ਚੰਗਾ ਹੁੰਦਾ ਹੈ

ਡਾ ਗੁਰਬਖ਼ਸ਼ ਸਿੰਘ ਭੰਡਾਲ
ਚੰਗਾ ਹੁੰਦਾ ਹੈ ਉਹ ਕੁਝ ਕਰਨਾ ਜੋ ਤੁਹਾਨੂੰ ਚੰਗਾ ਲੱਗਦਾ। ਜੋ ਰੂਹ ਨੂੰ ਸਕੂਨ ਦਿੰਦਾ, ਮਨ ਨੂੰ ਤਾਜ਼ਗੀ ਅਤੇ ਅੰਤਰੀਵ ਨੂੰ ਸੁੱਖਨਤਾ। ਸਭ ਤੋਂ ਚੰਗਾ ਹੁੰਦਾ ਹੈ, ਖੁਦ ਦੀ ਖੁਦ ਲਈ ਚਾਹਤ। ਇਸ ਲਈ ਕੁਝ ਅਜੇਹਾ ਕਰਨਾ ਕਿ ਆਪ ਨੂੰ ਵੀ ਚੰਗਾ ਲੱਗੇ ਅਤੇ ਜੱਗ ਨੂੰ ਵੀ। ਚੰਗਾ ਹੁੰਦਾ ਹੈ ਆਪਣੇ ਬਚਪਨੇ ਨੂੰ ਮਿਲਣ ਲਈ ਪਿੰਡ ਦੀਆਂ ਗਲੀਆਂ `ਚ ਫੇਰਾ ਪਾਉਣਾ। ਇਸ ਦੀਆਂ ਜੂਹਾਂ ਨੂੰ ਫਰੋਲਣਾ, ਉਨ੍ਹਾਂ ਨੁੱਕਰਾਂ ਤੇ ਓਟਿਆਂ ਨੂੰ ਮੁੜ ਤੋਂ ਨਿਹਾਰਨਾ ਜਿਨ੍ਹਾਂ ਨੇ ਤੁਹਾਡੇ ਬਚਪਨੇ ਨੂੰ ਮਾਣਿਆ ਵੀ ਹੁੰਦਾ ਅਤੇ ਦੇਖਿਆ ਵੀ। ੳਾਪਣੇ ਪੁਰਾਣੇ ਘਰ ਨੂੰ ਗਲ ਲੱਗ ਕੇ ਮਿਲਣਾ, ਇਸ ਦੀਆਂ ਕੰਧਾਂ ਅਤੇ ਕੌਲਿਆਂ ਦੀਆਂ ਨਜ਼ਰਾਂ ਨਾਲ ਆਪਣੇ ਆਪ ਨੂੰ ਦੇਖਣਾ। ਵਿਹੜੇ ਵਿਚ ਨਿੱਕੀ ਜਿਹੀ ਛੱਪੜੀ ਵਾਲੀ ਥਾਂ ਨੂੰ ਚਿਤਾਰਨਾ ਜਿਸ ਵਿਚ ਕਾਗਜ਼ ਦੀਆਂ ਬੇੜੀਆਂ ਨਾਲ ਪਤਾ ਨਹੀਂ ਕਿੰਨੇ ਪੱਤਣ ਤਰ ਲਈਦੇ ਸੀ ਅਤੇ ਫਿਰ ਘਰ ਦੇ ਵਿਹੜੇ ਵਿਚ ਆ ਜਾਈਦਾ ਸੀ।

