ਨਫਰਤ ਦਾ ਧੰਦਾ-1: ਮੁੱਖ ਧਾਰਾ ਲਈ ਮਸਾਲਾ ਤਿਆਰ ਕਰਦੇ ਸੱਜੇ-ਪੱਖੀ ਯੂਟਿਊਬਰ

ਨੀਲ ਮਾਧਵ/ਅਲੀਸਾਨ ਜਾਫਰੀ
ਅਨੁਵਾਦ: ਬੂਟਾ ਸਿੰਘ ਮਹਿਮੂਦਪੁਰ
ਪਿਛਲੇ ਕੁਝ ਸਮੇਂ ਤੋਂ ਯੂਟਿੳਬ ਚੈਨਲਾਂ ਨੇ ਮੀਡੀਆ, ਖਾਸਕਰ ਸੋਸ਼ਲ ਮੀਡੀਆ ‘ਤੇ ਗਾਹ ਪਾਇਆ ਹੋਇਆ ਹੈ। ਕੱਟੜ ਤਾਕਤਾਂ ਇਸ ਮੰਚ ਨੂੰ ਖੂਬ ਵਰਤ ਰਹੀਆਂ ਹਨ। ਭਾਰਤੀ ਜਨਤਾ ਪਾਰਟੀ ਵਰਗੀਆਂ ਸਿਆਸੀ ਜਮਾਤਾਂ ਇਨ੍ਹਾਂ ਯੂਟਿਊਬਰਾਂ ਨੂੰ ਹੱਲਾਸ਼ੇਰੀ ਦੇ ਰਹੀਆਂ ਹਨ। ਇਸ ਪਾਰਟੀ ਦੇ ਲੀਡਰ ਮੁੱਖ ਚੈਨਲਾਂ ਦੀ ਥਾਂ ਇਨ੍ਹਾਂ ਯੂਟਿਊਬਰਾਂ ਨੂੰ ਇੰਟਰਵਿਊ ਦਿੰਦੇ ਹਨ ਅਤੇ ਆਪਣੀ ਮਰਜ਼ੀ ਦੀਆਂ ਗੱਲਾਂ ਕਰਦੇ ਹਨ। ਉਘੇ ਰਸਾਲੇ ‘ਕਾਰਵਾਂ’ ਨਾਲ ਜੁੜੇ ਨੀਲ ਮਾਧਵ ਅਤੇ ਅਲੀਸਾਨ ਜਾਫਰੀ ਇਸ ਮਸਲੇ ਦੀਆਂ ਤਹਿਆਂ ਫਰੋਲਦਿਆਂ ਰਿਪੋਰਟ ਤਿਆਰ ਕੀਤੀ ਹੈ ਜੋ ਅਸੀਂ ਆਪਣੇ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ। ਇਸ ਦਾ ਅਨੁਵਾਦ ਸਾਡੇ ਕਾਲਮਨਵੀਸ ਬੂਟਾ ਸਿੰਘ ਮਹਿਮੂਦਪੁਰ ਨੇ ਕੀਤਾ ਹੈ। ਇਸ ਲੰਮੇ ਲੇਖ ਦੀ ਪਹਿਲੀ ਕਿਸ਼ਤ ਹਾਜ਼ਰ ਹੈ।

‘ਬੁਲਡੋਜ਼ਰ ਬਾਬਾ ਨੇ ਦੀਆ ਐਸਾ ਜਵਾਬ ਤੋ ਬਿਲਬਿਲਾ ਉੱਠਾ ਵਿਪਕਸ਼’ ਸਿਰਲੇਖ ਵਾਲੇ ਯੂਟਿਊਬ ਵੀਡੀਓ ਵਿਚ ਬਾਬਾ ਥੱਕਿਆ ਹੋਇਆ ਲੱਗ ਰਿਹਾ ਸੀ। ਉਸ ਦਾ ਥਕੇਵਾਂ ਸਮਝਿਆ ਜਾ ਸਕਦਾ ਸੀ। ਇਹ ਵੀਡੀਓ 22 ਫਰਵਰੀ ਨੂੰ ਜਾਰੀ ਕੀਤਾ ਗਿਆ ਸੀ ਅਤੇ ਅਜੈ ਸਿੰਘ ਬਿਸ਼ਟ (ਯੋਗੀ ਆਦਿੱਤਿਆਨਾਥ) ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਆਪਣਾ ਅਹੁਦਾ ਬਰਕਰਾਰ ਰੱਖਣ ਲਈ ਲੱਗਭੱਗ ਡੇਢ ਮਹੀਨੇ ਤੋਂ ਪ੍ਰਚਾਰ ਕਰ ਰਹੇ ਸਨ। ਬਿਸ਼ਟ ਨੇ ਆਪਣੀ ਸਰਕਾਰ ਦੁਆਰਾ ਮੁਸਲਮਾਨਾਂ ਦੇ ਘਰ ਢਾਹੁਣ ਲਈ ‘ਬੁਲਡੋਜ਼ਰ ਬਾਬਾ’ ਦਾ ਖ਼ਿਤਾਬ ਹਾਸਲ ਕੀਤਾ। ਅਗਲੇ ਦਿਨ ਦੁਨੀਆ ਦੀਆਂ ਸਭ ਤੋਂ ਵੱਡੀਆਂ ਸੂਬਾਈ ਚੋਣਾਂ ਵਿਚ ਚੌਥੇ ਪੜਾਅ ਦੀਆਂ ਵੋਟਾਂ ਪੈਣੀਆਂ ਸਨ, ਐਲਾਨ ਤੋਂ ਲੈ ਕੇ ਨਤੀਜੇ ਆਉਣ ਤੱਕ ਤਿੰਨ ਮਹੀਨਿਆਂ ਤੱਕ ਚੱਲੀ ਮੈਰਾਥਨ। ਭਾਰਤੀ ਜਨਤਾ ਪਾਰਟੀ ਦੀ ਰਾਜ ਦੀ ਪ੍ਰਚਾਰ ਮੁਹਿੰਮ ਦੇ ਇਕਲੌਤੇ ਚਿਹਰੇ ਬਿਸ਼ਟ ਦਾ ਸਮਾਂ ਬਹੁਤ ਰੁਝੇਵਿਆਂ ਭਰਿਆ ਸੀ।
