ਅੰਮ੍ਰਿਤਸਰ: ਉੱਤਰਾਖੰਡ ਦੇ ਜੋਸ਼ੀਮੱਠ ਵਿਚ ਜਮੀਨ ਧਸਣ ਕਾਰਨ ਪੈਦਾ ਹੋਏ ਸੰਕਟ ਵੇਲੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਵੱਲੋਂ ਗੁਰਦੁਆਰਾ ਜੋਸ਼ੀਮੱਠ ਵਿਖੇ ਪ੍ਰਭਾਵਿਤ ਹੋਏ ਲੋਕਾਂ ਲਈ ਲੰਗਰ ਲਾਇਆ ਗਿਆ ਹੈ ਅਤੇ ਰਿਹਾਇਸ਼ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਜੋਸ਼ੀਮੱਠ ਵਿਚ ਜਮੀਨ ਧਸਣ ਕਾਰਨ ਰਿਹਾਇਸ਼ੀ ਅਤੇ ਵਪਾਰਕ ਇਮਾਰਤਾਂ ਵਿਚ ਤਰੇੜਾਂ ਆ ਗਈਆਂ ਹਨ ਜੋ ਕਿਸੇ ਵੇਲੇ ਵੀ ਢਹਿ ਢੇਰੀ ਹੋ ਸਕਦੀਆਂ ਹਨ। ਤਰੇੜਾਂ ਆਉਣ ਕਾਰਨ ਲਗਭਗ 738 ਪਰਿਵਾਰ ਪ੍ਰਭਾਵਿਤ ਹੋਏ ਹਨ। ਉਤਰਾਖੰਡ ਸਰਕਾਰ ਵੱਲੋਂ ਪ੍ਰਭਾਵਿਤ ਹੋਏ ਲੋਕਾਂ ਨੂੰ ਆਪਣੇ ਘਰ-ਬਾਰ ਛੱਡ ਕੇ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਆਖਿਆ ਗਿਆ ਹੈ। ਇਸ ਦੌਰਾਨ ਸਿੱਖ ਭਾਈਚਾਰੇ ਵੱਲੋਂ ਸਿੱਖ ਧਰਮ ਦੇ ਸਿਧਾਂਤ ਅਨੁਸਾਰ ਮਨੁੱਖਤਾ ਦੀ ਭਲਾਈ ਲਈ ਕਾਰਜ ਸ਼ੁਰੂ ਕੀਤੇ ਗਏ ਹਨ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਵੱਲੋਂ ਜੋਸ਼ੀਮੱਠ ਵਿਖੇ ਗੁਰਦੁਆਰੇ ਦੇ ਦਰ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਖੋਲ੍ਹ ਦਿੱਤੇ ਗਏ ਹਨ। ਟਰੱਸਟ ਦੇ ਮੁਖੀ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਪੀੜਤ ਪਰਿਵਾਰਾਂ ਨੂੰ ਗੁਰਦੁਆਰਿਆਂ ਵਿਚ ਲੰਗਰ ਅਤੇ ਰਿਹਾਇਸ਼ ਮੁਹੱਈਆ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਭਾਵੇਂ ਜੋਸ਼ੀਮੱਠ ਵਿਚ ਹੀ ਹੈ ਪਰ ਉਸ ਦੀ ਇਮਾਰਤ ਨੂੰ ਕੋਈ ਖਤਰਾ ਨਹੀਂ ਹੈ ਅਤੇ ਇਹ ਸੁਰੱਖਿਅਤ ਹੈ ਪਰ ਗੁਰਦੁਆਰਾ ਗੋਬਿੰਦ ਘਾਟ, ਗੁਰਦੁਆਰਾ ਹੇਮਕੁੰਟ ਸਾਹਿਬ ਅਤੇ ਬਦਰੀਨਾਥ ਧਾਮ ਨੂੰ ਜਾਣ ਵਾਲਾ ਰਸਤਾ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ।
