ਨੀਲ ਮਾਧਵ/ਅਲੀਸਾਨ ਜਾਫਰੀ
ਅਨੁਵਾਦ: ਬੂਟਾ ਸਿੰਘ ਮਹਿਮੂਦਪੁਰ
ਕੁਝ ਸਮੇਂ ਤੋਂ ਯੂਟਿੳਬ ਚੈਨਲਾਂ ਨੇ ਮੀਡੀਆ, ਖਾਸਕਰ ਸੋਸ਼ਲ ਮੀਡੀਆ ‘ਤੇ ਗਾਹ ਪਾਇਆ ਹੋਇਆ ਹੈ। ਕੱਟੜ ਤਾਕਤਾਂ ਇਸ ਮੰਚ ਨੂੰ ਖੂਬ ਵਰਤ ਰਹੀਆਂ ਹਨ। ਭਾਰਤੀ ਜਨਤਾ ਪਾਰਟੀ ਵਰਗੀਆਂ ਸਿਆਸੀ ਜਮਾਤਾਂ ਇਨ੍ਹਾਂ ਯੂਟਿਊਬਰਾਂ ਨੂੰ ਹੱਲਾਸ਼ੇਰੀ ਦੇ ਰਹੀਆਂ ਹਨ। ਉਘੇ ਰਸਾਲੇ ‘ਕਾਰਵਾਂ’ ਨਾਲ ਜੁੜੇ ਨੀਲ ਮਾਧਵ ਅਤੇ ਅਲੀਸਾਨ ਜਾਫਰੀ ਇਸ ਮਸਲੇ ਦੀਆਂ ਤਹਿਆਂ ਫਰੋਲਦਿਆਂ ਰਿਪੋਰਟ ਤਿਆਰ ਕੀਤੀ ਹੈ। ਇਸ ਦਾ ਅਨੁਵਾਦ ਸਾਡੇ ਕਾਲਮਨਵੀਸ ਬੂਟਾ ਸਿੰਘ ਮਹਿਮੂਦਪੁਰ ਨੇ ਕੀਤਾ ਹੈ। ਇਸ ਲੰਮੇ ਲੇਖ ਦੀ ਦੂਜੀ ਕਿਸ਼ਤ ਹਾਜ਼ਰ ਹੈ।
ਖ਼ਬਰ ਇੰਡੀਆ ਅਤੇ ਅਜਿਹੇ ਹੋਰ ਚੈਨਲਾਂ ਲਈ ਹਰਮਨਪਿਆਰਾ ਅੱਡਾ ਪਾਲਿਕਾ ਬਾਜ਼ਾਰ ਹੈ ਜੋ ਸਸਤੇ ਕੱਪੜਿਆਂ ਅਤੇ ਇਲੈਕਟ੍ਰਾਨਿਕਸ ਸਮਾਨ ਲਈ ਮਸ਼ਹੂਰ ਹੈ। ਮੁੱਠੀ ਭਰ ਯੂਟਿਊਬ ਚੈਨਲਾਂ ਦਾ ਉੱਥੇ ਰੋਜ਼ਾਨਾ ਸ਼ੋਅ ਹੁੰਦਾ ਹੈ ਜਿਸ ਵਿਚ ਕਥਿਤ ਅਜਨਬੀਆਂ ਦੇ ਸਮੂਹ, ਦਿਨ ਦੀਆਂ ਸਿਆਸੀ ਅਤੇ ਧਾਰਮਿਕ ਸੁਰਖ਼ੀਆਂ ਉੱਪਰ ਬਹਿਸ ਕਰਦੇ ਹਨ। ਇਨ੍ਹਾਂ ਨੂੰ ਬਾਕਾਇਦਗੀ ਨਾਲ ਸ਼ੂਟ ਕੀਤਾ ਜਾਂਦਾ ਹੈ, ਮੁਸ਼ਕਿਲ ਨਾਲ ਸੰਪਾਦਿਤ ਕੀਤਾ ਜਾਂਦਾ ਹੈ ਅਤੇ ਅਗਲੇ ਦਿਨ ਅਪਲੋਡ ਕਰ ਦਿੱਤੇ ਜਾਂਦੇ ਹਨ। ਪਾਲਿਕਾ ਬਹਿਸ ਕੀ ਕਸੌਟੀ ਹੈ ਭਈਆਜੀ ਕਹਿਨ, ਇਕ ਅਜਿਹਾ ਸ਼ੋਅ ਜਿਸ ਦੀ ਪ੍ਰਤੀਕ ਤ੍ਰਿਵੇਦੀ ਹਰ ਹਫਤੇ ਐਂਕਰਿੰਗ ਕਰਦੀ ਹੈ। ਤ੍ਰਿਵੇਦੀ ਕਰੀਅਰ ਪੱਤਰਕਾਰ ਹੈ ਜਿਸ ਨੇ 1990 ਦੇ ਦਹਾਕੇ ਵਿਚ ਅਮਰ ਉਜਾਲਾ ਨਾਲ ਕਰੀਅਰ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਸਹਾਰਾ ਸਮਯ, ਆਜ ਤਕ ਅਤੇ ਫਿਰ ਇੰਡੀਆ ਟੀ.ਵੀ. ਪਹੁੰਚ ਗਈ। ਭਈਆਜੀ ਕਹਿਨ ਨੂੰ ਹੁਣ ਨਿਊਜ਼18 ਇੰਡੀਆ ‘ਚ ਹੋਸਟ ਕੀਤਾ ਗਿਆ ਹੈ ਜਿੱਥੇ ਉਸ ਦੇ ਸ਼ੋਅ ਨੇ ਦਿਖਾਇਆ ਹੈ ਕਿ ਸਿਰਫ਼ ਅੱਧੇ ਘੰਟੇ ਦੇ ਸ਼ੋਰ ਅਤੇ ਜੋਸ਼ੋ-ਖ਼ਰੋਸ਼ ਨਾਲ ਦੱਬੇ ਮੁਰਦੇ ਉਖਾੜ ਕੇ ਕੋਈ ਵੀ ਉੱਦਮੀ ਯੂਟਿਊਬਰ ਕਲਿੱਕਾਂ ਦਾ ਧਨ ਬਟੋਰ ਸਕਦਾ ਹੈ ਅਤੇ ਮਿਹਨਤ ਤੇ ਪੈਸੇ ਖ਼ਰਚ ਕੇ ਚੰਗੇ ਵੀਡੀਓ ਬਣਾਉਣ ਦੀਆਂ ਆਦੀ ਜ਼ਿਆਦਾਤਰ ਨਿਊਜ਼ ਸੰਸਥਾਵਾਂ ਨਾਲੋਂ ਤੇਜ਼ੀ ਨਾਲ ਸਮੱਗਰੀ ਨੂੰ ਮਾਇਆ ‘ਚ ਬਦਲਣ ਦੀ ਪੌੜੀ ਚੜ੍ਹ ਸਕਦਾ ਹੈ। ਖ਼ਬਰ ਇੰਡੀਆ ਅਤੇ ਪਿਆਰਾ ਹਿੰਦੁਸਤਾਨ ਤ੍ਰਿਵੇਦੀ ਦੇ ਤੌਰ-ਤਰੀਕਿਆਂ ਨੂੰ ਸਭ ਤੋਂ ਪਹਿਲਾਂ ਅਪਣਾਉਣ ਵਾਲੇ ਸਨ।