ਮੁਲਕ ਦੇ ਸਭ ਤੋਂ ਵੱਡੇ ਮੀਡੀਆ ਸਮੂਹ ਵਿਸ਼ੇਸ਼ ਇੰਟਰਵਿਊ ਲੈਣ ਲਈ ਉਸ ਦੇ ਪਿੱਛੇ-ਪਿੱਛੇ ਘੁੰਮ ਰਹੇ ਸਨ ਪਰ ਉਨ੍ਹਾਂ ਨੂੰ ਸੀਮਤ ਕਾਮਯਾਬੀ ਹੀ ਮਿਲੀ ਸੀ। ਇਕ ਮੁੱਖ ਅੰਗਰੇਜ਼ੀ ਟੈਲੀਵਿਜ਼ਨ ਚੈਨਲ ਦੇ ਉੱਤਰ ਪ੍ਰਦੇਸ਼ ਚੋਣਾਂ ਦੀ ਕਵਰੇਜ ਕਰ ਰਹੇ ਪੱਤਰਕਾਰਾਂ ਵਿਚੋਂ ਇਕ ਨੇ ਸਾਨੂੰ ਦੱਸਿਆ ਕਿ ਉਸ ਨੇ ਤਿੰਨ ਮਹੀਨਿਆਂ ਤੋਂ ਵੱਧ ਸਮਾਂ ਕੋਸ਼ਿਸ਼ ਕੀਤੀ ਪਰ ਮੁੱਖ ਮੰਤਰੀ ਨਾਲ ਦਸ ਮਿੰਟ ਦੀ ਗੱਲਬਾਤ ਵੀ ਨਹੀਂ ਹੋ ਸਕੀ। ਇਸ ਦੀ ਬਜਾਇ ਇੰਟਰਵਿਊ ਇਕ ਯੂਟਿਊਬਰ ਚੈਨਲ ਖ਼ਬਰ ਇੰਡੀਆ ਨੂੰ ਦਿੱਤੀ ਗਈ ਜਿਸ ਨੇ ਆਪਣਾ ਪਹਿਲੀ ਵੀਡੀਓ ‘ਮੋਟਰਬਾਈਕ ਕਿਵੇਂ ਵੇਚੀਏ’ ਚਾਰ ਸਾਲ ਪਹਿਲਾਂ ਅੱਪਲੋਡ ਕੀਤਾ ਸੀ। ਇਨ੍ਹਾਂ ਇੰਟਰਵਿਊ ਦੀ ਪਹੁੰਚ ਨੂੰ ਘਟਾ ਕੇ ਦੇਖਣਾ ਸੌਖਾ ਹੈ। ਬੁਲਡੋਜ਼ਰ ਬਾਬਾ ਦੀ ਇੰਟਰਵਿਊ ਨੂੰ ਯੂਟਿਊਬ ‘ਤੇ ਤਕਰੀਬਨ ਢਾਈ ਲੱਖ ਵਾਰ ਅਤੇ ਫੇਸਬੁੱਕ ‘ਤੇ ਤਕਰੀਬਨ 9 ਲੱਖ ਵਾਰ ਦੇਖਿਆ ਜਾ ਚੁੱਕਾ ਹੈ। ਬਿਸ਼ਟ ਨੇ ਜਲਦੀ ਹੀ ਕਈ ਹੋਰ ਯੂਟਿਊਬਰਾਂ ਨੂੰ ਇੰਟਰਵਿਊ ਦਿੱਤੇ: ਰਾਜਧਰਮ ਚੈਨਲ ਨੇ ‘ਸਿਰਫ਼ 3 ਸਵਾਲੋਂ ਮੇਂ ਸੀਐੱਮ ਯੋਗੀ ਕਾ ਇੰਟਰਵਿਊ ਜੋ ਯੂਪੀ ਚੁਨਾਵ ਕੋ ਪੂਰੀ ਤਰਹ ਪਲਟ ਦੇਵੇਗਾ’ ਸਿਰਲੇਖ ਨਾਲ ਇੰਟਰਵਿਊ ਅਪਲੋਡ ਕੀਤਾ; ਹੈੱਡਲਾਈਨਜ਼ ਇੰਡੀਆ ਨੇ ‘ਯੋਗੀ ਆਦਿਤਿਆਨਾਥ ਕਾ ਸਭ ਸੇ ਤੇਜ਼ ਤਰਾਰ ਇੰਟਰਵਿਊ ਜਿਸੇ ਦੇਖ ਕਰ ਅਪਰਾਧੀਆਂ ਮੇਂ ਮਚਾ ਹੜਕੰਚ’ ਸਿਰਲੇਖ ਵਾਲਾ ਇੰਟਰਵਿਊ ਪ੍ਰਕਾਸ਼ਿਤ ਕੀਤਾ। ‘ਦਿ ਰਾਜਧਰਮ’ ਅਤੇ ‘ਹੈੱਡਲਾਈਨਜ਼ ਇੰਡੀਆ’, ਦੋਨਾਂ ਦੇ ਇੰਟਰਵਿਊ ਨੂੰ ਯੂਟਿਊਬ ਉੱਪਰ ਪੰਜ ਲੱਖ ਤੋਂ ਵੱਧ ਵਾਰ ਦੇਖਿਆ ਗਿਆ।
ਇਹ ਯੂਟਿਊਬ ਚੈਨਲ ਪਲੇਟਫਾਰਮ ਉੱਪਰ ਆਪਣੀ ਸਮੱਗਰੀ ਨੂੰ ਏਨੀ ਗਤੀ ਨਾਲ ਫੈਲਾਉਣ ਵਿਚ ਮਾਹਿਰ ਹਨ ਕਿ ਮੁੱਖ ਧਾਰਾ ਮੀਡੀਆ ਚੈਨਲ ਈਰਖਾ ਕਰ ਸਕਦੇ ਹਨ ਅਤੇ ਅਕਸਰ ਵਧੇਰੇ ਵਫ਼ਾਦਾਰ ਦਰਸ਼ਕ ਉਨ੍ਹਾਂ ਨੂੰ ਮਿਲਦੇ ਹਨ। ਰਿਪਬਲਿਕ ਟੀਵੀ ਦੇ ਸੰਸਥਾਪਕ ਅਤੇ ਤੇਜ਼-ਤਰਾਰ ਐਂਕਰ ਅਰਨਬ ਗੋਸਵਾਮੀ ਦਾ ਮੁੱਖ ਮੰਤਰੀ ਨਾਲ ਇੰਟਰਵਿਊ ਯੂਟਿਊਬ ‘ਤੇ ਸਿਰਫ਼ ਚਾਰ ਲੱਖ ਵਾਰ ਦੇਖਿਆ ਗਿਆ ਸੀ। ਓ ਨਿਊਜ਼ ਹਿੰਦੀ ਦੇ ਨਾਂ ਦੇ ਯੂਟਿਊਬ ਚੈਨਲ ਜੋ ਇਸੇ ਤਰ੍ਹਾਂ ਦੀ ਸਮੱਗਰੀ ਪ੍ਰਕਾਸ਼ਿਤ ਕਰਦਾ ਹੈ, ਦੇ ਰਿਸ਼ਭ ਅਵਸਥੀ ਨੇ ਕਿਹਾ, “ਮੁੱਖ ਮੰਤਰੀ ਨਾਲ ਯੂਟਿਊਬਰਾਂ ਦੇ ਇੰਟਰਵਿਊ ਦਾ ਪ੍ਰਬੰਧ ਉਨ੍ਹਾਂ ਦੀਆਂ ਆਪਣੀਆਂ ਪੀ.ਆਰ. ਟੀਮਾਂ ਦੁਆਰਾ ਕੀਤਾ ਗਿਆ ਸੀ।” ਉਸ ਨੂੰ ਇਸ ਦਾ ਦੁੱਖ ਸੀ ਕਿ ਉਸ ਨੂੰ ਮੌਕਾ ਨਹੀਂ ਮਿਲਿਆ।
ਇਹ ਚੈਨਲ ਘੋਰ ਸੱਜੇ ਪੱਖੀ ਯੂਟਿਊਬਰਾਂ ਦੇ ਤੇਜ਼ੀ ਨਾਲ ਵਧ ਰਹੇ ਸਮੂਹ ਨਾਲ ਸਬੰਧਤ ਹਨ। ਕਈ ਪਿੱਛੇ ਜਿਹੇ ਹੀ ਕੁਝ ਕਾਲਜ ਗ੍ਰੈਜੂਏਟਾਂ ਨੇ ਸ਼ੁਰੂ ਕੀਤੇ ਸਨ ਆਮ ਤੌਰ ‘ਤੇ ਜਿਨ੍ਹਾਂ ਦੇ ਨਾਮ ਤੋਂ ਪਤਾ ਲੱਗਦਾ ਹੈ ਕਿ ਉਹ ‘ਉੱਚ ਜਾਤੀਆਂ’ ‘ਚੋੋਂ ਹਨ। ਉਹ ਆਪਣੀ ਪਹੁੰਚ, ਖ਼ਬਰਾਂ ਦਾ ਏਜੰਡਾ ਤੈਅ ਕਰਨ ਦੀ ਆਪਣੀ ਸਮਰੱਥਾ ਅਤੇ ਨਫ਼ਰਤੀ ਬਿਆਨ ਅਤੇ ਇਸਲਾਮੀ ਹਊਏ ਦੀ ਸਭ ਤੋਂ ਘੋਰ ਰੂਪ ‘ਚ ਪੇਸ਼ਕਾਰੀ ਕਰਨ ਦੇ ਮਾਮਲੇ ‘ਚ ਮੁੱਖ ਧਾਰਾ ਦੇ ਨਿਊਜ਼ ਚੈਨਲਾਂ ਨੂੰ ਤੇਜ਼ੀ ਨਾਲ ਪਛਾੜ ਰਹੇ ਹਨ। ਹਿੰਦੀ ਯੂਟਿਊਬ ਦੀ ਮੁਕਾਬਲਤਨ ਅਨਿਯਮਤ ਨਿਰੰਕੁਸ਼ਤਾ ਵਿਚ ਕੌਮੀ ਰਾਜਧਾਨੀ ਦੇ ਆਲੇ-ਦੁਆਲੇ ਦੇ ਇਨ੍ਹਾਂ ਦਰਜਨਾਂ ਵਿਅਕਤੀਗਤ ਚੈਨਲਾਂ ਨੇ ਬਹੁਤ ਸਾਵਧਾਨੀ ਨਾਲ ਤਿਆਰ ਕੀਤੇ ਵੌਕਸ-ਪੌਪ ਵੀਡੀਓ ਅਤੇ ਹਿੰਦੂ ਕੱਟੜਪੰਥੀ ਇਕੱਠਾਂ ਦੀ ਜੇਤੂ ਕਵਰੇਜ ਦੇ ਆਧਾਰ ‘ਤੇ ਛੋਟੇ ਛੋਟੇ ਸਾਮਰਾਜ ਬਣਾ ਲਏ ਹਨ।
