ਮਸੀਹੀਅਤ ਅਤੇ ਥਿਆਲੋਜੀ : ਧਰਮ ਅਧਿਐਨ ਦੇ ਸਿੱਖ ਪ੍ਰਸੰਗ ਵਿਚ ਇਕ ਮਾਡਲ ਪੁਸਤਕ

ਪ੍ਰੋ. ਬਲਕਾਰ ਸਿੰਘ
ਚੇਅਰਪਰਸਨ
ਵਰਲਡ ਪੰਜਾਬੀ ਸੈਂਟਰ ਪਟਿਆਲਾ
ਅਕਾਦਮਿਕਤਾ ਵਿਚ ਪੁਸਤਕ ਸਭਿਆਚਾਰ ਦੀ ਬਹੁਤ ਅਹਿਮੀਅਤ ਹੈ ਅਤੇ ਇਸ ਪ੍ਰਥਾਏ ਡਾ. ਹਰਦੇਵ ਸਿੰਘ ਦੀ ਪੁਸਤਕ (ਮਸੀਹੀਅਤ ਅਤੇ ਥਿਆਲੋਜੀ, ਸਿੱਖ ਐਜੂਕੇਸ਼ਨ ਯੂ.ਕੇ, 2021) ਨੂੰ ਮੈਂ ਧਰਮ ਅਧਿਐਨ ਦੇ ਸਿੱਖ ਪ੍ਰਸੰਗ ਵਿਚ ਇਕ ਮਾਡਲ ਵਾਂਗ ਵੇਖ ਰਿਹਾ ਹਾਂ।

ਧਰਮ ਅਧਿਐਨ ਵਿਚ ਜਿੰਨਾ ਸਬੰਧਤ ਧਰਮ ਅਹਿਮ ਹੁੰਦਾ ਹੈ, ਓਨਾ ਹੀ ਅੰਤਰ-ਧਰਮ ਅਧਿਐਨ ਜਾਂ ਤੁਲਨਾਤਮਕਧਰਮ ਅਧਿਐਨ ਵੀ ਅਹਿਮ ਹੁੰਦਾ ਹੈ। ਇਸ ਵਿਧੀ ਅਧੀਨ ਇੰਟਰਫੇਥ ਕਾਨਫਰੰਸਾਂ ਜਾਂ ਸਰਬਧਰਮ ਸੰਮੇਲਨ ਹੁੰਦੇ ਆ ਰਹੇ ਹਨ। ਇਸ ਵਿਚ ਸਿੱਖ ਧਰਮ ਇਸ ਲਈ ਪਛੜਦਾ ਰਿਹਾ ਹੈ ਕਿਉਂਕਿ ਸਿੱਖ ਭਾਈਚਾਰੇ ਦਾ ਪੁਸਤਕ ਸਭਿਆਚਾਰ ਬਹੁਤ ਕਮਜ਼ੋਰ ਸੀ ਅਤੇ ਹੈ। ਮਿਸਾਲ ਵਜੋਂ ਸਿੱਖ ਧਰਮ ਦੇ ਇਤਿਹਾਸ ਵਿਚ ਪ੍ਰਗਟਾਵਿਆਂ ਨੂੰ ਨਾ ਦੇਸ਼ ਅਤੇ ਨਾ ਵਿਦੇਸ਼ ਵਿਚ ਉਹ ਮਾਨਤਾ ਮਿਲੀ ਹੈ, ਜਿਹੜੀ ਅਕਾਦਮਿਕ ਪ੍ਰਸੰਗ ਵਿਚ ਮਿਲਣੀ ਚਾਹੀਦੀ ਹੈ। 9 ਜਨਵਰੀ, 2023 ਦੀ ਇੰਡੀਅਨ ਐਕਸਪ੍ਰੈੱਸ ਵਿਚ ਸਥਾਪਤ ਇਤਿਹਾਸਕਾਰ ਵਿਲੀਅਮ ਦਲਰਿੰਪਲ ਦੀ ਵਿਸਥਾਰਤ ਇੰਟਰਵਿਊ ਵਿਚ ਕਲੋਨੀਅਲ ਹਕੂਮਤ ਵੇਲੇ ਮਰਹੱਟਿਆਂ ਦਾ ਜ਼ਿਕਰ ਤਾਂ ਹੈ, ਪਰ ਸਿੱਖਾਂ ਦਾ ਕੋਈ ਹਵਾਲਾ/ਜ਼ਿਕਰ ਤੱਕ ਨਹੀਂ ਹੈ। ਇਸ ਪੁਸਤਕ ‘ਮਸੀਹੀਅਤ ਅਤੇ ਥਿਆਲੋਜੀ’ ਨੂੰ ਉਭਰਦੇ ਸਿੱਖ ਅਕਾਦਮੀਸ਼ਨ ਵੱਲੋਂ ਪੁਸਤਕ ਸਭਿਆਚਾਰ ਦੇ ਪ੍ਰਸੰਗ ਵਿਚ ਚੁੱਕੇ ਗਏ ਸੁਜੱਗ-ਕਦਮ ਵਜੋਂ ਲੈਣਾ ਚਾਹੀਦਾ ਹੈ।
ਵਿਉਂਤੇ ਗਏ ਪ੍ਰਾਜੈਕਟ ਗੁਰ-ਦਰਸ਼ਨ ਦੀ ਤ੍ਰੈ-ਲੜੀ ਵਿਚ ਇਹ ਪੁਸਤਕ ਭਾਗ ਪਹਿਲਾ ਹੈ। ਬਾਕੀ ਦੋ ਵੈਦਿਕ ਦਰਸ਼ਨ (ਦੂਜਾ) ਅਤੇ ਗੁਰ ਦਰਸ਼ਨ (ਤੀਜਾ) ਹੋਣਗੀਆਂ। ਸਿੱਖ ਐਡਯੂਕੇਸ਼ਨ ਕਾਊਂਸਲ, ਯੂ.ਕੇ ਦੇ ਅਵਤਾਰ ਸਿੰਘ ਦੇ ਸ਼ਬਦਾਂ (ਮੁਖਬੰਧ) ਵਿਚ- ‘ਇਹ ਪੁਸਤਕ ਬੌਧਿਕ ਖੇਤਰ ਵਿਚ ਧਰਮਾਂ ਬਾਰੇ ਹੋ ਰਹੀ ਖੋਜ ਦੇ ਇਤਿਹਾਸ ਨੂੰ ਸਮਝਣ ਅਤੇ ਫਿਰ ਉਸ ਇਤਿਹਾਸਕ ਪਰਪੇਖ ਵਿਚ ਸਿੱਖ ਧਰਮ ਦੀਆਂ ਰੂਹਾਨੀ ਕਦਰਾਂ-ਕੀਮਤਾਂ ਨੂੰ ਸਮਝਣ ਦੇ ਮਨਸ਼ੇ ਨਾਲ ਪੇਸ਼ ਕੀਤੀ ਜਾ ਰਹੀ ਹੈ। ਇਸ ਲੜੀ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਤਿੰਨ ਪੁਸਤਕਾਂ ‘ਮਸੀਹੀਅਤ ਅਤੇ ਥਿਆਲੋਜੀ’, ‘ਵੈਦਿਕ ਸ਼ਾਸ਼ਤਰ’ ਅਤੇ ‘ਗੁਰ ਦਰਸ਼ਨ’ ਦੀ ਲੜੀ ਵਿਚੋਂ ਇਹ ਪਹਿਲੀ ਪੁਸਤਕ ਹੈ। ਇਸ ਪੁਸਤਕ ਨੂੰ ਲੈ ਕੇ ਜਿਹੋਜਿਹਾ ਸੰਵਾਦ ਸਿੱਖ ਅਕਾਦਮਿਕਤਾ ਵਿਚ ਛਿੜਨਾ ਚਾਹੀਦਾ ਸੀ, ਉਹ ਨਾ ਛਿੜਨ ਕਰਕੇ ਅੱਖੋਂਪਰੋਖੇ ਹੋਇਆ ਹੈ। ਮੰਤਵ ਇਸ ਪੁਸਤਕ ਵਿਚ ਪ੍ਰੋ. ਪੂਰਨ ਸਿੰਘ ਦੇ ਹਵਾਲੇ ਨਾਲ ਸੋਵੀਅਤ ਯੂਨੀਅਨ ਅੰਦਰ ਮਸੀਹੀਆਂ ਉਪਰ ਹੁੰਦੇ ਜ਼ੁਲਮਾਂ ਖਿ਼ਲਾਫ਼ ਆਵਾਜ਼ ਬੁਲੰਦ ਕਰਦਿਆਂ ਲਿਖਿਆ (ਭੂਮਿਕਾ ਪੰਨਾ 2) ਕਿ ‘ਵਿਸ਼ਵਾਸ਼ ਦੇ ਸੁੱਚਮ ਨੂੰ ਸਿਆਸੀ ਵਧੀਕੀਆਂ ਝੂਠਾ ਨਹੀਂ ਕਰ ਸਕਦੀਆਂ। ਮਸੀਹੀ ਥਿਆਲੋਜੀ ਨੂੰ ਮਘਦੀ ਚਿਣਗ ਵਾਂਗ ਸੰਭਾਲਣ ਦੀਆਂ ਮਿਸਾਲਾਂ ਬਹੁਤ ਮਿਲ ਜਾਂਦੀਆਂ ਹਨ’। ਧਰਮ ਦਾ ਇਹ ਪੱਖ ਸਾਰਿਆਂ ਧਰਮਾਂ ਵਿਚ ਨਿਹਿਤ ਹੁੰਦਾ ਹੈ ਅਤੇ ਇਸ ਨੂੰ ਉਜਾਗਰ ਕਰਨ ਦੀ ਅਕਾਦਮਿਕਤਾ ਨੂੰ ਹੀ ਥਿਆਲੋਜੀ ਕਿਹਾ ਗਿਆ ਹੈ।
ਪੜ੍ਹਦਿਆਂਪੜ੍ਹਾਉਂਦਿਆਂ ਮੇਰੀ ਸਮਝ ਇਹ ਬਣ ਗਈ ਹੈ ਕਿ ਧਰਮ ਦੇ ਦੋ ਪੱਖ ਸਾਰਿਆਂ ਲਈ ਅਤੇ ਆਪਣਿਆਂ ਲਈ ਹਰ ਧਰਮ ਵਿਚ ਹੁੰਦੇ ਹਨ। ਇਹ ਸਿਧਾਂਤ ਅਤੇ ਰਹਿਤ ਵਾਂਗ ਹਰੇਕ ਧਰਮ ਵਿਚ ਇਕੱਠੇ ਨਿਭਦੇ ਆ ਰਹੇ ਹਨ। ਏਸੇ ਨੂੰ ਸਿੱਖ ਧਰਮ ਵਿਚ ਗ੍ਰੰਥ ਅਤੇ ਪੰਥ ਦੇ ਦੋ ਕੰਢਿਆਂ ਵਾਂਗ ਸੰਭਾਲਿਆ ਹੋਇਆ ਹੈ। ਗ੍ਰੰਥ, ਗੁਰੂ ਕਿਰਤ ਹੀ ਹੋ ਸਕਦਾ ਹੈ ਅਤੇ ਰਹਿਤ ਨੇ ਪੰਥਕ ਕਿਰਤ ਹੀ ਰਹਿਣਾ ਹੁੰਦਾ ਹੈ। ਗ੍ਰੰਥ, ਜਿਵੇਂ ਅੱਖਰ ਦੇ ਵਾਧੇ-ਘਾਟੇ ਦੀ ਵੀ ਆਗਿਆ ਨਹੀਂ ਦੇਂਦਾ, ਉਸ ਤਰ੍ਹਾਂ ਰਹਿਤ ਬਾਰੇ ਨਹੀਂ ਕਿਹਾ ਜਾ ਸਕਦਾ। ਪ੍ਰੋ. ਪੂਰਨ ਸਿੰਘ ਨੇ ਸ਼ਬਦ-ਗੁਰੂ ਦੇ ਸ੍ਰੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਇਸ ਤਰ੍ਹਾਂ ਕਿਹਾ ਹੋਇਆ ਹੈ:
ਸ਼ਬਦ ‘ਬ੍ਰਹਮ’ ਪ੍ਰਕਾਸ਼ ਦਾ ਰਿਹਾ ਸੀ ਰੂਪ ਧਾਰ
ਤੇ ਪ੍ਰਕਾਸ਼ ‘ਸ਼ਬਦ’ ਵਿਚ ਢਲ ਰਿਹਾ ਸੀ।
ਇਥੇ ਸੂਰਤ, ਮਤ ਤੇ ਬੁਧ ਦੀ ਹੋ ਰਹੀ ਸੀ
ਘਾੜਤ ਬਹੁਤ ਅਨੂਪ
ਅਨੰਤ ਨੂੰ ਸਿਰਜਿਆ ਜਾ ਰਿਹਾ ਸੀ ਤ੍ਰਾਸ਼
ਵਿਚ ਨਵ-ਸੁੰਦਰ ਆਕਾਰ। (ਗੁਰਸਿੱਖੀ ਦਾ ਸਿੱਖਣਾ, ਪੰਨਾ 37, 2014)
