ਕਲਮਾਂ ਵਾਲੀਆਂ: ਨਿਓਟਿਆਂ-ਨਿਆਸਰਿਆਂ ਦੀ ਆਵਾਜ਼ ਤੇ ਮਾਂ: ਮਹਾਂਸਵੇਤਾ ਦੇਵੀ

ਗੁਰਬਚਨ ਸਿੰਘ ਭੁੱਲਰ
(ਸੰਪਰਕ: +91-80763-63058)
ਸਾਹਿਤ ਮੁੱਖ ਰੂਪ ਵਿਚ ਕਲਪਨਾ ਦਾ, ਸਮਾਜਕ ਯਥਾਰਥ ਨੂੰ ਦੇਖ ਕੇ, ਉਹਦੀਆਂ ਕਰੂਪਤਾਵਾਂ ਨੂੰ ਪਛਾਣ ਕੇ, ਉਨ੍ਹਾਂ ਦੇ ਖ਼ਾਤਮੇ ਦੀ ਚਾਹਨਾ ਨਾਲ ਪਾਠਕ ਸਾਹਮਣੇ ਇੱਛਤ ਯਥਾਰਥ ਅਨੁਸਾਰ ਜੀਵਨ ਨੂੰ ਚਿਤਰਨ ਦਾ ਖੇਤਰ ਹੈ। ਇਹ ਲੇਖਕ ਦੇ ਮਨ ਦੇ ਅੰਦਰ ਦਾ ਸੰਸਾਰ ਹੁੰਦਾ ਹੈ ਜੋ ਰਚਨਾ-ਕਾਰਜ ਵਾਸਤੇ ਮੁਕੰਮਲ ਸ਼ਾਂਤ ਇਕਾਂਤ ਲੋੜਦਾ ਹੈ। ਇਸ ਖੇਤਰ ਵਿਚ ਕਲਮ ਲੇਖਕ ਦਾ ਹਥਿਆਰ ਹੁੰਦੀ ਹੈ। ਸਮਾਜਕ ਯਥਾਰਥ ਨੂੰ ਲੇਖਕ ਦੇ ਪੇਸ਼ ਕੀਤੇ ਇੱਛਤ ਯਥਾਰਥ ਦਾ ਰੂਪ ਦੇਣ ਲਈ ਉਹਦੀਆਂ ਕਰੂਪਤਾਵਾਂ ਨੂੰ ਖ਼ਤਮ ਕਰਨਾ ਜ਼ਰੂਰੀ ਹੁੰਦਾ ਹੈ ਅਤੇ ਇਹ ਉਦੇਸ਼ ਸਮਾਜਕ ਰਣ-ਖੇਤਰ ਵਿਚ ਗਹਿ-ਗੱਚ ਸੰਗਰਾਮ ਲੋੜਦਾ ਹੈ। ਇਹ ਮਨ ਦਾ ਨਹੀਂ, ਬਾਹਰਲਾ ਸੰਸਾਰ ਹੈ ਜੋ ਇਕਾਂਤ ਦੀ ਥਾਂ ਸਮੂਹਿਕ ਸਰਗਰਮੀ ਦਾ ਪਿੜ ਹੈ।
ਮਹਾਂਸਵੇਤਾ ਦੇਵੀ ਤਾਂ ਉਹਨੇ ਹੋਣਾ ਹੀ ਸੀ!

ਬਹੁਤੇ ਲੇਖਕ ਲੋਕ-ਹਿਤੈਸ਼ੀ ਹੋਣ ਦੇ ਬਾਵਜੂਦ ਸਮਾਜਕ ਤਬਦੀਲੀ ਦੇ ਅਮਲ ਵਿਚ ਪਾਏ ਆਪਣੇ ਕਲਮੀ ਹਿੱਸੇ ਨੂੰ ਆਪਣਾ ਲੇਖਕੀ ਫ਼ਰਜ਼ ਸਮਝਦਿਆਂ ਉਸੇ ਨਾਲ ਸੰਤੁਸ਼ਟ ਰਹਿੰਦੇ ਹਨ। ਉਨ੍ਹਾਂ ਦੇ ਇਸ ਯੋਗਦਾਨ ਦਾ ਆਪਣਾ ਮਹੱਤਵ ਹੈ ਜਿਸ ਨੂੰ, ਨਿਸਚੇ ਹੀ, ਘਟਾ ਕੇ ਨਹੀਂ ਅੰਗਿਆ ਜਾ ਸਕਦਾ। ਪਰ ਕੁਝ ਲੇਖਕ ਅਜਿਹੇ ਵੀ ਹੁੰਦੇ ਹਨ ਜੋ ਆਪਣੀ ਲੋਕ-ਹਿਤੈਸ਼ੀ ਕਲਮੀ ਦੇਣ ਦੇ ਨਾਲ-ਨਾਲ ਸਮਾਜਕ ਸੰਗਰਾਮ ਦੇ ਵੀ ਸਰਗਰਮ ਭਾਈਵਾਲ ਬਣਦੇ ਹਨ। ਮਹਾਂਸਵੇਤਾ ਦੇਵੀ ਇਕ ਅਜਿਹੀ ਹੀ ਲੇਖਿਕਾ ਸੀ ਜੋ ਲੋਕ-ਹਿਤੈਸ਼ੀ ਸਾਹਿਤ ਤੇ ਲੋਕ-ਹਿਤੈਸ਼ੀ ਸੰਗਰਾਮ ਨੂੰ ਬਰਾਬਰ ਸਮਰਪਿਤ ਰਹੀ।
ਇਹੋ ਕਾਰਨ ਹੈ ਕਿ ਮੂਲ ਰੂਪ ਵਿਚ ਭਾਰਤ ਦੀ ਇਕ ਸੂਬਾਈ ਭਾਸ਼ਾ, ਬੰਗਾਲੀ ਵਿਚ ਲਿਖਦੀ ਹੋਣ ਦੇ ਬਾਵਜੂਦ ਉਹਦਾ ਸਾਹਿਤ ਹੱਦਾਂ-ਸਰਹੱਦਾਂ ਪਾਰ ਕਰ ਕੇ ਅਨੁਵਾਦ ਦਾ ਜਾਮਾ ਪਹਿਣ ਪਾਠਕਾਂ ਦੇ ਬਹੁ-ਇਲਾਕਾਈ ਤੇ ਬਹੁ-ਭਾਸ਼ਾਈ ਸਮੂਹ ਤੱਕ ਪੁਜਦਾ ਰਿਹਾ। ਸਾਹਿਤ-ਸਭਿਆਚਾਰ ਅਤੇ ਸਮਾਜਕ ਸੰਗਰਾਮ, ਦੋਵਾਂ ਖੇਤਰਾਂ ਵਿਚ ਉਹਦੇ ਉੱਚੇ ਕੱਦ ਵਿਚ ਨਰੋਈ ਬੁਨਿਆਦ ਵਾਲ਼ੀ ਭੂਮਿਕਾ ਉਹਦੇ ਪਰਿਵਾਰਕ-ਸਮਾਜਕ ਪਿਛੋਕੜ ਅਤੇ ਸਮਕਾਲ ਦੀ ਰਹੀ। ਇਹਨੂੰ ਇਕ ਦਿਲਚਸਪ ਤੱਥ ਕਹੀਏ ਜਾਂ ਸੁਹਾਣਾ ਸਬੱਬ ਤੇ ਜਾਂ ਫੇਰ ਮਹਾਂਸਵੇਤਾ ਦੇਵੀ ਦਾ ਸੁਭਾਗ ਕਿ ਉਹਦੇ ਸਕੇ ਵੀ ਤੇ ਸੰਬੰਧੀ ਵੀ ਸਭ ਸਾਹਿਤ, ਸਭਿਆਚਾਰ ਤੇ ਸਮਾਜਕ ਸੰਗਰਾਮ ਨੂੰ ਸਮਰਪਿਤ ਵੱਡੀਆਂ ਸ਼ਖ਼ਸੀਅਤਾਂ ਸਨ।
ਉਹਦਾ ਜਨਮ 14 ਜਨਵਰੀ 1926 ਨੂੰ ਅਜੋਕੇ ਬੰਗਲਾਦੇਸ਼ ਦੀ ਰਾਜਧਾਨੀ, ਢਾਕਾ ਵਿਚ ਹੋਇਆ ਜੋ ਉਸ ਸਮੇਂ ਵੀ ਬੰਗਾਲੀ ਸਾਹਿਤ-ਸਭਿਆਚਾਰ ਦਾ ਇਕ ਅਹਿਮ ਕੇਂਦਰ ਸੀ। ਉਹਦਾ ਪਿਤਾ, ਮਨੀਸ਼ ਘਟਕ ਇਕ ਪ੍ਰਸਿੱਧ ਕਵੀ ਤੇ ਗਲਪਕਾਰ ਸੀ ਜੋ ਜੁਬਨੱਸ਼ਵ ਦੇ ਸਾਹਿਤਕ ਨਾਂ ਨਾਲ ਲਿਖਦਾ ਸੀ। ਉਹ 20ਵੀਂ ਸਦੀ ਦੇ ਤੀਜੇ ਤੇ ਚੌਥੇ ਦਹਾਕੇ ਵਿਚ ਬੰਗਾਲੀ ਸਾਹਿਤ ਵਿਚ ਚੱਲੀ ਅੱਗੇਵਧੂ ਲਹਿਰ, ਕੱਲੌਲ ਲਹਿਰ ਦੇ ਮੋਹਰੀਆਂ ਵਿਚੋਂ ਸੀ ਜਿਸ ਨੇ ਨੌਜਵਾਨ ਸਾਹਿਤਕਾਰਾਂ ਨੂੰ ਬੇਹੱਦ ਪ੍ਰਭਾਵਿਤ ਕੀਤਾ। ਉਹਦੀ ਮਾਂ ਧਰਿਤ੍ਰੀ ਦੇਵੀ ਵੀ ਜਾਣੀ-ਪਛਾਣੀ ਲੇਖਕ ਹੋਣ ਦੇ ਨਾਲ-ਨਾਲ ਇਕ ਸਰਗਰਮ ਸਮਾਜਕ ਕਾਰਜਕਰਤਾ ਵੀ ਸੀ।