ਅਸੀਂ 12 ਨਵੰਬਰ ਦੀ ਸ਼ਾਮ ਨੂੰ ਪਾਲਿਕਾ ਬਾਜ਼ਾਰ ਪਹੁੰਚੇ, ਉਦੋਂ ਤੱਕ ਵੀਕੈਂਡ ਦੇ ਗਾਹਕਾਂ ਦਾ ਭੀੜ ਬਾਜ਼ਾਰ ਦੇ ਚੌੜੇ ਫੁੱਟਪਾਥਾਂ ‘ਤੇ ਬਹਿਸ ਕਰ ਰਹੇ ਯੂਟਿਊਬਰਾਂ ਦੇ ਕਈ ਮਾਈਕਾਂ ਦੇ ਆਲੇ-ਦੁਆਲੇ ਜੁੜਨਾ ਸ਼ੁਰੂ ਹੋ ਗਈ ਸੀ। ਉਸ ਸ਼ਾਮ ਹਰ ਚਾਰ-ਪੰਜ ਕਦਮਾਂ ‘ਤੇ ਘੱਟੋ-ਘੱਟ ਪੰਜ ਚੈਨਲ ਮੌਜੂਦ ਸਨ, ਤਿੰਨ ਕੋਲ ਵੀਹ ਤੋਂ ਜ਼ਿਆਦਾ ਵਿਅਕਤੀਆਂ ਦੀ ਭੀੜ ਸੀ ਜਦੋਂ ਕਿ ਪਿਆਰਾ ਹਿੰਦੁਸਤਾਨ ਅਤੇ ਖ਼ਬਰ ਇੰਡੀਆ ਗ਼ਾਇਬ ਸਨ, ਜੇ.ਟੀ.ਵੀ. ਇੰਡੀਆ ਅਤੇ ਨਿਊਜ਼15 ਨੂੰ ਉਨ੍ਹਾਂ ਦੇ ਮਾਈਕਾਂ ਉੱਪਰ ਲੱਗੇ ਲੋਗੋ ਤੋਂ ਪਛਾਣਿਆ ਜਾ ਸਕਦਾ ਸੀ। ਹਰ ਚੈਨਲ ਕੋਲ ਇਕ ਰਿਪੋਰਟਰ ਸੀ ਜਿਸ ਦੇ ਹੱਥ ਵਿਚ ਇਹ ਮਾਈਕ ਫੜਿਆ ਹੋਇਆ ਸੀ ਅਤੇ ਕੈਮਰਾਮੈਨ ਆਪਣੇ ਕੈਮਰੇ ਨਾਲ ਵੀਡੀਓ ਲਾਈਟ ਨੂੰ ਅਨਿਸ਼ਚਿਤ ਰੂਪ ‘ਚ ਸੰਤੁਲਿਤ ਕਰ ਰਿਹਾ ਸੀ।
ਅਗਲੇ ਘੰਟੇ ਵਿਚ ਅਸੀਂ ਦੇਖਿਆ ਕਿ ਘਟਨਾਵਾਂ ਦਾ ਉਹੀ ਚੱਕਰ ਖ਼ੁਦ ਨੂੰ ਦੁਹਰਾ ਰਿਹਾ ਹੈ। ਇਕ ਰਿਪੋਰਟਰ ਕਿਸੇ ਅਜਨਬੀ ਕੋਲ ਜਾਂਦਾ ਹੈ ਅਤੇ ਉਨ੍ਹਾਂ ਤੋਂ ਕਿਸੇ ਰਾਜਨੇਤਾ ਜਾਂ ਨੀਤੀ ਬਾਰੇ ਉਨ੍ਹਾਂ ਦੀ ਰਾਏ ਪੁੱਛਦਾ ਹੈ। ਆਉਣ ਵਾਲੀਆਂ ਦਿੱਲੀ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਉਸ ਦਿਨ ਪੁੱਛੇ ਜਾਣ ਵਾਲੇ ਜ਼ਿਆਦਾਤਰ ਸਵਾਲ ਇਸ ਬਾਰੇ ਸਨ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਕਾਰਗੁਜ਼ਾਰੀ ਕੀ ਸੀ ਜਾਂ ਕੌਮੀ ਰਾਜਧਾਨੀ ਵਿਚ ਗੁਜਰਾਤ ਦੇ ਮੁਕਾਬਲੇ ਸਰਕਾਰੀ ਸੇਵਾਵਾਂ ਦੀ ਸਥਿਤੀ ਕੀ ਸੀ। ਬਹੁਤੇ ਰਾਹਗੀਰਾਂ ਨੇ ਗੱਲ ਨਹੀਂ ਕੀਤੀ। ਜਦੋਂ ਕੋਈ ਬੋਲਦਾ ਜਿਸ ਦੇ ਵਿਚਾਰ ਅਸਪਸ਼ਟ ਤੌਰ ‘ਤੇ ਭਾਜਪਾ ਦੀ ਆਲੋਚਨਾ ਵਾਲੇ ਹੁੰਦੇ ਜਾਂ ਕਿਸੇ ਹੋਰ ਪਾਰਟੀ ਦੀ ਤਾਰੀਫ਼ ਕਰਨ ਵਾਲੇ ਜਾਪਦੇ ਤਾਂ ਬਾਕੀ ਭੀੜ ਜੋ ਤਹੱਮਲ ਨਾਲ ਇਕ ਪਾਸੇ ਬੈਠੀ ਇੰਤਜ਼ਾਰ ਕਰ ਹੁੰਦੀ, ਉਹ ਬਹਿਸ ਕਰਨ ਲਈ ਗੇੜ ਵਿਚ ਸ਼ਾਮਿਲ ਹੋ ਜਾਂਦੀ, ਫਿਰ ਵਿਰੋਧ ਕਰਨ ਵਾਲਿਆਂ ਨੂੰ ਲਲਕਾਰਿਆ ਜਾਂਦਾ। ਅਜਿਹੇ ਪਹਿਲੇ ਗੇੜ ‘ਚ ਅਸੀਂ ਇਕ ਮੁਸਲਿਮ ਰਾਹਗੀਰ ਨੂੰ ਦੇਖਿਆ ਜਿਸ ਨੇ ਕਿਹਾ ਕਿ ਕੇਜਰੀਵਾਲ ਨੇ ਸ਼ਹਿਰ ਦੇ ਸਕੂਲਾਂ ਦਾ ਸੁਧਾਰ ਕੀਤਾ ਹੈ। ਭੀੜ ਨੇ ਉਸ ਨੂੰ ਇਹ ਕਹਿੰਦੇ ਹੋਏ ਘੇਰ ਲਿਆ ਕਿ ਕੀ ਉਹ ਨਿੱਜੀ ਤੌਰ ‘ਤੇ ਕਿਸੇ ਸਕੂਲ ਦੇ ਅੰਦਰ ਗਿਆ ਹੈ? ਅਗਲੇ ਹੀ ਪਲ ਤਣਾਅ ਵਧਣ ਲੱਗਾ। ਗੱਲਬਾਤ ਦੇ ਪੰਜ ਮਿੰਟ ਬਾਅਦ ਹੀ ਭੀੜ ਨੇ ਸਪੀਕਰ ਨੂੰ ਜਹਾਦੀ ਕਹਿ ਕੇ ਉਸ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ। ਮਹਿਲਾ ਰਿਪੋਰਟਰ ਜੋ ਗੱਲਬਾਤ ਦਾ ਨਿਰਦੇਸ਼ਨ ਕਰ ਰਹੀ ਸੀ, ਹਿੰਸਾ ਦੇ ਡਰੋਂ ਪਾਸੇ ਹਟ ਗਈ। ਕੈਮਰਾ ਬੰਦ ਕਰ ਦਿੱਤਾ ਗਿਆ ਅਤੇ ਛੋਟੀ ਹੁੱਲੜਬਾਜ਼ ਭੀੜ ਨੇ ਮੁਸਲਮਾਨ ਵਿਅਕਤੀ ਨੂੰ ਭਜਾ ਦਿੱਤਾ। ਇਸ ਤੋਂ ਬਾਅਦ ਚੈਨਲ ਨੇ ਉਸ ਮੰਡਲੀ ਦੇ ਸਭ ਤੋਂ ਵੱਧ ਬੋਲਣ ਵਾਲੇ ਮੈਂਬਰਾਂ ਨਾਲ ਹੋਰ ਇੰਟਰਵਿਊ ਕੀਤੀਆਂ ਜੋ ਸਾਰੇ ਹਿੰਦੂ ਸਨ।
