ਲਾਲ ਸਿੰਘ
ਐਓਂ ਕਰੀਂ ਜ਼ਰਾ ਸਹਿਜ ਨਾਲ ਜਾ ਬੈਠੀਂ। ਉਸਦੇ ਮੰਜੇ ਲਾਗੇ। ਕਿਸੇ ਵੀ ਕੁਰਸੀ ਸਟੂਲ `ਤੇ। ਬਿੜਕ ਹੁੰਦਿਆਂ-ਕਰਦਿਆਂ ਉਹ ਅੱਖਾਂ ਖੋਲੇਗੀ। ਤੈਨੂੰ ਦੇਖਦਿਆਂ ਸਾਰ ਪਹਿਲਾ ਸਵਾਲ ਕਰੇਗੀ, ‘ਭਾਅ ਜੀ ਮੇਰਾ ਇੱਕ ਕੰਮ ਕਰੋਗੇ?’ ਤੇਰੀ ਹਾਂ-ਨਾਂਹ ਉਡੀਕੇ ਬਿਨਾਂ ਅਗਲਾ ਵਾਕ ਫਿਰ ਉਹੀ ਬੋਲੇਗੀ, ਥੋੜਾ ਬਦਲ ਕੇ -“ਮੇਰਾ ਇਹ ਕੰਮ ਜ਼ਰੂਰ ਕਰੋ, ਮੈਨੂੰ ਘਰ ਛੱਡ ਆਓ।’ ਤੂੰ ਹੈਰਾਨ ਹੋਵੇਂਗਾ ਤੇ ਚਿੰਤਾਵਾਨ ਵੀ।
ਆਪਣੇ ਘਰ ਬੈਠੀ ਇਹ ਕਿਹੜੀ ਥਾਂ ਜਾਣ ਨੂੰ ਆਖ ਰਹੀ ਐ। ਉਸ ਦੇ ਅਗਲੇ ਬੋਲ ਸੁਣਨ ਤੋਂ ਪਹਿਲਾਂ ਤੂੰ ਆਖੇਂਗਾ, “ਆਪਣੇ ਘਰ ਈ ਤਾਂ ਬੈਠੀ ਏਂ ਤੂੰ। ਇਹ ਤੇਰਾ ਈ ਘਰ ਆ ਬੀਬਾ।’ ਉਸਦਾ ਝੱਟ ਉੱਤਰ ਹੋਵੇਗਾ “ਨਹੀਂ, ਇਹ ਮੇਰਾ ਘਰ ਨਈਂ। ਇਹ ਪਤਾ ਨਈਂ ਕੇਦਾ, ਮੈਂ ਜਿੱਦਣ ਦੀ ਆਈ ਆਂ ਓਦਣ ਦੀ ਈ ਬੀਮਾਰ ਆਂ। ਆਪਣੇ ਘਰ ਮੈਂ ਕਦੀ ਬੀਮਾਰ ਨਹੀਂ ਸੀ ਹੋਈ। ਮੈਨੂੰ ਉਥੇ ਲੈ ਕੇ ਚੱਲ ਵੀਰ ਬਣ ਕੇ। ਮੈਂ ਹੱਥ ਜੋੜਦੀ ਆਂ, ਪੈਰੀ ਪੈਨੀਂ ਆਂ ਤੇਰੇ।’ ਤੇ ਸੱਚ-ਮੁੱਚ ਉਹ ਹੱਥ ਜੋੜ ਕੇ ਤੇਰੇ ਪੈਰਾਂ ਵੱਲ ਨੂੰ ਝੁਕੇਗੀ। ਤੂੰ ਉਸਨੂੰ ਰੋਕੇਂਗਾ। ਉਸ ਨੂੰ ਪਿਆਰ ਦਏਂਗਾ। ਉਸ ਦੇ ਸਿਰ `ਤੇ ਹੱਥ ਫੇਰੇਂਗਾ। ਤੂੰ ਇਹ ਨਾ ਸਮਝਣਾ ਉਹਨੇ ਤੈਨੂੰ ਪਛਾਣਿਆ ਨਹੀਂ। ਸਭ ਜਾਣਦੀ ਐ, ਚੰਗੀ ਤਰ੍ਹਾਂ ਪਛਾਣਦੀ ਆ ਤੈਨੂੰ। ਤੇਰਾ ਹੱਥ ਲੱਗਦੇ ਸਾਰ ਉਸਨੇ ਰੋਣ ਲੱਗ ਪੈਣਾ। ਪਹਿਲਾਂ ਹਟਕੋਰੀਂ, ਫਿਰ ਉੱਚੀ ਉੱਚੀ ਭੁੱਬਾਂ ਮਾਰ ਕੇ। ਬਿਲਕੁਲ ਉਸੇ ਤਰ੍ਹਾਂ ਜਿਵੇਂ ਉਹ ਦਫ਼ਤਰ ਆ ਕੇ ਰੋਈ ਸੀ, ਤੇਰੀ ਮੁਅੱਤਲੀ ਵੇਲੇ। ਹੋਰ ਵੀ ਕਰਮਚਾਰੀ ਸਨ ਹੀ ਉਸ ਵਰਗੇ। ਬਿਲਕੁਲ ਨਾਲ ਦੇ ਕਮਰੇ `ਚ। ਲਾਗੇ-ਲਾਗੇ ਬੈਠਦੇ ਸਨ ਸਾਰੇ। ਸਭ ਨੂੰ ਇਕਸਾਰ ਪਤਾ ਲੱਗ ਗਿਆ ਕਿ ਨਵੇਂ ਆਏ ਸਾਬ੍ਹ ਦੀ ਬਦਲੀ ਨਹੀਂ ਮੁਅੱਤਲੀ ਹੋਈ ਐ। ਕਾਰਨ ਝੱਟ ਸਮਝ ਗਏ ਸਨ ਕਿ ਨਵੇਂ ਸਾਬ ਉੱਪਰਲੀਆਂ ਆਸਾਂ `ਤੇ ਪੂਰੇ ਨਹੀਂ ਸੀ ਉੱਤਰੇ। ਪੂਰਾ ਛੱਡ ਕੇ ਥੋੜ੍ਹਾ-ਬਹੁਤ ਹੁੰਗਾਰਾ ਵੀ ਨਹੀਂ ਸੀ ਭਰਿਆ। ਦਫ਼ਤਰੀ ਰੁਟੀਨ `ਚ ਵਿਚਰਦਿਆਂ ਤੂੰ ਦਫ਼ਤਰੀ ਨਿਯਮਾਂ ਦੀ ਪਾਲਣਾ ਵੱਧ ਕਰਦਾ। ਮਹਿਕਮਾ ਕੁਝ ਹੋਰ ਭਾਲਦਾ ਸੀ ਤੇਰੇ ਤੋਂ। ਤੂੰ ਉੱਪਰਲੇ-ਹੇਠਲੇ ਹੁਕਮਾਂ ਵੱਲ ਧਿਆਨ ਨਹੀਂ ਸੀ ਦਿੱਤਾ। ਧਿਆਨ ਦੇਣਾ ਤਾਂ ਇਕ ਪਾਸੇ ਰਿਹਾ ਬਹੁਤੀ ਵਾਰ ਨਾਂਹ-ਨੁੱਕਰ ਹੀ ਕਰ ਦਿੱਤੀ। ਭਲਾ-ਚੰਗਾ ਪਤਾ ਸੀ ਤੈਨੂੰ ਕਿ ਉੱਪਰਲੇ ਹੁਕਮ ਹੁਣ ਪਹਿਲੋਂ ਵਰਗੇ ਨਹੀਂ ਸੀ ਰਹੇ। ਤਾਸੀਰ ਬਦਲ ਗਈ ਸੀ ਇਨ੍ਹਾਂ ਦੀ। ਇਹ ਨਾਂਹ-ਨੁੱਕਰ ਤਾਂ ਕੀ ਕਿਸੇ ਤਰ੍ਹਾਂ ਦੀ ਅਪੀਲ-ਦਲੀਲ ਬਰਦਾਸ਼ਤ ਨਹੀਂ ਸੀ ਕਰਦੇ। ਜਿਵੇਂ ਪਹਿਲਾਂ ਵਾਲੇ ਕਰ ਲਿਆ ਕਰਦੇ ਸਨ। ਉਨ੍ਹਾਂ ਨਾਲ ਤਾਂ ਬਹਿਸ-ਮੁਬਾਸਾ ਵੀ ਕਰ ਲੈਂਦਾ ਸੀ। ਉਹ ਤੇਰਾ ਪੱਖ ਸੁਣ ਵੀ ਲਿਆ ਕਰਦੇ ਸਨ। ਜੇ ਚਾਰੇ ਸਿਰੇ ਗੱਲ ਕਿਸੇ ਤਣ-ਪੱਤਣ ਨਾ ਲੱਗੇ, ਤਾਂ ਵੱਧ ਤੋਂ ਵੱਧ ਚਿਤਾਵਨੀ ਜਾਂ ਚਾਰਜਸ਼ੀਟ। ਜੇ ਤਲਖ਼-ਕਲਾਮੀ ਬਾਹਲੀ ਈ ਇਤਰਾਜ਼ਯੋਗ ਹੁੰਦੀ ਤਾਂ ਵੱਡੀ ਤੋਂ ਵੱਡੀ ਸਜ਼ਾ ਹੁੰਦੀ ਬਦਲੀ। ਜਿਸ ਨੂੰ ਆਮ ਵਰਤਾਰਾ ਸਮਝਣ ਲੱਗ ਪਿਆ ਸੀ ਤੂੰ। ਪਰ, ਇਸ ਵਾਰ ਤਾਂ ਗੱਲ ਵੀ ਕੋਈ ਖਾਸ ਨਹੀਂ ਸੀ ਹੋਈ। ਤੈਨੂੰ ਆਪਦੇ ਦਫ਼ਤਰ ਦੇ ਇਕ ਸਿਆਣੇ-ਬਿਆਣੇ ਕਰਮਚਾਰੀ ਦੀਆਂ ਦਫ਼ਤਰੋਂ ਬਾਹਰਲੀਆਂ ਗਤੀਵਿਧੀਆਂ ਦੱਸਣ ਲਈ ਕਿਹਾ ਗਿਆ, ਗੁਪਤ ਢੰਗ ਨਾਲ। ਤੇਰਾ ਉੱਤਰ ਸੀ “ਮੇਰਾ ਵਾਹ-ਵਾਸਤਾ ਉਸਦੇ ਦਫ਼ਤਰੀ ਕਾਰ-ਵਿਹਾਰ ਨਾਲ ਐ, ਉਸਦੇ ਨਿੱਜੀ ਜੀਵਨ ਨਾਲ ਨਹੀਂ। ਡਿਊਟੀਓਂ ਬਾਅਦ ਉਹ ਆਜ਼ਾਦ ਐ, ਕੋਈ ਵੀ ਸਮਾਜਿਕ ਕੰਮ ਕਰੇ ਜਾਂ ਸੱਭਿਆਚਾਰਕ ਮੈਂ ਉਸ ਨੂੰ ਕਿਵੇਂ ਰੋਕ ਸਕਦਾਂ।’
ਵਾਰ-ਵਾਰ ਪੁੱਛੇ ਜਾਣੇ `ਤੇ ਤੇਰਾ ਉਸ ਵਾਰ ਦਾ ਉੱਤਰ ਥੋੜ੍ਹੀ ਕੁ ਤਲ਼ਖ-ਬਾਣੀ `ਚ ਬਦਲ ਗਿਆ।
