ਕਲਮਾਂ ਵਾਲੀਆਂ: ਆਰ-ਪਾਰ ਦੀ ਥਾਂ ਵਿਚਕਾਰ ਡਟਣ ਵਾਲ਼ੀ ਬੀਬਾ ਕੁਲਵੰਤ

ਗੁਰਬਚਨ ਸਿੰਘ ਭੁੱਲਰ
ਫੋਨ: +9180763-63058
ਬੀਬਾ ਕੁਲਵੰਤ ਨੂੰ ਮੈਂ ਉਸ ਸਮੇਂ ਤੋਂ ਜਾਣਦਾ ਹਾਂ, ਜਦੋਂ ਸਾਹਿਤ ਦੇ ਖੇਤਰ ਵਿਚ ਸਵੇਰ ਦੀ ਪੌਣ ਵਰਗੀ ਉਹਦੀ ਆਉਂਦ ਦਾ ਜ਼ਿਕਰ ਤਾਂ ਹੋ ਹੀ ਰਿਹਾ ਸੀ, ਉਸ ਤੋਂ ਵੀ ਵੱਧ ਚਰਚੇ ਉਸ ਦੀ ਮੰਚ-ਅਦਾਕਾਰੀ ਦੇ ਛਿੜੇ ਹੋਏ ਸਨ। ਲੇਖਿਕਾ ਵਜੋਂ ਤਾਂ ਉਹ ਸੁਭਾਗੀ ਸੀ ਹੀ, ਜਿਸ ਦੀਆਂ ਮੁੱਢਲੀਆਂ ਕਹਾਣੀਆਂ ਹੀ ਪ੍ਰੰਸ਼ਸਾ ਦੇ ਪੁਰਸਕਾਰ ਉਹਦੀ ਝੋਲੀ ਵਿਚ ਪੁਆ ਰਹੀਆਂ ਸਨ, ਉਸ ਦੀ ਮੰਚ-ਕਲਾ ਦਾ ਜਾਦੂ ਵੀ ਮੂੰਹੋਂ ਬੋਲ ਰਿਹਾ ਸੀ। ਮੈਨੂੰ ਚੇਤੇ ਹੈ, ਇਕ ਵਾਰ ਜਦੋਂ ਮੈਂ ਉਸ ਦੀ ਇਕ ਨਵੀਂ ਛਪੀ ਕਹਾਣੀ ਦੀ ਸਿਫ਼ਤ ਆਪਣੇ ਇਕ ਮਿੱਤਰ ਕੋਲ ਕੀਤੀ ਤਾਂ ਉਹ ਬੋਲਿਆ, ਜੇ ਤੁਸੀਂ ਕਦੀ ਇਸ ਕੁੜੀ ਨੂੰ ਅਭਿਨੇਤਰੀ ਦੇ ਰੂਪ ਵਿਚ ਦੇਖੋਂ! ਉਸ ਦਾ ਕਹਿਣਾ ਸੀ ਕਿ ਬੀਬਾ ਆਪਣੀ ਵੇਸ-ਭੂਸ਼ਾ ਦੇ ਪੱਖੋਂ ਹੀ ਆਪਣੇ ਪਾਤਰਾਂ ਦਾ ਰੂਪ ਨਹੀਂ ਲਗਦੀ ਸਗੋਂ ਉਸ ਦੀ ਬੋਲਦੀ ਕਾਇਆ ਅਤੇ ਅਭਿਨੈ-ਕਲਾ ਮਿਲ ਕੇ ਪਾਤਰ ਨੂੰ ਹੀ ਸਾਕਾਰ ਕਰ ਦਿੰਦੀਆਂ ਹਨ। ਉਸ ਨੇ ਗੱਲ ਮੁਕਾਈ ਕਿ ਕੁਲਵੰਤ ਇੱਛਾਧਾਰੀ ਅਭਿਨੇਤਰੀ ਹੈ ਜੋ ਮੰਚ ਉਤੇ ਪੁੱਜਦਿਆਂ ਹੀ ਆਪਣੇ ਵਜੂਦ ਨੂੰ ਲੋਪ ਕਰ ਕੇ ਪਾਤਰ ਦੇ ਵਜੂਦ ਵਿਚ ਉਦੈ ਹੋ ਜਾਂਦੀ ਹੈ।

ਵੱਡੀ ਗੱਲ ਇਹ ਹੈ ਕਿ ਨੰਗੇ ਪੈਰੀਂ ਤਪੇ ਹੋਏ ਕੰਡਿਆਲੇ ਥਲ ਦਾ ਸਫ਼ਰ ਉਹਦੀ ਕਲਾਕਾਰੀ ਨੂੰ ਮਾਤ ਨਹੀਂ ਦੇ ਸਕਿਆ। ਸਾਲ, 2019 ਵਿਚ ਉਹ ਡਾ. ਪ੍ਰਿਥਵੀ ਰਾਜ ਥਾਪਰ ਦੇ ਸੱਦੇ ਉੱਤੇ ਉਹਦੀ ਸਾਹਿਤਕ ਸੰਸਥਾ ਦੇ ਮੰਚ ਤੋਂ ਨਾਟਕ ਪੇਸ਼ ਕਰਨ ਆਈ ਤਾਂ ਸਾਡੇ ਘਰ ਠਹਿਰੀ। ਉਸ ਨੂੰ ਸਭ ਕੁਝ ਦੇ ਬਾਵਜੂਦ ਏਨੇ ਸਾਲਾਂ ਮਗਰੋਂ ਵੀ ਅਡੋਲ ਤੇ ਜੁਝਾਰ ਦੇਖ ਕੇ ਖ਼ੁਸ਼ੀ ਵੀ ਹੋਈ ਤੇ ਤਸੱਲੀ ਵੀ। ਮੈਂ ਕਿਸੇ ਮਜਬੂਰੀ ਕਾਰਨ ਉਹਦਾ ਨਾਟਕ ਦੇਖਣ ਤਾਂ ਨਾ ਜਾ ਸਕਿਆ ਪਰ ਮਗਰੋਂ ਡਾ. ਥਾਪਰ ਨਾਲ ਗੱਲ ਹੋਈ। ਉਹਨੇ ਪ੍ਰਸੰਸਾ ਤਾਂ ਪੂਰੀ ਨਾਟ-ਮੰਡਲੀ ਦੀ ਕੀਤੀ ਪਰ ਬੀਬਾ ਦੇ ਅਭਿਨੈ ਤੇ ਨਿਰਦੇਸ਼ਨ ਤੋਂ ਤਾਂ ਉਹ ਬੇਹੱਦ ਪ੍ਰਭਾਵਿਤ ਹੋਇਆ ਸੀ। ਉਹਦਾ ਕਹਿਣਾ ਸੀ ਕਿ ਕਿਸੇ ਮੰਚ-ਪੇਸ਼ਕਾਰੀ ਵਿਚ ਏਨੀ ਸਹਿਜਤਾ ਤੇ ਸੁਭਾਵਿਕਤਾ ਘੱਟ ਹੀ ਦੇਖਣ ਵਿਚ ਆਉਂਦੀ ਹੈ!
ਬੀਬਾ ਦੀ ਪਹਿਲੀ ਉਮਰੇ ਉਹਦੇ ਅਤੇ ਮੇਰੇ ਵਿਚਕਾਰ ਸਾਹਿਤ ਦੀ ਸਾਂਝ ਸੀ, ਪਰ ਭੂਗੋਲ ਦੀ ਵਿੱਥ ਸੀ। ਮੈਂ ਉਸ ਦੀਆਂ ਰਚਨਾਵਾਂ ਤਾਂ ਪੜ੍ਹਦਾ ਰਿਹਾ, ਪਰ ਮੈਨੂੰ ਕਦੀ ਉਸ ਦੀ ਮੰਚ-ਕਲਾ ਦੇਖਣ, ਮਾਣਨ, ਪਰਖਣ ਤੇ ਸਲਾਹੁਣ ਦਾ ਮੌਕਾ ਨਾ ਮਿਲਿਆ। ਹਾਂ, ਇਥੇ ਇਹ ਵੀ ਦੱਸ ਦੇਵਾਂ, ਇਹ ਬੀਬਾ ਦੇ ਜੀਵਨ ਦਾ ਦੂਜਾ ਦੌਰ ਸੀ। ਪਹਿਲਾ ਦੌਰ ਜਗੀਰੂ ਸੋਚ ਵਾਲੇ ਅਮੀਰ ਮਾਪਿਆਂ ਦੇ ਘਰ ਬੀਤੇ ਬਾਲਪਨ ਅਤੇ ਚੜ੍ਹਦੀ ਜਵਾਨੀ ਦਾ ਸੀ। ਸਭ ਕੁਝ ਸੀ, ਧਨ-ਦੌਲਤ, ਕੋਠੀ, ਜ਼ਮੀਨ, ਸਹੂਲਤਾਂ, ਨੌਕਰ-ਚਾਕਰ। ਪਰ ਉਹ ਇਹ ਸਭ ਕੁਝ ਦੇ ਵਿਚਕਾਰ ਬਹੁਤ ਬੇਚੈਨੀ ਮਹਿਸੂਸ ਕਰਦੀ। ਇਨ੍ਹਾਂ ਸੁਖ-ਸਾਧਨਾਂ ਨਾਲ ਜਗੀਰੂ ਮਾਹੌਲ ਅਤੇ ਜਗੀਰੂ ਸੋਚ ਲਈ ਸੁਭਾਵਿਕ ਬੰਦਸ਼ਾਂ ਵੀ ਜੁੜੀਆਂ ਹੋਈਆਂ ਸਨ, ਜੋ ਉਸ ਨੂੰ ਪਰਵਾਨ ਨਹੀਂ ਸਨ ਅਤੇ ਜੀਵਨ ਦਾ ਅਜਿਹਾ ਨਜ਼ਰੀਆ ਵੀ ਜੁੜਿਆ ਹੋਇਆ ਸੀ, ਜੋ ਉਸ ਦੇ ਨਜ਼ਰੀਏ ਦੇ ਹਾਣ ਦਾ ਨਹੀਂ ਸੀ। ਉਸ ਦੇ ਆਪਣੇ ਵਿਚਾਰਾਂ ਨੇ ਨੁਹਾਰ ਫੜਨੀ ਸ਼ੁਰੂ ਕਰ ਦਿੱਤੀ ਸੀ ਅਤੇ ਇਹ ਨੁਹਾਰ ਉਸ ਦੇ ਆਲੇ-ਦੁਆਲੇ ਦੀ ਨੁਹਾਰ ਨਾਲੋਂ ਬਿਲਕੁਲ ਵੱਖਰੀ ਸੀ।
ਇਹ ਨਵੇਂ ਪੁੰਗਰਦੇ ਵਿਚਾਰ ਅਜਿਹੇ ਸਵਾਲਾਂ ਨੂੰ ਜਨਮ ਦੇਣ ਲੱਗੇ ਸਨ। ਜਿਨ੍ਹਾਂ ਦੇ ਪਰਿਵਾਰਕ ਜਵਾਬ ਉਸ ਦੀ ਤਸੱਲੀ ਦਾ ਆਧਾਰ ਨਹੀਂ ਸਨ ਬਣਦੇ ਅਤੇ ਨਾ ਹੀ ਬਣ ਸਕਦੇ ਸਨ। ਮਿਸਾਲ ਵਜੋਂ, ਜਿਹੜੀ ਸਮਾਜਕ ਵੰਡ ਉਸ ਦੇ ਮਾਹੌਲ ਲਈ ਬਿਲਕੁਲ ਸੁਭਾਵਿਕ ਸੀ, ਸਗੋਂ ਜ਼ਰੂਰੀ ਅਤੇ ਲੋੜੀਂਦੀ ਸੀ, ਉਹ ਬੀਬਾ ਨੂੰ ਨਿਰੰਤਰ ਪਰੇਸ਼ਾਨ ਕਰਦੀ ਸੀ। ਉਹ ਆਪਣੇ ਵੱਲ ਦੇਖਦੀ ਅਤੇ ਫਿਰ ਕਾਮਿਆਂ ਦੇ ਆਪਣੇ ਹਾਣੀ ਬੱਚਿਆਂ ਵੱਲ ਦੇਖਦੀ ਤੇ ਸੋਚਦੀ, ਇਹ ਜੋ ਫ਼ਰਕ ਹੈ, ਕਿਉਂ ਹੈ? ਜਿਵੇਂ ਪ੍ਰੋ. ਮੋਹਨ ਸਿੰਘ ਕਹਿੰਦੇ ਹਨ ਕਿ ਮੈਨੂੰ ਕਿਉਂ, ਕੀ ਤੇ ਕਿੱਦਾਂ ਨੇ ਮਾਰਿਆ, ਬੀਬਾ ਦੀ ਵੀ ਹਾਲਤ ਇਹੋ ਸੀ। ਇਸੇ ਕਰਕੇ ਉਹਨੇ ਅੱਗੇ ਚੱਲ ਕੇ ਆਪਣੇ ਕਾਵਿ-ਸੰਗ੍ਰਹਿ ਦਾ ਨਾਂ ‘ਪੈਰਾਂ ’ਚ ਸੁਲਗਦਾ ਸਫ਼ਰ’ ਰੱਖਿਆ।
ਉਹਦੇ ਵਿਚਾਰ ਹੌਲੀ-ਹੌਲੀ ਵਿਚਾਰਧਾਰਾ ਵਿਚ ਢਲਣ ਲੱਗੇ ਸਨ ਅਤੇ ਵਿਚਾਰਧਾਰਾ ਕਿੰਤੂ ਖੜ੍ਹੇ ਕਰਦੀ ਸੀ ਤੇ ਉਨ੍ਹਾਂ ਕਿੰਤੂਆਂ ਦਾ ਨਿਤਾਰਾ ਤਲਾਸ਼ਦੀ ਸੀ। ਉਹਦੇ ਮਾਹੌਲ ਦੀਆਂ ਬੰਦਸ਼ਾਂ ਉਹਨੂੰ, ਸੁਭਾਵਿਕ ਹੀ, ਪੋਂਹਦੀਆਂ ਨਹੀਂ ਸਨ। ਇੱਟਾਂਪੱਥਰਾਂ ਦੀਆਂ ਉੱਚੀਆਂ ਦੀਵਾਰਾਂ ਦੇ ਅੰਦਰਲੀ ਹੁੰਮਸ ਵਿਚ ਉਹਦਾ ਸਾਹ ਘੁਟਦਾ। ਇਸ ਘੁਟਣ ਦੇ ਨਿਕਾਸ ਵਾਸਤੇ ਲਿਖਣਾ ਤਾਂ ਦੂਰ, ਪਾਠ-ਪੁਸਤਕਾਂ ਤੋਂ ਬਿਨਾਂ ਹੋਰ ਕੁਝ ਪੜ੍ਹਨ ਦੀ ਆਗਿਆ ਵੀ ਨਹੀਂ ਸੀ। ਇਸ ਹਾਲਤ ਵਿਚ ਉਹ ਖੁੱਲ੍ਹ ਦੀ ਕਲਪਨਾ ਕਰਦੀ।
ਜ਼ਿੰਦਗੀ ਸਬੱਬਾਂ ਨਾਲ ਭਰੀ ਹੋਈ ਹੈ। ਕਈ ਵਾਰ ਕਠਿਨ ਰਾਹਾਂ ਵਿਚ ਸੁਖਾਵੇਂ ਮੋੜ ਆ ਜਾਂਦੇ ਹਨ। ਦੇਸ ਦੀ ਵੰਡ ਬਾਰੇ ਬੀਬਾ ਦੀ ਲਿਖੀ ਇਕ ਕਹਾਣੀ ਦੇ ਦਰਦ ਦੀ ਪਾਕਿਸਤਾਨੋਂ ਆਏ ਮਾਪਿਆਂ ਦੇ ਉਜਾੜੇ ਦੇ ਦਰਦ ਨਾਲ ਬਣੀ ਭਾਵੁਕ ਸਾਂਝ ਨੇ ਬੀਬਾ ਦਾ ਲਿਖਣਾ-ਪੜ੍ਹਨਾ ਘਰ ਵਿਚ ਸਹਿਣਯੋਗ ਬਣਾ ਦਿੱਤਾ। ਤੇ ਫੇਰ ਵਿਆਹ ਤੋਂ ਮਗਰੋਂ ਸਾਹਿਤਰਚਨਾ ਦੇ ਨਾਲ-ਨਾਲ ਉਹਦੀ ਮੰਚ-ਕਲਾ ਦੇ ਪ੍ਰਗਟਾਵੇ ਲਈ ਪਤੀ ਦੀ ਸਹਿਮਤੀ ਨੇ ਤਾਂ ਜਿਵੇਂ ਉਹਦੇ ਬੰਧਨ ਹੀ ਕੱਟ ਦਿੱਤੇ। ਤੇ ਇਹੋ ਹੀ ਦਿਨ ਸਨ ਜਦੋਂ ਉਸ ਬਾਰੇ ਚੰਗੀਆਂ-ਚੰਗੀਆਂ ਗੱਲਾਂ ਸੁਣਨ ਨੂੰ ਮਿਲਦੀਆਂ- ਘਰ, ਪਤੀ, ਬੱਚੇ, ਸਾਹਿਤ, ਨਾਟਕ ਤੇ ਉਹ। ਪਰ ਇਸ ਦੌਰ ਦੀ ਉਮਰ ਬਹੁਤ ਲੰਮੀ ਸਿੱਧ ਨਾ ਹੋਈ। ਬੀਬਾ ਵਰਗੀ ਕੋਮਲਭਾਵੀ ਤੇ ਆਦਰਸ਼ਵਾਦੀ ਕੁੜੀ ਲਈ ਇਹ ਸਭ ਕੁਝ ਸੁਫ਼ਨਿਆਂ ਦਾ ਸ਼ੀਸ਼-ਮਹਿਲ ਢਹਿ ਕੇ ਢੇਰੀ ਹੋਣ ਵਾਂਗ ਸੀ।