ਅਸੀਂ ਕੋਲ ਖੜ੍ਹੇ ਇਕ ਆਦਮੀ ਨੂੰ ਪੁੱਛਿਆ ਕਿ ਕੀ ਆਮ ਤੌਰ ‘ਤੇ ਅਜਿਹੀ ਹੀ ਹੁੱਲੜਬਾਜ਼ੀ ਹੁੰਦੀ ਹੈ? ਉਸ ਨੇ ਕਿਹਾ, “ਇਸ ਵਾਰ ਕਿਸੇ ਨੂੰ ਥੱਪੜ ਜਾਂ ਮਾਰ ਨਹੀਂ ਪਈ।” ਉਸ ਨੇ ਦੱਸਿਆ ਕਿ ਉਹ ਨੇੜਲੇ ਹੋਟਲ ਵਿਚ ਕੰਮ ਕਰਦਾ ਹੈ ਅਤੇ ਆਮ ਤੌਰ ‘ਤੇ ਹਰ ਸ਼ਾਮ ਨੂੰ ਇੱਥੇ ਨਾਟਕ ਦੇਖਣ ਆਉਂਦਾ ਹੈ। ਚੈਨਲ ਕੋਈ ਵੀ ਹਿੰਸਾ ਸ਼ੁਰੂ ਹੋਣ ਤੋਂ ਪਹਿਲਾਂ ਆਪਣੇ ਕੈਮਰੇ ਬੰਦ ਕਰਨ ‘ਚ ਮਾਹਰ ਹੋ ਗਏ ਹਨ। ਉਹ ਭਾਵੇਂ ਮੁਸਲਮਾਨ ਸੀ, ਉਸ ਨੇ ਕਿਹਾ ਕਿ ਬਹਿਸ ਨੇ ਉਸ ਨੂੰ ਪ੍ਰੇਸ਼ਾਨ ਨਹੀਂ ਕੀਤਾ ਕਿਉਂਕਿ ਉਹ ਉੱਥੇ ਬੋਲਣ ਵਾਲੇ ਕਿਸੇ ਵੀ ਵਿਅਕਤੀ ਨੂੰ ਮਹੱਤਵ ਨਹੀਂ ਦਿੰਦਾ ਸੀ। ਮੈਨੂੰ ਇਹ ਸਿਰਫ਼ ਮਜ਼ੇਦਾਰ ਲੱਗਦਾ ਹੈ। ਅਸੀਂ ਉਸ ਹੋਟਲ ਮੁਲਾਜ਼ਮ ਵਰਗੇ ਹੋਰ ਗਵਾਹਾਂ ਨੂੰ ਵੀ ਮਿਲੇ ਜੋ ਬਾਕਾਇਦਗੀ ਨਾਲ ਉੱਥੇ ਆਉਂਦੇ ਹਨ।
ਵਿਕਾਸ ਚੰਦਰ ਗੁਪਤਾ ਪਹਾੜਗੰਜ ਸਥਿਤ ਸੈਮ ਬਾਰ ਦੇ ਜਨਰਲ ਮੈਨੇਜਰ ਹਨ। ਉਸ ਨੇ ਸਾਨੂੰ ਦੱਸਿਆ, “ਮੈਂ ਹਰ ਸ਼ਾਮ ਕੰਮ ਛੇਤੀ ਬੰਦ ਕਰ ਦਿੰਦਾ ਹਾਂ ਤਾਂ ਜੋ ਆ ਕੇ ਇਸ ਨੂੰ ਦੇਖ ਸਕਾਂ। ਮੈਂ ਕਦੇ ਅਖ਼ਬਾਰ ਨਹੀਂ ਪੜ੍ਹਦਾ ਜਾਂ ਟੀ.ਵੀ. ਉੱਪਰ ਖ਼ਬਰਾਂ ਨਹੀਂ ਦੇਖਦਾ। ਇਹ ਮੇਰੇ ਲਈ ਇਹ ਸਮਝਣ ਲਈ ਕਾਫ਼ੀ ਹੈ ਕਿ ਸਾਡੇ ਮੁਲਕ ਵਿਚ ਅਸਲ ਵਿਚ ਹੋ ਕੀ ਰਿਹਾ ਹੈ। ਇਹ ਕੰਮ ਤੋਂ ਬਾਅਦ ਮੇਰੀ ਜ਼ਿੰਦਗੀ ਹੈ।” ਉਸ ਨੇ ਸਾਨੂੰ ਬਾਕਾਇਦਗੀ ਨਾਲ ਆਉਣ ਵਾਲੇ ਭੂਦੇਵ ਸ਼ਰਮਾ ‘ਮਾਸਟਰ ਜੀ’ ਨੂੰ ਮਿਲਾਇਆ। ਭੂਦੇਵ ਸ਼ਰਮਾ ਦਿੱਲੀ ਦੀ ਪੂਰਬੀ ਸਰਹੱਦ ‘ਤੇ ਸਥਿਤ ਕਰਾਵਲ ਨਗਰ ਦੇ ਕਿਸੇ ਪ੍ਰਾਈਵੇਟ ਸਕੂਲ ਵਿਚ ਘੱਟ ਤਨਖ਼ਾਹ ‘ਤੇ ਅਰਥਸਾਸ਼ਤਰ ਦਾ ਅਧਿਆਪਕ ਹੈ ਜੋ ਆਪਣੀ ਟਿਊਸ਼ਨ ਖ਼ਤਮ ਕਰਨ ਤੋਂ ਬਾਅਦ ਹਰ ਸ਼ਾਮ ਇਕ ਘੰਟੇ ਦਾ ਮੈਟਰੋ ਦਾ ਸਫ਼ਰ ਕਰ ਕੇ ਪਾਲਿਕਾ ਬਾਜ਼ਾਰ ਆਉਂਦਾ ਹੈ। ਉਹ ਨਿਮਰ ਸੁਭਾਅ ਦਾ ਅਤੇ ਮਿੱਠ ਬੋਲੜਾ ਹੈ ਪਰ ਜਿਉਂ ਹੀ ਉਹ ਕੈਮਰੇ ਦੇ ਸਾਹਮਣੇ ਗਿਆ, ਉਹ ਬਿਲਕੁਲ ਵੱਖਰਾ ਸ਼ਖ਼ਸ ਸੀ। ਉਨ੍ਹਾਂ ਨੇ ਆਪਣੀਆਂ ਉਂਗਲਾਂ ‘ਤੇ ਵੱਖ-ਵੱਖ ਧਾਰਮਿਕ ਗ੍ਰੰਥਾਂ ਦੀ ਸੂਚੀ ਬਣਾ ਕੇ ਹਾਜ਼ਰੀਨ ਨੂੰ ਸਮਝਾਇਆ ਕਿ ਇਸਲਾਮ ਅਤਿਵਾਦ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਦਾ ਹੈ ਤੇ ਕਿਸੇ ਵੀ ਸਵਾਲ ਨੂੰ ਕਿਸੇ ਤਣ-ਪੱਤਣ ਨਹੀਂ ਲੱਗਣ ਦਿੰਦਾ।