ਫਿਰ ਵੀ ਸ਼ੁਕਰ ਕਰ ਤੂੰ ਨੇੜੇ ਹੀ ਬਚ ਗਿਆ। ਨਹੀਂ ਤਾਂ ਦੇਸ਼-ਧਰੋਹੀ, ਜੇਲ੍ਹ-ਬੰਦੀ ਵਰਗੇ ਤਗ਼ਮੇ ਸੌਖਿਆਂ ਹੀ ਲਟਕ ਜਾਣੇ ਸਨ ਤੇਰੇ ਗਲੇ `ਚ। ਇਹ ਤੇਰੀ ਕਾਬਲੀਅਤ ਸੀ ਜਾਂ ਮਹਿਕਮਾਨਾਂ ਬਾਰੀਕੀਆਂ ਦੀ ਡੂੰਘੀ ਜਾਣਕਾਰੀ ਕਿ ਤੈਨੂੰ ਮਿਲੀ ਸਜ਼ਾ ਕੇਵਲ ਮੁਅੱਤਲੀ ਤੱਕ ਹੀ ਸੀਮਤ ਰਹੀ। ਪਰ, ਪੱਕੀ ਗੱਲ ਇਹ ਐ ਕਿ ਤੂੰ ਇਸ ਨੂੰ ਵਾਰਨਿੰਗ ਹੀ ਸਮਝ-‘ਜੇ ਮੁੜ ਕਿਸੇ ਨਾਲ ਐਹੀ ਜਿਹੀ ਬਹਿਸਬਾਜ਼ੀ ਕੀਤੀ ਤਾਂ ਬਰਖਾਸਤੀ ਨੋਟਿਸ ਤੇਰੇ ਹੱਥਾਂ `ਚ ਹੋਵੇਗਾ। ਫਿਰ ਤੁਰਿਆ ਫਿਰੀਂ ਐਧਰ-ਓਧਰ ਟੱਕਰਾਂ ਮਾਰਦਾ। ਕੋਰਟ ਕਚਹਿਰੀ ਸਮੇਤ ਉੱਪਰ ਤੱਕ ਤੇਰੀ ਇਕ ਨਹੀਂ ਸੁਣਨੀ ਕਿਸ ਨੇ।’
ਤੇ ਬੱਸ…ਤੇਰੀ ਉਸ ਵਾਰ ਦੀ ਹੁਕਮ-ਅਦੂਲੀ ਦਾ ਸਿੱਟਾ ਸੀ-ਤੇਰੇ ਦਫ਼ਤਰੀ ਲੈਪ-ਟਾਪ `ਤੇ ਛਪੀ ਤੇਰੀ ਮੁਅੱਤਲੀ ਦੀ ਇਬਾਰਤ, ਜਿਸ ਨੂੰ ਪੜ੍ਹ ਕੇ ਇਹ ਬਹੁਤ ਰੋਈ ਸੀ। ਪਹਿਲਾਂ ਆਪਣੀ ਸੀਟ `ਤੇ ਬੈਠੀ ਫਿਰ ਤੇਰੇ ਕਮਰੇ `ਚ ਆ ਕੇ। ਤੂੰ ਇਬਾਰਤੀ-ਹੁਕਮ ਪੜ੍ਹ ਕੇ ਏਨਾਂ ਪ੍ਰੇਸ਼ਾਨ ਨਹੀਂ ਸੀ ਹੋਇਆ, ਜਿੰਨਾ ਇਹਨੂੰ ਰੋਂਦੀ ਨੂੰ ਦੇਖ ਕੇ ਹੋਇਆ ਸੀ। ਕਈ ਸਾਰੇ ਯਤਨ ਕਰਨੇ ਪਏ ਸਨ ਤੈਨੂੰ ਇਸਨੂੰ ਢਾਰਸ ਦੇਣ ਲਈ, ਤੂੰ ਬੇ-ਹੱਦ ਠਰ੍ਹਮੇ ਨਾਲ ਆਖਿਆ ਸੀ “ਹੌਸਲਾ ਰੱਖ ਬੀਬਾ, ਹਿੰਮਤ ਕਰ। ਮੇਰੇ ਲਈ ਇਹ ਕੋਈ ਨਵੀਂ ਗੱਲ ਨਈਂ। ਇਹ ਬਦਲੀਆਂ ਚਾਰਜਸ਼ੀਟਾਂ-ਮੁਅੱਤਲੀਆਂ ਤਾਂ ਮੇਰੇ ਪਿੱਛੇ-ਪਿੱਛੇ ਹੀ ਰਹਿੰਦੀਆਂ। ਕਈ ਵਾਰ ਤਾਂ ਮੇਰੇ ਪੁੱਜਣ ਤੋਂ ਪਹਿਲਾਂ ਹੀ ਅੱਪੜ ਜਾਂਦੀਆਂ ਅਗਲੀ ਥਾਂ `ਤੇ। ਤੂੰ ਕਾਨੂੰ ਦਿਲ ਛੋਟਾ ਕਰਦੀ ਐਂ। ਹਿੰਮਤ ਰੱਖ। ਜਿਹਨੇ ਵੀ ਗਲ਼ਤ-ਮਲਤ਼ ਹੁਕਮਾਂ ਤੋਂ ਇਨਕਾਰੀ ਹੋਣਾ, ਉਹਨੂੰ ਐਹੋ ਜਿਹੀ ਬਦਸਲੂਕੀ ਤਾਂ ਝੱਲਣੀ ਹੀ ਪਊ!”
“ਨਈਂ ਝੱਲ ਹੋਈ…ਸਰ ਏਨ੍ਹਾਂ ਤੋਂ! …ਮੁੜ ਘੜੀ ਦੀ ਬਦਲੀ ਨੂੰ …ਹੇਠੀ ਮੰਨਿਆ ਸੀਈ ਇਨ੍ਹਾਂ। …ਡਾਵਾਂਡੋਲ ਹੋਏ ਸਲਫਾਸ ਨਿਗਲ ਕੇ…”, ਰੁਕ-ਰੁਕ ਕੇ ਦੱਸਦੀ ਦਾ ਉਸ ਦਿਨ ਜਿਵੇਂ ਕੜ੍ਹ ਹੀ ਪਾੜ ਗਿਆ ਸੀ ਇਸਦਾ।’
ਉਸ ਵਾਰ ਦਾ ਵਿਰਲਾਪ ਤੇਰੇ ਤੋਂ ਦੇਖ-ਸਹਾਰ ਨਹੀਂ ਸੀ ਹੋਇਆ। ਆਪਣੀ ਸੀਟ ਤੋਂ ਉੱਠਕੇ ਤੂੰ ਇਸਦੇ ਲਾਗੇ ਜਾ ਖੜੋਇਆ ਸੀ। ਇਸਦਾ ਸਿਰ-ਮੂੰਹ ਪਲੋਸਦੇ ਨੇ ਮਸਾਂ ਰੋਣੋਂ ਰੋਕਿਆ ਸੀ। ਇਸ ਦੇ ਘਰ-ਬਾਹਰ, ਬਾਲ-ਬੱਚਿਆਂ ਬਾਰੇ ਪੁੱਛਣਾ, ਤੈਨੂੰ ਉਸ ਦਿਨ ਮੁਨਾਸਿਬ ਨਹੀਂ ਸੀ ਲੱਗਾ। ਉਂਝ ਉਸ ਦਿਨ ਦੇ ਤੇਰੇ ਵਿਹਾਰ ਨੇ ਇਸ ਨੂੰ ਢਾਰਸ ਵੀ ਬਹੁਤ ਦਿੱਤੀ ਸੀ ਅਤੇ ਤੇਰੇ ਲਈ ਬਣਿਆ ਮਾਣ-ਸਤਿਕਾਰ ਹੋਰ ਵੀ ਵਧ ਗਿਆ ਸੀ।
ਇਹ ਉਸ ਮਾਣ-ਸਤਿਕਾਰ ਦਾ ਹੀ ਹਿੱਸਾ ਕਿ ਤੂੰ ਹੁਣ ਤਕ ਯਾਦ ਰੱਖਿਆ ਇਸ ਨੂੰ। ਮੁਅੱਤਲੀ ਹੁਕਮ ਰੱਦ ਕਰਵਾ ਕੇ ਮੁੜੇ ਨੂੰ ਤੈਨੂੰ ਇਹ ਦਫ਼ਤਰ ਨਹੀਂ ਸੀ ਲੱਭੀ। ਲੱਭਦੀ ਵੀ ਕਿਵੇਂ! ਇਸ ਨੂੰ ਮੰਜੇ ਤੱਕ ਸੀਮਤ ਕਰਨ ਵਿਚ ਇਸਦੇ ਘਰ ਨਾਲੋਂ ਵੱਧ ਤੇਰੇ ਦਫ਼ਤਰ ਦਾ ਹਿੱਸਾ ਐ! …ਤੇਰੀ ਥਾਂ ਆਉਣ ਵਾਲਾ ਅਧਿਕਾਰੀ ਤੇਰੇ ਵਰਗਾ ਕੋਮਲ ਚਿੱਤ ਨਹੀਂ ਸੀ। ਪੂਰਾ ਹਠੀ ਤੇ ਅੜੀਅਲ ਸੀ। ਉਂਝ ਵੀ ਹੁਸ਼ਿਆਰ। ਪੂਰੀ ਬਿੜਕ ਰੱਖਦਾ ਸੀ ਉੱਪਰਹੇਠਾਂ ਦੀ। ਇਕੱਲੀ ਬਿੜਕ ਹੀ ਨਹੀਂ ਪੂਰੀ ਸਮਰੱਥਾ ਰੱਖਦਾ ਸੀ ਆਸੇਪਾਸੇ, ਉੱਪਰਹੇਠਾਂ ਅਨੁਸਾਰ ਢਲਣ-ਸਮੋਣ ਦੀ। ਇਸਨੂੰ ਵੀ ਉਸਨੇ ਆਪਣੇ ਹਿਸਾਬ ਨਾਲ ਢਾਲਣ-ਤੋਰਨ ਦੇ ਯਤਨ ਕੀਤੇ। ਬਣਦੀ ਹੱਦ ਤੱਕ ਇਹ ਤੁਰਦੀ ਵੀ ਰਹੀ। ਪਰ, ਇੱਕ ਥਾਂ ਪੁੱਜ ਕੇ ਇਸ ਤੋਂ ਉਸਦੀ ਹਰਕਤ ਬਰਦਾਸ਼ਤ ਨਹੀਂ ਸੀ ਹੋਈ। ਉਸ ਵਲੋਂ ਬੋਲੀ ਇਬਾਰਤ-ਕਾਪੀ ਵਗਾਹ ਕੇ ਮਾਰੀ ਸੀ ਇਸ ਨੇ। ਇਹ ਕਾਪੀ ਮੇਜ਼ `ਤੇ ਤਿਲਕਣ ਦੀ ਥਾਂ ਥੋੜੀ ਕੁ ਹਵਾ `ਚ ਉੱਲਰ ਗਈ। ਸਾਹਮਣੇ ਆਰਾਮ ਕੁਰਸੀ ਵਰਗੀ ਲੇਟਵੀਂ ਮੁਦਰਾ ‘ਚ ਝੂਲਦੇ ਸਾਹਿਬ ਦੇ ਮੂੰਹ-ਸਿਰ `ਚ ਨਹੀਂ ਵੱਜੀ, ਤਾਂ ਵੀ ਇਸ ਨੂੰ ਹੁਕਮ-ਅਦੂਲੀ ਸਮੇਤ ਸ਼ਖ਼ਸੀ-ਹਮਲਾ ਸੌਖਿਆਂ ਹੀ ਗਰਦਾਨ ਦਿੱਤਾ ਗਿਆ। ਸਿੱਟੇ ਵਜੋਂ ਅਗਲੇ ਹੀ ਦਿਨ ਤੋਂ ਇਹ ਹਰਕਤ ਚਾਰਜਸ਼ੀਟ `ਤੇ ਤੁਰਦੀ ਛਾਂਟੀ ਨੋਟਿਸ ਤੱਕ ਪੁੱਜ ਗਈ ਸੀ। ਇਸ ਦੇ ਕੋਮਲ-ਚਿੱਤ ਲਈ ਦੂਜਾ ਵੱਡਾ ਝਟਕਾ ਸੀ ਇਹ। ਇਸ ਤੋਂ ਰਤੀ ਭਰ ਵੀ ਬਰਦਾਸ਼ਤ ਨਹੀਂ ਸੀ ਹੋਇਆ। ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨ ਦੀ ਨਾ ਹਿੰਮਤ ਬਚੀ ਸੀ, ਨਾ ਸੁੱਧ-ਬੁੱਧ। ਛੇਤੀ ਹੀ ਇਹ ਮਨੋ-ਸਥਿਤੀ ਦਿਮਾਗੀ-ਅਸਥਿਰਤਾ `ਚ ਬਦਲ ਗਈ, ਕਿਸੇ ਨਾ-ਮੁਰਾਦ ਬੀਮਾਰੀ ਨੇ ਕਿੰਨਾ ਕੁਝ ਭੁੱਲਦਾ ਕਰ ਦਿੱਤਾ। ਜੋ ਕੁਝ ਯਾਦ ਰਿਹਾ, ਉਹ ਅਸਲੋਂ ਹੀ ਬੇ-ਤਰਤੀਬਾ। ਲਗਾਤਾਰ ਬੋਲੀ ਜਾਣ ਨੂੰ ਡਾਕਟਰ ਵੱਖਰੀ ਤਰ੍ਹਾਂ ਦਾ ਨੁਕਸ ਦੱਸਦੇ ਰਹੇ। ਕੋਈ ਵੀ ਦਵਾਈ ਕਾਰਗਰ ਸਿੱਧ ਨਾ ਹੋਈ। ਛੋਟੇ ਛੋਟੇ ਬਾਲ ਇਹਨੂੰ ਫੜ-ਫੜ ਕੇ ਮਸਾਂ ਘਰ ਲਿਆਉਂਦੇ।