ਇਸ ਸਾਰੇ ਸਮੇਂ ਦੌਰਾਨ ਬੀਬਾ ਨਾਲ ਮੇਰਾ ਕੋਈ ਸਿੱਧਾ ਸੰਪਰਕ ਨਹੀਂ ਸੀ ਹੋਇਆ। ਬੱਸ ਸੋਆਂ ਸਨ ਜੋ ਕਦੀਕਦੀ ਆਉਂਦੀਆਂ ਸਨ; ਜਾਂ ਫਿਰ ਕਦੇ-ਕਦੇ ਉਸ ਦੀ ਕੋਈ ਸਾਹਿਤਕ ਰਚਨਾ ਕਿਤੇ ਛਪੀ ਹੋਈ ਦਿੱਸ ਪੈਂਦੀ ਸੀ; ਜਾਂ ਉਹਦੀ ਕੋਈ ਪੱਤਰਕਾਰਾਨਾ ਲਿਖਤ, ਰਿਪੋਰਟਿੰਗ, ਇੰਟਰਵਿਊ, ਆਦਿ ਨਜ਼ਰੋਂ ਲੰਘ ਜਾਂਦੀ ਸੀ; ਜਾਂ ਕਿਸੇ ਸਾਹਿਤਕ-ਸਭਿਆਚਾਰਕ ਪ੍ਰੋਗਰਾਮ ਜਾਂ ਨਾਟਕੀ ਪੇਸ਼ਕਾਰੀ ਦੇ ਉਸ ਦੇ ਕੀਤੇ ਹੋਏ ਮੰਚ-ਸੰਚਾਲਨ ਦੀ ਖ਼ਬਰ ਛਪੀ ਹੋਈ ਹੁੰਦੀ ਸੀ। ਇਹ ਵੀ ਪਤਾ ਲੱਗਿਆ ਕਿ ਉਹ ਇਸ ਸਭ ਕੁਝ ਦੇ ਨਾਲਨਾਲ ਚੁੱਲ੍ਹਾ ਬਲਦਾ ਰੱਖਣ ਲਈ ਕਿਸੇ ਸਕੂਲ ਵਿਚ ਅਧਿਆਪਕਾ ਲੱਗੀ ਹੋਈ ਹੈ। ਭਾਵ ਉਨ੍ਹੀਂ ਦਿਨੀਂ ਉਹ ਰਚਨਾਤਮਕ ਕੰਮ ਘੱਟ ਕਰ ਰਹੀ ਸੀ ਅਤੇ ਰੁਝਾਈ ਰੱਖਣ ਵਾਲੇ ਤੇ ਕਲਮ ਨੂੰ ਵਿਹਲੀ ਪਈ ਰਹਿਣ ਦੇਣ ਦੀ ਥਾਂ ਕੁਝ ਨਾ ਕੁਝ ਤੋਰੀਂ ਰੱਖਣ ਵਾਲੇ ਅਰਧ-ਸਾਹਿਤਕ ਜਿਹੇ ਕੰਮ ਵਧੀਕ ਕਰ ਰਹੀ ਸੀ, ਸ਼ਾਇਦ ਕਲਮ ਅਤੇ ਮੰਚ ਦੇ ਸੰਸਾਰ ਨਾਲ ਨਾਤਾ ਬਣਾਈ ਰੱਖਣ ਲਈ। ਜਾਂ ਸ਼ਾਇਦ ਕੌੜੀਆਂ ਯਾਦਾਂ ਨੂੰ ਭੁਲਾਉਣ ਦਾ ਨਿਹਫ਼ਲ ਯਤਨ ਕਰਨ ਲਈ।
ਜਦੋਂ ਮੈਂ ‘ਪੰਜਾਬੀ ਟ੍ਰਿਬਿਊੂਨ’ ਦਾ ਸੰਪਾਦਕ ਸੀ, ਡਾਕ ਰਾਹੀਂ ਉਹਦੀ ਇਕ ਰਚਨਾ ਆਈ। ਵੱਖ-ਵੱਖ ਕਿਸਮਾਂ ਦੇ ਕਾਗ਼ਜ਼ਾਂ ਦੇ ਵੱਖਵੱਖ ਆਕਾਰ ਦੇ ਛੋਟੇਛੋਟੇ ਟੁਕੜਿਆਂ ਉੱਤੇ ਲਿਖੀ ਹੋਈ ਇਹ ਰਚਨਾ ਜਾਪਦੀ ਤਾਂ ਸਵੈਬੀਤੀ ਸੀ ਪਰ ਉਸ ਵਿਚ ਰਸ ਕਿਸੇ ਵਧੀਆ ਕਹਾਣੀ ਵਰਗਾ ਸੀ। ਪੜ੍ਹੀ ਤਾਂ ਮੈਨੂੰ ਚੰਗੀ ਲੱਗੀ। ਐਤਵਾਰ ਦੇ ਅੰਕ ਵਿਚ ਛਪੀ ਤਾਂ ਉਸ ਰਚਨਾ ਨੂੰ ਪਾਠਕਾਂ ਦੀ ਏਨੀ ਪ੍ਰਸੰਸਾ ਮਿਲੀ ਜਿੰਨੀ ਆਮ ਕਰ ਕੇ ਕਿਸੇ-ਕਿਸੇ ਲਿਖਤ ਨੂੰ ਹੀ ਮਿਲਿਆ ਕਰਦੀ ਹੈ। ਮੈਂ ਅਕਸਰ ਹੀ ਸਾਹਿਤਕਾਰਾਂ ਦੇ ਨਾਲ-ਨਾਲ ਸਮਾਜਕ ਜੀਵਨ ਦੇ ਹੋਰ ਵੰਨਸੁਵੰਨੇ ਖੇਤਰਾਂ ਬਾਰੇ ਲਿਖਣ ਵਾਲੇ ਚੰਗੇ ਲੇਖਕਾਂ ਤੋਂ ਰਚਨਾਵਾਂ ਦੀ ਮੰਗ ਕਰਦੀਆਂ ਹੋਈਆਂ ਚਿੱਠੀਆਂ ਲਿਖਦਾ ਰਹਿੰਦਾ ਸੀ। ਬੀਬਾ ਦਾ ਇਹ ਲੇਖ ਵੀ ਅਜਿਹਾ ਸੀ, ਜੀਹਦੇ ਸਦਕਾ ਮੈਂ ਉਹਨੂੰ ਪ੍ਰਸੰ਼ਸਾਤਮਕ ਚਿੱਠੀ ਵੀ ਲਿਖੀ ਅਤੇ ਇਹ ਮੰਗ ਵੀ ਕੀਤੀ ਕਿ ਉਹ ਆਪਣੀਆਂ ਰਚਨਾਵਾਂ ਭੇਜਦੀ ਰਹੇ।
ਕੁਝ ਦਿਨਾਂ ਮਗਰੋਂ ਇਕ ਹੋਰ ਰਚਨਾ ਦੇਣ ਲਈ ਉਹ ਆਪ ਮੇਰੇ ਦਫ਼ਤਰ ਆ ਗਈ। ਨੀਲੀ ਭਾਹ ਮਾਰਦਾ ਸੂਟ ਅਤੇ ਦੂਹਰਾ ਕਰ ਕੇ ਤਿਕੋਣਾ ਬਣਾਉਂਦਿਆਂ ਸਿਰ ਉੱਤੇ ਬੰਨ੍ਹਿਆ ਹੋਇਆ ਕੇਸਰੀ ਜਿਹਾ ਰੁਮਾਲਾ, ਉਹ ਅਠਾਰਵੀਂ ਸਦੀ ਦੇ ਇਤਿਹਾਸ ਵਿਚੋਂ ਸੁਰਜੀਤ ਹੋਈ ਕੋਈ ਜੁਝਾਰੂ ਸਿੰਘਣੀ ਲਗਦੀ ਸੀ। ਉਹ ਪਟਿਆਲੇ ਜਾ ਰਹੀ ਸੀ ਤੇ ਕਾਰ ਸੜਕ ਉੱਤੇ ਖੜ੍ਹੀ ਕਰ ਕੇ ਰਚਨਾ ਹੱਥੀਂ ਪੁੱਜਦੀ ਕਰਨ ਅੰਦਰ ਆ ਗਈ ਸੀ। ਮੈਂ ਉਸ ਤੋਂ ਉਸ ਦੀ ਪਹਿਲਾਂ ਛਪੀ ਰਚਨਾ ਵਿਚ ਯਥਾਰਥ ਅਤੇ ਗਲਪ ਦੀ ਮਿੱਸ ਬਾਰੇ ਪੁਛਿਆ। ਉਹਦਾ ਕਹਿਣਾ ਸੀ ਕਿ ਉਸ ਵਿਚ ਗਲਪੀ ਅੰਸ਼ ਜਾਂ ਕਲਪਨਾ ਦੀ ਮਿੱਸ ਤਾਂ ਹੈ ਹੀ ਨਹੀਂ ਸੀ। ਜੋ ਕੁਝ ਜਿਵੇਂ ਵਾਪਰਿਆ ਸੀ, ਉਹਨੇ ਜਿਉਂ-ਦਾ-ਤਿਉਂ ਲਿਖ ਦਿੱਤਾ ਸੀ।
ਪੰਜਾਬ ਦੇ ਚੰਦਰੇ ਦਿਨੀਂ ਪੰਜਾਬੀ ਭਵਨ ਲੁਧਿਆਣਾ ਵਿਚ ਭਾ-ਜੀ ਗੁਰਸ਼ਰਨ ਸਿੰਘ ਦੀ ਨਾਟਪੇਸ਼ਕਾਰੀ ਸਮੇਂ ਅੱਤਵਾਦੀ ਮੁੰਡਿਆਂ ਦੀ ਇਕ ਟੋਲੀ ਦਰਸ਼ਕਾਂ ਵਿਚਕਾਰ ਆ ਬੈਠਦੀ ਹੈ, ਦਰਸ਼ਕ ਬਣ ਕੇ ਨਹੀਂ, ਦਾਅ ਲਗਦਿਆਂ ਨਾਟ-ਮੰਡਲੀ ਉੱਤੇ ਗੋਲ਼ੀਆਂ ਵਰ੍ਹਾਉਣ ਦੇ ਇਰਾਦੇ ਨਾਲ। ਪਰ ਕਲਾ ਉਨ੍ਹਾਂ ਦੇ ਕਾਲੇ ਮਨਸੂਬੇ ਉੱਤੇ ਹਾਵੀ ਹੋ ਜਾਂਦੀ ਹੈ। ਨਾਟਕ ਦਾ, ਖਾਸ ਕਰ ਕੇ ਬੀਬਾ ਦੀ ਅਦਾਕਾਰੀ ਦਾ ਵਹਿਣ ਉਨ੍ਹਾਂ ਨੂੰ ਆਪਣੇ ਨਾਲ ਵਹਾ ਤੁਰਦਾ ਹੈ ਅਤੇ ਬੰਦੂਕਾਂ ਦੀਆਂ ਨਾਲੀਆਂ ਵਿਚ ਗੋਲ਼ੀਆਂ ਪਈਆਂ ਦੀਆਂ ਪਈਆਂ ਰਹਿ ਜਾਂਦੀਆਂ ਹਨ।
ਕਿੱਸਾ ਇਥੇ ਖ਼ਤਮ ਹੋ ਜਾਂਦਾ ਤਾਂ ਕਿਸੇ ਨੂੰ ਭਿਣਕ ਵੀ ਨਹੀਂ ਸੀ ਪੈਣੀ। ਗੱਲ ਅੱਗੇ ਤੁਰਦੀ ਹੈ ਅਤੇ ਉਸ ਟੋਲੀ ਦਾ ਆਗੂ ਕੰਧ ਟੱਪ ਕੇ ਬੀਬਾ ਦੇ ਘਰ ਅੰਦਰ ਆ ਖਲੋਂਦਾ ਹੈ। ਅੱਧੀ ਰਾਤ, ਇਕੱਲੀ ਬੀਬਾ ਅਤੇ ਮੁੰਡੇ ਦੇ ਹੱਥ ਵਿਚ ਏ.ਕੇ. ਸੰਤਾਲੀ! ਕੋਈ ਵੀ ਹੁੰਦਾ, ਘਬਰਾ ਜਾਂਦਾ, ਪਰ ਬੀਬਾ ਨੂੰ ਘਬਰਾਉਣ ਦਾ ਮੌਕਾ ਵੀ ਨਹੀਂ ਮਿਲਦਾ। ਮੁੰਡਾ ਆਪਣੇ ਸ਼ਸਤਰ ਬੀਬਾ ਦੇ ਚਰਨਾਂ ਵਿਚ ਰਖਦਾ ਹੈ ਅਤੇ ਆਪਣਾ ਹੱਥ ਬੀਬਾ ਦੇ ਸੀਸ ਉੱਤੇ। ਇਹ ਮੋਹ ਨਾਲ ਉਸ ਨੂੰ ਬਿਠਾਉਂਦੀ ਹੈ ਅਤੇ ਉਹ ਇਹਨੂੰ ਇਕ ਸਾਧਾਰਨ ਪਰਿਵਾਰਕ ਨੌਜਵਾਨ ਤੋਂ ਅੱਤਵਾਦੀ ਬਣਨ ਦੀ ਆਪਣੀ ਪੂਰੀ ਕਹਾਣੀ ਕਹਿ ਸੁਣਾਉਂਦਾ ਹੈ। ਉਹ ਅੱਜ ਦੀ ਅਨਵਾਪਰੀ ਘਟਨਾ ਬਾਰੇ ਵੀ ਨਿਝੱਕ ਇਕਬਾਲ ਕਰਦਾ ਹੈ। ਜਾਣ ਲੱਗਿਆ ਉਹ ਬੀਬਾ ਨੂੰ ਭੈਣ ਬਣਾ ਕੇ ਆਪਣਾ ਖ਼ੁਫ਼ੀਆ ਪਤਾ ਦੇ ਜਾਂਦਾ ਹੈ। ਕਾਫ਼ੀ ਸਮੇਂ ਮਗਰੋਂ ਇਕ ਦਿਨ ਬੀਬਾ ਉਸ ਮੁੰਡੇ ਨੂੰ ਮਿਲਣ ਜਾ ਪਹੁੰਚਦੀ ਹੈ ਤਾਂ ਪਤਾ ਲਗਦਾ ਹੈ ਕਿ ਉਹਨੂੰ ਤਾਂ ਪੁਲਸ-ਮੁਕਾਬਲੇ ਵਿਚ ਮਰਿਆਂ ਕਈ ਹਫ਼ਤੇ ਬੀਤ ਗਏ ਹਨ।
ਸਿਆਣਿਆਂ ਦਾ ਠੀਕ ਹੀ ਕਹਿਣਾ ਹੈ ਕਿ ਜੀਵਨ ਕਈ ਵਾਰ ਗਲਪ ਨਾਲੋਂ ਵਧੀਕ ਗਲਪੀ ਹੋ ਜਾਂਦਾ ਹੈ। ਇਸ ਘਟਨਾ ਦਾ ਚੇਤਾ ਸਜਰਾਉਂਦਿਆਂ ਬੀਬਾ ਦਾ ਹਾਲਾਤ ਦਾ ਬਣਾਇਆ ਬੇਲਚਕ ਵਜੂਦ ਮੋਹ-ਮਮਤਾ ਦੇ ਨਿੱਘ ਨਾਲ ਮੋਮ ਵਾਂਗ ਨਰਮ ਹੋਇਆ ਪਿਆ ਸੀ। ਇਸ ਦੁਖਾਂਤਕ ਕਥਾ ਤੋਂ ਤੁਰਦੀ ਗੱਲ ਉਸ ਦੀ ਜੀਵਨ-ਕਥਾ ਤੱਕ ਪੁੱਜ ਗਈ। ਮੈਨੂੰ ਉਹਦੇ ਮੂੰਹੋਂ ਉਹਦੀ ਆਪਣੀ ਜੀਵਨ-ਕਹਾਣੀ ਸੁਣਨ ਵਿਚ ਦਿਲਚਸਪੀ ਸੀ। ਪਰ ਉਹਨੂੰ ਅੱਗੇ ਪੁੱਜਣ ਦੀ ਕਾਹਲੀ ਸੀ ਅਤੇ ਕਾਰ ਵਿਚ ਉਹਦੀ ਉਡੀਕ ਹੋ ਰਹੀ ਸੀ। ਉਹ ਉੱਠੀ ਅਤੇ ਫੇਰ ਆਉਣ ਦਾ ਇਕਰਾਰ ਕਰ ਕੇ ਚਲੀ ਗਈ। ਉਹ ਦਫ਼ਤਰ ਵਿਚ ਸੰਪਾਦਕ ਦੇ ਰੁਝੇਵਿਆਂ ਤੋਂ ਅਤੇ ਗੱਲਬਾਤ ਵਿਚ ਵਾਰ-ਵਾਰ ਪੈਂਦੇ ਰਹਿਣ ਵਾਲੇ ਵਿਘਨ ਤੋਂ ਵੀ ਜਾਣੂ ਸੀ। ਇਕ ਐਤਵਾਰ ਆਪਣੀ ਬੀਤੀ ਸੁਣਾਉਣ ਲਈ ਉਹ ਫੋਨ ਕਰ ਕੇ ਸਾਡੇ ਘਰ ਆ ਗਈ। ਇਉਂ ਆਈ ਜਿਵੇਂ ਕੋਈ ਚਿਰ-ਵਿੱਛੜੀ ਆਪਣੀ ਮਿਲਣ ਆਈ ਹੋਵੇ।
ਇਕ ਵਾਰ ਲੁਧਿਆਣੇ ਇਕ ਸਾਹਿਤਕ ਸਮਾਗਮ ਤੋਂ ਮਗਰੋਂ ਬੀਬਾ ਦੇ ਘਰ ਜਾਣ ਦਾ ਸਬੱਬ ਬਣਿਆ। ਪਹਿਲੀ ਨਜ਼ਰੇ ਉਹ ਕੋਈ ਕਲਾ-ਭਵਨ ਜਾਪਿਆ। ਉਸ ਵਿਚ ਪੁਸਤਕਾਂ ਸਨ, ਕਲਾ-ਕਿਰਤਾਂ ਸਨ, ਤਸਵੀਰਾਂ ਸਨ, ਚਿੱਤਰ ਸਨ, ਪੁਰਸਕਾਰ-ਚਿੰਨ੍ਹ ਸਨ, ਸਭਿਆਚਾਰਕ ਵਸਤਾਂ ਸਨ ਅਤੇ ਸਭ ਤੋਂ ਵਧ ਕੇ ਚਿਰਕਾਲੀ ਯਾਦਾਂ ਤੇ ਅਣਕੁਮਲਾਈਆਂ ਉਮੀਦਾਂ ਸਨ। ਇਸ ਸਭ ਕੁਝ ਦੇ ਵਿਚਕਾਰ ਹਵਾ ਵਿਚ ਆਪਣਿਆਂ-ਬੇਗਾਨਿਆਂ ਦੀ ਦਿੱਤੀ ਪੀੜ ਤੇ ਇਕੱਲ ਦੀ ਉਦਾਸੀ ਤਾਂ ਘੁਲੀ ਹੀ ਹੋਈ ਸੀ। ਪਰ ਨਾਲ ਹੀ ਜੀਵਨ ਦਾ ਰੁਖ਼ ਪਲਟ ਜਾਣ ਦੀ ਆਸ ਤੇ ਭਲੇ ਸਮੇਂ ਦੀ ਉਡੀਕ ਵੀ ਜੀਵੰਤ ਸਾਹ ਲੈ ਰਹੀ ਸੀ।
