ਸੰਘਰਸ਼ ਤਿੱਖਾ ਕਰਨ ਦੀ ਰਣਨੀਤੀ ਘੜਨ ਲੱਗੀਆਂ ਕਿਸਾਨ ਜਥੇਬੰਦੀਆਂ

ਫਿਰੋਜ਼ਪੁਰ: ਸਾਂਝੇ ਮੋਰਚੇ ਦੀ ਅਗਵਾਈ ਹੇਠ ਪਿੰਡ ਮਨਸੂਰਵਾਲ ਕਲਾਂ ਸਥਿਤ ਮਾਲਬਰੋਜ਼ ਸ਼ਰਾਬ ਫੈਕਟਰੀ ਅੱਗੇ ਚੱਲ ਰਿਹਾ ਪੱਕਾ ਮੋਰਚਾ ਸਰਕਾਰ ਲਈ ਸਿਰਦਰਦੀ ਬਣਦਾ ਜਾ ਰਿਹਾ ਹੈ। ਕਿਸਾਨ ਜਥੇਬੰਦੀਆਂ ਨੇ ਪ੍ਰਦੂਸ਼ਣ ਖ਼ਿਲਾਫ਼ ਜੰਗ ਦਾ ਦਾਇਰਾ ਵਸੀਹ ਕਰਨ ਦਾ ਐਲਾਨ ਕਰ ਦਿੱਤਾ ਹੈ।

ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਮਾਲਬਰੋਜ਼ ਸ਼ਰਾਬ ਫੈਕਟਰੀ ਖ਼ਿਲਾਫ਼ ਲੜੀ ਜਾ ਰਹੀ ਇਹ ਜੰਗ ਮਨੁੱਖ ਦੀ ਹੋਂਦ ਨੂੰ ਬਚਾਉਣ ਲਈ ਹੈ, ਜਿਸ ਨੂੰ ਜ਼ੀਰਾ ਤੱਕ ਹੀ ਸੀਮਤ ਨਹੀਂ ਰੱਖਿਆ ਜਾਣਾ ਚਾਹੀਦਾ। ਹਵਾ ਅਤੇ ਪਾਣੀ ਨੂੰ ਬਚਾਉਣ ਵਾਸਤੇ ਹੁਣ ਇਹ ਜੰਗ ਪੂਰੇ ਪੰਜਾਬ ਦੇ ਲੋਕਾਂ ਨੂੰ ਇੱਕਜੁਟ ਹੋ ਕੇ ਲੜਨੀ ਪਵੇਗੀ ਤਾਂ ਹੀ ਆਉਣ ਵਾਲੀਆਂ ਪੀੜ੍ਹੀਆਂ ਸੁਰੱਖਿਅਤ ਰਹਿ ਸਕਣਗੀਆਂ। ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਦੀ ਤਰਜ਼ ‘ਤੇ ਪੰਜਾਬ ਸਰਕਾਰ ਵੀ ਹੁਣ ਕਾਰਪੋਰੇਟ ਘਰਾਣਿਆਂ ਦੀ ਪਿੱਠ ਥਾਪੜ ਰਹੀ ਹੈ ਤੇ ਅਜਿਹੀਆਂ ਜਾਨਲੇਵਾ ਫੈਕਟਰੀਆਂ ਨੂੰ ਬਚਾਉਣ ਲਈ ਹਰ ਹਥਕੰਡੇ ਅਪਣਾ ਰਹੀ ਹੈ, ਪਰ ਆਉਣ ਵਾਲੇ ਸਮੇਂ ਵਿਚ ਸਰਕਾਰਾਂ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ।
ਇਸ ਮੌਕੇ ਬਲਕੌਰ ਸਿੰਘ, ਸੁਰਜੀਤ ਸਿੰਘ ਫੂਲ, ਅਮਿਤੋਜ ਮਾਨ, ਲੱਖਾ ਸਿਧਾਣਾ, ਮਾਸਟਰ ਮੇਘਰਾਜ ਰੱਲਾ ਹਾਜ਼ਰ ਸਨ। ਮੋਰਚੇ ਦੇ ਆਗੂ ਸਰਪੰਚ ਗੁਰਮੇਲ ਸਿੰਘ ਮਨਸੂਰਵਾਲ ਨੇ ਮੰਗ ਰੱਖੀ ਕਿ ਮਰਹੂਮ ਰਾਜਬੀਰ ਦੇ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ ਤੇ ਇਕ ਪਰਿਵਾਰਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ, ਸ਼ਰਾਬ ਫੈਕਟਰੀ ਦੇ ਮਾਲਕ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ ਤੇ ਧਰਨਾਕਾਰੀਆਂ ਖ਼ਿਲਾਫ਼ ਦਰਜ ਕੀਤੇ ਗਏ ਕੇਸ ਰੱਦ ਕੀਤੇ ਜਾਣ। ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ 15 ਜਨਵਰੀ ਤੱਕ ਸਰਕਾਰ ਵੱਲੋਂ ਇਨ੍ਹਾਂ ਮੰਗਾਂ ਪ੍ਰਤੀ ਕੋਈ ਸਾਕਾਰਾਤਮਕ ਕਦਮ ਨਾ ਚੁੱਕਿਆ ਗਿਆ ਤਾਂ ਪੂਰੇ ਪੰਜਾਬ ਵਿਚ ਵੱਡਾ ਸੰਘਰਸ਼ ਵਿੱਢਿਆ ਜਾਵੇਗਾ, ਜਿਸ ਦੀ ਜ਼ਿਮੇਵਾਰੀ ਸਰਕਾਰ ਦੀ ਹੋਵੇਗੀ।
ਆਗੂਆਂ ਨੇ ਕਿਹਾ ਕਿ ਪ੍ਰਦੂਸ਼ਣ ਨਾਲ ਇਲਾਕੇ ਵਿਚ ਸੈਂਕੜੇ ਮੌਤਾਂ ਹੋ ਚੁੱਕੀਆਂ ਹਨ ਤੇ ਲੋਕ ਅੱਜ ਵੀ ਜਾਨਲੇਵਾ ਬਿਮਾਰੀਆਂ ਨਾਲ ਪੀੜਤ ਆਪਣੇ ਘਰਾਂ ਵਿਚ ਜ਼ਿੰਦਗੀ ਮੌਤ ਦੀ ਜੰਗ ਲੜ ਰਹੇ ਹਨ, ਪਰ ਸੂਬਾ ਸਰਕਾਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ। ਉਨ੍ਹਾਂ ਕਿਹਾ ਕਿ ਸਰਕਾਰ ਜਾਂਚ ਦੇ ਨਾਂ ‘ਤੇ ਫੈਕਟਰੀ ਦਾ ਪੱਖ ਪੂਰਨ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਸਰਕਾਰ ਦੇ ਇਹ ਮਨਸੂਬੇ ਕਦੀ ਵੀ ਕਾਮਯਾਬ ਨਹੀਂ ਹੋਣਗੇ। ਆਗੂਆਂ ਨੇ ਆਖਿਆ ਕਿ ਜਦੋਂ ਤੱਕ ਇਹ ਫੈਕਟਰੀ ਬੰਦ ਨਹੀਂ ਹੋ ਜਾਂਦੀ, ਉਦੋਂ ਤੱਕ ਇਹ ਧਰਨਾ ਇਸੇ ਤਰ੍ਹਾਂ ਨਾਲ ਚੱਲਦਾ ਰਹੇਗਾ।
ਉਧਰ, ਸ਼ਰਾਬ ਫੈਕਟਰੀ ‘ਤੇ ਪ੍ਰਦੂਸ਼ਣ ਫੈਲਾਉਣ ਦੇ ਲਗਾਏ ਗਏ ਦੋਸ਼ਾਂ ਤਹਿਤ ਫੈਕਟਰੀ ਅਤੇ ਆਲੇ-ਦੁਆਲੇ ਦੀ ਮਿੱਟੀ, ਪਾਣੀ ਤੇ ਹਵਾ ਆਦਿ ਦੀ ਜਾਂਚ ਕਰਨ ਸਬੰਧੀ ਬਣਾਈਆਂ ਗਈਆਂ ਵੱਖ-ਵੱਖ ਜਾਂਚ ਕਮੇਟੀਆਂ ਵੱਲੋਂ ਮਿੱਟੀ ਤੇ ਪਾਣੀ ਦੇ 12 ਨਮੂਨੇ ਭਰੇ ਗਏ ਹਨ।
ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਜ) ਸਾਗਰ ਸੇਤੀਆ ਆਈ.ਏ.ਐੱਸ. ਨੇ ਦੱਸਿਆ ਕਿ ਮਾਲਬਰੋਜ਼ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਮਨਸੂਰਵਾਲ ਕਲਾਂ ਜ਼ੀਰਾ ਸਥਿਤ ਸ਼ਰਾਬ ਫੈਕਟਰੀ ਸਬੰਧੀ ਪਾਣੀ ਅਤੇ ਮਿੱਟੀ ਦੀ ਜਾਂਚ ਲਈ ਕਮੇਟੀ ਵੱਲੋਂ ਫੈਕਟਰੀ ਅੰਦਰ ਜਾ ਕੇ 5 ਪਾਣੀ ਤੇ 2 ਮਿੱਟੀ ਦੇ ਸੈਂਪਲ ਲਏ ਗਏ ਹਨ। ਇਸ ਤੋਂ ਇਲਾਵਾ ਕਮੇਟੀ ਵੱਲੋਂ ਜ਼ੀਰਾ ਤੇ ਫੈਕਟਰੀ ਨਾਲ ਲੱਗਦੇ ਵੱਖ-ਵੱਖ ਪਿੰਡਾਂ ਮਨਸੂਰਵਾਲ ਕਲਾਂ, ਰਟੋਲ ਰੌਹੀ ਆਦਿ ਤੋਂ ਵੀ ਪਾਣੀ ਦੇ 5 ਸੈਂਪਲ ਇਕੱਤਰ ਕੀਤੇ ਗਏ ਹਨ।
ਸੰਘਰਸ਼ ਕਮੇਟੀ ਵੱਲੋਂ ਰੇਲਾਂ ਰੋਕਣ ਦਾ ਐਲਾਨ
ਚੰਡੀਗੜ੍ਹ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਦਿੱਲੀ ਮੋਰਚੇ ਦੀਆਂ ਬਾਕੀ ਰਹਿੰਦੀਆਂ ਮੰਗਾਂ ਮਨਵਾਉਣ ਤੇ 29 ਜਨਵਰੀ 2021 ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਸਟੇਜ ‘ਤੇ ਭਾਜਪਾ ਆਗੂਆਂ ਵੱਲੋਂ ਹਮਲਾ ਕਰਵਾਉਣ ਦੇ ਦੋਸ਼ ਹੇਠ ਕੇਸ ਦਰਜ ਕਰਵਾਉਣ ਲਈ 26 ਜਨਵਰੀ ਨੂੰ ਜ਼ਿਲ੍ਹਾ ਕੇਂਦਰਾਂ ‘ਤੇ ਕਾਨਫਰੰਸਾਂ ਕੀਤੀਆਂ ਜਾਣਗੀਆਂ। ਇਸੇ ਤਰ੍ਹਾਂ 29 ਜਨਵਰੀ ਨੂੰ ਪੰਜਾਬ ਭਰ ‘ਚ ਤਿੰਨ ਘੰਟਿਆਂ ਲਈ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਦੱਸਿਆ ਕਿ ਗੁਰਦਾਸਪੁਰ ਰੇਲਵੇ ਟਰੈਕ ‘ਤੇ ਧਰਨਾ ਜਾਰੀ ਰਹੇਗਾ ਜਦਕਿ ਬਾਕੀ ਪੰਜਾਬ ਵਿਚ ਧਰਨੇ ਚੁੱਕ ਦਿੱਤੇ ਜਾਣਗੇ।