ਗੁਲਜ਼ਾਰ ਸਿੰਘ ਸੰਧੂ
ਮੈਂ ਆਪਣੇ ਘਰ ਆਈਆਂ ਆਲਤੂ ਫਾਲਤੂ ਕਿਤਾਬਾਂ ਕਿਸੇ ਲਾਇਬਰੇਰੀ ਨੂੰ ਦੇਣ ਲਈ ਕੱਢ ਰਿਹਾ ਸਾਂ। ਮੇਰੇ ਹੱਥ ਨਿੰਦਰ ਘੁਗਿਆਣਵੀ ਵਲੋਂ ਸੰਪਾਦਤ ‘ਸ਼ਿਵ ਕੁਮਾਰ: ਜੀਵਨ ਤੇ ਯਾਦਾਂ’ (ਨਿਊ ਬੁੱਕ ਕੰਪਨੀ, ਜਲੰਧਰ, ਪੰਨੇ 176 ਮੁੱਲ 220 ਰੁਪਏ) ਲੱਗ ਗਈ। ਚੇਤੇ ਆਇਆ ਕਿ ਨਿੰਦਰ ਇਹ ਪੁਸਤਕ ਡੇਢ ਦੋ ਮਹੀਨੇ ਪਹਿਲਾਂ ਫੜਾ ਗਿਆ ਸੀ।
ਮੈਂ ਇਸ ਦੇ ਵਰਕੇ ਫਰੋਲੇ ਬਿਨਾਂ ਇਸ ਨੂੰ ਵੀ ਐਵੇਂ ਕਿਵੇਂ ਵਾਲੀਆਂ ਪੋਥੀਆਂ ਵਿਚ ਰੱਖ ਦਿੱਤਾ। ਸ਼ਾਇਦ ਤੀਜਾ ਐਡੀਸ਼ਨ ਹੋਣ ਕਾਰਨ ਹੁਣ ਜਦੋਂ ਮੈਂ ਤਤਕਰੇ ਉੱਤੇ ਝਾਤ ਮਾਰੀ ਤਾਂ ਇਸ ਵਿਚ ਸ਼ਿਵ ਕੁਮਾਰ ਬਾਰੇ ਮੇਰਾ ਲੇਖ ਵੀ ਹੈ। ਇਕ ਦਰਜਨ ਦੂਜੇ ਲੇਖਕਾਂ ਸਮੇਤ। ਇਹ ਜਾਨਣ ਲਈ ਕਿ ਉਹ ਮੇਰੇ ਨਾਲੋਂ ਸ਼ਿਵ ਨੂੰ ਕਿੰਨਾ ਕੁ ਵੱਧ ਜਾਣਦੇ ਸਨ ਮੈਂ ਪੁਸਤਕ ਦੇ ਵਰਕੇ ਫਰੋਲਣੇ ਸ਼ੁਰੂ ਕਰ ਦਿੱਤੇ।
ਮੈਂ ਸ਼ਿਵ ਨੂੰ ਕਾਫੀ ਨੇੜੇ ਤੋਂ ਜਾਣਦਾ ਸਾਂ। ਉਸ ਦੀ ਰਚਨਾਕਾਰੀ ਤੇ ਬੇਪ੍ਰਵਾਹੀਆਂ ਨੂੰ ਵੀ ਪਰ ਨਿੰਦਰ ਦੀ ਪੁਸਤਕ ਨੇ ਮੈਨੂੰ ਆਪਣੀ ਪਿੱਠ ਥਾਪੜਨ ਤੋਂ ਵਰਜ ਦਿੱਤਾ। ਇਸ ਲਈ ਕਿ ਇਸ ਵਿਚ ਦਰਜਨ ਲੇਖਾਂ ਦੇ ਸਾਰੇ ਲੇਖਕ ਸ਼ਿਵ ਨੂੰ ਮੇਰੇ ਨਾਲੋਂ ਬਹੁਤ ਨੇੜਿਓਂ ਜਾਣਦੇ ਸਨ। ਉਹ ਵੀ ਜਿਹੜੇ ਸ਼ਿਵ ਕੁਮਾਰ ਦੇ ਜੀਵਨ ਕਾਲ ਵਿਚ ਹਾਲੀ ਮੁਢਲੀ ਵਿਦਿਆ ਪ੍ਰਾਪਤ ਕਰ ਰਹੇ ਸਨ। ਨਿੰਦਰ ਘੁਗਿਆਣਵੀ ਦੇ ਸਿਰ ਤਾਂ ਇਹ ਸਿਹਰਾ ਬੱਝਦਾ ਹੈ ਕਿ ਉਸ ਨੇ ਸਾਰਿਆਂ ਨੂੰ ਲੱਭਿਆ ਤੇ ਸ਼ਿਵ ਬਟਾਲਵੀ ਦੀਆਂ ਦੁਰਲੱਭ ਤਸਵੀਰਾਂ ਸਮੇਤ ਪਾਠਕਾਂ ਦੇ ਰੂ-ਬ-ਰੂ ਕੀਤਾ। ਮੇਰੀ ਸੀਮਾ ਇਹ ਵੀ ਸੀ ਕਿ ਮੈਂ ਸ਼ਿਵ ਦੇ ਜੀਵਨ ਕਾਲ ਵਿਚ ਦਿੱਲੀ ਦਾ ਵਸਨੀਕ ਸਾਂ, ਪੰਜਾਬ ਦਾ ਨਹੀਂ। ਉਹ ਮੇਰੇ ਕੋਲ ਕਦੇ ਕਦਾਈਂ ਆ ਜਾਂਦਾ ਸੀ।
ਇਸ ਪੁਸਤਕ ਦੇ ਲੇਖਕ ਜੀਤ ਸਿੰਘ ਸੀਤਲ, ਅੰਮ੍ਰਿਤਾ ਪ੍ਰੀਤਮ, ਬਲਵੰਤ ਗਾਰਗੀ, ਗੁਰਦੇਵ ਸਿੰਘ ਮਾਨ ਮੈਥੋਂ ਵੱਡੇ ਸਨ। ਕੁਲਬੀਰ ਸਿੰਘ ਕਾਂਗ, ਕੰਵਲਜੀਤ ਸਿੰਘ ਸੂਰੀ, ਭੂਸ਼ਨ ਧਿਆਨਪੁਰੀ, ਧਰਮ ਕੰਮੇਆਣਾ, ਪਾਸ਼, ਕੁਲਦੀਪ ਤੱਖੜ ਤੇ ਦੇਵਿੰਦਰ ਕੌਰ ਮੈਥੋਂ ਛੋਟੇ। ਪ੍ਰੇਮ ਕੁਮਾਰ (ਅਮਰੀਕਾ), ਹਰਸ਼ ਕੁਮਾਰ ਹਰਸ਼ ਤੇ ਜਿਉਤੀ ਮਾਨ ਨੂੰ ਮੈਂ ਨਹੀਂ ਜਾਣਦਾ ਹਾਂ। ਮਿਹਰਬਾਨ ਸ਼ਿਵ ਦਾ ਬੇਟਾ ਹੈ ਤੇ ਮੋਹਨ ਕਾਹਲੋਂ ਉਸ ਦਾ ਮਿੱਤਰ ਸੀ। ਉਹੀਓ ਸੀ ਜਿਹੜਾ ਸ਼ਿਵ ਨੂੰ ਲੈ ਕੇ ਮੇਰੀ ਜੰਜੇ ਨੋਸ਼ਹਿਰਾ ਪੰਨੂਆਂ (ਤਰਨਤਾਰਨ) ਢੁਕਿਆ ਸੀ-ਵ੍ਹਿਸਕੀ ਦੀ ਬੋਤਲ ’ਤੇ ਸਵਾਰ ਹੋ ਕੇ।
ਕਿਸ ਨੇ ਸ਼ਿਵ ਬਾਰੇ ਕੀ ਲਿਖਿਆ ਇਸ ਨਿਕਚੂ ਜਿਹੇ ‘ਨਿਕ ਸੁੱਕ’ ਵਿਚ ਦੱਸਣਾ ਸੰਭਵ ਨਹੀਂ। ਬਹੁਤਿਆਂ ਨੇ ਉਹਦੀ ਕਵਿਤਾ ਤੇ ਆਵਾਜ਼ ਦੀ ਜਾਦੂਗਰੀ ਦਾ ਜ਼ਿਕਰ ਕੀਤਾ ਹੈ ਤੇ ਕੁਝ ਇੱਕ ਨੇ ਉਹਦੇ ਬਚਨ ਦਾ। ਬਚਪਨ ਵਿਚ ਸ਼ਿਵ ਰਾਮਧਾਰੀਆਂ ਨਕਲੀਆਂ, ਬਾਂਦਰ ਬਾਂਦਰੀ ਦਾ ਤਮਾਸ਼ਾ ਵਿਖਾਉਣ ਵਾਲਿਆਂ ਤੇ ਕੁੜੀਆਂ ਦੇ ਤ੍ਰਿੰਝਣ ਨੂੰ ਬੜੇ ਧਿਆਨ ਨਾਲ ਵੇਖਦਾ, ਸੁਣਦਾ ਤੇ ਮਾਣਦਾ। ਜੇ ਦਾਅ ਲੱਗਦਾ ਤਾਂ ਆਪਣੇ ਵਲੋਂ ਕੁਝ ਸੁਣਾ ਵੀ ਦਿੰਦਾ। ਉਸ ਦੇ ਚਿਹਰੇ ਤੇ ਆਵਾਜ਼ ਦੀ ਖਿੱਚ ਸਭ ਨੂੰ ਮੋਹ ਲੈਂਦੀ, ਖਾਸ ਕਰਕੇ ਕੁੜੀਆਂ ਚਿੜੀਆਂ ਨੂੰ। ਇਹ ਉਦੋਂ ਦੀਆਂ ਗੱਲਾਂ ਹਨ ਜਦੋਂ ਉਹ ਕਵਿਤਾ ਨਹੀਂ ਸੀ ਲਿਖਣ ਲੱਗਿਆ।
ਉਸਦੇ ਕਵੀ ਵਜੋਂ ਪ੍ਰਵਾਨ ਹੋਣ ਪਿੱਛੋਂ ਕਿਸੇ ਨੇ ਉਸਨੂੰ ਪੰਜਾਬੀ ਦਾ ਕੀਟਸ ਕਿਹਾ, ਕਿਸੇ ਨੇ ਬੁੱਲ੍ਹਾ, ਸ਼ਾਹ ਹੁਸੈਨ ਤੇ ਵਾਰਿਸ ਸ਼ਾਹ। ‘ਲੂਣਾ’ ਨਾਂ ਦੀ ਰਚਨਾ ਉੱਤੇ ਭਾਰਤੀ ਸਾਹਿਤ ਅਕਾਡਮੀ ਵਲੋਂ ਸਨਮਾਨ ਜਾਣ ਵਾਲੇ ਭਾਰਤੀ ਸਾਹਿਤਕਾਰਾਂ ਵਿਚ ਸਭ ਤੋਂ ਛੋਟੀ ਉਮਰੇ ਇਸ ਦਾ ਭਾਗੀ ਹੋਣ ਵਾਲਾ ਸ਼ਿਵ ਕੁਮਾਰ ਸੀ।
ਉਸਦੀ ਕਾਵਿਕ ਯਾਤਰਾ ਫਰਸ਼ ਤੋਂ ਅਰਸ਼ ਦੀ ਨਹੀਂ ਅਰਸ਼ ਤੋਂ ਅਰਸ਼ ਦੀ ਸੀ। ਮੈਂ ਇਸਨੂੰ ਦਰਸਾਉਣ ਲਈ ਮਿਰਜ਼ਾ ਗਾਲਿਬ ਦੇ ਸ਼ਿਅਰ ਦਾ ਆਸਰਾ ਲੈਂਦਾ ਹਾਂ:
ਮੰਜਰ ਏਕ ਬੁਲੰਦੀ ਪਰ ਔਰ ਹਮ ਬਨਾ ਸਕਤੇ,
ਕਾਸ਼ ਕਿ ਇਧਰ ਹੋਤਾ ਅਰਸ਼ ਸੇ ਮੁਕਾਂ ਅਪਨਾ
ਉਸਨੂੰ ਫਰਸ਼ ਤੋਂ ਅਰਸ਼ ਤੱਕ ਪਹੰੁਚਾਉਣ ਵਾਲੀਆਂ ਵੀ ਕਈ ਸਨ। ਵੀਰੋ, ਸ਼ੀਸ਼ੋ ਤੇ ਮੀਨਾ ਦਾ ਜ਼ਿਕਰ ਤਾਂ ਆਮ ਆਉਂਦਾ ਹੈ ਪਰ ਕਿੱਛੀ ਦਾ ਨਹੀਂ। ਨਿੰਦਰ ਦੀ ਪੁਸਤਕ ਦੱਸਦੀ ਹੈ ਕਿ ਉਹ ਆਪਣੀ ਝੋਲੀ ਵਿਚ ਰੋੜ ਤੇ ਠੀਕਰੀਆਂ ਭਰ ਕੇ ਉਦੋਂ ਤੱਕ ਉਡੀਕਦੀ ਰਹਿੰਦੀ ਜਦੋਂ ਤੱਕ ਬਾਕੀ ਦੀ ਢਾਣੀ ਆਪੋ ਆਪਣੇ ਘਰਾਂ ਨੂੰ ਨਹੀਂ ਸੀ ਤੁਰ ਜਾਂਦੀ। ਫੇਰ ਸ਼ਿਵ ਦੇ ਕਹਿਣ ਉੱਤੇ ਕਿੱਛੀ ਆਪਣੇ ਪੱਲੇ ਦੀਆਂ ਸਾਰੀਆਂ ਠੀਕਰੀਆਂ ਧਰਤੀ ਉੱਤੇ ਸੁੱਟ ਦਿੰਦੀ ਤੇ ਦੋਨੋਂ ਖੇਡਣ ਲੱਗ ਜਾਂਦੇ। ਉਦੋਂ ਤੱਕ ਖੇਡਦੇ ਰਹਿੰਦੇ ਜਦੋਂ ਤੱਕ ਉਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਲੱਭ ਕੇ ਉਥੋਂ ਨਾ ਉਠਾਉਂਦੇ। ਸ਼ਿਵ ਅੰਤਲੀ ਕਵਿਤਾ ਵੀ ਇਨ੍ਹਾਂ ਨੂੰ ਭੁੱਲਿਆ ਨਹੀਂ:
ਆਓ ਮੈਨੂੰ ਦਿਓ ਦਿਲਾਸਾ ਨੀ
ਪੀ ਚੱਲਿਆ ਮੈਨੂੰ ਘੁੱਟ ਘੁੱਟ ਕਰ ਕੇ
ਰਾਮ ਦਾ ਮਿਰਗ ਪਿਆਸਾ ਨੀ
ਤਾਪ ਤ੍ਹਈਏ ਫਿਕਰਾਂ ਦੇ ਨੇ
ਮਾਰ ਮੁਕਾਈ ਜਿੰਦੜੀ ਨੀ
ਲੂਸ ਗਿਆ ਹਰ ਹਸਰਤ ਮੇਰੀ
ਲੱਗਿਆ ਹਿਜਰ ੁਮਾਸਾ ਨੀ
(ਮੀਨਾ ਦੇ ਤੇਈਏ ਤਾਪ ਨਾਲ ਮਰਨ ਉੱਤੇ)
ਅੰਮ੍ਰਿਤਾ ਪ੍ਰੀਤਮ ਨੇ ਆਪਣੇ ਲੇਖ ਵਿਚ ਇਸ ਭਾਵਨਾ ਉੱਤੇ ਮੁਹਰ ਲਾਉਣ ਲਈ ਸ਼ਿਵ ਦੇ ਇਹ ਬੋਲ ਪੇਸ਼ ਕੀਤੇ ਹਨ:
ਜਦ ਰੋਹੀਆਂ ਵਿਚ ਤੜਕੇ ਪੰਛੀ ਵਾਕ ਕੋਈ ਲੈਂਦਾ ਹੈ
ਮੈਂ ਆਪਣੇ ਸੰਗ ਸੁੱਤਾ ਆਪਣਾ ਗੀਤ ਜਗਾਂਦਾ ਹਾਂ
ਮੈਂ ਤੇ ਸੂਰਜ ਜਦ ਫਿਰ ਘਰ ਦੇ ਮੋੜ `ਤੇ ਮਿਲਦੇ ਹਾਂ
ਨਦੀਏ ਰੋਜ਼ ਨਹਾਵਣ ਉਹਦੇ ਨਾਲ ਮੈਂ ਜਾਂਦਾ ਹਾਂ
ਮੈਂ ਤੇ ਸੂਰਜ ਜਦੋਂ ਨਹਾ ਕੇ ਘਰ ਨੂੰ ਮੁੜਦੇ ਹਾਂ
ਮੈਂ ਸੂਰਜ ਲਈ ਵਿਹੜੇ ਨਿੰਮਦਾ ਪੀਹੜਾ ਡਾਂਹਦਾ
ਮੈਂ ਤੇ ਸੂਰਜ ਜਦ ਫਿਰ ਬਹਿ ਕੇ ਗੱਲਾਂ ਕਰਦੇ ਹਾਂ