ਮਨੀਸ਼ ਘਟਕ ਦਾ ਛੋਟਾ ਭਰਾ, ਭਾਵ ਮਹਾਂਸਵੇਤਾ ਦੇਵੀ ਦਾ ਚਾਚਾ ਕੌਮਾਂਤਰੀ ਪ੍ਰਸਿੱਧੀ ਵਾਲ਼ਾ ਫ਼ਿਲਮਸਾਜ਼ ਰਿਤਵਿਕ ਘਟਕ ਸੀ। ਸਤਿਅਜੀਤ ਰੇਅ, ਮ੍ਰਿਨਾਲ ਸੇਨ ਤੇ ਰਿਤਵਿਕ ਘਟਕ ਤਿੰਨ ਅਜਿਹੇ ਬੰਗਾਲੀ ਫ਼ਿਲਮਸਾਜ਼ ਸਨ ਜਿਨ੍ਹਾਂ ਨੇ ਫ਼ਿਲਮਾਂ ਤਾਂ ਮੁੱਖ ਤੌਰ ਉੱਤੇ ਆਪਣੀ ਜ਼ਬਾਨ, ਬੰਗਲਾ, ਵਿਚ ਹੀ ਬਣਾਈਆਂ ਪਰ ਆਪਣੀ ਆਪਣੀ ਕਲਾ ਦੇ ਬਲ ਨਾਲ ਨਾਂ ਕੌਮਾਂਤਰੀ ਪੱਧਰ ਉੱਤੇ ਕਮਾਇਆ। ਸਮਾਜਕ ਯਥਾਰਥ ਤਿੰਨਾਂ ਦੀ ਕਲਾ ਦਾ ਪ੍ਰੇਰਕ ਰਿਹਾ। ਰਿਤਵਿਕ ਦੂਜੇ ਦੋਵਾਂ ਵਾਂਗ ਹੀ ਬਹੁਸਨਮਾਨਿਆ ਫ਼ਿਲਮਸਾਜ਼ ਸੀ।
ਧਰਿਤ੍ਰੀ ਦੇਵੀ ਦੇ ਭਰਾ, ਭਾਵ ਮਹਾਂਸਵੇਤਾ ਦੇਵੀ ਦੇ ਮਾਮੇ ਵੀ ਪ੍ਰਤਿਭਾਸ਼ਾਲੀ ਵਿਅਕਤੀ ਸਨ। ਸ਼ੰਖ ਚੌਧਰੀ ਮੰਨਿਆ ਹੋਇਆ ਸਨਮਾਨਿਤ ਬੁੱਤਕਾਰ ਸੀ। ਸਚਿਨ ਚੌਧਰੀ ਅਗਸਤ 1966 ਵਿਚ ਸ਼ੁਰੂ ਹੋਏ ਪ੍ਰਸਿੱਧ ਅਖ਼ਬਾਰ ‘ਇਕਨਾਮਿਕ ਐਂਡ ਪੁਲੀਟੀਕਲ ਵੀਕਲੀ ਆਫ਼ ਇੰਡੀਆ’, ਜਿਸ ਨੂੰ ਆਪਣੀ ਵਿਧਾ ਦਾ, ਭਾਵ ਖੇਤੀ, ਵਪਾਰ, ਸਨਅਤ ਤੇ ਵਿੱਤ ਦਾ ਇਕ ਸਭ ਤੋਂ ਨਿਪੁੰਨ ਪੱਤਰ ਮੰਨਿਆ ਜਾਂਦਾ ਹੈ, ਦਾ ਬਾਨੀ ਸੰਪਾਦਕ ਸੀ। ਪੱਤਰ ਦਾ ਇਹ ਸਥਾਨ ਬਣਨ ਵਿਚ ਵੱਡੀ ਭੂਮਿਕਾ ਸਚਿਨ ਦੀ ਸਮਝ ਤੇ ਵਿਦਵਤਾ ਦੀ ਦੱਸੀ ਜਾਂਦੀ ਹੈ।
ਜਿਸ ਬਾਲੜੀ ਦੇ ਦਾਦਕਿਆਂ-ਨਾਨਕਿਆਂ ਵਿਚ ਅਨੇਕ ਖੇਤਰਾਂ ਦੀ ਪ੍ਰਤਿਭਾ ਦੇ ਦਰਿਆ ਵਗਦੇ ਹੋਣ, ਉਹਦੇ ਮਨ ਉੱਤੇ ਉਨ੍ਹਾਂ ਦੇ ਡੂੰਘੇ ਪ੍ਰਭਾਵ ਦਾ ਅੰਦਾਜ਼ਾ ਲਾਉਣਾ ਔਖਾ ਨਹੀਂ।
ਅਜਿਹਾ ਕੁਝ ਹੀ ਉਹਦੇ ਵਿਦਿਅਕ ਮਾਹੌਲ ਬਾਰੇ ਕਿਹਾ ਜਾ ਸਕਦਾ ਹੈ। ਢਾਕਾ ਵਿਚ ਸਕੂਲੀ ਪੜ੍ਹਾਈ ਖ਼ਤਮ ਕਰਨ ਮਗਰੋਂ ਉਹਨੇ ਸ਼ਾਂਤੀਨਿਕੇਤਨ ਆ ਕੇ ਗੁਰੂਦੇਵ ਰਾਬਿੰਦਰਨਾਥ ਟੈਗੋਰ ਦੇ ਵਿਸ਼ਵਭਾਰਤੀ ਵਿਸ਼ਵਵਿਦਿਆਲੇ ਵਿਚ ਦਾਖ਼ਲਾ ਲੈ ਲਿਆ। ਇਹ, ਖਾਸ ਕਰਕੇ ਉਸ ਸਮੇਂ, ਅਜਿਹੀ ਸੰਸਥਾ ਸੀ ਜਿਸ ਦੇ ਪੌਣ-ਪਾਣੀ ਵਿਚ ਸਾਹਿਤ ਤੇ ਸਭਿਆਚਾਰ ਘੁਲ਼ੇ ਹੋਏ ਸਨ। ਭਾਵੇਂ ਉਥੋਂ ਉਹਨੇ ਪੜ੍ਹਾਈ ਤਾਂ ਅੰਗਰੇਜ਼ੀ ਦੀ ਬੀ.ਏ. (ਆਨਰਜ਼) ਦੀ ਕੀਤੀ ਪਰ ਉਥੋਂ ਦੇ ਮੂਲ ਰੂਪ ਵਿਚ ਸਾਹਿਤਕ-ਸਭਿਆਚਾਰਕ ਮਾਹੌਲ ਨੇ ਉਹਦੀ ਸੋਚ ਦੇ ਉਨ੍ਹਾਂ ਰੰਗਾਂ ਨੂੰ ਯਕੀਨਨ ਹੋਰ ਗੂੜ੍ਹਾ ਕੀਤਾ ਜਿਹੜੇ ਛੋਟੀ ਉਮਰੇ ਦਾਦਕੇ-ਨਾਨਕੇ ਮਾਹੌਲ ਨੇ ਚੜ੍ਹਾਏ ਸਨ। ਅੰਗਰੇਜ਼ੀ ਦੀ ਹੀ ਐਮ.ਏ. ਉਹਨੇ ਕਲਕੱਤਾ ਯੂਨੀਵਰਸਿਟੀ ਤੋਂ ਪਾਸ ਕੀਤੀ।
1947 ਵਿਚ ਉਹਦਾ ਵਿਆਹ ਹੋਇਆ ਤਾਂ ਉਹ ਵੀ ਬਿਜਨ ਭੱਟਾਚਾਰੀਆ ਨਾਲ ਜੋ ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ (ਇਪਟਾ) ਦੇ ਮੋਢੀਆਂ ਵਿਚੋਂ ਇਕ ਸੀ। ਉਹ ਥੀਏਟਰ ਦਾ ਅਤੇ ਫ਼ਿਲਮਾਂ ਦਾ ਇਕ ਪ੍ਰਮੁੱਖ ਲੇਖਕ ਸੀ। ਬੰਗਾਲ ਦੇ 1943 ਦੇ ਕਾਲ ਬਾਰੇ ਉਹਦਾ ਨਾਟਕ ‘ਨਬੰਨ’ ਬਹੁਤ ਮਸ਼ਹੂਰ ਹੋਇਆ। ਮਗਰੋਂ ਉਹਨੇ ਇਪਟਾ ਦੇ ਹੀ ਇਕ ਹੋਰ ਮੋਹਰੀ ਅਤੇ ਪ੍ਰਸਿੱਧ ਫ਼ਿਲਮੀ ਹਸਤੀ ਖਵਾਜਾ ਅਹਿਮਦ ਅੱਬਾਸ ਨਾਲ ਮਿਲ ਕੇ ਇਸ ਨਾਟਕ ਉੱਤੇ ਆਧਾਰਿਤ ਚਰਚਿਤ ਫ਼ਿਲਮ ‘ਧਰਤੀ ਕੇ ਲਾਲ’ ਲਿਖੀ।
1948 ਵਿਚ ਉਨ੍ਹਾਂ ਦੇ ਘਰ ਇਕੋ-ਇਕ ਬਾਲ ਨਾਬਾਰੁਨ ਭੱਟਾਚਾਰੀਆ ਨੇ ਜਨਮ ਲਿਆ। ਉਹਨੇ ਪ੍ਰਸਿੱਧ ਨਾਵਲਕਾਰ ਹੋਣ ਦੇ ਨਾਲ-ਨਾਲ ਇਕ ਗੰਭੀਰ ਰਾਜਨੀਤਕ ਟਿਪਣੀਕਾਰ ਵਜੋਂ ਵੀ ਨਾਂ ਕਮਾਇਆ। ਉਹਦੇ ਨਾਵਲ ‘ਹਰਬਰਤ’ ਲਈ ਉਹਨੂੰ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਆ ਗਿਆ। ਮਗਰੋਂ ਇਸ ਨਾਵਲ ਨੂੰ ਫ਼ਿਲਮੀ ਰੂਪ ਵੀ ਦਿੱਤਾ ਗਿਆ।
ਇਨ੍ਹਾਂ ਸਾਰੇ ਨਾਂਵਾਂ ਨੂੰ ਜੇ ਇਕ ਤਾਰਾ-ਮੰਡਲ ਆਖ ਲਈਏ, ਮਹਾਂਸਵੇਤਾ ਦੇਵੀ ਯਕੀਨਨ ਉਸ ਵਿਚਕਾਰ ਚੰਦਰਮਾ ਵਾਂਗ ਲਿਸ਼ਕ ਰਹੀ ਹੈ।
ਕਾਫ਼ੀ ਨਹੀਂ ਕੇਵਲ ਕਲਪਨਾ!
