ਵਿਸ਼ਵ ਦੇ ਮਹਾਨ ਖਿਡਾਰੀ: ਮੁੱਕੇਬਾਜ਼ੀ ਦਾ ਮਹਾਨ ਘੁਲਾਟੀਆ ਮੁਹੰਮਦ ਅਲੀ

ਪ੍ਰਿੰ. ਸਰਵਣ ਸਿੰਘ
ਮੁਹੰਮਦ ਅਲੀ ਬਾਰੇ ਲਿਖਣਾ ਲਫਜ਼ਾਂ ਨਾਲ ਘੁਲ਼ਣਾ ਹੈ। ਮੁੱਕੇਬਾਜ਼ੀ ਦੇ ਨਾਲ ਲਫਜ਼ਾਂ ਦੀ ਲੀਲ੍ਹਾ ਵਿਖਾਉਣੀ। ਉਹ ਵੀਹ ਵਰ੍ਹੇ ਵਿਸ਼ਵ ਦਾ ਸਭ ਤੋਂ ਤਕੜਾ ਮੁੱਕੇਬਾਜ਼ ਮੰਨਿਆ ਜਾਂਦਾ ਰਿਹਾ। ਕਿੰਗ ਮਾਰਟਨ ਲੂਥਰ ਨੇ ਉਸ ਨੂੰ ਕਾਲੇ ਲੋਕਾਂ ਦਾ ਮਹਾਨ ਘੁਲਾਟੀਆ ਕਹਿ ਕੇ ਵਡਿਆਇਆ ਸੀ। ਉਹਦੇ ਇਕ-ਇਕ ਭੇੜ ਦਾ ਮੁੱਲ ਕਰੋੜਾਂ ਰੁਪਈਆਂ ਤਕ ਪੈਂਦਾ ਰਿਹਾ। ਉਹਦੇ ਬਾਰੇ ਸੈਂਕੜੇ ਕਲਮਾਂ ਨੇ ਲੱਖਾਂ ਲਫ਼ਜ਼ ਲਿਖੇ ਅਤੇ ਅਖ਼ਬਾਰਾਂ `ਚ ਮੁਹੰਮਦ ਅਲੀ ਦੇ ਨਾਂ ਦੀਆਂ ਹਜ਼ਾਰਾਂ ਸੁਰਖ਼ੀਆਂ ਲੱਗੀਆਂ। ਜਦੋਂ ਉਹਦਾ ਮੁੱਕੇਬਾਜ਼ੀ ਦਾ ਮੁਕਾਬਲਾ ਹੁੰਦਾ ਤਾਂ ਦੁਨੀਆ ਦੀਆਂ ਅਰਬਾਂ ਅੱਖਾਂ ਟੀਵੀ `ਤੇ ਉਹਦੇ ਮੁੱਕਿਆਂ ਦੇ ਜਲਵੇ ਵੇਖਦੀਆਂ। ਬੌਕਸਿੰਗ ਦਾ ਉਹ ਬਾਦਸ਼ਾਹ ਹੀ ਨਹੀਂ, ਸ਼ਹਿਨਸ਼ਾਹ ਸੀ।

ਉਂਜ ਵੀ ਉਹ ਅਲੋਕਾਰ ਵਿਅਕਤੀ ਸੀ। ਉਸ ਨੇ ਧਰਮ ਬਦਲਿਆ, ਕੋਚ ਬਦਲੇ, ਨਾਂ ਬਦਲਿਆ, ਸ਼ੌਕ ਬਦਲੇ, ਇਥੋਂ ਤਕ ਕਿ ਪਤਨੀਆਂ ਬਦਲ ਕੇ ਚਾਰ ਵਿਆਹ ਕਰਵਾਏ। ਉਹ ਵਰ੍ਹਿਆਂ-ਬੱਧੀ ਮੁੱਕੇਬਾਜ਼ੀ ਦੇ ਅਖਾੜਿਆਂ ਦਾ ਸਿ਼ੰਗਾਰ ਰਿਹਾ। ਉਹਦੀ ਕਮਾਈ ਕਰੋੜਾਂ ਡਾਲਰਾਂ ਤਕ ਅੱਪੜੀ। ਉਹਨੇ ਵਿਸ਼ਵ ਪੱਧਰ ਦੇ ਦਰਜਨਾਂ ਭੇੜ ਭਿੜੇ, ਤਿੰਨ ਵਾਰ ਮੁੱਕੇਬਾਜ਼ੀ ਦਾ ਵਿਸ਼ਵ ਵਿਜੇਤਾ ਹੋਣ ਦਾ ਖਿ਼ਤਾਬ ਜਿੱਤਿਆ, ਤਿੰਨ ਪਤਨੀਆਂ ਨੂੰ ਤਲਾਕ ਦਿੱਤੇ ਤੇ ਨੌਂ ਬੱਚਿਆਂ ਦਾ ਬਾਪ ਬਣਿਆ। ਉਹਦੀ ਧੀ ਲੈਲਾ ਨੇ ਮੁੱਕੇਬਾਜ਼ੀ ਵਿਚ ਵਿਸ਼ਵ ਪੱਧਰ `ਤੇ ਨਾਮਣਾ ਖੱਟਿਆ। ਚੁਤਾਲੀ ਸਾਲਾਂ ਦੀ ਉਮਰ ਵਿਚ ਉਹਨੇ ਅਠਾਈ ਸਾਲਾਂ ਦੀ ਯੋਲੰਡਾ ਨਾਲ ਚੌਥਾ ਵਿਆਹ ਕਰਵਾਇਆ। ਆਖ਼ਰ ਉਹ ਪਾਰਕਿਨਸਨ ਦੀ ਨਾਮੁਰਾਦ ਬਿਮਾਰੀ ਦਾ ਸਿ਼ਕਾਰ ਹੋ ਕੇ 74 ਸਾਲ ਦੀ ਉਮਰ ਵਿਚ ਅੱਲ੍ਹਾ ਨੂੰ ਪਿਆਰਾ ਹੋ ਗਿਆ।
ਮਰਨ ਤੋਂ ਪਹਿਲਾਂ ਖ਼ਬਰਾਂ ਨਿਕਲੀਆਂ ਸਨ ਕਿ ਮੁਹੰਮਦ ਅਲੀ ਨੂੰ ਕੋਈ ਗੁੱਝੀ ਬਿਮਾਰੀ ਵਿਚੇ ਵਿਚ ਖਾ ਰਹੀ ਹੈ। ਉਹਦੇ ਹੱਥ ਕੰਬਦੇ ਸਨ ਤੇ ਆਵਾਜ਼ ਥਥਲਾਉਂਦੀ ਸੀ। ਲੋਕਾਂ ਸਮਝਿਆ ਸ਼ਾਇਦ ਸਿਰ `ਚ ਖਾਧੇ ਸੈਂਕੜੇ ਹਜ਼ਾਰਾਂ ਮੁੱਕਿਆਂ ਦਾ ਕੋਈ ਵਿਗਾੜ ਹੋਵੇ। ਡਾਕਟਰਾਂ ਨੇ ਉਹਦੀ ਬਿਮਾਰੀ ਦਾ ਨਾਂ ਪਾਰਕਿਨਸਨ ਸਾਈਨਡਰੋਮ ਦੱਸਿਆ ਸੀ। ਪਰ ਡਾ. ਰਾਜਕੋ ਮੈਡਨੀਕਾ ਨੇ ਬਿਮਾਰੀ ਲੱਭੀ ਕਿ ਕਿਸੇ ਜ਼ਹਿਰੀਲੀ ਦਵਾਈ ਦਾ ਲਹੂ `ਚ ਰਚਿਆ ਭੈੜਾ ਪ੍ਰਭਾਵ ਸੀ। ਫਿਰ ਉਸ ਦੇ ਲਹੂ ਦੀ ਸਫਾਈ ਕੀਤੀ ਜਾਣ ਲੱਗੀ ਜਿਸ ਉਤੇ ਪੰਜ ਛੇ ਘੰਟਿਆਂ ਦਾ ਵਕਤ ਲੱਗਣ ਲੱਗਾ। ਆਖ਼ਰ ਹੋਣੀ ਲੈ ਬੈਠੀ।
ਮੁਹੰਮਦ ਅਲੀ ਦਾ ਮੁੱਢਲਾ ਨਾਂ ਕੈਸੀਅਸ ਕਲੇਅ ਸੀ। ਉਹਦਾ ਜਨਮ ਅਮਰੀਕਾ ਵਿਚ ਲੂਈਸਵਿਲੇ ਦੇ ਹਸਪਤਾਲ `ਚ 17 ਜਨਵਰੀ 1942 ਨੂੰ ਸ਼ਾਮ ਦੇ 6.35 ਵਜੇ ਹੋਇਆ ਸੀ। ਉਹ ਮਾਪਿਆਂ ਦਾ ਪਹਿਲਾ ਬੱਚਾ ਸੀ। ਤਿੰਨ ਸਾਲ ਦੀ ਉਮਰ ਵਿਚ ਉਹ ਪੰਜਾਂ ਸਾਲਾਂ ਦਾ ਲੱਗਦਾ ਸੀ ਜਿਸ ਕਰਕੇ ਮਾਂ ਨੂੰ ਬੱਸ ਚੜ੍ਹਨ ਲਈ ਉਹਦੀ ਟਿਕਟ ਲੈਣੀ ਪੈਂਦੀ ਸੀ। ਉਹ ਤਿੰਨਾਂ ਚਹੁੰ ਬੱਚਿਆਂ ਜਿੰਨੀ ਖੁਰਾਕ ਖਾ ਜਾਂਦਾ ਸੀ। ਇਕ ਵਾਰ ਗੋਦੀ ਵਿਚ ਦੁੱਧ ਚੁੰਘਦੇ ਨੇ ਮਾਂ ਦੇ ਅਜਿਹਾ ਘਸੁੰਨ ਮਾਰਿਆ ਕਿ ਉਹਦਾ ਦੰਦ ਹਿਲਾ ਦਿੱਤਾ ਜੋ ਬਾਅਦ ਵਿਚ ਕਢਾਉਣਾ ਪਿਆ। ਗੀ-ਗੀ ਉਹਦੇ ਪਹਿਲੇ ਬੋਲ ਸਨ ਜਿਨ੍ਹਾਂ ਦੇ ਅਰਥ ਬਾਅਦ ਵਿਚ ਕਿਸੇ ਨੇ ‘ਗੋਲਡਨ ਗਲੱਵਜ਼’ ਕੱਢੇ ਤੇ ਕਿਸੇ ਨੇ ‘ਗਿਫਟ ਆਫ਼ ਗਾਡ’।
ਉਹ ਬਾਰਾਂ ਸਾਲਾਂ ਦਾ ਸੀ ਜਦੋਂ ਉਹਦਾ ਸਾਈਕਲ ਚੋਰੀ ਹੋ ਗਿਆ। ਪੁਲਿਸ ਕੋਲ ਰਿਪੋਰਟ ਦਰਜ ਕਰਾਉਣ ਗਿਆ ਤਾਂ ਉਥੇ ਬੌਕਸਿੰਗ ਦਾ ਇਕ ਕੋਚ ਮਿਲ ਗਿਆ। ਉਸ ਨੇ ਕੈਸੀਅਸ ਕਲੇਅ ਨੂੰ ਕਿਹਾ, “ਜੇ ਤੂੰ ਮੁੱਕੇਬਾਜ਼ੀ ਸਿੱਖ ਲਵੇਂ ਤਾਂ ਤੇਰੇ ਘਸੁੰਨਾਂ ਤੋਂ ਡਰਦਾ ਕੋਈ ਵੀ ਬੰਦਾ ਤੇਰੇ ਸਮਾਨ ਦੀ ਚੋਰੀ ਨਹੀਂ ਕਰ ਸਕੇਗਾ।” ਉਹ ਉਹਤੋਂ ਮੁੱਕੇਬਾਜ਼ੀ ਸਿੱਖਣ ਲੱਗ ਪਿਆ।
ਉਹ ਦਰਮਿਆਨਾ ਵਿਦਿਆਰਥੀ ਸੀ ਪਰ ਕਿਹਾ ਕਰਦਾ ਸੀ: ਮੈਂ ਮਹਾਨ ਬਣਾਂਗਾ! ਚੜ੍ਹਦੀ ਉਮਰੇ ਉਹ ਆਪਣਾ ਨਾਂ ਰੇਡੀਓ ਤੋਂ ਸੁਣਨਾ ਚਾਹੁੰਦਾ ਸੀ। ਛਪਿਆ ਵੇਖਣਾ ਚਾਹੁੰਦਾ ਸੀ, ਉਘੜਵਾਂ ਤੇ ਲਿਸ਼ਕਵਾਂ: ਕੈਸੀਅਸ ਕਲੇਅ। ਰੋਮ ਦੀਆਂ ਓਲੰਪਿਕ ਖੇਡਾਂ-1960 ਦੇ ਟਰਾਇਲਾਂ ਲਈ ਉਹਨੂੰ ਸਾਨਫਰਾਂਸਿਸਕੋ ਸੱਦਿਆ ਗਿਆ। ਉਹ ਹਵਾਈ ਜਹਾਜ਼ `ਤੇ ਚੜ੍ਹਨੋਂ ਡਰਦਾ ਸੀ। ਉਹਦੇ ਕੋਚ ਜੋਅ ਮਾਰਟਿਨ ਨੇ ਉਹਨੂੰ ਜਹਾਜ਼ `ਤੇ ਚੜ੍ਹਨ ਲਈ ਮਸੀਂ ਮਨਾਇਆ। ਸਾਨਫਰਾਂਸਿਸਕੋ ਵਿਚ ਉਹ ਟਰਾਇਲਾਂ `ਚ ਸਫਲ ਰਿਹਾ ਤਾਂ ਉਸ ਨੇ ਮੁੜਵੀਂ ਹਵਾਈ ਟਿਕਟ ਹਵਾ `ਚ ਚਲਾ ਮਾਰੀ ਤੇ ਰੇਲ ਗੱਡੀ ਉਤੇ ਚੜ੍ਹ ਕੇ ਲੂਈਸਵਿਲੇ ਮੁੜਿਆ। ਸਤਾਰਾਂ ਸਾਲ ਦੀ ਉਮਰ `ਚ ਰੋਮ ਦੀਆਂ ਓਲੰਪਿਕ ਖੇਡਾਂ `ਚੋਂ ਉਸ ਨੇ ਸੋਨੇ ਦਾ ਤਮਗ਼ਾ ਜਿੱਤਿਆ ਤਾਂ ਉਹਦੀ ਧੰਨ-ਧੰਨ ਹੋ ਗਈ। ਯੂਰਪ ਦੀਆਂ ਗੋਰੀਆਂ ਨੇ ਸਾਂਵਲੇ ਚੈਂਪੀਅਨ ਦੇ ਚੁੰਮਣ ਲਏ ਤੇ ਉਹਦਾ ਨਾਂ ਮੁੱਕੇਬਾਜ਼ੀ ਦੇ ਚੜ੍ਹਦੇ ਸੂਰਜ ਵਜੋਂ ਰੌਸ਼ਨ ਹੋ ਗਿਆ।
ਮੁਹੰਮਦ ਅਲੀ ਦੇ ਪੈਰਾਂ ਵਿਚ ਤੇਜ਼ੀ ਸੀ ਤੇ ਮੁੱਕੇ ਵਿਚ ਵਦਾਨ ਦੀ ਸੱਟ। ਉਹ ਤਿਤਲੀ ਵਾਂਗ ਮੰਡਰਾਉਂਦਾ ਤੇ ਮੱਖੀ ਵਾਂਗ ਡੰਗ ਮਾਰਦਾ ਸੀ। ਉਹ ਬੜਬੋਲਾ ਵੀ ਬਹੁਤ ਸੀ ਜਿਸ ਕਰਕੇ ਉਸ ਨੂੰ ਲੂਈਸਵਿਲੇ ਦਾ ‘ਲਿੱਪ’ ਕਿਹਾ ਜਾਂਦਾ ਸੀ। ਉਹਦਾ ਪਹਿਲਾ ਪ੍ਰੋਫੈਸ਼ਨਲ ਮੁਕਾਬਲਾ ਇੰਗਲੈਂਡ ਦੇ ਹੈਨਰੀ ਕੂਪਰ ਨਾਲ ਹੋਇਆ। ਕੂਪਰ ਨੂੰ ਹਰਾ ਕੇ ਉਹ ਵਿਸ਼ਵ ਚੈਂਪੀਅਨ ਸੋਨੀ ਲਿਸਟਨ ਨਾਲ ਲੜਨ ਲਈ ਚੈਲੰਜ ਕਰਨ ਲੱਗਾ। ਸੋਨੀ ਲਿਸਟਨ ਪੱਚੀ ਭੈਣ ਭਾਈਆਂ `ਚ ਸਭ ਤੋਂ ਛੋਟਾ ਸੀ ਜਿਵੇਂ ਉਡਣ ਪਰੀ ਵਿਲਮਾ ਰੁਡੋਲਫ ਉੱਨੀ ਭੈਣ ਭਰਾਵਾਂ `ਚ ਸਭ ਤੋਂ ਨਿੱਕੀ ਸੀ। ਬਚਪਨ ਵਿਚ ਉਸ ਨੂੰ ਪੋਲੀਓ ਹੋ ਗਿਆ ਸੀ। ਹੈਰਾਨੀ ਹੁੰਦੀ ਹੈ ਕਿ ਏਡੇ ਵੱਡੇ ਟੱਬਰਾਂ ਵਿਚ ਇਹ ਬੱਚੇ ਕਿਵੇਂ ਪਲਦੇ ਰਹੇ ਤੇ ਵਰਲਡ ਚੈਂਪੀਅਨ ਬਣਦੇ ਰਹੇ!
ਸੋਨੀ ਲਿਸਟਨ ਨਿੱਕਾ ਹੁੰਦਾ ਈ ਮਾੜ ਧਾੜ ਕਰਨ ਲੱਗ ਪਿਆ ਸੀ ਜਿਸ ਕਰਕੇ ਜੇਲ੍ਹ ਚਲਾ ਗਿਆ ਸੀ। ਜੇਲ੍ਹ ਵਿਚ ਹੀ ਉਸ ਨੇ ਮੁੱਕੇਬਾਜ਼ੀ ਸਿੱਖੀ। 25 ਫਰਵਰੀ 1964 ਨੂੰ ਕੈਸੀਅਸ ਕਲੇਅ ਨੇ ਸੋਨੀ ਲਿਸਟਨ ਨੂੰ ਹਰਾ ਕੇ ਵਿਸ਼ਵ ਗੁਰਜ ਜਿੱਤੀ ਤੇ ਮਹਾਨ ਮੁੱਕੇਬਾਜ਼ ਅਖਵਾਇਆ। ਉਸ ਤੋਂ ਦੋ ਹਫ਼ਤੇ ਪਿੱਛੋਂ ਉਹ ਇਸਲਾਮ ਦੇ ਪ੍ਰਭਾਵ ਹੇਠ ਆ ਗਿਆ ਤੇ ਮੁਸਲਮਾਨ ਸਜ ਗਿਆ। ਉਸ ਦਾ ਇਸਲਾਮੀ ਨਾਂ ਮੁਹੰਮਦ ਅਲੀ ਰੱਖਿਆ ਗਿਆ। ਇਸਲਾਮ ਜਗਤ ਨੇ ਫਿਰ ਉਸ ਦਾ ਪੁੱਜ ਕੇ ਪ੍ਰਚਾਰ ਕੀਤਾ। ਮਿਸਰ ਦੇ ਰਾਸ਼ਟਰਪਤੀ ਨਾਸਰ ਵਰਗੇ ਕੈਰੋ ਦੇ ਹਵਾਈ ਅੱਡੇ ਉਤੇ ਉਹਦੀ ਉਡੀਕ ਕਰਦੇ ਰਹੇ। ਮੁਸਲਿਮ ਜਗਤ ਹੁੱਬ ਕੇ ਕਹਿੰਦਾ: ਅਲੀ ਸਾਡਾ ਹੈ!