ਇਨ੍ਹਾਂ ਚੈਨਲਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਸ ਮਾਧਿਅਮ ਦੇ ਪੁਰਾਣੇ ਚੈਨਲਾਂ ਨੂੰ ਜਿੰਨਾ ਦੇਖਿਆ ਜਾਂਦਾ ਹੈ, ਉਹ ਮੁੱਖ ਧਾਰਾ ਦੀਆਂ ਸਮਾਚਾਰ ਸੰਸਥਾਵਾਂ ਨੂੰ ਭਰੋਸੇ ਨਾਲ ਚੁਣੌਤੀ ਦੇ ਸਕਦੇ ਹਨ। ਖ਼ਬਰ ਇੰਡੀਆ ਦੇ ਯੂਟਿਊਬ ਨੂੰ 16 ਕਰੋੜ ਦਰਸ਼ਕ ਦੇਖ ਚੁੱਕੇ ਹਨ, ਪਿਆਰਾ ਹਿੰਦੁਸਤਾਨ ਦੇ ਲੱਗਭੱਗ 70 ਕਰੋੜ, ਦੀ ਨਿਊਜ਼ ਦੇ 120 ਕਰੋੜ, ਹੈੱਡਲਾਈਨਜ਼ ਇੰਡੀਆ ਦੇ 200 ਕਰੋੜ, ਐੱਚ.ਡੀ.ਵੀ. ਨਿਊਜ਼ ਦੇ 24 ਕਰੋੜ ਅਤੇ ਯੂਥ ਮੀਡੀਆ ਟੀ.ਵੀ. ਦੇ 15 ਕਰੋੜ ਦਰਸ਼ਕ ਹਨ। ਉਨ੍ਹਾਂ ਕੋਲ ਬਾਕਾਇਦਾ ਗਾਹਕਾਂ ਦੀ ਵੀ ਵਾਹਵਾ ਗਿਣਤੀ ਹੈ, ਖ਼ਬਰ ਇੰਡੀਆ ਦੇ ਅੱਠ ਲੱਖ ਤੋਂ ਵੱਧ ਗਾਹਕ ਹਨ, ਸ਼ਾਈਨਿੰਗ ਇੰਡੀਆ ਦੇ 13.4 ਲੱਖ, ਰਾਜਧਰਮ ਦੇ ਲੱਗਭੱਗ 20 ਲੱਖ ਅਤੇ ਪਿਆਰਾ ਹਿੰਦੁਸਤਾਨ ਦੇ 28.4 ਲੱਖ ਗਾਹਕ ਹਨ। ਉਸ ਦੀ ਹਰ ਵੀਡੀਓ ਫੇਸਬੁੱਕ, ਵ੍ਹੱਟਸਐਪ, ਟੈਲੀਗ੍ਰਾਮ ਤੇ ਟਵਿੱਟਰ ‘ਤੇ ਵੀ ਲੰਮੇ ਸਮੇਂ ਤੱਕ ਰਹਿੰਦੀ ਹੈ।
ਉਨ੍ਹਾਂ ਦੀ ਸਮੱਗਰੀ ਵਾਇਰਲ ਹੋਣ ਵਾਲੀ ਹੁੰਦੀ ਹੈ, ਅਕਸਰ ਟਵਿੱਟਰ ਅਤੇ ਫੇਸਬੁੱਕ ਉੱਪਰ ਉਸ ਹਫ਼ਤੇ ਹਿੰਦੂਆਂ ਦੇ ਵਿਰੁੱਧ ਅਕਸਰ ਮਨਘੜਤ ਅਨਿਆਂ ਬਾਰੇ ਧੜਾਧੜ ਪ੍ਰਚਾਰ ਕੀਤਾ ਜਾਂਦਾ ਹੈ। ਇਸ ਸਮੱਗਰੀ ਦਾ ਵਾਹਵਾ ਹਿੱਸਾ ਫਿਰ ਟੈਲੀਵਿਜ਼ਨ ਸਟੇਸ਼ਨਾਂ ਅਤੇ ਉਨ੍ਹਾਂ ਦੇ ਮੁਕਾਬਲਤਨ ਮਾਡਰੇਟ ਦਰਸ਼ਕਾਂ ਤੱਕ ਪਹੁੰਚਦਾ ਹੈ। ਇਹ ਵਿਵਸਥਾ ਮੁੱਖ ਧਾਰਾ ਦੇ ਮੀਡੀਆ ਦੇ ਨਾਲ-ਨਾਲ ਭਾਜਪਾ ਆਗੂਆਂ ਨੂੰ ਮਸਜਿਦਾਂ ਨੂੰ ਢਾਹੁਣ, ਮੁਸਲਮਾਨਾਂ ‘ਤੇ ਹਮਲੇ ਕਰਨ ਅਤੇ ਮੂੰਹ ਵਿਚ ਰਾਮ ਤੇ ਬਗਲ ‘ਚ ਛੁਰੀ ਰੱਖ ਕੇ ਕਤਲੇਆਮ ਸਬੰਧੀ ਬਿਆਨਬਾਜ਼ੀ ਦੇ ਬੇਲਗਾਮ ਪ੍ਰਚਾਰ ‘ਚ ਸ਼ਾਮਿਲ ਹੋਣ ਦੀ ਇਜਾਜ਼ਤ ਦਿੰਦੀ ਹੈ।