ਇਸ ਬੇ-ਹਿਸਾਬੀ ਹਿਲਜੁਲ ਨੇ ਇਸਦੀ ਸਰੀਰਕ ਸਮਰੱਥਾ ਸਮੇਤ ਯਾਦ-ਸ਼ਕਤੀ ਨੂੰ ਹੋਰ ਦੀ ਘਟਦਾ ਕਰ ਦਿੱਤਾ। ਪਰ, ‘ਮੈਨੂੰ ਮੇਰੇ ਘਰ ਛੱਡ ਆਓ’ ਦੀ ਇਬਾਰਤ ਜਿਵੇਂ ਪੱਕੀ-ਠੱਕੀ ਇਸਦੇ ਮਨ-ਮਸਤਕ `ਤੇ ਉੱਕਰੀ ਰਹੀ, ਰਾਤ-ਪੁਰ-ਦਿਨੇ ਬੱਸ ਇਕੋ ਹੀ ਰਟ-‘ਏਹ ਮੇਰਾ ਘਰ ਨਈਂ, ਮੈਨੂੰ ਮੇਰੇ …।’ ਜਿਸ ਨੂੰ ਇਹ ਮੇਰਾ ਘਰ ਕਹਿੰਦੀ ਐ, ਉਸਦੀ ਇਕ ਛੋਟੀ ਜਿਹੀ ਦਾਸਤਾਨ ਐ। ਤੈਨੂੰ ਇਹ ਭਾਵੇਂ ਐਵੇਂ-ਕਿਵੇਂ ਵੀ ਲੱਗੇ, ਪਰ ਹੈ ਥੋੜਾ ਅਰਥ-ਭਰਪੂਰ।
…ਪਤੀ ਨੂੰ ਸਰਕਾਰੀ ਨੌਕਰੀ ਮਿਲਣ `ਤੇ ਇਹਨੂੰ ਪਿੰਡ ਤੋਂ ਸ਼ਹਿਰ ਆਉਣਾ ਪਿਆ। ਥੋੜਾ ਚਿਰ ਕਿਰਾਏ ਦੇ ਕਮਰਿਆਂ `ਚ ਰਹੀ, ਫਿਰ ਆਏ ਦਿਨ ਦੀ ਅਦਲਾ-ਬਦਲੀ ਤੋਂ ਮੁਕਤ ਹੋਣ ਲਈ ਇਕ ਘਰ ਖ਼ਰੀਦ ਲਿਆ, ਛੋਟਾ ਜਿਹਾ। ਸੰਘਣੀ ਵਸੋਂ, ਨਾਲ ਨਾਲ ਜੁੜਵੇਂ ਮਕਾਨ। ਤੰਗ ਜਿਹੀ ਗਲੀ। ਖੜ੍ਹੇ ਪੈਰ ਏਨੀਂ ਕੁ ਹੀ ਗੁੰਜਾਇਸ਼ ਬਣੀ। ਤਾਂ ਵੀ, ਇਸ ਨੂੰ ਆਪਣਾ ਕਹਿਣ ਦਾ ਚਾਅ ਆਪਣੀ ਤਰ੍ਹਾਂ ਦਾ ਹੁਲਾਸ ਦਿੰਦਾ ਸੀ। ਇਹ ਹੁਲਾਸ ਸੀ ਜਾਂ ਪਤੀ ਦਾ ਅਫ਼ਸਰੀ ਅਹੁਦਾ, ਇਹ ਪੈਂਦੀ ਸੱਟੇ ਆਂਢ-ਗੁਆਂਢ `ਚ ਭਿੱਜੀ ਨਾ। ਆਂਢੀ-ਗੁਆਂਢੀ ਸਨ ਵੀ ਸਾਧਾਰਨ ਲੋਕ। ਬਹੁਤੇ ਕੰਮ-ਕਾਜੀ, ਥੋੜੇ ਕੁ ਨੌਕਰੀਸ਼ੁਦਾ। ਕੰਮ-ਕਾਜ ਵੀ ਨਿੱਕਾ-ਮੋਟਾ, ਸਾਈਕਲਸਕੂਟਰ ਮਕੈਨਿਕ, ਦਿਹਾੜੀਦਾਰ, ਮਿਸਤਰੀ ਜਾਂ ਆਈ-ਚਲਾਈ ਵਾਲੇ ਛੋਟੇ ਦੁਕਾਨਦਾਰ। ਪਰ, ਘਰ ਮਾਲਕੀ ਸਭ ਦੀ ਆਪਣੀ। ਉਹ ਇਕ ਦੂਜੇ ਦੇ ਘਰੀਂਵਿਹੜੀਂ ਬੇਝਿਜਕ ਹੋ ਕੇ ਵਿਚਰਦੇ। ਇਹਨੂੰ ਵੀ ਆਪਣੀ ਭੁੱਲ ਦਾ ਪਛਤਾਵਾ ਹੋਣ ਲੱਗਾ। ਪਹਿਲਾਂ ਵਾਲੀ ਸੰਗ-ਝਿਜਕ ਛੱਡ ਕੇ ਇਹ ਵੀ ਉਨ੍ਹਾਂ ਵਰਗੀ ਬਣਦੀ ਗਈ। ਕਿਸ਼ੋਰ ਉਮਰੀ ਸੁਆਣੀਆਂ ਸਿਰੇ ਦਾ ਹਾਸਾ-ਠੱਠਾ ਕਰਦੀਆਂ ਇਹ ਨੂੰ ਵੀ ਸ਼ਾਮਿਲ ਕਰਦੀਆਂ ਗਈਆਂ। ਇਸ ਦੇ ਘਰ ਜਨਮੇ ਦੋਨੋਂ ਬਾਲ ਵੀ ਜਿਵੇਂ ਇਸਦੇ ਘੱਟ ਉਨ੍ਹਾਂ ਦੇ ਵੱਧ ਹੋਣ। ਇਹਨੇ ਹੋਰ ਵੇਲਾ ਸਾਂਭਿਆ। ਅਧਵਾਟੇ ਰੁਕੀ, ਦਫ਼ਤਰੀ ਨੌਕਰੀ ਲਈ ਲੋੜੀਂਦੀ ਯੋਗਤਾ ਪੂਰੀ ਕਰ ਲਈ। ਪਤੀ ਨੇ ਨੱਠ-ਭੱਜ ਕਰ ਕੇ ਤੇਰੇ ਮਹਿਕਮੇ `ਚ ਸਟੈਨੋ ਭਰਤੀ ਕਰਵਾ ਲਿਆ। ਬੱਸ ਐਥੇ ਕੁ ਪੁੱਜ ਕੇ ਇਹਦੇ ਪੈਰ ਥੋੜਾ ਕੁ ਉੱਖੜ ਜਿਹੇ ਗਏ। ਥੋੜੀ ਕੁ ਅਟਕ-ਮਟਕ ਦੀ ਲਪੇਟ `ਚ ਆ ਗਈ। ਇਹਨੇ ਪਤੀ `ਤੇ ਜ਼ੋਰ ਪਾ ਕੇ ਇਕ ਪਲਾਟ ਖ਼ਰੀਦ ਲਿਆ, ਨਵੀਂ ਉੱਸਰਦੀ ਕਲੋਨੀ `ਚ। ਦੌੜ-ਭੱਜ ਕਰਦਿਆਂ ਵੀ ਕੋਠੀ ਉਸਾਰਨ `ਚ ਦੋ ਸਾਲ ਲੱਗ ਗਏ। ਕੋਠੀ ਸੀ ਤਾਂ ਸ਼ਹਿਰੋ ਬਾਹਰ। ਖੁੱਲ੍ਹੀ-ਮੋਕਲ੍ਹੀ ਫਿਜ਼ਾ। ਇਸ ਦੇ ਸੱਜੇ-ਖੱਬੇ ਵੀ ਇਕੋ-ਜਿਹੀਆਂ ਹੀ ਇਮਾਰਤਾਂ। ਕੋਈ ਇਕ-ਮੰਜ਼ਲੀ ਕੋਈ ਦੋ-ਢਾਈ। ਪਰ, ਇਨ੍ਹਾਂ ਘਰਾਂ-ਕੋਠੀਆਂ ਦਾ ਆਪਸੀ ਮੇਲ-ਮਿਲਾਪ ਕਰੀਬ ਕਰੀਬ ਜ਼ੀਰੋ ਸੀ। ਨਾ ਕਿਸੇ ਦੀ ਇਕ-ਦੂਜੇ ਨਾਲ ਹੈਲੋ-ਹੈਲੋ, ਨਾ ਇਕਦੂਜੇ ਦਾ ਦੁੱਖ-ਸੁੱਖ। ਜਿਹੋ ਜਿਹੇ ਵੱਡੇ ਜੀਅ, ਅਗਾਂਹ ਉਹੋ ਜਿਹੇ ਛੋਟੇ ਬਾਲ। ਸਭ ਆਪੋ ਆਪਣੇ ਮੋਬਾਈਲਾਂ `ਚ ਗੁੰਮ। ਨਾ ਕੋਈ ਖੇਡ ਦਿਲਚਸਪੀ ਨਾ ਰੰਗ ਰੰਗੀਲੀ ਦੌੜ-ਭੱਜ। ਇਸ ਥਾਂ ਰਹਿਣ ਵਾਲੇ ਜਾਂ ਤਾਂ ਵੱਡੇ ਕਾਰੋਬਾਰੀ ਸਨ ਜਾਂ ਅਧਿਕਾਰੀ, ਉਨ੍ਹਾਂ ਦਾ ਸਵੇਰੇ ਘਰੋਂ ਜਾਣ ਦਾ ਸਮਾਂ ਤਾਂ ਤੈਅ ਸੀ, ਪਰ ਪਰਤ ਕੇ ਆਉਣ ਦਾ ਨਹੀਂ। ਇਨ੍ਹਾਂ ਦੀਆਂ ਘਰ-ਗ੍ਰਹਿਣੀਆਂ ਹੋਰ ਵੀ ਅੰਤਰ-ਮੁਖੀ, ਇਕੱਲ-ਵਾਸੀ। ਉਨ੍ਹਾਂ ਦਾ ਬਹੁਤਾ ਸਮਾਂ ਮੂੰਹ-ਸਿਰ ਸੁਆਰਨੇ ‘ਚ ਲੰਘਦਾ ਜਾਂ ਬਾਜ਼ਾਰੀ ਗੇੜਿਆਂ ਵਿਚ। ਹਰ ਕਿਸੇ ਦਾ ਆਪੋਆਪਣਾ ਦਾਇਰਾ, ਆਪੋ-ਆਪਣੇ ਖੋਲ। ਜਿਨ੍ਹਾਂ ਵਿਚੋਂ ਕਦੇ-ਕਦਾਈਂ ਬਾਹਰ ਵੱਲ ਝਾਕਦੀਆਂ, ਇਹ ਕਿਸੇ ਓਪਰੇ ਗ੍ਰਹਿ ਦੇ ਜੀਵ-ਜੰਤੂ ਜਾਪਦੀਆਂ।
