ਅਮਰਬੀਰ ਸਿੰਘ ਚੀਮਾ
ਫੋਨ: 98889-40211
ਆਰਥਿਕ ਪੱਖੋਂ, ਜਾਤ-ਪਾਤ ਤੇ ਪੜ੍ਹਾਈ-ਲਿਖਾਈ ਦੀ ਸਮਾਨਤਾ ਦੇ ਬਾਵਜੂਦ ਕੁਝ ਅਖੌਤੀ ਰਿਸ਼ਤੇਦਾਰਾਂ, ਮਾਪਿਆਂ ਅਤੇ ਸਮਾਜ ਨੇ ਕੰਵਰ ਤੇ ਪ੍ਰੀਤ ਦੇ ਸੱਚੇ ਤੇ ਰੂਹਾਨੀ ਇਸ਼ਕ ਨੂੰ ਪ੍ਰਵਾਨ ਨਹੀਂ ਕੀਤਾ। ਕਈ ਦਿਨਾਂ ਤੀਕਰ ਕੰਵਰ ਦੇ ਘਰ ਸ਼ੀਤ ਯੁੱਧ ਚੱਲਦਾ ਰਿਹਾ ਪਰ ਉਸ ਦੇ ਘਰਦੇ ਆਪਣੇ ਫੈਸਲੇ ’ਤੇ ਬਜਿੱ਼ਦ ਸਨ।
ਜਬਰੀ ਤੇ ਜਜ਼ਬਾਤੀ ਤਸੀਹਿਆਂ ਨੇ ਕੰਵਰ ਨੂੰ ਮਾਨਸਿਕ ਤੌਰ ’ਤੇ ਝੰਜੋੜ ਕੇ ਰੱਖ ਦਿੱਤਾ। ਲੱਖ-ਕਰੋੜ ਹੀਲੇ ਵਰਤਣ ਦੇ ਬਾਵਜੂਦ ਵੀ ਮੁਹੱਬਤ ਪ੍ਰਵਾਨ ਨਾ ਚੜ੍ਹਦੀ ਦੇਖ ਕੰਵਰ ਨੇ ਆਖਰ ਆਪਣੇ ਦਿਲ ’ਤੇ ਪੱਥਰ ਰੱਖ ਲਿਆ। ਪ੍ਰੀਤ ਨੂੰ ਆਪਣੀ ਜ਼ਿੰਦਗੀ ’ਚੋਂ ਸਦਾ ਲਈ ਦੂਰ ਕਰਨ ਲਈ ਕੰਵਰ ਨੇ ਉਸਨੂੰ ਉਸੇ ਥਾਂ ’ਤੇ ਆਖਰੀ ਵਾਰ ਮਿਲਣ ਲਈ ਬੁਲਾਇਆ, ਜਿੱਥੋਂ ਉਨ੍ਹਾਂ ਦੇ ਪਿਆਰ ਦੀ ਸ਼ੁਰੂਆਤ ਹੋਈ ਸੀ।
ਪਿਛਲੇ 5-6 ਸਾਲਾਂ ਦੌਰਾਨ ਜਦੋਂ ਵੀ ਪ੍ਰੀਤ ਨੂੰ ਮਿਲਣ ਲਈ ਬੁਲਾਇਆ, ਉਹ ਅੱਧੇ ਬੋਲ ’ਤੇ ਭੱਜੀ ਆਉਂਦੀ ਸੀ। ਹਰ ਵਾਰ ਵਾਂਗ ਅੱਜ ਵੀ ਉਹ ਇੱਕ ਫੋਨ ਕਾਲ ’ਤੇ ਸਾਹਮਣਿਓਂ ਮੁਸਕਰਾਹਟਾਂ ਬਖੇਰਦੀ ਹੋਈ ਕੰਵਰ ਵੱਲ ਆ ਰਹੀ ਸੀ। ਉਸਨੇ ਫਿੱਕੇ ਗੁਲਾਬੀ ਰੰਗ ਦੇ ਸੂਟ ਦੇ ਉੱਤੋਂ ਗੂੜ੍ਹੇ ਬ੍ਰਾਊਨ ਰੰਗ ਦੀ ਜੈਕਟ ਪਾਈ ਹੋਈ ਸੀ। ਆਪਣੀ ਆਦਤ ਮੁਤਾਬਕ ਖੱਬੇ ਹੱਥ ਦੀ ਉਂਗਲ ’ਚ ਆਪਣੇ ਸਕੂਟਰ ਦੀ ਚਾਬੀ ਘੁਮਾਉਂਦੀ ਤੇ ਦੂਜੇ ਹੱਥ ਨਾਲ ਮੱਥੇ ’ਤੇ ਡਿੱਗੀਆਂ ਜ਼ੁਲਫਾਂ ਨੂੰ ਸੰਵਾਰਦੀ ਹੋਈ ਨੇ ਕੋਲ ਆਉਂਦਿਆਂ ਹੀ ਮੁੰਡਿਆਂ ਵਾਂਗਰ ਆਪਣੀਆਂ ਅੱਖਾਂ ਦੇ ਭਰਵੱਟੇ ਉਤਾਂਹ ਚੁੱਕ ਕੇ ਕੰਵਰ ਦਾ ਹਾਲ-ਚਾਲ ਪੁੱਛਿਆ ਸੀ। ਅੱਗੋਂ ਉਖੜੇ ਜਿਹੇ ਕੰਵਰ ਨੇ ਰਸਮੀ ਜਿਹਾ ਜਵਾਬ ਦਿੱਤਾ ਸੀ। ਚਹਿਕਦੀ ਹੋਈ ਪ੍ਰੀਤ ਕਹਿੰਦੀ, ‘ਐਡੀ ਵੀ ਕੀ ਐਮਰਜੈਂਸੀ ਸੀ, ਪਤਾ ਵੀ ਹੈ ਟੈਸਟ ਸੀ ਮੇਰਾ ਅੱਜ ਕਾਲਜ ’ਚ, ਵਿੱਚੇ ਛੱਡ ਕੇ ਆਈ ਹਾਂ’। ਕੰਵਰ ਨੇ ਨਕਲੀ ਜਿਹੀ ਮੁਸਕਰਾਹਟ ਨਾਲ ਸਿਰਫ ਧੰਨਵਾਦ ਹੀ ਕਿਹਾ। ਵਿਰਾਨਗੀ ਜਿਹੀ ’ਚ ਅੱਖਾਂ ਮਟਕ ਕੇ ਪੁੱਛਣ ਲੱਗੀ, ‘ਅੱਜ ਤਬੀਅਤ ਠੀਕ ਨਹੀਂ ਲੱਗਦੀ ਜਨਾਬ ਦੀ, ਦੇਖਿਓ ਕਿਤੇ ਕੋਈ ਹੋਰ ਤਾਂ ਨਹੀਂ ਲੱਭ ਲਈ, ਨਾਲੇ ਐਡੀਆਂ ਕਾਹਲੀਆਂ ਨਾ ਕਰਿਆ ਕਰੋ ਯਾਰ, ਸਾਨੂੰ ਹੋਰ ਵੀ ਕੰਮ ਹੁੰਦੇ ਨੇ’। ‘ਹੁਣ ਆਪਾਂ ਸੀਰੀਅਸਲੀ ਗੱਲ ਕਰ ਲਈਏ ਜਿਸ ਲਈ ਮੈਂ ਬੁਲਾਇਆ’, ਕੰਵਰ ਨੇ ਕਿਹਾ। ‘ਹਾਏ ਓ ਰੱਬਾ, ਇੱਕ ਤਾਂ ਸੀਰੀਅਸ ਹੋਣਾ ਛੱਡ ਦਿਓ ਪਲੀਜ਼। ਨਾਲੇ ਮੇਰੀ ਗੱਲ ਸੁਣੋ, ਪਤੈ ਮੰਮੀ ਪੁੱਛਦੇ ਸੀ ਕਿ ਤੂੰ ਇਹ ਕੋਕਾ ਕਿੱਥੋਂ ਲਿਆਂਦੈ, ਤੂੰ ਤਾਂ ਕਦੀ ਨਾ ਕੰਨ ਬੰਨਾਏ, ਨਾ ਨੱਕ। ਚੱਲ ਛੱਡੋ, ਹੁਣ ਦੱਸੋ ਸੁੱਕੇ ਖੂਹ ਕੋਲ ਹੀ ਖੜ੍ਹਾ ਕੇ ਰੱਖਣਾ ਕਿ ਕੁਝ ਚਾਹ ਪਾਣੀ ਵੀ ਪੁੱਛੋਂਗੇ ਮੈਨੂੰ। ਇੰਨੀ ਧੁੰਦ ਪੈ ਰਹੀ ਰਸਤੇ ’ਚ, ਆਪ ਤਾਂ ਇਥੋਂ ਉੱਠ ਕੇ ਆ ਗਏ’।
