪੰਜਾਬ ਦੇ ਇਤਿਹਾਸ ਵਿਚ ਕਾਲੇ ਅੱਖਰਾਂ ਨਾਲ ਲਿਖ ਦਿੱਤਾ ਹੈ ਜਿਨ੍ਹਾਂ ਨੇ ਇਸ ਕਾਰਵਾਈ ਦੀ ਹਮਾਇਤ ਕੀਤੀ ਸੀ। ਹੁਣ ਉਹ ਸਾਰੇ ਪੁਲਿਸ ਅਫਸਰ ਇਨਸਾਫ ਦੇ ਕਟਹਿਰੇ ਵਿਚ ਖੜ੍ਹੇ ਹਨ ਜਿਨ੍ਹਾਂ ਨੇ ਝੂਠੇ ਪੁਲਿਸ ਮੁਕਾਬਲਿਆਂ ਵਿਚ ਸਿੱਖ ਜਵਾਨੀ ਦਾ ਘਾਣ ਕੀਤਾ। ਬਹੁ-ਗਿਣਤੀ ਸਿੱਖ ਭਾਈਚਾਰੇ ਦੇ ਪੰਥਕ ਜਜ਼ਬੇ ਨੂੰ ਸੰਤੁਸ਼ਟ ਕਰਨ ਲਈ ਜੇ ਰਾਹੁਲ ਗਾਂਧੀ ਨੂੰ ਇਹ ਕਾਰਵਾਈ ਜ਼ਰੂਰੀ ਜਾਪੀ ਹੈ ਤਾਂ ਇਸ ਕਾਰਵਾਈ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਅਗਵਾਈ ਹੇਠ ਲੜੇ ਗਏ ਸਿੱਖ ਸੰਘਰਸ਼ ਉਤੇ ਹੱਕ-ਸੱਚ ਦੀ ਮੋਹਰ ਲਾ ਦਿਤੀ ਹੈ।
(ਸ. ਗੁਰਬਚਨ ਸਿੰਘ ਨੇ ਪਿਛਲੇ ਦਿਨੀਂ ਉਪਰਲੀ ਫੇਸਬੁੱਕ ਪੋਸਟ ਸ਼ੇਅਰ ਕੀਤੀ ਹੈ; ਇਸ ਦਾ ਕੀ ਮਤਲਬ ਸਮਝਿਆ ਜਾਵੇ, ਸਾਡੀ ਤਾਂ ਸਮਝ ਨਹੀਂ ਆਇਆ, ਸ਼ਾਇਦ ਪਾਠਕ ਸਮਝ ਸਕਣ…?

ਅੰਤਿਕਾ-2
ਪਿਛਲੇ ਸਮੇਂ ਵਿਚ ਸਿੱਖ ਨੌਜਵਾਨਾਂ ਵਲੋਂ ਕੀਤੀ ਜਾਂਬਾਜ਼ੀ ਅਤੇ ਕੁਰਬਾਨੀਆਂ ਤੋਂ ਤਾਂ ਕਿਸੇ ਨੂੰ ਕੋਈ ਇਨਕਾਰ ਨਹੀਂ ਹੈ ਪਰ ਕੀ ਵਕਤ ਦੀ ਨਜ਼ਾਕਤ, ਮਸਲੇ ਦੀ ਸਮਝ ਅਤੇ ਸਹੀ ਸੇਧ ਤੋਂ ਬਿਨਾ ਕੇਵਲ ਸ਼ਹਾਦਤਾਂ ਨਾਲ ਸਿੱਖਾਂ ਦੇ ਗੁੰਝਲਦਾਰ ਮਸਲਿਆਂ ਨੂੰ ਕਿਸੇ ਕਿਨਾਰੇ ਲਗਾਇਆ ਜਾ ਸਕਦਾ ਹੈ? 