ਚੰਗਾ ਹੁੰਦਾ ਹੈ ਕੱਚੀ ਪੱਕੀ ਦੇ ਸਕੂਲ ਦੇ ਦਰੀਂ ਨਤਮਸਤਕ ਹੋਣਾ। ਇਹ ਦਰ ਉਹੀ ਨੇ ਜਿਨ੍ਹਾਂ ਨੂੰ ਲੰਘ ਕੇ ਚਾਨਣ-ਝੀਤ ਨੂੰ ਮਨ-ਜੂਹ ਵਿਚ ਧਰਨ ਦੀ ਤਮੰਨਾ ਪੈਦਾ ਹੋਈ, ਅੱਖਰ-ਬੋਧ ਦਾ ਗਿਆਨ ਹੋਇਆ। ਫੱਟੀ `ਤੇ ਪਾਏ ਪੂਰਨਿਆਂ `ਤੇ ਲਿਖਣਾ ਅਤੇ ਸੁਰ ਵਿਚ ਪਹਾੜੇ ਪੜ੍ਹਨਾ। ਇਸ ਸਕੂਲ ਦੇ ਵਿਹੜੇ ਵਿਚ ਗਿਆਨ ਹਾਸਲ ਕਰਨ ਦੀ ਅਜੇਹੀ ਲਗਨ ਲੱਗੀ ਕਿ ਮਨ ਭਰਦਾ ਹੀ ਨਹੀਂ ਪੜ੍ਹਦਿਆ ਅਤੇ ਅੱਖਰਾਂ ਨਾਲ ਸੰਵਾਦ ਰਚਾਉਂਦਿਆ। ਇਸ ਦੇ ਕਮਰਿਆਂ ਵਿਚ ਸੁਣਦੀਆਂ ਨੇ ਮਾਸਟਰਾਂ ਦੀਆਂ ਝਿੜਕਾਂ, ਇੱਲਤਾਂ ਤੋਂ ਹੋੜਨਾ ਅਤੇ ਬਚਪਨੇ ਨੂੂੰ ਚੰਗੇਰੇ ਰਾਹ ਵੰਨੀਂ ਤੋਰਨਾ। ਝਿੜਕਾਂ ਵਿਚੋਂ ਉਗੀਆਂ ਸਿਆਣਪਾਂ ਹੀ ਹਨ ਜੋ ਜੀਵਨ-ਪੈਂਡੇ ਨੂੰ ਸੁਖਾਲਾ ਅਤੇ ਆਸਾਨ ਬਣਾਉਣ ਵਿਚ ਸਹਾਈ ਹੋਈਆਂ।
ਚੰਗਾ ਤਾਂ ਹੁੰਦਾ ਹੀ ਜਦ ਤੁਸੀਂ ਉਸ ਕਾਲਜ ਜਾਂ ਯੂਨੀਵਰਸਿਟੀ ਦੀ ਫਿਜ਼ਾ ਵਿਚ ਇਕ ਵਾਰ ਫਿਰ ਸਾਹ ਲੈਣ ਅਤੇ ਇਸ ਦੀ ਆਬੋ ਹਵਾ ਨੂੰ ਸਾਹਾਂ ਵਿਚ ਰਚਾਉਣ ਲਈ ਇਸਦੀ ਹਜ਼ੂਰੀ ਵਿਚ ਪੈਰ ਧਰਦੇ ਹੋ। ਤੁਹਾਨੂੰ ਯਾਦ ਆਉਂਦੀ ਹੈ ਸੁਪਨਿਆਂ ਦੀ ਤੰਦ ਪਕੜ ਕੇ ਭਰੀ ਪਰਵਾਜ਼, ਜਿਊਣ ਦਾ ਅਨਹਦੀ ਅੰਦਾਜ਼ ਅਤੇ ਅਲਮਸਤੀ। ਇਕ ਹੀ ਅਚੇਤ ਫਿ਼ਕਰ ਮਨ ਵਿਚ ਰਹਿੰਦਾ ਸੀ ਕਿ ਘਰ ਦੀਆਂ ਬੋੜੀਆਂ ਕੰਧਾਂ ਨੂੰ ਆਸਰਾ ਅਤੇ ਡਿਗਦੀ ਛੱਤ ਨੂੰ ਥੰਮੀ ਦੇਣ ਜੋਗੇ ਹੋ ਜਾਈਏ। ਬੀਤੇ ਦਿਨਾਂ ਦੀ ਤਸਦੀਕੀ ਵਿਚੋਂ ਹੀ ਤੁਸੀਂ ਆਪਣੇ ਵਰਤਮਾਨ ਨੂੰ ਚੰਗੀ ਤਰ੍ਹਾਂ ਸਮਝ ਅਤੇ ਮਾਣ ਸਕਦੇ ਹੋ। ਚੰਗਾ ਹੁੰਦਾ ਹੈ ਕਦੇ ਕਦਾਈਂ ਸੁਵੱਖਤੇ ਉਠ ਕੇ ਘਰ ਤੋਂ ਬਾਹਰ ਖੇਤਾਂ ਵੰਨੀਂ ਨਿਕਲਣਾ, ਵੱਟਾਂ ਤੇ ਤ੍ਰੇਲੇ ਘਾਹ `ਤੇ ਟਹਿਲਣਾ। ਪੋਹ-ਮਾਘ ਦੇ ਦਿਨੀਂ ਵੱਟਾਂ `ਤੇ ਤੁਰ ਕੇ ਭਰ ਰਹੇ ਕਿਆਰੇ ਨੂੰ ਦੇਖਣਾ ਅਤੇ ਫਿਰ ਕਿਆਰਾ ਮੋੜਨਾ। ਤਰੇਲ ਧੋਤੇ ਪੈਰਾਂ ਵਿਚਲੀ ਠੰਢਕ ਅਤੇ ਧਰਤ ਦੀ ਚੰੁਬਕੀ ਛੋਹ ਦੇ ਅਕਹਿ ਅਨੰਦ ਨੂੰ ਫਿਰ ਤੋਂ ਮਾਨਣਾ। ਖੇਤਾਂ ਵਿਚ ਲਹਿਰਾਉਂਦੀਆ ਫ਼ਸਲਾਂ ਨੂੰ ਕਲਾਵੇ ਵਿਚ ਲੈਣਾ। ਦੂਰ ਦੂਰ ਤੀਕ ਸਰ੍ਹੋਂ ਦੇ ਫੁੱਲਾਂ ਦੀ ਖੇਤਾਂ ਵਿਚ ਵਿਛੀ ਪੀਲੀ ਚਾਦਰ ਨੂੰ ਆਪਣੇ ਦੀਦਿਆਂ ਵਿਚ ਉਤਾਰਨਾ। ਬਾਪ ਦੇ ਲਾਏ ਹੋਏ ਅੰਬ ਦੇ ਬੂਟੇ ਦੇ ਕੋਲ ਬਹਿ ਕੇ ਬਾਪ ਦੀ ਇਬਾਦਤੀ ਹੋਂਦ ਨੂੰ ਕਿਆਸਣਾ। ਉਨ੍ਹਾਂ ਦੇ ਮਿੱਟੀ ਨਾਲ ਲਿੱਬੜੇ ਹੱਥਾਂ ਦੇ ਅੱਟਣਾਂ ਅਤੇ ਪੈਰਾਂ ਦੀਆਂ ਬਿਆਈਆਂ ਵਿਚੋਂ ਊਦੈਮਾਨ ਹੁੰਦੀ ਅਮੀਰਤਾ ਨੂੰ ਚੇਤਿਆਂ ਵਿਚ ਨਵਿਆਉਣਾ।
ਚੰਗਾ ਹੀ ਹੁੰਦਾ ਪਿੰਡ ਦੇ ਕੋਲੋਂ ਲੰਘਦੀ ਨਦੀ ਦੇ ਕੰਢੇ ਕੰਢੇ ਸੈਰ ਕਰਨਾ। ਨਦੀ ਦੇ ਸਫ਼ਰ ਵਿਚ ਕੁਝ ਸਮੇਂ ਲਈ ਉਸਦਾ ਸਾਥੀ ਬਣਨਾ, ਇਸ ਦੀਆਂ ਲਹਿਰਾਂ ਨਾਲ ਗੱਲਾਂ ਕਰਨੀਆਂ। ਇਸਦੇ ਪਾਣੀਆਂ ਵਿਚ ਆਪਣੇ ਤੈਰਦੇ ਬਿੰਬ ਨੂੰ ਦੇਖਣਾ ਜੋ ਪਾਣੀਆਂ ਦੇ ਨਾਲ-ਨਾਲ ਤੁਰਨ ਦੀ ਇੱਛਾ ਨੂੰ ਉਜਗਾਰ ਕਰਦਾ ਹੈ। ਇਸ ਦੇ ਕੰਢਿਆਂ `ਤੇ ਪਈਆਂ ਘਰਾਲਾਂ ਅਤੇ ਪਾਣੀ ਪੀਣ ਲਈ ਪਸ਼ੂਆਂ ਵਲੋਂ ਪਾਈਆਂ ਡੰਡੀਆਂ ਦੇਖਣਾ। ਇਸ ਵਿਚ ਤਾਰੀਆਂ ਲਾਉਣਾ ਅਤੇ ਆਪਣੇ ਆੜੀਆਂ ਨਾਲ ਤਰਦਿਆਂ ਕਦੇ ਪਾਰ ਜਾਣਾ ਅਤੇ ਫਿਰ ਪਰਤ ਆਣਾ। ੀੲਹ ਨਦੀ ਹੀ ਸੀ ਜੋ ਪਿੰਡ ਲਈ ਵਰਦਾਨ, ਫਸਲਾਂ ਲਈ ਜਾਨ ਅਤੇ ਬੱਚਿਆਂ ਵਾਸਤੇ ਖੇਡਣ ਲਈ ਪਾਣੀ ਦਾ ਮੈਦਾਨ ਸੀ। ਚੰਗਾ ਹੁੰਦਾ ਹੀ ਹੈ ਲੰਮੀੰ ਸੈਰ ਨੂੰ ਨਿਕਲਣਾ, ਬਿਰਖ਼ਾਂ ਨਾਲ ਗੱਲਾਂ ਕਰਨੀਆਂ। ਆਲ੍ਹਣਿਆਂ ਵਿਚ ਗੁਟਕਦੇ ਪਰਿੰਦਿਆਂ ਦੀ ਸੰਧੂਰੀ ਗੁਫ਼ਤਗੂ ਸੁਣਨਾ। ਪੱਤਿਆਂ ਵਿਚ ਸਰਸਰਾਉਂਦੀ ਹਵਾ ਦਾ ਸੰਗੀਤ ਮਾਣਨਾ। ਦੂਰ ਦੂਰ ਤੀਕ ਫੈਲੀ ਹੋਈ ਕੁਦਰਤੀ ਸੁੰਦਰਤਾ ਨੂੰ ਨਿਹਾਰਨਾ ਅਤੇ ਇਸ ਵਿਚ ਅਭੇਦ ਹੋ ਕੇ ਖੁਦ ਨੂੰ ਭੁੱਲ ਜਾਣਾ। ਚਾਰੇ ਪਾਸੇ ਕੁਦਰਤ ਦੇ ਪਾਸਰੇ ਵਿਚੋਂ ਖੁਦ ਦੀ ਨਿੱਕੀ ਜਿਹੀ ਹੋਂਦ ਨੂੰ ਕਿਆਸਣਾ ਅਤੇ ਖੁਦ ਨੂੰ ਨਿੱਕੇਪਣ ਦਾ ਅਹਿਸਾਸ ਹੋਣਾ। ਅਕਸਰ ਅਸੀਂ ਨਿੱਕੇ ਹੁੰਦੇ ਹੋਏ ਬਹੁਤ ਵੱਡੇ ਹੋਣ ਦਾ ਦਾਅਵਾ ਕਰਦੇ ਹਾਂ ਪਰ ਕੁਦਰਤ ਅਸੀਮਤ ਹੁੰਦਿਆਂ ਵੀ ਕਦੇ ਵਡੱਪਣ ਦਾ ਦਾਅਵਾ ਨਹੀਂ ਕਰਦੀ।
ਚੰਗਾ ਹੁੰਦਾ ਹੈ ਬਾਗ ਵਿਚ ਖਿੜੇ ਫੁੱਲਾਂ ਦੀ ਸੰਦਰਤਾ ਨੂੰ ਆਪਣੇ ਦੀਦਿਆਂ ਵਿਚ ਉਤਾਰਨਾ। ਫੁੱਲਾਂ ਦੇ ਵਿਹੜੇ ਵਿਚ ਉਤਰੇ ਹੋਏ ਭੌਰਿਆਂ ਤੇ ਤਿਤਲੀਆਂ ਦਾ ਹਜ਼ੂਮ। ਇਸ ਰੰਗ-ਬਿਰੰਗਤਾ ਵਿਚ ਬਾਗ ਦੀ ਸੰੁਦਰਤਾ ਨੂੰ ਲੱਗੇ ਚਾਰ ਚੰਨ। ਇਸ ਸੰੁਦਰਤਾ ਵਿਚੋਂ ਤੁਸੀਂ ਖੁਦ ਦੀ ਤੁਲਨਾ ਕਰ ਸਕਦੇ ਹੋ ਕਿ ਕੀ ਤੁਸੀਂ ਕਰੂਪਤਾ ਦਾ ਸਿਖਰ ਹੋ ਜਾਂ ਸੁੰਦਰਤਾ ਨੂੰ ਮਾਨਣਹਾਰੇ। ਇਸ ਤੋਂ ਇਹ ਵੀ ਪਤਾ ਲੱਗਦਾ ਕਿ ਅੰਦਰਲੀ ਅਤੇ ਬਾਹਰੀ ਸੁੰਦਰਤਾ ਵਿਚ ਕਿੰਨਾ ਅੰਤਰ ਹੁੰਦਾ। ਬਾਹਰੀ ਸੁੰਦਰਤਾ ਥੋੜ੍ਹ-ਚਿਰੀ ਜਦਕਿ ਅੰਦਰੂਨੀ ਸੁੰਦਰਤਾ ਸਦੀਵੀ। ਮਹਿਕ ਦਿਸਦੀ ਨਹੀਂ ਸਿਰਫ਼ ਮਹਿਸੂਸ ਹੁੰਦੀ। ਇਹ ਆਲੇ-ਦੁਆਲੇ ਹੁੰਦਿਆਂ ਵੀ ਅਦਿੱਖ ਅਤੇ ਮਨੁੱਖ ਲਈ ਸਭ ਤੋਂ ਵੱਡੀ ਮੱਤ ਕਿ ਕੁਝ ਅਜੇਹਾ ਕਰੋ ਕਿ ਅਦਿੱਖ ਹੁੰਦਿਆਂ ਵੀ ਤੁਹਾਡੀ ਮੌਜੂ਼ਦਗੀ ਫਿਜ਼ਾ ਨੂੰ ਸੁਗੰਧਤ ਕਰਦੀ ਰਹੇ।
ਚੰਗਾ ਹੁੰਦਾ ਹੈ ਚੰਨ ਦੀ ਜੂਹੇ
ਚਾਨਣੀ ਵਿਚ ਨਹਾਉਣਾ
ਸੂਰਜ ਦੀ ਗੋਦ `ਚ ਬਹਿ ਕੇ
ਨਿੱਘ ਦਾ ਨਗ਼ਮਾ ਗਾਉਣਾ।

