ਟੋਰਾਂਟੋ: ਕੈਨੇਡਾ ਨੇ ਸਾਲ 2022 ਵਿਚ ਪੱਕੀ ਰਿਹਾਇਸ਼ (ਪੀ.ਆਰ) ਦੀਆਂ ਰਿਕਾਰਡ 4,31,645 ਅਰਜ਼ੀਆਂ ਮਨਜ਼ੂਰ ਕੀਤੀਆਂ ਹਨ। ਮੁਲਕ ਦੇ ਇਤਿਹਾਸ ਵਿਚ ਇਕ ਸਾਲ ਵਿਚ ਪਹਿਲੀ ਵਾਰ ਐਨੀ ਵੱਡੀ ਗਿਣਤੀ ਲੋਕਾਂ ਨੂੰ ਪੀ.ਆਰ. ਮਿਲੀ ਹੈ। ਇਕ ਬਿਆਨ ਵਿਚ ਆਵਾਸ ਮੰਤਰੀ ਸ਼ੌਨ ਫਰੇਜ਼ਰ ਨੇ ਕਿਹਾ ਕਿ ਕੈਨੇਡਾ ਲਈ ਇਹ ਇਕ ਮੀਲ ਪੱਥਰ ਹੈ।
ਮੰਤਰੀ ਨੇ ਕਿਹਾ ਕਿ ਨਵੇਂ ਆਉਣ ਵਾਲੇ ਲੋਕ ਕੈਨੇਡਾ ਵਿਚ ਕਿਰਤ ਦੀ ਘਾਟ ਨੂੰ ਪੂਰ ਰਹੇ ਹਨ।
ਵੱਖ-ਵੱਖ ਮੁਹਾਰਤ ਵਾਲੇ ਲੋਕ ਨਵੇਂ ਦ੍ਰਿਸ਼ਟੀਕੋਣ ਨਾਲ ਕੈਨੇਡਾ ਆ ਰਹੇ ਹਨ। ਇਸ ਨਾਲ ਸੰਪੂਰਨ ਤੌਰ ਉਤੇ ਸਮਾਜਿਕ ਤਾਣਾ-ਬਾਣਾ ਵੀ ਮਜ਼ਬੂਤ ਹੋ ਰਿਹਾ ਹੈ। ਮੰਤਰੀ ਨੇ ਸੰਕੇਤ ਦਿੱਤਾ ਕਿ 2023 ਵਿਚ ਹੋਰ ਵੱਧ ਲੋਕਾਂ ਨੂੰ ਸੱਦਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਸਾਲ 2021 ਵਿਚ ਕੈਨੇਡਾ ਨੇ 401,000 ਲੋਕਾਂ ਦੀਆਂ ਆਵਾਸ ਅਰਜ਼ੀਆਂ ਮਨਜ਼ੂਰ ਕੀਤੀਆਂ ਸਨ। ਕੈਨੇਡਾ ਨੇ ਆਖਰੀ ਵਾਰ 1913 ਵਿਚ ਚਾਰ ਲੱਖ ਤੋਂ ਵੱਧ ਨਵੇਂ ਆਵਾਸੀ ਸੱਦੇ ਸਨ ਤੇ ਇਨ੍ਹਾਂ ਨੂੰ ਮੁਲਕ ਦੇ ਪੱਛਮੀ ਹਿੱਸਿਆਂ ਵਿਚ ਵਸਾਇਆ ਸੀ।
ਮਹਿੰਗਾਈ ਕਾਰਨ ਵਿਦੇਸ਼ ਵਿਚ ਪੜ੍ਹਾਈ ਕਰਨੀ ਹੋਈ ਔਖੀ