84 ਦੇ ਦੌਰ ਬਾਰੇ ਪ੍ਰਾਪਤ ਸਰਕਾਰੀ ਜਾਂ ਗੈਰ-ਸਰਕਾਰੀ ਅੰਕੜਿਆਂ ਅਨੁਸਾਰ ਪੰਜਾਬ ਵਿਚ ਉਸ ਵਕਤ 30-40 ਹਜ਼ਾਰ ਲੋਕ ਮਾਰੇ ਗਏ ਸਨ। ਜਦੋਂ ਅਸੀਂ ਸ੍ਰੀਲੰਕਾ ਵਿਚ ਤਾਮਿਲ ਖਾੜਕੂ ਲਿੱਟਿਆਂ ਵਲੋਂ 3 ਦਹਾਕਿਆਂ ਤੱਕ ਲੜੀ ਲਹੂ ਵੀਟਵੀਂ ਲੜਾਈ ਬਾਰੇ ਪੜ੍ਹਦੇ ਹਾਂ ਤਾਂ ਉਨ੍ਹਾਂ ਨੇ 11 ਜੂਨ 1990 ਨੂੰ ਇੱਕੋ ਦਿਨ 700 ਤੋਂ ਵੱਧ ਪੁੁਲਿਸ ਵਾਲੇ ਅਗਵਾ ਕਰ ਕੇ ਕਤਲ ਕਰ ਦਿੱਤੇ ਸਨ, ਉਨ੍ਹਾਂ ਇਸ ਤਰ੍ਹਾਂ ਦੇ ਵੱਡੇ-ਵੱਡੇ ਸੈਂਕੜੇ ਖੂਨੀ ਕਾਂਡ ਕੀਤੇ ਸਨ, ਇਸ ਤੋਂ ਇਲਾਵਾ ਲਿੱਟੇ ਗੁਰੀਲਿਆਂ ਵਲੋਂ ਕੀਤੇ ਆਤਮਘਾਤੀ ਹਮਲਿਆਂ ਵਿਚ ਸ੍ਰੀਲੰਕਾ ਦੇ ਦੋ ਰਾਸ਼ਟਰਪਤੀਆਂ, ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ, ਛੇ ਮੰਤਰੀਆਂ, ਰਾਜਨੀਤਕ ਲੀਡਰਾਂ ਤੋਂ ਇਲਾਵਾ ਵੱਡੇ-ਵੱਡੇ ਪੁਲਿਸ ਅਫਸਰ, ਨੇਵੀ ਚੀਫ, ਅੱਧੀ ਦਰਜਨ ਮੇਜਰ ਜਨਰਲ ਆਦਿ ਮਾਰਨ ਦੇ ਸੂਰਮਗਤੀ ਵਾਲੇ ਕਾਰਨਾਮੇ ਕਰ ਕੇ ਸ਼ਹਾਦਤਾਂ ਦਿੱਤੀਆਂ ਸਨ। ਇਸ ਸਬੰਧੀ ਸੀਨੀਅਰ ਪੱਤਰਕਾਰ ਅਤੇ ਸ੍ਰੀਲੰਕਾ ਵਿਚ ਪੰਜ ਸਾਲ ਯੂਨਾਈਟਡ ਨੇਸ਼ਨ ਦੇ ਸਪੋਕਸਮੈਨ ਰਹੇ ਗੌਰਡਨ ਵੀਸ ਦੀ ਕਿਤਾਬ ‘ਦਿ ਕੇਜ: ਦਿ ਫਾਈਟ ਫਾਰ ਸ੍ਰੀਲੰਕਾ ਐਂਡ ਦਿ ਲਾਸਟ ਡੇਜ਼ ਆਫ ਦਿ ਤਾਮਿਲ ਟਾਈਗਰਜ਼’ ਅਨੁਸਾਰ ਸ੍ਰੀਲੰਕਨ ਫੌਜ ਨੇ 2009 ਵਿਚ ਲਿੱਟੇ ‘ਤੇ ਕੀਤੇ ਵੱਡੇ ਹਮਲੇ ਦੇ ਆਖਰੀ ਹਫਤੇ ਵਿਚ ਹੀ 40 ਹਜ਼ਾਰ ਬੰਦਾ ਮਾਰ ਦਿੱਤਾ ਸੀ। ਯੂਨਾਈਟਡ ਨੇਸ਼ਨ ਦੀ ਰਿਪੋਰਟ ਅਨੁਸਾਰ 80-90 ਹਜ਼ਾਰ ਲੋਕ ਇਸ ਲੜਾਈ ਵਿਚ ਮਰੇ ਸਨ। ਕੀ ਸਿਰਫ ਲੜਨ-ਮਰਨ ਨਾਲ ਹੀ ਮਸਲੇ ਹੱਲ ਹੋ ਸਕਦੇ ਹਨ? ਸਿੱਖ ਵਿਦਵਾਨਾਂ ਨੂੰ ਨਿਮਰਤਾ ਸਹਿਤ ਸਾਡਾ ਸਵਾਲ ਸਿਰਫ ਇੰਨਾ ਕੁ ਹੀ ਹੈ ਕਿ ਲੋਕਾਂ ਦੇ ਸਹਿਯੋਗ ਅਤੇ ਕਿਸੇ ਯੋਜਨਾ ਤੋਂ ਬਿਨਾ ਨੌਜਵਾਨਾਂ ਨੂੰ ਸ਼ਹਾਦਤਾਂ ਦਾ ਸਬਕ ਪੜ੍ਹਾਈ ਜਾਣਾ ਕਿੰਨਾ ਕੁ ਜਾਇਜ਼ ਹੈ?

ਅੰਤ ਵਿਚ ਪਾਠਕਾਂ ਨੂੰ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਇਹ ਸਭ ਕੁਝ ਲਿਖਣ ਵਿਚ ਮੇਰਾ ਮਕਸਦ ਉਸ ਸਮੇਂ ਦੀ ਕਾਂਗਰਸ ਸਰਕਾਰ ਜਾਂ ਇੰਦਰਾ ਗਾਂਧੀ ਦੀ ਕਰਤੂਤ ਨੂੰ ਕਿਸੇ ਤਰ੍ਹਾਂ ਵੀ ਜਾਇਜ਼ ਠਹਿਰਾਉਣ ਦਾ ਨਹੀਂ ਸਗੋਂ ਉਸ ਸਾਰੇ ਦੁਖਾਂਤ ਬਾਰੇ ਮੇਰਾ ਪ੍ਰਤੀਕਰਮ ਵੀ ਸ. ਖੁਸ਼ਵੰਤ ਸਿੰਘ ਵਰਗੇ ਵਿਦਵਾਨਾਂ, ਆਮ ਬਹੁ-ਗਿਣਤੀ ਸਿੱਖਾਂ ਜਾਂ ਕਿਸੇ ਵੀ ਸੁਹਿਰਦ ਪੰਜਾਬੀ ਵਾਂਗ ਇਹੀ ਹੈ ਕਿ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਨਹੀਂ ਵਾਪਰਨੀਆਂ ਚਾਹੀਦੀਆਂ ਸਨ; ਮੇਰੀ ਕੋਸ਼ਿਸ਼ ਤਾਂ ਸਿਰਫ ਇਹ ਸਵਾਲ ਸਿੱਖ ਭਾਈਚਾਰੇ ਅੱਗੇ ਖੋਲ੍ਹਣ ਦੀ ਹੈ: ਕੀ ਉਦੋਂ ਧਰਮ ਯੁੱਧ ਮੋਰਚੇ ਦੇ ਨਰਮ-ਖਿਆਲ ਜਾਂ ਗਰਮ-ਖਿਆਲ ਨੇਤਾਵਾਂ ਤੋਂ ਵੀ ਕੋਈ ਗਲਤੀਆਂ ਹੋਈਆਂ ਸਨ ਜਾਂ ਨਹੀਂ? ਕੀ ਧਰਮ ਯੁਧ ਮੋਰਚਾ ਜੇ ਸ਼ਾਂਤਮਈ ਸੀ ਤਾਂ ਉਸ ਨੂੰ ਸ਼ਾਂਤਮਈ ਲੀਹਾਂ ‘ਤੇ ਰੱਖਣ ਦੀ ਕੋਸ਼ਿਸ਼ ਨਹੀਂ ਕੀਤੀ ਜਾਣੀ ਚਾਹੀਦੀ ਸੀ?