ਨਵੀਂ ਕੋਠੀ `ਚ ਪੁੱਜ ਕੇ ਇਹਨੂੰ ਹੋਈ ਨਿਰਾਸ਼ਾ ਪਹਿਲਾਂ ਫਿਕਰਮੰਦੀ `ਚ ਬਦਲ ਗਈ ਫਿਰ ਉਦਾਸੀ `ਚ। ਸਵੇਰੇ ਸਕੂਲ ਗਏ ਬੱਚੇ ਛੁੱਟੀ ਵੇਲੇ ਪੁਰਾਣੇ ਘਰ ਚਲੇ ਜਾਂਦੇ। ਬਿਨਾਂ ਕੁਝ ਖਾਦੇ-ਪੀਤੇ ਮੇਲੀਆਂ-ਹਮਜੋਲੀਆਂ ਨਾਲ ਖੇਡਦੇ ਰਹਿੰਦੇ। ਸ਼ਾਮੀਂ ਦਫ਼ਤਰੋਂ ਮੁੜਦੀ ਇਹ ਆਪ ਉਨ੍ਹਾਂ ਨੂੰ ਓਧਰੋਂ ਲਿਆ ਕੇ ਸੰਭਲਦੀ। ਅਦਲੀਆਂ-ਬਦਲੀਆਂ ਦੇ ਗੇੜ `ਚ ਉਲਝਿਆ ਪਤੀ ਕਿਧਰੇ ਛੁੱਟੀ ਵਾਲੇ ਦਿਨ ਹੀ ਘਰ ਹੁੰਦਾ। ਸਾਰਾ ਹਫ਼ਤਾ ਤੇਰੀ ਸਟੈਨੋ ਜਿਵੇਂ ਸੂਲੀ `ਤੇ ਟੰਗ ਹੋਈ ਰਹਿੰਦੀ।
ਇਹ ਵਰਤਾਰਾ ਵੀ ਬਹੁਤਾ ਚਿਰ ਨਾ ਚੱਲਿਆ, ਬਸ…ਥੋੜ੍ਹੇ ਕੁ ਚਿਰੀਂ ਚਾਣਚੱਕ ਇਹਦੇ ਗਲੇ ਆ ਪਏ ਨਾਗ਼ਵਲੀ ਫੰਦੇ ਨੇ ਤਾਂ ਜਿਵੇਂ ਇਹਦਾ ਸਾਹ-ਸੱਤ ਹੀ ਘੁੱਟਦਾ ਕਰ ਦਿੱਤਾ।
ਉਸ ਵਾਰ ਘਰ ਪਰਤਿਆ ਪਤੀ ਅਗਲੇ ਦਿਨ ਵਾਪਸ ਨਾ ਗਿਆ। ਉਸ ਤੋਂ ਅਗਲੇ ਦਿਨ ਵੀ। ਚਾਰ-ਪੰਜ ਦਿਨ ਇਵੇਂ ਲੰਘ ਗਏ। ਉਹ ਨਾ ਕੁਝ ਬੋਲੇ, ਨਾ ਦੱਸੇ। ਇਸ ਦੇ ਪੁੱਛਣ `ਤੇ ਹੂੰ-ਹਾਂ ਕਰ ਛੱਡੇ। ਆਖਿਰ ਤੰਗ ਪਏ ਨੇ ਹੋਰ ਈ ਘੁੰਢੀ ਖੋਲ਼੍ਹ ਦਿੱਤੀ ‘ਉਸਦੀ ਸਰਹੱਦੀ ਜ਼ਿਲ੍ਹੇ `ਚ ਕੀਤੀ ਬਦਲੀ ਉਸਤੋਂ ਬਰਦਾਸ਼ਤ ਨਹੀਂ ਸੀ ਹੋਈ। ਉਸ ਥਾਂ ਤਾਇਨਾਤ ਸਾਰੇ ਅਫ਼ਸਰ ਇਕੋ ਰਾਹ ਦੇ ਰਾਹੀ ਗਿਣ ਹੁੰਦੇ ਸਨ। ਉਸ ਨੂੰ ਜਾਣ-ਬੁੱਝ ਕੇ ਸਰਹੱਦੀ ਰੰਗ `ਚ ਰੰਗਿਆ ਗਿਆ ਸੀ। ਉਸਨੇ ਸੌ ਉਪਰਾਲੇ ਕੀਤੇ। ਵੱਡੀ ਤੋਂ ਵੱਡੀ ਕੁਰਸੀ ਤੱਕ ਦੇ ਤਰਲੇ ਮਿੰਨਤਾਂ ਕੀਤੀਆਂ ਪਰ, ਸਭ ਵਿਅਰਥ।’
ਹੇਠੀ-ਨਮੋਸ਼ੀ `ਚ ਘਿਰਿਆ ਉਹ ਇਕ ਦਿਨ ਨੂਰੀ ਦੇ ਘਰ ਪਰਤਣ ਤੋਂ ਪਹਿਲਾਂ ਹੀ ਦੂਰ-ਪਾਰ ਦੀ ਉਡਾਰੀ ਮਾਰ ਗਿਆ। ਸਾਹਮਣੇ ਪਈ ਲਾਸ਼ ਵੱਲ ਦੇਖਦੀ, ਇਹ ਸਿਰ ਤੋਂ ਪੈਰਾਂ ਤੱਕ ਮਿੱਟੀ ਹੋ ਗਈ। ਸੁੰਨ-ਵੱਟਾ ਹੋਈ ਨੂੰ ਘੜੀ-ਪਲ ਤਾਂ ਸਮਝ ਹੀ ਨਹੀਂ ਲੱਗੀ ਕਿ ਹੋਇਆ ਕੀ ਐ! ਉਸਦੇ ਸਾਲਮ-ਸਬੂਤੇ ਮਰਦ ਨੇ ਧੋਖਾ ਕਿਉਂ ਦਿੱਤਾ ਉਸਨੂੰ, ਉਸਦੇ ਬਾਲ-ਪ੍ਰਵਾਹ ਨੂੰ!.. ਇਹੋ ਜਿਹੀਆਂ ਤਾਂ ਅਖ਼ਬਾਰੀ ਖ਼ਬਰਾਂ ਹੀ ਉਸਦਾ ਸਾਹ-ਸੂਤ ਲਿਆ ਕਰਦੀਆਂ ਸਨ।
ਉਹੀ ਵਰਤਾਰਾ ਆਪਣੇ ਘਰ, ਆਪਣੇ ਸੌਣ ਕਮਰੇ `ਚ ਵਾਪਰਿਆ ਦੇਖ, ਉਸ ਅੰਦਰੋਂ ਉੱਠਿਆ ਰੋਣ-ਉਬਾਲ, ਇਕ-ਦੋ ਚੀਕਾਂ-ਲੇਰਾਂ ਪਿੱਛੋਂ ਬੰਦ ਹੋ ਗਿਆ। ਸ਼ਾਹ-ਕਾਲੀ ਘੇਰਨੀ `ਚ ਘਿਰੀ ਦੀ ਪਹਿਲਾਂ ਸੁੱਧ-ਬੁੱਧ ਜਾਂਦੀ ਰਹੀ, ਫਿਰ ਬੇ-ਹੋਸ਼ ਹੋਈ ਹੇਠਾਂ ਡਿੱਗ ਪਈ ਫ਼ਰਸ਼ `ਤੇ। ਉਸਦੀ ਸਕੂਟਰੀ ਪਿੱਛੇ ਬੈਠ ਕੇ ਘਰ ਆਏ ਦੋਨੋਂ ਬੱਚੇ, ਨਾ ਉਸ ਨੂੰ ਉਠਾਲਣ ਜੋਗੇ ਸਨ ਨਾ ਸੰਭਾਲਣ ਜੋਗੇ। ਰੋਣ-ਕੁਰਲਾਉਣ ਤੋਂ ਸਿਵਾ, ਉਨ੍ਹਾਂ ਪਾਸ ਕੋਈ ਚਾਰਾ ਨਹੀਂ ਸੀ ਬਚਿਆ। ਮੋਢੇ ਲਟਕਦਾ ਬਸਤਾ ਵਗਾਹ ਕੇ ਸੁੱਟਦਾ ਇਕ ਜਣਾ ਦੋ ਕੁ ਪਲਾਟ ਹਟਵੇਂ ਨੇੜਲੇ ਘਰ ਵੱਲ ਦੌੜਿਆ। ਕਾਫੀ ਸਾਰੀ ਉਡੀਕ ਪਿੱਛੋਂ ਇਕ ਅੱਧ-ਨੰਗੀ ਸੁਆਣੀ ਉਬਾਸੀਆਂ ਲੈਂਦੀ ਗੇਟ ਖੋਲ੍ਹ ਕੇ ਉਸਦੇ ਸਾਹਮਣੇ ਸੀ। ਖਿੱਲਰੇ ਵਾਲ ਸੁਆਰਦੀ ਨੇ ਉੱਸਨੇ ਬੱਚੇ ਦਾ ਰੋਣ-ਧੋਣ ਸੁਣਿਆ। ‘ਚੱਲ ਮੈਂ ਆਈ’ ਆਖ ਕੇ ਉਹ ਵਾਪਸ ਅੰਦਰ ਮੁੜ ਗਈ। ਅੰਦਰੋਂ, ਕਿਸੇ ਥਾਂ ਟੈਲੀਫੋਨ ਕਰ ਕੇ ਉਸਨੇ ਗੁਆਂਢ ਵਾਪਰੇ ਹਾਦਸੇ ਦਾ ਸਾਰ-ਅੰਸ਼ ਦੱਸ ਦਿੱਤਾ। ਥੋੜੇ ਕੁ ਚਿਰ ਪਿੱਛੋਂ ਉਸਦੇ ਪਤੀ ਦੀ ਬਜਾਏ ਕੋਈ ਨੌਕਰ ਮੁੰਡਾ ਸਕੂਟਰ ਭਜਾਉਂਦਾ ਪਹਿਲਾਂ ਉਸ ਪਾਸ ਪੁੱਜਾ ਫਿਰ ਬੇਹੋਸ਼ ਡਿੱਗੀ ਨੂਰੀ ਪਾਸ। ਉਸਨੇ ਹਿੰਮਤ ਕਰਕੇ ਨੂਰੀ ਦੇ ਸਿਰ ਮੂੰਹ `ਤੇ ਛਿੱਟੇ ਮਾਰੇ। ਉਸ ਨੂੰ ਬੈਠਦੀ ਕਰ ਕੇ ਰੋਣ ਜੋਗਾ ਕਰ ਲਿਆ। ਪਰ, ਝੱਟ ਹੀ ਕਮਲਿਆਂ ਵਾਂਗ ਅਵਾ-ਤਵਾ ਬੋਲਦੀ ਅੰਦਰ-ਬਾਹਰ ਘੁੰਮਣ ਲੱਗੀ ਨੂੰ ਰੋਕਣ-ਸੰਭਾਲਣ ਦੀ ਉਸਦੀ ਹਿੰਮਤ ਨਾ ਹੋਈ।
ਦਿਨ ਢਲਦਿਆਂ ਨੂਰੀ ਦੇ ਨਵੇਂ ਘਰ ਦੇ ਆਂਢ-ਗੁਆਂਢ ਨਾਲੋਂ ਕਿਤੇ ਵੱਧ ਉਸਦੇ ਪਹਿਲੇ ਘਰ ਦੇ ਮੇਲੀ-ਗੇਲੀ, ਉਸ ਸਮੇਤ ਬਾਲਾਂ ਨੂੰ ਸੰਭਾਲਦੇ-ਵਰਚਾਉਂਦੇ ਅਗਲੇ ਕਿਰਿਆਕਾਰਜ ਵਿਚ ਰੁੱਝੇ ਰਹੇ।