ਗੁਰਦੁਆਰਾ ਗੋਬਿੰਦ ਘਾਟ ਦੇ ਮੈਨੇਜਰ ਸੇਵਾ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਜੋਸ਼ੀਮੱਠ ਵਿਚ ਲੰਗਰ ਅਤੇ ਰਿਹਾਇਸ਼ ਲਈ ਦਰ ਖੋਲ੍ਹ ਦਿੱਤੇ ਗਏ ਹਨ। ਗੁਰਦੁਆਰੇ ਦੀ ਸਰਾਂ ਵਿਚ ਇਸ ਵੇਲੇ 12 ਪਰਿਵਾਰ ਰਹਿ ਰਹੇ ਹਨ। ਲੋਕਾਂ ਦੀ ਮਦਦ ਲਈ ਪੁੱਜੀ ਐਸ.ਟੀ.ਆਰ.ਐੱਫ. ਅਤੇ ਉਤਰਾਖੰਡ ਪੁਲਿਸ ਦੇ ਕਰਮਚਾਰੀਆਂ ਵਾਸਤੇ ਵੀ ਲੰਗਰ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਸੁਰੱਖਿਆ ਬਲਾਂ ਦੇ ਜਵਾਨਾਂ ਲਈ 500 ਕੰਬਲ ਅਤੇ 250 ਗੱਦੇ ਭੇਜੇ ਗਏ ਹਨ। ਉਨ੍ਹਾਂ ਦੱਸਿਆ ਕਿ ਜੋਸ਼ੀਮੱਠ ਵਿਚ ਨਵਾਂ ਬਣਿਆ ਇਲਾਕਾ ਵਧੇਰੇ ਪ੍ਰਭਾਵਿਤ ਹੋਇਆ ਹੈ।
ਇਸੇ ਦੌਰਾਨ ਉੱਤਰਾਖੰਡ ਸਰਕਾਰ ਨੇ ਜੋਸ਼ੀਮੱਠ ਦੇ ਪੀੜਤ ਪਰਿਵਾਰਾਂ ਦੇ ਛੇ ਮਹੀਨੇ ਦੇ ਬਿਜਲੀ ਤੇ ਪਾਣੀ ਦੇ ਬਿੱਲ ਮੁਆਫ ਕਰਨ ਦਾ ਫੈਸਲਾ ਕੀਤਾ ਹੈ। ਉੱਤਰਾਖੰਡ ਕੈਬਨਿਟ ਨੇ ਪੀੜਤ ਪਰਿਵਾਰਾਂ ਲਈ 45 ਕਰੋੜ ਰੁਪਏ ਦੀ ਰਾਹਤ ਰਾਸ਼ੀ ਵੀ ਜਾਰੀ ਕੀਤੀ ਹੈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਹਾਲਾਤ ਨਾਲ ਨਜਿੱਠਣ ਲਈ ਕਦਮ-ਦਰ-ਕਦਮ ਅੱਗੇ ਵੱਧ ਰਹੀ ਹੈ। ਉਨ੍ਹਾਂ ਕਿਹਾ, ‘ਸਾਡੀ ਸਰਕਾਰ ਦੀ ਤਰਜੀਹ ਪੀੜਤ ਲੋਕਾਂ ਨੂੰ ਤੁਰਤ ਰਾਹਤ ਮੁਹੱਈਆ ਕਰਨਾ ਤੇ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ `ਤੇ ਪਹੁੰਚਾਉਣਾ ਹੈ।` ਉਨ੍ਹਾਂ ਕਿਹਾ ਕਿ ਪ੍ਰਭਾਵਿਤ ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ ਵੱਲ ਭੇਜਿਆ ਜਾ ਰਿਹਾ ਹੈ ਅਤੇ ਨੁਕਸਾਨੀਆਂ ਇਮਾਰਤਾਂ ਦੀ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ।