ਹਰ ਚੈਨਲ ਦਾ ਕੋਈ ਐਸਾ ਸਮਾਂ ਹੁੰਦਾ ਹੈ, ਕੋਈ ਵੀਡੀਓ ਜੋ ਇਸ ਨੂੰ ਘੋਰ ਸੱਜੇ ਪੱਖੀ ਦਰਸ਼ਕਾਂ ਦੀ ਹਾਬੜੀ ਦੁਨੀਆ ਦੇ ਕੇਂਦਰ ‘ਚ ਲੈ ਜਾਂਦੀ ਹੈ। ਅਵਸਥੀ ਜਿਸ ਨੇ ਖ਼ੁਦ ਨੂੰ ਓ ਨਿਊਜ਼ ਹਿੰਦੀ ਦਾ ਪ੍ਰਬੰਧਕ ਸੰਪਾਦਕ ਦੱਸਿਆ, ਲਈ ਉਹ ਸਮਾਂ 2 ਅਗਸਤ 2021 ਦਾ ਸੀ। ਅਵਸਥੀ ਅਨੁਸਾਰ, ਉੱਤਰੀ ਦਿੱਲੀ ਵਿਚ ਆਜ਼ਾਦਪੁਰ ਫਲਾਈਓਵਰ ਦੇ ਕੰਢੇ ‘ਤੇ ਛੋਟਾ ਜਿਹੀ ਮਜ਼ਾਰ ਹੈ। ਖ਼ਬਰ ਇੰਡੀਆ ਸਭ ਤੋਂ ਪਹਿਲਾਂ ਉੱਥੇ ਗਿਆ ਅਤੇ ਮੌਕੇ ‘ਤੇ ਜਾ ਕੇ ਕਵਰੇਜ ਕੀਤੀ। ਦੀਪਕ ਸਿੰਘ ਹਿੰਦੂ ਬਜਰੰਗ ਦਲ ਵਿਚ ਹੁੰਦਾ ਸੀ, ਨਾਲ ਖ਼ਬਰ ਇੰਡੀਆ ਨੇ ਮਜ਼ਾਰ ‘ਤੇ ਜਾ ਕੇ ਗੱਲਬਾਤ ਕੀਤੀ ਪਰ ਉਹ ਦਰਸ਼ਕਾਂ ਦੇ ਮਨ ਅਤੇ ਸੰਵੇਦਨਾਵਾਂ ਨੂੰ ਪਸੰਦ ਨਹੀਂ ਆਇਆ। ਕੁਝ ਦਿਨਾਂ ਬਾਅਦ ਅਵਸਥੀ ਨੇ ਮਜ਼ਾਰ ਦੀ ਦੇਖ-ਰੇਖ ਕਰਨ ਵਾਲੇ ਸਿਕੰਦਰ ਦੀ ਇੰਟਰਵਿਊ ਲਈ।
ਅਵਸਥੀ ਨੇ ਕਿਹਾ, “ਬਜਰੰਗ ਦਲ ਨੇ ਮੇਰੇ ਨਾਲ ਸੰਪਰਕ ਕੀਤਾ ਕਿਉਂਕਿ ਉਹ ਇਹ ਸੰਦੇਸ਼ ਫੈਲਾਉਣ ਲਈ ਕਿਸੇ ਤਰ੍ਹਾਂ ਦਾ ਸਮਾਗਮ ਕਰਨਾ ਚਾਹੁੰਦੇ ਸਨ ਕਿ ਉੱਥੇ ਸਨਾਤਨ ਸਮਾਜ ਜਾਗਰੂਕ ਤੇ ਜਥੇਬੰਦ ਹੈ ਅਤੇ ਮਜ਼ਾਰ ਵਿਰੁੱਧ ਕਾਰਵਾਈ ਚਾਹੁੰਦਾ ਹੈ।” ਉਸ ਨੇ ਕਿਹਾ ਕਿ ਬਜਰੰਗ ਦਲ ਦੇ ਪ੍ਰਦਰਸ਼ਨ ਵਿਚ ਸ਼ਾਮਲ ਹੋਏ ਲੋਕ ਮਜ਼ਾਰ ਦੇ ਕੋਲ ਉਨ੍ਹਾਂ ਨਾਲ ਗੱਲਬਾਤ ਕਰਨਾ ਚਾਹੁੰਦੇ ਸਨ। “ਜਦੋਂ ਮੈਂ ਉਨ੍ਹਾਂ ‘ਚੋਂ ਇਕ ਪ੍ਰਦਰਸ਼ਨਕਾਰੀ ਦੀ ਬਾਈਟ ਲੈਣੀ ਸ਼ੁਰੂ ਕੀਤੀ ਤਾਂ ਸਿਕੰਦਰ ਉੱਥੇ ਆ ਗਿਆ ਅਤੇ ਬਹਿਸ ਕਰਨ ਲੱਗਾ। ਇੰਟਰਵਿਊ ਵਿਚਾਲੇ ਰਹਿ ਗਿਆ ਅਤੇ ਉਹ ਬਹਿਸ ਕਰਦੇ ਰਹੇ।” ਅਵਸਥੀ ਨੇ ਫਾਲੋ-ਅੱਪ ਵੀਡੀਓ ਦਾ ਮੌਕਾ ਲੱਭ ਲਿਆ।
ਫਲਾਈਓਵਰ ਦੇ ਬਿਲਕੁਲ ਨਾਲ ਹੀ ਆਦਰਸ਼ ਨਗਰ ਥਾਣਾ ਹੈ। ਇਸ ਦਾ ਮੁਖੀ ਸੀ.ਪੀ. ਭਾਰਦਵਾਜ ਝਗੜਾ ਰੋਕਣ ਲਈ ਜਲਦੀ ਹੀ ਮੌਕੇ ‘ਤੇ ਪਹੁੰਚ ਗਿਆ। ਭਾਰਦਵਾਜ ਨੇ ਟੀ-ਸ਼ਰਟ ਅਤੇ ਜੀਨ ਪਹਿਨੀ ਹੋਈ ਸੀ ਪਰ ਉਸ ਦੀ ਉੱਚੀ ਆਵਾਜ਼ ‘ਚ ਅਧਿਕਾਰਕ ਅਧਿਕਾਰ ਦੀ ਭਾਵਨਾ ਸੀ। ਓ ਨਿਊਜ਼ ਹਿੰਦੀ ਦੁਆਰਾ 2 ਅਗਸਤ ਨੂੰ ਯੂਟਿਊਬ ‘ਤੇ ਜਾਰੀ ਕੀਤੀ ਉਸ ਘਟਨਾ ਦੀ ਵੀਡੀਓ ਵਿਚ ਉਹ ਅਵਸਥੀ ਨੂੰ ਕਹਿ ਰਿਹਾ ਸੁਣਦਾ ਹੈ: “ਉਸ ਤੋਂ ਉਮੀਦ ਨਹੀਂ ਕਿ ਉਹ ਸੜਕ ਕਿਨਾਰੇ ਅਜਿਹੇ ਸੰਵੇਦਨਸ਼ੀਲ ਮੁੱਦੇ ਉਠਾਏਗਾ।” ਅਧਿਕਾਰੀ ਹਿੰਦੂਤਵ ਕਾਰਕੁਨ ਵਿਜੇ ਗਡੇਰੀਆ ਨੂੰ ਇਹ ਵੀ ਕਹਿੰਦਾ ਹੈ ਕਿ ਉਸ ਨੂੰ ਇਸ ਨੂੰ ‘ਸਖ਼ਤ ਚਿਤਾਵਨੀ’ ਸਮਝਣਾ ਚਾਹੀਦਾ ਹੈ ਅਤੇ ਜੇ ਉਹ ਸੜਕ ਕਿਨਾਰੇ ਹੰਗਾਮਾ ਕਰਨ ਦੀ ਬਜਾਇ ‘ਕਾਨੂੰਨੀ ਕਾਰਵਾਈ’ ਕਰਦੇ ਹਨ ਤਾਂ ਉਨ੍ਹਾਂ ਨੂੰ ਪਹਿਲ ਦਿੱਤੀ ਜਾਵੇਗੀ। (ਇਸ ਘਟਨਾ ਬਾਰੇ ਸਾਡੇ ਨਾਲ ਨਾ ਭਾਰਦਵਾਜ ਗੱਲ ਕਰਨਾ ਚਾਹੁੰਦਾ ਸੀ, ਨਾ ਹੀ ਗਡੇਰੀਆ।)
ਜਿਉਂ ਹੀ ਬਹਿਸ ਵਧੀ, ਭਾਰਦਵਾਜ ਨੇ ਗਡੇਰੀਆ ਨੂੰ ਹਿਰਾਸਤ ਵਿਚ ਲੈ ਲਿਆ। ਇਹ ਪਲ ਓ ਨਿਊਜ਼ ਹਿੰਦੀ ਦੇ ਵੀਡੀਓ ਵਿਚ ਸਲੋਅ ਮੋਸ਼ਨ ਵਿਚ ਤਿੰਨ ਵਾਰ ਦੁਹਰਾ ਕੇ ਦਿਖਾਇਆ ਗਿਆ। ਕੁਝ ਹੋਰਾਂ ਨੂੰ ਵੀ ਹਿਰਾਸਤ ਵਿਚ ਲਿਆ ਗਿਆ ਸੀ। ਸਾਰੀ ਘਟਨਾ ਦੌਰਾਨ ਅਵਸਥੀ ਗੁੱਸੇ ਨਾਲ ਭੜਕਿਆ ਹੋਇਆ ਸੀ: “ਮੈਂ ਐੱਸ.ਐੱਚ.ਓ. ਨੂੰ ਸਿਕੰਦਰ ਦਾ ਪੂਰਾ ਕਲਿੱਪ ਦਿਖਾਇਆ, ਉਸ ਨੂੰ ਪੁੱਛਿਆ ਕਿ ਜੇ ਉਹ ਬੋਲ ਸਕਦਾ ਹੈ ਤਾਂ ਹਿੰਦੂ ਵੀ ਕਿਉਂ ਨਹੀਂ ਬੋਲ ਸਕਦਾ?” … ਕੀ ਹਿੰਦੂ ਨੂੰ ਸਵਾਲ ਪੁੱਛਣ ਦਾ ਹੱਕ ਨਹੀਂ ਹੈ? ਕੀ ਮੈਂ ਸਵਾਲ ਨਹੀਂ ਪੁੱਛ ਸਕਦਾ? ਜਦੋਂ ਉਹ ਫਲਾਈਓਵਰ ਉੱਪਰ ਚੱਲ ਰਿਹਾ ਸੀ ਤਾਂ ਮੈਂ ਵੀਡੀਓ ਵਿਚ ਇਹੀ ਗੱਲ ਘੱਟੋ-ਘੱਟ 10 ਵਾਰ ਦੁਹਰਾਈ।”
ਤੂੰ-ਤੂੰ ਮੈਂ-ਮੈਂ ਤੋਂ ਬਾਅਦ ਭਾਰਦਵਾਜ ਨੇ ਅਵਸਥੀ ਨੂੰ ਥਾਣੇ ਸੱਦਿਆ। ਅਵਸਥੀ ਨੇ ਦੱਸਿਆ, “ਉਸ ਦੌਰਾਨ ਕੈਮਰੇ ਬੰਦ ਸਨ। ਉਸ ਨੇ ਕਿਹਾ ਕਿ ਉਹ ਸਾਡੀ ਹਮਾਇਤ ਕਰਦੇ ਹਨ ਪਰ ਚੰਗਾ ਹੋਵੇਗਾ, ਜੇ ਅਸੀਂ ਆਪਣੀ ਬਣਾਈ ਵੀਡੀਓ ਨੂੰ ਹਟਾ ਦੇਈਏ। ਮੈਂ ਉਸ ਨੂੰ ਕਿਹਾ ਕਿ ਉਸ ਨੇ ਜਿਨ੍ਹਾਂ ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ, ਉਨ੍ਹਾਂ ਨੂੰ ਰਿਹਾਅ ਕਰ ਦੇਵੇ ਅਤੇ ਬਦਲੇ ਵਿਚ ਮੈਂ ਇਸ ਨੂੰ ਹਟਾ ਦੇਵਾਂਗਾ। ਜਿਨ੍ਹਾਂ ਲੋਕਾਂ ਨੂੰ ਉਸ ਨੇ ਹਿਰਾਸਤ ਵਿਚ ਲਿਆ ਸੀ, ਉਹ ਉੱਥੇ ਕਵਰੇਜ ਲਈ ਇਕੱਲੇ ਗਏ ਸਨ। ਜੇ ਤੁਸੀਂ ਉਨ੍ਹਾਂ ਨੂੰ ਇੱਥੇ ਰੱਖੋਗੇ ਤਾਂ ਅਗਲੀ ਵਾਰ ਉਹ ਮੈਨੂੰ ਇੰਟਰਵਿਊ ਨਹੀਂ ਦੇਣਗੇ।” ਮੈਂ ਉਸ ਨੂੰ ਕਿਹਾ, “ਇਸ ਨਾਲ ਮੇਰੇ ਸੰਪਰਕ ਖ਼ਰਾਬ ਹੋ ਜਾਣਗੇ। ਉਹ ਸੋਚਣਗੇ ਕਿ ਉਹ ਇੱਥੇ ਓ ਨਿਊਜ਼ ਨਾਲ ਗੱਲ ਕਰਨ ਲਈ ਆਏ ਸਨ ਅਤੇ ਗ੍ਰਿਫ਼ਤਾਰ ਕਰ ਲਏ ਗਏ।” ਅਵਸਥੀ ਨੇ ਕਿਹਾ ਕਿ ਉਸ ਨੇ ਘਰ ਜਾ ਕੇ ਵੀਡੀਓ ਹਟਾਉਣ ਦਾ ਵਾਅਦਾ ਕੀਤਾ ਅਤੇ ਭਾਰਦਵਾਜ ਨੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ।
ਅਵਸਥੀ ਨੇ ਕਿਹਾ, “ਮੈਂ ਆਪਣੇ ਸਟੂਡੀਓ ‘ਚ ਵਾਪਸ ਆ ਗਿਆ ਅਤੇ ਬਿਨਾ ਕਿਸੇ ਐਡੀਟਿੰਗ ਦੇ ਪੂਰਾ ਵੀਡੀਓ ਚੈਨਲ ‘ਤੇ ਅਪਲੋਡ ਕਰ ਦਿੱਤਾ।” ਵੀਡੀਓ ਦਾ ਸਿਰਲੇਖ ਸੀ, “ਆਜ਼ਾਦਪੁਰ ਮਜ਼ਾਰ ‘ਤੇ ਸਿਕੰਦਰ ਖ਼ਾਨ ਦਾ ਮੁਕਾਬਲਾ ਕਰਦਾ ਹਿੰਦੂ ਸ਼ੇਰ, ਪੁਲਿਸ ਨੇ ਦਿੱਤਾ ਦਖ਼ਲ, ਦੇਖੋ ਅੱਗੇ ਕੀ ਹੋਇਆ।” ਟਾਈਟਲ ਦੇ ਬਾਵਜੂਦ ਵੀਡੀਓ ਦਾ ਫੋਕਸ ਇਕੱਲੇ ਭਾਰਦਵਾਜ ਉੱਪਰ ਹੈ। ਘਟਨਾ ਤੋਂ ਬਾਅਦ ਉਨ੍ਹਾਂ ਨੇ ਜੋ ਸੁਹਿਰਦ ਗੱਲਬਾਤ ਕੀਤੀ, ਇੰਞ ਲੱਗਦਾ ਹੈ ਕਿ ਅੰਤਿਮ ਵੀਡੀਓ ‘ਤੇ ਉਸ ਦਾ ਕੋਈ ਅਸਰ ਨਹੀਂ ਪਿਆ। ਇਸ ਨੂੰ ਹੁਣ ਤੱਕ ਯੂਟਿਊਬ ਉੱਪਰ 20 ਲੱਖ ਤੋਂ ਵੱਧ ਵਾਰ ਦੇਖਿਆ ਗਿਆ ਹੈ ਅਤੇ ਇਹ ਓ ਨਿਊਜ਼ ਹਿੰਦੀ ਦਾ ਹੁਣ ਤੱਕ ਦਾ ਸਭ ਤੋਂ ਵੱਧ ਦੇਖਿਆ ਵੀਡੀਓ ਹੈ। ਅਗਲੇ ਹੀ ਦਿਨ ਕਿਸੇ ਨੇ ਅਵਸਥੀ ਨੂੰ ਟਵੀਟ ਦਾ ਲਿੰਕ ਭੇਜਿਆ ਜਿਸ ਵਿਚ ਹੈਸ਼ਟੈਗ #ਰਿਮੂਵਐੱਸ.ਐੱਚ.ਓ.ਭਾਰਦਵਾਜ ਸੀ। ਉੱਥੇ ਖ਼ੁਦ ਹੈਸ਼ਟੈਗ ਨਾ ਵਰਤਦੇ ਹੋਏ ਸਾਬਕਾ ਵਿਧਾਇਕ ਕਪਿਲ ਮਿਸ਼ਰਾ ਸਮੇਤ ਭਾਜਪਾ ਆਗੂਆਂ ਨੇ ਮਜ਼ਾਰ ਨੂੰ ਨਾ ਢਾਹੁਣ ਲਈ ਪੁਲਿਸ ਦੀ ਆਲੋਚਨਾ ਕੀਤੀ। ਦੱਖਣੀ ਦਿੱਲੀ ਦੇ ਸਾਬਕਾ ਮੇਅਰ ਕਮਲਜੀਤ ਸਹਰਾਵਤ ਨੇ ਵੀ ਭਾਰਦਵਾਜ ਦੇ ਬਾਰੇ ਟਵੀਟ ਕੀਤਾ। ਇਸ ਮੁੱਦੇ ਨੂੰ ਛੇਤੀ ਹੀ ਸੱਜੇ ਪੱਖੀ ਨਿਊਜ਼ ਮੰਚ ਓਪਇੰਡੀਆ ਨੇ ਵੀ ਚੁੱਕ ਲਿਆ। ਏਸ਼ੀਅਨ ਨਿਊਜ਼ ਇੰਟਰਨੈਸ਼ਨਲ ਵਰਗੀਆਂ ਏਜੰਸੀਆਂ ਨੂੰ ਵੀ ਛੇਤੀ ਹੀ ਵੀਡੀਓ ਮਿਲ ਗਿਆ ਅਤੇ ਇਹ ਟੀ.