ਕਲਮਾਂ ਵਾਲੀਆਂ: ਬਿਰਛ ਦੀਆਂ ਪੱਤੀਆਂ ਵਾਂਗ ਫੁਟਦੀ ਕਵਿਤਾ ਸੁਖਵਿੰਦਰ ਅੰਮ੍ਰਿਤ

ਗੁਰਬਚਨ ਸਿੰਘ ਭੁੱਲਰ
ਅੰਮ੍ਰਿਤਾ ਪ੍ਰੀਤਮ ਤੋਂ ਸ਼ੁਰੂ ਹੋਏ ਦੌਰ ਨਾਲ ਕਵਿੱਤਰੀਆਂ ਵਾਸਤੇ ਮਨ ਦੀ ਲੋਚਾ ਅਨੁਸਾਰ ਖੁੱਲ੍ਹ ਕੇ ਆਪਣੀਆਂ ਭਾਵਨਾਵਾਂ ਪ੍ਰਗਟਾਉਣ ਦਾ ਰਾਹ ਖੁੱਲ੍ਹਿਆ। ਇਕ ਪਾਸੇ ਵਿੱਦਿਆ ਦੇ ਪਸਾਰ ਸਦਕਾ ਤੇ ਦੂਜੇ ਪਾਸੇ, ਕਿਸੇ-ਕਿਸੇ ਵਿਅਕਤੀਗਤ ਸੂਰਤ ਨੂੰ ਛੱਡ ਕੇ, ਕਲਮ ਉੱਤੇ ਸਖ਼ਤ ਪਹਿਰੇ ਦੀ ਅਨਹੋਂਦ ਸਦਕਾ ਅਨੇਕਾਂ-ਅਨੇਕ ਕਵਿੱਤਰੀਆਂ ਆਪਣੀ-ਆਪਣੀ ਸਮਰੱਥਾ ਅਨੁਸਾਰ ਗੌਲਣਜੋਗ ਕਵਿਤਾ ਲਿਖਣ ਲਗੀਆਂ।

ਕਾਫ਼ੀ ਸਮੇਂ ਤੱਕ ਪੰਜਾਬੀ ਕਵਿਤਾ ਦੇ ਖੇਤਰ ਵਿਚ ਅੰਮ੍ਰਿਤਾ ਪ੍ਰੀਤਮ ਹੀ ਪੇਸ਼ ਕਰਨ ਦੇ ਜੋਗ ਇਕ ਚੰਗੀ ਮਿਸਾਲ ਸੀ ਤੇ ਬਾਕੀ ਕਵਿੱਤਰੀਆਂ ਦਾ ਜ਼ਿਕਰ ਆਮ ਕਰ ਕੇ “ਵੀ ਕਵਿਤਾ ਲਿਖਦੀਆਂ ਹਨ” ਵਜੋਂ ਹੁੰਦਾ ਸੀ। ਹੁਣ ਉਹ ਜ਼ਮਾਨਾ ਬਹੁਤ ਪਿੱਛੇ ਰਹਿ ਗਿਆ ਹੈ। ਹੁਣ ਤਾਂ ਕਈ ਵਾਰ ਅਜਿਹਾ ਹੁੰਦਾ ਹੈ ਕਿ ਕਿਸੇ ਰਸਾਲੇ ਵਿਚ ਪਹਿਲੀ ਵਾਰ ਨਜ਼ਰ ਪਏ ਨਾਂ ਵਾਲ਼ੀ ਕਿਸੇ ਕੁੜੀ ਦੀ ਕਵਿਤਾ ਪੜ੍ਹੀਂਦੀ ਹੈ ਤਾਂ ਉਹਦੀ ਕਾਵਿ-ਗੁਣਤਾ ਹੈਰਾਨ ਕਰ ਦਿੰਦੀ ਹੈ। ਉਨ੍ਹਾਂ ਕਵਿੱਤਰੀਆਂ ਦੀ ਗਿਣਤੀ ਵੀ ਹੁਣ ਕੋਈ ਥੋੜ੍ਹੀ ਨਹੀਂ ਜਿਨ੍ਹਾਂ ਦਾ ਸ਼ੁਮਾਰ ਪੰਜਾਬੀ ਕਵਿਤਾ ਦੇ ਪ੍ਰਤੀਨਿਧ ਰਚਨਾਕਾਰਾਂ ਵਿਚ ਹੁੰਦਾ ਹੈ। ਉਨ੍ਹਾਂ ਵਿਚੋਂ ਹੀ ਇਕ ਹੈ ਸੁਖਵਿੰਦਰ ਅੰਮ੍ਰਿਤ।
ਸੁਖਵਿੰਦਰ ਅੰਮ੍ਰਿਤ ਉਹ ਕਵਿੱਤਰੀ ਹੈ ਜੋ ਹੁਣ ਆਪਣੀਆਂ ਕਵਿਤਾਵਾਂ ਬਾਰੇ ਅਖੌਤੀ ਆਲੋਚਕਾਂ ਦੇ ਲਿਖੇ ਸਾਧਾਰਨ ਕਿਸਮ ਦੇ ਇਮਤਿਹਾਨੀ ਲੇਖਾਂ ਦੀ ਲੋੜ ਤੋਂ ਅੱਗੇ ਲੰਘ ਚੁੱਕੀ ਹੈ। ਉਹਦੀ ਰਚਨਾ ਹੀ ਉਹਦੀ ਜਾਣ-ਪਛਾਣ ਹੈ ਤੇ ਰਚਨਾ ਹੀ ਆਪ ਆਪਣੀ ਵਿਆਖਿਆ ਹੈ। ਉਹ ਕੋਮਲਭਾਵੀ ਗੀਤ ਵੀ ਲਿਖਦੀ ਹੈ, ਅਰਥਪੂਰਨ ਕਵਿਤਾਵਾਂ ਵੀ ਤੇ ਦਿਲ ਦੀਆਂ ਤਾਰਾਂ ਹਿਲਾ ਦੇਣ ਵਾਲ਼ੀਆਂ ਗ਼ਜ਼ਲਾਂ ਵੀ। ਪੰਜਾਬੀ ਕਵਿਤਾ ਪੜ੍ਹਦਿਆਂ ਇਕ ਪਾਠਕ ਵਜੋਂ ਮੈਂ ਗ਼ਜ਼ਲ ਨੂੰ ਗੀਤਾਂ-ਕਵਿਤਾਵਾਂ ਨਾਲੋਂ ਵੱਧ ਮਾਣਦਾ ਹਾਂ। ਇਹ ਗੀਤਾਂ-ਕਵਿਤਾਵਾਂ ਦੀ ਕਿਸੇ ਘਾਟ ਦਾ ਨਹੀਂ, ਮੇਰੀ ਆਪਣੀ ਪਾਠਕੀ ਤਰਜੀਹ ਦਾ ਮਾਮਲਾ ਹੈ। ਮੈਂ ਸਮਝਦਾ ਹਾਂ, ਜੇ ਗ਼ਜ਼ਲਕਾਰ ਨਿਪੁੰਨ ਹੋਵੇ, ਉਹਦਾ ਹਰ ਸ਼ਿਅਰ ਆਪਣੇ ਆਪ ਵਿਚ ਇਕ ਸੰਪੂਰਨ ਵਿਚਾਰ ਸਮੋਈ ਬੈਠੀ ਕਵਿਤਾ ਹੁੰਦਾ ਹੈ।
ਸਾਡੇ ਬਹੁਤੇ ਆਲੋਚਕਾਂ ਨੂੰ ਸੂਈ ਫਸੀ ਵਾਲ਼ੇ ਤਿੜਕੇ ਹੋਏ ਤਵੇ ਵਾਂਗ ਕੋਈ ਨਾ ਕੋਈ ਸੂਤਰ ਦੁਹਰਾਉਂਦੇ ਰਹਿਣ ਦੀ ਆਦਤ ਹੈ। ਉਨ੍ਹਾਂ ਦਾ ਇਹ ਤੋਤਾ-ਜਾਪ ਅਜੇ ਵੀ ਸੁਣਾਈ ਦੇ ਜਾਂਦਾ ਹੈ ਕਿ ਗ਼ਜ਼ਲ ਬਾਹਰੋਂ ਆਇਆ ਕਾਵਿ-ਰੂਪ ਹੋਣ ਕਰਕੇ ਪੰਜਾਬੀ ਦੇ ਮੇਚ ਨਹੀਂ ਬੈਠਦਾ। ਇਹ ਇਉਂ ਹੈ ਜਿਵੇਂ ਕੋਈ ਕਹੇ, ਈਰਾਨ ਵਿਚ ਜਿਹੜਾ ਗਲਾਸ ਪਾਣੀ ਪੀਣ ਲਈ ਵਧੀਆ ਹੈ, ਉਹ ਪੰਜਾਬ ਵਿਚ ਪਾਣੀ ਪਾਉਣ ਦੇ ਕੰਮ ਨਹੀਂ ਆ ਸਕਦਾ। ਉਹ ਇਹ ਨਹੀਂ ਦੇਖਦੇ ਕਿ ਪੰਜਾਬੀ ਗ਼ਜ਼ਲ ਉਨ੍ਹਾਂ ਦੇ ਇਸ ਰਾਗ ਦੀ ਪਰਵਾਹ ਨਾ ਕਰਦਿਆਂ ਅਨੇਕ ਅਜਿਹੇ ਸਮਰੱਥ ਗ਼ਜ਼ਲਕਾਰਾਂ ਤੱਕ ਪੁੱਜ ਗਈ ਹੈ ਜੋ ਕਮਾਲ ਦੀਆਂ ਗ਼ਜ਼ਲਾਂ ਰਚ ਰਹੇ ਹਨ।
ਉਹ ਜ਼ਮਾਨਾ ਕਦੀ ਨਾ ਪਰਤਣ ਲਈ ਲੰਘ ਚੁੱਕਿਆ ਹੈ ਜਦੋਂ ਪੰਜਾਬੀ ਕਵੀ ਗ਼ਜ਼ਲ ਲਿਖਣ ਲਈ ਪਹਿਲਾਂ ਕਰਦਾ, ਮਰਦਾ, ਭਰਦਾ, ਡਰਦਾ, ਝਰਦਾ, ਸਰਦਾ, ਤਰਦਾ, ਚਰਦਾ, ਠਰਦਾ, ਧਰਦਾ, ਪਰਦਾ, ਆਦਿ ਲਿਖ ਲੈਂਦੇ ਸਨ ਤੇ ਫੇਰ ਉਨ੍ਹਾਂ ਸ਼ਬਦਾਂ ਨਾਲ ਤੁਕਾਂ ਨੱਥੀ ਕਰ ਕੇ ਸ਼ਿਅਰ ਬਣਾਇਆ ਕਰਦੇ ਸਨ। ਉਸ ਦੌਰ ਵਿਚ ਉਰਦੂ ਗ਼ਜ਼ਲਾਂ ਵਿਚੋਂ ਵਿਚਾਰ ਚੋਰੀ ਕਰਨ ਵਾਲ਼ੇ ਗ਼ਜ਼ਲਕਾਰਾਂ ਦੀ ਵੀ ਕੋਈ ਘਾਟ ਨਹੀਂ ਸੀ।
ਹੁਣ ਤੱਕ ਪੰਜਾਬੀ ਗ਼ਜ਼ਲ ਪੂਰਾ ਜਲੌਅ ਪਰਾਪਤ ਕਰ ਚੁੱਕੀ ਹੈ। ਸੁਖਵਿੰਦਰ ਦੀ ਗ਼ਜ਼ਲ ਲਿਖੀ ਹੋਈ ਨਹੀਂ ਹੁੰਦੀ, ਮਨ ਦੀ ਸਹਿਜਤਾ-ਸੁਭਾਵਿਕਤਾ ਵਿਚੋਂ ਪੁੰਗਰੀ ਹੋਈ ਹੁੰਦੀ ਹੈ। ਅੰਗਰੇਜ਼ੀ ਕਵੀ ਜਾਨ ਕੀਟਸ ਨੇ ਆਪਣੇ ਕਵੀ ਮਿੱਤਰ ਜਾਨ ਟੇਲਰ ਨੂੰ 27 ਫ਼ਰਵਰੀ 1818 ਨੂੰ ਲਿਖੀ ਚਿੱਠੀ ਵਿਚ ਕਿਹਾ ਸੀ, “ਜੇ ਕਵਿਤਾ ਬਿਰਛ ਨੂੰ ਆਉਂਦੀਆਂ ਪੱਤੀਆਂ ਵਾਂਗ ਸਹਿਜ-ਸੁਭਾਵਿਕ ਨਹੀਂ ਆਉਂਦੀ ਤਾਂ ਫੇਰ ਚੰਗਾ ਹੈ, ਨਾ ਹੀ ਆਵੇ!” ਸੁਖਵਿੰਦਰ ਦੀਆਂ ਗ਼ਜ਼ਲਾਂ ਬਿਰਛ ਦੀਆਂ ਪੱਤੀਆਂ ਵਾਂਗ ਹੀ ਫੁਟਦੀਆਂ ਹਨ। ਉਹਦਾ ਕਹਿਣਾ ਹੈ, “ਇਉਂ ਲਗਦਾ ਹੈ ਜਿਵੇਂ ਮੈਂ ਤੇ ਕਵਿਤਾ ਇਕੱਠੀਆਂ ਹੀ ਜੰਮੀਆਂ, ਪਲ਼ੀਆਂ, ਵੱਡੀਆਂ ਹੋਈਆਂ, ਸੰਘਰਸ਼ ਕੀਤਾ ਤੇ ਪਰਵਾਨ ਚੜ੍ਹੀਆਂ।”