ਨਾਵਲ, ਕਹਾਣੀ, ਨਾਟਕ ਤੇ ਲੇਖ ਜਿਹੀਆਂ ਕਈ ਵਿਧਾਵਾਂ ਵਿਚ ਸਾਹਿਤ-ਰਚਨਾ ਨੂੰ ਅਤੇ ਮਜ਼ਲੂਮ ਸਮਾਜਕ ਤਬਕਿਆਂ ਦੀ ਜਾਗ੍ਰਤੀ ਲਈ ਅਣਥੱਕ ਜੱਦੋਜਹਿਦ ਨੂੰ ਲੈ ਕੇ ਉਹਦੀ ਦੂਹਰੀ ਸਰਗਰਮੀ ਪਹਿਲੀ ਰਚਨਾ ਸਮੇਂ ਹੀ ਤੈਅ ਹੋ ਗਈ ਸੀ। ਇਹ 1956 ਵਿਚ ਛਪਿਆ ਉਹਦਾ ਨਾਵਲ ‘ਝਾਂਸੀਰ ਰਾਨੀ’ ਸੀ ਜੋ ਉਸੇ ਸਾਲ ਛਪੀ ਰਾਣੀ ਦੀ ਜੀਵਨੀ ਉੱਤੇ ਆਧਾਰਿਤ ਸੀ। ਉਹਨੇ ਜੀਵਨੀ ਪੜ੍ਹ ਕੇ ਘਰ ਬੈਠਿਆਂ ਕਲਪਨਾ ਦੇ ਸਹਾਰੇ ਕਥਾ ਦੀਆਂ ਵਿਰਲਾਂ ਭਰਦਿਆਂ ਅਤੇ ਬੇਲੋੜੇ ਵਾਧੇ ਛਾਂਗਦਿਆਂ ਨਾਵਲ ਲਿਖ ਦੇਣ ਦਾ ਬਹੁਤੇ ਲੇਖਕਾਂ ਵਾਲ਼ਾ ਸੌਖਾ ਰਾਹ ਨਹੀਂ ਅਪਣਾਇਆ।
ਨਾਵਲ ਨੂੰ ਇਤਿਹਾਸ ਦੀ ਪੁਸਤਕ ਜਿਹਾ ਰੂਪ ਦੇਣ ਨਾਲ ਸੰਤੁਸ਼ਟ ਹੋਣ ਦੀ ਥਾਂ ਉਸ ਨੂੰ ਜੀਵਨ-ਧੜਕਦਾ ਬਣਾਉਣ ਵਾਸਤੇ ਉਹ ਝਾਂਸੀ ਦੇ ਇਲਾਕੇ ਵਿਚ ਘੁੰਮਦੀ ਰਹੀ। ਉਥੋਂ ਉਹ ਆਪਣੀ ਰਚਨਾ ਵਾਸਤੇ ਰਾਣੀ ਬਾਰੇ ਆਮ ਲੋਕਾਂ ਦੇ ਚੇਤਿਆਂ ਵਿਚ ਵਸੇ ਹੋਏ ਵੇਰਵੇ ਅਤੇ ਲੋਕਗੀਤ ਇਕੱਠੇ ਕਰ ਕੇ ਲਿਆਈ। ਇਉਂ ਰਚਨਾ ਤੋਂ ਪਹਿਲਾਂ ਪਾਤਰਾਂ ਦਾ ਯਥਾਰਥਕ ਜੀਵਨ ਵਾਚਣਾ-ਘੋਖਣਾ ਉਹਦੇ ਲਈ ਰਚਨਾ-ਕਾਰਜ ਜਿੰਨਾ ਹੀ ਜ਼ਰੂਰੀ ਹੋ ਗਿਆ ਅਤੇ ਉਹਦਾ ਪੂਰਾ ਭਵਿੱਖੀ ਜੀਵਨ ਇਸੇ ਅਨੁਸਾਰ ਢਲ ਗਿਆ।
ਇਹੋ ਜੀਵਨ-ਮਾਰਗ ਸੀ ਜੋ ਪਹਿਲਾਂ ਉਹਨੂੰ ਆਪਣੇ ਆਲ਼ੇ-ਦੁਆਲ਼ੇ ਬੰਨ੍ਹਣਾਂ-ਭਰਿਆ ਜੀਵਨ ਭੋਗਦੀਆਂ ਔਰਤਾਂ ਤੇ ਨਰਕੀ ਜੀਵਨ ਭੁਗਤਦੇ ਦਲਿਤਾਂ ਨਾਲ ਸਿੱਧੇ ਵਾਹ ਵੱਲ ਲੈ ਕੇ ਗਿਆ ਅਤੇ ਬੰਗਾਲ ਦੇ ਲੋਧ ਤੇ ਸ਼ਾਬਰ ਕਬੀਲਿਆਂ, ਫੇਰ ਉਸ ਤੋਂ ਵੀ ਅੱਗੇ ਬਿਹਾਰ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਦੇ ਆਦਿਵਾਸੀ ਕਬੀਲਿਆਂ ਦੀਆਂ ਝੁੱਗੀਆਂ ਵਿਚ ਲੈ ਪਹੁੰਚਿਆ। ਇਹੋ ਲੋਕ ਸਨ ਜੋ ਉਹਦੇ ਸਾਹਿਤ ਦਾ ਆਧਾਰ ਬਣੇ ਅਤੇ ਜਿਨ੍ਹਾਂ ਦੇ ਅਧਿਕਾਰਾਂ ਤੇ ਵਿਕਾਸ ਵਾਸਤੇ ਲੜਨਾ ਉਹਦਾ ਇਕੋ-ਇਕ ਉਦੇਸ਼ ਬਣ ਗਿਆ।
ਆਦਿਵਾਸੀਆਂ ਦੀ ਮੁਕਤੀ ਦਾ ਵਿਚਾਰ ਉਹਦੀ ਸੋਚ ਵਿਚ ਕਿੰਨੀ ਬਰੀਕੀ ਨਾਲ ਰਮਿਆ ਹੋਇਆ ਸੀ, ਇਹਦਾ ਅੰਦਾਜ਼ਾ ਪ੍ਰਸਿੱਧ ਆਦਿਵਾਸੀ ਸੁਤੰਤਰਤਾ-ਸੰਗਰਾਮੀਏ ਬਿਰਸਾ ਮੁੰਡਾ ਦੇ ਬੁੱਤ ਨਾਲ ਸੰਬੰਧਿਤ ਘਟਨਾ ਤੋਂ ਲਾਇਆ ਜਾ ਸਕਦਾ ਹੈ। ਅੰਗਰੇਜ਼ ਸਰਕਾਰ ਦੀ ਲਾਹੀ ਇਕ ਤਸਵੀਰ ਦੇ ਆਧਾਰ ਉੱਤੇ, ਕਿਸੇ ਸੋਚ-ਸਮਝ ਤੋਂ ਬਿਨਾਂ, ਇਸ ਬੁੱਤ ਵਿਚ ਬਿਰਸਾ ਨੂੰ ਸੰਗਲਾਂ ਨਾਲ ਜਕੜਿਆ ਹੋਇਆ ਦਿਖਾਇਆ ਗਿਆ ਸੀ। ਮਹਾਂਸਵੇਤਾ ਦੇਵੀ ਦਾ ਕਹਿਣਾ ਸੀ ਕਿ ਜਿਸ ਯੋਧੇ ਨੇ ਦੇਸ ਦੇ ਸੰਗਲ ਤੋੜ ਕੇ ਉਹਨੂੰ ਆਜ਼ਾਦ ਕਰਵਾਇਆ, ਆਜ਼ਾਦ ਦੇਸ ਵਿਚ ਉਹ ਆਪ ਸੰਗਲਾਂ ਵਿਚ ਕਿਉਂ ਹੈ?
ਇਹ ਉਹਦੀ ਲੰਮੀ ਲੜਾਈ ਦਾ ਨਤੀਜਾ ਹੀ ਸੀ ਕਿ ਆਖ਼ਰ ਜੂਨ 2016 ਵਿਚ ਝਾਰਖੰਡ ਸਰਕਾਰ ਨੂੰ ਬੁੱਤ ਦੇ ਸੰਗਲ ਲਾਹੁਣੇ ਪਏ। 1977 ਵਿਚ ਲਿਖਿਆ ਉਹਦਾ ਪ੍ਰਸਿੱਧ ਨਾਵਲ ‘ਅਰਨਿਯੇਰ ਅਧੀਕਾਰ’ ਬਿਰਸਾ ਮੁੰਡਾ ਦੇ ਜੀਵਨ ਨੂੰ ਹੀ ਚਿਤਰਦਾ ਹੈ। ਆਦਿਵਾਸੀਆਂ, ਦਲਿਤਾਂ ਤੇ ਔਰਤਾਂ ਦੇ ਜੀਵਨ ਬਾਰੇ ਇਹੋ ਬਰੀਕ ਨਜ਼ਰ ਸੀ ਜਿਸ ਦੇ ਨਤੀਜੇ ਵਜੋਂ ਉਹ ਸੌ ਤੋਂ ਵੱਧ ਨਾਵਲ ਅਤੇ ਵੀਹ ਤੋਂ ਵੱਧ ਕਹਾਣੀ-ਸੰਗ੍ਰਹਿ ਸਿਰਜ ਸਕੀ ਜਿਨ੍ਹਾਂ ਦਾ ਮੁੱਖ ਵਿਸ਼ਾ ਤਾਕਤਵਰ ਤੇ ਮੂੰਹਜ਼ੋਰ ਉੱਚ-ਜਾਤੀਆਂ, ਜਗੀਰਦਾਰਾਂ, ਸੂਦਖੋਰਾਂ ਤੇ ਜ਼ਾਲਮ ਸਰਕਾਰੀ ਕਰਮਚਾਰੀਆਂ ਹੱਥੋਂ ਉਨ੍ਹਾਂ ਉੱਤੇ ਹੁੰਦਾ ਵਹਿਸ਼ੀ ਜਬਰ ਹੈ। ਉਹਦੀ ਰਚਨਾ ਦੇ ਇਸੇ ਯਥਾਰਥ ਨੇ ਉਹਨੂੰ ਬੰਗਾਲੀ ਭਾਸ਼ਾ ਦੀਆਂ ਹੱਦਾਂ ਦੇ ਪਾਰ ਦੇਸੀ ਭਾਸ਼ਾਵਾਂ ਦੇ ਹੀ ਨਹੀਂ ਸਗੋਂ ਕਈ ਬਦੇਸੀ ਭਾਸ਼ਾਵਾਂ ਦੇ ਪਾਠਕਾਂ ਦੀ ਵੀ ਮਨਚਾਹੀ ਤੇ ਸਤਿਕਾਰਜੋਗ ਲੇਖਕ ਬਣਾ ਦਿੱਤਾ।