ਮੈਂ ਸੂਰਜ ਨੂੰ ਤੇਰੀ ਛਾਂ ਦੀ ਗੱਲ ਸੁਣਾਂਦਾ ਹਾਂ।
ਅੰਮ੍ਰਿਤਾ ਪ੍ਰੀਤਮ ਦੇ ਲਿਖਣ ਅਨੁਸਾਰ ਇਕ ਵਾਰ ਜਦੋਂ ਅੰਮ੍ਰਿਤਾ ਨੇ ਸ਼ਿਵ ਦੇ ਕਿਸੇ ਖ਼ਤ ਦਾ ਉੱਤਰ ਦੇਣ ਵਿਚ ਦੇਰੀ ਕਰ ਦਿੱਤੀ ਤਾਂ ਸ਼ਿਵ ਅੰਮ੍ਰਿਤਾ ਦੀ ਥਾਂ ਉਸਦੇ ਮਕਾਨ ਨੰਬਰ 8/20 ਨੂੰ ਚਿੱਠੀ ਲਿਖਦਾ ਹੈ ਕਿ ਅੰਮ੍ਰਿਤਾ ਨੂੰ ਸੁੱਤੀ ਨੂੰ ਜਗਾਵੇ ਤੇ ਉਹ ਸ਼ਿਵ ਦੇ ਖ਼ਤ ਦਾ ਉੱਤਰ ਦੇ ਸਕੇ। ਨਿੰਦਰ ਵਾਲੀ ਪੁਸਤਕ ਵਿਚ ਇਸ ਖ਼ਤ ਦਾ ਹਵਾਲਾ ਦੇ ਕੇ ਅੰਮ੍ਰਿਤਾ ਲਿਖਦੀ ਹੈ, ‘‘ਅੱਜ ਪਤਾ ਨਹੀਂ ਲੱਗਦਾ ਉਹ ਕਿਹੜੀ ਥਾਂ ਆਰਾਮ ਕਰਨ ਚਲਾ ਗਿਆ ਹੈ ਤੇ ਉਸ ਦਾ ਕੀ ਸਿਰਨਾਵਾਂ ਹੈ? ਦਿਲਾਂ ਦੀ ਮਰਦਮਸ਼ੁਮਾਰੀ ਵਿਚ ਤਾਂ ਉਹ ਜੀਉਂਦਿਆਂ ਵਿਚ ਹੈ, ਫੇਰ ਉਹਨੂੰ ਮੇਰੀ ਆਵਾਜ਼ ਕਿਉਂ ਨਹੀਂ ਸੁਣੀਂਦੀ? ਕਿਸੇ ਦੀ ਆਵਾਜ਼ ਕਿਉਂ ਨਹੀਂ ਸੁਣੀਂਦੀ…।”
ਗੁਰਦੇਵ ਸਿੰਘ ਮਾਨ ਉਸਦੀ ਕਾਵਿਕ ਉਤਮਤਾ ਦਰਸਾਉਣ ਲਈ ਉਸਦੀ ਰਚਨਾ ‘ਲੂਣਾ’ ਵਿਚਲੇ ਸ਼ਿਵ ਵਲੋਂ ਲਿਖੇ ਉਨ੍ਹਾਂ ਬੋਲਾਂ ਦਾ ਹਵਾਲਾ ਦਿੰਦਾ ਹੈ ਜਿਹੜੇ ਵਿਆਹ ਤੋਂ ਪਿੱਛੋਂ ਝੋਲੀ ਪੈ ਕੇ ਜਾਂਦੀ ਕੁੜੀ (ਲੂਣਾ) ਨੂੰ ਅੱਗ ਸਮਾਨ ਪੇਸ਼ ਕਰਦੇ ਹਨ:
ਮੈਂ ਅੱਗ ਟੁਰੀ ਪਰਦੇਸ
ਨੀ ਸਹੀਓ ਅੱਗ ਟੁਰੀ ਪ੍ਰਦੇਸ
ਅੱਗ ਦੀ ਉਮਰੇ ਹਰ ਅੱਗ ਟੁਰਦੀ,
ਜਾ ਬਹਿੰਦੀ ਪਰਦੇਸ
ਹਰ ਮਾਂਗ ਦਾ,
ਬਾਬਲ ਦੇ ਚੁੱਲ੍ਹੇ ਸਦਾ ਨਾ ਰਹਿੰਦਾ ਸੇਕ
ਇਹ ਕੀ ਅੱਗ ਦੇ ਲੇਖ! ਨੀ ਸਹੀਓ!