ਚੰਗਾ ਹੁੰਦਾ ਹੈ ਘਾਹ ਪੱਤੀਆਂ `ਤੇ
ਸੁਬ੍ਹਾ ਨੂੰ ਪਈ ਤ੍ਰੇਲ `ਤੇ
ਪੋਲੇ ਪੋਲੇ ਪੱਬ ਧਰਦਿਆਂ
ਜਿੰਦ ਤੇ ਰੂਹ ਦਾ ਮੇਲ।

ਚੰਗਾ ਹੁੰਦਾ ਹੈ ਠੰਢੀ ਰੁੱਤ ਨੂੰ
ਸਾਹਾਂ ਨਾਲ ਗਰਮਾਉਣਾ
ਤੇ ਯੱਖ਼ ਸਮਿਆਂ ਦੀ ਸਰਦਲੇ ਬਹਿ
ਧੁੱਪ ਨੂੰ ਕੋਲ ਬੁਲਾਉਣਾ।

ਚੰਗਾ ਹੁੰਦਾ ਹੈ `ਵਾਵਾਂ ਹੱਥੀਂ
ਭੇਜਣੇ ਸੁਗਮ ਸੁਨੇਹੇ
ਚਸਕਦੇ ਜ਼ਖਮਾਂ ਉਪਰ ਰੱਖਣੇ
ਮੋਹ ਦੇ ਭਿੱਜੇ ਫੇਹੇ।

ਚੰਗਾ ਹੁੰਦਾ ਹੈ ਰੁੱਤ-ਰਾਗਣੀ
ਹੋਠਾਂ ਉਤੇ ਖੇਲੇ
ਤੇ ਚੁੱਪ ਦੀ ਜੂਨ ਹੰਢਾਵਣ ਵਾਲੇ
ਮੁੱਕ ਜਾਣ ਸਭ ਝਮੇਲੇ।

ਚੰਗਾ ਹੁੰਦਾ ਹੈ ਸਫ਼ਰਾਂ ਉਤੇ
ਪੈਰੀਂ ਵਜਦ ਸੁਹਾਵੇ
ਤੇ ਰਾਹੀ ਪੱਲੇ ਬੱਝਿਆ ਸੱਚ
ਮੰਜ਼਼ਲ ਹੀ ਬਣ ਜਾਵੇ।

ਚੰਗਾ ਹੁੰਦਾ ਹੈ ਨੈਣਾਂ ਦੇ ਵਿਚ
ਸੁਪਨਿਆਂ ਦੀ ਤਸ਼ਬੀਹ
ਉਮਰ ਦੇ ਕੋਲ ਇਸਦੇ ਬਾਝੋਂ
ਹੋਰ ਨਾ ਕੋਈ ਤਰਜੀਹ।

ਚੰਗਾ ਹੁੰਦਾ ਹੈ ਭਰ ਕਲਾਵਾ
ਅੰਬਰ ਥੱਲੇ ਲਾਹੁਣਾ
ਤੇ ਧਰਤੀ ਦੀ ਸੁੰਨੀ ਕੁੱਖ ਨੂੰ
ਤਾਰਿਆਂ ਨਾਲ ਗਰਭਾਉਣਾ।

ਚੰਗੀ ਹੁੰਦੀ ਹੈ ਅੱਖ ਸਮੇਂ ਦੀ
ਕਦੇ ਨਾ ਨੀਂਦ ਹੰਢਾਵੇ
ਤੇ `ਨੇਰੇ ਦੀ ਟੀਰੀ ਅੱਖ ਨਾ
ਤਹਿਰੀਕ ਨਾਲ ਦਗਾ ਕਮਾਵੇ।

ਚੰਗਾ ਹੁੰਦਾ ਹੈ ਘਰ-ਬਨੇਰਾ
ਚਾਨਣ ਚਾਨਣ ਹੋਵੇ
ਜੋ ਪਾਣੀ ਡੋਲ੍ਹੇ ਤੇ ਪੱਤੇ ਬੰਨ੍ਹੇ
ਤੇ ਤੇਲ ਦਰਾਂ ਵਿਚ ਚੋਵੇ।

ਚੰਗਾ ਹੁੰਦਾ ਹੈ ਮਾਪਿਆਂ ਵਾਲਾ
ਰਹਿਮਤਾਂ ਦਾ ਦਰਿਆ
ਬੁੱਕਾਂ ਬੁੱਕਾਂ ਭਰ ਪੀਂਦੇ ਜਾਣਾ
ਲਾਡ, ਹਾਸੇ ਤੇ ਚਾਅ।

ਚੰਗਾ ਹੁੰਦਾ ਹੈ ਮੋਹ ਦੀ ਬੁੱਕਲੇ
ਤਰਲ ਤਰਲ ਹੋ ਜਾਣਾ
ਤੇ ਮਨ-ਬਸਤੀ ਦੇ ਸੁੰਨੇਪਣ ਨੂੰ
ਭਾਵਾਂ ਸੰਗ ਲਰਜ਼ਾਣਾ।

ਚੰਗਾ ਹੁੰਦਾ ਹੈ ਕੋਰੇ ਵਰਕੀਂ
ਜਾਗਦੇ ਹਰਫ਼ ਟਿਕਾਣਾ
ਤੇ ਅਰਥਾਂ ਦੇ ਜਗਦੇ ਦੀਵੀਂ
ਮੱਥਿਆਂ ਨੂੰ ਰੁਸ਼ਨਾਣਾ।

ਚੰਗੀ ਹੁੰਦੀ ਹੈ ਚਾਨਣ-ਝੀਤ
ਜੋ ਰੌਸ਼ਨਦਾਨ `ਚੋਂ ਆਵੇ
ਕਮਰੇ ਬੈਠੀ ਸੁੰਨ ਨੂੰ ਤੋੜੇ
ਤੇ ਛੇਕ `ਨੇਰ ਵਿਚ ਪਾਵੇ।

ਚੰਗੀ ਹੁੰਦੀ ਹੈ ਸੂਰਜ-ਟਿਕੀ
ਜੋ ਉਗਦੀ ਧੁੰਦ ਦੀ ਜੂਹੇ
ਰੌਸ਼ਨ ਕਰਦੀ ਮੰਜ਼ਲ-ਜੂਹਾਂ
ਤੇ ਸੁਪਨੇ ਕਰਦੀ ਸੂਹੇ।

ਚੰਗਾ ਹੁੰਦਾ ਹੈ ਖੁਦ ਨੂੰ ਮਿਲਣਾ
ਤੇ ਖੁਦ ਤੋਂ ਪਰਦਾ ਲਾਹੁਣਾ
ਆਪਣੇ ਨੈਣੀਂ ਖੁਦ ਝਾਕਣਾ
ਤੇ ਖੁਦ ਹੀ ਖੁਦ ਨੂੰ ਪਾਉਣਾ।
ਚੰਗਾ ਹੁੰਦਾ ਹੈ ਨਿੱਤ ਦੇ ਰੁਝੇਵਿਆਂ ਨੂੰ ਪਾਸੇ ਰੱਖ, ਕਦੇ ਕਦਾਈਂ ਸਮੁੰਦਰ ਨੂੰ ਮਿਲਣਾ, ਇਸ ਦੀਆਂ ਲਹਿਰਾਂ ਸੰਗ ਸੰਵਾਦ ਰਚਾਉਣਾ, ਗਿੱਲੀ ਰੇਤ `ਤੇ ਪੈਰਾਂ ਦੇ ਨਿਸ਼ਾਨ ਉਘਾੜਨੇ ਅਤੇ ਦੇਖਣਾ ਕਿਵੇਂ ਸਮੁੰਦਰੀ ਛੱਲਾਂ ਰੇਤ ਸਮੇਤ ਤੁਹਾਡੀ ਪੈੜ ਨੂੰ ਆਪਣੇ ਨਾਲ ਹੀ ਸਮੁੰਦਰ ਵਿਚ ਲੈ ਜਾਂਦੀਆਂ। ਸਮੁੰਦਰ ਨੂੰ ਦੇਖ ਕੇ ਮਨ ਵਿਚ ਸਮੁੰਦਰ ਵਰਗਾ ਵਿਸ਼ਾਲ ਹੋਣ ਦੀ ਚਾਹਨਾ ਜ਼ਰੂਰ ਪੈਦਾ ਹੋਵੇਗੀ। ਚੰਗਾ ਹੁੰਦਾ ਹੈ ਟਿਕੀ ਹੋਈ ਰਾਤ ਨੂੰ ਮਿਲਣਾ, ਇਸਦੀ ਚੁੱਪ ਨੂੰ ਆਪਣੇ ਸਾਹਾਂ ਵਿਚ ਘੋਲਣਾ, ਇਸ ਦੀਆਂ ਰਮਜ਼ਾਂ ਨੂੰ ਜਾਨਣਾ ਅਤੇ ਇਨ੍ਹਾਂ ਰਮਜ਼ਾਂ ਵਿਚ ਆਪਣੇ ਜੀਵਨ ਨੂੰ ਢਾਲਣਾ ਕਿ ਰਾਤ ਸਦਾ ਨਹੀਂ ਰਹਿੰਦੀ। ਆਖਰ ਨੂੰ ਸੂਰਜ ਨੇ ਦਸਤਕ ਦੇ ਕੇ ਰਾਤ ਦੀ ਕੁੱਖ ਵਿਚ ਦਿਨ ਦਾ ਉਜਾਲਾ ਧਰਨਾ ਹੁੰਦਾ। ਚੰਗਾ ਹੁੰਦਾ ਹੈ ਕਦੇ ਕਦਾਈਂ ਘਰ ਤੋਂ ਬਾਹਰ ਨਿਕਲਣਾ। ਚੰਨ ਅਤੇ ਤਾਰਿਆਂ ਦੀ ਗੁਫ਼ਤਗੂ ਵਿਚ ਸ਼ਾਮਲ ਹੋਣਾ। ਇਨ੍ਹਾਂ ਦੀਆਂ ਰਿਸ਼ਮ-ਰੱਤੀਆਂ ਬਾਤਾਂ ਨੂੰ ਜੀਵਨ-ਧਾਰਾ ਬਣਾਉਣਾ ਅਤੇ ਆਪਣੇ ਆਪ ਨੂੰ ਰੁਸ਼ਨਾਣਾ। ਤਾਰਿਆਂ ਦੀ ਸੰਗਤ ਵਿਚ ਅਕਸਰ ਹੀ ਲੋਕ ਤਾਰੇ ਵਰਗੇ ਬਣ ਜਾਂਦੇ ਅਤੇ ਫਿਰ ਸਾਰਾ ਅੰਬਰ ਵੀ ਉਨ੍ਹਾਂ ਦਾ ਹੁੰਦਾ।
ਚੰਗਾ ਹੁੰਦਾ ਹੈ ਰੋਜ਼ਮਰ੍ਹਾ ਦੇ ਜੀਵਨ ਤੋਂ ਕੁਝ ਸਮੇਂ ਲਈ ਨਿਜਾਤ ਪਾਉਣ ਲਈ ਆਪਣੇ ਲੰਗੋਟੀਏ ਯਾਰਾਂ ਨੂੰ ਮਿਲਣਾ। ਬੇਫਿ਼ਕਰੀ ਦੇ ਪਲਾਂ ਨੂੰ ਜਿਊਣਾ। ਚਿਹਰੇ `ਤੇ ਚਾੜ੍ਹੇ ਹੋਏ ਨਕਾਬਾਂ ਨੂੰ ਉਤਾਰਨਾ, ਅਹੁਦਿਆਂ ਤੇ ਰੁਤਬਿਆਂ ਤੋਂ ਸੁਰਖ਼ਰੂ ਹੋਣਾ ਅਤੇ ਨਿਰ-ਉਚੇਚਤਾ ਵਿਚੋਂ ਆਪਣੇ ਬਚਪਨੇ ਅਤੇ ਮਖ਼ਰੂਰੀ ਭਰੇ ਪਲਾਂ ਨੂੰ ਜਿਊਣਾ। ੀਮੱਤਰ ਤੁਹਾਡੀ ਔਕਾਤ ਨੂੰ ਜਾਣਦੇ ਅਤੇ ਉਹ ਤੁਹਾਨੂੰ ਔਕਾਤ ਵਿਚ ਰਹਿਣ ਦਾ ਗੁਰ ਵੀ ਸਮਝਾ ਦਿੰਦੇ। ਬਹੁਤ ਚੰਗਾ ਹੁੰਦਾ ਹੈ ਬੱਚਿਆਂ ਵਿਚ ਬੱਚਾ ਹੀ ਬਣ ਜਾਣਾ। ਤੋਤਲੀਆਂ ਗੱਲਾਂ ਕਰਨੀਆਂ। ਉਨ੍ਹਾਂ ਨਾਲ ਬਚਪਨੀ ਖੇਡਾਂ ਖੇਡਣਾ। ਉਨ੍ਹਾਂ ਦੀ ਬੋਲੀ ਬੋਲਣਾ ਤੇ ਸਵਾਂਘ ਰਚਾਉਣੇ। ਬਹੁਤ ਜ਼ਰੂਰੀ ਹੁੰਦਾ ਹੈ ਹਰ ਵਿਅਕਤੀ ਦੇ ਅੰਦਰਲੇ ਬੱਚੇ ਨੂੰ ਸਦਾ ਜਿਉਂਦਾ ਰੱਖਣਾ। ਭੱਚਾ ਜਿਉਂਦਾ ਹੈ ਤਾਂ ਤੁਹਾਡੇ ਅੰਦਰ ਪਾਕੀਜ਼ਗੀ ਜਿਊਂਦੀ ਹੈ, ਸੱਚ ਜਾਗਦਾ ਹੈ, ਨਿਰਛਲਤਾ ਦਾ ਵਾਸਾ ਰਹਿੰਦਾ ਅਤੇ ਦੁਨਿਆਵੀ ਪਾਖੰਡ ਤੁਹਾਡੀਆਂ ਅੱਖਾਂ ਵਿਚ ਦਿਖਾਈ ਨਹੀਂ ਦਿੰਦਾ।