ਰਚਨਾ ਦੀ ਇਸ ਪ੍ਰੇਰਨਾ ਬਾਰੇ ਉਹ ਆਪ ਆਖਦੀ ਹੈ, “ਮੈਨੂੰ ਹਮੇਸ਼ਾ ਹੀ ਇਹ ਭਰੋਸਾ ਰਿਹਾ ਹੈ ਕਿ ਅਸਲ ਇਤਿਹਾਸ ਸਾਧਾਰਨ ਲੋਕਾਂ ਦਾ ਸਿਰਜਿਆ ਹੋਇਆ ਹੁੰਦਾ ਹੈ।…ਮੇਰੀ ਰਚਨਾ ਦਾ ਕਾਰਨ ਤੇ ਪ੍ਰੇਰਨਾ ਉਹ ਲੋਕ ਹਨ ਜੋ ਲੁੱਟੇ ਤੇ ਵਰਤੇ ਜਾਂਦੇ ਹਨ ਪਰ ਤਾਂ ਵੀ ਹਾਰ ਨਹੀਂ ਮੰਨਦੇ। ਮੇਰੇ ਲਈ ਰਚਨਾ ਵਾਸਤੇ ਕੱਚੀ ਸਮਗਰੀ ਦਾ ਅਖੁੱਟ ਸੋਮਾ ਇਹੋ ਦੰਗ ਕਰ ਦੇਣ ਦੀ ਹੱਦ ਤੱਕ ਨੇਕ-ਪਾਕ ਮਜ਼ਲੂਮ ਮਨੁੱਖ ਹਨ। ਜਦੋਂ ਇਕ ਵਾਰ ਮੈਂ ਇਨ੍ਹਾਂ ਨੂੰ ਜਾਣਨ ਲੱਗੀ ਹਾਂ, ਆਪਣੀ ਕੱਚੀ ਸਮਗਰੀ ਹੋਰ ਕਿਤੋਂ ਕਿਉਂ ਭਾਲਦੀ ਫਿਰਾਂ? ਕਈ ਵਾਰ ਤਾਂ ਮੈਨੂੰ ਇਉਂ ਲਗਦਾ ਹੈ, ਮੇਰੀਆਂ ਰਚਨਾਵਾਂ ਅਸਲ ਵਿਚ ਇਨ੍ਹਾਂ ਦੀ ਕਿਰਤ ਹਨ।”
ਦੇਸ ਵਾਸਤੇ ਪਿਆਰ ਨੂੰ ਵੀ ਉਹ ਆਦਿਵਾਸੀਆਂ, ਦਲਿਤਾਂ, ਮਜ਼ਦੂਰਾਂ, ਕਿਸਾਨਾਂ, ਆਦਿ ਵਾਸਤੇ ਪਿਆਰ ਵਿਚੋਂ ਹੀ ਦੇਖਦੀ ਸੀ। ਉਹਦਾ ਮੰਨਣਾ ਸੀ ਕਿ ਇਨ੍ਹਾਂ ਸਭਨਾਂ ਤੋਂ ਬਿਨਾਂ ਦੇਸ ਦਾ ਕੀ ਵਜੂਦ ਹੋਣਾ ਸੀ! ਉਹਦਾ ਦੇਸ ਇਨ੍ਹਾਂ ਸਭਨਾਂ ਦੀ ਮਿਹਨਤ ਦੇ ਫਲ ਲੁੱਟ ਕੇ ਬਣਿਆ ਧਨਵਾਨਾਂ ਦਾ ਸੋਨੇ-ਚਾਂਦੀ ਨਾਲ ਚਮਕਦਾ-ਦਮਕਦਾ ਹਿੰਦੋਸਤਾਨ ਨਹੀਂ ਸੀ, ਸਗੋਂ ਇਨ੍ਹਾਂ ਲੋਕਾਂ ਦੇ ਹਿੱਸੇ ਦਾ ਥੁੜਿਆ-ਟੁੱਟਿਆ ਹਿੰਦੋਸਤਾਨ ਸੀ, ਜਿਸ ਵਿਚ ਕਿਰਤ ਦੇ ਮੁੜ੍ਹਕੇ ਦੇ ਮੋਤੀ ਜਗਦੇ-ਲਿਸ਼ਕਦੇ ਸਨ।
2006 ਵਿਚ ਜਰਮਨੀ ਦੇ ਸ਼ਹਿਰ ਫ਼ਰੈਂਕਫ਼ਰਟ ਵਿਚ ਲੱਗੇ ਪੁਸਤਕ-ਮੇਲੇ ਸਮੇਂ ਉਦਘਾਟਨੀ ਭਾਸ਼ਨ ਦਿੰਦਿਆਂ ਉਹਨੇ ਵਿਸ਼ਵੀਕਰਨ ਦੇ ਬੋਲਬਾਲੇ ਦੇ ਵਿਚਕਾਰ ਆਪਣੇ ਇਸੇ ਹਿੰਦੋਸਤਾਨ ਦੀ ਗੱਲ ਕਰ ਕੇ ਸਰੋਤਿਆਂ ਨੂੰ ਜਜ਼ਬਾਤੀ ਕਰ ਦਿੱਤਾ ਸੀ। ਰਾਜ ਕਪੂਰ ਦੀ ਫ਼ਿਲਮ ‘ਸ਼੍ਰੀ 420’ ਵਿਚ ਉਹਦੇ ਬੁੱਲ੍ਹਾਂ ਲਈ ਸ਼ੈਲੇਂਦਰ ਦੇ ਲਿਖੇ ਤੇ ਮੁਕੇਸ਼ ਦੇ ਗਾਏ ਗੀਤ ਦੇ ਹਵਾਲੇ ਨਾਲ ਉਹਨੇ ਕਿਹਾ, “ਇਹ ਠੀਕ ਹੀ ਉਹ ਦੌਰ ਹੈ ਜਦੋਂ ਜੁੱਤਾ ਜਾਪਾਨੀ ਹੈ, ਪਤਲੂਨ ਇੰਗਲਿਸਤਾਨੀ ਹੈ, ਟੋਪੀ ਰੂਸੀ ਹੈ, ਪਰ ਦਿਲ…ਦਿਲ ਹਮੇਸ਼ਾ ਹਿੰਦੋਸਤਾਨੀ ਹੈ!…ਮੇਰਾ ਦੇਸ, ਪਾੜਿਆ-ਪਾਟਿਆ, ਛਿੱਜਿਆ ਹੋਇਆ, ਤਾਂ ਵੀ ਮਾਣਾਂ-ਮੱਤਾ, ਖ਼ੂਬਸੂਰਤ, ਗਰਮ, ਸਿੱਲ੍ਹਾ, ਠੰਢਾ, ਰੇਤਲਾ, ਜਗਦਾ-ਲਿਸ਼ਕਦਾ ਹਿੰਦੋਸਤਾਨ, ਮੇਰਾ ਦੇਸ!”
ਕਿੱਸਾ ਮਨੋਰੰਜਨ ਬਿਆਪਾਰੀ ਦਾ!
ਮਹਾਂਸਵੇਤਾ ਦੇਵੀ ਪਾਰਸ-ਛੋਹ ਵਾਲ਼ੀ ਸ਼ਖ਼ਸੀਅਤ ਸੀ। ਉਹ ਦੱਬੇ-ਕੁਚਲੇ ਲੋਕਾਂ ਬਾਰੇ ਹੀ ਨਹੀਂ ਸੀ ਲਿਖਦੀ, ਉਨ੍ਹਾਂ ਵਾਸਤੇ ਵੀ ਲਿਖਦੀ ਸੀ। ਉਹਨੇ ਸ਼ੈਲੀ ਦੀ ਸਹਿਜਤਾ, ਬੋਲੀ ਦੀ ਸੁਖੈਨਤਾ ਤੇ ਕਥਾਈ ਬੁਣਤੀ ਦੀ ਸਰਲਤਾ ਦੀ ਅਜਿਹੀ ਕਲਾ ਤੇ ਨਿਪੁੰਨਤਾ ਨੂੰ ਪਰਾਪਤ ਕਰ ਲਿਆ ਸੀ ਕਿ ਮੁਸ਼ਕਿਲ ਨਾਲ ਅੱਖਰ ਉਠਾਲ ਸਕਣ ਦੇ ਜੋਗ ਵਿਅਕਤੀ ਵੀ ਉਹਦੀ ਰਚਨਾ ਸਿਰਫ਼ ਪੜ੍ਹ ਹੀ ਨਹੀਂ ਸੀ ਸਕਦਾ ਸਗੋਂ ਸਮਝ ਤੇ ਮਾਣ ਵੀ ਸਕਦਾ ਸੀ। ਇਸ ਵਰਤਾਰੇ ਦੀ ਇਕ ਬੜੀ ਦਿਲਚਸਪ ਮਿਸਾਲ ਮਸ਼ਹੂਰ ਹੈ।
ਇਕ ਦਿਨ ਬਾਜ਼ਾਰ ਵਿਚ ਉੁਹਨੇ ਕੁਝ ਪੜ੍ਹ ਰਹੇ ਇਕ ਰਿਕਸ਼ਾ ਵਾਲੇ ਨੂੰ ਚੱਲਣ ਵਾਸਤੇ ਕਿਹਾ ਤਾਂ ਉਹ ਕੋਈ ਹੋਰ ਰਿਕਸ਼ਾ ਦੇਖ ਲੈਣ ਲਈ ਆਖ ਕੇ ਮੈਲ਼ੀ ਹੋਣ ਤੋਂ ਬਚਾਉਣ ਵਾਸਤੇ ਕਾਗ਼ਜ਼ ਵਿਚ ਲਪੇਟੀ ਹੋਈ ਪੁਸਤਕ ਵਿਚ ਫੇਰ ਖੁੱਭ ਗਿਆ। ਹੋਰ ਕੋਈ ਰਿਕਸ਼ਾ ਨਾ ਮਿਲਣ ਕਰਕੇ ਉਹ ਫੇਰ ਉਸੇ ਕੋਲ ਆ ਗਈ। ਉਹਨੇ ਪੁਸਤਕ ਅਦਬ ਨਾਲ ਸੰਭਾਲ਼ੀ ਤੇ ਤੁਰ ਪਿਆ। ਸਵਾਰੀ ਨੂੰ ਪੜ੍ਹੀ-ਲਿਖੀ ਦੇਖ ਕੇ ਰਾਹ ਵਿਚ ਉਹਨੇ ਇਕ ਸ਼ਬਦ, ਜੀਜੀਬਿੱਸ਼ਾ (ਜੀਵਨ ਦੀ ਇੱਛਾ) ਦੇ ਅਰਥ ਪੁੱਛੇ। ਇਥੋਂ ਤੁਰੀਆਂ ਗੱਲਾਂ ਵਿਚੋਂ ਮਹਾਂਸਵੇਤਾ ਦੇਵੀ ਨੂੰ ਪਤਾ ਲਗਿਆ, ਉਹ ਉਹਦੀ ਹੀ ਰਚਨਾ ਪੜ੍ਹ ਰਿਹਾ ਸੀ।
ਮੰਜ਼ਿਲ ਉੱਤੇ ਪਹੁੰਚ ਕੇ ਉਹਨੇ ਰਿਕਸ਼ਾ ਵਾਲੇ ਨੂੰ ਇਕ ਪਰਚੀ ਉੱਤੇ ਆਪਣਾ ਨਾਂ ਤੇ ਫੋਨ ਲਿਖ ਕੇ ਫੜਾਉਂਦਿਆਂ ਕਿਹਾ, “ਕਦੀ ਕੁਝ ਪੁੱਛਣਾ ਹੋਵੇ, ਬੇਝਿਜਕ ਫੋਨ ਕਰ ਲਿਆ ਕਰ।” ਉਹਨੇ ਪਰਚੀ ਪੜ੍ਹੀ ਤਾਂ ਉਹਦਾ ਖ਼ੁਸ਼ ਤੇ ਹੈਰਾਨ ਹੋਣਾ ਕੁਦਰਤੀ ਸੀ। ਆਪਣੀ ਸਤਿਕਾਰੀ ਲੇਖਿਕਾ ਨੂੰ ਸਾਹਮਣੇ ਦੇਖ ਕੇ ਉਹ ਧੰਨ ਹੋ ਗਿਆ। ਇਥੋਂ ਬਣੀ ਸਾਂਝ ਅੱਗੇ ਵਧੀ ਤਾਂ ਮਹਾਂਸਵੇਤਾ ਦੇਵੀ ਨੇ ਉਹਨੂੰ ਆਪਣੇ ਰਸਾਲੇ ‘ਬਾਰਤਿਕ’ ਵਾਸਤੇ ਲੇਖ ਲਿਖਣ ਲਈ ਕਿਹਾ। ਉਹਦੇ ਕਹਿਣ ਸਦਕਾ ਲਿਖਿਆ ਲੇਖ ‘ਰਿਕਸ਼ਾ ਚਲਾਈ’ (ਮੈਂ ਰਿਕਸ਼ਾ ਚਲਾਉਂਦਾ ਹਾਂ) ਬਿਆਪਾਰੀ ਦੀ ਪਹਿਲੀ ਪ੍ਰਕਾਸ਼ਿਤ ਰਚਨਾ ਬਣਿਆ। ਅੱਗੇ ਚੱਲ ਕੇ ਬੰਗਾਲੀ ਸਾਹਿਤ ਵਿਚ ਪਹਿਲਾ ਸਵੈਜੀਵਨੀ-ਆਧਾਰਿਤ ਦਲਿਤ ਨਾਵਲ ‘ਇਤੀਬਰਿਤੇ ਚਾਂਡਾਲ ਜੀਬਨ’ ਲਿਖ ਕੇ ਪ੍ਰਸਿੱਧ ਹੋਣ ਵਾਲ਼ੇ ਲੇਖਕ ਮਨੋਰੰਜਨ ਬਿਆਪਾਰੀ ਦਾ ਸਾਹਿਤ-ਰਚਨਾ ਦੀ ਡਗਰ ਉੱਤੇ ਇਹ ਪਹਿਲਾ ਕਦਮ ਸੀ।
ਇਹ ਪਹਿਲਾ ਕਦਮ ਤਾਂ ਜ਼ਰੂਰ ਸੀ ਪਰ ਬਹੁਤ ਮਜ਼ਬੂਤ ਕਦਮ ਸੀ। ਸਾਹਿਤ-ਰਚਨਾ ਦੀ ਡਗਰ ਉੱਤੇ ਅੱਗੇ ਵਧਦਿਆਂ ਦਰਜਨ ਤੋਂ ਵੱਧ ਨਾਵਲ, ਸੌ ਤੋਂ ਵੱਧ ਕਹਾਣੀਆਂ, ਬਹੁਤ ਸਾਰੇ ਲੇਖ ਤੇ ਸਵੈਜੀਵਨੀ ਉਹਦੀ ਪ੍ਰਾਪਤੀ ਬਣ ਚੁੱਕੇ ਹਨ।
ਉਹ ਮਹਾਂਸਵੇਤਾ ਦੇਵੀ ਨਾਲ ਇਸ ਸਬੱਬੀ ਮੁਲਾਕਾਤ ਨੂੰ ਆਪਣੇ ਜੀਵਨ ਦਾ ਦੂਜਾ ਵੱਡਾ ਮੋੜ ਆਖਦਾ ਹੈ। ਪਹਿਲਾ ਮੋੜ ਉਹ ਸੀ ਜਦੋਂ 22 ਕੁ ਸਾਲਾਂ ਦਾ ਅਨਪੜ੍ਹ ਰਿਕਸ਼ਾਚਾਲਕ ਮਨੋਰੰਜਨ ਬਿਆਪਾਰੀ ਕਿਸੇ ਆਮ ਜਿਹੇ ਲੜਾਈ-ਝਗੜੇ ਕਾਰਨ ਜਿਹਲ ਪਹੁੰਚ ਗਿਆ ਸੀ ਤੇ ਉਥੇ ਇਕ ਬਜ਼ੁਰਗ ਕੈਦੀ ਨੇ ਉਹਨੂੰ ਪੜ੍ਹਨ ਵਾਸਤੇ ਪ੍ਰੇਰਦਿਆਂ ਪੈਂਤੀ ਸਿਖਾਈ ਸੀ। ਉਹ ਆਖਦਾ ਹੈ, “ਮੈਂ ਅਨਪੜ੍ਹ ਤਾਂ ਜ਼ਰੂਰ ਸੀ ਪਰ ਮੈਨੂੰ ਇਹ ਪਤਾ ਸੀ ਕਿ ਰਾਜਨੀਤੀ ਵਿਚ ਤੇ ਦੁਨੀਆ ਵਿਚ ਕੀ ਹੋ ਰਿਹਾ ਹੈ।…ਪੈਂਤੀ ਕੀ ਸਿੱਖੀ, ਮੈਨੂੰ ਤਾਂ ਪੜ੍ਹਨ ਦੀ ਲਤ ਲੱਗ ਗਈ!”
ਗ਼ਰੀਬੀ ਦਾ ਮਾਰਿਆ ਉਹ ਚੌਦਾਂ ਸਾਲ ਦੀ ਉਮਰ ਵਿਚ ਘਰੋਂ ਕੰਮ ਦੀ ਤਲਾਸ਼ ਵਿਚ ਨਿੱਕਲ ਪਿਆ ਸੀ। ਇਹ ਤਲਾਸ਼ ਉਹਨੂੰ ਆਸਾਮ, ਲਖ਼ਨਊ, ਦਿੱਲੀ ਤੇ ਅਲਾਹਾਬਾਦ ਲੈ ਗਈ ਪਰ ਭਾਂਤ-ਭਾਂਤ ਦੀਆਂ ਮਜ਼ਦੂਰੀਆਂ ਕਰ ਕੇ ਵੀ ਪੈਰ-ਧਰਾਵਾ ਕਿਤੇ ਨਾ ਹੋ ਸਕਿਆ। ਆਖ਼ਰ 1973 ਵਿਚ ਉਹ ਕਲਕੱਤੇ ਪਹੁੰਚ ਗਿਆ ਤੇ ਰਿਕਸ਼ਾ ਚਲਾਉਣ ਲੱਗਿਆ।
ਬੰਗਲਾ ਸਾਹਿਤ ਵਿਚ ਦਲਿਤ ਕਾਰਕੁਨ-ਲੇਖਕ ਵਜੋਂ ਉਹਦੀ ਪਛਾਣ ਸ਼ੁਰੂ ਦੇ 1980ਵਿਆਂ ਵਿਚ ਬਣਨ ਲੱਗੀ। ਬੰਗਲਾ ਭਾਸ਼ਾ ਤੋਂ ਬਾਹਰ ਉਹਦੀ ਪਛਾਣ ਓਦੋਂ ਬਣੀ ਜਦੋਂ ਮੀਨਾਕਸ਼ੀ ਮੁਕਰਜੀ ਨੇ ਉਹਦਾ ਚਰਚਿਤ ਲੇਖ ‘ਕੀ ਬੰਗਲਾ ਵਿਚ ਕੋਈ ਦਲਿਤ ਸਾਹਿਤ ਹੈ?’ ਅੰਗਰੇਜ਼ੀ ਵਿਚ ਅਨੁਵਾਦ ਕਰ ਕੇ ‘ਇਕਨਾਮਿਕ ਐਂਡ ਪੁਲਿਟੀਕਲ ਵੀਕਲੀ’ ਵਿਚ ਛਪਵਾਇਆ। ਉਹਦਾ ਕਹਿਣਾ ਹੈ, “ਮੇਰਾ ਦਲਿਤ ਹੋਣਾ ਮੇਰੀ ਰਚਨਾ ਦਾ ਕੇਂਦਰ-ਬਿੰਦੂ ਹੈ। ਮੈਂ ਜਨਮ ਕਾਰਨ ਦਲਿਤ ਹਾਂ। ਸਮਾਜਕ ਸ਼ਕਤੀਆਂ ਦਾ ਦਲ਼ਿਆ ਹੋਇਆ ਦਲਿਤ ਹੀ ਇਸ ਦਲ਼ਣ ਨੂੰ ਜੀਵਨ ਵਿਚ ਸਹੀ ਅਰਥਾਂ ਵਿਚ ਮਹਿਸੂਸ ਕਰ ਸਕਦਾ ਹੈ। ਦਲਿਤ ਲੇਖਣੀ ਵਿਚ ਦਲਿਤ ਵਜੋਂ ਇਹ ਦਲ਼ਣ ਉਜਾਗਰ ਹੋਣੀ ਚਾਹੀਦੀ ਹੈ। ਦਲਿਤ ਸਾਹਿਤ ਦਲਿਤ ਜੀਵਨ ਉੱਤੇ ਆਧਾਰਿਤ ਹੋਣਾ ਚਾਹੀਦਾ ਹੈ।”
ਉਹਦਾ ਜਨਮ ਸ਼ੂਦਰ ਕਹੇ ਜਾਂਦੇ ਲੋਕਾਂ ਦੀ ਵੀ ਇਕ ਹੇਠਲੀ ਪਰਤ ਨਮੋਸ਼ੂਦਰ ਵਿਚ ਹੋਇਆ ਸੀ ਜਿਨ੍ਹਾਂ ਨੂੰ ਭੱਦਰਲੋਕ ‘ਚੰਡਾਲ’ ਆਖਦੇ ਸਨ। ਉਹ ਮਾਣ ਨਾਲ ਆਖਦਾ ਹੈ, “ਮੈਂ ਇਕਹਿਰਾ ਨਹੀਂ, ਦੂਹਰਾ ਚੰਡਾਲ ਹਾਂਇਕ ਜਨਮ ਕਰਕੇ ਤੇ ਦੂਜਾ ਨਾਇਨਸਾਫ਼ ਸਿਸਟਮ ਵਿਰੁੱਧ ਕਰੋਧ, ਚੰਡਾਲਾਂ ਵਾਲ਼ੇ ਕਰੋਧ ਕਰਕੇ!” ਲਿਖਣ ਦਾ ਕਾਰਨ ਪੁੱਛੇ ਜਾਣ ਉੱਤੇ ਉਹ ਦਸਦਾ ਹੈ, “ਮੈਂ ਇਸ ਲਈ ਲਿਖਦਾ ਹਾਂ ਕਿਉਂਕਿ ਮੈਂ ਬੰਦੇ ਮਾਰ ਨਹੀਂ ਸਕਦਾ। ਜਦੋਂ ਕਥੂਆ ਵਿਚ ਇਕ ਬਾਲੜੀ ਨਾਲ ਬਲਾਤਕਾਰ ਹੁੰਦਾ ਹੈ ਜਾਂ ਕਿਸੇ ਨੂੰ ਪਿੰਡ ਦੇ ਖੂਹ ਤੋਂ ਪਾਣੀ ਭਰਨ ਕਰਕੇ ਅੱਤਿਆਚਾਰ ਦਾ ਨਿਸ਼ਾਨਾ ਬਣਾਇਆ ਜਾਂਦਾ ਹੈ, ਮੇਰਾ ਜੀਅ ਕਰਦਾ ਹੈ, ਅੱਤਿਆਚਾਰੀਆਂ ਦੀ ਧੌਣ ਲਾਹ ਦਿਆਂ। ਮੈਂ ਧੌਣ ਲਾਹ ਨਹੀਂ ਸਕਦਾ, ਇਸ ਲਈ ਲਿਖਦਾ ਹਾਂ ਤੇ ਖਲਨਾਇਕ ਨੂੰ ਮਾਰਦਾ ਹਾਂ!”