ਹਰ ਰਚਨਾਕਾਰ ਦੀ ਸੋਚ ਤੇ ਰਚਨਾ ਦੇ ਪਿੱਛੇ ਆਪਣੇ ਸਮਾਜ ਦਾ ਵਿਰਸਾ ਖਲੋਤਾ ਹੋਇਆ ਹੁੰਦਾ ਹੈ। ਪਰ ਇਕੋ ਸਮਾਜ ਹੁੰਦਿਆਂ ਵੀ, ਸਮਾਜਕ ਹੈਸੀਅਤ ਤੇ ਹੱਕਾਂ ਦੇ ਫ਼ਰਕ ਦੇ ਨਜ਼ਰੀਏ ਤੋਂ, ਇਹ ਇਕੋ ਵਿਰਸਾ ਪੁਰਸ਼ ਰਚਨਾਕਾਰਾਂ ਨੂੰ ਵੱਖਰੇ ਰੰਗ ਵਿਚ ਦਿਸਦਾ ਹੈ ਤੇ ਇਸਤਰੀ ਰਚਨਾਕਾਰਾਂ ਨੂੰ ਵੱਖਰੇ ਰੰਗ ਵਿਚ। ਆਦਿਕਾਲ ਨੂੰ ਛੱਡ ਕੇ, ਉਸ ਮਗਰੋਂ ਜਦੋਂ ਤੋਂ ਪੁਰਸ਼ ਦਾ ਦਬਦਬਾ ਕਾਇਮ ਹੋਇਆ, ਸਮਾਜਕ ਬਣਤਰ ਕੁਝ ਵੀ ਰਹੀ, ਪੁਰਸ਼ ਨੂੰ ਇਸਤਰੀ ਵਾਲ਼ੀ ਪੀੜ ਬਰਦਾਸ਼ਤ ਨਹੀਂ ਕਰਨੀ ਪਈ। ਸਮਾਜਕ ਢਾਂਚੇ ਵਿਚ ਕੋਈ ਤਬਦੀਲੀਆਂ ਆਉਂਦੀਆਂ ਰਹੀਆਂ, ਪੁਰਸ਼ ਦਾ ਬੋਲਬਾਲਾ ਬਣਿਆ ਰਿਹਾ। ਇਹਦੇ ਉਲਟ, ਸਮਾਜਕ ਢਾਂਚਾ ਕੁਝ ਵੀ ਰਿਹਾ, ਇਸਤਰੀ ਦੀ ਮੰਦਹਾਲੀ ਬਣੀ ਰਹੀ। ਇਸੇ ਕਰਕੇ ਕਵੀਆਂ ਤੋਂ ਵੱਖਰੇ ਰੂਪ ਵਿਚ ਕਵਿੱਤਰੀਆਂ ਦੀ ਰਚਨਾ ਉੱਤੇ ਉਨ੍ਹਾਂ ਦੀਆਂ ਆਪਣੀਆਂ ਹੀ ਨਹੀਂ ਸਗੋਂ ਮਾਂ ਤੇ ਦਾਦੀ-ਨਾਨੀ ਤੋਂ ਬਹੁਤ ਬਹੁਤ ਪਿੱਛੇ ਜਾ ਕੇ, ਸੈਂਕੜੇ ਪੀੜ੍ਹੀਆਂ ਦੀਆਂ ਇਸਤਰੀਆਂ ਦੀਆਂ ਖ਼ੁਸ਼ੀਆਂ ਤੇ ਪੀੜਾਂ, ਪਰਾਪਤੀਆਂ ਤੇ ਅਪਰਾਪਤੀਆਂ ਦਾ ਰੰਗ ਝਲਕਦਾ ਹੀ ਝਲਕਦਾ ਹੈ। ਉਹ ਆਪਣੀਆਂ ਭਾਵਨਾਵਾਂ ਨੂੰ ਹੀ ਨਹੀਂ, ਪੁਰਖੀਆਂ ਪੀੜ੍ਹੀਆਂ ਦੀਆਂ ਭਾਵਨਾਵਾਂ ਨੂੰ ਵੀ ਬੋਲ ਦਿੰਦੀਆਂ ਹਨ। ਸੁਖਵਿੰਦਰ ਦੀ ਰਚਨਾ ਇਹਦੀ ਉੱਘੜਵੀਂ ਮਿਸਾਲ ਹੈ।
ਹਰ ਜੀਵ ਨੂੰ ਜੀਵਨ ਪਿਆਰਾ ਹੈ ਤੇ ਮਨੁੱਖ ਸੋਝੀ ਵਾਲ਼ਾ ਜੀਵ ਹੋਣ ਕਰਕੇ ਜੀਵਨ ਨੂੰ ਸਭ ਤੋਂ ਵੱਧ ਪਿਆਰਦਾ ਹੈ। ਕਵੀਆਂ ਨੇ ਸਦੀਆਂ ਤੋਂ ਜੀਵਨ ਦੇ ਅੰਤ ਦੀ ਗੱਲ ਬੜੇ ਝੋਰੇ ਨਾਲ਼ ਕੀਤੀ ਹੈ। ਕਬੀਰ ਜੀ ਮੌਤ ਦੀ ਚੱਕੀ ਸਭ ਜੀਵਾਂ ਨੂੰ ਦਲ਼ਦੀ ਦੇਖ ਕੇ ਸੋਗ ਮਨਾਉਂਦੇ ਹਨ: “ਚਲਤੀ ਚੱਕੀ ਦੇਖ ਕੇ ਦੀਆ ਕਬੀਰਾ ਰੋਇ, ਦੋ ਪਾਟਨ ਕੇ ਬੀਚ ਮੇ ਸਾਬੁਤ ਬਚਾ ਨਾ ਕੋਇ।” ਅਤੇ ਮਨੁੱਖੀ ਅੰਤ ਨੂੰ ਡਾਲ ਤੋਂ ਪੱਤਾ ਟੁੱਟਣ ਨਾਲ ਤੁਲਨਾਉਂਦਿਆਂ ਕਹਿੰਦੇ ਹਨ: “ਪੱਤਾ ਟੂਟਾ ਡਾਲ ਸੇ, ਲੇ ਗਈ ਪਵਨ ਉਡਾਇ, ਅਬਕੇ ਬਿਛੜੇ ਕਬ ਮਿਲੇਂਗੇ, ਦੂਰ ਪੜੇਂਗੇ ਜਾਇ!”
ਕਈਆਂ ਨੇ ਜੀਵਨ ਦੇ ਛੇਤੀ ਅੰਤ ਦੇ ਵੈਣ ਪਾਏ ਹਨ। ਅਕਸਰ ਹੀ ਬਹਾਦਰ ਸ਼ਾਹ ਜ਼ਫ਼ਰ ਦੇ ਨਾਂ ਨਾਲ ਜੋੜੀ ਜਾਂਦੀ ਸੀਮਾਬ ਅਕਬਰਾਬਾਦੀ ਦੀ ਇਕ ਗ਼ਜ਼ਲ ਦਾ ਝੋਰੇ-ਭਰਿਆ ਸ਼ਿਅਰ ਹੈ: “ਉਮਰ-ਏ-ਦਰਾਜ਼ ਮਾਂਗ ਕੇ ਲਾਏ ਥੇ ਚਾਰ ਦਿਨ, ਦੋ ਆਰਜ਼ੂ ਮੇਂ ਕਟ ਗਏ ਦੋ ਇੰਤਿਜ਼ਾਰ ਮੇਂ!” ਗੁਲਜ਼ਾਰ ਨੇ ਇਹੋ ਗੱਲ ਵੱਖਰੇ ਅੰਦਾਜ਼ ਨਾਲ ਕਹੀ ਹੈ: “ਇਤਨਾ ਕਿਉਂ ਸਿਖਾਏ ਜਾ ਰਹੀ ਹੋ ਜ਼ਿੰਦਗੀ, ਹਮੇਂ ਕੌਨ ਸੀ ਸਦੀਆਂ ਗੁਜ਼ਾਰਨੀ ਹੈਂ ਯਹਾਂ!”
ਸੁਖਵਿੰਦਰ ਦੀ ਰਚਨਾ ਵਿਚ ਵੀ ਮਨੁੱਖੀ ਜੀਵਨ ਦਾ ਚਿੰਤਨ-ਮੰਥਨ ਉੱਭਰ ਕੇ ਸਾਹਮਣੇ ਆਉਂਦਾ ਹੈ। ਉਹ ਮਨੁੱਖੀ ਜੀਵਨ ਦੇ ਪੜਾਅ-ਦਾਰ ਪਰ ਬੇਮੰਜ਼ਿਲੇ ਰਾਹਾਂ ਵਿਚ ਵਿਛੜਦੇ ਕਾਫ਼ਲਿਆਂ ਦਾ ਤੇ ਧੂੜ ਵਿਚ ਰਲ਼ਦੀਆਂ ਪੈੜਾਂ ਦਾ ਜ਼ਿਕਰ ਕਰਦੀ ਹੈ ਅਤੇ ਸ਼ਾਖ਼ਾਂ ਤੋਂ ਝੜਦੇ ਗੁਲਾਬਾਂ ਤੇ ਮਿੱਟੀ ਵਿਚ ਰਲ਼ਦੇ ਭੌਰਾਂ ਦੀ ਮਿਸਾਲ ਨਾਲ ਸਮਾਂ ਪਾ ਕੇ ਹਰੇਕ ਕਿੱਸੇ ਦਾ ਤਮਾਮ ਹੋ ਜਾਣਾ ਦਸਦਿਆਂ ਜੀਵਨ ਦੀ ਨਾਸਮਾਨਤਾ ਨੂੰ ਉਜਾਗਰ ਕਰਦੀ ਹੈ: “ਪੜਾਅ ਹੁੰਦੇ ਨੇ ਰਾਹਾਂ ਵਿਚ ਕੋਈ ਮੰਜ਼ਿਲ ਨਹੀਂ ਹੁੰਦੀ। ਇਹ ਐਸੀ ਛਾਂ ਹੈ ਜਿਹੜੀ ਤਪਣ ਬਿਨ ਹਾਸਿਲ ਨਹੀਂ ਹੁੰਦੀ।…ਵਿਛੜ ਜਾਂਦੇ ਜ਼ਿੰਦਗੀ ਦੇ ਕਾਫ਼ਲੇ ਇਕ ਮੋੜ ’ਤੇ, ਧੂੜ ਵਿਚ ਰਲ਼ ਜਾਂਦੀਆਂ ਪੈੜਾਂ ਨੀ ਜਿੰਦੇ ਮੇਰੀਏ।…ਗੁਲਾਬ ਸ਼ਾਖ਼ਾਂ ਤੋਂ ਝੜ ਹੀ ਜਾਂਦੇ ਤੇ ਭੌਰ ਮਿੱਟੀ ’ਚ ਰਲ਼ ਹੀ ਜਾਂਦੇ, ਕਿ ਹੋ ਹੀ ਜਾਂਦਾ ਹੈ ਵਕਤ ਪਾ ਕੇ ਹਰੇਕ ਕਿੱਸਾ ਤਮਾਮ ਆਖ਼ਰ!”