ਚੰਗਾ ਹੁੰਦਾ ਹੈ ਉਮਰ ਦੇ ਆਖਰੀ ਪੜਾਅ ਵਿਚ ਦਿਲ ਦੀਆਂ ਗੱਲਾਂ ਕਰਨ ਲਈ ਲੋਚਦੇ ਬਜ਼ੁਰਗਾਂ ਨਾਲ ਸਮਾਂ ਬਿਤਾਉਣਾ ਅਤੇ ਉਨ੍ਹਾਂ ਦੇ ਸੀਨਿਆਂ ਵਿਚ ਠੰਢ ਪਾਉਣਾ। ਬਜ਼ੁਰਗ ਤੁਰ ਜਾਣ `ਤੇ ਤੁਹਾਨੂੰ ਕਦੇ ਨਹੀਂ ਮਿਲਣੀਆਂ ਬਜ਼ੁਰਗੀ ਨਸੀਹਤਾਂ, ਕਿਸੇ ਨੇ ਨਹੀਂ ਤੁਹਾਨੂੰ ਸੁਮੱਤਾਂ ਦਾ ਵਰਦਾਨ ਦੇਣਾ। ਕਿਸੇ ਨੇ ਨਹੀਂ ਤੁਹਾਡਾ ਬਚਪਨ ਦਾ ਨਾਂ ਲੈ ਕੇ `ਵਾਜ਼ ਮਾਰਨੀ ਅਤੇ ਕਦੇ ਨਹੀਂ ਕਹਿਣਾ ਕਿ ਪੁੱਤ ਪਿੰਡ ਜ਼ਰੂਰ ਆਵੀਂ। ਮਾਪੇ ਹੀ ਹੁੰਦੇਜਿਹੜੇ ਤੁਹਾਨੂੰ ਤੁਹਾਡੇ ਪੁਰਾਣੇ ਘਰ ਵਿਚ ਉਡੀਕਦੇ ਨੇ। ਜੇ ਘਰ ਵਾਲੇ ਨਾ ਉਡੀਕਣ ਤਾਂ ਤੁਹਾਡਾ ਘਰ ਤੁਹਾਡੀ ਆਮਦ ਲਈ ਸਦਾ ਲਈ ਓਧਰ ਜਾਂਦਾ ਅਤੇ ਘਰ ਦਾ ਚੇਤਾ ਨਾ-ਚਾਹੁੰਦਿਆਂ ਹੋਇਆਂ ਵੀ ਤੁਹਾਡੇ ਚੇਤਿਆਂ ਵਿਚੋਂ ਖੁਰ ਜਾਂਦਾ। ਚੰਗਾ ਹੁੰਦਾ ਹੈ ਕਮਰੇ ਵਿਚ ਪਸਰੀ ਹੋਈ ਚੁੱਪ ਨੂੰ ਤੋੜਨਾ। ਇਸਦੀ ਸੁੰਨ ਨੂੰ ਸਾਹਾਂ ਦੀ ਗਰਮੀ ਨਾਲ ਗਰਮਾਉਣਾ। ਇਸਨੂੰ ਸੁਰ-ਸੰਗੀਤ ਨਾਲ ਭਰਨਾ, ਰੂਹਾਂ ਦੀ ਰਾਗਣੀ ਨਾਲ ਸੁਰ ਕਰਨਾ ਅਤੇ ਇਸਦੀ ਫਿਜ਼ਾ ਨੂੰ ਸੁਗੰਧਤ ਹੋਂਦ ਨਾਲ ਤਰੰਗਤ ਕਰਨਾ। ਯਾਦ ਰੱਖਣਾ! ਕਮਰੇ ਦੀ ਸੁੰਨ, ਕਮਰੇ ਵਿਚ ਰਹਿਣ ਵਾਲਿਆਂ ਅਤੇ ਕਮਰੇ ਨੂੰ ਬਹੁਤ ਜਲਦੀ ਹਜ਼ਮ ਕਰ ਜਾਂਦੀ ਹੈ।
ਚੰਗਾ ਹੁੰਦਾ ਹੈ ਸ਼ੈਲਫ `ਤੇ ਪਈਆਂ ਕਿਤਾਬਾਂ ਨੂੰ ਹੱਥਾਂ ਦੀ ਛੂਹ ਦੇਣਾ ਅਤੇ ਉਨ੍ਹਾਂ ਨੂੰ ਫਰੋਲਣਾ। ਇਨ੍ਹਾਂ ਦੀ ਇਬਾਰਤ ਵਿਚ ਰਚੇ ਗਿਆਨ ਨੂੰ ਮਸਤਕ ਵਿਚ ਟਿਕਾਉਣਾ, ਅੰਦਰ ਬੈਠੇ ਅੰਧਕਾਰ ਨੂੰ ਮਿਟਾਉਣਾ। ਕਿਤਾਬਾਂ ਗੱਲਾਂ ਵੀ ਕਰਦੀਆਂ ਅਤੇ ਹੁੰਗਾਰਾ ਵੀ ਭਰਦੀਆਂ। ਸਿਰਫ਼ ਸਾਨੂੰ ਕਿਤਾਬਾਂ ਨਾਲ ਗੱਲਾਂ ਕਰਨ ਦੀ ਜਾਚ ਹੋਣੀ ਚਾਹੀਦੀ। ਚੰਗਾ ਹੁੰਦਾ ਹੈ ਕੋਰੇ ਵਰਕਿਆਂ ਨੂੰ ਸ਼ਬਦ ਅਰਪਣੇ। ਇਨ੍ਹਾਂ ਸ਼ਬਦਾਂ ਵਿਚ ਆਲੇ-ਦੁਆਲੇ ਨੂੰ ਉਲਥਾਉਣਾ, ਚੌਗਿਰਦੇ ਦੇ ਸਰੋਕਾਰਾਂ ਨੂੰ ਹਰਫ਼ਾਂ ਦੇ ਹਵਾਲੇ ਕਰਨਾ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਬੀਤੇ ਦੀ ਤਸਦੀਕ ਕਰ ਸਕਣ।। ਇਸ ਤੋਂ ਸਿੱਖ ਕੇ ਉਹ ਆਪਣੇ ਭਵਿੱਖ ਨੂੰ ਵਿਉਂਤਣ।