ਨਵੇਂ ਘਰ `ਚ ਆਈ ਨੂੰ ਲੱਗੇ ਇਸ ਪਹਿਲੇ ਝਟਕੇ ਨੇ ਇਸ ਨੂੰ ਸਾਲ ਭਰ ਪੈਰੀਂ ਨਹੀਂ ਸੀ ਆਉਣ ਦਿੱਤਾ। ਕਿਸੇ ਵੀ ਸਾਕ-ਸੰਬੰਧੀ ਨੇ ਬਾਂਹ ਨਾ ਫੜੀ। ਆਖਿਰ ਇਸਦੀ ਬਿਰਧ ਮਾਂ ਨੂੰ ਹੀ ਹੱਡਗੋਡੇ ਜੋੜਨੇ ਪਏ! ਮਾਂ ਵੀ ਉਮਰੋਂ ਆਤਰ ਤੇ ਅੱਖਾਂ ਤੋਂ ਹੀਣੀ ਸੀ। ਦਿਨ ਵੇਲੇ ਉਸ ਨੂੰ ਥੋੜਾ-ਬਹੁਤ ਦਿਸਦਾ ਸੀ, ਰਾਤ ਵੇਲੇ ਉਹ ਵੀ ਖ਼ਤਮ। ਉਹਨੇ ਟੋਹ-ਟੱਕਰਾਂ ਮਾਰਦੀ ਨੇ ਲਾਵਾਰਸ ਹੋਏ ਦੋਨੋਂ ਬਾਲ ਸਾਂਭੇ ਤਾਂ ਜ਼ਰੂਰ, ਪਰ ਨਾ ਤਾਂ ਉਹ ਠੀਕ ਤਰ੍ਹਾਂ ਪੜ੍ਹ ਸਕੇ, ਨਾ ਰਹਿ-ਵਿਚਰ ਸਕੇ। ਜਿੰਨਾ ਕੁ ਮਿਲਿਆ, ਜਿਵੇਂ ਦਾ ਮਿਲਿਆ ਖਾ-ਪੀ ਲਿਆ। ਨਹੀਂ ਤਾਂ ਭੁੱਖੇਤਿਹਾਏ ਡੌਰ-ਭੌਰ ਹੋਏ ਰਹਿੰਦੇ। ਡੂਢ-ਦੋ-ਸਾਲ ਸਾਰਾ ਟੱਬਰ ਸੁੰਨਵੱਟਾ ਹੋਇਆ ਮਨੂਰਪੱਥਰ ਬਣਿਆ ਰਿਹਾ।
ਕਿਧਰੋਂ ਦੇਸੀ ਦਵਾਈ ਖਾਂਦੀ, ਥੋੜੀ ਕੁ ਠੀਕ ਦਿਸਦੀ ਨੂਰੀ ਦਫ਼ਤਰ ਗਈ ਈ ਗਈ ਤਾਂ ਤੇਰੀ ਥਾਂ ਆਏ ਨਵੇਂ ਸਾਬ੍ਹ ਨੇ ਹੋਰ ਈ ਚੰਦ ਚਾੜ੍ਹ ਦਿੱਤਾ। ਇਹ ਕਿਸੇ ਪਾਸੇ ਜੋਗੀ ਨਾ ਰਹੀ। ਇਸ ਦਾ ਰੁਜ਼ਗਾਰ ਵੀ ਖੁੱਸਦਾ ਹੋ ਗਿਆ ਤੇ ਥੋੜ੍ਹੀ ਕੁ ਠੀਕ ਹੋਈ ਸੁਰਤੀ ਮੁੜ ਵਿਚਲ ਗਈ। ਵਿਚਲ ਕਾਹਦੀ ਗਈ, ਇਕ ਤਰ੍ਹਾਂ ਨਾਲ ਨੀਮ-ਪਾਗ਼ਲਾਂ `ਚ ਸ਼ਾਮਲ ਹੋ ਗਈ!.. ਹੁਣ ਇਸ ਨੂੰ ਸਮਝ ਨਹੀਂ ਲੱਗਦੀ, ਕਰਨਾ ਕੀ ਐ ਤੇ ਕੀ ਨਹੀਂ! ਬੋਲਣਾ ਕੀ ਐ, ਕੀ ਨਹੀਂ!! ਬੱਸ ਇੱਕੋ-ਇਕ ਵਹਿਮ ਜਿਵੇਂ ਇਸ ਦਾ ਸਾਰੇ ਦਾ ਸਾਰਾ ਅੰਦਰ ਮੱਲ ਬੈਠ ਗਿਆ ਹੋਵੇ। ਇਸ ਨੂੰ ਲੱਗਦਾ, ਇਸਦੀ ਇਹ ਹਾਲਤ ਨਵੀਂ ਥਾਂ ਨੇ ਬਣਾਈ ਐ। ਇਸ ਦੀ ਭਲੀ-ਚੰਗੀ ਚੱਲਦੀ ਚਾਲ ਏਸੇ ਨੇ ਉੱਖੜਦੀ ਕੀਤੀ ਐ। ਇਸ ਦੇ ਪਤੀ ਸਮੇਤ ਇਸ ਦਾ ਰੁਜ਼ਗਾਰ ਵੀ ਇਸੇ ਥਾਂ ਨੇ ਖੋਹਿਆ। ਇਹ ਨਵੇਂ ਘਰ ਨੂੰ ਹੀ ਸਭ ਤੋਂ ਵੱਡਾ ਦੋਸ਼ੀ ਗਰਦਾਨਦੀ। ਹਰ ਆਏ-ਗਏ ਮੂਹਰੇ ਪਹਿਲਾ ਤਰਲਾ ਇਹੀ ਕਰੇਗੀ “ ਮੈਨੂੰ ਮੇਰੇ ਘਰ ਛੱਡ ਆਓ…!”
ਪੰਜ-ਛੇ ਦਿਨ ਪਹਿਲਾਂ ਵੀ ਇਵੇਂ ਹੀ ਵਾਪਰਿਆ। ਇਸ ਦੇ ਪਤੀ ਦਾ ਕਿੰਨਾ ਸਾਰਾ ਦਫ਼ਤਰੀ ਅਮਲਾ ਅਫ਼ਸੋਸ ਕਰਨ ਆਇਆ। ਇਹ ਡੌਰ-ਭੌਰ ਹੋਈ ਉਨ੍ਹਾਂ ਵੱਲ ਦੇਖਦੀ ਰਹੀ। ਵਿਚ-ਵਾਰ ਪਹਿਲੋਂ ਵੀ ਆਉਂਦੇ ਰਿਹਾਂ ਦੋ-ਤਿੰਨਾਂ ਨੂੰ ਪਛਾਣਦੀ ਵੀ ਰਹੀ। ਉਹ ਜਿੰਨਾ ਚਿਰ ਬੈਠੇ, ਇਸ ਦੇ ਪਤੀ ਦੀ ਸਿਫ਼ਤ-ਸਲਾਹ ਕਰਦੇ ਰਹੇ। ਉਸਨੂੰ ਨੇਕ-ਦਿਲ, ਮਿਹਨਤੀ, ਨਿੰਦਿਆ-ਚੁਗਲੀ ਤੋਂ ਨਿਰਲੇਪ, ਇਮਾਨਦਾਰ, ਆਪਣੇ ਕੰਮ ਨਾਲ ਕੰਮ ਰੱਖਣ ਵਾਲਾ ਵਰਗੇ ਵਿਸ਼ੇਸ਼ਣਾਂ ਦੇ ਸਿਰੋਪੇ ਦਿੰਦੇ ਰਹੇ। ਹੋਰ ਕਰਦੇ ਵੀ ਕੀ ਹੁਣ! ਉਂਝ ਉਸ ਨਾਲ ਰਹਿੰਦੇਵਿਚਰਦੇ ਤਾਂ ਉਸਨੂੰ ਝੁੱਡੂ-ਭੋਂਦੂ, ਡਰਾਕਲ ਵਰਗੇ ਲਕਵਾਂ ਨਾਲ ਹੀ ਨਿਵਾਜਦੇ ਰਹੇ ਸਨ। ਦਫ਼ਤਰੀ ਹਿੱਸੇ-ਪੱਤੀ `ਚ ਵਿਘਨਪਾਊ ਅਨਸਰ ਹੀ ਸਮਝਦੇ, ਉਸ ਨੂੰ ਊਲ-ਜਲੂਲ ਦੀਆਂ ਟਾਂਚਾ-ਟਕੋਰਾਂ ਵੀ ਕਰਦੇ ਰਹੇ ਸਨ। ਪਰ ਹੁਣ, ਉਸਦੇ ਘਰ ਪੁੱਜ ਕੇ ਉਨ੍ਹਾਂ ਪੂਰਾ ਜ਼ਬਤ ਰੱਖਿਆ ਸੀ, ਉਸਨੂੰ ਆਪਣੇ ਘਰ-ਪਰਿਵਾਰ ਦਾ ਜੀਅ ਆਖ ਕੇ ਉਸਦੇ ਬਾਲ-ਬੱਚਿਆਂ ਦੀ ਸਹਾਇਤਾ ਕਰਦੇ ਰਹਿਣ ਦੇ ਵਾਅਦੇ ਕੀਤੇ ਸਨ।
ਇਹ ਉਨ੍ਹਾਂ ਦੀ ਗੱਲਬਾਤ ਦਾ ਅਸਰ ਸੀ ਜਾਂ ਹੋਰ ਕਿਸੇ ਕਿਸਮ ਦੀ ਰਾਹਤ, ਨੂਰੀ ਆਮ ਕਰਕੇ ਚੁੱਪ ਹੀ ਰਹੀ, ਲਗਾਤਾਰ ਸੁਣਦੀ ਰਹੀ ਥੋੜਾ-ਬਹੁਤ ਸਮਝਦੀ ਵੀ ਰਹੀ। ਉਨ੍ਹਾਂ `ਚੋਂ ਇਕ ਰਾਜਵੀਰ ਨਾਂ ਦਾ ਬੰਦਾ ਪਹਿਲਾਂ ਵੀ ਕਈ ਵਾਰ ਆਉਂਦਾ ਰਿਹਾ ਸੀ ਇਸਦੇ ਪਤੀ ਨਾਲ। ਸ਼ਾਮੀਂ ਹਲਕੇ ਜਿਹੇ ਸਰੂਰ `ਚ ਹੋਏ ਦੋਨੋਂ ਵਾਹਵਾ ਚਿਰ ਗੱਲੀਂ ਪਏ ਰਹਿੰਦੇ। ਘਰ-ਗ੍ਰਹਿਸਥੀ ਤੋਂ, ਦੇਸ਼-ਮੁਲਕ ਤੋਂ, ਮੰਤਰੀਆਂ-ਸੰਤਰੀਆਂ ਤੋਂ ਸ਼ੁਰੂ ਹੋਏ ਉਹ ਬਹੁਤਾ ਸਮਾਂ ਮਹਿਕਮਾਨਾ ਕਾਰਜ਼ੁਗਾਰੀ `ਚ ਹੀ ਉਲਝਦੇ ਰਹੇ। ਮੰਡਾਂ-ਝੰਗਾਂ ਦਾ ਭੱਠੀ-ਕਾਰੋਬਾਰ, ਪੈਕਟਾਂ-ਖੇਪਾਂ ਦੀ ਲੰਘਲੰਘਾਈ, ਬਾਰਡਰ ਫੋਰਸਾਂ ਨਾਲ ਮਿਲੀ-ਭੁਗਤ, ਜ਼ੋਨ-ਪੱਧਰੀ, ਜ਼ਿਲ੍ਹਾ ਪੱਧਰੀ ਕਮਿਸ਼ਨ, ਹਿੱਸੇ-ਕੋਟੇ ਆਮ ਕਰਕੇ ਉਨ੍ਹਾਂ ਦੀ ਗੱਲਬਾਤ `ਚ ਸ਼ਾਮਿਲ ਹੁੰਦੇ ਸਨ। ਇਸਦਾ ਪਤੀ ਹੁੰਗਾਰਾ ਤਾਂ ਭਰਦਾ ਸੀ, ਪਰ ਐਵੇਂ ਢਿੱਲਾ-ਢਿੱਲਾ ਜਿਹਾ। ਜਿਵੇਂ ਉਸਨੂੰ ਅੱਧ-ਪਚੱਧ ਦੀ ਹੀ ਜਾਣਕਾਰੀ ਹੋਵੇ, ਜਾਂ ਉਸ ਤੋਂ ਵੀ ਘੱਟ। ਪਰ, ਰਾਜਵੀਰ ਦੀ ਹਰ ਗੱਲ ਬੜੀ ਨਿੱਠਵੀਂ ਹੁੰਦੀ ਸੀ, ਜਿਸ ਦਾ ਜ਼ਿਕਰ ਉਹ ਬੜੇ ਠਰ੍ਹਮੇ ਤੇ ਸੰਜੀਦਗੀ ਨਾਲ ਕਰਦਾ। ਇਹ ਠਰ੍ਹਮਾ, ਸੰਜੀਦਗੀ ਉਸਦੇ ਮੂੰਹ-ਚਿਹਰੇ ਨੂੰ ਹੋਰ ਵੀ ਨਿੱਖਰਦਾ ਕਰਦੇ ਜਾਪਦੇ ਸਨ ਨੂਰੀ ਨੂੰ। ਉਹ ਆਨੀਂ-ਬਹਾਨੀਂ ਉਨ੍ਹਾਂ ਕੋਲ ਆ ਬਹਿੰਦੀ। ਬਹੁਤੀ ਵਾਰ ਭੁਜੀਆ-ਸਲਾਦ ਰੱਖਣ-ਦੇਖਣ ਦੇ ਬਹਾਨੇ। ਉਂਝ ਇਸਦਾ ਧਿਆਨ ਰਾਜਵੀਰ ਵੱਲ ਹੁੰਦਾ। ਰਾਜਵੀਰ ਨੇ ਵੀ ਇਸਨੂੰ ਨਿਰਾਸ਼ ਨਹੀਂ ਸੀ ਕੀਤਾ। ਇਸ ਦੀ ਕਰੀਬ ਹਰੇਕ ਤੱਕਣੀ ਨੂੰ ਪ੍ਰਵਾਨ ਕਰਦਿਆਂ, ਢੁੱਕਵੀਂ ਮੁਸਕਾਨ ਮੋੜੀ ਸੀ। ਪੂਰੇ ਜ਼ਾਬਤੇ `ਚ ਰਹਿੰਦਿਆਂ।
ਉਸਦਾ ਇਹ ਵਿਹਾਰ ਨੂਰੀ ਨੂੰ ਕਲ ਹੋਏਵਾਪਰੇ ਵਾਂਗ ਕਿੰਨਾ ਕਿੰਨਾ ਚਿਰ ਯਾਦ ਰਹਿੰਦਾ। ਬਹੁਤੀ ਵਾਰ ਇਹ ਯਾਦ ਉਸਦੀ ਅਗਲੇ ਫੇਰੀ ਦੀ ਉਡੀਕ ਕਰਨ ਲਈ ਉਤਾਵਲੀ ਵੀ ਹੋਈ ਰਹਿੰਦੀ।
…ਪਤੀ ਦੇ ਦਫ਼ਤਰੀ ਅਮਲੇ ਨਾਲ ਆਏ ਰਾਜਵੀਰ ਨੂੰ ਦੇਖਦਿਆਂ ਸਾਰ, ਨੂਰੀ ਦੇ ਤਨ-ਬਦਨ `ਤੇ ਜਿਵੇਂ ਚੈਨ-ਆਰਾਮ ਦੇ ਛਿੱਟੇ ਤਰੌਂਕੇ ਗਏ ਹੋਣ। ਆਏ ਬੰਦਿਆਂ ਲਾਗੇ ਮਾਂ ਨਾਲ ਬੈਠੀ ਨੇ ਇਸਨੇ ਕੋਈ ਓਪਰੀ-ਉਕਾਊ ਹਿੱਲ-ਜੁੱਲ ਨਾ ਕੀਤੀ। ਇਹਦੀ ਨੀਵੇਂ ਡਿੱਗੀ ਨਿਗਾਹ ਵਿਚ-ਵਾਰ ਉੱਪਰ ਵੱਲ ਨੂੰ ਉੱਠੀ ਰਾਜਵੀਰ ਦੇ ਮੂੰਹ-ਚਿਹਰੇ ਦੀ ਪ੍ਰਕਰਮਾ ਜ਼ਰੂਰ ਕਰਦੀ ਸੀ। ਇਉਂ ਕਰਨ `ਤੇ ਇਸ ਨੂੰ ਆਪਣਾ ਆਪ ਹੋਰ ਵੀ ਸਹਿਜ ਹੋਇਆ ਜਾਪਦਾ ਸੀ। ਫਿਰ ਵੀ ਇਸਦੀ ਵਿਚਲਿਤ ਹੋਈ ਸੁਰਤ-ਬੂਝ ਤੋਂ ਜਿਵੇਂ ਸਾਂਭ ਨਹੀਂ ਹੋਇਆ, ਆਪਣਾ ਆਪ। ਸ਼ੋਕ-ਵਾਰਤਾ ਮੁੱਕੀ ਤੇ ਕਮਰਿਉਂ ਬਾਹਰ ਨਿਕਲਦਿਆਂ ਸਭ ਤੋਂ ਪਿਛੋਂ ਜਾਣ ਲੱਗੇ ਰਾਜਵੀਰ ਨਾਲ ਇਹ ਧਾਅ ਕੇ ਆ ਚਿੰਬੜੀ। ਉਸ ਦੁਆਲੇ ਬਾਹਾਂ ਬਗਲ ਕੇ ਉੱਚੀ ਉੱਚੀ ਰੋਣ ਲੱਗ ਪਈ। ਰੋਂਦੀ ਰੋਂਦੀ ਮੁੜ ਉਹੀ ਰੱਟ ਲਾਉਂਦੀ ਰਹੀ “ਮੈਨੂੰ ਮੇਰੇ ਘਰ ਛੱਡ ਆਓ …ਮੈਨੂ ਮੇਰੇ ਘਰ ਛੱਡ ਆੱ …।’ ਅਜੀਬ ਸਥਿਤੀ `ਚ ਫਸਿਆ ਰਾਜਵੀਰ ਨੀਵੀਂ ਪਾਈ ਖੜਾ ਰਿਹਾ। ਨਾ ਉਸਤੋਂ ਨੂਰੀ ਨੂੰ ਵਗਲਗੀਰ ਕਰਨ ਲਈ ਇਸ ਦੁਆਲੇ ਬਾਹਾਂ ਵਗਲ ਹੋਈਆਂ, ਨਾ ਇਸਦੀ ਜਕੜ ਖੋਲ੍ਹ-ਤੋੜ ਕੇ ਇਸ ਤੋਂ ਵੱਖਰਾ ਹੋ ਸਕਿਆ। ਛਛੋਪੰਜ `ਚ ਘਿਰਿਆ ਉਹ ਨੂਰੀ ਨੂੰ ਇਹ ਵੀ ਨਾ ਕਹਿ ਸਕਿਆ ‘ਏਹ ਤੇਰਾ ਈ ਘਰ ਐ, ਹੋਰ ਕਿਸੇ ਦਾ ਨਹੀਂ।’
ਉਵੇਂ ਚੁਪ-ਚਾਪ ਖੜੋਤੇ ਨੇ ਉਸਨੇ ਨੂਰੀ ਨੂੰ ਰੋਈ ਜਾਣ ਦਿੱਤਾ। ਫਿਰ ਚਾਣਚੱਕ ਜਿਵੇਂ ਨੂਰੀ ਨੂੰ ਆਪਣੀ ਭੁੱਲ ਦਾ ਅਹਿਸਾਸ ਹੋ ਗਿਆ ਹੋਵੇ। ਰਾਜਵੀਰ ਦੁਆਲਿਉਂ ਝੱਟ ਦੇਣੀ ਬਾਹਾਂ ਖੋਲ੍ਹ ਕੇ, ਬਿਨਾਂ ਉਸ ਵੱਲ ਦੇਖੇ ਕਮਰਿਉਂ ਬਾਹਰ ਨਿਕਲ ਗਈ।
ਦਫ਼ਤਰੀ ਅਮਲੇ ਨੂੰ ਗੇਟ ਤੱਕ ਛੱਡ ਕੇ ਮੁੜੀ ਇਸ ਦੀ ਮਾਂ ਨੂੰ ਨੂਰੀ ਦੇ ਉਸ ਦਿਨ ਦੇ ਵਿਹਾਰ ‘ਚੋਂ ਇਸਦੇ ਤੰਦਰੁਸਤੀ ਵੱਲ ਨੂੰ ਪੁੱਟੇ ਪਹਿਲੇ ਕਦਮ ਦੀ ਆਹਟ ਵੀ ਸੁਣਾਈ ਦਿੱਤੀ ਸੀ।
ਇਹ ਆਹਟ ਉਸਨੂੰ ਦੋ ਕੁ ਦਿਨ ਪਿੱਛੋਂ, ਨੂਰੀ ਦੇ ਸਹੁਰੇ ਪਿੰਡ ਸ਼ੇਰਗੜ੍ਹਂੋ ਆਈ ਮਕਾਣ ਸਮੇਂ ਹੋਰ ਵੀ ਪੱਸਰਦੀ ਮਹਿਸੂਸ ਹੋਈ। ਮਾਂ ਤਾਂ ਖੈਰ ਜਾਣਦੀ ਸੀ ਸਾਰਾ ਕੁਝ। ਉਸ ਸਮੇਤ ਉਸਦੀ ਸਾਰੀ ਪੀੜ੍ਹੀ ਹੀ ਵਾਕਿਫ਼ ਸੀ ਮਕਾਣੀ ਰਸਮਾਂ ਤੋਂ। ਨੂਰੀ ਵੀ ਜਾਣਦੀ ਸੀ ਕਿੰਨਾ ਕੁਝ। ਵਿਹੜੇ ਸਮੇਤ ਸਹੁਰੇ ਪਿੰਡ ਦੇ ਗੂੜ੍ਹੀ ਸਾਂਝ ਵਾਲੇ ਟੱਬਰਾਂ ਦੇ ਕਿੰਨੇ ਸਾਰੇ ਇਸਤਰੀਆਂ-ਮਰਦ, ਉਸ ਦਿਨ ਆਏ ਸਨ ਨੂਰੀ ਨਾਲ ਦੁੱਖ ਸਾਂਝਾ ਕਰਨ। ਨੂਰੀ ਦੇ ਨਵੇਂ ਆਂਢ-ਗੁਆਂਢ ਲਈ ਅਜੀਬ ‘ਨਜ਼ਾਰਾ’ ਸੀ ਇਹ। ਉਨ੍ਹਾਂ ਗੇਟਾਂ `ਤੇ ਖੜੋਕੇ ਜਾਂ ਛੱਤਾਂ `ਤੇ ਚੜ੍ਹ ਕੇ ਇਸਦਾ ‘ਅਨੰਦ ਮਾਣਿਆ’।
ਫਿਰ, ਛੇਤੀ ਹੀ ਉੱਚੀ ਸੁਰ ਦਾ ਰੋਣ-ਧੋਣ ਬੰਦ ਹੋਏ `ਤੇ ਸਭ ਜਣੇ ਅੰਦਰ ਚਲੇ ਗਏ। ਮਰਦ ਬਾਹਰ ਬਰਾਂਡੇ `ਚ ਬੈਠ, ਨੂਰੀ ਦੇ ਪਹਿਲੇ ਘਰ ਦੇ ਗੁਆਂਢੀਆਂ ਨਾਲ ਗੱਲੀਂ ਪਏ ਅਫ਼ਸੋਸ ਕਰਦੇ ਰਹੇ, ਔਰਤਾਂ ਦਾ ਸੱਚਾ-ਝੂਠਾ ਰੋਣ-ਡੁਸਕਣ ਅੰਦਰਲੇ ਕਮਰੇ `ਚ ਪੁੱਜਣ ਤੱਕ ਦੀ ਜਾਰੀ ਰਿਹਾ। ਉਹ ਵਾਰੀ ਵਾਰੀ ਨੂਰੀ ਦੇ ਗਲ ਲੱਗ ਆਪ ਵੀ ਰੋਈਆਂ, ਉਸ ਨੂੰ ਵੀ ਰੁਆਇਆ।