ਮੈਨੂੰ ਇਹ ਕਰੋਧ ਵਾਲ਼ੀ ਗੱਲ ਪੜ੍ਹ ਕੇ ਹੈਰਾਨੀ ਹੋਈ ਕਿਉਂਕਿ ਸਾਡੇ ਇਲਾਕੇ, ਪੰਜਾਬ ਦੇ ਮਾਲਵੇ ਦੇ ਦਲਿਤਾਂ ਵਿਚ ਚੰਡਾਲ ਨਾਂ ਦੀ ਉਪਜਾਤੀ ਕੋਈ ਨਹੀਂ ਸੀ ਪਰ ਬੰਦੇ ਬਾਰੇ ਇਹ ਕਹਿਣਾ ਆਮ ਗੱਲ ਸੀ ਕਿ ਇਹਨੂੰ ਤਾਂ ਜਦੋਂ ਕਰੋਧ ਚੜ੍ਹੇ, ਚੰਡਾਲਾਂ ਵਾਲ਼ਾ ਕਰੋਧ ਚੜ੍ਹਦਾ ਹੈ! ਪਤਾ ਨਹੀਂ, ਇਹ ਕਹਾਵਤ ਕਿਹੜੇ ਰਾਹ ਤੋਂ ਯਾਤਰਾ ਕਰ ਕੇ ਸਾਡੇ ਇਲਾਕੇ ਵਿਚ ਪਹੁੰਚ ਗਈ ਸੀ।
ਬੰਗਾਲ ਵਿਚ ਲੇਖਕ ਵਜੋਂ ਉਹ ਪ੍ਰਸਿੱਧ ਤਾਂ ਹੋਣ ਲੱਗਿਆ ਪਰ ਜਾਣਦਾ ਸੀ ਕਿ ਸਾਹਿਤ ਰੋਟੀ ਨਹੀਂ ਦਿੰਦਾ। ਚੰਗੇ ਪ੍ਰਕਾਸ਼ਕ ਉਹਨੂੰ ਛਾਪਣ ਲਈ ਤਿਆਰ ਨਹੀਂ ਸਨ ਜਿਸ ਕਰਕੇ ਉਹਨੂੰ ਕੰਮ-ਚਲਾਊ ਜਿਹੇ ਪ੍ਰਕਾਸ਼ਕਾਂ ਨਾਲ ਜੁੜਨਾ ਪਿਆ। ਇਹ ਉਹਦੀ ਰਚਨਾ ਦਾ ਦਮ ਸੀ ਕਿ ਸਾਰੇ ਵਿਤਕਰੇ ਦੇ ਬਾਵਜੂਦ ਉਹ ‘ਪੱਛਮੀ ਬੰਗਾਲ ਸਾਹਿਤ ਅਕਾਦਮੀ ਪੁਰਸਕਾਰ’ ਸਮੇਤ ਕੁਝ ਸਨਮਾਨਾਂ ਦਾ ਹੱਕਦਾਰ ਬਣ ਸਕਿਆ। ਵਧਦੀ ਉਮਰ ਨਾਲ ਉਹ ਰਿਕਸ਼ਾ ਚਲਾਉਣਾ ਛੱਡ ਕੇ ਬੋਲ਼ੇ ਬੱਚਿਆਂ ਦੇ ਇਕ ਸਕੂਲ ਵਿਚ ਲਾਂਗਰੀ ਦਾ ਕੰਮ ਕਰਨ ਲੱਗਿਆ।
ਮਹਾਂਸਵੇਤਾ ਦੇਵੀ ਨੂੰ ਉਹ ਆਪਣੀ ਗੁਰੂ ਅਤੇ ਰਾਹਨੁਮਾ ਦਸਦਿਆਂ ਆਖਦਾ ਹੈ, “ਜਦੋਂ ਭੱਦਰਲੋਕਾਂ ਦਾ ਬੰਗਾਲੀ ਸਾਹਿਤ ਦਲਿਤਾਂ ਦੀਆਂ ਸਮੱਸਿਆਵਾਂ ਉੱਤੇ ਪੋਚਾ ਫੇਰਦਾ ਸੀ, ਮਹਾਂਸਵੇਤਾ ਦੇਵੀ ਨੇ ਆਪਣੀ ਕਲਮ ਉਨ੍ਹਾਂ ਉੱਤੇ ਇਕਾਗਰ ਕੀਤੀ।”
ਆਖ਼ਰ 2018 ਵਿਚ ਮਨੋਰੰਜਨ ਬਿਆਪਾਰੀ ਦੇ ਸਾਹਿਤਕ ਜੀਵਨ ਵਿਚ ਵੱਡਾ ਮੋੜ ਆਇਆ। ਪਹਿਲਾਂ ਉਹਨੂੰ ਨਵੀਂ ਦਿੱਲੀ ਦੇ ਸੰਸਾਰ ਪੁਸਤਕ ਮੇਲੇ ਵਿਚ ਤੇ ਫੇਰ ਜੈਪੁਰ ਲਿਟਰੇਰੀ ਫ਼ੈਸਟੀਬਲ ਵਿਚ ਲੇਖਕ ਵਜੋਂ ਬੋਲਣ ਲਈ ਬੁਲਾਇਆ ਗਿਆ। ਜੈਪੁਰ ਦੇ ਸਾਹਿਤਕ ਮੇਲੇ ਵਿਚ ਉਹਦਾ ਆਪਣੇ ਵਿਚਾਰ ਪ੍ਰਗਟ ਕਰਨਾ ਸੀ ਕਿ ਉਹ ਸਰੋਤਿਆਂ-ਪਾਠਕਾਂ ਵਿਚ ਤਾਂ ਚਰਚਾ ਦਾ ਵਿਸ਼ਾ ਬਣ ਹੀ ਗਿਆ, ਵੱਡੇ ਅੰਗਰੇਜ਼ੀ ਪ੍ਰਕਾਸ਼ਕ ਵੀ ਉਹਨੂੰ ‘ਵੱਡੀ ਸਾਹਿਤਕ ਲੱਭਤ’ ਆਖ ਕੇ ਉਹਦੇ ਅੱਗੇ-ਪਿੱਛੇ ਘੁੰਮਣ ਲੱਗੇ। ਆਖ਼ਰ ਵੈਸਟਲੈਂਡ ਪਬਲੀਕੇਸ਼ਨਜ਼ ਵਾਲ਼ੇ ਉਸ ਨਾਲ ਗੱਲ ਮੁਕਾਉਣ ਵਿਚ ਸਫਲ ਹੋ ਗਏ। ਉਹ ਉਹਦੀਆਂ ਚੌਦਾਂ ਪੁਸਤਕਾਂ ਅੰਗਰੇਜ਼ੀ ਵਿਚ ਛਾਪਣਗੇ। ਜੋ ਰਕਮ ਉਹਨੂੰ ਦੇਣੀ ਤੈਅ ਹੋਈ ਹੈ, ਉਹ ਦੋਵਾਂ ਧਿਰਾਂ ਦੇ ਸਮਝੌਤੇ ਅਨੁਸਾਰ ਗੁਪਤ ਹੈ। ਇਕ ਮੁੰਬਈਆਂ ਫ਼ਿਲਮ ਨਿਰਦੇਸ਼ਕ ਨੇ ਵੀ ਉਹਦੀ ਕਿਸੇ ਰਚਨਾ ਨੂੰ ਲੈ ਕੇ ਫ਼ਿਲਮ ਬਣਾਉਣ ਦੀ ਗੱਲ ਚਲਾਈ।
ਇਸ ਸੰਬੰਧ ਵਿਚ ਬਿਆਪਾਰੀ ਦਾ ਕਹਿਣਾ ਸੀ, “ਮੇਰੀਆਂ ਚੌਦਾਂ ਪੁਸਤਕਾਂ ਅੰਗਰੇਜ਼ੀ ਅਨੁਵਾਦ ਕਰ ਕੇ ਛਾਪਣ ਬਾਰੇ ਵੈਸਟਲੈਂਡ ਨਾਲ ਸਮਝੌਤਾ ਮੇਰੇ ਸਾਹਿਤਕ ਜੀਵਨ ਵਿਚ ਯਕੀਨਨ ਇਕ ਮੀਲ-ਪੱਥਰ ਹੈ। ਪਰ ਮੈਨੂੰ ਕੋਈ ਅਥਾਹ ਖ਼ੁਸ਼ੀ ਨਹੀਂ ਹੋ ਰਹੀ ਕਿਉਂਕਿ ਮੈਂ ਆਪਣੀਆਂ ਰਚਨਾਵਾਂ ਰਾਹੀਂ ਸਮਾਜ ਨੂੰ ਬਦਲਣ ਵਿਚ, ਜੋ ਮੇਰਾ ਮੁੱਖ ਉਦੇਸ਼ ਹੈ, ਸਫਲ ਨਹੀਂ ਹੋ ਸਕਿਆ। ਮੈਨੂੰ ਪ੍ਰਸਿੱਧੀ ਮਿਲੀ ਹੈ ਤੇ ਕੁਝ ਮਾਇਆ ਮਿਲੀ ਹੈ ਪਰ ਸ਼ੋਸ਼ਨ ਤੋਂ ਮੁਕਤ, ਸਮਾਜਵਾਦੀ ਸਮਾਜ ਸਿਰਜਣ ਦੇ ਮੇਰੇ ਯਤਨ ਉੱਕਾ ਹੀ ਸਫਲ ਨਹੀਂ ਹੋਏ। ਇਸੇ ਕਰ ਕੇ ਮੇਰੀ ਖ਼ੁਸ਼ੀ ਵਿਚ ਉਦਾਸੀ ਰਲ਼ੀ ਹੋਈ ਹੈ।”
ਜਨਵਰੀ 2018 ਦੇ ਜੈਪੁਰ ਪੁਸਤਕ ਮੇਲੇ ਨੂੰ ਪੌਣੇ ਤਿੰਨ ਸਾਲ ਹੋ ਗਏ ਹਨ। ਉਹਦੀਆਂ 14 ਪੁਸਤਕਾਂ ਅੰਗਰੇਜ਼ੀ ਵਿਚ ਛਾਪਣ ਦਾ ਇਕਰਾਰ ਸਹੀਬੰਦ ਕਰਨ ਵਾਲ਼ੇ ਵੈਸਟਲੈਂਡ ਪਬਲੀਕੇਸ਼ਨਜ਼ ਨੇ ਪਤਾ ਨਹੀਂ ਉਹਨੂੰ ਕਿੰਨੀ-ਕਿੰਨੀ ਰਕਮ ਕਦੋਂ-ਕਦੋਂ ਦੇਣੀ ਹੈ, ਪਰ ਅੱਜ ਦਾ ਸੱਚ ਇਹ ਹੈ ਕਿ ਇਸ ਇਕਰਾਰ ਨੇ ਅਜੇ ਤੱਕ ਤਾਂ ਉਹਦੀ ਜੇਬ ਤੇ ਕਿਸਮਤ ਨੂੰ ਕੋਈ ਫ਼ਰਕ ਪਾਇਆ ਨਹੀਂ। ਉਹ ਇਕ ਸਰਕਾਰੀ ਸਕੂਲ ਵਿਚ ਲਾਂਗਰੀ ਦਾ ਲਾਂਗਰੀ ਹੀ ਰਿਹਾ। ਉਹਨੇ ਉਮਰ ਤੇ ਸਿਹਤ ਦਾ ਵਾਸਤਾ ਪਾ ਕੇ ਹਰ ਸਰਕਾਰ ਨੂੰ ਅਨੇਕ ਅਰਜ਼ੀਆਂ ਭੇਜੀਆਂ ਕਿ ਉਹਨੂੰ ਕਿਸੇ ਨਰਮ ਕੰਮ ਵੱਲ ਬਦਲ ਦਿੱਤਾ ਜਾਵੇ। ਰਾਜ ਸਰਕਾਰ ਦੇ ਸਕੱਤਰੇਤ ਦੇ ਚੱਕਰ ਵੀ ਬਥੇਰੇ ਕੱਟੇ। 2014 ਵਿਚ ਦੋਵੇਂ ਗੋਡੇ ਬਦਲਵਾਉਣ ਪਿੱਛੋਂ ਉਹਨੂੰ ਦਿਨ ਵਿਚ ਦੋ ਵਾਰ 150 ਬੱਚਿਆਂ ਲਈ ਖਾਣਾ ਬਣਾਉਣ ਵਾਸਤੇ ਖੜ੍ਹੇ ਰਹਿਣਾ ਬਹੁਤ ਭਾਰੀ ਹੋ ਗਿਆ ਸੀ।