ਧਰਮ ਕੰਮੇਆਣਾ ਦੇ ਲਿਖਣ ਅਨੁਸਾਰ ਇਕ ਵਾਰੀ ਸ਼ਿਵ ਆਪਣੇ ਮਿੱਤਰ ਭੂਸ਼ਨ ਨਾਲ ਲੰਡਨ ਵਿਚੋਂ ਆਪਣਾ ਸਾਈਕਲ ਚੁੱਕ ਕੇ ਨਿਕਲ ਤੁਰਿਆ। ਮਸਲਾ ਇਹ ਸੀ ਕਿ ਭੂਸ਼ਨ ਉਸਨੂੰ ਮਹਾਨ ਕਵੀ ਕਿਉਂ ਨਹੀਂ ਮੰਨਦਾ। ਭੂਸ਼ਨ ਨੇ ਆਪਣੇ ਸੁਭਾਅ ਅਨੁਸਾਰ ਇਸ ਦਾ ਉੱਤਰ ‘ਮੇਲੇ ਵਿਚ ਚੱਕੀ ਰਾਹੇ ਨੂੰ ਕੌਣ ਪੁੱਛਦੈ’ ਕਹਿ ਦਿੱਤਾ ਸੀ। ਹੋਇਆ ਇਹ ਕਿ ਰਸਤੇ ਵਿਚ ਸਾਈਕਲ ਪੈਂਚਰ ਹੋ ਗਿਆ ਤੇ ਪੈਸੇ ਦੇਣ ਵੇਲੇ ਚੇਤਾ ਆਇਆ ਕਿ ਪੈਸਿਆਂ ਵਾਲਾ ਕੋਟ ਤਾਂ ਸ਼ਿਵ ਕੁਮਾਰ ਭੂਸ਼ਨ ਦੇ ਘਰ ਹੀ ਛੱਡ ਆਇਆ ਹੈ। ਓਧਰ ਪੈਂਚਰ ਲਾਉਣ ਵਾਲੇ ਨੂੰ ਕਿਸੇ ਨੇ ਦੱਸ ਦਿੱਤਾ ਕਿ ਇਹ ਸ਼ਿਵ ਕੁਮਾਰ ਹੈ। ਇਹ ਪਤਾ ਲੱਗਣ ਉੱਤੇ ਮਿਸਤ੍ਰੀ ਨੇ ਪੈਂਚਰ ਦੇ ਪੈਸੇ ਤਾਂ ਕੀ ਲੈਣੇ ਸਨ ਅਧੀਆ ਮੰਗਵਾ ਕੇ ਸ਼ਿਵ ਨੂੰ ਨੇੜਲੇ ਸਟੂਲ ਉੱਤੇ ਬਿਠਾ ਲਿਆ। ਪੈੱਗ ਲਾਉਣ ਤੋਂ ਪਿੱਛੋਂ ਸ਼ਿਵ ਆਪਣੇ ਮੇਜ਼ਬਾਨ ਦਾ ਧੰਨਵਾਦ ਕਰ ਕੇ ਭੂਸ਼ਨ ਦੇ ਘਰੋਂ ਕੋਟ ਵੀ ਲੈ ਆਇਆ ਤੇ ਇਹ ਵੀ ਕਹਿ ਆਇਆ ਕਿ ਭੂਸ਼ਨ ਮੰਨੇ ਨਾ ਮੰਨੇ ਉਹਨੂੰ ਮੰਨਣ ਵਾਲਿਆਂ ਦਾ ਕੋਈ ਘਾਟਾ ਨਹੀਂ।