ਬੀਬਾ ਨੇ ਏਨਾ ਕੁ ਠਰੰ੍ਹਮਾ ਕਮਾ ਲਿਆ ਹੈ ਕਿ ਅਤੀਤ ਦੀ ਪੋਟਲੀ ਨੂੰ ਜਣੇ-ਖਣੇ ਤੋਂ ਛੁਪਾ ਕੇ ਰੱਖ ਸਕੇ ਅਤੇ ਅਜਿਹੇ ਲੋਕਾਂ ਨਾਲ ਕੇਵਲ ਆਪਣੀਆਂ ਅਸਲੀ ਜਾਂ ਰਸਮੀ ਮੁਸਕਰਾਹਟਾਂ ਹੀ ਸਾਂਝੀਆਂ ਕਰੇ। ਇੰਜ ਪੋਟਲੀ ਉਹ ਕੇਵਲ ਅਪਣੱਤ ਦਾ ਵਿਸ਼ਵਾਸ ਅਤੇ ਸੁਹਿਦਰਤਾ ਦਾ ਅਹਿਸਾਸ ਹੋ ਜਾਣ ਪਿਛੋਂ ਹੀ ਖੋਲ੍ਹਦੀ ਹੈ। ਪਰ ਇਕ ਵਾਰ ਇਹ ਵਿਸ਼ਵਾਸ ਅਤੇ ਅਹਿਸਾਸ ਹੋ ਜਾਵੇ ਸਹੀ, ਉਹ ਸਮੇਂ ਦੇ ਮੜ੍ਹੇ ਹੋਏ ਆਪਣੇ ਅਸੁਭਾਵਿਕ ਰੂਪ ਨੂੰ ਤਜ ਕੇ ਸੁਭਾਵਿਕ ਰੂਪ ਵਿਚ ਆ ਸਹਿਜ ਹੋ ਜਾਂਦੀ ਹੈ। ਸੈਆਂ ਹਨੇਰੀਆਂ ਵਿਚ ਸਖ਼ਤ-ਜਾਨ ਬਿਰਛ ਵਾਂਗ ਸਿੱਧੀ-ਸਤੋਰ ਖਲੋਤੀ ਰਹਿਣ ਵਾਲੀ ਬੀਬਾ ਇਕਦਮ ਅਜਿਹੀ ਨਾਜ਼ਕ ਵੇਲ ਬਣ ਜਾਂਦੀ ਹੈ ਜਿਸ ਨੂੰ ਚਿਰ-ਲੋੜੀਂਦਾ ਸਹਾਰਾ ਮਿਲ ਗਿਆ ਹੋਵੇ।
ਉਹਨੇ ਆਪਣੇ ਅਤੀਤ ਦੀ ਪੋਟਲੀ ਮੇਰੇ ਅੱਗੇ ਚਾਰੇ ਕੰਨੀਆਂ ਖੋਲ੍ਹ ਧਰੀ। ਉਸ ਵਿਚ ਟੁੱਟੇ ਹੋਏ ਸੁਫ਼ਨਿਆਂ ਦੀ ਤਾਂ ਭਰਮਾਰ ਸੀ ਹੀ, ਪਰ ਕੋਈ-ਕੋਈ ਸੁਫ਼ਨੇ ਸਾਬਤ ਵੀ ਹੈ ਸਨ। ਤੇ ਟੁੱਟੇ ਸੁਫ਼ਨਿਆਂ ਦੀ ਰਾਖ ਵਿਚ ਇਹ ਸਾਬਤ ਸੁਫ਼ਨੇ ਚੰਗਿਆੜਿਆਂ ਵਾਂਗ ਚਮਕ ਰਹੇ ਸਨ। ਉਹਦੇ ਜੇਰੇ ਨੂੰ, ਉਹਦੀ ਅਡੋਲਤਾ ਨੂੰ ਦੇਖ ਕੇ ਹੈਰਾਨੀ ਹੋਈ।
ਬੀਬਾ ਦੇ ਘਰ ਵਿਚ ਪ੍ਰਵੇਸ਼ ਕਰਨ ਸਮੇਂ ਇਹ ਚੰਡੀਗੜ੍ਹ ਦੋ ਵਾਰ ਮਿਲੇ ਹੋਣ ਤੋਂ ਮਗਰੋਂ ਮੇਰੀ ਉਸ ਨਾਲ ਤੀਜੀ ਮੁਲਾਕਾਤ ਸੀ। ਪਰ ਜਿਸ ਬੀਬਾ ਤੋਂ ਮੈਂ ਵਿਦਾ ਲਈ, ਉਸ ਨੂੰ ਤਾਂ ਜਿਵੇਂ ਮੈਂ ਪਹਿਲਾਂ-ਪਹਿਲ ਬਾਲਪਨ ਵਿਚ ਨਿੱਤ ਗੀਟੇ ਖੇਡਦਿਆਂ ਅਤੇ ਗੁੱਡੀ ਲਈ ਪਟੋਲੇ ਜੋੜਦਿਆਂ ਦੇਖਿਆ ਹੋਇਆ ਸੀ। ਤੇ ਉਸ ਪਿੱਛੋਂ ਦੇ ਉਹਦੇ ਹਰ ਉਤਾਰ-ਚੜ੍ਹਾਅ ਦਾ, ਹਰ ਦੁਖ-ਸੁਖ ਦਾ, ਹਰ ਸਫਲਤਾ-ਅਸਫਲਤਾ ਦਾ, ਹਰ ਖ਼ੁਸ਼ੀ-ਗ਼ਮੀ ਦਾ ਜਿਵੇਂ ਮੈਂ ਨਿਰੰਤਰ ਗਵਾਹ ਰਿਹਾ ਸੀ। ਇਸ ਮੁਲਾਕਾਤ ਵਿਚ ਉਹਦਾ ਜੋ ਰੂਪ ਸਾਹਮਣੇ ਆਇਆ, ਉਸ ਨੂੰ ਜੇ ਇਕ ਸ਼ਬਦ ਵਿਚ ਸਮੇਟਣਾ ਹੋਵੇ, ਉਹ ਹੈ ਮਾਸੂਮੀਅਤ। ਜਿਵੇਂ ਉਹਦੇ ਅੰਦਰ ਬੈਠੀ ਭੋਲੀਭਾਲੀ ਬਾਲੜੀ ਅਜੇ ਵੀ ਉਹਦੀ ਸ਼ਖ਼ਸੀਅਤ ਦਾ ਮੁੱਖ ਭਾਗ ਹੋਵੇ।
ਹੈਰਾਨੀ ਹੋਈ ਸੀ ਕਿ ਉਹਨੇ ਆਪਣੇ ਅੰਦਰਲੀ ਇਸ ਮਾਸੂਮ ਬਾਲੜੀ ਨੂੰ ਏਨੇ ਝੱਖੜਾਂਤੂਫ਼ਾਨਾਂ ਵਿਚ ਕਿਵੇਂ ਸਾਂਭ ਕੇ ਰੱਖਿਆ ਹੋਇਆ ਹੈ। ਨਾ ਉਹਨੇ ਇਸ ਬਾਲੜੀ ਨੂੰ ਮਰਨ ਦਿੱਤਾ ਸੀ ਤੇ ਨਾ ਹੀ ਉਸ ਦੀ ਮਾਸੂਮੀਅਤ ਨੂੰ ਗੁਆਚਣ ਦਿੱਤਾ ਸੀ।
ਜਦੋਂ ਮੈਂ ਤੁਰਨ ਲੱਗਿਆ, ਉਹਨੇ ਆਪਣਾ ਪਹਿਲਾ ਕਾਵਿ-ਸੰਗ੍ਰਹਿ ‘ਪੈਰਾਂ ’ਚ ਸੁਲਗਦਾ ਸਫ਼ਰ’ ਮੈਨੂੰ ਮੋਹ ਨਾਲ ਭੇਟ ਕੀਤਾ ਤੇ ਮੈਂ ਉਹਦੇ ਠਰੰ੍ਹਮੇ ਤੇ ਸਬਰ-ਸੰਤੋਖ ਨੂੰ ਸ਼ਾਬਾਸ਼ ਦਿੱਤੀ ਅਤੇ ਉਹਦਾ ਹੌਸਲਾ ਵਧਾਇਆ ਕਿ ਉਹ ਅਡੋਲ ਦਲੇਰੀ ਨਾਲ ਸੰਘਰਸ਼ ਦੇ ਰਾਹ ਉੱਤੇ ਵਧਦੀ ਰਹੇ, ਕਦੀ ਪੰਧ ਜ਼ਰੂਰ ਮੁੱਕੇਗਾ ਅਤੇ ਮੰਜ਼ਲ ਜ਼ਰੂਰ ਆਵੇਗੀ। ਉਹਨੇ ਮੁਸਕਰਾਹਟ ਨਾਲ ਮੇਰੀ ਗੱਲ ਦਾ ਦ੍ਰਿੜ੍ਹ ਹੁੰਗਾਰਾ ਭਰਿਆ ਕਿ ਤੂਫ਼ਾਨ ਭਾਵੇਂ ਕਿਹੋ ਜਿਹਾ ਵੀ ਆਵੇ: “ਨਾ ਆਰ ਖੜ੍ਹਾਂਗੇ/ ਨਾ ਪਾਰ ਖੜ੍ਹਾਂਗੇ/ ਬੱਸ ਐਨ ਉਹਦੇ ਵਿਚਕਾਰ ਖੜ੍ਹਾਂਗੇ!”
ਕੁਦਰਤੀ ਸੀ ਕਿ ਬੀਬਾ ਨੂੰ ਮਿਲਣ ਤੇ ਉਹਦੀ ਜੀਵਨ-ਕਹਾਣੀ ਜਾਣਨ ਮਗਰੋਂ ਉਹਦੀ ਪੁਸਤਕ ਨੂੰ ਬਹੁਤਾ ਚਿਰ ਅਨਪੜ੍ਹੀ ਨਹੀਂ ਸੀ ਰੱਖਿਆ ਜਾ ਸਕਦਾ। ਪੁਸਤਕ ਪੜ੍ਹੀ ਤਾਂ ਉਹਦੇ ਜੀਵਨ ਦੇ ਸੰਘਰਸ਼ ਤੇ ਉਹਦੇ ਦ੍ਰਿੜ੍ਹ ਇਰਾਦੇ ਦੀ ਸਫਲ ਪੇਸ਼ਕਾਰੀ ਸੀ। ਉਹਨੂੰ ਬਾਲਪਨ ਵਿਚੋਂ ਨਿੱਕਲ ਕੇ ਅਕਲ ਦੀ ਉਮਰ ਵਿਚ ਪਹੁੰਚਦਿਆਂ ਹੀ ਸਮਝਦਾਰੀ ਅਤੇ ਸਮਾਜਕ ਹਾਲਤ ਦੇ ਟਕਰਾਉ ਦਾ ਰਣ-ਖੇਤਰ ਬਣਨਾ ਪੈ ਗਿਆ ਸੀ। ਇਕ ਕਵਿਤਾ ਵਿਚ ਉਹ ਦਸਦੀ ਹੈ: “ਸੱਚ ਪੁੱਛਦੇ ਹੋ ਤਾਂ/ ਮੇਰਾ ਸਮਝਦਾਰ ਹੋਣਾ/ ਮੇਰੇ ਲਈ ਸਰਾਪ ਬਣਿਆ!” ਸਮਝਦਾਰ ਹੋਣਾ ਸੁਹਾਣੇ ਸੁਫ਼ਨੇ ਸਿਰਜਦਾ ਹੈ ਅਤੇ ਉਨ੍ਹਾਂ ਦੀ ਸਾਕਾਰਤਾ ਲੋੜਦਾ ਹੈ। ਇਹ ਸੁਫ਼ਨ-ਸੰਸਾਰ ਵਿਚ ਹੀਰ ਸਹੇਲੀ ਹੁੰਦੀ ਹੈ ਅਤੇ ਰਾਂਝਾ ਬੇਲੀ ਹੁੰਦਾ ਹੈ। ਪਰ ਜੀਵਨ ਦਾ ਯਥਾਰਥ ਤਾਂ ਕੈਦੋਂ ਹਨ: “ਰਾਂਝਾ ਵੀ ਮੇਰਾ ਸੀ/ ਹੀਰ ਵੀ ਮੇਰੀ ਸੀ/ ਪਰ ਘਰ ਵਿਚ ਮੇਰੇ ਬਾਪ ਦੀਆਂ ਨਜ਼ਰਾਂ ’ਚ/ ਹੀਰ-ਰਾਂਝੇ ਦੀ ਸਾਰੀ ਕਥਾ ਵਿਚੋਂ/ ਜੇ ਕੋਈ ਕਿਰਦਾਰ ਚੰਗਾ ਸੀ/ ਤਾਂ ਉਹ ਕੈਦੋਂ ਸੀ।”
ਮਨ ਦੀ ਇਹ ਹਾਲਤ ਸ਼ਬਦਾਂ ਰਾਹੀਂ ਨਿਕਾਸ ਲਈ ਉਤਾਵਲੀ ਪੈਂਦੀ। ਪਰ ਘਰ ਵਿਚ ਪਾਠ-ਪੁਸਤਕਾਂ ਤੋਂ ਬਿਨਾਂ ਬਾਕੀ ਸਭ ਮਨਾਹ ਸੀ: “ਕਲਮ ਫੜਦੀ ਤਾਂ ਉਹਦੀ ਜੀਭ/ ਕਿਧਰੇ ਗਾਇਬ ਹੁੰਦੀ/ ਕਿਤਾਬਾਂ ਦੇ ਵਰਕੇ ਉਥੱਲਦੀ ਤਾਂ/ ਹਰਫ਼ ਕਿਸੇ ਫੱਟੀ ਵਾਂਗ ਪੋਚੇ ਹੁੰਦੇ।” ਬਹੁਤ ਹੁੰਮਸ-ਭਰਿਆ ਸੀ ਆਲ਼ਾ-ਦੁਆਲ਼ਾ! ਜਿੰਨੀ ਹੁੰਮਸ ਵਧਦੀ, ਓਨੇ ਹੀ ਉਹਦੀ ਕਲਪਨਾ ਵਿਚ ਨਵੇਂ ਰੰਗ ਵੀ ਭਰਦੇ ਜਾਂਦੇ ਅਤੇ ਖੰਭ ਵੀ ਨਿੱਕਲਦੇਵਿਗਸਦੇ ਰਹਿੰਦੇ: “ਬਾਹਰ ਨਦੀ ਦੇ ਬਲੌਰੀ ਪਾਣੀਆਂ ’ਚ ਠੰਡ ਸੀ/ ਉਹਦਾ ਦੋ ਪਲ ਤੈਰਨ ਨੂੰ ਜੀਅ ਕਰਦਾ/ ਰੁਮਕਦੀ ਹੋਣੀ ਪੌਣ ਵਿਚ ਕੋਈ ਨਸ਼ਾ ਸੀ/ ਉਹਦਾ ਦੋ ਪਲ ਬੈਠਣ ਨੂੰ ਜੀਅ ਕਰਦਾ/ ਬੱਦਲਾਂ ਅਤੇ ਚੰਨ ਦੀ ਲੁਕਣਮੀਟੀ ਵਿਚੋਂ/ ਚੰਨ ਨੂੰ ਫੜ ਆਪਣੀ ਤਲੀ ’ਤੇ/ ਧਰਨ ਨੂੰ ਉਹਦਾ ਜੀਅ ਕਰਦਾ/ ਤਾਰਿਆਂ ਨੂੰ ਉਨ੍ਹਾਂ ਦੀ ਨੀਲੀ ਧਰਤ ਤੋਂ ਲਾਹ/ ਆਪਣੇ ਘਣੇ ਸਿਆਹ ਵਾਲਾਂ ਵਿਚ ਜੜਨ ਨੂੰ ਉਹਦਾ ਜੀਅ ਕਰਦਾ।”
ਇਹੋ ਉਹ ਦਿਨ ਸਨ ਜਦੋਂ ਉਹ ਮਹਿਸੂਸ ਕਰਦੀ ਸੀ: “ਵਕਤ ਦਾ ਪਹੀਆ/ ਸਿਰਫ ਤੇਰੇ ਤੇ ਮੇਰੇ ਦਰਮਿਆਨ ਘੁੰਮਦਾ ਸੀ/ ਬਾਕੀ ਕਾਇਨਾਤ ਸਭ ਝੂਠ ਸੀ।” ਪਰ ਛੇਤੀ ਹੀ ਵਕਤ ਦਾ ਪਹੀਆ ਪੁੱਠੀ ਤੋਰ ਤੁਰ ਪਿਆ: “ਫਿਰ ਮੰਜ਼ਲ ’ਤੇ ਪਹੁੰਚ ਕੇ/ ਤੂੰ ਮੈਨੂੰ ਧੱਕਾ ਦੇ ਦਿੱਤਾ।” ਤਾਂ ਵੀ ਬੀਬਾ ਇਹ ਸੁਫ਼ਨਾ ਤੋੜ ਦੇਣ ਲਈ, ਇਹ ਸਭ ਕੁਝ ਗੁਆ ਦੇਣ ਲਈ ਰਾਜ਼ੀ ਨਹੀਂ ਸੀ। ਉਹ ਇਸ ਧੱਕੇ ਨੂੰ ਆਪਣਾ ਵਹਿਮ ਤੱਕ ਮੰਨਣ ਲਈ ਤਿਆਰ ਸੀ: “ਸ਼ਾਇਦ ਮੇਰਾ ਇਹ ਵਹਿਮ ਸੀ/ ਸ਼ਾਇਦ ਮੇਰਾ ਹੀ ਪੈਰ ਤਿਲਕ ਗਿਆ।”
ਸੱਚ ਨੂੰ ਵਹਿਮ ਮੰਨਣ ਨਾਲ ਅਸਲੀਅਤ ਤਾਂ ਬਦਲਦੀ ਨਹੀਂ। ਅਸਲੀਅਤ ਤਾਂ ਇਹੋ ਸੀ ਕਿ ਸਭ ਕੁਝ ਬੁਰੀ ਤਰ੍ਹਾਂ ਬਿਖਰ ਚੁੱਕਿਆ ਸੀ: “ਧਰਤੀ ’ਤੇ ਆ ਡਿੱਗੀ/ ਸਿਰ ਕਿਤੇ ਸੀ, ਧੜ ਕਿਤੇ ਸੀ/ ਬਾਂਹਾਂ ਕਿਤੇ ਸਨ ਤੇ ਪੈਰ ਕਿਤੇ।” ਇਉਂ ਲਗਦਾ ਸੀ ਜਿਵੇਂ ਜ਼ਮਾਨਾ ਬੀਬਾ ਦੀ ਹਿੰਮਤ ਨੂੰ ਵੰਗਾਰ ਰਿਹਾ ਹੋਵੇ ਕਿ ਦੇਖੀਏ, ਇਸ ਇਮਤਿਹਾਨ ਵਿਚੋਂ ਤੂੰ ਕਿੰਨੀ ਕੁ ਸਾਬਤੀ-ਸਬੂਤੀ ਨਿੱਕਲਦੀ ਹੈਂ: “ਕੰਡਿਆਂ ਦੀ ਵਾੜ ਸੀ/ ਤੇ ਕਿਹਾ ਗਿਆ/ ਬਿਨਾਂ ਝਰੀਟ ਦੇ ਲੰਘੋ!” ਜਿਵੇਂ ਕੋਈ ਹਰਨਾਕਸ਼ ਕਿਸੇ ਪ੍ਰਹਿਲਾਦ ਨੂੰ ਕਹਿ ਰਿਹਾ ਹੋਵੇ, “ਪਾ ਲੈ ਤੱਤਿਆਂ ਥੰਮ੍ਹਾਂ ਨੂੰ ਜੱਫੀਆਂ, ਦੇਖਾਂ ਤੇਰਾ ਰਾਮ ਰੱਖ ਲਊ।”
ਤੇ ਗੱਲ ਇਹ ਵੀ ਨਹੀਂ ਸੀ ਕਿ ਬੀਬਾ ਨੂੰ ਬਿਖਰੀ ਹੋਈ ਹਾਲਤ ਦੀ ਕਠਿਨਾਈ ਅਤੇ ਬਖੇਰੇ ਨੂੰ ਸਮੇਟਣ ਦੀ ਪਰਖ ਦੀ ਸਖ਼ਤਾਈ ਦੀ ਸੋਝੀ ਨਹੀਂ ਸੀ। ਉਹ ਸਚੇਤ ਸੀ: “ਬੜਾ ਔਖਾ ਹੁੰਦਾ ਹੈ/ ਆਪਣੇ ਆਪ ਸਾਰੇ ਅੰਗਾਂ ਨੂੰ ਚੁੱਕਣਾ/ ਤੇ ਫਿਰ ਆਪਣੇ ਆਪ ਨੂੰ ਸਮੇਟਣਾ।” ਪਰ ਉਹ ਹਥਿਆਰ ਸੁੱਟਣ ਲਈ ਤਿਆਰ ਨਹੀਂ ਸੀ। ਉਸ ਨੇ ਸਹੁੰ ਖਾਧੀ: “ਆਪਣੀਆਂ ਅੱਖਾਂ ਵਿਚ ਸਿਰਜੇ ਸੁਪਨਿਆਂ ਨੂੰ/ ਹੰਝੂਆਂ ਵਿਚ ਨਹੀਂ ਵਹਾਵਾਂਗੀ/…ਬੇਸ਼ੱਕ ਅਸਮਾਨ ਤੋਂ ਡਿੱਗ ਕੇ/ ਖਜੂਰ ਵਿਚ ਅਟਕੀ ਹਾਂ/ ਪਰ ਇਥੇ ਹੀ ਕੱਖ-ਕਾਨ ਚੁਗ/ ਫਿਰ ਕੋਈ ਆਪਣਾ ਆਲ੍ਹਣਾ ਬਣਾਵਾਂਗੀ!” ਤੇ ਉਹਨੇ ਨਾ ਸੁਫ਼ਨੇ ਪੂਰੀ ਤਰ੍ਹਾਂ ਟੁੱਟਣ ਦਿੱਤੇ ਤੇ ਨਾ ਆਲ੍ਹਣਾ ਪੂਰੀ ਤਰ੍ਹਾਂ ਬਿਖਰਨ ਦਿੱਤਾ। ਉਹਦੀ ਅੰਦਰਲੀ ਸ਼ਕਤੀ ਅਤੇ ਉਹਦੀ ਬਾਹਰਲੀ ਹਿੰਮਤ ਨੇ ਉਹਦੇ ਸੁਫ਼ਨੇ ਤੋੜਨ ਵਾਲੇ ਅਤੇ ਉਹਦਾ ਆਲ੍ਹਣਾ ਬਿਖੇਰਨ ਵਾਲੇ ਨੂੰ ਵੀ ਹੈਰਾਨੀ ਵਿਚ ਪਾ ਦਿੱਤਾ: “ਉਹ ਅਕਸਰ ਹੈਰਾਨ ਹੁੰਦਾ ਹੈ/ ਕਿ ਮੈਂ ਹਨੇਰਿਆਂ ਵਿਚ ਰਹਿ ਕੇ/ ਚਾਨਣ ਦੀਆਂ ਬਾਤਾਂ/ ਕਿਵੇਂ ਪਾ ਲੈਂਦੀ ਹਾਂ।”
ਪੁਰਸ਼ ਹੋਵੇ ਜਾਂ ਪੁਰਸ਼-ਪ੍ਰਧਾਨ ਸਮਾਜ, ਉਹ ਜਿਸ ਦੇ ਪੱਲੇ ਹਨੇਰਾ ਪਾਉਣਾ ਚਾਹੁੰਦਾ ਹੈ, ਉਸ ਨੂੰ ਚਾਨਣ ਦੀਆਂ ਬਾਤਾਂ ਪਾੳਂੁਦਿਆਂ ਕਦੋਂ ਸਹਿਣ ਕਰਦਾ ਹੈ। ਇਉਂ ਹਨੇਰੇ ਅਤੇ ਚਾਨਣ ਵਿਚਕਾਰਲੀ ਲੜਾਈ ਦਾ ਲੰਮੀ ਹੋਣਾ ਲਾਜ਼ਮੀ ਹੁੰਦਾ ਹੈ। ਹਨੇਰਾ ਆਪਣੀਆਂ ਕਰਤੂਤਾਂ ਦੀ ਆਖ਼ਰੀ ਸੀਮਾ ਦਿਖਾਉਂਦਾ ਹੈ, ਪਰ ਉਹ ਚਾਨਣ ਹੀ ਕੀ ਹੋਇਆ ਜੋ ਇਹ ਅਹਿਸਾਸ ਨਾ ਕਰਵਾ ਦੇਵੇ ਕਿ ਉਸ ਨੇ ਇਸ ਆਖ਼ਰੀ ਸੀਮਾ ਤੋਂ ਵੀ ਅਗਲੇਰੀਆਂ ਸੀਮਾਵਾਂ ਦੇਖੀਆਂ ਹੋਈਆਂ ਹਨ: “ਉਹ ਜਦ ਵੀ ਡਰਾਵੇ ਦਿੰਦਾ/ ਤਿੱਖੜ ਦੁਪਹਿਰਾਂ ਦੇ ਦਿੰਦਾ/ ਉਹਨੂੰ ਸ਼ਾਇਦ ਨਹੀਂ ਸੀ ਪਤਾ/ ਕਿ ਮੈਂ ਤਾਂ ਕਿਸੇ ਰੇਗਿਸਤਾਨ ਦੀ ਬੇਟੀ ਹਾਂ/…ਉਹ ਜਦ ਵੀ ਡਰਾਵੇ ਦਿੰਦਾ/ ਲੋਹੇ ਦੀਆਂ ਸੀਖਾਂ ਦੇ ਦਿੰਦਾ/ ਉਹਨੂੰ ਸ਼ਾਇਦ ਨਹੀਂ ਸੀ ਪਤਾ/ ਕਿ ਮੈਂ ਤਾਂ ਜਦ ਵੀ ਉੱਡਾਂਗੀ/ ਸਣੇ ਪਿੰਜਰੇ ਉੱਡਾਂਗੀ/ …ਉਹ ਜਦ ਵੀ ਡਰਾਵੇ ਦਿੰਦਾ/ ਸ਼ੂਕਦੇ ਦਰਿਆਵਾਂ ਦੇ ਦਿੰਦਾ/ ਉਹਨੂੰ ਸ਼ਾਇਦ ਨਹੀਂ ਸੀ ਪਤਾ/ ਮੈਂ ਤਾਂ ਘੁੰਮਣਘੇਰਾਂ ਦੀ ਤਾਰੂ ਹਾਂ/…ਉਹ ਜਦ ਵੀ ਡਰਾਵੇ ਦਿੰਦਾ/ ਛੁਰੀਆਂ ਅਤੇ ਛਵ੍ਹੀਆਂ ਦੇ ਦਿੰਦਾ/ ਉਹਨੂੰ ਸ਼ਾਇਦ ਨਹੀਂ ਸੀ ਪਤਾ/ ਮੈਂ ਤਾਂ ਅੱਜ ਤੱਕ ਜਿਹੜਾ ਵੀ ਕਦਮ ਤੁਰੀ ਹਾਂ/ ਬੱਸ ਉਹ ਤਲਵਾਰ ਦੀ ਧਾਰ ’ਤੇ ਤੁਰੀ ਹਾਂ!”