ਮੁਸਲਮਾਨ ਬਣ ਕੇ ਮੁਹੰਮਦ ਅਲੀ ਨੇ ਸੋਂਜੀ ਨਾਲ ਸ਼ਾਦੀ ਕਰ ਲਈ। ਸੋਂਜੀ ਨੂੰ ਮੁਸਲਿਮ ਪਰਦੇਦਾਰੀ ਪਸੰਦ ਨਹੀਂ ਸੀ। ਉਹ ਲੰਡੇ ਕੱਪੜਿਆਂ `ਚ ਅੱਧਨੰਗੀ ਵਿਚਰਦੀ ਅਤੇ ਨੱਚਣ ਗਾਉਣ ਵਿਚ ਦਿਲਚਸਪੀ ਰੱਖਦੀ ਸੀ। ਕੁਝ ਮਹੀਨਿਆਂ ਪਿੱਛੋਂ ਹੀ ਉਨ੍ਹਾਂ ਦਾ ਤਲਾਕ ਹੋ ਗਿਆ। ਮੁਹੰਮਦ ਅਲੀ ਨੇ ਅਦਾਲਤ ਵਿਚ ਕਿਹਾ, “ਜੱਜ ਸਾਹਬ, ਇਹਦੇ ਕੱਪੜੇ ਵੇਖੋ। ਇਹ ਮੇਰੇ ਮਜ਼ਹਬ ਦੇ ਮੁਤਾਬਿਕ ਨਹੀਂ। ਮੇਰਾ ਇਹਤੋਂ ਖਹਿੜਾ ਛੁਡਾਓ।”
ਜੱਜ ਨੇ ਤਲਾਕ ਮਨਜ਼ੂਰ ਕਰ ਦਿੱਤਾ ਤੇ ਸੋਂਜੀ ਲਈ ਦਸ ਸਾਲ ਤਕ ਦਾ ਖਰਚਾ ਬੰਨ੍ਹ ਦਿੱਤਾ। ਸੋਂਜੀ ਨੇ ਆਪਣੀਆਂ ਸਹੇਲੀਆਂ ਨੂੰ ਕਿਹਾ, “ਅਲੀ ਅੰਤ ਵੇਲੇ ਯਾਦ ਕਰੇਗਾ ਕਿ ਉਹਦਾ ਸਭ ਤੋਂ ਤਕੜਾ ਮੁਕਾਬਲਾ ਉਹਦੀ ਪਹਿਲੀ ਪਤਨੀ ਨਾਲ ਸੀ। ਉਹਨੂੰ ਹੋਰ ਕੋਈ ਢਾਹ ਸਕੇ ਜਾਂ ਨਾ ਪਰ ਮੈਂ ਉਸ ਨੂੰ ਢਾਹ ਲਿਐ। ਉਹ ਵੀ ਕੀ ਯਾਦ ਰੱਖੇਗਾ ਕਿ ਕਿਸੇ ਨਾਲ ਵਾਹ ਪਿਆ ਸੀ।” ਖਰਚਾ ਬੰਨ੍ਹਵਾ ਕੇ ਉਹ ਕਲੱਬ ਵਿਚ ਚਲੀ ਗਈ ਤੇ ਮਨਚਾਹੇ ਮੁੰਡਿਆਂ ਨਾਲ ਨੱਚਣ ਗਾਉਣ ਲੱਗੀ।
ਉਧਰ ਵੀਅਤਨਾਮ ਦੀ ਜੰਗ ਛਿੜੀ ਹੋਈ ਸੀ। ਅਮਰੀਕਾ ਦੇ ਕਾਨੂੰਨ ਅਨੁਸਾਰ ਮੁਹੰਮਦ ਅਲੀ ਨੂੰ ਵੀ ਕੁਝ ਸਮੇਂ ਲਈ ਜੰਗ `ਚ ਭੇਜਣ ਦਾ ਹੁਕਮ ਹੋਇਆ ਤਾਂ ਉਹਨੇ ਜੰਗ ਵਿਚ ਜਾਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਕਿਹਾ, “ਮੈਂ ਬੰਦੂਕ ਨਹੀਂ ਫੜਨੀ।” ਬਹੁਤ ਸਾਰੇ ਦੇਸ਼ਾਂ ਦੇ ਲੋਕਾਂ ਨੇ ਉਹਦੀ ਨਾਬਰੀ ਦੀ ਹਮਾਇਤ ਕੀਤੀ। ਕਈਆਂ ਨੇ ਉਹਨੂੰ ਕਾਨੂੰਨ ਤੋੜਨ ਵਾਲਾ ਵੀ ਕਿਹਾ। ਉਹਦੇ ਵਿਰੁੱਧ ਮੁਕੱਦਮਾ ਚੱਲਿਆ ਅਤੇ ਅਦਾਲਤ ਨੇ ਉਸ ਨੂੰ ਪੰਜ ਸਾਲ ਦੀ ਕੈਦ ਸੁਣਾਈ ਤੇ ਦਸ ਹਜ਼ਾਰ ਡਾਲਰ ਜੁਰਮਾਨਾ ਕੀਤਾ। ਇਸ ਸਜ਼ਾ ਨੇ ਸਿਖਰ ਦੀ ਜੁਆਨੀ ਵਿਚ ਅਲੀ ਨੂੰ ਪੰਜ ਸਾਲ ਬੌਕਸਿੰਗ ਦੇ ਰਿੰਗ ਤੋਂ ਪਾਸੇ ਰੱਖਿਆ।
ਉਹ ਰਿਹਾਅ ਹੋਇਆ ਤਾਂ ਉਸ ਨੇ ਫਿਰ ਮੁੱਕੇਬਾਜ਼ੀ ਸ਼ੁਰੂ ਕਰ ਲਈ। ਉਸ ਨੇ ਆਲਮੀ ਚੈਂਪੀਅਨ ਜੋਅ ਫਰੇਜ਼ੀਅਰ ਨੂੰ ਹਰਾ ਕੇ ਦੁਬਾਰਾ ਵਿਸ਼ਵ ਤਾਜ ਜਿੱਤਿਆ। ਤੀਜੀ ਵਾਰ ਉਹਨੇ ਜਾਰਜ ਫੋਰਮੈਨ ਨੂੰ ਹਰਾ ਕੇ ਵਿਸ਼ਵ ਗੁਰਜ ਜਿੱਤੀ। ਉਦੋਂ ਤਕ ਉਹੀ ਇਕੋ ਇਕ ਮੁੱਕੇਬਾਜ਼ ਸੀ ਜਿਸ ਨੇ ਤਿੰਨ ਵਾਰ ਮੁੱਕੇਬਾਜ਼ੀ ਦੀ ਵਿਸ਼ਵ ਚੈਂਪੀਅਨਸਿ਼ਪ ਜਿੱਤੀ। ਵਿਸ਼ੇਸ਼ ਗੱਲ ਇਹ ਸੀ ਕਿ ਉਹ ਤਿੰਨੇ ਵਾਰ ਵਿਸ਼ਵ ਗੁਰਜ ਖੁਹਾਉਣ ਪਿੱਛੋਂ ਜਿੱਤਦਾ ਰਿਹਾ ਸੀ। ਆਖ਼ਰ ਲਿਓਨ ਸਪਿੰਕਸ ਨੇ ਜੂਨ 1977 ਵਿਚ ਉਹਨੂੰ ਹਰਾ ਕੇ ਮੁੱਕੇਬਾਜ਼ੀ ਤੋਂ ਰਿਟਾਇਰ ਹੋਣ ਲਈ ਮਜਬੂਰ ਕੀਤਾ।
ਮੁਹੰਮਦ ਅਲੀ ਨੇ ਮੁੱਕੇਬਾਜ਼ੀ ਦੇ ਨਾਲ-ਨਾਲ ਮਾੜੀ ਮੋਟੀ ਸ਼ਾਇਰੀ ਵੀ ਕੀਤੀ ਤੇ ਇਸਲਾਮ ਬਾਰੇ ਲੈਕਚਰ ਵੀ ਕੀਤੇ। 1980 ਵਿਚ ਮਾਸਕੋ ਦੀਆਂ ਓਲੰਪਿਕ ਖੇਡਾਂ ਦੇ ਬਾਈਕਾਟ ਲਈ ਅਮਰੀਕਾ ਸਰਕਾਰ ਨੇ ਉਹਨੂੰ ਆਪਣਾ ਬੁਲਾਰਾ ਬਣਾ ਕੇ ਅਫਰੀਕਾ ਦੇ ਮੁਸਲਮਾਨੀ ਮੁਲਕਾਂ ਵਿਚ ਭੇਜਿਆ ਪਰ ਉਹ ਆਪਣੇ ਮਿਸ਼ਨ ਵਿਚ ਫੇਲ੍ਹ ਹੋਇਆ। ਉਹ ਇਸਲਾਮ ਦੇ ਪ੍ਰਚਾਰ ਲਈ ਪੜ੍ਹਨ ਸਮੱਗਰੀ ਉਤੇ ਆਪਣੇ ਦਸਤਖ਼ਤ ਕਰ ਕੇ ਲੋਕਾਂ `ਚ ਵੰਡਦਾ ਰਿਹਾ। ਉਸ ਨੇ ਆਪਣੇ ਚਾਹੁਣ ਵਾਲਿਆਂ ਵਿਚ ਇਸਲਾਮੀ ਨਿਸ਼ਾਨੀਆਂ ਵੀ ਵੰਡੀਆਂ। ਉਹ ਆਪਣੇ ਗੋਲ ਭਰਵੇਂ ਚਿਹਰੇ, ਗੰਭੀਰ ਮੁਦਰਾ ਤੇ ਧੀਮੀ ਆਵਾਜ਼ ਵਿਚ ਅੱਲ੍ਹਾ ਨੂੰ ਯਾਦ ਕਰਦਾ ਰਿਹਾ।