ਪਾਲਿਕਾ ਦੇ ਅਸਥਿਰ ਵਾਦ-ਵਿਵਾਦ ਵਿਚ ਸ਼ਾਮਿਲ ਕਈ ਬੁਲਾਰੇ ਸਕੂਲੀ ਪੜ੍ਹਾਈ ਦੇ ਆਖ਼ਰੀ ਸਾਲਾਂ ਵਿਚ ਪੜ੍ਹ ਰਹੇ ਨਾਬਾਲਗ ਹਨ। ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਕੁਝ ਨੇ ਆਪਣੀ ਖ਼ੁਦ ਦੀ ਫਾਲੋਇੰਗ ਵਧਾ ਲਈ ਹੈ। ਇਕ ਅਜਿਹਾ ਹੀ ਨਾਬਾਲਗ ਜਿਸ ਨੂੰ ਆਪਣੇ ਵੀਡੀਓ ਵਿਚ ‘ਰਾਸ਼ਟਰਵਾਦੀ’ ਵਜੋਂ ਜਾਣਿਆ ਜਾਂਦਾ ਹੈ, ਉਸ ਦਿਨ ਕਈ ਯੂਟਿਊਬ ਚੈਨਲਾਂ ਉੱਪਰ ਬਾਈਟ ਦੇ ਰਿਹਾ ਸੀ। ਉਸ ਦੀ ਮਸ਼ਹੂਰੀ ਇਕ ਵਾਇਰਲ ਵੀਡੀਓ ਨਾਲ ਹੋਈ ਜਿਸ ਵਿਚ ਉਹ ਦਿੱਲੀ ਦੇ ਲੋਕਾਂ ਨੂੰ ਮੁਫ਼ਤ ਪਾਣੀ ਅਤੇ ਸਬਸਿਡੀ ਵਾਲੀ ਬਿਜਲੀ ਦੇ ਬਦਲੇ ਵੋਟ ਪਾਉਣ ਲਈ ਜਲੀਲ ਕਰਦੇ ਹੋਏ ਦਿਖਾਈ ਦੇ ਰਿਹਾ ਸੀ, ਜਦੋਂ ਕਿ “ਉੱਤਰ ਪ੍ਰਦੇਸ਼ ਦੇ ਲੋਕ ‘ਬੁਲਡੋਜਰ ਦਾ ਆਨੰਦ ਮਾਣ ਰਹੇ ਸਨ”। ਅਸੀਂ ਉਸ ਦੀ ਅਸਲੀ ਵੀਡੀਓ ਨੂੰ ਲੱਭ ਨਹੀਂ ਸਕੇ ਪਰ ਜਦੋਂ ਵੀ ਮੁਸਲਿਮ ਬਹੁਗਿਣਤੀ ਵਾਲੇ ਇਲਾਕਿਆਂ ਵਿਰੁੱਧ ਮਕਾਨ ਢਾਹੁਣ ਦਾ ਆਦੇਸ਼ ਦਿੱਤਾ ਜਾਂਦਾ ਹੈ ਤਾਂ ਇਹ ਵੀਡੀਓ ਸੋਸ਼ਲ ਮੀਡੀਆ ਉੱਪਰ ਦੁਬਾਰਾ ਅਪਲੋਡ ਹੋ ਜਾਂਦਾ ਹੈ।
ਜਿਸ ਰਾਤ ਅਸੀਂ ਉੱਥੇ ਗਏ, ਇਕ ਵਧੇਰੇ ਤਜਰਬੇਕਾਰ ਸੱਜੇ ਪੱਖੀ ਬੁਲਾਰਾ ‘ਰਾਸਟਰਵਾਦੀ’ ਨੂੰ ਇਕ ਪਾਸੇ ਲੈ ਗਿਆ ਅਤੇ ਉਸ ਨੂੰ ਸਿਖਾਇਆ ਕਿ ਹਰ ਸ਼ੂਟ ਤੋਂ ਪਹਿਲਾਂ ਕੀ ਕਹਿਣਾ ਹੈ। ਜੇ ਉਹ ਸਕ੍ਰਿਪਟ ਤੋਂ ਭਟਕ ਜਾਂਦਾ- ਅਕਸਰ ਨਾਅਰੇ ਲਗਾਉਣ ਜਾਂ ਗਾਲੀ-ਗਲੋਚ ਕਰਨ ਲਈ ਜਿਸ ਨੂੰ ਦਰਸ਼ਕ ਚੰਗਾ ਨਹੀਂ ਸਮਝਦੇ ਤਾਂ ਕੈਮਰੇ ਬੰਦ ਹੋਣ ਤੋਂ ਬਾਅਦ ਉਸ ਨੂੰ ਡਾਂਟਿਆ ਜਾਂਦਾ ਸੀ। ਜਦੋਂ ਅਸੀਂ ਖ਼ਬਰ ਇੰਡੀਆ ਦੇ ਮਾਲਕ-ਸੰਪਾਦਕ ਸੁਸ਼ੀਲ ਚੌਧਰੀ ਨੂੰ ਪੁੱਛਿਆ ਕਿ ਉਹ ਹਰ ਦੂਜੇ ਬਾਕਸ-ਪੌਪ ਵੀਡੀਓ ਵਿਚ ਇਕ ਹੀ ਬੁਲਾਰਾ ਕਿਉਂ ਹੁੰਦਾ ਹੈ ਤਾਂ ਉਸ ਨੇ ਕਿਹਾ, “ਇਸ ਦਾ ਕਾਰਨ ਇਹ ਹੈ ਕਿ ਉਹ ਖ਼ਾਸ ਵਿਸ਼ਿਆਂ ‘ਤੇ ਵਧੀਆ ਬੋਲਦੇ ਹਨ।”
ਇਨ੍ਹਾਂ ਯੂਟਿਊਬ ਚੈਨਲਾਂ ਦੀ ਮਸ਼ਹੂਰੀ ਦੇ ਕੇਂਦਰ ‘ਚ ਅਜਿਹੇ ਬਾਕਾਇਦਾ ਬੁਲਾਰੇ ਹਨ ਜਿਵੇਂ ਉਹ ਨਾਬਾਲਗ। ਉਨ੍ਹਾਂ ਨੂੰ ਸ਼ਾਇਦ ਹੀ ਨਾਮ ਲੈ ਕੇ ਪੇਸ਼ ਕੀਤਾ ਜਾਂਦਾ ਹੈ ਪਰ ਉਹ ਸੌਖਿਆਂ ਹੀ ਸਟੀਰੀਓ ਟਾਈਪ ਬਹਿਸਾਂ ਵਿਚ ਪੈ ਜਾਂਦੇ ਹਨ। ‘ਰਾਸ਼ਟਰਵਾਦੀ’ ਨਾਰਾਜ਼ ਨੌਜਵਾਨਾਂ ਦੀ ਨੁਮਾਇੰਦਗੀ ਕਰਦਾ ਹੈ ਜੋ ਬਿਸ਼ਟ (ਅਦਿੱਤਿਆਨਾਥ) ਦੀ ਤਾਰੀਫ਼ ਕਰਦੇ ਹਨ ਅਤੇ ਮਹਿਸੂਸ ਕਰਦੇ ਹਨ ਕਿ ਸਰਕਾਰ ਨੂੰ ਮੁਸਲਮਾਨਾਂ ਵਿਰੁੱਧ ਵਧੇਰੇ ਸਖ਼ਤ ਰੁਖ ਅਪਣਾਉਣਾ ਚਾਹੀਦਾ ਹੈ। ‘ਮਾਸਟਰ ਜੀ’ ਜ਼ਰੂਰੀ ਸੇਵਾਵਾਂ ਮੁਹੱਈਆ ਕਰਨ ਵਿਚ ਰਾਜ ਸਰਕਾਰ ਦੀਆਂ ਨਾਕਾਮੀਆਂ ਤੋਂ ਨਾਰਾਜ਼ ਮੱਧ-ਵਰਗੀ ਵਿਅਕਤੀ ਨੂੰ ਦਰਸਾਉਂਦੇ ਹਨ ਜਾਂ ਅਸੰਤੁਸ਼ਟ ਅਧਿਆਪਕ ਦੀ ਨੁਮਾਇੰਦਗੀ ਕਰਦੇ ਹਨ ਜਿਸ ਨੂੰ ਸ਼ਿਕਾਇਤ ਹੈ ਕਿ ਨੌਜਵਾਨਾਂ ਦਾ ਦਿਮਾਗ ਕਿਵੇਂ ਧੋਇਆ ਜਾ ਰਿਹਾ ਹੈ। ਪਾਤਰਾਂ ਦੇ ਇਸ ਆਮ ਵਰਗ ਵਿਚ ਹੋਰ ‘ਮੁਸਲਿਮ ਬਹਿਨ’, ‘ਰਾਸ਼ਟਰਵਾਦੀ ਮੌਲਵੀ’, ‘ਅਸਲ ਕਿਸਾਨ’ ਅਤੇ ‘ਹਰਿਆਣਵੀ ਲੜਕਾ’ ਹਨ।
ਇਨ੍ਹਾਂ ਵਿਚੋਂ ਕਈ ਭਾਜਪਾ ਆਗੂਆਂ ਦੇ ਨੇੜੇ ਹਨ। ਇਕ ਵਿਅਕਤੀ ਨੂੰ ਅਕਸਰ ‘ਸ਼ਾਰਪ ਟੀਨਏਜਰ’ ਦੇ ਰੂਪ ‘ਚ ਪੇਸ਼ ਕੀਤਾ ਜਾਂਦਾ ਹੈ ਜਿਸ ਨੂੰ ਅਕਸਰ ਖ਼ਬਰ ਇੰਡੀਆ, ਓ ਨਿਊਜ਼ ਹਿੰਦੀ, ਹੈੱਡਲਾਈਨਜ਼ ਇੰਡੀਆ ਅਤੇ ਦਿ ਨਿਊਜ਼ਪੇਪਰ ਦੇ ਵੀਡੀਓ ਵਿਚ ਦੇਖਿਆ ਜਾਂਦਾ ਹੈ। ਉਹ ਨਿਊਜ਼18 ਦੇ ‘ਭਈਆਜੀ’ ਵਿਚ ਵੀ ਨਜ਼ਰ ਆ ਚੁੱਕਾ ਹੈ। ਆਪਣੇ ਇਕ ਵੀਡੀਓ ਵਿਚ ਉਹ “ਭਾਰਤ ਮਾਤਾ ਦੀ ਜੈ” ਦਾ ਜਾਪ ਕਰਨ ਲਈ ਬਜ਼ੁਰਗ ਮੁਸਲਮਾਨ ਨੂੰ ਧਮਕਾਉਂਦੇ ਹੋਏ ਇਕ ਟੋਲੀ ਦੀ ਅਗਵਾਈ ਕਰਦਾ ਨਜ਼ਰ ਆ ਰਿਹਾ ਹੈ। ‘ਸ਼ਾਰਪ ਟੀਨਏਜਰ’ ਦੀ ਰਿਵਰਸ ਇਮੇਜ ਖੋਜ ਕਰਨ ‘ਤੇ ਸਾਨੂੰ ਉਸ ਦਾ ਨਾਂ ਅਤੇ ਸੋਸ਼ਲ ਮੀਡੀਆ ਹੈਂਡਲ ਮਿਲ ਗਏ। ਇਸ 16 ਸਾਲਾ ਨੌਜਵਾਨ ਨੇ ਭਾਜਪਾ ਦੀ ਦਿੱਲੀ ਇਕਾਈ ਦੇ ਪ੍ਰਧਾਨ ਆਦੇਸ਼ ਕੁਮਾਰ ਗੁਪਤਾ ਸਮੇਤ ਕਈ ਸੀਨੀਅਰ ਭਾਜਪਾ ਆਗੂਆਂ ਅਤੇ ਸੰਸਦ ਮੈਂਬਰਾਂ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹੋਈਆਂ ਹਨ। ਉਨ੍ਹਾਂ ਦੀਆਂ ਸਾਰੀਆਂ ਤਾਜ਼ਾ ਪੋਸਟਾਂ ਸ਼ਹਿਰ ਦੀਆਂ ਮਿਉਂਸਪਲ ਚੋਣਾਂ ਵਿਚ ਪਾਰਟੀ ਲਈ ਘਰ-ਘਰ ਜਾ ਕੇ ਪ੍ਰਚਾਰ ਕਰਨ ਦੀਆਂ ਹਨ।
‘ਮੁਸਲਿਮ ਬਹਿਨ’ ਦੀ ਭੂਮਿਕਾ ਅਕਸਰ ਨਿਗਤ ਅੱਬਾਸ ਨਿਭਾਉਂਦੀ ਹੈ ਜੋ ਭਾਜਪਾ ਦੀ ਅਧਿਕਾਰਕ ਵਕਤਾ ਹੈ। ਅਗਸਤ 2020 ‘ਚ ਪਿਆਰਾ ਹਿੰਦੁਸਤਾਨ ਨੇ ਅੱਬਾਸ ਨਾਲ ਵੀਡੀਓ ਇੰਟਰਵਿਊ ਪਾਈ ਸੀ ਜਿਸ ਦਾ ਸਿਰਲੇਖ ਸੀ, “15 ਅਗਸਤ ਨੂੰ ਇਸ ਮੁਸਲਿਮ ਭੈਣ ਨੇ ਪ੍ਰਧਾਨ ਮੰਤਰੀ ਮੋਦੀ-ਯੋਗੀ ਦੀ ਦਰਿਆਦਿਲੀ ਨਾਲ ਕੀਤੀ ਤਾਰੀਫ਼, ਓਵੈਸੀ ਕਾਂਗਰਸ ਨੂੰ ਹਿਲਾ ਦਿੱਤਾ।” ਪਿਆਰਾ ਹਿੰਦੁਸਤਾਨ ਦੀ ਪੇਸ਼ਕਸ਼ ਦੇ ਉਲਟ ਇਸੇ ਮਾਹੌਲ ਦੇ ਹੋਰ ਚੈਨਲਾਂ ਦੀਆਂ ਘੱਟੋ-ਘੱਟ ਕੁਝ ਵੀਡੀਓ ਵਿਚ ਉਸ ਦਾ ਨਾਮ ਲਿਆ ਗਿਆ ਹੈ। ਮਿਸਾਲ ਲਈ, ਓ ਨਿਊਜ਼ ਹਿੰਦੀ ਦਾ ਇਕ ਵੀਡੀਓ ਹੈ ਜਿਸ ਦਾ ਸਿਰਲੇਖ ਹੈ- ‘ਓਵੈਸੀ ਨੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਦਿੱਤੀ ਚੁਣੌਤੀ, ਨਿਗਤ ਅੱਬਾਸ ਨੇ ਉਸ ਨੂੰ ਦਿਖਾਈ ਉਸ ਦੀ ਔਕਾਤ’। ਕਿਸੇ ਵੀ ਵੀਡੀਓ ਵਿਚ ਇਸ ਗੱਲ ਦਾ ਜ਼ਿਕਰ ਨਹੀਂ ਹੈ ਕਿ ਅੱਬਾਸ ਪਾਰਟੀ ਦੀ ਬੁਲਾਰਾ ਹੈ। ਇਹ ਖ਼ਾਸ ਤਰੀਕਾ ਯੂਟਿਊਬ ਚੈਨਲਾਂ ਤੋਂ ਵੀ ਅੱਗੇ ਫੈਲਿਆ ਹੋਇਆ ਹੈ। ਆਜਤੱਕ ਨੇ ਨਿਗਤ ਅੱਬਾਸ ਨੂੰ ਕਈ ਸ਼ੋਆਂ ਦੇ ਪੈਨਲ ਵਿਚ ‘ਸਮਾਜਿਕ ਕਾਰਕੁਨ’ ਵਜੋਂ ਪੇਸ਼ ਕੀਤਾ ਹੈ। ਨਿਊਜ਼18 ਇੰਡੀਆ ਦੇ ‘ਭਈਆਜੀ ਕਹਿਨ’ ਉੱਪਰ ਉਸ ਨੂੰ ‘ਰਾਜਨੀਤਕ ਵਿਸ਼ਲੇਸ਼ਕ’ ਵਜੋਂ ਪੇਸ਼ ਕੀਤਾ ਜਾਂਦਾ ਹੈ। ਅੱਬਾਸ ਨੇ ਸਾਨੂੰ ਦੱਸਿਆ ਕਿ ਉਹ ਭਾਜਪਾ ਦੀ ਬੁਲਾਰਾ ਸੀ ਪਰ ਉਹ “ਐੱਨ.