ਇਸ ਹਵਾਲੇ ਨਾਲ ਕਿਹਾ ਜਾ ਸਕਦਾ ਹੈ ਕਿ ਅਧਿਆਤਮ ਦੀ ਅਗਵਾਈ ਵਿਚ ਜੀਵਿਆ ਜਾ ਰਿਹਾ ਵਰਤਾਰਾ ਹੀ ਥਿਆਲੋਜੀ ਕਹਾਉਂਦਾ ਹੈ। ਮੋਢੀ ਸਿੱਖ ਥਿਆਲੋਜੀਅਨ ਭਾਈ ਗੁਰਦਾਸ ਅਤੇ ਆਧੁਨਿਕ ਸਿੱਖ ਥਿਆਲੋਜੀਅਨ ਪ੍ਰੋ. ਪੂਰਨ ਸਿੰਘ ਨੂੰ ਲੈ ਕੇ ਸਿੱਖ ਥਿਆਲੋਜੀ ਬਾਰੇ ਕੰਮ ਅਜੇ ਹੋਣਾ ਹੈ। ਸਿੱਖ ਥਿਆਲੋਜੀ ਵਿਚ ਵਿਹਾਰੀ-ਵਿਸ਼ਵਾਸ ਹੀ ਮੁੱਦਾ ਹੈ ਅਤੇ ਮੁੱਦਾ ਹੀ ਵਿਹਾਰੀ-ਵਿਸ਼ਵਾਸ ਹੁੰਦਾ ਹੈ। ਵੀਚਾਰ ਅਧੀਨ ਪੁਸਤਕ ਰਾਹੀਂ ਇਹ ਸਾਹਮਣੇ ਆ ਗਿਆ ਹੈ ਕਿ ਇਸ (ਥਿਆਲੋਜੀ) ਵਾਸਤੇ ਜਿਹੋਜਿਹੀ ਪਹਿਲ ਈਸਾਈ ਧਰਮ ਦੇ ਹਵਾਲੇ ਨਾਲ ਹੁੰਦੀ ਆ ਰਹੀ ਹੈ, ਉਸ ਤਰ੍ਹਾਂ ਸੁਤੰਤਰ ਰੂਪ ਵਿਚ ਕੋਈ ਹੋਰ ਧਰਮ ਨਹੀਂ ਕਰ ਸਕਿਆ। ਈਸਾਈ ਥਿਆਲੋਜੀ ਦੇ ਹਵਾਲੇ ਨਾਲ ਹੀ ਹੋਰਨਾਂ ਧਰਮਾਂ ਦੀਆਂ ਥਿਆਲੋਜੀਜ਼ ਸਾਹਮਣੇ ਆਉਂਦੀਆਂ ਰਹੀਆਂ ਹਨ ਅਤੇ ਆਉਂਦੀਆਂ ਰਹਿਣੀਆਂ ਹਨ। ਸੰਸਾਰ ਨੂੰ ਲੋੜੀਂਦੀ ਥਿਆਲਾਜੀਕਲ ਸਾਂਝ ਨੂੰ ਲੈ ਕੇ ਹੀ ਸਰਬਧਰਮ ਸੰਮੇਲਨਾਂ ਰਾਹੀਂ ਸੰਵਾਦ ਦੀਆਂ ਸੰਭਾਵਨਾਵਾਂ ਤਲਾਸ਼ੀਆਂ ਜਾਂਦੀਆਂ ਰਹੀਆਂ ਹਨ। ਥਿਆਲੋਜੀ ਦਾ ਸ੍ਰੋਤ ਆਧਾਰ ਸਬੰਧਤ ਧਰਮ ਦਾ ਧਰਮ ਗ੍ਰੰਥ ਹੀ ਰਿਹਾ ਹੈ ਅਤੇ ਰਹਿਣਾ ਵੀ ਹੈ। ਇਸ ਕਰਕੇ ਜਿਸ ਤਰ੍ਹਾਂ ਦੀਆਂ ਸੰਭਾਵਨਾਵਾਂ ਸਾਂਝੀ ਅਧਿਆਤਮਕਤਾ ਦੀਆਂ ਸੰਭਵ ਹੋ ਸਕਦੀਆਂ ਹਨ, ਉਹੋ ਜਿਹੀਆਂ ਸੰਭਾਵਨਾਵਾਂ ਸਾਂਝੀ ਥਿਆਲੋਜੀ ਦੀਆਂ ਨਹੀਂ ਹੋ ਸਕਦੀਆਂ। ਇਸ ਪਾਸੇ ਇਸ ਪੁਸਤਕ ਨੂੰ ਇਕ ਕਦਮ ਵਜੋਂ ਲਏ ਜਾਣ ਦੀ ਲੋੜ ਹੈ। ਇਸ ਨੂੰ ਨਾਲ ਲੈ ਕੇ ਤੁਰਾਂਗੇ ਤਾਂ ਸਮਝ ਸਕਾਂਗੇ ਕਿ ਬਹੁਤ ਸਾਰੀਆਂ ਅਧਿਆਤਮਕ ਸਾਂਝਾਂ ਦੇ ਬਾਵਜੂਦ ਹਰ ਧਰਮ ਦਾ ਸੰਸਥਾਪਕ ਇਕੋ ਜਿਹਾ ਨਹੀਂ ਹੁੰਦਾ। ਇਸ ਕਰਕੇ ਥਿਅਲਾਜੀਕਲ ਪ੍ਰਸੰਗ ਵਿਚ ਅਵਤਾਰ (ਹਿੰਦੂ ਧਰਮ), ਪੈਗੰਬਰ (ਈਸਾਈ ਧਰਮ ਅਤੇ ਇਸਲਾਮ ਧਰਮ) ਅਤੇ ਗੁਰੂ (ਸਿੱਖ ਧਰਮ) ਵਿਚ ਫਰਕ ਸਮਝਣਾ ਪਵੇਗਾ। ਇਸ ਫਰਕ ਨੂੰ ਸਮਝਣ ਲੱਗਿਆਂ ਸਬੰਧਤ ਧਰਮ ਦੇ ਗ੍ਰੰਥ ਦੇ ਨਾਲਨਾਲ ਹਵਾਲੇ ਵਿਚਲੇ ਧਰਮ ਦੇ ਇਰਦਗਿਰਦ ਵਹਿੰਦੇ ਸਭਿਆਚਾਰ ਅਤੇ ਪਰੰਪਰਾਵਾਂ ਨੂੰ ਵੀ ਧਿਆਨ ਵਿਚ ਰੱਖਣਾ ਪਵੇਗਾ। ਇਸ ਨਾਲ ਜੁੜੀਆਂ ਹੋਈਆਂ ਅਨੁਭਵੀ ਅਭਿਵਿਅਕਤੀਆਂ ਨੂੰ ਲੈ ਕੇ ਸਬੰਧਤ ਧਰਮ ਦੇ ਜਗਿਆਸੂਆਂ ਦੇ ਵਿਹਾਰਕ ਜੀਵਨ ਦੇ ਨਿਰਦੇਸ਼ਨ ਦੀ ਅਕਾਦਮਿਕਤਾ ਹੁੰਦੀ ਹੈ ਥਿਆਲੋਜੀ। ਇਸ ਪੁਸਤਕ ਨੂੰ ਧਿਆਨ ਵਿਚ ਰੱਖ ਕੇ ਤੁਰਨ ਲੱਗਿਆਂ ਇਹ ਧਿਆਨ ਵਿਚ ਰੱਖਣਾ ਪਵੇਗਾ ਕਿ ਅਧਿਆਤਮਕ ਪ੍ਰਸੰਗ ਵਿਚ ਅਵਤਾਰ-ਦੇਹੀ, ਪੈਗੰਬਰੀ-ਦੇਹੀ ਅਤੇ ਗੁਰੂ-ਦੇਹੀ ਦੀ ਕੀ ਭੂਮਿਕਾ ਰਹੀ ਹੈ, ਸਬੰਧਤ ਧਰਮ ਦੀ ਥਿਆਲੋਜੀ ਵਾਸਤੇ ਅਹਿਮ ਪੱਖ ਹੋਵੇਗਾ? ਇਸ ਨਾਲ ਏਹੋਜਿਹੇ ਫਰਕ ਸਾਹਮਣੇ ਆਉਣ ਲੱਗ ਪੈਣਗੇ ਕਿ ਜਿਵੇਂ ਮਸੀਹੀ ਥਿਆਲੋਜੀ ਵਿਚੋਂ ਪੈਗੰਬਰੀ ਦੇਹੀ ਨੂੰ ਮਨਫੀ ਨਹੀਂ ਕੀਤਾ ਜਾ ਸਕਦਾ, ਓਹੋਜਿਹਾ ਕੋਈ ਬੰਧਨ ਸਿੱਖ ਧਰਮ ਦੀ ਥਿਆਲੋਜੀ ਨੂੰ ਨਹੀਂ ਹੈ। ਇਸ ਨਾਲ ਇਸ ਨਤੀਜੇ `ਤੇ ਪਹੁੰਚਿਆ ਜਾ ਸਕਦਾ ਹੈ ਕਿ ਦੇਹੀ ਹਵਾਲਿਆਂ ਤੋਂ ਮੁਕਤ ਅਧਿਆਤਮਕਤਾ ਨਾਲ ਜੁੜੀ ਹੋਈ ਥਿਆਲੋਜੀ ਦੇ ਸਿੱਖ ਥਿਆਲੋਜੀ ਵਿਚੋਂ ਦੇਹੀ ਦਖਲ ਨਾਲ ਜੁੜੀ ਹੋਈ ਵਿਹਾਰਕਤਾ ਨੂੰ ਮਨਫੀ ਰਹਿਣਾ ਚਾਹੀਦਾ ਹੈ। ‘ਗੁਰਮੁਖ’ ਰਾਹੀਂ ਅਜਿਹਾ ਮਾਡਲ ਸਾਹਮਣੇ ਲਿਆਂਦਾ ਗਿਆ ਹੈ। ਇਸ ਕੋਸ਼ਿਸ਼ ਦਾ ਕੇਂਦਰੀ ਸਰੋਕਾਰ ਪਛਾਣ ਦੀ ਥਾਂ ਨੈਤਿਕਤਾ ਹੋ ਜਾਵੇਗੀ। ਇਸ ਦਾ ਵਿਸਥਾਰ ਬੇਸ਼ੱਕ ਇਸ ਪ੍ਰਾਜੈਕਟ ਦੇ ਤੀਜੇ ਹਿੱਸੇ ਗੁਰ-ਦਰਸ਼ਨ ਵਿਚ ਹੀ ਹੋ ਸਕੇਗਾ ਅਤੇ ਇੱਥੇ ਕੀਤਾ ਜਾ ਰਿਹਾ ਇਸ਼ਾਰਾ ਇਹ ਦੱਸਣ ਵਾਸਤੇ ਕੀਤਾ ਜਾ ਰਿਹਾ ਹੈ ਕਿ ਸਿੱਖ ਥਿਆਲੋਜੀ ਦੇ ਪ੍ਰਗਟਾਵੇ ਸਿੱਖ ਸਾਹਿਤ ਵਿਚ ਹੋ ਚੁੱਕੇ ਹਨ ਪਰ ਉਨ੍ਹਾਂ ਨੂੰ ਸਾਂਭ ਕੇ ਸਾਰਿਆਂ ਦੇ ਸਾਹਮਣੇ ਨਹੀਂ ਲਿਆਂਦਾ ਜਾ ਸਕਿਆ। ਇਸ ਦੇ ਥਿਆਲਾਜੀਕਲ ਪ੍ਰਸੰਗ ਨੂੰ ਧਰਮ ਅਤੇ ਸਭਿਆਚਾਰ ਦੇ ਰਲਵੇਂ ਪ੍ਰਸੰਗ ਵਿਚ ਹੀ ਸਮਝਿਆ ਜਾ ਸਕਦਾ ਹੈ। ਧਾਰਮਿਕ ਮਾਨਸਿਕਤਾ ਨੂੰ ਸਮਝਣ ਵਿਚ ਸਹਾਇਕ ਹੋਣ ਵਾਲੀਆਂ ਧਾਰਮਿਕ ਰਸਮਾਂ, ਰੀਤਾਂ ਅਤੇ ਰਹਿਤ, ਅਸਲ ਵਿਚ ਥਿਆਲੋਜੀ ਦਾ ਹਿੱਸਾ ਹੀ ਹੁੰਦੀਆਂ ਹਨ। ਈਸਾਈ-ਅਕਾਦਮਿਕਤਾ ਵਿਚ ਇਸ ਬਾਰੇ ਬਹੁਤ ਕੰਮ ਹੋ ਚੁੱਕਾ ਹੈ ਅਤੇ ਉਹ ਇਸ ਵਿਸ਼ੇ ਦੀ ਉਤਰ-ਆਧੁਨਿਕਤਾ ਸਥਾਪਤ ਕਰਨ ਵਿਚ ਵੀ ਸਫਲ ਹੋ ਗਏ ਹਨ।
ਵਿਚਾਰ ਅਧੀਨ ਪੁਸਤਕ ‘ਮਸੀਹੀਅਤ ਅਤੇ ਥਿਆਲੋਜੀ’ ਵਿਚ ਇਸ ਦੀਆਂ ਬਹੁਤ ਸਾਰੀਆਂ ਪਰਤਾਂ ਹਵਾਲਿਆਂ ਸਮੇਤ ਸਾਹਮਣੇ ਆ ਗਈਆਂ ਹਨ। ਪੁਸਤਕ ਵਿਚਲੇ ਹਵਾਲਿਆਂ ਦੇ ਆਧਾਰ `ਤੇ ਕਿਹਾ ਜਾ ਸਕਦਾ ਹੈ ਕਿ ਮਸੀਹੀ ਥਿਆਲੋਜੀ ਹਰ ਧਰਮ ਦੀ ਥਿਆਲੋਜੀ ਸਥਾਪਤ ਕਰਨ ਲਈ ਅਕਾਦਮਿਕ ਮਾਡਲ ਹੋ ਗਈ ਹੈ ਪਰ ਇਸ ਦਾ ਲਾਹਾ ਸਿੱਖ ਅਕਾਦਮਿਕਤਾ ਵਿਚ ਬਹੁਤਾ ਉਸ ਤਰ੍ਹਾਂ ਨਹੀਂ ਲਿਆ ਗਿਆ, ਜਿਵੇਂ ਬਾਕੀ ਧਰਮਾਂ ਨੇ ਇਸ ਸੁਰ ਵਿਚ ਲਿਆ ਹੋਇਆ ਹੈ। ਨਤੀਜਨ ਥਿਆਲੋਜੀ ਨੂੰ ਸਿਰਫ਼ ਰਹਿਤ-ਮਰਯਾਦਾ ਤੱਕ ਹੀ ਸੀਮਿਤ ਕਰ ਲਿਆ ਗਿਆ ਹੈ। ਸਿੱਖ ਧਰਮ ਇਸ ਪੱਖੋਂ ਸਾਰਿਆਂ ਨਾਲੋਂ ਪਛੜਿਆ ਹੋਇਆ ਹੈ। ਇਹ ਮਸਲਾ ਉਸ ਵੇਲੇ ਹੋਰ ਵੀ ਗੰਭੀਰ ਲੱਗਣ ਲੱਗ ਪੈਂਦਾ ਹੈ ਜਦੋਂ ਅਸੀਂ ਇਹ ਵੇਖਦੇ ਹਾਂ ਕਿ ਪੀ-ਐਚ.ਡੀ ਦੀ ਤਰਜ਼ `ਤੇ ਟੀ-ਐਚ.ਡੀ ਵੱਲ ਧਰਮ ਦੀ ਅਕਾਦਮਿਕਤਾ ਤੁਰ ਪਈ ਹੈ, ਪਰ ਅਸੀਂ ਅਜੇ ਸਿੱਖ-ਅਕਾਦਮਿਕਤਾ ਵੀ ਇਸ ਤਰ੍ਹਾਂ ਸਥਾਪਤ ਨਹੀਂ ਕਰ ਸਕੇ। ਇਹ ਨਹੀਂ ਭੁੱਲਣਾ ਚਾਹੀਦਾ ਕਿ ਧਰਮ ਦੀ ਅਕਾਦਮਿਕਤਾ ਸਥਾਪਤ ਕੀਤੇ ਬਿਨਾਂ ਧਰਮ ਦਾ ਆਲਮੀ-ਪ੍ਰਸੰਗ ਸਥਾਪਤ ਨਹੀਂ ਕੀਤਾ ਜਾ ਸਕਦਾ? ਡਾ. ਹਰਦੇਵ ਸਿੰਘ ਨੇ ਹਵਾਲੇ ਵਿਚਲੀ ਪੁਸਤਕ ਰਾਹੀਂ ਸਾਹਮਣੇ ਲੈ ਆਂਦਾ ਹੈ ਕਿ ਇਸ ਵੇਲੇ ਕਿਸੇ ਵੀ ਧਰਮ ਦੀ ਥਿਆਲੋਜੀ ਸਥਾਪਤ ਕਰਨਾ, ਸਬੰਧਤ ਧਰਮ ਦੀ ਅਕਾਦਮਿਕਤਾ ਸਥਾਪਤ ਕਰਨ ਵੱਲ ਮੁੱਢਲਾ ਕਦਮ ਸਮਝਣਾ ਚਾਹੀਦਾ ਹੈ। ਮਿਸਾਲ ਦੇ ਤੌਰ `ਤੇ ਕਿਸੇ ਵੀ ਧਰਮ ਗ੍ਰੰਥ ਵਿਚ ਪਹਿਲੀ ਨਜ਼ਰੇ ਵੇਖਣ ਨੂੰ ਲੱਗਦੇ ਇਤਿਹਾਸਕ ਹਵਾਲਿਆਂ ਦੀ ਅਕਾਦਮਿਕਤਾ, ਇਤਿਹਾਸਕ-ਬਿੰਬ ਵਜੋਂ ਹੀ ਸਥਾਪਤ ਕੀਤੀ ਜਾਣੀ ਚਾਹੀਦੀ ਹੈ। ਜਿਵੇਂ ਬਾਣੀ-ਨੈਰੇਟਿਵ ਸਥਾਪਤ ਕਰਨ ਲਈ ਸਾਈਨ, ਸਿੰਬਲ ਅਤੇ ਸਟੋਰੀ ਦੀ ਵਰਤੋਂ ਕੀਤੀ ਗਈ ਹੈ, ਉਸ ਤਰ੍ਹਾਂ ਦੀਆਂ ਪੈੜਾਂ ਹਰ ਧਰਮ ਨਾਲ ਸਬੰਧਤ ਅਕਾਦਮਿਕਤਾ ਵਿਚੋਂ ਮਿਲ ਜਾਂਦੀਆਂ ਹਨ। ਇਹ ਧਿਆਨ ਵਿਚ ਰਹਿਣਾ ਚਾਹੀਦਾ ਹੈ ਕਿ 23ਵੀਂ ਸਦੀ ਦੀ ਲੋੜ ਧਾਰਮਿਕ ਹੱਦਬੰਦੀਆਂ ਤੋਂ ਬਾਹਰ ਨਿਕਲ ਕੇ ਧਰਮ ਨੂੰ ਸਿਰ ਜੋੜਨ ਵੱਲ ਲੈ ਕੇ ਤੁਰ ਚੁੱਕੀ ਹੈ। ਇਸ ਸੋਚ ਨੂੰ ਅਧਾਰਮਿਕ ਗਰਦਾਨਣ ਵਾਲਿਆਂ ਨੇ ਕੱਟੜਪੰਥੀ-ਕਿਲੇਬੰਦੀ ਦੀਆਂ ਸੰਭਾਵਨਾਵਾਂ ਪੈਦਾ ਕਰਨ ਵਿਚ ਸਹਾਇਤਾ ਕੀਤੀ ਹੈ। ਖੁੱਲ੍ਹੇ ਮਨ ਨਾਲ ਸੋਚੀਏ ਤਾਂ ਝੱਟ ਸਮਝ ਆ ਜਾਂਦਾ ਹੈ ਕਿ ਸੰਸਥਾਈ-ਪ੍ਰਭੂ ਅਤੇ ਸਮਾਜਿਕ-ਪ੍ਰਭੂ ਵਿਚ ਫਰਕ ਵੇਖਣ ਵਾਲੇ ਨੂੰ ਨਜ਼ਰ ਆ ਹੀ ਜਾਂਦਾ ਹੈ ਕਿ ਇਸ ਵੇਲੇ ਮਸਲਾ ਤੁਲਨਾਤਮਕਅਧਿਐਨ ਤੱਕ ਪਹੁੰਚਣ ਕਰਕੇ ਮਸੀਹੀ ਥਿਆਲੋਜੀ `ਤੇ ਸਵਾਲ ਹੋਣ ਲੱਗ ਪਿਆ ਹੈ ਕਿ ਵਿਸ਼ਵਾਸ-ਕੇਂਦਰਤ ਹੋਣ ਕਰਕੇ ਸੰਬਾਦੀ ਸਥਿਤੀਆਂ ਵਿਚ ਮਸੀਹੀ ਥਿਆਲੋਜੀ ਨੂੰ ਕਟਹਿਰੇ ਵਿਚ ਖਲੋਣਾ ਪੈ ਜਾਂਦਾ ਰਿਹਾ ਹੈ। ਲੇਖਕ ਨੇ ਇਸ ਬਾਰੇ ਡੈਵਿਡ.