ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਘਿਰੇ ਫੌਜਾ ਸਿੰਘ ਸਰਾਰੀ ਦੀ ਵਜ਼ੀਰੀ ਖੁੱਸੀ

ਡਾ. ਬਲਬੀਰ ਸਿੰਘ ਨੂੰ ਮਿਲੀ ਕੈਬਨਿਟ ਵਿਚ ਥਾਂ
ਚੰਡੀਗੜ੍ਹ: ਪੰਜਾਬ ਵਿਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਨੇ ਆਪਣੇ ਪਹਿਲੇ ਸਾਲ ਦੇ ਕਾਰਜਕਾਲ ਅੰਦਰ ਹੀ ਮੰਤਰੀ ਮੰਡਲ ਵਿਚ ਤੀਜਾ ਵੱਡਾ ਫੇਰਬਦਲ ਕਰ ਦਿੱਤਾ ਹੈ। ਸਰਕਾਰ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਘਿਰੇ ਫੂਡ ਪ੍ਰੋਸੈਸਿੰਗ ਅਤੇ ਬਾਗਬਾਨੀ ਮੰਤਰੀ ਫੌਜਾ ਸਿੰਘ ਸਰਾਰੀ ਤੋਂ ਅਸਤੀਫਾ ਲੈਣ ਤੋਂ ਕੁਝ ਸਮੇਂ ਬਾਅਦ ਹੀ ਵਿਧਾਨ ਸਭਾ ਹਲਕਾ ਪਟਿਆਲਾ ਦਿਹਾਤੀ ਤੋਂ ਵਿਧਾਇਕ ਡਾ. ਬਲਬੀਰ ਸਿੰਘ ਨੂੰ ਕੈਬਨਿਟ ਵਿਚ ਸ਼ਾਮਲ ਕਰ ਲਿਆ। ਡਾ. ਬਲਬੀਰ ਸਿੰਘ ਨੂੰ ਚੰਡੀਗੜ੍ਹ ਸਥਿਤ ਪੰਜਾਬ ਰਾਜ ਭਵਨ ‘ਚ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਹਲਫ਼ ਦਿਵਾਇਆ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਵੀ ਹਾਜ਼ਰ ਰਹੇ।

ਪੰਜਾਬ ਵਿਚ ਇਹ ਸਾਰਾ ਸਿਆਸੀ ਘਟਨਾਕ੍ਰਮ ਅਚਨਚੇਤ ਵਾਪਰਿਆ ਹੈ ਜਦੋਂ ਅਚਾਨਕ ਹੀ ਕੈਬਨਿਟ ਮੰਤਰੀ ਫੌਜੀ ਸਿੰਘ ਸਰਾਰੀ ਤੋਂ ਅਸਤੀਫ਼ਾ ਲੈਣ ਤੋਂ ਕੁਝ ਘੰਟਿਆਂ ਬਾਅਦ ਹੀ ਡਾ. ਬਲਬੀਰ ਸਿੰਘ ਨੂੰ ਕੈਬਨਿਟ ਮੰਤਰੀ ਬਣਾ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਕੈਬਨਿਟ ਮੰਤਰੀ ਫੌਜੀ ਸਿੰਘ ਸਰਾਰੀ ਦਾ ਆਡੀ.ਓ ਕਲਿੱਪ ਵਾਇਰਲ ਹੋਇਆ ਸੀ, ਜਿਸ ਵਿਚ ਉਨ੍ਹਾਂ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸਨ। ਸਰਾਰੀ ਵੱਲੋਂ ਅਸਤੀਫ਼ਾ ਦੇਣ ਦੇ ਕਾਰਨਾਂ ਨੂੰ ਨਿੱਜੀ ਦੱਸਿਆ ਜਾ ਰਿਹਾ ਹੈ। ਸਰਾਰੀ ਦਾ ਕਹਿਣਾ ਹੈ ਕਿ ਉਹ ਪਾਰਟੀ ਦੇ ਵਫ਼ਾਦਾਰ ਸਿਪਾਹੀ ਹਨ ਤੇ ਇਸੇ ਤਰ੍ਹਾਂ ਕੰਮ ਕਰਦੇ ਰਹਿਣਗੇ।
ਸੂਬਾ ਸਰਕਾਰ ਨੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਤੋਂ ਸਾਰੇ ਵਿਭਾਗ ਲੈ ਕੇ ਡਾ. ਬਲਬੀਰ ਸਿੰਘ ਨੂੰ ਸੌਂਪ ਦਿੱਤੇ ਹਨ। ਹੁਣ ਡਾ. ਬਲਬੀਰ ਸਿੰਘ ਕੋਲ ਸਿਹਤ ਅਤੇ ਪਰਿਵਾਰ ਭਲਾਈ, ਸਿਹਤ ਸਿੱਖਿਆ ਤੇ ਖੋਜ ਅਤੇ ਚੋਣਾਂ ਦਿੱਤੀਆਂ ਗਈਆਂ ਹਨ। ਜਦਕਿ ਕੈਬਨਿਟ ਮੰਤਰੀ ਚੇਤਨ ਸਿੰਘ ਜੌੜੇ ਮਾਜਰਾ ਨੂੰ ਫੌਜਾ ਸਿੰਘ ਸਰਾਰੀ ਵਾਲੇ ਵਿਭਾਗਾਂ ਫੂਡ ਪ੍ਰੋਸੈਸਿੰਗ, ਬਾਗਬਾਨੀ ਦੇ ਨਾਲ-ਨਾਲ ਆਜ਼ਾਦੀ ਘੁਲਾਟੀਏ ਅਤੇ ਰੱਖਿਆ ਸੇਵਾਵਾਂ ਭਲਾਈ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਹੈ। ਗੌਰਤਲਬ ਹੈ ਕਿ ਪੰਜਾਬ ਸਰਕਾਰ ਨੇ 19 ਮਾਰਚ 2022 ਨੂੰ ਵਿਧਾਨ ਸਭਾ ਹਲਕਾ ਦਿੜ੍ਹਬਾ ਤੋਂ ਵਿਧਾਇਕ ਹਰਪਾਲ ਸਿੰਘ ਚੀਮਾ, ਮਲੋਟ ਤੋਂ ਵਿਧਾਇਕ ਡਾ. ਬਲਜੀਤ ਕੌਰ, ਜੰਡਿਆਲਾ ਤੋਂ ਵਿਧਾਇਕ ਹਰਭਜਨ ਸਿੰਘ ਈ.ਟੀ.ਓ, ਮਾਨਸਾ ਤੋਂ ਵਿਧਾਇਕ ਡਾ. ਵਿਜੈ ਸਿੰਗਲਾ, ਭੋਆ ਤੋਂ ਵਿਧਾਇਕ ਲਾਲ ਚੰਦ, ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ, ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ, ਪੱਟੀ ਤੋਂ ਵਿਧਾਇਕ ਲਾਲਜੀਤ ਸਿੰਘ ਭੁੱਲਰ, ਹੁਸ਼ਿਆਰਪੁਰ ਤੋਂ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਵਿਧਾਇਕ ਹਰਜੋਤ ਸਿੰਘ ਬੈਂਸ ਨੇ ਬਤੌਰ ਕੈਬਨਿਟ ਮੰਤਰੀ ਸਹੁੰ ਚੁੱਕੀ ਸੀ। ਉਸ ਤੋਂ ਬਾਅਦ ਕੈਬਨਿਟ ਵਿੱਚ ਵਾਧਾ ਕਰਦਿਆਂ ਡਾ. ਇੰਦਰਬੀਰ ਨਿੱਝਰ, ਅਮਨ ਅਰੋੜਾ, ਚੇਤਨ ਜੌੜਾ ਮਾਜਰਾ ਅਤੇ ਅਨਮੋਲ ਗਗਨ ਮਾਨ ਨੂੰ ਸ਼ਾਮਲ ਕੀਤਾ ਗਿਆ। ਇਸ ਤੋਂ ਬਾਅਦ ਪਾਰਟੀ ਨੇ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਕਰਦਿਆਂ ਸਿਹਤ ਮੰਤਰੀ ਦੇ ਅਹੁਦੇ ‘ਤੇ ਤਾਇਨਾਤ ਡਾ. ਵਿਜੈ ਸਿੰਗਲਾ ਨੂੰ ਕੈਬਨਿਟ ਵਿਚੋਂ ਬਾਹਰ ਕਰ ਦਿੱਤਾ ਸੀ ਤੇ ਹੁਣ ਫੌਜਾ ਸਿੰਘ ਸਰਾਰੀ ਨੇ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਮੁੱਖ ਮੰਤਰੀ ਸਣੇ ਕਈ ਵਜ਼ੀਰਾਂ ਦੇ ਵਿਭਾਗ ਬਦਲੇ
ਚੰਡੀਗੜ੍ਹ: ਪੰਜਾਬ ਕੈਬਨਿਟ ਵਿਚ ਡਾ. ਬਲਬੀਰ ਸਿੰਘ ਦੇ ਸ਼ਾਮਲ ਹੋਣ ਦੇ ਨਾਲ ਹੀ ਮੁੱਖ ਮੰਤਰੀ ਸਣੇ ਅੱਧਾ ਦਰਜਨ ਮੰਤਰੀਆਂ ਦੇ ਵਿਭਾਗਾਂ ਵਿਚ ਫੇਰਬਦਲ ਕੀਤਾ ਗਿਆ ਹੈ। ਇਸ ਫੇਰਬਦਲ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਕੋਲ ਜਨਰਲ ਪ੍ਰਸ਼ਾਸਨ, ਗ੍ਰਹਿ ਮਾਮਲੇ ਤੇ ਨਿਆਂ, ਪ੍ਰਸੋਨਲ, ਵਿਜੀਲੈਂਸ, ਸਹਿਕਾਰਤਾ, ਇੰਡਸਟਰੀਜ਼ ਤੇ ਕਾਮਰਸ, ਰੁਜ਼ਗਾਰ ਪੈਦਾਵਾਰ ਤੇ ਸਿਖਲਾਈ, ਜੇਲ੍ਹਾਂ, ਕਾਨੂੰਨੀ ਮਾਮਲੇ ਤੇ ਹਵਾਬਾਜ਼ੀ ਵਿਭਾਗ ਰਹਿ ਗਏ ਹਨ। ਗੁਰਮੀਤ ਸਿੰਘ ਮੀਤ ਹੇਅਰ ਨੂੰ ਪ੍ਰਸ਼ਾਸਕੀ ਸੁਧਾਰ, ਜਲ ਸਰੋਤ, ਮਾਈਨਿੰਗ, ਵਿਗਿਆਨ ਤਕਨੀਕ ਤੇ ਵਾਤਾਵਰਣ, ਖੇਡਾਂ ਤੇ ਯੂਥ ਸੇਵਾਵਾਂ, ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਕੋਲ ਤਕਨੀਕੀ ਸਿੱਖਿਆ ਤੇ ਇੰਡਸਟਰੀਅਲ ਟ੍ਰੇਨਿੰਗ, ਉੱਚੇਰੀ ਸਿੱਖਿਆ ਤੇ ਸਕੂਲ ਸਿੱਖਿਆ, ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਨੂੰ ਆਜ਼ਾਦੀ ਘੁਲਾਟੀਏ, ਰੱਖਿਆ ਸੇਵਾਵਾਂ ਮਾਮਲੇ, ਫੂਡ ਪ੍ਰੋਸੈਸਿੰਗ ਤੇ ਬਾਗਬਾਨੀ ਵਿਭਾਗ ਦਿੱਤਾ ਗਿਆ ਹੈ। ਅਨਮੋਲ ਗਗਨ ਮਾਨ ਨੂੰ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ, ਇਨਵੈਸਟਮੈਂਟ ਪ੍ਰਮੋਸ਼ਨ, ਕਿਰਤ, ਸ਼ਿਕਾਇਤ ਨਿਵਾਰਣ ਤੇ ਪ੍ਰਹੁਣਾਚਾਰੀ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਹੈ।