ਅੰਮ੍ਰਿਤਸਰ: ਭਾਰਤ ਸਰਕਾਰ ਦੇ ਰੱਖਿਆ ਮੰਤਰਾਲੇ ਵੱਲੋਂ ਸਿੱਖ ਫੌਜੀਆਂ ਲਈ ਵਿਸ਼ੇਸ਼ ਹੈਲਮੇਟ ਲਿਆਉਣ ਦੀ ਤਜਵੀਜ਼ ਦਾ ਮਾਮਲਾ ਭਖ ਗਿਆ ਹੈ। ਭਾਰਤੀ ਫੌਜ ਵਿਚ ਸੇਵਾਵਾਂ ਨਿਭਾਅ ਰਹੇ ਸਿੱਖ ਫੌਜੀਆਂ ਨੂੰ ਲੋਹ-ਟੋਪ ਪਹਿਨਾਉਣ ਦੀ ਯੋਜਨਾ ਨਾਲ ਵੱਡੀ ਗਿਣਤੀ ਵਰਗ ਸਹਿਮਤ ਨਹੀਂ ਹਨ।
ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਹੋਰ ਸਿੱਖ ਸੰਸਥਾਵਾਂ ਤੇ ਸਿਆਸੀ ਧਿਰਾਂ ਨੇ ਇਸ ਉਤੇ ਸਖਤ ਇਤਰਾਜ਼ ਪ੍ਰਗਟ ਕੀਤਾ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਭਾਰਤ ਸਰਕਾਰ ਵੱਲੋਂ ਭਵਿੱਖ ਵਿਚ ਸਿੱਖ ਫੌਜੀਆਂ ਲਈ ਹੈਲਮੇਟ ਪਹਿਨਾਉਣ ਦੀ ਯੋਜਨਾ ਦਸਤਾਰ ਦੀ ਪਛਾਣ ਨੂੰ ਖਤਮ ਕਰਨ ਦੀ ਕਾਰਵਾਈ ਹੈ। ਇਸ ਤੋਂ ਪਹਿਲਾਂ ਬ੍ਰਿਟਿਸ਼ ਹੁਕਮਰਾਨਾਂ ਵੱਲੋਂ ਦੂਜੇ ਵਿਸ਼ਵ ਜੰਗ ਦੌਰਾਨ ਅਜਿਹਾ ਯਤਨ ਕੀਤਾ ਗਿਆ ਸੀ ਪਰ ਉਸ ਵੇਲੇ ਸਿੱਖ ਫੌਜੀਆਂ ਨੇ ਇਸ ਫੈਸਲੇ ਨੂੰ ਰੱਦ ਕੀਤਾ ਸੀ।
ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸਿੱਖ ਫੌਜੀਆਂ ਲਈ ਲੋਹ-ਟੋਪ (ਹੈਲਮਟ) ਪਹਿਨਣਾ ਲਾਜ਼ਮੀ ਕਰਨਾ ਸਿੱਖਾਂ ਦੀ ਵੱਖਰੀ ਪਛਾਣ ਨੂੰ ਖਤਮ ਕਰਨ ਦੀ ਕੋਝੀ ਸਾਜ਼ਿਸ਼ ਹੈ ਤੇ ਸਿੱਖ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਉਧਰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਪੱਤਰ ਲਿਖ ਕੇ ਇਹ ਤਜਵੀਜ਼ ਵਾਪਸ ਲੈਣ ਲਈ ਦੀ ਅਪੀਲ ਕੀਤੀ ਹੈ।
ਇਸੇ ਦੌਰਾਨ ਇਸ ਯੋਜਨਾ ਖ਼ਿਲਾਫ਼ ਹੁਣ ਸਾਬਕਾ ਫੌਜੀ ਵੀ ਨਿੱਤਰ ਆਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਭਾਰਤ ਸਰਕਾਰ ਵੱਲੋਂ ਹਥਿਆਰਬੰਦ ਫੌਜਾਂ ਵਿੱਚ ਸਿੱਖਾਂ ਵਾਸਤੇ ਹੈਲਮੇਟ ਦੀ ਤਜਵੀਜ਼ ਨੂੰ ਲਾਗੂ ਹੋਣ ਤੋਂ ਰੋਕਣ ਲਈ ਨਿੱਜੀ ਤੌਰ ‘ਤੇ ਦਖਲ ਦੇਣ। ਸਾਬਕਾ ਉਪ ਮੁੱਖ ਮੰਤਰੀ ਤੇ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਭਾਰਤੀ ਫੌਜ ਵਿਚ ਸਿੱਖ ਫੌਜੀਆਂ ਲਈ ਹੈਲਮੇਟ ਪਾਉਣ ਦੀ ਤਜਵੀਜ਼ ਦਾ ਸਖਤ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿੱਖ ਫੌਜੀਆਂ ਨੇ ਸਾਲ 1962, 1965, 1971 ਤੇ ਕਾਰਗਿਲ ਦੀਆਂ ਲੜਾਈਆਂ ਲੜੀਆਂ ਹਨ ਪਰ ਉਸ ਵੇਲੇ ਕਦੇ ਹੈਲਮੇਟ ਦਾ ਮੁੱਦਾ ਨਹੀਂ ਉਠਿਆ। ਉਹ ਕਾਂਗਰਸ ਪਾਰਟੀ ਵੱਲੋਂ ਸਿੱਖਾਂ ਦੇ ਹੈਲਮੇਟ ਪਾਉਣ ਦੀ ਤਜਵੀਜ਼ ਦਾ ਸਖਤ ਵਿਰੋਧ ਕਰਦੇ ਹਨ ਅਤੇ ਸਿੱਖ ਫੌਜੀ ਕਦੇ ਵੀ ਹੈਲਮੇਟ ਪਾਉਣ ਲਈ ਆਪਣੀ ਦਸਤਾਰ ਨਹੀਂ ਲਾਹ ਸਕਦੇ। ਖੇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਤਜਵੀਜ਼ ਦਾ ਵਿਰੋਧ ਕਰੇਗੀ ਕਿਉਂਕਿ ਦਸਤਾਰ ਸਿੱਖ ਧਰਮ ਦੀ ਸ਼ਾਨ ਹੈ ਅਤੇ ਇਸ ਨੂੰ ਹੈਲਮੇਟ ਦਾ ਬਦਲਵਾਂ ਰੂਪ ਨਹੀਂ ਦਿੱਤਾ ਜਾ ਸਕਦਾ।