ਪਰ ਮੂੰਹ-ਜ਼ੋਰ ਤੇ ਅੱਖੜ ਧਾਰਾ ਦੇ ਵਿਰੁੱਧ ਤਰਨਾ ਸੌਖਾ ਨਹੀਂ ਹੁੰਦਾ: “ਬੜੀ ਭਿਆਨਕ ਸੀ/ ਹਨੇਰੀਆਂ ਰਾਤਾਂ ’ਚ/ ਕੰਡਿਆਂ ’ਤੇ ਤੁਰਨ ਦੀ ਦਾਸਤਾਨ/ ਤੁਰਦਿਆਂ ਕੁਝ ਪੈਰਾਂ ’ਚ ਪੁੜ ਗਏ/ ਚੁਗਦਿਆਂ ਕੁਝ ਪੋਟਿਆਂ ’ਚ ਲਹਿ ਗਏ/ ਲਭਦਿਆਂ ਕੁਝ ਅੱਖਾਂ ਨੂੰ ਲੈ ਗਏ!”
ਉਂਜ ਤਾਂ ਜੀਵਨ ਦਾ ਸਾਰ ਇਹੋ ਹੈ ਕਿ ਹਰ ਵਿਆਕਤੀ ਨੂੰ ਆਪਣੀ ਲੜਾਈ ਆਖ਼ਰ ਆਪ ਹੀ ਲੜਨੀ ਪੈਂਦੀ ਹੈ, ਫੇਰ ਵੀ ਇਸ ਲੜਾਈ ਵਿਚ ਕਦੀਨਾ-ਕਦੀ, ਕੋਈ-ਨਾ-ਕੋਈ ਸਹਾਰਾ ਮਿਲਣਾ ਅਸੰਭਵ ਨਹੀਂ ਹੁੰਦਾ। ਪਰ ਬੀਬਾ ਨੂੰ ਇਹ ਲੰਮੀ ਲੜਾਈ ਇਕੱਲਿਆਂ ਹੀ ਲੜਨੀ ਪੈ ਰਹੀ ਸੀ, ਜਿਥੇ ਸਾਥ ਦੇਣ ਲਈ ਕੋਈ ਹੀਰ ਸਹੇਲੀ ਜਾਂ ਰਾਂਝਾ ਬੇਲੀ ਤਾਂ ਹੈ ਨਹੀਂ ਸੀ, ਸਾਹਮਣੇ ਕੈਦੋਆਂ ਦੀ ਪੂਰੀ ਦੀ ਪੂਰੀ ਸੈਨਾ ਸੀ: “ਫਿਰ ਮੈਂ ਆਪਣੀ ਹਿਆਤੀ ਦੇ ਸਾਰੇ ਵਰ੍ਹੇ/ ਵਕਤ ਦੇ ਕੁਰੂਕਸ਼ੇਤਰ ਵਿਚ ਖੜ੍ਹੀ ਰਹੀ/ ਉਥੇ ਨਾ ਕੋਈ ਹੀਰ ਸੀ/ ਨਾ ਕੋਈ ਰਾਂਝਾ ਸੀ/ ਇਕ ਨਹੀਂ ਸੈਂਕੜੇ ਕੈਦੋਂ ਸਨ/ ਬਸ ਅੱਜ ਤੱਕ/ ਇਹਨਾਂ ਕੈਦੋਆਂ ਸੰਗ ਜੂਝ ਰਹੀ ਹਾਂ।”
ਪਰ ਬੀਬਾ ਦੀ ਇਹ ਇਕੱਲ ਸੰਪੂਰਨ ਇਕੱਲ ਨਹੀਂ ਸੀ। ਉਹਨੂੰ ਇਕ ਸਾਥ ਪ੍ਰਾਪਤ ਸੀ। ਉਹ ਸੀ ਵਿਚਾਰਧਾਰਾ ਦਾ ਸਾਥ ਜੋ ਜ਼ਿੰਦਗੀ ਦੇ ਲੜ ਲੱਗੇ ਰਹਿਣ ਲਈ ਪ੍ਰੇਰਦੀ ਸੀ: “ਲਹੂ-ਲੁਹਾਨ ਹੋਈ ਵੀ/ ਪਿੰਡੋ-ਪਿੰਡ, ਸ਼ਹਿਰੋ-ਸ਼ਹਿਰ/ ਜ਼ਿੰਦਗੀ ਦਾ ਹੋਕਾ ਦਿੰਦੀ ਰਹੀ।” ਤੇ ਜ਼ਿੰਦਗੀ ਦੇ ਸਾਥ ਦੀ ਪ੍ਰੇਰਕ ਵਿਚਾਰਧਾਰਾ ਨੇ ਉਹਨੂੰ ਨਿੱਜੀ ਦੁੱਖਾਂ ਤੋਂ ਉੱਚੀ ਉਠਾ ਕੇ ਅਜਿਹੀ ਸੰਘਰਸ਼ਸ਼ੀਲ ਅਵਸਥਾ ਤੱਕ ਪੁਚਾ ਦਿੱਤਾ ਜਿਥੇ ਹਾਰ-ਜਿੱਤ ਦੀ ਪਰਵਾਹ ਨਹੀਂ ਰਹਿ ਜਾਂਦੀ ਸਗੋਂ ਆਪਣੇ ਹਿੱਸੇ ਦੇ ਚਾਨਣ ਲਈ ਰਣ ਵਿਚ ਜੂਝਣਾ ਹੀ ਆਪਣੇ ਆਪ ਵਿਚ ਮਨੁੱਖੀ ਧਰਮ ਹੋ ਨਿੱਬੜਦਾ ਹੈ: “ਅਸੀਂ ਆਪਣੇ ਹਿੱਸੇ ਦੇ ਚਾਨਣ ਲਈ/ ਕਿਆਮਤ ਤੱਕ ਲੜਾਂਗੇ/ ਜਿੱਤ-ਹਾਰ ਦੇ ਸਿੱਟਿਆਂ ਤੋਂ ਬੇਖ਼ਬਰ ਹੋ ਕੇ।”
ਉਹਦੇ ਜੇਰੇ ਨੂੰ, ਉਹਦੀ ਅਡੋਲਤਾ ਨੂੰ ਦੇਖ ਕੇ ਹੈਰਾਨੀ ਹੋਈ। ਕਾਰਨ ਬਾਰੇ ਆਪ ਸੋਚਿਆ ਅਤੇ ਉਹਦੇ ਨਾਲ ਵਿਚਾਰਿਆ ਤਾਂ ਇਹ ਗੱਲ ਸਮਝ ਆਈ ਕਿ ਪੁਰਸ਼-ਪ੍ਰਧਾਨ ਸਮਾਜ ਵਿਚ ਉਹਦੇ ਇਸ ਹੌਸਲੇ ਦਾ ਆਧਾਰ ਹੋਛੇ ਨਾਰੀਵਾਦ ਵਿਚ ਪਏ ਬਿਨਾਂ ਉਹਦਾ ਅਬਲਾ ਵਾਲੇ ਨਾਰੀ-ਬਿੰਬ ਦੀ ਜਕੜ ਤੋਂ ਸਤੁੰਤਰ ਹੋਣਾ ਤੇ ਰਹਿਣਾ ਸੀ: “ਤੇਰੇ ਇਸ ਵਹਿਮ ਨੂੰ/ ਕਿ ਮੈਂ ਇਕ ਨਾਜ਼ੁਕ ਜਿਹੀ ਕਲੀ ਹਾਂ/ ਤੋੜ ਆਈ ਹਾਂ/…ਗੁੱਤ ਪਿੱਛੇ ਮੱਤ ਤੇ ਪੈਰ ਦੀ ਜੁੱਤੀ ਵਾਲੀ ਸੋਚ/ ਮੈਂ ਬਹੁਤ ਪਿੱਛੇ ਛੱਡ ਆਈ ਹਾਂ।” ਬੀਬਾ ਦਾ ਨਿਹਚਾ ਹੈ ਕਿ ਆਖਰ ਉਹਦੇ ਸਿਰੜ ਨੂੰ ਸਫਲਤਾ ਮਿਲੇਗੀ ਅਤੇ ‘ਅੜੇ ਸੋ ਝੜੇ’ ਦੀ ਕਹਾਵਤ ਅੰਤ ਨੂੰ ਉਹਦੇ ਲਈ ਸੱਚ ਹੋ ਕੇ ਰਹੇਗੀ: “ਮੇਰੇ ਸੁਰਖ਼ ਦੁਪੱਟੇ ਨੂੰ/ ਤੂੰ ਕਦਮਾਂ ਵਿਚ ਨਹੀਂ ਰੋਲੇਂਗਾ/ ਸਗੋਂ ਦਸਤਾਰ ਵਾਂਗ ਸਜਾਵੇਂਗਾ।”
ਪੁਰਸ਼-ਪ੍ਰਧਾਨ ਸਮਾਜ ਵਿਚ ਦੁੱਖ ਭੋਗਦੀ ਹਰ ਔਰਤ ਵਾਂਗ, ਬੀਬਾ ਕੁਲਵੰਤ ਨੂੰ ਮੇਰੀਆਂ ਬਹੁਤ-ਬਹੁਤ ਅਸੀਸਾਂ!