ਇਹ ਸਾਰਾ ਕੁਝ ਕਰਦਿਆਂ, ਨੂਰੀ ਦੀ ਮਾਂ ਨੂੰ ਉਸਦੇ ਵਰਤਾਓ ‘ਚ ਕਾਫੀ ਸਾਰਾ ਠਰ੍ਹਮਾ ਦਿਸਿਆ ਸੀ। ਨਾ ਇਹ ਤਿਲਮਲਾਈ ਸੀ ਨਾ ਆਵਾ-ਤਵਾ ਬੋਲੀ ਸੀ। ਸਗੋਂ ਬਰਾਂਡ `ਚ ਬੈਠੇ ਮਰਦਾਂ ਕੋਲ ਪੁੱਜ ਕੇ ਇਸ ਨੇ ਪੁੱਛਿਆ ਸੀ ਚਾਚੇ ਫੁੰਮਣ ਬਾਰੇ, ਤਾਏ ਸੰਤੇ ਬਾਰੇ, ਬਾਬੇ ਈਸ਼ਰ ਸਮੇਤ ਹੋਰ ਕਈਆਂ ਬਾਰੇ। ਅੱਗੋਂ ਮਰਦਾਂ ਵੱਲੋਂ ਮਿਲੇ ਉੱਤਰ ਨੇ ਜਿਵੇਂ ਇਸ ਨੂੰ ਹੋਰ ਵੀ ਸਹਿਜ ਕਰ ਦਿੱਤਾ ਹੋਵੇ। ਉਨ੍ਹਾਂ ਕਿਹਾ ਸੀ “ ਉਹ ਸਾਰੇ ਮੋਰਚੇ `ਚ ਪੁੱਜੇ ਪਏ ਆ ਦਿੱਲੀ। ਜਦ ਦੇ ਗਏ ਆ ਕੋਈ ਨਹੀਂ ਮੁੜਿਆ। ਸਿਵਾ ਲਛਮਣ ਬਾਬੇ ਤੋਂ। ਉਹ ਵੀ ਜਿਉਂਦਾ ਨਈਂ ਲਾਸ਼ ਬਣ ਕੇ ਮੁੜਿਆ ਸੀ ਦਿੱਲੀਉਂ। ਥੋੜੇ ਕੁ ਦਿਨ ਪਹਿਲਾਂ।
ਨੂਰੀ ਨੂੰ ਇਕਦਮ ਝਟਕਾ ਤਾਂ ਲੱਗਾ ਸੀ ਲਛਮਣ ਬਾਬੇ ਦਾ ਸੁਣ ਕੇ, ਪਰ ਉਹ ਡੋਲੀ-ਘਬਰਾਈ ਨਾ। ਉਸੇ ਹੀ ਪਲ ਇਸ ਦੇ ਸਾਹਮਣੇ ਜਿਵੇਂ ਦੋ ਲਾਸ਼ਾਂ ਬਰਾਬਰ ਵਿਛ ਗਈਆਂ ਹੋਣ। ਚਿੱਟੇ ਕੱਫਣਾਂ `ਚ ਢੱਕ ਹੋਈਆਂ। ਇਕ ਦੇ ਹੇਠਾਂ ਇਸਦਾ ਵੱਡਾ-ਵਡੇਰਾ ਲਛਮਣ ਬਾਬਾ, ਦੂਜੇ ਹੇਠ ਇਸਦਾ ਪਤੀ ਮਲਕੀਤ। ਇਕ ਨੇ ਖੇਤਾਂ-ਬੰਨ੍ਹਿਆਂ ਦੀ ਰਾਖੀ ਕਰਦਿਆਂ ਜਾਨ ਦਿੱਤੀ ਸੀ, ਦੂਜੇ ਨੇ ਆਪਣੀ ਅਣਖ਼-ਇੱਜ਼ਤ ਨੂੰ ਹਰਫ਼ ਆਉਂਦਾ ਦੇਖ ਕੇ ਆਤਮ ਹੱਤਿਆ ਕੀਤੀ। ਨਾ ਇਕ ਨੇ ਪੂਰੀ ਉਮਰ ਭੋਗੀ ਨਾ ਦੂਜੇ ਨੇ। ਪਰ ਕਿਉਂ? ਕਿਸ ਨੇ ਕੀਤੇ ਸਨ ਇਹ ਅੱਤਿਆਚਾਰ ਉਨ੍ਹਾਂ `ਤੇ। ਇਹ ਪ੍ਰਸ਼ਨ ਵਿਕਰਾਲ ਰੂਪ ਧਾਰ ਕੇ ਨੂਰੀ ਸਾਹਮਣੇ ਆ ਖੜੋਇਆ। ਇਹ ਪ੍ਰਸ਼ਨ ਉਸਨੇ ਰਾਜਵੀਰ ਤੋਂ ਵੀ ਪੁੱਛਿਆ ਸੀ ਦੋ-ਤਿੰਨ ਵਾਰ। ਥੋੜਾ ਕੁ ਰੰਗ `ਚ ਹੋਏ ਨੂੰ। ਪੁੱਛਿਆ ਨਹੀਂ ਇਕ ਤਰ੍ਹਾਂ ਦੱਸਿਆ ਸੀ ਉਸਨੂੰ ਨੂਰੀ ਨੇ ‘ਹਰ ਰੋਜ਼ ਤਾਂ ਕੁਝ ਨਾ ਕੁਝ ਵਾਪਰਦੈ ਐਧਰ-ਓਧਰ। ਕਦੀ ਕਿਸੇ ਨੇ ਆਤਮ-ਹੱਤਿਆ ਕੀਤੀ ਹੁੰਦੀ, ਕਦੀ ਕਿਸੇ ਨੂੰ ਜਾਨੋਂ ਮਾਰ ਦਿੱਤਾ ਹੁੰਦਾ। ਨਾ ਬਾਲ-ਬੱਚੇ ਬਚੇ ਹੁੰਦੇ, ਨਾ ਬੁੱਢੇ-ਠੇਰੇ, ਨਾ ਗੱਭਰੂ। ਕਾਰਨ ਵੀ ਕੋਈ ਨਾ ਕੋਈ ਜੋੜ ਦਿੱਤਾ ਹੁੰਦਾ ਨਾਲ। ਇਕ ਵਾਰ ਤਾਂ ਨੂਰੀ ਨੇ ਰਾਜਵੀਰ ਨੂੰ ਸਿੱਧਾ ਹੀ ਪੁੱਛ ਲਿਆ ਸੀ ਕਿ ਕਿਸਾਨੀ ਘਰਾਂ `ਚ ਹੁੰਦੀਆਂ ਮੌਤਾਂ ਆਤਮ-ਹੱਤਿਆਵਾਂ ਹਨ, ਜਾਂ ਜ਼ੋਰ-ਜਬਰੀ ਖੋਹੀਆਂ ਜਾਨਾਂ?
ਆਪਣੀ ਸਮਝ-ਸੂਝ `ਤੇ ਪੂਰਾ ਜ਼ੋਰ ਪਾ ਕੇ ਰਾਜਵੀਰ ਨੇ ਆਖਿਆ“ਇਹ ਮੌਤਾਂ ਸਾਧਾਰਨ ਹਰਗਿਜ਼ ਨਈਂ। ਇਨ੍ਹਾਂ ਨਾਲ ਇਕ ਤਰ੍ਹਾਂ ਸਾਡੇ ਮੁਲਕ ਵਿਸ਼ੇਸ਼ ਕਰਕੇ ਸੂਬੇ ਦੀ ਅੱਧਿਉਂ ਵੱਧ ਵਸੋਂ ਦਾ ਅਰਥਚਾਰਾ ਜੁੜਿਆ ਪਿਆ। ਮਾਂ ਤੋਂ ਵੀ ਵੱਧ ਗੁਣਕਾਰ ਗਿਣ ਹੁੰਦੀ ਧਰਤੀ ਦੀ ਹਿੱਕ `ਤੇ ਉੱਗਦੀਆਂ ਫ਼ਸਲਾਂ, ਇਕੱਲੇ ਮਨੁੱਖ ਦੀ ਨਹੀਂ, ਲੱਖਾਂ-ਅਰਬਾਂ ਪਸ਼ੂਆਂਪੰਛੀਆਂ ਤੇ ਹੋਰਨਾਂ ਜੀਵ-ਜੰਤੂਆਂ ਦੀ ਵੰਨ-ਸੁਵੰਨੀ ਭੁੱਖ ਦਾ ਸਮਾਧਾਨ ਕਰਦੀਆਂ। ਪਰ, ਅਜੀਬ ਗੱਲ ਦੇਖੋ, ਇਨ੍ਹਾਂ ਫਸਲਾਂ ਨੂੰ ਬੀਜਣਵੱਢਣ ਵਾਲੇ ਹੱਥ ਕਿਸੇ ਗਿਣਤੀਮਿਣਤੀ `ਚ ਨਈਂ। ਇਨ੍ਹਾਂ ਫ਼ਸਲਾਂ ਨੂੰ ਉਗਾਉਣ ਸਾਂਭਣ ਵਾਲੀ ਕਿਰਤਮਿਹਨਤ ਦੀ ਕੋਈ ਕਦਰ-ਕੀਮਤ ਨਈਂ। ਸਾਡੇ ਮੁਲਕ ਦੇ ਰਾਜਕੀ ਟੋਲਿਆਂ ਨੇ ਤਾਂ ਜਿਵੇਂ ਖੇਤੀ-ਘਰਾਂ ਦੀ ਅਰਥਵਿਵਸਥਾ ਦਾ ਫਿਕਰ ਕਰਨਾ ਊਈਂ ਛੱਡ ਦਿੱਤਾ ਐ। ਖੇਤੀ ਕਿੱਤੇ `ਚ ਲੱਗਾ ਕੌਣ ਜੀਉਂਦਾ, ਕੌਣ ਮਰਦਾ ਇਨ੍ਹਾਂ ਨੂੰ ਕੋਈ ਚਿੰਤਾ ਨਈਂ। ਉਹ ਕਿਉਂ ਮਰਦਾ, ਕਿਵੇਂ ਮਰਦਾ ਇਸਦੀ ਕੋਈ ਪ੍ਰਵਾਹ ਨਈਂ। ਤੂੰ ਈ ਦੱਸ ਨੂਰੀ ਜੀਊਣ ਨੂੰ ਕਿਸਦਾ ਜੀਅ ਨਈਂ ਕਰਦਾ। ਮਰਨਾ ਜਾਂ ਆਪਣੇ ਆਪ ਨੂੰ ਮਾਰਨਾ ਕੋਈ ਸੌਖਾ ਕੰਮ ਆਂ। ਕੋਈ ਐਮੇਂ-ਕਿਮੇਂ ਦਾ ਖੇਲ ਐ? ਸੱਚ ਇਹ ਐ ਇਸ ਖੇਲ ਪਿੱਛੇ ਇਕ ਵੱਡਾ ਛੜਯੰਤਰ ਕਾਰਜਸ਼ੀਲ ਐ ਨੂਰੀ, ਇਹ ਮੌਤਾਂ, ਇਹ ਹੱਤਿਆਵਾਂ ਜ਼ੋਰ-ਜਬਰੀ ਕੀਤੇ ਗਏ ਕਤਲ ਐ ਨੂਰੀ, ਕਤਲ।’
ਅਚਨਚੇਤ ਰਾਜਵੀਰ ਤੋਂ ਨੂਰੀ ਦਾ ਨਾਂ ਪਤਾ ਨਹੀਂ ਵਾਰ-ਵਾਰ ਕਿਵੇਂ ਸ਼ਾਮਿਲ ਹੋ ਗਿਆ।