ਅੱਧਾ ਪੌਣਾ ਘੰਟਾ ਤਾਂ ਏਦਾਂ ਹੀ ਨਖ਼ਰੇ ਨਿਹੋਰੇ ਕਰਦੇ ਲੰਘ ਗਿਆ। ਫਿਰ ਅਚਾਨਕ ਉਹ ਕਹਿੰਦੀ, ‘ਅੱਛਾ ਸੱਚ ਦੱਸਿਓ ਕਿ ਸੱਚੀਂ ਹੀ ਬੁੱਧੂ ਜਿਹੇ ਹੋ ਕਿ ਮੈਨੂੰ ਬੁੱਧੂ ਬਣਾਈ ਜਾਂਦੇ ਓ ਇੰਨੇ ਸਾਲਾਂ ਦੇ’। ਕੰਵਰ ਨੇ ਪੁੱਛਿਆ ‘ਕਿਉਂ’? ‘ਕਿਉਂ ਕੀ, ਜੱਟੀ ਨੇ ਮਨਾ ਲਏ ਨਾ ਆਪਣੇ ਘਰ ਦੇ। ਤੁਸੀਂ ਪਤਾ ਨਹੀਂ ਕਦੋਂ ਗੱਲ ਕਰਨੀ ਆਪਣੇ ਪੇਰੈਂਟਸ ਨਾਲ, ਮੈਨੂੰ ਲੱਗਦਾ ਨਹੀਂ ਕਿ ਗੱਲ ਕਰੋਂਗੇ ਤੁਸੀਂ, ਫੁਕਰੀਆਂ ਮਾਰਨ ਜੋਗੇ ਹੀ ਓਂ’। ਤੁਰਦੇ ਤੁਰਦੇ ਉਹ ਦੋਵੇਂ ਉਸੇ ਖੰਡਰ ਕੋਲ ਚਲੇ ਗਏ ਜਿੱਥੇ ਕਈ ਥਾਵਾਂ ’ਤੇ ਉਨ੍ਹਾਂ ਦੋਵਾਂ ਦੇ ਨਾਂ ਉੱਕਰੇ ਹੋਏ ਸਨ। ਫਿਰ ਪ੍ਰੀਤ ਬੋਲੀ, ‘ਅੱਛਾ ਹੁਣ ਸਮਝ ਲੱਗੀ ਐ ਮੈਨੂੰ ਕਿ ਕਾਹਦੇ ਲਈ ਬੁਲਾਇਐ। ਮੇਰੀ ਗੱਲ ਸੁਣੋ ਹੋਰ ਨਾਮ ਨਹੀਂ ਲਿਖਣੇ ਇੱਥੇ ਹੁਣ, ਪਤਾ ਨਹੀਂ ਕੌਣ-ਕੌਣ ਆਉਂਦੈ ਇਥੇ, ਤੁਹਾਨੂੰ ਤਾਂ ਕੋਈ ਫਰਕ ਨਹੀਂ ਪੈਂਦਾ, ਛੁੱਟੀਆਂ ਕੱਟ ਕੇ ਚਲੇ ਜਾਣੈ ਵਾਪਸ, ਪਰ ਮੈਨੂੰ ਪਤੈ ਕਿੰਨੇ ਜੁਆਬ ਦੇਣੇ ਪੈਂਦੇ ਨੇ’।
ਕੰਵਰ ਨੀਝ ਨਾਲ ਪ੍ਰੀਤ ਦੀਆਂ ਝੀਲ ਵਰਗੀਆਂ ਡੂੰਘੀਆਂ ਅੱਖਾਂ ਨੂੰ ਨਿਹਾਰਦਾ ਰਿਹਾ, ਜਦੋਂ ਤੱਕ ਉਸ ਨੇ ਝੁੰਜਲਾਹਟ ਜਿਹੀ ’ਚ ਨੀਵੀਂ ਨਾ ਪਾ ਲਈ। ਉਸ ਦੇ ਗੁਲਾਬੀ ਚਿਹਰੇ ਦਾ ਰੰਗ ਲਾਲ ਸੁਰਖ ਹੋ ਗਿਆ। ਕਹਿੰਦੀ, ‘ਏਦਾਂ ਕਿਉਂ ਦੇਖਦੇ ਓ ਮੈਨੂੰ, ਪਹਿਲਾਂ ਕਦੇ ਦੇਖਿਆ ਨਹੀਂ ਕੀ’? ਜਜ਼ਬਾਤਾਂ ਦੇ ਪੂਰੇ ਰੌਂਅ ’ਚ ਵਹਿੰਦੀਆਂ ਕੰਵਰ ਨੇ ਕਿਹਾ, ‘ਦੇਖ ਲੈਣ ਦੇ ਅੱਜ ਜੀਅ ਭਰ ਕੇ ਯਾਰ, ਸ਼ਾਇਦ ਅੱਜ ਤੋਂ ਬਾਅਦ ਮੈਂ ਤੈਨੂੰ ਕਦੇ ਨਾ ਦੇਖ ਸਕਾਂ। ਸ਼ਾਇਦ, ਸ਼ਾਇਦ ਨਹੀਂ, ਸੱਚਮੁੱਚ ਆਪਾਂ ਅੱਜ ਆਖਰੀ ਵਾਰ ਮਿਲ ਰਹੇ ਹਾਂ ਪ੍ਰੀਤ’। ਕੰਵਰ ਨੂੰ ਚਿੜ੍ਹਾਉਂਦੀ ਹੋਈ ਪ੍ਰੀਤ ਕਹਿਣ ਲੱਗੀ, ‘ਆਹੋ, ਆਖ਼ਰੀ ਵਾਰ ਮਿਲ ਰਹੇ ਆਂ ਪ੍ਰੀਤ.., ਥੋਨੂੰ ਪਤੈ ਨਾ ਮੈਨੂੰ ਇਹ ਗੱਲ ਮਜ਼ਾਕ ’ਚ ਵੀ ਭੋਰਾ ਪਸੰਦ ਨਹੀਂ’। ਕੰਵਰ ਨੇ ਉਦਾਸੀ ਭਰੇ ਲਹਿਜ਼ੇ ਨਾਲ ਕਿਹਾ, ‘ਦੇਖ ਪ੍ਰੀਤ, ਹਰ ਹੀਲਾ ਵਰਤਿਆ ਤੈਨੂੰ ਪਾਉਣ ਦਾ, ਪਰ ਰੱਬ ਨੇ ਨਸੀਬਾਂ ’ਚ ਆਪਣਾ ਮੇਲ ਨਹੀਂ ਲਿਖਿਆ। ਮੇਰੇ ਘਰਦਿਆਂ ਨੇ ਅਗਲੇ ਮਹੀਨੇ ਮੇਰਾ ਵਿਆਹ ਕਰ ਦੇਣੈ, ਬਸ ਤੂੰ ਮੈਨੂੰ …. ਮੁਆਫ ਕਰ ਦੇਵੀਂ, ਜੇ ਹੋ ਸਕਿਆ ਤਾਂ’। ਕਾਰਨ ਪੁੱਛਣ ’ਤੇ ਕੰਵਰ ਨੇ ਮਨ ਕੈੜਾ ਕਰਦਿਆਂ ਇੱਕੋ ਸਾਹੇ ਸਾਰੀ ਗੱਲ ਦੱਸਦਿਆਂ ਕਿਹਾ, ‘ਪਤਾ ਨਹੀਂ ਕਿਉਂ, ਮੈਨੂੰ ਕੁਝ ਸਮਝ ਨਹੀਂ ਆ ਰਿਹਾ, ਪਰ ਅੱਜ ਤੋਂ ਬਾਅਦ ਸਭ ਕੁਝ ਕਿਸੇ ਸੁਪਨੇ ਵਾਂਗ ਭੁੱਲ ਜਾਵੀਂ, ਸ਼ਾਇਦ ਤੇਰੀ ਬੇਬਾਕੀ ਪਸੰਦ ਨਹੀਂ ਉਨ੍ਹਾਂ ਨੂੰ…, ਬਸ ਤੂੰ ਮੈਨੂੰ ਭੁੱਲ ਜਾਵੀਂ ਯਾਰ। ਅੱਜ ਤੋਂ ਬਾਅਦ ਮੈਂ ਤੈਨੂੰ ਕਿਧਰੇ ਨਜ਼ਰ ਨਹੀਂ ਆਉਣਾ। ਸਮਝ ਲਵੀਂ ਕਿ ਇਹ ਇੱਕ ਅਧੂਰਾ ਖਵਾਬ ਸੀ। ਭਾਵੇਂ ਮੈਂ ਹਰ ਕੋਸਿਸ਼ ਕੀਤੀ ਪਰ ਤਾਂ ਵੀ ਮੈਂ ਤੇਰਾ ਗੁਨਾਹਗਾਰ ਹਾਂ ਪ੍ਰੀਤ। ਇੰਨਾ ਵਾਅਦਾ ਮੇਰਾ ਕਿ ਆਖਰੀ ਸਾਹ ਤੱਕ ਤੂੰ ਮੇਰੇ ਅੰਗ ਸੰਗ ਰਹੇਂਗੀ। ਚੰਗਾ, ਅਲਵਿਦਾ!’
