ਐੱਚ-1ਬੀ ਵੀਜ਼ਿਆਂ ਦੀ ਫੀਸ ਵਧਾਉਣ ਦੀ ਤਿਆਰੀ

ਵਾਸ਼ਿੰਗਟਨ: ਬਾਇਡਨ ਪ੍ਰਸ਼ਾਸਨ ਨੇ ਐੱਚ-1ਬੀ ਵੀਜ਼ਿਆਂ ਸਣੇ ਇਮੀਗ੍ਰੇਸ਼ਨ ਫੀਸ ਵਿਚ ਵਾਧੇ ਦੀ ਤਜਵੀਜ਼ ਰੱਖੀ ਹੈ। ਐੱਚ-1ਬੀ ਵੀਜ਼ਾ ਵਧੇਰੇ ਹੁਨਰਮੰਦ ਵਿਦੇਸ਼ੀ ਕਾਮਿਆਂ ਨੂੰ ਦਿੱਤਾ ਜਾਂਦਾ ਹੈ ਤੇ ਭਾਰਤੀ ਟੈੈੱਕ ਮਾਹਿਰਾਂ ‘ਚ ਇਹ ਕਾਫੀ ਮਕਬੂਲ ਹੈ। ਲੋਕ ਤਜਵੀਜ਼ਤ ਨੇਮਾਂ ਬਾਰੇ 60 ਦਿਨਾਂ ਤੱਕ ਆਪਣੀ ਰਾਇ ਦੇ ਸਕਣਗੇ, ਜਿਸ ਮਗਰੋਂ ਇਸ ਨੂੰ ਲਾਗੂ ਕੀਤੇ ਜਾਣ ਦੀ ਉਮੀਦ ਹੈ।

ਤਜਵੀਜ਼ ਨੇਮ, ਜਿਸ ਨੂੰ ਅਮਰੀਕੀ ਸਿਟੀਜ਼ਨਸ਼ਿਪ ਤੇ ਇਮੀਗ੍ਰੇਸ਼ਨ ਸੇਵਾਵਾਂ (ਯੂ.ਐਸ.ਸੀ.ਆਈ.ਐਸ.) ਨੇ ਪ੍ਰਕਾਸ਼ਿਤ ਕੀਤਾ ਹੈ, ਮੁਤਾਬਕ ਐੱਚ-1ਬੀ ਵੀਜ਼ਾ ਐਪਲੀਕੇਸ਼ਨ ਲਈ ਫੀਸ 460 ਅਮਰੀਕੀ ਡਾਲਰ ਤੋੋਂ ਵਧਾ ਕੇ 780 ਡਾਲਰ ਜਦੋਂਕਿ ਐੱਲ-1 ਨੂੰ 460 ਡਾਲਰ ਤੋਂ ਵਧਾ ਕੇ 1385 ਕਰ ਦਿੱਤਾ ਜਾਵੇ। ਓ-1 ਵੀਜ਼ਿਆਂ ਲਈ ਅਰਜ਼ੀ ਫੀਸ 460 ਡਾਲਰ ਤੋਂ ਵਧਾ ਕੇ 1055 ਡਾਲਰ ਕੀਤੇ ਜਾਣ ਦੀ ਤਜਵੀਜ਼ ਰੱਖੀ ਗਈ ਹੈ। ਐੱਚ-1ਬੀ ਗੈਰ-ਪਰਵਾਸੀ ਵੀਜ਼ਾ ਹੈ, ਜੋ ਅਮਰੀਕੀ ਕੰਪਨੀਆਂ ਨੂੰ ਵਿਸ਼ੇਸ਼ ਪੇਸ਼ਿਆਂ ਵਿਚ ਵਿਦੇਸ਼ੀ ਕਾਮੇ ਰੱਖਣ ਦੀ ਖੁੱਲ੍ਹ ਦਿੰਦਾ ਹੈ, ਜਿਸ ਵਿਚ ਵਿਚਾਰਾਤਮਕ ਜਾਂ ਤਕਨੀਕੀ ਮਾਹਿਰਤਾ ਦੀ ਲੋੜ ਹੋਵੇ। ਟੈਕਨਾਲੋਜੀ ਕੰਪਨੀਆਂ ਭਾਰਤ ਤੇ ਚੀਨ ਜਿਹੇ ਮੁਲਕਾਂ ਤੋਂ ਸਾਲਾਨਾ ਹਜ਼ਾਰਾਂ ਮੁਲਾਜ਼ਮਾਂ ਦੀਆਂ ਸੇਵਾਵਾਂ ਲੈਂਦੀਆਂ ਹਨ। ਤਜਵੀਜ਼ਾਂ ਨੇਮਾਂ ਮੁਤਾਬਕ ਐੱਚ-2ਬੀ ਪਟੀਸ਼ਨਜ (ਸੀਜ਼ਨਲ, ਗੈਰ-ਖੇਤੀ ਕਾਮੇ) ਲਈ ਫੀਸ 460 ਡਾਲਰ ਤੋਂ ਵਧਾ ਕੇ 1080 ਡਾਲਰ ਕੀਤੇ ਜਾਣ ਦਾ ਪ੍ਰਸਤਾਵ ਹੈ। ਉਧਰ, ਫੋਰਬਸ ਨੇ ਇਕ ਨਿਊਜ ਰਿਪੋਰਟ ‘ਚ ਕਿਹਾ, ”ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਇਨ੍ਹਾਂ ਵੀਜ਼ਾ ਸ਼੍ਰੇਣੀਆਂ ਦੀ ਫੀਸ ਵਧਾਉਣ ਦਾ ਫੈਸਲਾ ਅਮਰੀਕੀ ਨੀਤੀਘਾੜਿਆਂ ਦੀ ਇੱਛਾ ਦੇ ਖ਼ਿਲਾਫ਼ ਹੈ, ਜੋ ਚਾਹੁੰਦੇ ਹਨ ਕਿ ਵੱਧ ਤੋਂ ਵੱਧ ਕਾਮੇ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਦਾਖਲ ਹੋਣ।“
ਅਮਰੀਕਾ ਵੱਲੋਂ ਵੀਜ਼ਾ ਪ੍ਰਕਿਰਿਆ ਤੇਜ਼ ਕਰਨ ਦਾ ਭਰੋਸਾ
ਵਾਸ਼ਿੰਗਟਨ: ਅਮਰੀਕਾ ਨੇ ਕਿਹਾ ਕਿ ਉਹ ਭਾਰਤ ਵਿਚ ਵੀਜ਼ਾ ਇੰਟਰਵਿਊ ਲਈ ਲੱਗਣ ਵਾਲੇ ਸਮੇਂ ਨੂੰ ਘਟਾਉਣ ਲਈ ਹਰ ਸੰਭਵ ਕਦਮ ਚੁੱਕ ਰਿਹਾ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ, ‘ਵੀਜ਼ਾ ਪ੍ਰਕਿਰਿਆ ਵਿਚ ਉਮੀਦ ਨਾਲੋਂ ਤੇਜੀ ਨਾਲ ਸੁਧਾਰ ਹੋ ਰਿਹਾ ਹੈ ਤੇ ਸਾਨੂੰ ਉਮੀਦ ਹੈ ਕਿ ਇਹ ਆਉਣ ਵਾਲੇ ਸਮੇਂ ਵਿਚ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ `ਤੇ ਵਾਪਸ ਆ ਜਾਵੇਗੀ।“ ਬੁਲਾਰੇ ਨੇ ਕਿਹਾ ਕਿ ਅਮਰੀਕਾ ਨੇ 2016 ਤੋਂ ਬਾਅਦ ਕਿਸੇ ਵੀ ਸਾਲ ਦੇ ਮੁਕਾਬਲੇ ਵਿੱਤੀ ਸਾਲ 2022 ਵਿਚ ਵਧੇਰੇ ਵਿਦਿਆਰਥੀ ਵੀਜ਼ੇ ਜਾਰੀ ਕੀਤੇ ਹਨ।