ਜੀ.ਓ. ‘ਇਸਤਰੀ ਰੋਸ਼ਨੀ’ ਚਲਾਉਂਦੀ ਹੈ ਜਿਸ ਤਹਿਤ ਮੈਂ ਅਤੇ ਮੇਰੀ ਟੀਮ ਮੁਸਲਿਮ ਔਰਤਾਂ ਦੀ ਭਲਾਈ ਲਈ ਕੰਮ ਕਰ ਰਹੇ ਹਾਂ ਅਤੇ ਇਸੇ ਲਈ ਉਹ ਅਕਸਰ ਮੈਨੂੰ ਸਮਾਜੀ ਕਾਰਕੁਨ ਦੇ ਤੌਰ ‘ਤੇ ਪੇਸ਼ ਕਰਦੇ ਹਨ।” ਉਸ ਨੇ ਇਹ ਵੀ ਕਿਹਾ, “ਪੱਤਰਕਾਰ ਮੇਰੇ ਨਾਲ ਫ਼ੋਨ ਜਾਂ ਸੋਸ਼ਲ ਮੀਡੀਆ ‘ਤੇ ਜੁੜੇ ਹੋਏ ਹਨ ਜਿੱਥੇ ਇਹ ਸਪੱਸ਼ਟ ਲਿਖਿਆ ਹੈ ਕਿ ਮੈਂ ਭਾਜਪਾ ਦੀ ਬੁਲਾਰਾ ਹਾਂ।” ਨਾ ਤਾਂ ਆਜਤੱਕ ਅਤੇ ਨਾ ਹੀ ਨਿਊਜ਼18 ਨੇ ਅੱਬਾਸ ਦੀ ਕਵਰੇਜ ਬਾਰੇ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੱਤਾ।
ਅਵਸਥੀ ਨੇ ਇਸ ਗੱਲ ਤੋਂ ਨਾ ਤਾਂ ਇਨਕਾਰ ਕੀਤਾ ਕਿ ਵੀਡੀਓ ਭਰਮਾਊ ਸਨ, ਨਾ ਹੀ ਕੋਈ ਬਹਾਨਾ ਬਣਾਇਆ। ਉਸ ਨੇ ਕਿਹਾ, “ਅਸੀਂ ਨਾਮ ਨਹੀਂ ਵਰਤਦੇ ਕਿਉਂਕਿ ਇਸ ਨਾਲ ਸਾਨੂੰ ਵਧੇਰੇ ਦਰਸ਼ਕ ਮਿਲਦੇ ਹਨ। ਇਸ ਤਰ੍ਹਾਂ ਦੇ ਸਿਰਲੇਖਾਂ ਨਾਲ ਦਰਸ਼ਕਾਂ ‘ਚ ਉਨ੍ਹਾਂ ਬਾਰੇ ਜਾਨਣ ਦਾ ਉਤਸ਼ਾਹ ਪੈਦਾ ਹੁੰਦਾ ਹੈ ਅਤੇ ਉਨ੍ਹਾਂ ਨੂੰ ਵੀਡੀਓ ਨਾਲ ਜੋੜੀ ਰੱਖਣ ‘ਚ ਮਦਦ ਮਿਲਦੀ ਹੈ। ਇਸ ਵਿਚ ਇਕ ਸਰਪ੍ਰਾਈਜ਼ ਫੈਕਟਰ ਕੰਮ ਕਰਦਾ ਹੈ। ਜੇ ਸਾਨੂੰ ਪਹਿਲਾਂ ਹੀ ਪਤਾ ਲੱਗ ਜਾਵੇ ਕਿ ਉਹ ਭਾਜਪਾ ਦੀ ਬੁਲਾਰਾ ਹੈ ਤਾਂ ਕੋਈ ਨਿਗਤ ਅੱਬਾਸ ਦੀ ਵੀਡੀਓ ਕਿਉਂ ਦੇਖੇਗਾ? ਇਹ ਬਿਹਤਰ ਹੈ ਕਿ ਅਸੀਂ ਉਸ ਨੂੰ ‘ਮੁਸਲਿਮ ਬਹਿਨ’ ਵਜੋਂ ਪੇਸ਼ ਕਰੀਏ।
ਇਨ੍ਹਾਂ ਯੂਟਿਊਬਰ ਚੈਨਲਾਂ ਉੱਪਰ ਬੋਲਣ ਵਾਲਿਆਂ ਦੇ ਆਲੇ-ਦੁਆਲੇ ਛੋਟੇ-ਛੋਟੇ ਗੁੱਟ ਬਣ ਜਾਂਦੇ ਹਨ, ਭਾਵੇਂ ਉਹ ਸੱਤਾਧਾਰੀ ਪਾਰਟੀ ਦੇ ਅਹੁਦੇਦਾਰ ਹੋਣ ਜਾਂ ਛੋਟੇ ਪ੍ਰਭਾਵਸ਼ਾਲੀ ਬੰਦੇ ਜੋ ਵਾਇਰਲ ਵੀਡੀਓ ਤੋਂ ਬਾਅਦ ਮਸ਼ਹੂਰੀ ਲਈ ਇਸ ਵਿਚ ਕੁੱਦ ਪੈਂਦੇ ਹਨ। ਇਹ ਹੱਲਾਸ਼ੇਰੀ ਬਹੁਤ ਸਾਰੇ ਲੋਕਾਂ ਨੂੰ ਹਿੰਦੂ ਜਨਤਾ ਦੀ ਬੇਬਾਕ ਆਵਾਜ਼ ਬਣਨ ਲਈ ਖਿੱਚਣ ਵਾਸਤੇ ਕਾਫ਼ੀ ਹੈ, ਅਜਿਹੀ ਆਵਾਜ਼ ਜਿਸ ਨੂੰ ਮੁੱਖਧਾਰਾ ਮੀਡੀਆ ਦੁਆਰਾ ਕਥਿਤ ਤੌਰ ‘ਤੇ ਖ਼ਾਮੋਸ਼ ਕਰ ਦਿੱਤਾ ਗਿਆ ਹੈ।