ਸਰਗਰਮ ਮੁੱਕੇਬਾਜ਼ੀ ਤੋਂ ਰਿਟਾਇਰ ਹੋਣ ਪਿੱਛੋਂ ਉਸ ਨੂੰ ਇਕ ਵਾਰ ਮੁੜ ਮੁੱਕੇਬਾਜ਼ੀ ਦਾ ਫਤੂਰ ਕੁੱਦ ਪਿਆ ਸੀ। ਉਸ ਨੇ ਮਸ਼ਹੂਰ ਮੁੱਕੇਬਾਜ਼ ਲੈਰੀ ਹੋਮਜ਼ ਨੂੰ ਲਲਕਾਰਿਆ। 2 ਅਕਤੂਬਰ 1980 ਦੀ ਰਾਤ ਨੂੰ ਵਿਸ਼ਵ ਚੈਂਪੀਅਨ ਲੈਰੀ ਹੋਮਜ਼ ਨੇ ਮੁਹੰਮਦ ਅਲੀ ਉਤੇ ਮੁੱਕਿਆਂ ਦੀ ਉਹ ਬੁਛਾੜ ਕੀਤੀ ਕਿ ਅਲੀ ਦੇ ਆਉਸਾਨ ਮਾਰੇ ਗਏ ਤੇ ਤੌਰ ਉੱਡੇ ਰਹੇ। ਕੇਵਲ ਸੱਤਵੇਂ ਗੇੜ `ਚ ਅਲੀ ਨੇ ਕੁਝ ਜੌਹਰ ਵਿਖਾਏ ਪਰ ਪਹਿਲਾਂ ਵਾਲੀ ਗੱਲ ਨਾ ਬਣੀ। ਅਗਲੇ ਤਿੰਨ ਗੇੜਾਂ `ਚ ਲੈਰੀ ਹੋਮਜ਼ ਨੇ ਮੁਹੰਮਦ ਅਲੀ ਦਾ ਮਲੀਆਮੇਟ ਕਰ ਦਿੱਤਾ। ਦਸਵੇਂ ਗੇੜ ਪਿੱਛੋਂ ਉਹ ਦਮ ਲੈਣ ਬੈਠਾ ਤੇ ਗਿਆਰਵੇਂ ਗੇੜ ਲਈ ਉੱਠ ਨਾ ਸਕਿਆ। ਇੰਜ ਇਤਿਹਾਸ ਦੇ ਸਭ ਤੋਂ ਤਕੜੇ ਮੁੱਕੇਬਾਜ਼ ਦੀ ਹਾਰ ਨਾਕ ਆਊਟ ਦੀ ਨਮੋਸ਼ੀ ਨਾਲ ਹੋਈ ਜੋ ਕਿਸੇ ਦੇ ਖ਼ਾਬ ਖਿਆਲ ਵਿਚ ਵੀ ਨਹੀਂ ਸੀ।
ਵੇਖਣ ਵਾਲੇ ਦੱਸਦੇ ਸਨ ਕਿ ਹਾਰ ਜਾਣ ਪਿੱਛੋਂ ਉਹ ਕਈ ਮਿੰਟ ਸਟੂਲ ਤੋਂ ਉੱਠ ਨਹੀਂ ਸੀ ਸਕਿਆ। ਉਹਦਾ ਚਿਹਰਾ ਲੱਥ ਗਿਆ ਸੀ ਤੇ ਭਵੰਤਰੀਆਂ ਨਜ਼ਰਾਂ ਇੰਜ ਵੇਖਦੀਆਂ ਸਨ ਜਿਵੇਂ ਕਿਸੇ ਡਰਾਉਣੇ ਸੁਫਨੇ `ਚੋਂ ਜਾਗਿਆ ਹੋਵੇ। ਪਰ ਅਗਲੇ ਦਿਨ ਉਸ ਨੇ ਫਿਰ ਬੜ੍ਹਕ ਮਾਰੀ ਜਿਵੇਂ ਉਹ ਹਾਰਨ ਪਿੱਛੋਂ ਹਮੇਸ਼ਾਂ ਮਾਰਿਆ ਕਰਦਾ ਸੀ, “ਮੁਹੰਮਦ ਅਲੀ ਨੂੰ ਮਰ ਮੁੱਕ ਗਿਆ ਨਾ ਸਮਝੋ। ਮੈਂ ਇਕ ਵਾਰ ਫਿਰ ਅਖਾੜੇ `ਚ ਉੱਤਰਾਂਗਾ ਤੇ ਸਾਬਤ ਕਰ ਦਿਆਂਗਾ ਕਿ ਅਲੀ ਸੱਚਮੁੱਚ ਮਹਾਨ ਹੈ!”