ਵੀ.9 ਭਾਰਤਵਰਸ਼ ਵਰਗੇ ਮੁੱਖਧਾਰਾ ਦੇ ਨਿਊਜ਼ ਚੈਨਲਾਂ ਉੱਪਰ ਰੋਜ਼ਾਨਾ ਸੁਰਖ਼ੀਆਂ ਬਣਿਆ ਰਿਹਾ। ਹੋਰ ਨਿਊਜ਼ ਸੰਗਠਨਾਂ ਨੇ ਸਿੱਧੀਆਂ ਵਿਆਖਿਆਵਾਂ ਲਗਾ ਦਿੱਤੀਆਂ। ਆਜਤੱਕ ਨੇ ‘ਦਿੱਲੀ ਪੁਲਿਸ ਐੱਸ.ਐੱਚ.ਓ. ਸੀ.ਪੀ. ਭਾਰਦਵਾਜ ਟਵਿੱਟਰ ਪਰ ਕਿਉਂ ਟਰੈਂਡ ਕਰ ਰਹਾ ਹੈ?’ ਸਿਰਲੇਖ ਨਾਲ ਸਟੋਰੀ ਚਲਾਈ। ਅਵਸਥੀ ਨੇ ਕਿਹਾ, “ਟਰੈਂਡ ਸ਼ੁਰੂ ਕਰਨ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਪਰ ਚੈਨਲ ਨੇ ਟਰੈਫਿਕ ਨੂੰ ਚਲਦਾ ਰੱਖਣ ਲਈ ਆਪਣੀ ਭੂਮਿਕਾ ਨਿਭਾਈ। ਅਸੀਂ ਇਸ ਪ੍ਰਵਿਰਤੀ ਵਾਲੇ ਲੋਕਾਂ ਦੇ ਪਿੱਛੇ ਚੱਲੇ ਅਤੇ ਇਹ ਵਧਣਾ ਸ਼ੁਰੂ ਹੋ ਗਿਆ। ਅੰਗਰੇਜ਼ੀ ‘ਚ ਸਾਡੀ ਆਪਣੀ ਵੈੱਬਸਾਈਟ ਉੱਪਰ ਅਸੀਂ ਰਿਪੋਰਟ ਦਿੱਤੀ।”
ਮੁੱਖਧਾਰਾ ਦੀ ਪੱਤਰਕਾਰੀ ਵਿਚਲੇ ਵੱਡੇ ਨਾਂ ਵੀ ਬਹਿਸ ਵਿਚ ਸ਼ਾਮਿਲ ਹੋਏ। ਇੰਡੀਆ ਟੀ.ਵੀ. ਦੇ ਮੁੱਖ ਸੰਪਾਦਕ ਰਜਤ ਸ਼ਰਮਾ ਨੇ 9 ਅਗਸਤ ਨੂੰ ਆਪਣੇ ਸ਼ਾਮ ਦੇ ਪ੍ਰਮੁੱਖ ਨਿਊਜ਼ ਸ਼ੋਅ ਵਿਚ ਅਵਸਥੀ ਦੇ ਵੀਡੀਓ ਅਤੇ ਸਮਾਜੀ ਸਦਭਾਵਨਾ ਲਈ ਸੋਸ਼ਲ ਮੀਡੀਆ ਦੇ ਖ਼ਤਰਨਾਕ ਹੋਣ ਦੀ ਸ਼ਿਕਾਇਤ ਕਰਦੇ ਹੋਏ ਕਈ ਮਿੰਟ ਲਗਾਏ। ਸ਼ਰਮਾ ਦੀ ਕਵਰੇਜ ਤੋਂ ਅਵਸਥੀ ਨਾਰਾਜ਼ ਸੀ। ਉਸ ਨੇ ਸ਼ਿਕਾਇਤ ਕੀਤੀ, “ਉਨ੍ਹਾਂ ਨੇ ਇਸ ਨੂੰ ਇਸ ਤਰ੍ਹਾਂ ਦਿਖਾਇਆ ਜਿਵੇਂ ਕਿਸੇ ਯੂਟਿਊਬਰ ਨੇ ਸਿਰਫ਼ ਪੈਸਾ ਕਮਾਉਣ ਲਈ ਇਹ ਸਾਰੀ ਸਾਜ਼ਿਸ਼ ਰਚੀ।” ਓ ਨਿਊਜ਼ ਹਿੰਦੀ ਦੇ ਮੁੱਢਲੇ ਵੀਡੀਓ ਦੇ ਇਕ ਹਫ਼ਤੇ ਬਾਅਦ ਭਾਰਦਵਾਜ ਨੂੰ ਮੁਅੱਤਲ ਕਰ ਦਿੱਤਾ ਗਿਆ।
ਅਵਸਥੀ ਦਾ ਕਹਿਣਾ ਸੀ ਕਿ ਇਹੀ ਉਹ ਪਲ ਸੀ ਜਿਸ ਨੇ ਸਾਬਤ ਕਰ ਦਿੱਤਾ ਕਿ ਉਹ ਤਜਰਬੇਕਾਰ ਰਜਤ ਸ਼ਰਮਾ ਅਤੇ ਉਸ ਦੇ ਚਾਰ ਦਹਾਕਿਆਂ ਦੇ ਲੰਮੇ ਕਰੀਅਰ ਨਾਲੋਂ ਆਪਣੀ ਜ਼ਮੀਨ ਬਿਹਤਰ ਜਾਣਦੇ ਹਨ। (ਚੱਲਦਾ)