ਸਾਰਾ ਜੋਸ਼ੀਮੱਠ ਧਸਣ ਦਾ ਖਤਰਾ ਬਣਿਆ
ਨਵੀਂ ਦਿੱਲੀ: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਵੱਲੋਂ ਉਪਗ੍ਰਹਿ ਰਾਹੀਂ ਖਿੱਚੀਆਂ ਉੱਤਰਾਖੰਡ ਦੇ ਜੋਸ਼ੀਮੱਠ ਦੀਆਂ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਹਿਮਾਲਿਆ ਵਿਚਲਾ ਇਹ ਸਾਰਾ ਪਹਾੜੀ ਸ਼ਹਿਰ ਹੀ ਆਉਣ ਵਾਲੇ ਸਮੇਂ ‘ਚ ਧਸ ਸਕਦਾ ਹੈ। ਇਸਰੋ ਵੱਲੋਂ ਜਾਰੀ ਰਿਪੋਰਟ ਅਨੁਸਾਰ ਸਿਰਫ 12 ਦਿਨ ਅੰਦਰ ਹੀ ਜੋਸ਼ੀਮੱਠ 5.4 ਸੈਂਟੀਮੀਟਰ ਤੱਕ ਧਸ ਗਿਆ ਹੈ। ਬਦਰੀਨਾਥ ਤੇ ਹੇਮਕੁੰਟ ਸਾਹਿਬ ਜਿਹੀਆਂ ਧਾਰਮਿਕ ਥਾਵਾਂ ਅਤੇ ਕੌਮਾਂਤਰੀ ਸਕੀਇੰਗ ਸਥਾਨ ਓਲੀ ਪਹੁੰਚਣ ਦੇ ਮੁੱਖ ਰਸਤੇ ਜੋਸ਼ੀਮੱਠ ਨੂੰ ਜਮੀਨ ਧਸਣ ਕਾਰਨ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸਰੋ ਦੇ ਨੈਸ਼ਨਲ ਰਿਮੋਟ ਸੈਂਸਿੰਗ ਸੈਂਟਰ (ਐਨ.ਆਰ.ਐਸ.ਸੀ.) ਨੇ ਮੁਢਲੇ ਅਧਿਐਨ ‘ਚ ਕਿਹਾ ਹੈ ਕਿ ਅਪਰੈਲ ਤੇ ਨਵੰਬਰ 2022 ਵਿਚਾਲੇ ਜਮੀਨ ਧਸਣ ਦੀ ਪ੍ਰਕਿਰਿਆ ਹੌਲੀ ਸੀ। ਇਸ ਦੌਰਾਨ ਜੋਸ਼ੀਮੱਠ 8.9 ਸੈਂਟਮੀਟਰ ਤੱਕ ਧਸਿਆ ਸੀ ਪਰ 27 ਦਸੰਬਰ 2022 ਅਤੇ 8 ਜਨਵਰੀ 2023 ਵਿਚਾਲੇ ਜਮੀਨ ਤੇਜੀ ਨਾਲ ਧਸੀ ਤੇ ਇਨ੍ਹਾਂ ਦਿਨਾਂ ਦੌਰਾਨ ਸ਼ਹਿਰ 5.4 ਸੈਂਟੀਮੀਟਰ ਤੱਕ ਧਸ ਗਿਆ। ਇਹ ਤਸਵੀਰਾਂ ਕਾਰਟੋਸੈੱਟ-2ਐੱਸ ਉਪਗ੍ਰਹਿ ਰਾਹੀਂ ਖਿੱਚੀਆਂ ਗਈਆਂ ਹਨ। ਐਨ.ਆਰ.ਐਸ.ਸੀ. ਦੀ ਰਿਪੋਰਟ ‘ਚ ਕਿਹਾ ਗਿਆ ਹੈ, ‘ਇਹ ਇਲਾਕਾ ਕੁਝ ਦਿਨਾਂ ਅੰਦਰ ਹੀ ਤਕਰੀਬਨ ਪੰਜ ਸੈਂਟੀਮੀਟਰ ਤੱਕ ਧਸ ਗਿਆ ਅਤੇ ਇਸ ਦੀ ਖੇਤਰੀ ਸੀਮਾ ਵੀ ਵੱਧ ਗਈ ਹੈ।