ਆਖ਼ਰ ਹੁਣ ਕਿਸੇ ਨੇ ਮਮਤਾ ਬੈਨਰਜੀ ਨੂੰ ਉਸ ਬਾਰੇ ਦੱਸ ਦਿੱਤਾ। ਉਹ ਕਹਿੰਦਾ ਹੈ, “ਮੈਨੂੰ ਮਮਤਾ ਦੀ ਨਰਮ-ਦਿਲੀ ਵਿਚ ਸਦਾ ਹੀ ਭਰੋਸਾ ਸੀ। ਬੱਸ ਇਕ ਵਾਰ ਕੋਈ ੳਹੁਨੂੰ ਦੱਸ ਦੇਵੇ ਸਹੀ, ਮੇਰੀ ਸਮੱਸਿਆਂ ਤੁਰਤ ਹੱਲ ਹੋ ਜਾਵੇਗੀ! ਜੇ ਉਹਨੂੰ ਮੇਰੇ ਸੰਘਰਸ਼ ਦਾ ਪਤਾ ਲੱਗ ਜਾਵੇ ਕਿ ਮੈਂ ਉਸ ਥਾਂ ਪਹੁੰਚਣ ਲਈ ਕਿੰਨੀ ਜਾਨ ਲੜਾਈ ਹੈ ਜਿਥੇ ਹੁਣ ਮੈਨੂੰ ਸਾਰਾ ਦੇਸ ਜਾਣਦਾ ਹੈ, ਉਹ ਜ਼ਰੂਰ ਮੇਰੀ ਮਦਦ ਕਰੇਗੀ।” 26 ਅਗਸਤ 2020 ਨੂੰ ਪੱਛਮੀ ਬੰਗਾਲ ਦੇ ਗ੍ਰਹਿ ਸਕੱਤਰ ਅਲਪਨ ਬੰਦੋਪਾਧਿਆਇ ਨੇ ਫੋਨ ਕਰ ਕੇ ਜਾਣਕਾਰੀ ਦਿੱਤੀ ਕਿ ਉਹਨੂੰ ਜ਼ਿਲਾ ਲਾਇਬਰੇਰੀ ਵਿਚ ਬਦਲਿਆ ਜਾ ਰਿਹਾ ਹੈ। ਉਹ ਖ਼ੁਸ਼ ਹੈ, ਆਖ਼ਰ ਉਹਨੂੰ ਪੁਸਤਕਾਂ ਨਾਲ ਸੰਬੰਧਿਤ ਕੰਮ ਮਿਲੇਗਾ, “ਉਮਰ ਭਰ ਦੀ ਜੱਦੋਜਹਿਦ ਮਗਰੋਂ ਸ਼ਾਇਦ ਚੰਗੇ ਦਿਨ ਆ ਹੀ ਜਾਣ!” ਉਹਨੇ ਸਵੈਜੀਵਨੀ ‘ਅੰਧਕਾਰ ਅਤੀਤ, ਅਜਾਨਾ ਭਵਿੱਸ਼ਿਅਤ’ ਸੰਪੂਰਨ ਕਰ ਲਈ ਹੈ।

ਮਹਾਂਸਵੇਤਾ ਦੇਵੀ ਦਾ ਨਾਰੀਵਾਦ
ਸਾਹਿਤਕਾਰਾਂ ਵਾਂਗ ਸਮਾਜਕ ਸੰਗਰਾਮੀਆਂ ਲਈ ਵੀ ਉਹ ਵੱਡੀ ਪ੍ਰੇਰਕ ਸ਼ਕਤੀ ਰਹੀ। 1960ਵਿਆਂ ਦੀ ਨਕਸਲਬਾੜੀ ਲਹਿਰ ਦੀ ਇਕ ਵੱਡੀ ਆਗੂ ਸ਼ਾਂਤੀ ਮੁੰਡਾ, ਜੋ ਹੁਣ 75 ਸਾਲ ਦੀ ਹੈ, ਕਹਿੰਦੀ ਹੈ, “ਜਦੋਂ ਮੈਂ ਨਕਸਲਬਾੜੀ ਲਹਿਰ ਵਿਚ ਕੁੱਦਣ ਦਾ ਫ਼ੈਸਲਾ ਕੀਤਾ, ਮੈਂ ਤਾਂ ਅਨਪੜ੍ਹ ਔਰਤ ਸੀ। ਤਾਂ ਵੀ ਮੈਂ ਜਾਣਦੀ ਸੀ ਕਿ ਮਹਾਂਸਵੇਤਾ ਦੇਵੀ ਨੇ ਅਨੇਕ ਲੋਕਾਂ ਨੂੰ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਲੜਨ ਲਈ ਪ੍ਰੇਰਿਆ।”
ਮਹਾਂਸਵੇਤਾ ਦੇਵੀ ਦਾ ਇਹੋ ਪ੍ਰੇਰਕ ਰੂਪ ਸੀ ਜਿਸ ਸਦਕਾ ਸੈਂਕੜੇ ਕੋਹ ਦੂਰ ਰਹਿੰਦੇ ਆਦਿਵਾਸੀਆਂ ਵਾਸਤੇ ਉਹ ਸਤਿਕਾਰ ਦੀ ਪਾਤਰ ਹੀ ਨਾ ਬਣੀ ਸਗੋਂ ਮਾਂ ਬਣ ਗਈ। ਆਪਣੀ ਰਖਵਾਲੀ ਦੇ ਰੂਪ ਵਿਚ ਉਹ ਉਹਦੀ ਪੂਜਾ ਕਰਨ ਲੱਗੇ।
ਕਿਸੇ ਸਰਕਾਰੀ ਕਦਮ ਦੇ ਗੁਣ-ਔਗੁਣ ਨੂੰ ਪਰਖਣ ਦੀ ਮਹਾਂਸਵੇਤਾ ਦੇਵੀ ਦੀ ਇਕੋ-ਇਕ ਕਸਵੱਟੀ ਉਸ ਦਾ ਦੱਬੇ-ਕੁਚਲਿਆਂ ਦੇ ਜੀਵਨ ਉੱਤੇ ਪੈਣ ਵਾਲ਼ਾ ਪ੍ਰਭਾਵ ਸੀ। ਇਸ ਕਸਵੱਟੀ ਅਨੁਸਾਰ ਉਹ ‘ਆਪਣਿਆਂ’ ਨਾਲ ਟਕਰਾਉਣੋਂ ਵੀ ਝਿਜਕਦੀ ਨਹੀਂ ਸੀ। ਜਦੋਂ ਸੀ. ਪੀ. ਐਮ. ਦੀ ਸਰਕਾਰ ਨੇ ਸਨਅਤ ਲਾਉਣ ਲਈ ਕਿਸਾਨਾਂ ਦੀ ਉਪਜਾਊ ਜ਼ਮੀਨ ਲੈਣੀ ਸ਼ੁਰੂ ਕੀਤੀ, ਉਹਨੇ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ।
2011 ਦੀਆਂ ਅਸੈਂਬਲੀ ਚੋਣਾਂ ਵਿਚ ਉਹਨੇ ਮਮਤਾ ਬੈਨਰਜੀ ਦੇ ‘ਪੋਰੀਬਰਤਨ’ ਦੇ ਨਾਅਰੇ ਅਤੇ ਇਕਰਾਰ ਉੱਤੇ ਭਰੋਸਾ ਕਰਦਿਆਂ ਉਹਦੀ ਹਮਾਇਤ ਕੀਤੀ ਜਿਸ ਦੇ ਨਤੀਜੇ ਵਜੋਂ ਵੱਡੀ ਗਿਣਤੀ ਵਿਚ ਬੁੱਧੀਮਾਨ, ਕਲਾਕਾਰ, ਲੇਖਕ, ਥੀਏਟਰ-ਕਾਮੇ, ਆਦਿ ਉਸ ਪਿੱਛੇ ਲਾਮਬੰਦ ਹੋ ਗਏ। ਮੁੱਖ ਮੰਤਰੀ ਬਣ ਕੇ ਜਦੋਂ ਮਮਤਾ ਬੈਨਰਜੀ ਨੇ “ਸਿਵਲ ਸੁਸਾਇਟੀ ਵਲੋਂ ਕੀਤੀ ਜਾਂਦੀ ਆਲੋਚਨਾ ਪ੍ਰਤੀ ਅਸਣਿਸ਼ੀਲਤਾ” ਦਿਖਾਈ, ਉਹ ਉਹਦੀ ਆਲੋਚਨਾ ਕਰਨ ਤੋਂ ਵੀ ਨਾ ਝਿਜਕੀ।
ਮਹਾਂਸਵੇਤਾ ਦੇਵੀ ਨੂੰ ਵਾਧੂ ਜਾਂ ਮੂਰਖਾਨਾ ਗੱਲਾਂ ਬਿਲਕੁਲ ਪਸੰਦ ਨਹੀਂ ਸਨ। 2010 ਵਿਚ ਜਦੋਂ ਇਕ ਪ੍ਰਸਿੱਧ ਅੰਗਰੇਜ਼ੀ ਅਖ਼ਬਾਰ ਦੇ ਪੱਤਰਕਾਰ ਨੇ ਉਸ ਨਾਲ ਇੰਟਰਵਿਊ ਕੀਤੀ, ਉਹਨੇ ਸ਼ੁਰੂ ਵਿਚ ਹੀ ਤਾੜਨਾ ਕਰ ਦੇਣੀ ਠੀਕ ਸਮਝੀ, “ਬੋਕਾ ਪ੍ਰਸ਼ਨੋ ਕੋਰਬੇ ਨਾ”, ਭਾਵ ਕੋਈ ਮੂਰਖਾਨਾ ਸਵਾਲ ਨਾ ਕਰੀਂ। ਇੰਟਰਵਿਊ ਵਿਚ ਪੱਤਰਕਾਰ ਪੁੱਛ ਬੈਠਾ, “ਤੁਸੀਂ ਸਮਾਜਕ ਜੱਦੋਜਹਿਦ ਨੂੰ ਆਪਣੀ ਰਚਨਾ ਤੋਂ ਦੂਰ ਕਿਵੇਂ ਰੱਖ ਲੈਂਦੇ ਹੋ?” ਉਹਦੇ ਲਈ ਤਾਂ ਰਚਨਾ-ਕਾਰਜ ਤੇ ਸਮਾਜਕ ਜੱਦੋਜਹਿਦ ਇਕੋ ਉਦੇਸ਼ ਦੇ ਦੋ ਨਾਂ ਸਨ। ਉਹ ਝੱਟ ਗੁੱਸੇ ਹੋ ਕੇ ਬੋਲੀ, “ਬੋਕਾ ਪ੍ਰਸ਼ਨੋ ਕੋਰਬੇ ਨਾ!”
ਉਹ ਸਾਰੀ ਉਮਰ ਔਰਤਾਂ ਦੇ ਅਧਿਕਾਰਾਂ ਲਈ ਲੜਦੀ ਰਹੀ ਪਰ ਇਹ ਤੱਥ ਦਿਲਚਸਪ ਵੀ ਹੈ ਤੇ ਅਹਿਮ ਵੀ ਕਿ ਬਹੁਤ ਸਾਰੀਆਂ ਔਰਤਾਂ ਵਾਂਗ ਉਹਦਾ ਨਾਰੀਵਾਦ ਅੰਨ੍ਹੇ ਪੁਰਸ਼-ਵਿਰੋਧ ਉੱਤੇ ਟਿਕਿਆ ਹੋਇਆ ਨਹੀਂ ਸੀ। ਉਹਨੂੰ ਆਪਣੇ ਪੁਰਸ਼ ਰਿਸ਼ਤਿਆਂ ਉੱਤੇ ਮਾਣ ਸੀ ਅਤੇ ਉਹ ਉਨ੍ਹਾਂ ਨੂੰ ਆਪਣੀ ਵੱਡੀ ਟੇਕ ਮੰਨਣ ਤੋਂ ਸੰਕੋਚ ਨਹੀਂ ਸੀ ਕਰਦੀ। ਉਸੇ ਇੰਟਰਵਿਊ ਸਮੇਂ ਪੱਤਰਕਾਰ ਪੁੱਛ ਬੈਠਾ, “ਮਨ ਆਈ ਗੱਲ ਕਹਿੰਦਿਆਂ ਤੁਹਾਨੂੰ ਕਿਸੇ ਜਵਾਬੀ ਕਾਰਵਾਈ ਤੋਂ ਡਰ ਨਹੀਂ ਲਗਦਾ?”
ਉਹ ਬੇਝਿਜਕ ਬੋਲੀ, “ਅਮੀ ਰਿਤਵਿਕ ਘੋਟੋਕੇਰ ਭਗਨੀ, ਬਿਜਨ ਭੱਟਾਚਾਰੀਆਰ ਓਰਧਾਂਗਿਨੀ, ਅਮਾਰ ਕਿਸੇਰ ਭੋਇ? ਅਮਰਾ ਭੋਇ ਬੋਲੇ ਕਿਛੂ ਜਾਨੀ ਨਾ।” (ਮੈਂ ਰਿਤਵਿਕ ਘਟਕ ਦੀ ਭਤੀਜੀ, ਮੈਂ ਬਿਜਨ ਭੱਟਾਚਾਰੀਆ ਦੀ ਅਰਧਾਂਗਨੀ, ਮੈਨੂੰ ਕੀਹਦਾ ਭੈ? ਭੈ ਕਿਸ ਨੂੰ ਆਖਦੇ ਨੇ, ਮੈਂ ਕੁਝ ਨਹੀਂ ਜਾਣਦੀ।)
ਉਹਦੀਆਂ ਰਚਨਾਵਾਂ ਵਿਚੋਂ ਸਭ ਤੋਂ ਬਹੁਤੀ ਪ੍ਰਸਿੱਧੀ 1974 ਵਿਚ ਛਪੇ ਨਾਵਲ ‘ਹਜਾਰ ਚੌਰਾਸ਼ੀਰ ਮਾਂ’ ਨੂੰ ਮਿਲੀ। 1998 ਵਿਚ ਇਹਨੂੰ ਫ਼ਿਲਮ ਦਾ ਰੂਪ ਵੀ ਦਿੱਤਾ ਗਿਆ। ਏਨਾ ਹੀ ਪ੍ਰਸਿੱਧ ਉਹਦਾ ਬਿਰਸਾ ਮੁੰਡਾ ਬਾਰੇ ਨਾਵਲ ‘ਅਰਨਿਯੇਰ ਅਧੀਕਾਰ’ ਹੋਇਆ। ‘ਸੰਘਰਸ਼’ (1968) ਤੇ ‘ਰੁਦਾਲੀ’ (1993) ਉਹਦੀਆਂ ਰਚਨਾਵਾਂ ਉੱਤੇ ਆਧਾਰਿਤ ਹੋਰ ਹਿੰਦੀ ਫ਼ਿਲਮਾਂ ਹਨ। ਮਰਾਠੀ ਫ਼ਿਲਮ ‘ਮਾਟੀ ਮਾਈ’ (2006) ਅਤੇ ਬੰਗਾਲੀ ਫ਼ਿਲਮ ‘ਉਲਾਸ’ (2012) ਦਾ ਆਧਾਰ ਵੀ ਉਹਦੀਆਂ ਕਥਾਵਾਂ ਹੀ ਹਨ। ਉਹਦੀ ਇਕ ਕਹਾਣੀ ਨੂੰ ਲੈ ਕੇ ਇਟਲੀ ਦੀ ਫ਼ਿਲਮ ‘ਗਨਗੋਰ’ ਬਣੀ।
ਅਨੇਕ ਸੰਸਥਾਵਾਂ ਨੇ ਉਹਨੂੰ ਸਨਮਾਨਿਤ ਕਰ ਕੇ ਆਪਣੇ ਆਪ ਨੂੰ ਸਨਮਾਨਿਆ। ਪੱਛਮੀ ਬੰਗਾਲ ਦੀ ਸਰਕਾਰ ਨੇ 2011 ਵਿਚ ਉਹਨੂੰ ਪ੍ਰਮੁੱਖ ਸਨਮਾਨ ‘ਬੰਗ ਬਿਭੂਸ਼ਨ’ ਭੇਟ ਕੀਤਾ। ਭਾਰਤ ਸਰਕਾਰ ਨੇ 1986 ਵਿਚ ‘ਪਦਮ ਸ਼੍ਰੀ’ ਤੇ 2006 ਵਿਚ ‘ਪਦਮ ਵਿਭੂਸ਼ਨ’ ਭੇਟ ਕੀਤੇ। 1979 ਵਿਚ ਉਹਨੂੰ ਸਾਹਿਤ ਅਕਾਦਮੀ ਪੁਸਕਾਰ, 1996 ਵਿਚ ਗਿਆਨਪੀਠ ਪੁਰਸਕਾਰ, 1997 ਵਿਚ ‘ਰੈਮਨ ਮੈਗਸੇਸੇ ਸਨਮਾਨ’ ਅਤੇ 2007 ਵਿਚ ‘ਸਾਰਕ ਸਾਹਿਤ ਸਨਮਾਨ’ ਪਰਾਪਤ ਹੋਏ। 2009 ਵਿਚ ਉਹਨੂੰ ‘ਮੈਨ ਬੁੱਕਰ ਇੰਟਰਨੈਸ਼ਨਲ ਪ੍ਰਾਈਜ਼’ ਲਈ ਵੀ ਨਾਮਜ਼ਦ ਕੀਤਾ ਗਿਆ। ਪਰ ਉਹਦੇ ਸਾਹਿਤਕ ਅਤੇ ਸਮਾਜਕ ਕਾਰਜ ਦਾ ਸਭ ਤੋਂ ਵੱਡਾ ਸਨਮਾਨ ਪਾਠਕਾਂ ਅਤੇ ਸਾਧਾਰਨ ਲੋਕਾਂ ਦਾ ਉਹਨੂੰ ਮਿਲਿਆ ਬੇਹੱਦ ਪਿਆਰ-ਸਤਿਕਾਰ ਸੀ ਜਿਸ ਨੂੰ ਉਹਦੇ ਦਿਹਾਂਤ ਮਗਰੋਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ, ਮਮਤਾ ਬੈਨਰਜੀ ਨੇ ਥੋੜ੍ਹੇ ਜਿਹੇ ਸ਼ਬਦਾਂ ਵਿਚ ਬੜੀ ਖ਼ੂਬਸੂਰਤੀ ਨਾਲ ਪ੍ਰਗਟਾਇਆ। ਮਹਾਂਸਵੇਤਾ ਦੇਵੀ ਦਾ ਨਿਓਟਿਆਂ ਦੀ ਓਟ ਤੇ ਨਿਆਸਰਿਆਂ ਦਾ ਆਸਰਾ ਬਣ ਕੇ ਧੜਕਦਾ ਰਿਹਾ ਦਿਲ ਜਦੋਂ 90 ਸਾਲ ਦੀ ਉਮਰ ਵਿਚ 28 ਜੁਲਾਈ 2016 ਨੂੰ ਸ਼ਾਂਤ ਹੋਇਆ, ਮਮਤਾ ਨੇ ਕਿਹਾ, “ਭਾਰਤ ਇਕ ਮਹਾਨ ਲੇਖਿਕਾ ਤੋਂ ਵਿਰਵਾ ਹੋ ਗਿਆ ਹੈ, ਬੰਗਾਲ ਇਕ ਸ਼ਾਨਾਂ-ਮੱਤੀ ਮਾਂ ਤੋਂ ਵਿਰਵਾ ਹੋ ਗਿਆ ਹੈ, ਮੈਂ ਨਿੱਜੀ ਰਾਹਨੁਮਾ ਤੋਂ ਵਿਰਵੀ ਹੋ ਗਈ ਹਾਂ!”