ਨਵੀਂ ਦਿੱਲੀ: ਇਸ ਸਾਲ ਭਾਰਤੀਆਂ ਨੂੰ ਯੂਕੇ ਦਾ ਵਿਦਿਆਰਥੀ ਵੀਜ਼ਾ ਸਭ ਤੋਂ ਵੱਧ ਜਾਰੀ ਕੀਤਾ ਗਿਆ ਹੈ ਪਰ ਮਹਿੰਗਾਈ ਵਧਣ ਨਾਲ ਕੌਮਾਂਤਰੀ ਵਿਦਿਆਰਥੀਆਂ ਲਈ ਉਨ੍ਹਾਂ ਸ਼ਹਿਰਾਂ ਵਿਚ ਰਿਹਾਇਸ਼ ਲੱਭਣਾ ਤੇ ਜ਼ਿੰਦਗੀ ਦਾ ਗੁਜਾਰਾ ਕਰਨਾ ਔਖਾ ਹੋ ਗਿਆ ਹੈ। ਮਾਹਿਰਾਂ ਅਨੁਸਾਰ ਵਿਦੇਸ਼ਾਂ ਦੀ ਪੜ੍ਹਾਈ ਉਨ੍ਹਾਂ ਵਿਦਿਆਰਥੀਆਂ ਲਈ ਕਾਫੀ ਖ਼ੱਜਲ-ਖ਼ੁਆਰੀ ਵਾਲੀ ਬਣ ਗਈ ਹੈ ਜੋ ਹਾਲ ਹੀ ਵਿਚ ਬਰਤਾਨੀਆ ਗਏ ਹਨ। ਉਨ੍ਹਾਂ ਲਈ ਸਭ ਤੋਂ ਔਖ ਸਸਤਾ ਘਰ ਲੱਭਣਾ ਹੈ ਜੋ ਹਾਲ ਦੀ ਘੜੀ ਮਿਲ ਨਹੀਂ ਰਿਹਾ। ਇਸ ਤੋਂ ਇਲਾਵਾ ਉਨ੍ਹਾਂ ਨੂੰ ਵਧੀ ਮਹਿੰਗਾਈ ਨਾਲ ਦੋ ਚਾਰ ਹੋਣਾ ਪੈ ਰਿਹਾ ਹੈ। ਯੂਕੇ ਦੀ ਮਹਿੰਗਾਈ 2022 ਵਿਚ ਰਿਕਾਰਡ ਉੱਚਾਈ ‘ਤੇ ਪੁੱਜ ਗਈ ਹੈ।
ਨੌਜਵਾਨਾਂ ਲਈ ਵਿਦੇਸ਼ ਯਾਤਰਾ ਅਸਾਨ ਬਣਾਵਾਂਗੇ: ਜੈਸ਼ੰਕਰ
ਨਵੀਂ ਦਿੱਲੀ: ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਨੌਜਵਾਨਾਂ ਲਈ ਵੱਧ ਤੋਂ ਵੱਧ ਨੌਕਰੀਆਂ ਦੇ ਮੌਕੇ ਪੈਦਾ ਕਰਨੇ ਹਨ। ਸਰਕਾਰ ਯਤਨ ਕਰ ਰਹੀ ਹੈ ਕਿ ਨੌਜਵਾਨਾਂ ਨੂੰ ਵਿਸ਼ਵੀਕਰਨ ਲਈ ਵਧੀਆ ਕੰਮ ਵਾਲਾ ਮਾਹੌਲ ਮਿਲੇ ਤੇ ਉਹ ਸੁਰੱਖਿਅਤ ਯਾਤਰਾ ਦਾ ਤਜਰਬਾ ਹੰਢਾਉਣ। ਉਨ੍ਹਾਂ ਇੰਦੌਰ ਵਿਚ ਯੁਵਾ ਪਰਵਾਸੀ ਭਾਰਤੀ ਦਿਵਸ ਦਾ ਉਦਘਾਟਨ ਕਰਦਿਆਂ ਕਿਹਾ ਕਿ ਇਹ ਮਾਈਗ੍ਰੇਸ਼ਨ ਤੇ ਮੋਬਿਲਿਟੀ ਪਾਰਟਨਰਸ਼ਿਪ ਦਾ ਰੂਪ ਲੈ ਸਕਦਾ ਹੈ ਜਿਵੇਂ ਹਾਲ ਹੀ ਵਿਚ ਜਰਮਨੀ, ਡੈਨਮਾਰਕ, ਪੁਰਤਗਾਲ, ਫਰਾਂਸ ਅਤੇ ਯੂਕੇ ਨਾਲ ਕੀਤਾ ਗਿਆ ਸੀ।