ਉਹਦੀ ਵਡਿਆਈ ਇਸ ਗੱਲ ਵਿਚ ਹੈ ਕਿ ਉਹ ਜ਼ਿੰਦਗੀ ਦੀ ਰੁੱਤ ਨੂੰ ਥੋੜ੍ਹ-ਚਿਰੀ ਸਮਝਦਿਆਂ ਤੇ ਕਬੀਰ ਜੀ ਵਾਂਗ ਡਾਲ ਤੋਂ ਟੁੱਟੇ ਪੱਤੇ ਦੀ ਕੋਈ ਥਾਂ ਨਾ ਹੋਣ ਨੂੰ ਮਹਿਸੂਸਦਿਆਂ ਵੀ ਹਉਕਾ ਲੈਣ ਦੀ ਥਾਂ ਜ਼ਿੰਦਗੀ ਨੂੰ ਮਾਣਨ ਦਾ ਸੱਦਾ ਦਿੰਦੀ ਹੈ: ਥੋੜ੍ਹ-ਚਿਰੀਆਂ ਸਾਵੀਆਂ ਰੁੱਤਾਂ ਨੀ ਜਿੰਦੇ ਮੇਰੀਏ। ਮਾਣ ਲੈ ਸਿਰ ’ਤੇ ਜਦੋਂ ਤੱਕ ਛਾਂ ਨੀ ਜਿੰਦੇ ਮੇਰੀਏ। …ਫੇਰ ਨਾ ਜਾਣੇ ਉਡਾ ਕੇ ਲੈ ਜਾਏ ਕਿੱਥੇ ਹਵਾ, ਡਾਲ ਤੋਂ ਟੁੱਟਿਆਂ ਦੀ ਕਿਹੜੀ ਥਾਂ ਨੀ ਜਿੰਦੇ ਮੇਰੀਏ।”
ਸਦੀਆਂ ਤੱਕ ਅਬੋਲਤਾ ਇਸਤਰੀ-ਜੀਵਨ ਦੀ ਮਜਬੂਰੀ ਬਣਾ ਦਿੱਤੀ ਗਈ। ਇਹ ਜਿਉਂਦਿਆਂ ਮਰ ਜਾਣ ਵਾਲ਼ੀ ਹਾਲਤ ਸੀ। ਪਰ ਅਬੋਲਤਾ ਲਈ ਉਹਦੀ ਬੋਲਣ ਦੀ, ਸਵੈ-ਪਰਗਟਾਵੇ ਦੀ ਰੀਝ ਨੂੰ ਮਾਰ-ਮਿਟਾ ਦੇਣਾ ਸੰਭਵ ਨਹੀਂ ਸੀ। ਅਬੋਲਤਾ ਦੇ ਓਹਲੇ ਇਸਤਰੀ ਘਰ ਨੂੰ ਰੁਸ਼ਨਾਉਣ ਵਾਲ਼ੀ ਸ਼ਮ੍ਹਾ ਵਰਗੀ ਆਪਣੀ ਹੋਂਦ ਦਾ ਅਹਿਸਾਸ ਜੀਵਤ ਰਖਦੀ ਰਹੀ: ਔਰਤ ਵੀ ਇਕ ਸ਼ਮ੍ਹਾ ਦੇ ਵਾਂਗੂ ਬਲ਼ਦੀ ਹੈ, ਆਪਣੇ ਘਰ ਦਾ ਹਰ ਕੋਨਾ ਰੁਸ਼ਨਾਣ ਲਈ।” ਪਰ ਨਾਲ਼ ਹੀ ਉਹਨੂੰ ਇਹ ਅਹਿਸਾਸ ਵੀ ਹੋਣ ਲੱਗਿਆ ਕਿ ਘਰ ਲਈ ਉਹਦੇੇ ਸਮਰਪਨ ਦਾ ਲਾਹਾ ਲੈ ਕੇ ਘਰ ਨੂੰ ਉਹਦੇ ਲਈ ਘਰ ਨਾ ਰਹਿਣ ਦਿੰਦਿਆਂ ਪਿੰਜਰੇ ਵਿਚ ਪਲਟ ਦਿੱਤਾ ਗਿਆ ਹੈ। ਕੁਦਰਤੀ ਸੀ ਕਿ ਉਹਦੇ ਖੰਭ ਪਰਵਾਜ਼ ਨੂੰ ਤਰਸਣ ਲਗਦੇ: “ਇਕ ਮੁੱਦਤ ਤੋਂ ਤਰਸ ਰਹੇ ਨੇ ਖੰਭ ਸਾਡੇ ਪਰਵਾਜ਼ਾਂ ਨੂੰ, ਭੋਲ਼ੇਪਨ ਵਿਚ ਇਕ ਪਿੰਜਰੇ ਨੂੰ ਦਿੱਤਾ ਘਰ ਦਾ ਨਾਮ ਅਸੀਂ।”
ਇਸਤਰੀ ਦੀ ਘਰ ਵਿਚ ਬੰਦੀ ਵਰਗੀ, ਜਿਉਂਦਿਆਂ ਮਰਨ ਵਰਗੀ ਬਣਾ ਦਿੱਤੀ ਗਈ ਹਾਲਤ ਨੂੰ ਦੱਸਣ ਵਾਸਤੇ ਉਹ ਭਾਸ਼ਾਈ ਮੁਹਾਰਿਤ ਦਿਖਾਉਂਦਿਆਂ ‘ਮੇਰੇ’ ਤੇ ‘ਮਰ’ ਦੀ ਅੱਖਰੀ ਸਾਂਝ ਵਰਤ ਕੇ ਖ਼ੂਬਸੂਰਤ ਸ਼ਿਅਰ ਸਿਰਜਦੀ ਹੈ। ਉਹਦਾ ‘ਮੈਂ’ ਸਮੂਹ ਇਸਤਰੀ-ਜਾਤੀ ਦੀ ਨੁਮਾਇੰਦਗੀ ਕਰਨ ਲਗਦਾ ਹੈ: ਗਿਰ ਚੁੱਕੀਆਂ ਸੀ ਉਂਜ ਤਾਂ ‘ਮੇਰੇ’ ਤੋਂ ਦੋਵੇਂ ਲਾਵਾਂ, ਅੰਦਰੋਂ ਤਾਂ ਮਰ ਗਈ ਸੀ ਪਰ ਬਾਹਰੋਂ ਮਰ ਨਾ ਹੋਇਆ।”
ਸੁਖਵਿੰਦਰ ਦੀਆਂ ਪੇਕੇ ਘਰ ਤੇ ਫੇਰ ਸਹੁਰੇ ਘਰ ਦੀਆਂ ਮੁਸ਼ਕਿਲਾਂ ਦਾ ਜ਼ਿਕਰ ਹੁੰਦਾ ਰਹਿਣ ਕਰਕੇ ਸਾਡੇ ਅਨੇਕ ‘ਵਿਦਵਾਨ ਆਲੋਚਕ’ ਹਨ, ਜੋ ਇਸ ‘ਮੈਂ’ ਨੂੰ ਲੇਖਿਕਾ ਦੇ ਨਾਂ ਨਾਲ ਜੋੜਨ ਦੀ ਵੱਡੀ ਭੁੱਲ ਕਰਦੇ ਹਨ। ਇਸ ਸੰਬੰਧ ਵਿਚ ਅਕਸਰ ਹੀ ਉਹਦਾ ਇਹ ਸ਼ਿਅਰ ਪੇਸ਼ ਕੀਤਾ ਜਾਂਦਾ ਹੈ: “ਮੈਂ ਕਿਸ ਨੂੰ ਆਪਣਾ ਆਖਾਂ ਕਿ ਏਥੇ ਕੌਣ ਹੈ ਮੇਰਾ, ਮੈਂ ਕੱਲ੍ਹ ਪੇਕੇ ਪਰਾਈ ਸੀ ਤੇ ਅੱਜ ਸਹੁਰੇ ਪਰਾਈ ਹਾਂ।” ਕੀ ਇਸ ਸ਼ਿਅਰ ਵਿਚ ਲੇਖਿਕਾ ‘ਮੈਂ’ ਰਾਹੀਂ ਆਪਣੇ ਪੇਕੇ-ਸਹੁਰੇ ਚਿਤਵਦਿਆਂ ਸੱਚਮੁੱਚ ਆਪਣੀ ਹੋਣੀ ਦਾ ਹੀ ਰੋਣਾ ਰੋਂਦੀ ਹੈ? ਨਹੀਂ! ਜ਼ੋਰਦਾਰ ਨਹੀਂ! ਮੰਨ ਲਵੋ, ਜੇ ਉਹਨੇ ਆਪਣੀ ਹੋਣੀ ਦਾ ਰੋਣਾ ਵੀ ਰੋਇਆ ਹੋਵੇ, ਉਹਦੇ ਨਿੱਜ ਨੂੰ ਜਾਣਨ ਵਾਲ਼ੇ ਕਿੰਨੇ ਕੁ ਪਾਠਕ ਕਿੰਨੇ ਕੁ ਸਮੇਂ ਤੱਕ ਰਹਿਣਗੇ? ਸਾਹਿਤ ਤਾਂ ਸਾਹਿਤਕਾਰ ਤੋਂ ਬਹੁਤ ਵੱਧ ਚਿਰਜੀਵੀ ਹੁੰਦਾ ਹੈ। ਭਵਿੱਖੀ ਪਾਠਕ ਕਵਿੱਤਰੀ ਦੇ ਨਿੱਜ ਨੂੰ ਨਹੀਂ, ਉਹਦੀ ਕਵਿਤਾ ਨੂੰ ਹੀ ਜਾਣਨਗੇ। ਨਵੀਆਂ ਜਾਗਰਿਤ ਤੇ ਹੱਕ-ਪਰਾਪਤ ਪੀੜ੍ਹੀਆਂ ਤੋਂ ਪਿੱਛੇ ਦੇ ਸਮੇਂ ਵਿਚ ਝਾਕ ਕੇ ਦੇਖੀਏ, ਸਾਡੀਆਂ ਮਾਂਵਾਂ, ਦਾਦੀਆਂ-ਨਾਨੀਆਂ ਤੇ ਉਨ੍ਹਾਂ ਤੋਂ ਵਡੇਰੀਆਂ ਵਿਚੋਂ ਕਿਹੜੀ ਪੰਜਾਬਣ ਸੀ, ਜੀਹਦੀ ਹੋਣੀ ਕੱਲ੍ਹ ਪੇਕੇ ਪਰਾਈ ਤੇ ਅੱਜ ਸਹੁਰੇ ਪਰਾਈ ਵਾਲ਼ੀ ਨਹੀਂ ਸੀ?
ਇਸ ਮੁੱਦੇ ਨੂੰ ਸੁਖਵਿੰਦਰ ਆਪ ਸਪੱਸ਼ਟ ਕਰਦੀ ਹੈ, “ਮੈਂ ਸੋਚਦੀ ਹਾਂ, ਜੇਕਰ ਮੈਂ ਆਪਣੀ ਮਾਂ ਨੂੰ ਸਾਰੀ ਉਮਰ ਪਿਸ-ਪਿਸ ਕੇ ਜਿਉਂਦਿਆਂ ਨਾ ਵੇਖਦੀ ਜਾਂ ਮੈਨੂੰ ਖ਼ੁਦ ਨੂੰ ਆਪਣੇ ਸੁਪਨੇ ਸਾਕਾਰ ਕਰਨ ਲਈ ਏਨੀ ਜੱਦੋ-ਜਹਿਦ ਨਾ ਕਰਨੀ ਪੈਂਦੀ ਤਾਂ ਮੈਨੂੰ ਸਮੁੱਚੀ ਨਾਰੀ ਦੇ ਦੁੱਖਾਂ-ਦਰਦਾਂ ਦੀ ਗੱਲ ਸਮਝ ਨਾ ਆਉਂਦੀ ਤੇ ਮੇਰੀ ਕਵਿਤਾ ਵਿਚ ਪਿਆਰ, ਬਰਾਬਰੀ ਤੇ ਇਨਸਾਫ਼ ਲਈ ਏਨੀ ਤਾਂਘ ਨਾ ਹੁੰਦੀ, ਨਾ ਹੀ ਕੂੜ ਕਦਰਾਂ-ਕੀਮਤਾਂ ਦੇ ਖ਼ਿਲਾਫ਼ ਰੋਹ ਤੇ ਵਿਦਰੋਹ ਏਨੀ ਸ਼ਿੱਦਤ ਵਾਲ਼ਾ ਹੁੰਦਾ।”
ਅਸਲ ਵਿਚ ਹਰ ਰਚਨਾਕਾਰ ਦੀ ‘ਮੈਂ’ ਸਮੂਹ ਦੀ ਨੁਮਾਇੰਦਾ ਹੀ ਹੁੰਦੀ ਹੈ। ਮਿਸਾਲ ਵਜੋਂ ਇਨ੍ਹਾਂ ਸ਼ਿਅਰਾਂ ਦਾ ਨਿੱਜ ਅਸਲ ਵਿਚ ਪਰ ਦੀ ਹੀ ਬਾਤ ਪਾਉਂਦਾ ਹੈ। ਦੁਹਾਈ ਦੇ ਰਹੀ ਦਾਰ ਉੱਤੇ ਲਟਕੀ ਹੋਈ ‘ਮੈਂ’ ਅਤੇ ਆਪਣਾ ਪਹੁਫੁਟਾਲੇ ਦੀ ਊਸ਼ਾ ਤੇ ਸੰਝ ਦੀ ਲਾਲੀ ਹੋਣਾ ਯਾਦ ਕਰਨ ਵਾਲ਼ੀ ‘ਮੈਂ’ ਪੂਰੀ ਇਸਤਰੀ-ਜਾਤੀ ਦੀ ਹੀ ‘ਮੈਂ’ ਹੈ: “ਦੁਹਾਈ ਦੇ ਰਹੀ ਹਾਂ ਮੈਂ ਯੁੱਗਾਂ ਤੋਂ ਦਾਰ ’ਤੇ ਲਟਕੀ, ਤਮਾਸ਼ਾਈ ਜ਼ਮਾਨਾ ਹੈ ਕਿ ਬੱਸ ਹੱਸ ਕੇ ਗੁਜ਼ਰਦਾ ਹੈ।…ਯੁੱਗਾਂ ਦੀ ਗਰਦ ਦੇ ਹੇਠਾਂ ਦੱਬੀ ਨੂੰ ਯਾਦ ਆਇਆ ਹੈ, ਕਿ ਊਸ਼ਾ ਪਹੁਫੁਟਾਲੇ ਦੀ ਤੇ ਲਾਲੀ ਸੰਝ ਦੀ ਹਾਂ ਮੈਂ।” ਆਪਣੀ ਹੋਂਦ ਦੇ ਚਾਨਣ ਦੀ ਸੋਝੀ ਆਉਣ ਨਾਲ਼ ਉਹ ਆਪਣੇ ਹਿੱਸੇ ਦੀ ਦੁਨੀਆ ਉੱਤੇ ਰਾਜ ਕਰਨ ਦਾ ਹੱਕ ਹਾਸਲ ਕਰਨ ਵਾਸਤੇ ਉੱਠ ਖਲੋਂਦੀ ਹੈ: “ਇਹ ਮਰ ਮਰ ਕੇ ਜਿਉਣਾ ਛੱਡ, ਬਗ਼ਾਵਤ ਕਰ ਤੇ ਟੱਕਰ ਲੈ, ਤੇਰੇ ਹਿੱਸੇ ਦੀ ਦੁਨੀਆ ’ਤੇ ਕਿਸੇ ਦਾ ਰਾਜ ਕਿਉਂ ਹੋਵੇ!”
ਪਰ ਪੁਰਸ਼-ਪ੍ਰਧਾਨ ਸਮਾਜ ਵਿਚ ਔਰਤ ਦਾ ਜਾਗਣਾ ਕੋਈ ਸਹਿਜ-ਸਰਲ ਵਰਤਾਰਾ ਨਹੀਂ ਸੀ। ਸਾਡੀਆਂ ਲੋਕ-ਕਥਾਵਾਂ ਵਿਚ ਯਾਤਰੀ ਦੇ ਰਾਹ ਵਿਚ ਦਰਿਆ, ਪਹਾੜ, ਖ਼ੂਨੀ ਸ਼ੇਰ, ਸੱਪ-ਸਰਾਲ਼ਾਂ, ਜੰਗਲੀ ਅੱਗ, ਮਾਰੂਥਲ ਜਿਹੀਆਂ ਭਾਂਤ-ਸੁਭਾਂਤੀਆਂ ਰੁਕਾਵਟਾਂ ਆਉਂਦੀਆਂ ਹਨ। ਆਪਣੇ ਹੱਕਾਂ ਦਾ ਦਾਅਵਾ ਕਰਨ ਲੱਗੀ ਇਸਤਰੀ ਦੇ ਪੈਰਾਂ ਅੱਗੇ ਪੁਰਸ਼ੀ ਵਿਰੋਧ ਦੇ ਸਮੁੰਦਰ ਵਿਛਣੇ ਹੀ ਸਨ। ਪਰ ਕਹਾਵਤ ਹੈ, “ਹਿੰਮਤ ਅੱਗੇ ਲੱਛਮੀ, ਪੱਖੇ ਅੱਗੇ ਪੌਣ!” ਇਸਤਰੀ ਨੇ ਸਮੁੰਦਰ ਸਾਹਮਣੇ ਮਜਬੂਰ ਆਪਣੇ ‘ਪੈਰਾਂ’ ਦੀਆਂ ਦੁਲਾਵਾਂ ਝਾੜ ਕੇ ਉਨ੍ਹਾਂ ਨੂੰ ਸਮੁੰਦਰਾਂ ਦੇ ਪਾਰ ਤੱਕ ਉਡਾਰੀ ਭਰਨ ਦੇ ਸਮਰੱਥ ‘ਪਰਾਂ’ ਵਿਚ ਬਦਲ ਲਿਆ: “ਮੈਂ ਜ਼ਰਾ ਤੁਰਨਾ ਕੀ ਸਿੱਖਿਆ, ਰਾਹ ਸਮੁੰਦਰ ਹੋ ਗਏ। ਫਿਰ ਪਤਾ ਨਹੀਂ ਪੈਰ ਮੇਰੇ ਕਿਸ ਤਰ੍ਹਾਂ ਪਰ ਹੋ ਗਏ।
ਇਸ ਪੁਰਸ਼-ਪ੍ਰਧਾਨੀ ਦਰਿਆਤ ਤੇ ਅਨਿਆਂ ਵਾਲ਼ੇ ਵਿਰਸੇ ਦੇ ਬਾਵਜੂਦ ਸੁਖਵਿੰਦਰ ਵਿਚ ਪੁਰਸ਼-ਵਿਰੋਧ ਦਾ ਲੇਸ-ਮਾਤਰ ਵੀ ਨਹੀਂ। ਉਹ ਇਸ ਵਿਤਕਰੇ ਤੇ ਅਨਿਆਂ ਦਾ ਉਤਪਤੀ-ਵਿਗਿਆਨ ਸਮਝਦੀ ਹੈ, ਜਿਸ ਅਨੁਸਾਰ ਅਸਲ ਕਸੂਰਵਾਰ ਪੁਰਸ਼ ਨਹੀਂ ਸਗੋਂ ਉਲਾਰ ਕਦਰਾਂ-ਕੀਮਤਾਂ ਵਾਲ਼ਾ ਸਮਾਜਕ ਪ੍ਰਬੰਧ ਹੈ ਜੋ ਇਸਤਰੀ ਅਤੇ ਪੁਰਸ਼, ਦੋਵਾਂ ਦੀ ਸਹਿਜਤਾ ਦਾ ਦੁਸ਼ਮਣ ਬਣਦਾ ਹੈ।
ਉਹ ਪੁਰਸ਼ ਨੂੰ ਬਘਿਆੜ ਆਖਣ ਦੇ ਉਲਟ ਕਹਿੰਦੀ ਹੈ, “ਸਾਡੇ ਸਮਾਜ ਵਿਚ ਔਰਤਾਂ…ਦਾ ਸਥਾਨ ਦੂਜੈਲਾ ਅਤੇ ਅਪਮਾਨਜਨਕ ਹੈ। ਪਰ ਇਹ ਮਨੁੱਖਤਾ ਦਾ ਸਾਂਝਾ ਮਸਲਾ ਹੈ। ਸਾਂਝੇ ਮਸਲਿਆਂ ਦੇ ਹੱਲ ਲਈ ਸਾਨੂੰ ਰਲ਼ ਕੇ ਬਹਿਣ ਅਤੇ ਚਿੰਤਨ ਕਰਨ ਦੀ ਲੋੜ ਹੈ। ਸੁਹਿਰਦਤਾ-ਭਰੇ ਸੰਵਾਦ ਰਚਾਉਣ ਦੀ ਲੋੜ ਹੈ। ਕੁਦਰਤੀ ਰੂਪ ਵਿਚ ਵੀ ਤੇ ਸਮਾਜਿਕ ਰੂਪ ਵਿਚ ਵੀ ਔਰਤ-ਪੁਰਖ ਇਕ ਦੂਸਰੇ ਦੇ ਵਿਰੋਧੀ ਨਹੀਂ ਸਗੋਂ ਪੂਰਕ ਹਨ।…ਪਰ ਜਦੋਂ ਸਾਰੇ ਹੀਲੇ-ਵਸੀਲੇ ਨਾਕਾਮ ਹੋ ਜਾਣ ਤਾਂ ਆਪਣੇ ਹੱਕਾਂ ਲਈ ਅੜਨਾ ਤੇ ਲੜਨਾ ਵੀ ਜਾਇਜ਼ ਹੈ।… ਇਹ ਬਗ਼ਾਵਤ ਭ੍ਰਿਸ਼ਟ ਸਮਾਜਕ ਪ੍ਰਬੰਧ ਦੇ ਖ਼ਿਲਾਫ਼ ਹੈ ਜਿਸ ਕਰਕੇ ਮਾਨਵੀ ਰਿਸ਼ਤਿਆਂ ਦਾ ਤਾਣਾ-ਪੇਟਾ ਉਲਝਿਆ ਪਿਆ ਹੈ। ਮਾਨਵੀ ਮੁੱਲਾਂ ਦਾ ਘਾਣ ਹੋ ਰਿਹਾ ਹੈ।”
ਆਪਣੀ ਧੀ ਦੇ ਨਾਂ ਲਿਖੀ ਇਕ ਕਵਿਤਾ ਵਿਚ ਉਹ ਇੱਛਾ ਕਰਦੀ ਹੈ ਕਿ ਉਹ ਛੇਤੀ ਪੜ੍ਹ ਜਾਵੇ ਅਤੇ ਕਿਤਾਬਾਂ ਤੇ ਕਵਿਤਾਵਾਂ ਵਿਚੋਂ ਜਾਣ ਜਾਵੇ, “ਮਰਦ ਮਾਇਨੇ ਹਕੂਮਤ/ ਔਰਤ ਮਾਇਨੇ ਬੇਬਸੀ/ ਝਾਂਜਰ ਮਾਇਨੇ ਬੇੜੀ/ ਚੂੜੀ ਮਾਇਨੇ ਹੱਥਕੜੀ!” ਤੇ ਨਾਲ਼ ਹੀ ਧੀ ਇਹ ਵੀ ਜਾਣ ਲਵੇ ਕਿ ਇਨ੍ਹਾਂ ਸ਼ਬਦਾਂ ਦੇ ਇਹ ਉਲਟੇ ਅਰਥ ਕਿਸ ਨੇ ਤੇ ਕਿਉਂ ਬਣਾਏ ਹਨ ਅਤੇ ਇਨ੍ਹਾਂ ਸ਼ਬਦਾਂ ਦੇ ਸਹੀ ਅਰਥਾਂ ਲਈ ਲੜ ਕੇ ਉਨ੍ਹਾਂ ਨੂੰ ਗ਼ਲਤ ਅਰਥਾਂ ਦੀ ਕੈਦ ਵਿਚੋਂ ਮੁਕਤ ਕਰਵਾ ਸਕੇ, ਜੋ ਇਉਂ ਹਨ, “ਮਰਦ ਮਾਇਨੇ ਮੁਹੱਬਤ/ ਔਰਤ ਮਾਇਨੇ ਵਫ਼ਾ/ ਝਾਂਜਰ ਮਾਇਨੇ ਨ੍ਰਿੱਤ/ ਚੂੜੀ ਮਾਇਨੇ ਅਦਾ!”
ਇਸੇ ਸੋਚ ਸਦਕਾ ਉਹ ਪਿਆਰ ਨੂੰ ਵੱਖਰੇ ਕੋਣ ਤੋਂ ਦੇਖਦੀ ਹੈ। ਇਹ ਪਿਆਰ ਦਾ ਭਰੋਸਾ ਹੀ ਹੈ ਜੋ ਮਨੁੱਖ ਦੇ ਅਧੂਰੇਪਨ ਨੂੰ ਭਰ ਕੇ ਸੰਪੂਰਨਤਾ ਬਖ਼ਸ਼ਦਾ ਹੈ। ਪਿਆਰ ਕਰਨ ਵਾਲ਼ਿਆਂ ਲਈ ਇਸ਼ਕ ਦੀ ਸਰਦਲ ਹੀ ਇਕੋ-ਇਕ ਪੂਜਣਜੋਗ ਤੀਰਥ ਹੈ ਜੋ ਮੱਕੇ ਤੋਂ ਤੇ ਸ਼ਰ੍ਹਾ ਦੀ ਹਰ ਹੱਦ ਤੋਂ ਵੀ ਪਾਰ ਹੈ: “ਜੇ ਕਹਿ ਦਏਂ ਤੂੰ ਮੈਨੂੰ, ‘ਮੈਂ ਕਰਦਾਂ ਪਿਆਰ ਤੈਨੂੰ’, ਕਰ ਦੇਣਗੇ ਮੁਕੰਮਲ ਇਹ ਲਫ਼ਜ਼ ਚਾਰ ਮੈਨੂੰ।…ਤੇਰੀ ਸਰਦਲ ’ਤੇ ਲਿਖ ਕੇ ਨਾਮ ਆਪਣਾ, ਇਕ ਦੀਵਾ ਤਾਂ ਅਸੀਂ ਵੀ ਬਾਲ਼ ਆਏ।…ਉਹ ਮੱਕੇ ਤੋਂ ਪਰ੍ਹੇ ਤੇ ਸ਼ਰ੍ਹਾ ਦੀ ਹਰ ਹੱਦ ਤੋਂ ਬਾਹਰ, ਕੀ ਉਸ ਤੀਰਥ ਦਾ ਨਾਂ ਹੈ ਜਿੱਥੇ ਮੈਨੂੰ ਲੈ ਗਿਆ ਸੀ ਤੂੰ?” ਅਜਿਹਾ ਪਿਆਰ ਵਫ਼ਾ ਨਿਭਾਉਂਦੇ ਹਮਸਫ਼ਰਾਂ ਵਿਚ ਹੀ ਸੰਭਵ ਹੈ, ਮਾਲਕ ਤੇ ਜਾਇਦਾਦ ਵਿਚ ਨਹੀਂ: “ਅਸੀਂ ਦੋਵੇਂ ਰਲ਼ ਕੇ ਤਲਾਸ਼ਾਂਗੇ ਮੰਜ਼ਿਲ, ਮੈਂ ਰਹਿਬਰ ਨਹੀਂ, ਹਮਸਫ਼ਰ ਭਾਲ਼ਦੀ ਹਾਂ।…ਕਿਸੇ ਵੀ ਮੋੜ ’ਤੇ ਮੈਨੂੰ ਕਦੇ ਤੂੰ ਪਰਖ ਕੇ ਵੇਖੀਂ, ਮੈਂ ਕੋਈ ਰੁੱਤ ਨਹੀਂ ਜੋ ਵਕਤ ਪਾ ਕੇ ਬਦਲ ਜਾਵਾਂਗੀ।”
ਇਸ ਪਿਆਰ ਵਿਚ ਸਭ ਫ਼ਾਸਲੇ ਤਾਂ ਮਿਟਦੇ ਹੀ ਹਨ, ਇਹ ਮੰਜ਼ਿਲ ਬਣ ਕੇ ਸਾਰੇ ਪੰਧ ਵੀ ਮੁਕਾ ਦਿੰਦਾ ਹੈ: “ਇਸ ਤੋਂ ਅੱਗੇ ਹੋਰ ਵੀ ਮੰਜ਼ਿਲ ਹੋਵੇਗੀ, ਮੈਂ ਤਾਂ ਆਪਣਾ ਪੰਧ ਮੁਕਾਇਆ ਸ਼ਹਿਰ ਤਿਰੇ।…ਫ਼ਾਸਲਾ ਹੁਣ ਅਸਾਡੇ ’ਚ ਸੰਭਵ ਨਹੀਂ, ਤੂੰ ਬਦਨ ਹੋ ਗਿਆ ਤੇ ਮੈਂ ਸਾਹ ਹੋ ਗਈ।” ਇਹ ਪਿਆਰ ਕੁਝ ਮੰਗਦਾ ਨਹੀਂ ਸਗੋਂ ਆਪ ਹਰ ਕੁਰਬਾਨੀ ਕਰਨ ਲਈ ਤਤਪਰ ਹੈ: “ਤੁਸੀਂ ਸਭ ਫੁੱਲ ਚੁੱਕ ਲੈਣੇ, ਅਸੀਂ ਅੰਗਿਆਰ ਚੁੱਕਾਂਗੇ, ਕਿ ਆਪਾਂ ਮਿਲ ਮਿਲਾ ਕੇ ਜ਼ਿੰਦਗੀ ਦਾ ਭਾਰ ਚੁੱਕਾਂਗੇ।…ਮੈਂ ਹੀ ਦੇਵਾਂਗੀ ਚੁਣੌਤੀ ਇਸ ਦੇ ਖ਼ੂਨੀ ਭੰਵਰ ਨੂੰ, ਸੁਹਣਿਆ ਤੂੰ ਅੱਗ ਦਾ ਦਰਿਆ ਨ ਤਰ ਮੇਰੇ ਲਈ।”
ਸੰਪੂਰਨਤਾ ਨੂੰ ਪਹੁੰਚਿਆ ਅਜਿਹਾ ਪਿਆਰ ਹੀ ਸਭ ਦੁਬਿਧਾਵਾਂ-ਦੁਚਿੱਤੀਆਂ ਤੋਂ ਪਾਰ ਹੋ ਕੇ ਸਵੈ-ਵਿਸ਼ਵਾਸ ਦਾ ਜਨਮਦਾਤਾ ਬਣ ਸਕਦਾ ਹੈ: “ਮੈਂ ਉਸਦੀ ਪੈੜ ਨਈਂ ਕਿ ਛੱਡ ਕੇ ਤੁਰ ਜਾਏਗਾ ਮੈਨੂੰ, ਮੈਂ ਉਸਦਾ ਗੀਤ ਹਾਂ ਸਾਰੇ ਸਫ਼ਰ ਵਿਚ ਗਾਏਗਾ ਮੈਨੂੰ।…ਸੁਲਗਦੇ ਸੂਰਜਾਂ ਕੋਲ਼ੋਂ ਮੈਂ ਬਚ ਕੇ ਨਿਕਲ ਜਾਵਾਂਗੀ। ਨਹੀਂ ਮੈਂ ਬਰਫ਼ ਦੀ ਟੁਕੜੀ ਕਿ ਪਲ ਵਿਚ ਪਿਘਲ ਜਾਵਾਂਗੀ।” ਅਧਿਆਤਮ ਦਾ ਫ਼ਕੀਰੀ ਰੰਗ ਪੰਜਾਬੀ ਕਵਿਤਾ ਦੇ ਨਿਰੰਤਰ ਅੰਗ-ਸੰਗ ਰਿਹਾ ਹੈ। ਸੁਖਵਿੰਦਰ ਨੇ ਇਹਨੂੰ ਆਪਣੇ ਹੀ ਅੰਦਾਜ਼ ਵਿਚ ਪੇਸ਼ ਕੀਤਾ ਹੈ। ਬਾਬਾ ਨਾਨਕ ਦੀ ਆਰਤੀ ਵਾਲੇ ਰੰਗ ਵਿਚ ਉਹ ਨਛੱਤਰਾਂ ਨੂੰ ਕੁਦਰਤ ਦੀ ਮਾਲ਼ਾ ਦੇ ਮਣਕੇ ਆਖਦੀ ਹੈ: “ਰਾਤ-ਦਿਨ ਇਹ ਨਛੱਤਰ ਗਿੜੀ ਜਾਂਵਦੇ, ਤੇਰੀ ਕੁਦਰਤ ਵੀ ਮਾਲ਼ਾ ਰਹੇ ਫੇਰਦੀ।”
ਉਹ ਬੰਦੇ ਦੇ ਮਨ ਦੇ ਅਥਾਹ-ਅਥਹੁ ਹੋਣ ਨੂੰ ਬੜੀ ਸਰਲਤਾ ਨਾਲ਼ ਪੇਸ਼ ਕਰਦੀ ਹੈ ਜਿਸ ਮਨ ਦੀਆਂ ਅੜਾਉਣੀਆਂ ਵੇਦ-ਕਤੇਬਾਂ ਪੜ੍ਹਿਆਂ ਵੀ ਸੁਲਝਦੀਆਂ ਨਹੀਂ। ਜਿਥੇ ਆਮ ਕਰ ਕੇ ਸਵਾਲਾਂ ਵਿਚੋਂ ਜਵਾਬ ਨਿਕਲਦੇ ਹਨ, ਇਹ ਮੁੱਦਾ ਅਜਿਹਾ ਹੈ ਕਿ ਇਕ-ਇਕ ਜਵਾਬ ਵਿਚੋਂ ਸੌ-ਸੌ ਸਵਾਲ ਨਿੱਕਲਦੇ ਹਨ: “ਮਰ ਗਿਆ ਬੰਦਾ ਟੋਲਦਾ, ਮਨ ਦੀਆਂ ਤਹਿਆਂ ਫ਼ੋਲਦਾ, ਜਿਹੜਾ ਅੰਦਰ ਬੋਲਦਾ, ਫੜ ਨਾ ਹੋਇਆ ਚੋਰ।…ਮਿਲਦਾ ਨਾ ਕੋਈ ਹੱਲ ਹੁਣ ਤੇਰੀ ਕਿਤਾਬ ’ਚੋਂ। ਸੌ ਸੌ ਸਵਾਲ ਨਿਕਲਦੇ ਇਕ ਇਕ ਜਵਾਬ ’ਚੋਂ।”
ਕਬੀਰ ਜੀ ਕਹਿੰਦੇ ਹਨ: “ਕਬੀਰਾ ਖੜ੍ਹਾ ਬਾਜ਼ਾਰ ਮੇਂ ਲੀਏ ਲੁਕਾਟੀ ਹਾਥ, ਜੋ ਘਰ ਫੂੰਕੇ ਆਪਨਾ ਚਲੇ ਹਮਾਰੇ ਸਾਥ।” ਅਤੇ “ਪੋਥੀ ਪੜ੍ਹ ਪੜ੍ਹ ਜੱਗ ਮੂਆ, ਪੰਡਿਤ ਭਇਆ ਨਾ ਕੋਇ, ਢਾਈ ਆਖਰ ਪ੍ਰੇਮ ਕੇ, ਪੜ੍ਹੇ ਸੋ ਪੰਡਿਤ ਹੋਇ।” ਸੁਖਵਿੰਦਰ ਵੀ ਇਧਰ ਜਾਂ ਓਧਰ ਦੀ ਚੋਣ ਕਰਨ ਲਈ ਆਖਦੀ ਹੈ ਤੇ ਹਜ਼ਾਰਾਂ ਪੋਥੀਆਂ ਪੜ੍ਹਨ ਨਾਲੋਂ ਦਿਲ ਦਾ ਇਕ ਵਰਕਾ ਪੜ੍ਹਨ ਨੂੰ ਚੰਗੇਰਾ ਦਸਦੀ ਹੈ: “ਫ਼ਕੀਰੀ ਇਸ਼ਕ ਦੀ ਏਧਰ, ਹਕੂਮਤ ਜੱਗ ਦੀ ਓਧਰ, ਤੂੰ ਇਸ ਪਾਸੇ ਜਾਂ ਉਸ ਪਾਸੇ ਹੈਂ, ਦੋ-ਟੁੱਕ ਫ਼ੈਸਲਾ ਦੇ ਦੇ।…ਤੂੰ ਹਜ਼ਾਰਾਂ ਪੋਥੀਆਂ ਪੜ੍ਹੀਆਂ ਨੇ ਠੀਕ, ਵਰਕਾ ਮੇਰੇ ਦਿਲ ਦਾ ਵੀ ਪੜ੍ਹਦਾ ਕਦੇ।”
ਉਹ ਇਸ਼ਕ ਤੇ ਫ਼ਕੀਰੀ ਨੂੰ, ਮੁਹੱਬਤ ਤੇ ਇਬਾਦਤ ਨੂੰ ਇਕ ਪੱਲੜੇ ਤੋਲਦੀ ਹੈ, ਜਿਸ ਸਦਕਾ ਰੂਹ ਹੋਏ ਜਿਸਮਾਂ ਲਈ ਕੱਜੇ ਤੇ ਨਗਨ ਦਾ ਫ਼ਰਕ ਤੱਕ ਮਿਟ ਜਾਂਦਾ ਹੈ। ਇਸ ਅਵਸਥਾ ਵਿਚ ਇਸ਼ਕ ਦੀ ਫ਼ਕੀਰੀ ਅੱਗੇ ਜੱਗ ਦੀ ਹਕੂਮਤ ਤੁੱਛ ਹੋ ਕੇ ਰਹਿ ਜਾਂਦੀ ਹੈ: “ਇਹ ਰਸਮਾਂ, ਨੇਮ, ਬੰਧਨ, ਬੇੜੀਆਂ ਦੁਨੀਆ ਦੀ ਖ਼ਾਤਰ ਨੇ, ਮੁਹੱਬਤ ਤੇ ਇਬਾਦਤ ਨੂੰ ਕੋਈ ਬੰਦਿਸ਼ ਨਹੀਂ ਹੁੰਦੀ।…ਇਸ਼ਕ ਵਿਚ ਜਿਸਮ ਹੋ ਜਾਣ ਰੂਹਾਂ, ਫੇਰ ਕੀ ਕੱਜਿਆ ਕੀ ਨਗਨ ਹੈ!…ਸੱਚੇ ਆਸ਼ਕਾਂ ਨੇ ਜਿਸਮਾਂ ਦੀ ਛੋਹ ਕਦ ਚਾਹੀ, ਓਹ ਤਾਂ ਨਜ਼ਰਾਂ ਦੀ ਖ਼ੈਰ ਨਾਲ਼ ਰੱਜਦੇ ਰਹੇ।”
ਕਵਿਤਾ ਹੀ ਨਹੀਂ, ਸਾਹਿਤ ਹੀ ਨਹੀਂ, ਹਰ ਕਲਾ ਵਿਚ ਉੱਚ-ਬੋਲੜਾ ਹੋਣ ਦੀ ਥਾਂ ਧੀਮੀ ਸੁਰ ਨੂੰ ਸਲਾਹਿਆ ਜਾਂਦਾ ਹੈ। ਰਚਨਾਕਾਰ ਵਜੋਂ ਸੁਖਵਿੰਦਰ ਦਾ ਇਕ ਵੱਡਾ ਗੁਣ ਧੀਮੀ ਸੁਰ ਹੈ। ਮਿਸਾਲ ਵਜੋਂ, ਬਿਜਲੀ ਦਾ ਜ਼ਿਕਰ ਕੜਕਣ ਵਜੋਂ ਹੀ ਕੀਤਾ ਜਾਂਦਾ ਹੈ ਪਰ ਉਹ ਬਿਜਲੀ ਤੋਂ ਵੀ ਮਾਸੂਮ ਪੰਛੀ ਵਾਂਗ ਬੱਦਲਾਂ ਵਿਚ ਆਲ੍ਹਣਾ ਪੁਆ ਦਿੰਦੀ ਹੈ: “ਮੈਂ ਸ਼ਿਅਰਾਂ ਵਿਚ ਲੁਕਾ ਦਿੱਤੀ ਹੈ ਇਉਂ ਅਗਨੀ ਕਲੇਜੇ ਦੀ, ਜਿਵੇਂ ਬਿਜਲੀ ਨੇ ਹੋਵਣ ਬੱਦਲਾਂ ਵਿਚ ਆਲ੍ਹਣੇ ਪਾਏ।” ਇਹ ਸੂਖ਼ਮਤਾ ਉਹਦੇ ਅਨੇਕ ਸ਼ਿਅਰਾਂ ਦਾ ਸ਼ਿੰਗਾਰ ਬਣਦੀ ਹੈ: “ਮੈਂ ਫ਼ਤਹਿ ਪਾਉਣੀ ਹੈ ਅੱਜ ਮੰਝਧਾਰ ’ਤੇ, ਇਕ ਚੁੰਮਣ ਦੇ ਮੇਰੇ ਪਤਵਾਰ ’ਤੇ।…ਤੇਰੇ ਚਿਹਰੇ ’ਤੇ ਟਿਕੀ ਮੇਰੀ ਨਜ਼ਰ, ਕੋਈ ਤਿਤਲੀ ਬਹਿ ਗਈ ਕਚਨਾਰ ’ਤੇ।…ਅਸਾਥੋਂ ਅਦਬ ਨਈਂ ਹੁੰਦਾ ਅਜਿਹੇ ਬਾਗ਼ਬਾਨਾਂ ਦਾ, ਉਹ ਜਿਹੜੇ ਫੁੱਲ ’ਤੇ ਬੈਠੀ ਹੋਈ ਤਿਤਲੀ ਉਡਾ ਦਿੰਦੇ।…ਤਾਰਾਂ ਤਾਂ ਤੜਪੀਆਂ ਨੇ ਕੁਛ ਮੇਰੇ ਵੈਰਾਗ ਨਾਲ਼, ਵੇਖੋ ਕਿ ਕਿਹੜਾ ਰਾਗ ਹੁਣ ਨਿਕਲੇ ਰਬਾਬ ’ਚੋਂ।”
ਬਹੁਤ ਬਹੁਤ ਸਾਲ ਪਹਿਲਾਂ ਕਿਸੇ ਸ਼ਾਇਰ ਦਾ ਸੂਖ਼ਮਤਾ ਦੀ ਹੱਦ ਨੂੰ ਪਹੁੰਚਿਆ ਹੋਇਆ ਇਕ ਸ਼ਿਅਰ “ਕਿਆ ਕਿਆਮਤ ਹੈ ਕਿ ਆਰਿਜ਼ (ਗੱਲ੍ਹਾਂ) ਉਨ ਕੇ ਨੀਲੇ ਪੜ ਗਏ, ਹਮ ਨੇ ਤੋ ਬੋਸਾ ਲੀਆ ਥਾ ਖ਼ੁਆਬ ਮੇਂ ਤਸਵੀਰ ਕਾ” ਪੜ੍ਹਦਿਆਂ ਮੈਂ ਉਹਦੀ ਕਲਪਨਾ ਦੀ ਉਡਾਰੀ ਦੇਖ ਕੇ ਹੈਰਾਨ ਰਹਿ ਗਿਆ ਸੀ। ਸੁਖਵਿੰਦਰ ਦੇ ਇਸ ਸ਼ਿਅਰ ਨੇ ਉਸ ਸ਼ਿਅਰ ਦੀ ਯਾਦ ਸੱਜਰੀ ਕਰ ਦਿੱਤੀ: “ਸੁਪਨੇ ਵਿਚ ਇਕ ਰੁੱਖ ਤੇ ਲਿਖਿਆ ਰਾਤੀਂ ਆਪਣਾ ਨਾਮ ਅਸੀਂ। ਦਿਨ ਚੜ੍ਹਦੇ ਨੂੰ ਹੋ ਗਏ ਸਾਰੇ ਜੰਗਲ ਵਿਚ ਬਦਨਾਮ ਅਸੀਂ।”
ਪੁਰਸ਼-ਪ੍ਰਧਾਨੀ ਸਮਾਜ ਨੇ ਇਸਤਰੀ ਉੱਤੇ ਜਿਹੜਾ ਸਭ ਤੋਂ ਕਰੂਰ ਜ਼ੁਲਮ ਕੀਤਾ, ਉਹ ਸੀ ਉਹਨੂੰ ਆਪ ਆਪਣੇ ਦੇਹੀ ਜਜ਼ਬੇ ਤੋਂ ਇਨਕਾਰੀ ਹੋਣ ਤੱਕ ਛੁਟਿਆ ਕੇ ਇਕ ਤਰ੍ਹਾਂ ਨਾਲ ਨਿਰਲਿੰਗ ਬਣਾ ਦੇਣਾ। ਇਸਤਰੀ ਦਾ ਦੇਹ ਨੂੰ ਮਾਣਨਾ ਤਾਂ ਦੂਰ, ਉਹਦਾ ਦੇਹ ਬਾਰੇ ਮਹਿਸੂਸ ਕਰਨਾ ਵੀ ਸ਼ਰਮਨਾਕ ਪਾਪ ਬਣਾ ਦਿੱਤਾ ਗਿਆ। ਦੇਹੀ ਪੱਖੋਂ ਉਹ ਪੁਰਸ਼ ਦੀ ਲੋੜ ਤੱਕ ਸੀਮਤ ਉਹਦੇ ਹੱਥਾਂ ਦਾ ਇਕ ਖਿਡੌਣਾ ਬਣ ਕੇ ਰਹਿ ਗਈ। ਇਸ ਸੰਬੰਧ ਵਿਚ ਮੇਰੇ ਚੇਤੇ ਵਿਚ ਤਿੰਨ-ਚਾਰ ਦਹਾਕੇ ਪਹਿਲਾਂ ਦੀ ਇਕ ਘਟਨਾ ਕੰਡੇ ਵਾਂਗ ਚੁਭੀ ਹੋਈ ਹੈ। ਦਿੱਲੀ ਦੀ ਇਕ ਸੰਸਥਾ ਦੀਆਂ ਕੁਝ ਖੋਜੀ ਕੁੜੀਆਂ ਹਰਿਆਣੇ-ਰਾਜਸਥਾਨ ਦੀਆਂ ਬਿਲਕੁਲ ਸਾਧਾਰਨ, ਅਣਪੜ੍ਹ, ਪਛੜੀਆਂ ਹੋਈਆਂ ਇਸਤਰੀਆਂ ਨਾਲ ਗੱਲਬਾਤ ਕਰਨ ਗਈਆਂ। ਉਨ੍ਹਾਂ ਨੇ ਜਦੋਂ ਦੇਹੀ ਇੱਛਾ ਦੀ ਗੱਲ ਕੀਤੀ, ਉਨ੍ਹਾਂ ਵਿਚੋਂ ਵੱਡੀ ਗਿਣਤੀ ਵਿਚ ਇਸਤਰੀਆਂ ਹੈਰਾਨ ਹੋ ਕੇ ਬੋਲੀਆਂ, “ਸਾਡੀ ਇੱਛਾ? ਪੜ੍ਹੀਆਂ-ਲਿਖੀਆਂ ਹੋ ਕੇ ਕੀ ਮੂਰਖਾਂ ਵਾਲ਼ੀਆਂ ਗੱਲਾਂ ਕਰਦੀਆਂ ਹੋ। ਇਹ ਮਰਦਾਂ ਦੀ ਖੇਡ ਹੈ। ਮਰਦ ਆਉਂਦਾ ਹੈ, ਖੇਡਦਾ ਹੈ ਤੇ ਚਲਿਆ ਜਾਂਦਾ ਹੈ। ਇਸ ਵਿਚ ਸਾਡੀ ਕਾਹਦੀ ਇੱਛਾ? ਇਸ ਨਾਲ਼ ਸਾਡਾ ਕੀ ਵਾਸਤਾ?”
ਸਦੀਆਂ ਤੱਕ ਆਪਣੀ ਦੇਹ ਦਾ ਸੰਗੀਤ ਮਾਣਨ ਤੋਂ ਵਿਰਵੀ ਰੱਖੀ ਗਈ ਇਸਤਰੀ ਦੀਆਂ ਨਵੀਆਂ ਪੀੜ੍ਹੀਆਂ ਦੀ, ਹੋਰ ਸਮਾਜਕ ਹੱਕ ਹਾਸਲ ਕਰਨ ਦੇ ਨਾਲ਼-ਨਾਲ਼ ਆਪਣੀ ਦੇਹ ਦੇ ਹੱਕ ਦੀ ਦਾਅਵੇਦਾਰੀ ਨੂੰ ਜਿਸ ਖ਼ੂਬਸੂਰਤੀ ਨਾਲ, ਜਿਸ ਸੂਖ਼ਮਤਾ ਨਾਲ਼, ਜਿਸ ਸਹਿਜਤਾ, ਸਲੀਕੇ, ਸੁਚੱਜਤਾ ਤੇ ਸਾਊਪੁਣੇ ਨਾਲ਼ ਸੁਖਵਿੰਦਰ ਨੇ ਪੇਸ਼ ਕੀਤਾ ਹੈ, ਉਹ ਬੇਮਿਸਾਲ ਹੈ: “ਕਦੋਂ ਤਕ ਰੱਖਿਆ ਜਾਂਦਾ ਦਬਾ ਕੇ ਜਿਉਣ ਦਾ ਜਜ਼ਬਾ, ਲਹੂ ’ਚੋਂ ਲਹਿਰ ਜਦ ਉਠਦੀ ਕਿਨਾਰੇ ਖੁਰਨ ਲਗਦੇ ਨੇ।…ਕਦ ਤੱਕ ਉਠਾਈ ਰੱਖਾਂ ਇਹ ਬੋਝ ਰੋਸ਼ਨੀ ਦਾ, ਮੈਂ ਅਣਬਲ਼ੀ ਸ਼ਮਾਂ ਹਾਂ ਤੂੰ ਕਦੇ ਤਾਂ ਬਾਲ਼ ਮੈਨੂੰ!…ਵਰ੍ਹਿਆਂ ਦੇ ਬਾਅਦ ਫੁੱਟੇ ਕਾਇਆ ਮੇਰੀ ’ਚੋਂ ਪੱਤੇ, ਪਰਤੇ ਮੁਸਾਫ਼ਰੀ ਤੋਂ ਮੇਰੀ ਛਾਂ ’ਚ ਬਹਿਣ ਵਾਲ਼ੇ।…ਜਿੰਨਾ ਸੀ ਸੇਕ ਤੇਰਾ ਓਨੀ ਪਘਰ ਗਈ ਮੈਂ, ਜਿੰਨੀ ਹੈ ਨੀਝ ਤੇਰੀ ਓਨੀ ਸੰਵਰ ਰਹੀ ਹਾਂ।…ਡੁੱਬ ਕੇ ਮਰ ਜਾਣ ਦੇ ਅਪਣੇ ਜਲਾਂ ਵਿਚ ਸੁਹਣਿਆ, ਜ਼ਿੰਦਗਾਨੀ ਹੁਣ ਕਿਨਾਰੇ ’ਤੇ ਬਸਰ ਹੁੰਦੀ ਨਹੀਂ।…ਬੜਾ ਚਿਰ ਲਹਿਰ ਵਾਂਗੂੰ ਸਿਰ ਤੋਂ ਪੈਰਾਂ ਤੀਕ ਮੈਂ ਤੜਪੀ, ਸਮੁੰਦਰ ਵਾਂਗ ਫਿਰ ਆਗੋਸ਼ ਦੇ ਵਿਚ ਲੈ ਲਿਆ ਸੀ ਤੂੰ। ਮੈਂ ਲੰਮੀ ਔੜ ਦੀ ਮਾਰੀ ਤਿਹਾਈ ਧਰਤ ਸੀ ਕੋਈ, ਤੇ ਛਮਛਮ ਵਸਣ ਨੂੰ ਬਿਹਬਲ ਜਿਵੇਂ ਕੋਈ ਮੇਘਲਾ ਸੀ ਤੂੰ। ਮੁਹੱਬਤ ਦੀ ਖ਼ੁਮਾਰੀ ਬਣ ਫ਼ਿਜ਼ਾ ਵਿਚ ਫ਼ੈਲ ਗਈ ਸਾਂ ਮੈਂ, ਕਿ ਮੇਰੀ ਆਤਮਾ ਵਿਚ ਕਤਰਾ ਕਤਰਾ ਘੁਲ਼ ਰਿਹਾ ਸੀ ਤੂੰ।” ਉਹ ਰੱਬ ਅੱਗੇ ਅਰਦਾਸ ਕਰਦੀ ਹੈ ਤਾਂ ਅਰਦਾਸ ਵੀ ਇਹੋ ਕਰਦੀ ਹੈ: “ਇਕ ਨੂੰ ਤੂੰ ਨੀਰ ਦੂਜੇ ਨੂੰ ਜ਼ਮੀਨ ਕਰ ਦੇ ਸਾਹਿਬ। ਦੋਹਾਂ ਨੂੰ ਇਕ ਦੂਜੇ ਵਿਚ ਲੀਨ ਕਰ ਦੇ ਸਾਹਿਬ।”
ਸੁਖਵਿੰਦਰ ਦਾ ਜਦੋਂ ਵੀ ਜ਼ਿਕਰ ਹੁੰਦਾ ਹੈ, ਪਿਆਰ ਦੀ ਕਵਿੱਤਰੀ ਵਜੋਂ ਹੀ ਹੁੰਦਾ ਹੈ। ਕਈ ਬਹੁਤੇ ਹੀ ਵਿਦਵਾਨ ਸੱਜਨ-ਸੱਜਨੀਆਂ ਲਈ ਤਾਂ ਉਹ ਅਜੇ ਵੀ ਅੱਲ੍ਹੜ ਪਿਆਰ ਦੀ ਕਵਿੱਤਰੀ ਹੀ ਹੈ। ਪਰ ਸੱਚਾ ਕਲਮਕਾਰ ਕਦੀ ਵੀ ਸਮਾਜਕ ਜ਼ਿੰਦਗੀ ਦੇ ਇਕੋ ਪੱਖ ਦੇ ਸੀਮਤ ਘੇਰੇ ਵਿਚ ਘਿਰਿਆ ਨਹੀਂ ਰਹਿ ਸਕਦਾ। ਉਹਨੇ ਸਮਕਾਲੀ ਹਾਲਤ ਦਾ ਦਰਪਨ ਬਣਨਾ ਹੀ ਬਣਨਾ ਹੁੰਦਾ ਹੈ। ਚੁਫੇਰੇ ਅੱਗ ਲੱਗੀ ਹੋਵੇ, ਕਲਮਕਾਰ ਵਰਗੇ ਕੋਮਲਭਾਵੀ ਮਨੁੱਖ ਨੂੰ ਸੇਕ ਕਿਵੇਂ ਮਹਿਸੂਸ ਨਹੀਂ ਹੋਵੇਗਾ! ਇਕ ਪਾਸੇ ਭਾਰੀਆਂ ਜੇਬਾਂ ਵਾਲ਼ਿਆਂ ਲਈ ਹਰ ਐਸ਼ ਦੀ ਪ੍ਰਤੀਕ ਰੋਟੀ ਆਮ ਵਿਕਦੀ ਹੈ, ਦੂਜੇ ਪਾਸੇ ਪੇਟ ਭਰਨ ਵਾਸਤੇ ਸੁੱਕੀ ਰੋਟੀ ਲਈ ਖਾਲੀ-ਜੇਬੇ ਆਦਮੀ ਆਮ ਵਿਕ ਰਹੇ ਹਨ: “ਆਦਮੀ ਦੇ ਵਾਸਤੇ ਰੋਟੀ ਵਿਕੇ ਬਜ਼ਾਰ ਵਿਚ, ਰੋਟੀ ਖ਼ਾਤਰ ਆਦਮੀ ਹਰ ਮੋੜ ’ਤੇ ਵਿਕਦਾ ਮਿਲੇ।”
ਨਫ਼ਰਤੀ ਖ਼ਬਰਾਂ ਨਾਲ ਭਰੇ ਹੋਏ ਅਖ਼ਬਾਰ, ਪੰਜਾਬ ਵਿਚ ਨਸ਼ਿਆਂ ਦਾ ਕਹਿਰ, ਲੋਕਾਂ ਦੇ ਉਜੜਦੇ ਘਰ ਤੇ ਕਿਸ਼ਤੀਆਂ ਦੇ ਸੁੱਤੇ ਹੋਏ ਮਲਾਹ ਉਹਦੀ ਕਲਮ ਦਾ ਧਿਆਨ ਕਿਵੇਂ ਨਾ ਖਿਚਦੇ: “ਮੋਹ ਦੀ ਮਹਿਕ ਨ ਆਈ ਇਕ ਵੀ ਅੱਖਰ ’ਚੋਂ, ਵੇਖੀ ਹੈ ਮੈਂ ਸੁਰਖ਼ੀ ਸਭ ਅਖ਼ਬਾਰਾਂ ਦੀ।…ਚਿੱਟੇ ਦੀ ਕਾਲ਼ੀ ਖ਼ਬਰ ਹੀ ਹੁਣ ਸੁਰਖੀਆਂ ’ਚ ਹੈ, ਬਾਕੀ ਦੇ ਰੰਗ ਹੋ ਗਏ ਮਨਫ਼ੀ ਪੰਜਾਬ ’ਚੋਂ।…ਉਨ੍ਹਾਂ ਨੂੰ ਕੀ ਨਜ਼ਰ ਆਉਣੇ ਬਿਖਰਦੇ ਆਲ੍ਹਣੇ ਸਾਡੇ, ਜੋ ਇਕ ਕੁਰਸੀ ਲਈ ਜੰਗਲ ਹੀ ਸਾਰਾ ਦਾਅ ’ਤੇ ਲਾ ਦਿੰਦੇ।…ਇਨ੍ਹਾਂ ਸੁੱਤਿਆਂ ਮਲਾਹਾਂ ਨੂੰ ਉਦੋਂ ਹੀ ਜਾਗ ਆਉਣੀ ਹੈ, ਜਦੋਂ ਵੱਜੀਆਂ ਚਟਾਨਾਂ ਵਿਚ ਜਾ ਕੇ ਕਿਸ਼ਤੀਆਂ ਇਕ ਦਿਨ।”
ਚੰਗੇ ਵੱਲ ਤਬਦੀਲੀ ਦੇ ਭਰਮ ਵਿਚ ਫਸੇ ਲੋਕਾਂ ਦੀਆਂ ਆਸਾਂ ਕਿਵੇਂ ਝੂਠੀਆਂ ਪਈਆਂ ਹਨ ਤੇ ਕੀਤੇ ਗਏ ਵਾਅਦੇ ਕਿਸ ਤਰ੍ਹਾਂ ਤੋੜੇ ਗਏ ਹਨ, ਇਨ੍ਹਾਂ ਗੱਲਾਂ ਦੀ ਚੀਸ ਉਹਦੇ ਸ਼ਬਦਾਂ ਵਿਚ ਚਸਕਦੀ ਹੈ। ਜਾਤਾਂ ਤੇ ਮਜ਼੍ਹਬਾਂ ਦੇ ਡੰਗਾਂ ਦਾ ਜ਼ਹਿਰ ਲੋਕਾਂ ਨੂੰ ਮੂਰਛਿਤ ਕਰ ਰਿਹਾ ਹੈ। ਸੰਭਾਵਨਾਵਾਂ ਸਾਕਾਰ ਹੋਣ ਤੋਂ ਪਹਿਲਾਂ ਹੀ ਦਮ ਤੋੜ ਰਹੀਆਂ ਹਨ: “ਬਸਤੀਆਂ ਵਿਚ ਅੱਗ ਕਿੱਥੋਂ ਆ ਗਈ, ਮੋਹਰ ਤਾਂ ਲਾਈ ਸੀ ਫੁੱਲ ਦੇ ਨਿਸ਼ਾਨ ’ਤੇ।…ਜ਼ਾਤਾਂ ਦਾ ਜ਼ਹਿਰ ਪੀ ਕੇ ਮਜ਼੍ਹਬਾਂ ਦੇ ਡੰਗ ਖਾ ਕੇ, ਕਿਵੇਂ ਹੋ ਗਿਆ ਹੈ ਚਿੱਟਾ ਲਹੂਆਂ ਦਾ ਰੰਗ ਦੇਖੀਂ।…ਕੈਸਾ ਸਿੰਮਿਆ ਹੈ ਸੇਕ ਸਮਿਆਂ ’ਚੋਂ ਧੂੰਆਂ ਧੂੰਆਂ ਜਹਾਨ ਹੋਇਆ ਹੈ, ਰਾਖ਼ ਹੋਇਆ ਜੋ ਹਾਲ਼ੇ ਉੱਗਣਾ ਸੀ ਖ਼ਾਕ ਹੋਇਆ ਜੋ ਹਾਲ਼ੇ ਹੋਣਾ ਸੀ।” ਸੁਖਵਿੰਦਰ ਇਹਨੂੰ ਦਰਿਆਵਾਂ ਦੇ ਤਿਹਾਏ ਮਰਨ ਵਾਲ਼ੀ ਤੇ ਰੁੱਖਾਂ ਦੇ ਛਾਂਵਾਂ ਭਾਲ਼ਣ ਵਾਲ਼ੀ ਹਾਲਤ ਦਸਦੀ ਹੈ। ਤੇ ਉੱਤੋਂ ਬਦਨਸੀਬੀ ਇਹ ਕਿ ਕੋਈ ਚਾਰਾਗਰ ਵੀ ਨਜ਼ਰ ਨਹੀਂ ਆਉਂਦਾ!