ਪਰ ਇਹ ਸਿਰਫ਼ ਬੜ੍ਹਕ ਹੀ ਸੀ। ਉਹਦੀ ਮੁੱਕੇਬਾਜ਼ੀ ਦੇ ਦਿਨ ਮੁੱਕ ਚੁੱਕੇ ਸਨ ਪਰ ਬੜ੍ਹਕਾਂ ਨਹੀਂ ਸਨ ਮੁੱਕੀਆਂ। ਉਹ ਪਾਰਕਿਨਸਨ ਦਾ ਮਰੀਜ਼ ਬਣ ਗਿਆ ਸੀ ਤੇ ਹਰ ਵੇਲੇ ਕੰਬਦੇ ਰਹਿਣਾ ਉਹਦੇ ਭਾਗ ਬਣ ਗਏ ਸਨ। 1996 ਵਿਚ ਅਟਲਾਂਟਾ ਦੀਆਂ ਓਲੰਪਿਕ ਖੇਡਾਂ ਸਮੇਂ ਉਸ ਨੇ ਕੰਬਦੇ ਹੱਥਾਂ ਨਾਲ ਖੇਡਾਂ ਦੀ ਜੋਤ ਜਗਾਈ ਸੀ ਜਿਥੇ ਉਹਦੇ ਦਰਸ਼ਨ ਕੁਲ ਦੁਨੀਆਂ ਨੇ ਇਕ ਵਾਰ ਫਿਰ ਕੀਤੇ ਸਨ। ਪਰ ਉਹ ਪਹਿਲਾਂ ਵਾਲਾ ਮੁਹੰਮਦ ਅਲੀ ਨਹੀਂ ਸੀ ਲੱਗਦਾ। ਉਹ ਪਾਰਕਿਨਸਨ ਦੀ ਬਿਮਾਰੀ ਨਾਲ ਕਈ ਵਰ੍ਹੇ ਜੂਝਦਾ ਰਿਹਾ। ਫਿਰ ਉਸ ਨੂੰ ਨਮੂਨੀਆ ਹੋਇਆ ਤਾਂ ਹਸਪਤਾਲ ਦਾਖਲ ਹੋਣਾ ਪਿਆ। ਸਾਹ ਲੈਣ ਦੀ ਤਕਲੀਫ਼ ਹੋਈ ਤਾਂ ਫਿਰ ਹਸਪਤਾਲ। ਬਿਮਾਰੀਆਂ ਨੇ ਉਹਨੂੰ ਸਾਹ ਨਾ ਆਉਣ ਦਿੱਤਾ। ਆਖ਼ਰ 3 ਜੂਨ 2016 ਨੂੰ ਐਰੀਜੋਨਾ ਸਟੇਟ ਦੇ ਸ਼ਹਿਰ ਫੀਨੈਕਸ ਦੇ ਇਕ ਹਸਪਤਾਲ ਵਿਚ ਉਹਨੇ ਆਖ਼ਰੀ ਸਾਹ ਲਿਆ। ਸਾਧੂ ਦਯਾ ਸਿੰਘ ਨੇ ‘ਜਿ਼ੰਦਗੀ ਬਿਲਾਸ’ ਦੇ ਕਿੱਸੇ ਵਿਚ ਸੱਚ ਹੀ ਕਿਹਾ ਹੈ:
…ਕੋਈ ਰੋਜ਼ ਤੂੰ ਸੜਕ `ਤੇ ਸੈਰ ਕਰ ਲੈ, ਬੱਘੀ ਵਿਚ ਤਬੇਲੇ ਦੇ ਖੜ੍ਹੀ ਰਹਿਣੀ
ਆਖ਼ਰ ਉਮਰ ਦੀ ਡੋਰ ਨੇ ਟੁੱਟ ਜਾਣਾ ਗੁੱਡੀ ਸਦਾ ਨਾ ਜੱਗ `ਤੇ ਚੜ੍ਹੀ ਰਹਿਣੀ।