ਸੰਜੀਦਾ ਅਭਿਨੇਤਰੀ ਸਮਿਤਾ ਪਾਟਿਲ

ਸੁਖਮਿੰਦਰ ਸੇਖੋਂ
ਫੋਨ: +91-98145-07693
ਉੱਘੀ ਅਭਿਨੇਤਰੀ ਸਮਿਤਾ ਪਾਟਿਲ ਦਾ ਜਨਮ 17 ਅਕਤੂਬਰ 1955 ਨੂੰ ਮਹਾਰਾਸ਼ਟਰ ਦੇ ਮਰਾਠੀ ਪਰਿਵਾਰ ਵਿਚ ਹੋਇਆ ਸੀ। ਉਸ ਦੇ ਪਿਤਾ ਰਾਜਨੀਤੀ ਵਿਚ ਮੋਹਰੀ ਭੂਮਿਕਾ ਵਿਚ ਸਨ ਜੋ ਮੰਤਰੀ ਵੀ ਰਹੇ। ਬਚਪਨ ਵਿਚ ਹੀ ਉਹ ਪੜ੍ਹਾਈ ਲਿਖਾਈ ਵਿਚ ਚੰਗੀ ਹੋਣ ਤੋਂ ਇਲਾਵਾ ਚੁਸਤ ਦਰੁਸਤ ਵੀ ਪੂਰੀ ਸੀ।

ਮੁੰਡਿਆਂ ਵਾਂਗ ਪੈਂਟ-ਕਮੀਜ਼ ਪਹਿਨਣੀ ਉਸ ਨੂੰ ਭਾਉਂਦੀ ਸੀ। ਪਹਿਲਾਂ ਉਹ ਦੂਰਦਰਸ਼ਨ `ਤੇ ਅਨਾਊਂਸਰ ਵਜੋਂ ਵੀ ਕੰਮ ਕਰਦੀ ਰਹੀ। ਉੱਚ ਖਾਨਦਾਨ ਦੀ ਧੀ ਹੋਣ ਕਰ ਕੇ ਸ਼ਾਇਦ ਫਿਲਮਾਂ ਵਿਚ ਜਾਣ ਦਾ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਪਰ ਫਿਲਮੀ ਦੁਨੀਆ ਨੇ ਅਛੋਪਲੇ ਜਿਹੇ ਉਸ ਨੂੰ ਆਪਣੇ ਕਲਾਵੇ ਵਿਚ ਭਰ ਲਿਆ। 1974 ਤੋਂ ਉਸ ਦਾ ਫਿਲਮਾਂ ਵਿਚ ਪ੍ਰਵੇਸ਼ ਹੋ ਗਿਆ। ਉਸ ਦੀਆਂ ਸ਼ੁਰੂਆਤੀ ਫਿਲਮਾਂ ਵਿਚ ‘ਮੇਰੇ ਸਾਥ ਚੱਲ`, ‘ਗਮਨ`, ‘ਮੰਥਨ` ਆਦਿ ਸ਼ਾਮਲ ਹਨ।
ਆਪਣੇ ਫਿਲਮੀ ਸਫ਼ਰ ਦੇ ਸ਼ੁਰੂ ਵਿਚ ਹੀ ਉਸ ਨੇ ਦਰਸਾ ਦਿੱਤਾ ਕਿ ਉਹ ਵਧੀਆ ਅਦਾਕਾਰਾ ਹੈ ਜਿਸ ਨੂੰ ਹਰ ਭੂਮਿਕਾ ਵਿਚ ਦਰਸ਼ਕ ਪਸੰਦ ਕਰਦੇ ਹਨ। ‘ਭੂਮਿਕਾ` ਤੇ ‘ਮੰਡੀ` ਫਿਲਮਾਂ ਉਸ ਦੀ ਬਿਹਤਰੀਨ ਅਦਾਕਾਰੀ ਦਾ ਪ੍ਰਮਾਣ ਹਨ। ਫਿਰ ਤਾਂ ਉਸ ਦੀਆਂ ਆਰਟ ਫਿਲਮਾਂ ਦੀ ਝੜੀ ਹੀ ਲੱਗ ਗਈ। ‘ਬਾਜ਼ਾਰ` (82) ਤੇ ‘ਸਪਰਸ਼` (84) ਵਰਗੀਆਂ ਕਿੰਨੀਆਂ ਹੀ ਕਲਾ ਫਿਲਮਾਂ ਕਰਨ ਤੋਂ ਬਾਅਦ ਉਸ ਦਾ ਵਪਾਰਕ ਫਿਲਮਾਂ ਨੇ ਵੀ ਢੁੱਕਵਾਂ ਸਵਾਗਤ ਕੀਤਾ। ਯਸ਼ ਰਾਜ ਚੋਪੜਾ ਦੀ ‘ਸ਼ਕਤੀ` ਅਤੇ ਪ੍ਰਕਾਸ਼ ਮਹਿਰਾ ਦੀ ‘ਨਮਕ ਹਲਾਲ` ਵਿਚ ਉਸ ਨੇ ਕ੍ਰਮਵਾਰ ਸੁਨੀਲ ਦੱਤ ਅਤੇ ਅਮਿਤਾਭ ਬੱਚਨ ਨਾਲ ਅਦਾਕਾਰੀ ਕੀਤੀ। ਰਾਜ ਕੁਮਾਰ ਕੋਹਲੀ ਦੀ ਫਿਲਮ ‘ਬਦਲੇ ਕੀ ਆਗ` ਵਿਚ ਡਾਕੂ ਦੇ ਕਿਰਦਾਰ ਵਿਚ ਧਰਮਿੰਦਰ ਨਾਲ ਬੇਸ਼ੱਕ ਰੀਨਾ ਰਾਏ ਵੀ ਸੀ ਪਰ ਅਦਾਕਾਰੀ ਦੇ ਸਨਮੁੱਖ ਉਸ ਨੇ ਆਪਣੀ ਸ਼ੈਲੀ ਵਿਚ ਆਪਣੇ ਕਿਰਦਾਰ ਨੂੰ ਇਸ ਕਦਰ ਜਾਨਦਾਰ ਬਣਾ ਦਿੱਤਾ ਕਿ ਧਰਮ ਜਾਂ ਰੀਨਾ ਤੋਂ ਵਧੇਰੇ ਤਾੜੀਆਂ ਉਸ ਦੀ ਝੋਲੀ ਵਿਚ ਪਈਆਂ।
ਸਤਿਆਜੀਤ ਰੇਅ ਦੀ ਫਿਲਮ ‘ਸਦਗਤੀ` ਵਿਚ ਉਸ ਨੇ ਪੱਛੜੇ ਵਰਗ ਦੀ ਔਰਤ ਦੇ ਕਿਰਦਾਰ ਨੂੰ ਜਿਸ ਖੂਬੀ ਨਾਲ ਅੰਜਾਮ ਦਿੱਤਾ, ਉਹ ਅੱਜ ਵੀ ਦਰਸ਼ਕਾਂ ਦੇ ਚੇਤਿਆਂ ਵਿਚ ਵਸਿਆ ਹੋਵੇਗਾ। ਸਮਿਤਾ ਨੇ ਕੇਵਲ ਗਰੀਬੀ ਜਾਂ ਪੱਛੜੀਆਂ ਇਸਤਰੀਆਂ ਦੇ ਕਿਰਦਾਰਾਂ ਨੂੰ ਹੀ ਫਿਲਮਾਂ ਵਿਚ ਨਹੀਂ ਜੀਵਿਆ ਬਲਕਿ ਮੱਧ ਵਰਗ ਦੀਆਂ ਔਰਤਾਂ ਦੇ ਕਿਰਦਾਰਾਂ ਨੂੰ ਵੀ ਉਸੇ ਖੂਬੀ ਨਾਲ ਨਿਭਾਇਆ ਜਿਸ ਦੀ ਮਿਸਾਲ ਹਨ ‘ਆਖਿਰ ਕਿਉਂ`, ‘ਗੁਲਾਮੀ`, ‘ਕਿਆਮਤ`, ‘ਆਪ ਕੇ ਸਾਥ` ਆਦਿ। ਸਾਂਵਲੇ ਰੰਗ ਦੀ ਤਿੱਖੇ ਨੈਣ-ਨਕਸ਼ਾਂ ਵਾਲੀ ਇਸ ਅਦਾਕਾਰਾ ਨੂੰ ਮਰਹੂਮ ਹੀਰੋ ਵਿਨੋਦ ਖੰਨਾ ਦੂਸਰੀਆਂ ਹੀਰੋਇਨਾਂ ਦੀ ਨਿਸਬਤ ਵਧੇਰੇ ਆਕਰਸ਼ਕ ਮੰਨਦਾ ਸੀ। ਦਰਅਸਲ, ਸਮਿਤਾ ਨੂੰ ਉਸ ਦਾ ਸਾਂਵਲਾ ਰੰਗ ਅਤੇ ਬੋਲਦੀਆਂ ਅੱਖਾਂ ਹੀ ਫਿਲਮਾਂ ਵਿਚ ਸ਼ਕਤੀਸ਼ਾਲੀ ਅਦਾਕਾਰਾ ਵਜੋਂ ਮਦਦ ਕਰਨ ਵਿਚ ਬਹੁਤ ਸਹਾਈ ਹੋਈਆਂ।