ਇਹ ਚੈਨਲ ਭਾਜਪਾ ਦੇ ਅਹੁਦੇਦਾਰਾਂ ਨੂੰ ਸੜਕਾਂ ਉੱਪਰਲੇ ਆਮ ਲੋਕਾਂ ਦੇ ਰੂਪ ਵਿਚ ਪੇਸ਼ ਕਰਦੇ ਹਨ। 2020-21 ਦੇ ਕਿਸਾਨ ਪ੍ਰਦਰਸ਼ਨਾਂ ਦੌਰਾਨ ਦੀ ਨਿਊਜ਼ਪੇਪਰ ਅਤੇ ਖ਼ਬਰ ਇੰਡੀਆ ਦੁਆਰਾ ਬਣਾਏ ਵੀਡੀਓ ਇਸ ਦੀਆਂ ਵਧੀਆ ਮਿਸਾਲਾਂ ਹਨ (ਇਕੱਲੇ ਖ਼ਬਰ ਇੰਡੀਆ ‘ਚ ਕਿਸਾਨਾਂ ਦੇ ਵਿਰੋਧ ਉੱਪਰ ਦੋ ਪਲੇਅਲਿਸਟਾਂ ਹਨ ਜਿਨ੍ਹਾਂ ‘ਚ 267 ਅਤੇ 123 ਵੀਡੀਓ ਹਨ)। ਇਸ ਦਾ ਉਦੇਸ਼ ਇਹ ਦਰਸਾਉਣਾ ਸੀ ਕਿ ਕਿਸਾਨ ਅੰਦੋਲਨ ਮਾਓਵਾਦੀ, ਇਸਲਾਮੀ ਜਾਂ ਸਿੱਖ ਕੱਟੜਪੰਥ ਲਈ ਮੋਰਚਾ ਸੀ ਅਤੇ ਇਸ ਨੂੰ ਆਮ ਕਿਸਾਨਾਂ ਦੀ ਕੋਈ ਹਮਾਇਤ ਨਹੀਂ ਮਿਲੀ ਜਦੋਂ ਕਿ ਦੀ ਨਿਊਜ਼ਪੇਪਰ ਦੇ ਕੁਝ ਵੀਡੀਓ ਵਧੇਰੇ ਦੂਰਗਾਮੀ ਦਾਅਵੇ ਕਰਦੇ ਦਿਖਾਈ ਦਿੱਤੇ- ਇਕ ਵੀਡੀਓ ਦੇ ਇਕ ਥੰਬਨੇਲ ਵਿਚ ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਸਾਬਕਾ ਪੋਰਨ-ਫਿਲਮ ਸਟਾਰ ਮੀਆ ਖ਼ਲੀਫ਼ਾ ਦਰਮਿਆਨ ਲੁਕਵੇਂ ਸਬੰਧਾਂ ਨੂੰ ਬੇਨਕਾਬ ਕਰਨ ਦਾ ਵਾਅਦਾ ਕੀਤਾ ਗਿਆ ਹੈ- ਉਹਨਾਂ ਦੀ ਬਾਕਾਇਦਾ ਸਮੱਗਰੀ ਜੋ ਬਹੁਤ ਜ਼ਿਆਦਾ ਮਕਬੂਲ ਸੀ, ਉਹ ‘ਕ੍ਰੋਧਿਤ ਕਿਸਾਨਾਂ’ ਦੇ ਵੌਕਸ-ਪੌਪ ਸਨ।
ਜਨਵਰੀ 2021 ਦੇ ਅਖ਼ੀਰ ‘ਚ, ਉੱਤਰ ਪ੍ਰਦੇਸ਼ ਦੇ ਨਾਲ ਦਿੱਲੀ ਦੀ ਸਰਹੱਦ ਉੱਪਰ ਗਾਜ਼ੀਪੁਰ ਧਰਨਾ ਸਥਾਨ ‘ਤੇ ਮੁਜ਼ਾਹਰਾ ਕਰ ਰਹੇ ਕਿਸਾਨਾਂ ਦੀ ਗਿਣਤੀ ਘਟ ਰਹੀ ਸੀ। ਗਾਜ਼ੀਆਬਾਦ ਜ਼ਿਲ੍ਹਾ ਪ੍ਰਸ਼ਾਸਨ ਨੇ ਮੁਜ਼ਾਹਰਾਕਾਰੀਆਂ ਨੂੰ ਅਲਟੀਮੇਟਮ ਤੋਂ ਬਾਅਦ ਦਿੱਲੀ ਅਤੇ ਉੱਤਰ ਪ੍ਰਦੇਸ਼ ਦੀਆਂ ਪੁਲਿਸ ਫੋਰਸਾਂ ਨੇ ਧਰਨੇ ਵਾਲੀ ਜਗ੍ਹਾ ਦੇ ਆਲੇ-ਦੁਆਲੇ ਵੱਡੀ ਪੱਧਰ ‘ਤੇ ਨਵੀਂ ਤਾਇਨਾਤੀ ਕੀਤੀ। 28 ਜਨਵਰੀ ਨੂੰ ਅੰਦੋਲਨ ਦੇ ਪੱਧਰ ਦੀ ਸਭ ਤੋਂ ਵੱਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ (ਟਿਕੈਤ) ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੂੰ ਭਾਵੁਕ ਅਪੀਲ ਕੀਤੀ ਜੋ ਅਗਲੇ ਦਿਨ ਤੱਕ ਹਜ਼ਾਰਾਂ ਦੀ ਗਿਣਤੀ ਵਿਚ ਧਰਨੇ ਵਿਚ ਸ਼ਾਮਲ ਹੋ ਗਏ।
ਸਿੰਘੂ ਬਾਰਡਰ ਤੋਂ ਖ਼ਬਰ ਇੰਡੀਆ ਦਾ 29 ਜਨਵਰੀ ਦਾ ਵੌਕਸ-ਪੌਪ ਵੀਡੀਓ, ਚਾਲੀ ਨੇੜਲੇ ਪਿੰਡਾਂ ਦੇ ਸਥਾਨਕ ਲੋਕਾਂ ਨੂੰ ਦਿਖਾਉਣ ਦਾ ਦਾਅਵਾ ਕਰਦਾ ਹੈ ਜਿਨ੍ਹਾਂ ਨੇ ਪਹਿਲਾਂ ਧਰਨੇ-ਪ੍ਰਦਰਸ਼ਨ ਦੀ ਹਮਾਇਤ ਕੀਤੀ ਸੀ ਪਰ ਬਾਅਦ ਵਿਚ ਉਹ ਉਨ੍ਹਾਂ ਦੇ ਵਿਰੁੱਧ ਹੋ ਗਏ ਕਿਉਂਕਿ ਧਰਨੇ-ਪ੍ਰਦਰਸ਼ਨ ‘ਰਾਸ਼ਟਰ ਵਿਰੋਧੀ ਕਾਰਵਾਈਆਂ’ ਨੂੰ ਉਤਸ਼ਾਹਿਤ ਕਰ ਰਹੇ ਸਨ। ਇਸ ਪ੍ਰੋਗਰਾਮ ਦੀ ਕਵਰੇਜ ਕਰ ਰਹੇ ਖ਼ਬਰ ਇੰਡੀਆ ਦੇ ਰਿਪੋਰਟਰ ਨੇ ਦੱਸਿਆ ਕਿ ਸਥਾਨਕ ਲੋਕਾਂ ਨੇ ਧਰਨਾਕਾਰੀ ਕਿਸਾਨਾਂ ਨੂੰ ਧਰਨਾ ਖ਼ਤਮ ਕਰਨ ਲਈ 24 ਘੰਟਿਆਂ ਦਾ ਅਲਟੀਮੇਟਮ ਦਿੱਤਾ ਹੈ। ਵੀਡੀਓ ਵਿਚ ਇਕ ਸਥਾਨਕ ਵਿਅਕਤੀ ਨੇ ਕਿਹਾ, “ਇਨ੍ਹਾਂ ਲੋਕਾਂ ਨੇ ਦੰਗੇ ਫੈਲਾਏ ਹਨ ਅਤੇ ਸਾਡੇ ਮੁਲਕ ਦਾ ਅਪਮਾਨ ਕੀਤਾ ਹੈ, ਇਸ ਲਈ ਉਹ ਕਿਸਾਨ ਨਹੀਂ ਹੋ ਸਕਦੇ।” ਵੀਡੀਓ ਨੂੰ ਕਈ ਪਲੇਟਫਾਰਮਾਂ ‘ਤੇ ਵਿਆਪਕ ਤੌਰ ‘ਤੇ ਸਾਂਝਾ ਕੀਤਾ ਗਿਆ। ਇਕ ਹੋਰ ‘ਸਥਾਨਕ’ ਬੁਲਾਰਾ ਸੋਹਨ ਲਾਲ ਸੀ ਜੋ ਭਾਜਪਾ ਦੇ ਯੂਥ ਵਿੰਗ- ਭਾਰਤੀ ਜਨਤਾ ਯੁਵਾ ਮੋਰਚਾ ਦੀ ਦਿੱਲੀ ਇਕਾਈ ਦਾ ਆਗੂ ਸੀ। ਵੀਡੀਓ ਵਿਚ ਸੋਹਨ ਲਾਲ ਕਹਿੰਦਾ ਹੈ, “ਕਿਸਾਨ ਮੁਲਕ ਦੀ ਜਨਤਕ ਜਾਇਦਾਦ ਨੂੰ ਤਬਾਹ ਨਹੀਂ ਕਰੇਗਾ, ਫ਼ੌਜ ਦੇ ਜਵਾਨਾਂ ਨੂੰ ਨਹੀਂ ਮਾਰੇਗਾ ਅਤੇ ਪੁਲਿਸ ‘ਤੇ ਤਲਵਾਰਾਂ ਨਾਲ ਹਮਲਾ ਨਹੀਂ ਕਰੇਗਾ। ਕਿਸਾਨ ਆਪਣੇ ਹੱਕਾਂ ਲਈ ਸ਼ਾਂਤਮਈ ਢੰਗ ਨਾਲ ਵਿਰੋਧ ਪ੍ਰਦਰਸ਼ਨ ਕਰਦਾ ਹੈ। ਉਨ੍ਹਾਂ ਨੂੰ ਖ਼ਾਲਿਸਤਾਨ ਵੱਲੋਂ ਵੱਡੀ ਮਾਤਰਾ ‘ਚ ਫੰਡ ਮੁਹੱਈਆ ਕਰਵਾਏ ਜਾ ਰਹੇ ਹਨ।” ਫਿਰ ਵੀ ਇਨ੍ਹਾਂ ਵੀਡੀਓ ਵਿਚ ਇਕ ਹੋਰ ਬੁਲਾਰਾ ਵਿਨੋਦ ਸ਼ਰਮਾ ਹੈ ਜੋ ਸੁਦਰਸ਼ਨ ਵਾਹਿਨੀ ਨਾਂ ਦੀ ਅਤਿ-ਸੱਜੇਪੱਖੀ ਹਿੰਦੂ ਜਥੇਬੰਦੀ ਦੀ ਅਗਵਾਈ ਕਰਦਾ ਹੈ ਜਿਸ ਦਾ ਉਦੇਸ਼ ਮੁਸਲਮਾਨਾਂ ਦਾ ਆਰਥਿਕ ਬਾਈਕਾਟ ਕਰਨਾ ਹੈ। ਲਾਲ ਉਸ ਦਿਨ ਅਖ਼ਬਾਰਾਂ ਦੇ ਵੌਕਸ ਪੌਪ ਵਿਚ ਇਕ ਸਪੀਕਰ ਦੇ ਰੂਪ ਵਿਚ ਵੀ ਨਜ਼ਰ ਆਇਆ ਸੀ ਜਦੋਂ ਕਿ ਸ਼ਰਮਾ ਪਿੱਛੇ ਤੋਂ ਦੇਖ ਰਿਹਾ ਸੀ। ਕਿਸੇ ਵੀ ਵੀਡੀਓ ਵਿਚ ਉਨ੍ਹਾਂ ਦੀ ਸੱਤਾਧਾਰੀ ਪਾਰਟੀ ਨਾਲ ਸਿੱਧੇ ਸਿਆਸੀ ਲਿੰਕ ਨੂੰ ਸਪੱਸ਼ਟ ਨਹੀਂ ਕੀਤਾ ਗਿਆ। ਲਾਲ ਅਤੇ ਸ਼ਰਮਾ ਨੇ ਵੀਡੀਓ ਨਾਲ ਸਬੰਧਤ ਸਵਾਲਾਂ ਦੇ ਜਵਾਬ ਨਹੀਂ ਦਿੱਤੇ। ਭਾਜਪਾ ਦੇ ਯੁਵਾ ਮੋਰਚਾ ਨੇ ਵੀ ਸਵਾਲਾਂ ਦੇ ਜਵਾਬ ਨਹੀਂ ਦਿੱਤੇ।
ਉਸੇ ਦਿਨ ਬੀ.ਜੇ.ਪੀ. ਹਮਾਇਤੀਆਂ ਦੀ ਭੀੜ ਨੇ ਸਥਾਨਕ ਕਿਸਾਨਾਂ ਦੇ ਰੂਪ ‘ਚ ਸਿੰਘੂ ਬਾਰਡਰ ‘ਤੇ ਪੁਲਿਸ ਨਾਕਾ ਪਾਰ ਕੀਤਾ ਅਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਤੇ ਹਮਲਾ ਕੀਤਾ। ਦੋਵਾਂ ਪਾਸਿਆਂ ਦੇ ਕਈ ਵਿਅਕਤੀ ਜ਼ਖ਼ਮੀ ਹੋਏ। ਉਸ ਦਿਨ ਇਕ ਵੀਡੀਓ ਵਿਚ ਖ਼ਬਰ ਇੰਡੀਆ ਦੇ ਚੌਧਰੀ ਭੀੜ ਨੂੰ ਪੁੱਛਦੇ ਹਨ, “ਕੀ ਮੁਲਕ ਨੂੰ ਤੋੜਨ ਵਾਲਿਆਂ ਨੂੰ ਬਰਦਾਸ਼ਤ ਕੀਤਾ ਜਾਵੇਗਾ?” ਸਥਾਨਕ ਲੋਕਾਂ ਦੇ ਰੂਪ ‘ਚ ਪੇਸ਼ ਕੀਤੇ ਲੋਕ ਕਹਿੰਦੇ ਹਨ, “ਉਨ੍ਹਾਂ ਨੇ ਸਾਡੇ ਝੰਡੇ ਦਾ ਅਪਮਾਨ ਕੀਤਾ ਹੈ। ਅਸੀਂ ਯਕੀਨੀ ਤੌਰ ‘ਤੇ ਇਸ ਅਪਮਾਨ ਦਾ ਬਦਲਾ ਲਵਾਂਗੇ ਅਤੇ ਬਾਰਡਰ ਖਾਲੀ ਕਰਾਵਾਂਗੇ। ਜੈ ਸ੍ਰੀ ਰਾਮ। ਉਨ੍ਹਾਂ ਨੂੰ ਲਾਠੀਆਂ ਨਾਲ ਭਜਾ ਦਿੱਤਾ ਜਾਵੇਗਾ।” ਭੀੜ ਚੀਕਦੀ ਹੈ, “ਦੇਸ਼ ਕੇ ਗ਼ੱਦਾਰਾਂ ਕੋ ਗੋਲੀ ਮਾਰੋ….।” ਉਦੋਂ ਤੋਂ ਬਾਅਦ ਵੀਡੀਓ ਨੂੰ ਹਟਾ ਦਿੱਤਾ ਗਿਆ ਹੈ ਪਰ ਇਸ ਦੇ ਕੁਝ ਹਿੱਸੇ ਅਜੇ ਵੀ ਚੌਧਰੀ ਦੇ ਟਵਿੱਟਰ ਅਕਾਊਂਟ ‘ਤੇ ਮਿਲ ਜਾਂਦੇ ਹਨ। (ਚੱਲਦਾ)