ਪ੍ਰੀਤ ਨੇ ਪਿੱਛੇ ਮੁੜਨ ਲੱਗੇ ਕੰਵਰ ਦਾ ਹੱਥ ਇੰਨੇ ਜੋ਼ਰ ਨਾਲ ਫੜਿਆ ਕਿ ਉਹ ਚਾਹ ਕੇ ਵੀ ਛੁਡਾ ਨਾ ਸਕਿਆ। ਆਪਣੀਆਂ ਭਿੱਜੀਆਂ ਅੱਖਾਂ ਕੰਵਰ ’ਤੇ ਟਿਕਾ ਦਿੱਤੀਆਂ ਤੇ ਵਾਸਤਾ ਜਿਹਾ ਪਾ ਕੇ ਪੁੱਛਣ ਲੱਗੀ ਕਿ ਦੱਸੋ ਮੇਰੀਆਂ ਅੱਖਾਂ ’ਚ ਕਿਤੇ ਪਿਆਰ ਦੀ ਘਾਟ ਨਜ਼ਰ ਆ ਰਹੀ ਹੈ ਤੁਹਾਨੂੰ। ਉਹੀ ਝੀਲ ਵਰਗੀਆਂ ਅੱਖਾਂ ’ਚੋਂ ਹੰਝੂਆਂ ਦੀ ਐਸੀ ਝੜੀ ਲੱਗੀ ਕਿ ਸਵੇਰ ਤੋਂ ਦੁਪਹਿਰ ਹੋ ਗਈ, ਪਰ ਪ੍ਰੀਤ ਚੁੱਪ ਨਾ ਹੋਈ। ਸਮੇਂ ਦਾ ਉਹ ਮੰਜ਼ਰ ਇਸ ਤਰ੍ਹਾਂ ਲੱਗਦਾ ਸੀ ਜਿੱਦਾਂ ਵਕਤ ਦੀਆਂ ਸੂਈਆਂ ਰੁਕ ਗਈਆਂ ਹੋਣ। ਕੰਵਰ ਦੀ ਛਾਤੀ ’ਤੇ ਮੁੱਕੀਆਂ ਮਾਰ-ਮਾਰ ਕਮੀਜ਼ ਦਾ ਬਟਨ ਤੋੜ ਦਿੱਤਾ ਸੀ। ਰੋਂਦੀ-ਰੋਂਦੀ ਕਹਿੰਦੀ, ‘ਬਸ ਸਿਰਫ਼ ਇੰਨਾ ਕਹਿ ਦੋ ਕਿ ਤੁਸੀਂ ਮੇਰੇ ਨਾਲ ਹੋ। ਮੈਂ ਆਪੇ ਤੁਹਾਡੇ ਘਰਦਿਆਂ ਨੂੰ ਮਨਾ ਲਊਂ, ਮੈਂ ਸਾਰੀ ਦੁਨੀਆਂ ਨਾਲ ਲੜ ਲੂੰ, ਬਸ ਤੁਸੀਂ ਮੇਰੇ ਨਾਲ ਓ, ਦੱਸੋ ਨਾ ਪਲੀਜ਼ ਯਾਰ, ਮੈਨੂੰ ਸਮਝ ਨਹੀਂ ਆ ਰਹੀ ਕਿ ਆਖਰ ਗੱਲ ਕੀ ਹੋ ਗਈ, ਹੈਗੇ ਓ ਨਾ ਮੇਰੇ ਨਾਲ ਤੁਸੀਂ’? ਉਸ ਦੀਆਂ ਉਹ ਉਮੀਦ ਤੇ ਹਸਰਤ ਭਰੀਆਂ ਅੱਖੀਆਂ ਨੂੰ ਮਜਬੂਰੀ ਵੱਸ ਨਾ-ਉਮੀਦ ਕਰ ਕੰਵਰ ਉਸ ਦੀ ਜ਼ਿੰਦਗੀ ਤੋਂ ਹਮੇਸ਼ਾਂ ਲਈ ਰੁਖ਼ਸਤ ਹੋ ਗਿਆ। ਉਸ ਦਿਨ ਤੋਂ ਬਾਅਦ ਪ੍ਰੀਤ ਕਦੇ ਵੀ ਉਸਨੂੰ ਨਾ ਮਿਲੀ ਅਤੇ ਨਾ ਹੀ ਕੰਵਰ ਕਦੇ ਪਹਿਲੀ ਤੇ ਅਖੀਰੀ ਮੁਲਾਕਾਤ ਵਾਲੀ ਉਹ ਜੂਹ ਟੱਪ ਸਕਿਆ।