ਉਸ ਦੇ ਮਿਲੀਟੈਂਟ ਸਮਕਾਲੀ ਕਵੀ ਪਾਸ਼ ਨੂੰ ਹੋਰਨਾਂ ਗੱਲਾਂ ਤੋਂ ਬਿਨਾਂ ਏਸ ਗੱਲ ਦਾ ਵੱਡਾ ਦੁੱਖ ਸੀ ਕਿ ਉਹ ਆਪਣੀ ਮਿਲੀਟੈਂਟ ਰਚਨਾ ‘ਇਕ ਜ਼ਫਰਨਾਮਾ ਹੋਰ’ ਪੂਰੀ ਕੀਤੇ ਬਿਨਾਂ ਕਿਉਂ ਟੁਰ ਗਿਆ।
ਜਿਓਤੀ ਮਾਨ ਦਾ ਲੇਖ ਵੀ ਪੜ੍ਹਨ ਵਾਲਾ ਹੈ। ਸ਼ਿਵ ਦੀ ਮੌਤ ਤੋਂ ਬਹੁਤ ਪਿੱਛੋਂ ਲਿਖੇ ਲੇਖ ਵਿਚ ਉਹਦੇ ਕੋਲ ਸਵਾਲ ਹੀ ਸਵਾਲ ਹਨ। ਸਵਾਲਾਂ ਦਾ ਸਵਾਲ ਇਹ ਕਿ ਸ਼ਿਵ ਨੂੰ ਤੁਰ ਜਾਣ ਦੀ ਏਨੀ ਕਾਹਲ ਕਿਉਂ ਸੀ? ਅੰਤ ਵਿਚ ਉਹ ਵਾਸਤਾ ਪਾਉਂਦੀ ਹੈ ਕਿ ਜੇ ਸ਼ਿਵ ਦੀ ਆਤਮਾ ਨੂੰ ਕੋਈ ਗੱਲ ਬੁਰੀ ਵੀ ਲੱਗੀ ਹੋਵੇ ਤਾਂ ਉਸਨੂੰ ਮੁਆਫ ਨਾ ਕਰੇ। ਉਸਨੂੰ ਸ਼ਿਵ ਦੀ ਗੁਨਾਹਗਾਰ ਹੋਏ ਰਹਿਣਾ ਚੰਗਾ ਲੱਗੇਗਾ… ਬਹੁਤ ਚੰਗਾ… ਸੱਚਮੁੱਚ ਹੀ ਬਹੁਤ ਚੰਗਾ। ਸ਼ਿਵ ਕੋਲੋਂ ਖਾਰ ਖਾਂਦੇ ਨਿੰਦਕਾਂ ਦਾ ਵੀ ਕੋਈ ਅੰਤ ਨਹੀਂ ਸੀ। ਬਹੁਤੇ ਉਸਨੂੰ ਨਿਰਾਸ਼ਾਵਾਦੀ ਕਹਿ ਕੇ ਭੰਡਦੇ ਸਨ। ਉਹਦੇ ਕੋਲ ਉਨ੍ਹਾਂ ਦਾ ਉੱਤਰ ਵੀ ਸੀ।
ਨਿੰਦਰ ਘੁਗਿਆਣਵੀ, ਸਾਡੇ ਹਰਮਨ-ਪਿਆਰੇ ਕਵੀ ਦੀ ਮੌਤ (7 ਮਈ 1973) ਤੋਂ ਪੌਣੇ ਦੋ ਸਾਲ ਪਿੱਛੋਂ ਜੰਮਿਆ। 15 ਮਾਰਚ, 1975 ਨੂੰ ਪਰ ਉਸ ਨੇ ਸ਼ਿਵ ਨੂੰ ਸਾਡੇ ਸਭ ਨਾਲੋਂ ਵੱਧ ਪਹਿਚਾਣਿਆ ਹੈ ਪਰ ਮਾੜੀ ਗੱਲ ਇਹ ਕਿ ਉਸ ਨੇ ਪ੍ਰਕਾਸ਼ਕ ਠੀਕ ਨਹੀਂ ਲੱਭਿਆ। ਜੇ ਛਪਾਈ ਦੀ ਗੱਲ ਭੁੱਲ ਵੀ ਜਾਈਏ ਤਾਂ ਤਸਵੀਰਾਂ ਤੇ ਸ਼ਿਵ ਦੀਆਂ ਹੱਥ ਲਿਖਤਾਂ ਨੂੰ ਵੇਖ ਕੇ ਰੋਣ ਆਉਂਦਾ ਹੈ। ਉਸਨੂੰ ਚਾਹੀਦਾ ਹੈ ਕਿ ਏਨੀ ਵਧੀਆ ਜਾਣਕਾਰੀ ਵਾਲੀ ਪੁਸਤਕ ਕਿਸੇ ਚੰਗੇ ਪ੍ਰਕਾਸ਼ਕ ਕੋਲੋਂ ਛਪਵਾਏ।
‘ਮੈਂ ਮੰਨਦਾ ਹਾਂ। ਪਰ ਕੀ ਨਿਰਾਸ਼ਾ ਸਾਡੇ ਜੀਵਨ ’ਚੋਂ ਮੁੱਕ ਗਈ ਹੈ?… ਕੀ ਸਾਮਵਾਦੀ ਮੁਲਕਾਂ ਵਿਚ ਕੋਈ ਵੀ ਅਜਿਹਾ ਮਨੁੱਖ ਨਹੀਂ ਜੋ ਨਿਰਾਸ਼ ਨਾ ਹੋਵੇ? ਹਾਂ ਇਕ ਮੁਹੱਬਤ ਦੀ ਅੱਗ ਹੈ ਜਿਹੜੀ ਪੂੰਜੀਵਾਦੀ, ਸਾਮਰਾਜੀ ਹੈ, ਉੱਥੇ ਆਸ਼ਾ ਨਿਰਾਸ਼ਾ ਅਮਰ ਹੈ… ਇਹ ਸ਼ਬਦ ਮੇਰੇ ਨਹੀਂ। ਨਿੰਦਰ ਦੀ ਪੁਸਤਕ ਦੇ ਸਭ ਤੋਂ ਪਹਿਲੇ ਲੇਖਕ ਜੀਤ ਸਿੰਘ ਸੀਤਲ ਦੇ ਹਨ। ਮੈਂ ਤਾਂ ਆਪਣਾ ਲੇਖ ਏਸ ਪੁਸਤਕ ਵਿਚ ਦਰਜ ਸ਼ਿਵ ਦੇ ਗੀਤ ਨਾਲ ਹੀ ਖਤਮ ਕਰਦਾ ਹਾਂ:
ਇਹ ਤਾਂ ਮੇਰੇ ਨਾਲ ਜਨਮਿਆ
ਨਾਲ ਬਹਿਸ਼ਤੀਂ ਜਾਣਾ
ਇਹ ਮੇਰਾ ਗੀਤ, ਮੈਂ ਆਪੇ ਗਾ ਕੇ
ਭਲਕੇ ਹੀ ਮਰ ਜਾਣਾ।
ਨਿੰਦਰ ਘੁਗਿਆਣਵੀ ਦਾ ਸ਼ਿਵ ਕੁਮਾਰ ਜ਼ਿੰਦਾਬਾਦ!
ਅੰਤਿਕਾ
ਸ਼ਿਵ ਕੁਮਾਰ
ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ
ਤੇਰੇ ਚੰੁਮਣ ਪਿਛਲੀ ਸੰਗ ਵਰਗਾ
ਹੈ ਕਿਰਨਾਂ ਦੇ ਵਿਚ ਨਸ਼ਾ ਜਿਹਾ
ਕਿਸੇ ਛੀਂਬੇ ਸੱਪ ਦੇ ਡੰਗ ਵਰਗਾ।