ਚੰਗਾ ਹੁੰਦਾ ਹੈ ਖੁਦ ਨੂੰ ਪਾਕੀਜ਼ ਕਰਨ ਲਈ ਰੂਹ ਦੇ ਨਿਰਮਲ ਪਾਣੀਆਂ ਵਿਚ ਹੰਘਾਲਣਾ। ਇਸ ਵਿਚਲੀ ਗੰਦਗੀ ਨੂੰ ਉਤਾਰਨਾ, ਨਚੋੜਨਾ ਅਤੇ ਸੂਰਜ ਦੀ ਬੀਹੀ ਵਿਚ ਸੁੱਕਣੇ ਪਾਉਣਾ। ਫਿਰ ਆਪਣੇ ਸੁਚਿਆਰੇ ਰੂਪ ਨੂੰ ਆਪਣੀ ਹੌਂਦ ਦਾ ਹਾਸਲ ਬਣਾਉਣਾ। ਚੰਗਾ ਹੁੰਦਾ ਹੈ ਉਮਰ ਦੇ ਹਰ ਪੜਾਅ `ਤੇ ਸੁਪਨੇ ਲੈਣਾ ਅਤੇ ਇਨ੍ਹਾਂ ਦੀ ਪੂਰਤੀ ਲਈ ਸਫ਼ਰ `ਤੇ ਰਹਿਣਾ। ਸਫ਼ਰ ਵਿਚ ਰਹਿਣ ਵਾਲੇ ਹੀ ਪ੍ਰਾਪਤੀ ਦਾ ਸਿਰਨਾਵਾਂ ਹੁੰਦੇ। ਰਾਹਾਂ ਵਿਚ ਖੜਿਆਂ ਨੂੰ ਕਦੇ ਮੰਜ਼ਲਾਂ ਨਹੀਂ ਮਿਲਦੀਆਂ। ਪੈਰਾਂ ਵਿਚ ਉਗੇ ਸਫ਼ਰ ਹੀ ਨਵੀਆਂ ਰਾਹਾਂ, ਥਾਵਾਂ ਅਤੇ ਸਿਰਨਾਵਿਆਂ ਦੇ ਸੂਚਕ ਹੁੰਦੇ।
ਬਹੁਤ ਚੰਗਾ ਹੁੰਦਾ ਹੈ ਕਿ ਵਕਤ ਦੇ ਮੋੜ `ਤੇ ਆਪਣੇ ਹਿੱਸੇ ਦੇ ਅੰਬਰ ਨੂੰ ਤਲਾਸ਼ਣ ਲਈ ਇਸ ਦੀਆਂ ਸੂਹਾਂ ਲੈਣੀਆਂ। ਫਿਰ ਇਸ ਅੰਬਰ ਨੂੰ ਆਪਣੇ ਨਾਮ ਕਰ, ਆਪਣੇ ਹਿੱਸੇ ਦੀ ਜਿ਼ੰਦਗੀ ਜਿਊਣਾ। ਜਦ ਤੁਸੀਂ ਆਪਣੇ ਹਿੱਸੇ ਦੀ ਧਰਤ, ਅਤੇ ਅੰਬਰ ਨੂੰ ਆਪਣੀਆਂ ਤਰਜੀਹਾਂ ਵਿਚ ਸ਼ਾਮਲ ਕਰਦੇ ਹੋ ਤਾਂ ਤਕਦੀਰਾਂ ਤੁਹਾਡੇ ਮਸਤਕ ਦਾ ਨਸੀਬ ਬਣ ਜਾਂਦੀਆਂ। ਸਮਾਜ ਤੇ ਪਰਿਵਾਰ ਲਈ ਅਸੀਂ ਸਾਰੀ ਉਮਰ ਹੀ ਜਿਉਂਦੇ। ਕਦੇ ਖੁਦ ਲਈ ਵੀ ਜਿਊਣਾ ਚੰਗਾ ਹੁੰਦਾ। ਸਾਹਾਂ ਨੂੰ ਆਪਣੀ ਸਾਰਥਿਕਤਾ ਅਤੇ ਸੰਤੁਸ਼ਟੀ ਦਾ ਪ੍ਰਮਾਣ ਮਿਲ ਜਾਵੇਗਾ। ਸਭ ਤੋਂ ਚੰਗਾ ਹੁੰਦਾ ਹੈ ਗਾਹੇ-ਬਗਾਹੇ ਖੁਦ ਦੇ ਰੂਬਰੂ ਹੁੰਦੇ ਰਹੀਏ। ਖੁਦ ਨੂੰ ਮਿਲਦੇ ਰਹੀਏ। ਖੁਦ ਹੀ ਆਪਣਾ ਹਾਲ-ਚਾਲ ਪੁੱਛਦੇ ਰਹੀਏ। ਆਪਣੇ ਦੁੱਖਾਂ ਤੇ ਦਰਦਾਂ ਤੋਂ ਜਾਣੂ ਹੁੰਦੇ ਰਹੀਏ। ਆਪਣੀਆਂ ਕਾਮਨਾਵਾਂ ਅਤੇ ਤਮੰਨਾਵਾਂ ਦੀ ਜਾਣਕਾਰੀ ਲੈਂਦੇ ਰਹੀਏ। ਆਪਣੀਆਂ ਤਰਜੀਹਾਂ ਤੇ ਤਸ਼ਬੀਹਾਂ ਬਾਰੇ ਪਤਾ ਹੋਵੇ। ਆਪਣੀਆਂ ਘਾਟਾਂ ਅਤੇ ਥੋੜ੍ਹਾਂ ਬਾਰੇ ਗਿਆਨ ਹੋਵੇ। ਖੁਦ ਦੀਆਂ ਕਮੀਆਂ ਅਤੇ ਕਮੀਨਗੀਆਂ ਬਾਰੇ ਪਤਾ ਹੋਵੇ। ਖੁਦ ਨੂੰ ਜਾਣੇ ਬਗੈਰ ਤੁਸੀਂ ਕੁਝ ਵੀ ਨਹੀਂ ਕਰ ਸਕਦੇ। ਇਸ ਤੋਂ ਬਗੈਰ ਕਦਮਾਂ ਵਿਚ ਸਫ਼ਰ, ਅੱਖਾਂ ਵਿਚ ਸੁਪਨੇ, ਮਨ ਵਿਚ ਤਾਂਘ ਅਤੇ ਦਿਲ ਵਿਚ ਤੜਫਣ ਪੈਦਾ ਨਹੀਂ ਹੋਵੇਗੀ। ਬਾਹਰੀ ਭਟਕਣ ਵਿਚ ਵਕਤ ਅਜਾਈਂ ਗਵਾਉਣ ਦੀ ਬਜਾਏ ਖੁਦ ਵਿਚੋਂ ਖੁਦ ਦੀ ਤਲਾਸ਼ ਕਰੋਗੇ ਤਾਂ ਜੋ ਚਾਹੋਗੇ ਉਹ ਪ੍ਰਾਪਤ ਕਰ ਸਕੋਗੇ। ਤੁਹਾਡੇ ਵਿਚ ਅਸੀਮ ਸਮਰੱਥਾ, ਅਥਾਹ ਤਾਕਤ ਅਤੇ ਅਣਗਿਣਤ ਗੁਣ ਹੁੰਦੇ। ਸਿਰਫ਼ ਬੰਦੇ ਨੂੰ ਖੁਦ ਬਾਰੇ ਅਣਜਾਣਤਾ ਹੋਣ ਕਾਰਨ ਉਹ ਆਪਣੇ ਹਿੱਸੇ ਦੀਆਂ ਪ੍ਰਾਪਤੀਆਂ ਤੋਂ ਵਿਹੂਣਾ ਰਹਿ ਜਾਂਦਾ। ਇਸ ਲਈ ਬਹੁਤ ਹੀ ਚੰਗਾ ਹੁੰਦਾ ਹੈ ਜਨਾਬ ਕਿ ਖੁਦ ਨੂੰ ਅਕਸਰ ਹੀ ਮਿਲਦੇ ਰਹੀਏ।