ਆਪਣੀ ਨਿੱਕੀ ਉਮਰ ਵਿਚ ਹੀ ਫਿਲਮਾਂ ਵਿਚ ਦਮਦਾਰ ਭੂਮਿਕਾਵਾਂ ਨਿਭਾ ਕੇ ਸਮਿਤਾ ਨੇ ਸਾਬਤ ਕਰ ਦਿੱਤਾ ਸੀ ਕਿ ਜ਼ਰੂਰੀ ਨਹੀਂ ਕਿ ਕੋਈ ਬਹੁਤ ਗੋਰਾ ਜਾਂ ਖੂਬਸੂਰਤ ਹੋਵੇ, ਅਸਲ ਗੱਲ ਤਾਂ ਯੋਗਤਾ ਜਾਂ ਪ੍ਰਤਿਭਾ `ਤੇ ਆ ਕੇ ਹੀ ਖੜ੍ਹਦੀ ਹੈ। ਉਸ ਨੂੰ ਫਿਲਮਾਂ ਲਈ ਕੁਝ ਵੱਕਾਰੀ ਸਨਮਾਨ ਵੀ ਹਾਸਲ ਹੋਏ ਜਿਸ ਦੀ ਉਹ ਹੱਕਦਾਰ ਵੀ ਸੀ। ਪਹਿਲਾਂ ਤੋਂ ਹੀ ਵਿਆਹੇ ਹੋਏ ਹੀਰੋ ਐਕਟਰ ਰਾਜ ਬੱਬਰ ਨਾਲ ਉਸ ਨੇ ਘਰਦਿਆਂ ਦੇ ਵਿਰੋਧ ਦੇ ਬਾਵਜੂਦ ਪ੍ਰੇਮ ਵਿਆਹ ਰਚਾ ਲਿਆ। ਉਨ੍ਹਾਂ ਦੇ ਘਰ ਬੇਟੇ ਪ੍ਰਤੀਕ ਨੇ ਜਨਮ ਲਿਆ ਜਿਸ ਨੇ ਵੱਡਾ ਹੋਣ `ਤੇ ਕੁਝ ਫਿਲਮਾਂ ਵਿਚ ਅਦਾਕਾਰੀ ਵੀ ਕੀਤੀ। ਰਾਜ ਬੱਬਰ ਨਾਲ ਹੋਰਨਾਂ ਫਿਲਮਾਂ ਤੋਂ ਇਲਾਵਾ ਫਿਲਮ ‘ਵਾਰਿਸ` ਵਿਚ ਉਸ ਦੀ ਅਦਾਕਾਰੀ ਦੇਖਣਯੋਗ ਸੀ ਖਾਸਕਰ ਖ਼ਲਨਾਇਕ ਅਮਰੀਸ਼ ਪੁਰੀ ਦੀ ਬਰਾਬਰੀ ਕਰ ਕੇ ਡਾਇਲਾਗ ਬੋਲਣਾ ਅਤੇ ਨਾ ਥਿੜਕਣਾ ਉਸ ਦੀ ਮਜ਼ਬੂਤ ਅਦਾਕਾਰੀ ਦਾ ਹੀ ਸਿੱਟਾ ਸੀ।
ਮੋਹਨ ਕੁਮਾਰ ਦੀ ‘ਅੰਮ੍ਰਿਤ` ਵਿਚ ਰਾਜੇਸ਼ ਖੰਨਾ ਦੀ ਪਤਨੀ ਦੇ ਰੂਪ ਵਿਚ ਉਸ ਨੇ ਆਪਣੇ ਕਿਰਦਾਰ ਨਾਲ ਪੂਰਾ ਨਿਆਂ ਕੀਤਾ। ਉਸ ਨੇ ਦਰਸ਼ਕਾਂ ਨੂੰ ਰੁਆਇਆ ਵੀ ਕਿ ਦੱਬੀ-ਕੁਚਲੀ ਤੇ ਡਰੀ-ਸਹਿਮੀ ਔਰਤ ਨੂੰ ਆਪਣੇ ਬਚਾਓ ਲਈ ਅੰਦਰੋਂ ਕਿੰਜ ਸ਼ਕਤੀ ਮਿਲਦੀ ਹੈ, ਉਹ ਸਾਰਾ ਕੁਝ ਫਿਲਮ ‘ਮਿਰਚ ਮਸਾਲਾ` ਵਿਚ ਸਾਹਮਣੇ ਆਉਂਦਾ ਹੈ। ਉਸ ਨੇ ‘ਤਰੰਗ`, ‘ਆਜ ਕੀ ਆਵਾਜ਼`, ‘ਭੀਗੀ ਪਲਕੇਂ` ਅਤੇ ‘ਨਜ਼ਰਾਨਾ` ਵਿਚ ਵੀ ਆਪਣੀ ਭਰਵੀ ਹਾਜ਼ਰੀ ਲਵਾਈ ਪਰ ਆਪਣੇ ਕਰੀਅਰ ਦੇ ਆਰੰਭ ਵਿਚ ਫਿਲਮ ‘ਚਰਨਦਾਸ ਚੋਰ` ਵਿਚ ਹੀ ਉਸ ਨੇ ਆਪਣੀ ਅਦਾਕਾਰੀ ਨਾਲ ਆਪਣੀ ਪਛਾਣ ਬਣਾ ਲਈ ਸੀ। ਉਸ ਦੀਆਂ ਹੋਰ ਫਿਲਮਾਂ ਵੀ ਯਾਦ ਰੱਖਣਯੋਗ ਹਨ ਜਿਨ੍ਹਾਂ ਵਿਚ ਉਸ ਨੇ ਆਪਣੀ ਵਿਲੱਖਣ ਅਤੇ ਗੰਭੀਰ ਅਦਾਕਾਰੀ ਨਾਲ ਦਰਸ਼ਕਾਂ ਤੇ ਆਲੋਚਕਾਂ ਦੋਹਾਂ ਦਾ ਹੀ ਦਿਲ ਜਿੱਤਿਆ, ਜਿਵੇਂ ਕਿ ‘ਆਕ੍ਰੋਸ਼`, ‘ਨਿਸ਼ਾਂਤ`, ‘ਅਰਧ ਸੱਤਿਆ` ਅਤੇ ‘ਅਰਥ`। ਮਹੇਸ਼ ਭੱਟ ਦੀ ‘ਅਰਥ` ਵਿਚ ਚਾਹੇ ਸ਼ਬਾਨਾ ਆਜ਼ਮੀ ਦੀ ਭੂਮਿਕਾ ਹਾਂ-ਪੱਖੀ ਸੀ ਪਰ ਸਮਿਤਾ ਵੀ ਆਪਣੇ ਕਿਰਦਾਰ ਵਿਚ ਭਰਵੇਂ ਰੂਪ ਵਿਚ ਹਾਜ਼ਰ ਸੀ।
ਸ਼ਿਆਮ ਬੈਨੇਗਲ, ਸਤਿਆਜੀਤ ਰੇਅ ਅਤੇ ਗੋਵਿੰਦ ਨਿਹਲਾਨੀ ਜਿਹੇ ਚਿੰਤਨਸ਼ੀਲ ਨਿਰਦੇਸ਼ਕਾਂ ਦੀਆਂ ਫਿਲਮਾਂ ਵਿਚ ਬਾਖੂਬੀ ਅਦਾਕਾਰੀ ਕਰਨ ਵਾਲੀ ਇਹ ਅਦਾਕਾਰਾ ਲੰਮੀ ਉਮਰ ਭੋਗਣ ਤੋਂ ਵਾਂਝੀ ਹੀ ਰਹੀ ਅਤੇ ਸਿਰਫ਼ 31 ਵਰ੍ਹਿਆਂ ਦੀ ਉਮਰ ਵਿਚ ਹੀ 13 ਦਸੰਬਰ 1986 ਨੂੰ ਆਪਣੇ ਪ੍ਰਸੰਸਕਾ ਕੋਲੋਂ ਵਿਦਾ ਲੈ ਗਈ। ਛੋਟੀ ਉਮਰ ਵਿਚ ਹੀ ਯਾਦਗਾਰੀ ਭੂਮਿਕਾਵਾਂ ਅਤੇ ਮੁੱਲਵਾਨ ਫਿਲਮਾਂ ਕਰ ਕੇ ਅੱਜ ਵੀ ਇਸ ਤਰ੍ਹਾਂ ਜਾਪਦਾ ਹੈ ਜਿਵੇਂ ਉਹ ਸਾਡੇ ਇਰਦ ਗਿਰਦ ਹੀ ਕਿਧਰੇ ਵਿਚਰ ਰਹੀ ਹੋਵੇ।