ਐਫ. ਫੋਰਡ ਦੇ ਹਵਾਲੇ ਨਾਲ ਨਤੀਜਾ ਇਹ ਕੱਢਿਆ ਹੈ ਕਿ ‘ਥਿਆਲੋਜੀ ਅਤੇ ਧਰਮ ਵਿਚਾਲੇ ਦਵੈਤ ਪੈਦਾ ਕਰਨ ਦੀ ਥਾਂ ਦੋਹਾਂ ਦੀਆਂ ਮੁਢਲੀਆਂ ਜਿ਼ੰਮੇਵਾਰੀਆਂ ਦੀ ਨਿਸ਼ਾਨਦੇਹੀ ਰਾਹੀਂ ਉਨ੍ਹਾਂ ਦੇ ਵੱਖਵੱਖ ਢਾਂਚਿਆਂ ਨੂੰ ਨਿਖੇੜਨਾ ਵਧੇਰੇ ਤਸੱਲੀਬਖਸ਼ ਕਾਰਜ ਹੁੰਦਾ ਹੈ’ (ਪੰਨਾ ੪9)। ਪੁਸਤਕ ਨੂੰ ਪੜ੍ਹਦਿਆਂ ਇਹ ਪਤਾ ਲੱਗ ਜਾਂਦਾ ਹੈ ਕਿ ਮਸੀਹੀ ਥਿਆਲੋਜੀ ਵਿਚ ਬਹੁਤ ਕੁਝ ਨਵਾਂ ਜੁੜਦਾ ਗਿਆ ਹੈ ਅਤੇ ਇਹੀ ਵਿਕਾਸ ਮਾਨਵੀ ਸਰੋਕਾਰਾਂ ਤੱਕ ਪਹੁੰਚ ਗਿਆ ਹੈ। ਇਸ ਵੇਲੇ ਦੀ ਲੋੜ, ਮਾਨਵੀ ਸਰੋਕਾਰਾਂ ਦੇ ਪ੍ਰਸੰਗ ਵਿਚ ਸੰਭਵ ਟਕਰਾਵਾਂ ਦਾ ਸਹਿਜ ਸਥਾਪਨ ਕੀਤੇ ਜਾਣ ਦੀ ਹੈ। ਇਸ ਰਾਹ ਤੁਰਾਂਗੇ ਤਾਂ ਇਕ ਦੂਜੇ ਨਾਲ ਟਕਰਾਵਾਂ ਦੀ ਥਾਂ ਇਕ ਦੂਜੇ ਦੀ ਪੂਰਕਤਾ ਹੋ ਸਕਣ ਦੀਆਂ ਸੰਭਾਵਨਾਵਾਂ ਨੂੰ ਸਾਹਮਣੇ ਲਿਆ ਸਕਾਂਗੇ।
ਹਵਾਲਿਆਂ ਨਾਲ ਗੁੰਨ੍ਹੀ ਹੋਈ ਇਸ ਪੁਸਤਕ ਨੂੰ ਨਾਲ ਲੈ ਕੇ ਸਿੱਖ ਥਿਆਲੋਜੀ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਤਾਂ ਲੋੜ ਇਹ ਸੋਚਣ ਦੀ ਪਵੇਗੀ ਕਿ ਦੁਨੀਆਂ, ਪਿੰਡ ਬਣ ਰਹੀ ਹੈ ਤਾਂ ਕੌਮੀਅਤਾਂ ਨਾਲੋਂ ਵੱਧ ਲੋੜ ਆਲਮੀ-ਭਾਈਚਾਰਾ ਉਸਾਰੇ ਜਾਣ ਦੀ ਹੋ ਗਈ ਹੈ। ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਇਸ ਸੰਭਾਵਤ-ਭਾਈਚਾਰੇ ਵਾਸਤੇ ਇਹ ਸੋਚ ਕੇ ਥਿਆਲੋਜੀ ਸਥਾਪਤ ਕਰਾਂਗੇ ਕਿ ਧਰਮ ਬਿਨਾਂ ਕਿਸੇ ਵੀ ਸਮਾਜ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ। ਪੱਛਮ ਨੇ ਆਪਣੇ ਢੰਗ ਨਾਲ ਇਸ ਪ੍ਰਥਾਏ ਅੰਤਰਦ੍ਰਿਸ਼ਟੀਆਂ ਤਾਂ ਉਸਾਰ ਲਈਆਂ ਹਨ, ਪਰ ਉਨ੍ਹਾਂ ਵਾਸਤੇ ਲੋੜੀਂਦੀ ਧਰਾਤਲ ਦੀ ਨਿਸ਼ਾਨਦੇਹੀ ਨਹੀਂ ਹੋ ਸਕੀ ਜਾਂ ਕਰਨੀ ਮੁਸ਼ਕਲ ਹੋਈ ਪਈ ਹੈ। ਇਹ ਘਾਟ ਸਿੱਖ ਧਰਮ-ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਰਾਹੀਂ ਪੂਰੀ ਕੀਤੀ ਜਾ ਸਕਦੀ ਹੈ ਪਰ ਇਸ ਵਾਸਤੇ ਧਰਮਾਂ ਦੇ ਤੁਲਨਾਤਮਿਕ-ਅਧਿਐਨ ਵਿਚ ਸਿੱਖ ਧਰਮ ਨੂੰ ਲੋੜੀਂਦੀ-ਸਪੇਸ ਦੇਣੀ ਪਵੇਗੀ? ਇਸ ਨਾਲ ਉਤਰਆਧੁਨਿਕ ਯੁੱਗ ਨੂੰ ਲੋੜੀਂਦੀ ਸਿਰਜੋੜਵੀਂ-ਧਰਮੀ-ਪਹੁੰਚ ਸਥਾਪਤ ਹੋ ਸਕੇਗੀ। ਇਸ ਆਧਾਰ `ਤੇ ਹੀ ਇਹ ਕਹਿ ਸਕਦੇ ਹਾਂ ਕਿ ਧਰਮਾਂ ਵਿਚਕਾਰ ਅਮਨ ਸਥਾਪਤ ਕੀਤੇ ਬਿਨਾਂ ਆਲਮੀ-ਅਮਨ ਸੰਭਵ ਹੀ ਨਹੀਂ ਹੋ ਸਕਦਾ।
ਨਵੀਂ ਪੀੜ੍ਹੀ ਵਿਗਿਆਨ ਦੀ ਪੀੜ੍ਹੀ ਹੈ ਅਤੇ ਇਸ ਪੀੜ੍ਹੀ ਦੀ ਮਾਨਸਿਕਤਾ ਨਾਲ ਵਿਗਿਆਨਿਕ-ਸੁਰ ਵਿਚ ਹੀ ਨਿਪਟਿਆ ਜਾ ਸਕਦਾ ਹੈ। ਇਸ ਵਾਸਤੇ ਕੋਸ਼ਿਸ਼ਾਂ ਅਕਲ ਦੇ ਪੱਖੋਂ ਤਾਂ ਹੋ ਚੁੱਕੀਆਂ ਹਨ ਅਤੇ ਹਰਮੀਨਿਊਟੀਕਲ-ਥਿਆਲੋਜੀ ਵਰਗੀਆਂ ਅੰਤਰਦ੍ਰਿਸ਼ਟੀਆਂ ਪ੍ਰਾਪਤ ਵੀ ਹਨ। ਲੋੜ ਇਨ੍ਹਾਂ ਅੰਤਰਦ੍ਰਿਸ਼ਟੀਆਂ ਨੂੰ ਧਰਮ ਦੀ ਅਕਾਦਮਿਕਤਾ ਵਾਸਤੇ ਵਰਤੇ ਜਾਣ ਦੀ ਹੈ। ਧਰਮ ਵਿਚ ‘ਹੈ ਅਤੇ ਹੋਣਾ ਚਾਹੀਦਾ’ ਜਾਂ ‘ਕਰਨਾ ਅਤੇ ਨਹੀਂ ਕਰਨਾ’ ਦੀਆਂ ਸੂਚੀਆਂ ਬਣਦੀਆਂ ਆਈਆਂ ਹਨ। ਧਰਮ ਨੂੰ ਨਿਆਸਰਿਆਂ ਦਾ ਆਸਰਾ ਕਹਿਣ ਵਾਲੀ ਈਸਾਈਅਤ ਨੇ ਵੀ ਇਹ ਕਹਿ ਦਿੱਤਾ ਹੈ ਕਿ ਜੇ ਇੱਥੇ ਆਉਣਾ ਹੈ ਤਾਂ ਸਭ ਕੁਝ ਛੱਡ ਕੇ ਆਉਣਾ ਪਵੇਗਾ। ਏਸੇ ਭਾਵਨਾ ਨੂੰ ਗੁਰੂ ਸਾਹਿਬ ਨੇ ਇਸ ਤਰ੍ਹਾਂ ਕਿਹਾ ਹੋਇਆ ਹੈ ਕਿ ਧਰਮ ਪਿਆਰ ਦੀ ਖੇਡ ਹੈ ਅਤੇ ਇੱਥੇ ਉਹੀ ਆਉਣ, ਜਿਹੜੇ ਇਸ ਪਿਆਰ ਦੀ ਖੇਡ ਨੂੰ ਖੇਡਣਾ ਚਾਹੁੰਦੇ ਹਨ ਭਾਵ ਇਸ ਖੇਡ ਦੇ ਸੁੱਚਮ ਨਾਲ ਨਿਭ ਸਕਦੇ ਹਨ:
ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥
ਪਰ ਇਸ ਵੇਲੇ ਦੀ ਲੋੜ ਇਹ ਸਮਝੇ ਅਤੇ ਸਮਝਾਏ ਜਾਣ ਦੀ ਹੈ ਕਿ ਮਾਇਆ-ਭੋਗ ਤਿਆਗਣੇ, ਨਾ ਤਿਆਗਣੇ ਅਤੇ ਚਾਹੁਣ `ਤੇ ਵੀ ਨਾ ਤਿਆਗ ਸਕਣੇ ਹੈ ਅਤੇ ਹੋਣਾ ਚਾਹੀਦਾ ਵਜੋਂ ਛੇਤੀ ਅਤੇ ਸੌਖਿਆਂ ਸਮਝ ਆ ਜਾਂਦੇ ਹਨ। ਇਸ ਦਾ ਇਕ ਪੱਖ ਇਹ ਰਿਹਾ ਹੈ ਕਿ ਸਭ ਕੁਝ ਛੱਡ ਕੇ ਆਓ। ਇਸ ਨਾਲ ਪੈਦਾ ਹੋਣ ਵਾਲੇ ਉਲਾਰ ਤੋਂ ਬਚਣ ਦਾ ਰਾਹ ਸਿੱਖੀ ਨੇ ਇਨ੍ਹਾਂ ਤੋਂ ਭੱਜਣ ਦੀ ਥਾਂ `ਤੇ ਇਨ੍ਹਾਂ ਨੂੰ ਨਾਲ ਲੈ ਕੇ ਤੁਰਨ ਦਾ ਸਹਿਜ ਸਥਾਪਨ ਕਰ ਕੇ ਕੀਤਾ ਹੋਇਆ ਹੈ:
ਹਉ ਗੋਸਾਈ ਕਾ ਪਹਿਲਵਾਨੜਾ॥ ਮੈ ਗੁਰ ਮਿਲਿ ਉਚ ਦੁਮਾਲੜਾ॥
ਸਭ ਹੋਈ ਛਿੰਝ ਇਕਠੀਆ ਦਯੁ ਬੈਠਾ ਵੇਖੈ ਆਪਿ ਜੀਉ॥
ਇਸ ਪੁਸਤਕ ਦੇ ਸਾਰੇ ਅਧਿਆਇ ਕਿਸੇ ਨੇ ਕਿਸੇ ਰੂਪ ਵਿਚ ‘ਮਸੀਹੀਅਤ ਅਤੇ ਥਿਆਲੋਜੀ’ ਨਾਲ ਜੁੜੀ ਹੋਈ ਸਿਧਾਂਤਕੀਨੁਮਾ ਵਿਸ਼ਵਾਸ ਦੇ ਸਾਈਨਾਪਸਿਜ਼ ਹਨ ਅਤੇ ਏਸੇ ਦੇ ਵਿਸਥਾਰ ਨੂੰ ਪ੍ਰਾਪਤ ਸੋਮਿਆਂ ਰਾਹੀਂ ਪੁਸ਼ਟ ਕਰ ਕੇ ਨਿਕਲ ਸਕਦੇ ਨਤੀਜੇ ਸਾਹਮਣੇ ਲੈ ਆਂਦੇ ਹਨ। ਅਖੀਰਲੇ ਅਧਿਆਇ ਛੇਵਾਂ ਰਾਹੀਂ ਮਸੀਹੀਅਤ ਨਾਲ ਜੁੜੇ ਹਰ ਰੰਗ ਦੇ ਸਰੋਕਾਰਾਂ ਦੇ ਹਵਾਲੇ ਨਾਲ ਇਹ ਸੱਚ ਸਾਹਮਣੇ ਲੈ ਆਂਦਾ ਹੈ ਕਿ ਧਰਮ ਨੇ ਸਮਾਜਿਕਤਾ ਅਤੇ ਅਕਾਦਮਿਕਤਾ ਨੂੰ ਨਾਲ ਲੈ ਕੇ ਤੁਰਨਾ ਹੁੰਦਾ ਹੈ। ਕਿਸੇ ਵੀ ਧਰਮ ਨੂੰ ਸਬੰਧਤ ਧਰਮ ਦੀ ਅਕਾਦਮਿਕਤਾ ਬਹੁਤੀ ਵਾਰ ਰਾਸ ਨਹੀਂ ਆਉਂਦੀ ਕਿਉਂਕਿ ਧਰਮ ਵਾਸਤੇ ਬੰਧਨਮੁਕਤ ਹੋਣਾ ਮੁਸ਼ਕਲ ਹੈ ਅਤੇ ਅਕਾਦਮਿਕਤਾ ਵਾਸਤੇ ਬੰਧਨਯੁਕਤ ਹੋਣਾ ਮੁਸ਼ਕਲ ਹੈ। ਦੋਹਾਂ ਵਿਚਕਾਰ ਜੇ ਸਹਿਜ-ਸਥਾਪਨ ਨਾ ਹੋਵੇ ਤਾਂ ਅਕਾਦਮਿਕਤਾ, ਵਿਸ਼ਵਾਸੀ ਪਰੰਪਰਾਵਾਂ ਤੋਂ ਆਤੰਕਤ ਹੋ ਕੇ ਧਰਮ ਵੱਲ ਪਿੱਠ ਕਰ ਲੈਂਦੀ ਹੈ। ਏਸੇ ਕਰਕੇ ਸਿੱਖ ਧਰਮ ਵਿਚ ਭਾਈ ਕਾਨ੍ਹ ਸਿੰਘ ਨਾਭਾ ਵਰਗੇ ਅਕਾਦਮੀਸ਼ਨ ਪੈਦਾ ਨਹੀਂ ਹੋ ਰਹੇ? ਧਰਮ ਦੀ ਅਕਾਦਮਿਕਤਾ ਵਿਚ ਧਰਮ ਅਤੇ ਅਕਾਦਮਿਕਤਾ ਦਾ ਸਹਿਜ-ਸਥਾਪਨ ਹੋਣਾ ਚਾਹੀਦਾ ਹੈ। ਇਸ ਸਹਿਜ-ਸਥਾਪਨ ਵਿਚੋਂ ਪੈਦਾ ਹੋਣ ਵਾਲੀ ਥਿਆਲੋਜੀ ਨਾਲ ਇਹ ਸਮਝਿਆ ਅਤੇ ਸਮਝਾਇਆ ਜਾ ਸਕਦਾ ਹੈ ਕਿ ਧਰਮ ਤਾਂ ਮਾਰਗ ਹੈ, ਮੰਜ਼ਲ ਨਹੀਂ ਹੈ। ਇਸ ਮਾਰਗ `ਤੇ ਨਾ ਤੁਰੀਏ ਤਾਂ ਇਸ ਮਾਰਗ ਦਾ ਲਾਹਾ ਨਹੀਂ ਲਿਆ ਜਾ ਸਕਦਾ। ਇਸੇ ਕਰਕੇ ਧਰਮ ਨੂੰ ਧਾਰਨ ਕਰਨਾ ਹੁੰਦਾ ਹੈ। ਧਰਮ ਨੂੰ ਜਨਮ ਤੋਂ ਮੰਨ ਲੈਣ ਨਾਲ ਪੈਦਾ ਹੋਣ ਵਾਲੀਆਂ ਮੁਸ਼ਕਲਾਂ ਧਰਮ ਨੂੰ ਇਕ ਪਾਸੇ ਸਭਿਆਚਾਰ ਨਾਲ ਰਲਗੱਡ ਕਰ ਦੇਂਦੀਆਂ ਹਨ ਅਤੇ ਦੂਜੇ ਪਾਸੇ ਧਰਮ ਨੂੰ ਅਧਿਆਤਮਿਕਤਾ ਨਾਲੋਂ ਵਿਛੋੜਨ ਵਾਲੇ ਪਾਸੇ ਲੈ ਤੁਰਦੀਆਂ ਹਨ। ਸੱਚ ਤਾਂ ਇਹ ਹੈ ਕਿ ਬੰਦਾ ਸਭਿਆਚਾਰ ਵਿਚ ਪੈਦਾ ਹੁੰਦਾ ਹੈ ਅਤੇ ਧਰਮ ਨੂੰ ਪੈਦਾ ਹੋਣ ਤੋਂ ਬਾਅਦ ਧਾਰਨ ਕਰਦਾ ਹੈ। ਸਭਿਆਚਾਰ, ਇਕ ਵਹਿੰਦਾ ਦਰਿਆ ਹੈ ਅਤੇ ਇਸ ਵਿਚ ਉਹ ਸਾਰਾ ਕੁਝ ਸ਼ਾਮਲ ਹੁੰਦਾ ਹੈ, ਜਿਹੜਾ ਕਿਸੇ ਵੀ ਸਭਿਆਚਾਰਕ-ਭਾਈਚਾਰੇ ਦੀ ਪਰੰਪਰਾ ਅਤੇ ਸਮਕਾਲ ਨਾਲ ਜੁੜਿਆ ਹੋਇਆ ਹੁੰਦਾ ਹੈ। ਜਿਹੜੀ ਭੂਮਿਕਾ ਸਭਿਆਚਾਰ ਦੀ ਸਮਾਜ ਵਾਸਤੇ ਹੈ, ਕੁਝ ਉਸੇ ਤਰ੍ਹਾਂ ਦੀ ਭੂਮਿਕਾ ਧਰਮ ਵਿਚ ਥਿਆਲੋਜੀ ਦੀ ਹੁੰਦੀ ਹੈ। ਇਸੇ ਕਰਕੇ ਸਭ ਤੋਂ ਪਹਿਲਾਂ ਇਹ ਵੇਖੇ ਅਤੇ ਪਰਖੇ ਜਾਣ ਦੀ ਲੋੜ ਹੈ ਕਿ ਬੰਦੇ ਦੇ ਵਿਹਾਰ ਨੂੰ ਸੇਧਤ ਕਰਨ ਵਿਚ ਉਸ ਦੇ ਕੰਮ ਕਰਨ ਦੇ (ਹਾਲਾਤ, ਰਹਿਣ ਸਹਿਣ ਦੀਆਂ ਸਥਿਤੀਆਂ ਅਤੇ ਧਰਮ ਵਿਚੋਂ ਕਿਹੜਾ ਕਿਹੋ ਜਿਹੀ ਭੂਮਿਕਾ ਨਿਭਾ ਰਿਹਾ ਹੈ? ਇਸ ਆਧਾਰ `ਤੇ ਸਿਹਤਮੰਦ ਅਤੇ ਬਿਮਾਰ ਸਰੋਕਾਰਾਂ ਦੀ ਨਿਸ਼ਾਨਦੇਹੀ ਕੀਤੀ ਜਾ ਸਕਦੀ ਹੈ। ਸੱਚ ਦੀ ਭਾਲ ਅਤੇ ਪ੍ਰਭੂ ਦੀਆਂ ਗੱਲਾਂ ਵਿਚ ਬਹੁਤ ਫਰਕ ਹੈ। ਪਹਿਲੀ ਜਗਿਆਸਾ ਹੈ ਅਤੇ ਦੂਜਾ ਭੁੱਸ ਹੈ। ਭੁੱਸ ਨੇ ਹੀ ਹੌਲੀਹੌਲੀ ਠਰਕ ਬਣ ਜਾਣਾ ਹੁੰਦਾ ਹੈ। ਇਹ ਧਰਮ ਦੇ ਵਿਸ਼ਵਾਸੀਆਂ ਨੂੰ ਆਦੀ ਬਣਾਉਣ ਵਲ ਲੈ ਤੁਰਦਾ ਹੈ। ਇਸ ਨਾਲ ਧਾਰਮਿਕ ਸੁਰ ਵਿਚ ਸਫਲਤਾ ਸਹਿਤ ਨਿਭਣ ਨੂੰ ਥਿਆਲੋਜੀਕਲ ਸਰੋਕਾਰ ਸਮਝਿਆ ਜਾ ਸਕਦਾ ਹੈ। ਇਹੀ ਸਾਰਿਆਂ ਧਰਮਾਂ ਵਿਚ ਸਾਂਝਾ ਤੱਤ ਰਹਿੰਦਾ ਹੈ।