ਤਿਹਾਏ ਮਰ ਰਹੇ ਦਰਿਆ ਤੇ ਰੁੱਖੜੇ ਭਾਲ਼ਦੇ ਛਾਂਵਾਂ,
ਤੇ ਚਾਰਾਗਰ ਵੀ ਹੁਣ ਆਉਂਦਾ ਨਹੀਂ ਕੋਈ ਨਜ਼ਰ ਮੈਨੂੰ।
ਇਸ ਅਵਸਥਾ ਵਿਚ ਸੁਖਵਿੰਦਰ ਦੀ ਇਕ ਵੱਡੀ ਟੇਕ ਕਲਮ ਤੇ ਕਵਿਤਾ ਹੈ। ਅਸਲ ਵਿਚ ਉਹ ਤੇ ਕਵਿਤਾ ਇਕੋ ਇਕਾਈ ਹਨ। ਉਹ ਆਖਦੀ ਹੇ, “ਜੇਕਰ ਮੈਂ ਸ਼ਾਇਰਾ ਨਾ ਹੁੰਦੀ ਤਾਂ ਕੁਝ ਵੀ ਨਾ ਹੁੰਦੀ। ਕਵਿਤਾ ਮੇਰੀ ਜ਼ਿੰਦਗੀ ਦਾ ਕੇਂਦਰ-ਬਿੰਦੂ ਹੈ। ਮੇਰਾ ਕੁਝ ਵੀ ਬਣਨ ਦਾ ਸਫ਼ਰ ਕਵਿਤਾ ਤੋਂ ਹੀ ਸ਼ੁਰੂ ਹੁੰਦਾ ਹੈ। ਮੇਰੀਆਂ ਸਾਰੀਆਂ ਸੋਚਾਂ, ਸਾਰੇ ਸੁਪਨੇ, ਸਾਰੇ ਅਨੁਭਵ ਤੇ ਅਹਿਸਾਸ ਇਸ ਬਿੰਦੂ ਦੇ ਦੁਆਲ਼ੇ ਪਰਿਕਰਮਾ ਕਰਦੇ ਹਨ। ਕਵਿਤਾ ਮੇਰੀ ਸਭ ਤੋਂ ਗੂੜ੍ਹੀ ਸਹੇਲੀ ਅਤੇ ਰਾਜ਼ਦਾਨ ਹੈ। ਇਹ ਮੈਨੂੰ ਔਖੇ ਵਕਤ ਵਿਚ ਡਿਗਦੀ ਨੂੰ ਬੋਚ ਲੈਂਦੀ ਹੈ ਤੇ ਮੇਰੇ ਦੁੱਖ ਨੂੰ ਊਰਜਾ ਵਿਚ ਬਦਲ ਦਿੰਦੀ ਹੈ।”
ਉਸ ਅਨੁਸਾਰ ਜਿਹੜਾ ਕਲਮਕਾਰ ਜ਼ੁਲਮ ਨੂੰ ਜ਼ੁਲਮ ਆਖ ਕੇ ਕਲਮ ਦਾ ਧਰਮ ਨਹੀਂ ਪਾਲ਼ਦਾ, ਉਹ ਕਿਸੇ ਸਮਾਜਕ ਮਾਣ-ਸਨਮਾਨ ਦਾ ਹੱਕਦਾਰ ਨਹੀਂ। ਮੈਨੂੰ ਪ੍ਰਸਿੱਧ ਲੇਖਕ ਮਹਿੰਦਰ ਸਿੰਘ ਸਰਨਾ ਦੀ ਮੇਰੇ ਨਾਲ਼ ਕੀਤੀ ਗਈ ਗੱਲਬਾਤ ਵਿਚ ਕਹੀ ਹੋਈ ਇਕ ਗੱਲ ਚੇਤੇ ਆ ਗਈ। ਉਨ੍ਹਾਂ ਨੇ ਕਿਹਾ ਸੀ, “ਜਿਸ ਸਾਹਿਤਕਾਰ ਕੋਲ ਨਰੋਈਆਂ ਕਦਰਾਂ-ਕੀਮਤਾਂ ਦਾ ਵੱਖਰ ਨਹੀਂ, ਸਾਹਿਤ ਦੀ ਮੰਡੀ ਵਿਚ ਉਹਦਾ ਵਣਜ ਖੋਟਾ ਹੈ, ਕਿ ਜਿਹੜਾ ਸਾਹਿਤਕਾਰ ਮਨੁੱਖਤਾ ਦੇ ਦੁਸ਼ਮਣਾਂ ਦੇ ਪਿੰਡੇ ਤੋਂ ਲੀੜੇ ਨਹੀਂ ਉਤਾਰਦਾ, ਜੋ ਪੜ੍ਹਨ ਵਾਲ਼ਿਆਂ ਤੱਕ ਦਰਿੱਦਰੀਆਂ-ਨਿਖ਼ਸਮਿਆਂ ਦੀ ਦਾਦ-ਫ਼ਰਿਆਦ ਨਹੀਂ ਪੁਚਾਉਂਦਾ, ਉਹਦੇ ਲਿਖਣ ਖੁਣੋਂ ਕੁਝ ਥੁੜਿਆ ਨਹੀਂ!” ਸੁਖਵਿੰਦਰ ਦਾ ਕਹਿਣਾ ਹੈ: “ਜ਼ੁਲਮ ਨੂੰ ਜੋ ਜ਼ੁਲਮ ਕਹਿ ਸਕਦਾ ਨਹੀਂ, ਤਮਗ਼ੇ ਉਹਦੀ ਹਿੱਕ ’ਤੇ ਨਹੀਂ ਫੱਬਣੇ।” ਇਸੇ ਕਰਕੇ ਉਹ ਇਸ਼ਕ ਨੂੰ ਸ਼ਾਇਰ ਬਣਾ ਦੇਣ ਵਾਲ਼ਾ ਤੇ ਸ਼ਿਅਰ ਨੂੰ ਜ਼ਿਹਨ ਦਾ ਨ੍ਹੇਰਾ ਮਿਟਾ ਦੇਣ ਵਾਲ਼ਾ ਕਹਿੰਦੀ ਹੈ: “ਇਹ ਇਸ਼ਕ ਹੈ ਜੋ ਬੰਦੇ ਨੂੰ ਸ਼ਾਇਰ ਬਣਾ ਦੇਵੇ, ਇਹ ਸ਼ਿਅਰ ਹੈ ਜੋ ਜ਼ਿਹਨ ਦਾ ਨ੍ਹੇਰਾ ਮਿਟਾ ਦੇਵੇ।”
ਸ਼ਬਦ ਦੀ ਸ਼ਕਤੀ ਦੀ ਸੋਝੀ ਸਦਕਾ ਹੀ ਸਮੇਂ ਦੀ ਹਿੱਕ ਉੱਤੇ ਉੱਕਰੇ ਆਪਣੇ ਹਰਫ਼ ਦੀ ਅਮਿੱਟਤਾ ਵਿਚ ਉਹਦਾ ਅਡੋਲ ਯਕੀਨ ਹੈ: “ਹਵਾਵਾਂ ਤੋਂ ਨਹੀਂ ਮਿਟਣਾ ਘਟਾਵਾਂ ਤੋਂ ਨਹੀਂ ਖੁਰਨਾ, ਸਮੇਂ ਦੀ ਹਿੱਕ ’ਤੇ ਇਕ ਹਰਫ਼ ਐਸਾ ਉਕਰ ਜਾਵਾਂਗੀ।” ਇਕ ਜਾਗਰਿਤ ਕਲਮਕਾਰ ਵਜੋਂ ਸੁਖਵਿੰਦਰ ਦੀ ਇਕੋ-ਇਕ ਰੀਝ ਹੈ ਕਿ ਧੱਕੇਸ਼ਾਹ, ਲਹੂਚੂਸ, ਲੋਕ-ਵਿਰੋਧੀ ਤੇ ਜਾਬਰ-ਜ਼ਾਲਮ ਸੱਤਾ ਨਿਸੱਤੀ ਹੋ ਜਾਵੇ ਅਤੇ ਸ਼ਬਦ, ਸਾਹਿਤ, ਸਭਿਆਚਾਰ, ਬਹੁਰੰਗੀ ਸੁੰਦਰਤਾ, ਨ੍ਰਿਤ, ਚਿਤਰਕਾਰੀ ਤੇ ਹੋਰ ਹਰ ਕਲਾ ਦਾ ਬੋਲਬਾਲਾ ਹੋਵੇ। ਜ਼ਿੰਦਗੀ ਵਿਚ ਜੋ ਵੀ ਖ਼ਤਰਨਾਕ ਤੇ ਘਾਤਕ ਹੈ, ਉਹ ਉਹਨੂੰ ਸ਼ੇਰ ਨਾਲ਼ ਤੇ ਜੋ ਵੀ ਖ਼ੂਬਸੂਰਤ ਤੇ ਪਿਆਰਨਜੋਗ ਹੈ, ਉਹਨੂੰ ਮੋਰ ਨਾਲ਼ ਤੁਲਨਾਉਂਦੀ ਹੈ: “ਰੱਬਾ ਮੇਰੀ ਰੀਝ ਹੈ ਮੈਂ ਇਕ ਦਿਨ ਐਸਾ ਵੇਖਣਾ, ਸਹਿਮੇ ਹੋਏ ਸ਼ੇਰ ’ਤੇ ਕਰੇ ਸਵਾਰੀ ਮੋਰ।”
ਸੁਖਵਿੰਦਰ ਦੀ ਇਹ ਰੀਝ ਹਰ ਹੋਸ਼ਮੰਦ ਮਨੁੱਖ ਦੀ ਰੀਝ ਹੈ। ਉਹ ਦਿਨ ਜ਼ਰੂਰ ਚੜ੍ਹੇਗਾ ਜਦੋਂ ਸਾਡੀ ਸਭ ਦੀ ਸਹਿਮੇ ਹੋਏ ਸ਼ੇਰ ਉੱਤੇ ਮੋਰ ਦੀ ਸਵਾਰੀ ਦੇਖਣ ਦੀ ਇਹ ਸਾਂਝੀ ਰੀਝ ਪਰਵਾਨ ਚੜ੍ਹੇਗੀ!