ਲਗਾਤਾਰ ਬੋਲੀ ਗਿਆ ਰਾਜਵੀਰ, ਸੱਚਮੁੱਚ ਭਾਵੁਕ ਹੋ ਗਿਆ ਸੀ, ਉਸ ਨੇ ਸਾਹਮਣੇ ਪਏ ਜੱਗ `ਚੋਂ ਠੰਡੇ ਪਾਣੀ ਦੇ ਚਾਰ-ਪੰਜ ਘੁੱਟ ਇੱਕੋ ਡੀਕੇ ਅੰਦਰ ਲੰਘਾਏ। ਫਿਰ ਮੋਢੇ `ਤੇ ਪਏ ਰੁਮਾਲ ਨਾਲ ਮੂੰਹ ਤੇ ਅੱਖਾਂ ਸਾਫ ਕੀਤੀਆਂ।
ਥੋੜਾ ਕੁ ਚਿਰ ਚੁੱਪ ਰਹਿਣ ਪਿਛੋਂ ਉਸ ਅੰਦਰੋਂ ਦੁਬਾਰਾ ਨਿਕਲੇ ਬੋਲ ਜਿਵੇਂ ਡੂੰਘੇ ਖੂਹ `ਚੋਂ ਸੁਣਾਈ ਦਿੱਤੇ ਹੋਣ। ਉਹਨੇ ਆਖਿਆ ਸੀ “ਕਸੂਰ ਇਕੱਲੇ ਪ੍ਰਬੰਧ ਦਾ ਹੀ ਨਈਂ, ਆਪਣਾ ਵੀ ਐ ਸਾਡਾ। ਕਿਸਾਨੀ ਰਹਿਤਲ ਦਾ। ਅਸੀਂ ਵੀ ਆਪਣੀ ਜੱਟਕੀਂ ਹਓਂ ‘ਚ ਵਿਚਰਦੇ, ਖਾਹ-ਮੁਖਾਹ ਦੇ ਕਰਜ਼ਈ ਹੁੰਦੇ ਰਹਿੰਨੇ ਆਂ।’
ਨੂਰੀ ਅੱਗੇ ਚੁੱਪ। ਇਹ ਚੁੱਪ ਰਾਜਵੀਰ ਦੇ ਆਖੇਦੱਸੇ ਨਾਲ ਸਹਿਮਤ ਹੋਣ ਦੀ ਸੀ ਜਾਂ ਅਸਹਿਮਤ। ਉਸਤੋਂ ਝੱਟ-ਪੱਟ ਕੋਈ ਨਿਰਣਾ ਨਹੀਂ ਸੀ ਹੋ ਸਕਿਆ। ਫਿਰ, ਕਿੰਨਾ ਹੀ ਚਿਰ ਪਿੱਛੋਂ ਤੱਕ ਵੀ ਉਹ ਰਾਜਵੀਰ ਦੇ ਸ਼ਬਦਾਂ-ਬੋਲਾਂ ਦੇ ਪੈੜ-ਚਾਲੇ ਤੁਰੀ, ਹਾਂ-ਨਾਂਹ ਦੀ ਸੰਗਿਆ ਵਿਚਕਾਰ ਵਿਚਰਦੀ ਰਹੀ।
ਹੁਣ….ਹੁਣ ਉਹ ਮੁੜ ਉਸੇ ਤਰ੍ਹਾਂ ਦੀ ਅੱਵਲ ਉਸਤੋਂ ਵੀ ਵੱਧ ਡਰਾਉਣੀ ਘਟਨਾ ਦੀ ਮਾਰ ਹੇਠ ਸੀ। ਹੁਣ ਤਾਂ ਸਗੋਂ ਇਸਦੇ ਆਪਣੇ ਘਰ ਆਪਣੇ ਸੌਣ ਕਮਰੇ `ਚ ਆ ਲਟਕਿਆ ਸੀ ਉਹੀ ਪ੍ਰਸ਼ਨ। ਹੁਣ ਇਹ ਕਿਸ ਤੋਂ ਪੁੱਛੇਗੀ ਕਿ ਇਸਦੇ ਪਤੀ ਨੇ ਆਤਮਹੱਤਿਆ ਕੀਤੀ ਜਾਂ ਉਸ ਨੂੰ ਜ਼ੋਰ-ਜਬਰੀ ਕਤਲ ਕੀਤਾ ਗਿਆ। ਸਹੁਰੇ ਪਿੰਡੋਂ ਅਫਸੋਸ ਕਰਨ ਆਏ ਵੱਡੇ-ਵਡੇਰਿਆਂ ਤੋਂ ਪੁੱਛਣ ਦੀ ਇਸਦੀ ਹਿੰਮਤ ਨਾ ਹੋਈ, ਤੇ…ਤੇ ਇਸ ਦੀ ਰੂਹ-ਜਾਨ `ਤੇ ਲਟਕਦੇ ਭਾਰ ਕਾਰਨ ਜੋ ਕੁਝ ਹੋਇਆਵਾਪਰਿਆ, ਉਹ ਸਭ ਲਈ ਹੈਰਾਨੀਜਨਕ ਤੇ ਚਿੰਤਾਜਨਕ। ਵਾਪਿਸ ਪਿੰਡ ਨੂੰ ਜਾਣ ਲਈ ਉੱਠ ਤੁਰਨ ਲੱਗੇ ਫੁੰਮਣ ਚਾਚੇ ਨਾਲ ਝੱਟ ਦੇਣੀ ਚਿੰਮੜ ਕੇ ਨੂਰੀ ਫਿਰ ਉਹੀ ਰਾਗ ਅਲਾਪਣ ਲੱਗ ਪਈ “ਮੈਨੂੰ ਮੇਰੇ ਘਰ ਛੱਡ ਆਓ …ਏਹ ਮੇਰਾ ਘਰ ਨਈਂ ….ਮੈਨੂੰ ਮੇਰੇ ਘਰ ਛੱਡ ਆਓ। ‘ ਉਸ ਦਿਨ, ਉਦਾਸੀ ਪ੍ਰੇਸ਼ਾਨੀ ‘ਚ ਘਿਰੇ ਪਿੰਡ ਵਾਸੀ, ਹੋਰ ਵੀ ਫਿਰਕਮੰਦ ਹੋ ਕੇ ਮੁੜੇ ਸਨ। ਥੋੜੀ ਕੁ ਆਸਮੰਦ ਹੋਈ ਨੂਰੀ ਦੀ ਮਾਂ ਮੁੜ ਨਿਰਾਸ਼ਾ `ਚ ਘਿਰ ਗਈ। ਤਾਂ ਵੀ ਉਸਨੇ ਆਸ-ਉਮੀਦ ਦਾ ਪੱਲਾ ਨਹੀਂ ਸੀ ਛੱਡਿਆ। ਉਸਦਾ ਯਕੀਨ ਸੀ ਕਿ ਸਿਆਣੇ-ਸੂਝਵਾਨ ਜੀਆਂ ਦੀ ਸੰਗਤ, ਨੂਰੀ ਦੀ ਵਿਚਲਤ ਹੋਈ ਸੁਰਤੀ ਨੂੰ ਕਿਸੇ ਵੀ ਦੁਆ-ਦਰਮਲ ਨਾਲੋਂ ਵੱਧ ਰਾਹਤ ਦਿੰਦੀ ਐ। ਮਲਕੀਤ ਦਾ ਅਫ਼ਸੋਸ ਕਰਨ ਆਏ ਹਰ ਕਿਸੇ ਨਾਲ ਹੋਈ ਬਾਤ-ਚੀਤ ‘ਚ ਉਸਨੇ ਨੂਰੀ ਨੂੰ ਵੀ ਸ਼ਾਮਿਲ ਕਰੀ ਰੱਖਿਆ, ਭਾਵੇਂ, “ਮੈਨੂੰ ਮੇਰੇ ਘਰ …’ ਵਾਲੀ ਰਟ ਨੂਰੀ ਤੋਂ ਬਹੁਤੀ ਨਹੀਂ ਸੀ ਤਿਆਗ ਹੋਈ ਅਜੇ।
ਤੈਨੂੰ ਵੀ ਜਾਂਦੇ ਨੂੰ ਉਹ ਇਹੀ ਕਹੇਗੀ ‘ਭਾਅ ਬਣ ਕੇ ਮੇਰਾ ਇਹ ਕੰਮ ਜ਼ਰੂਰ ਕਰ! ਕਹੇਗੀ ਹੀ ਨਹੀਂ ਤਰਲੇ ਮਾਰੇਗੀ, ਹੱਥ ਵੀ ਜੋੜੇਗੀ। ਤੂੰ ਇਸ ਨੂੰ ਇਉਂ ਕਰਨੋਂ ਮਸਾਂ ਰੋਕੇਂਗਾ। ਇਸ ਦਾ ਸਿਰ ਮੂੰਹ ਪਲੋਸੇਂਗਾ। ਇਸ ਨੂੰ ਢਾਰਸ ਦੇਵੇਂਗਾ। ਬਿਲਕੁਲ ਉਵੇਂ ਜਿਵੇਂ ਦਫ਼ਤਰ `ਚ ਦਿੱਤਾ ਸੀ। ਤੇਰਾ ਹੱਥ ਲੱਗਦਿਆਂ ਸਾਰ ਇਹ ਵਿਲਕ ਉੱਠੇਗੀ। ਤੇਰੇ ਨਾਲ ਚਿੰਮੜ ਕੇ ਇਸ ਨੇ ਧੁਰ ਅੰਦਰ ਤੱਕ ਰੋ-ਕਲਪ ਲੈਣਾ, ਹਲਕਾ ਕਰ ਲੈਣਾ ਆਪਣਾ ਆਪ। ਹੋਰ ਘੜੀ-ਪਲ ਨੂੰ ਤੈਨੂੰ ਇਹ ਬਿਲਕੁਲ ਸਹਿਜ ਜਾਪੇਗੀ। ਸਾਰਾ ਕੁਝ ਨਹੀਂ ਤਾਂ ਕਿੰਨਾ ਕੁਝ ਸੁਣਨ-ਸਮਝਣ ਲੱਗੇਗੀ।
ਹੁਣ, ਇਹ ਤੇਰੇ `ਤੇ ਨਿਰਭਰ ਐ ਕਿ ਤੂੰ ਅਗਾਂਹ ਕੀ ਕਰਨਾ! ਤੂੰ ਇਸ ਨੂੰ ਹੋਸ਼ੀਬੇਹੋਸ਼ੀ ਵਿਚਕਾਰ ਲਟਕਦਾ ਰੱਖਣਾ ਜਾਂ ਇਸ ਨੂੰ ਸੁਰਤ ਸਿਰ ਕਰਨ ਦਾ ਕੋਈ ਉਪਰਾਲਾ ਕਰਨਾ। ਇਕ ਪੱਕ ਐ, ਤੂੰ ਕੁਝ ਨਾ ਕੁਝ ਜ਼ਰੂਰ ਕਰੇਂਗਾ, ਇਸ ਨੂੰ ਤ੍ਰਿਸ਼ੰਕੂ ਸਥਿਤੀ `ਚੋਂ ਬਾਹਰ ਕੱਢਣ ਲਈ ਜ਼ਰੂਰ ਹੰਭਲਾ ਮਾਰੇਂਗਾ। ਤੂੰ…ਤੂੰ…. ਇਸ ਨੂੰ ਦੱਸੇਂਗਾ ‘ਤੇਰੀ ਇਹ ਹਾਲਤ ਕੇਵਲ ਨੌਕਰੀ ਖੁੱਸ ਜਾਣ ਕਾਰਨ ਜਾਂ ਪਤੀ ਦੀ ਆਤਮ ਹੱਤਿਆ ਕਾਰਨ ਹੀ ਨਹੀਂ ਬਣੀ। ਇਹ ਤਾਂ ਹਕੂਮਤੀ ਕਿਸਮ ਦੀਆਂ ਘਟਨਾਵਾਂ, ਜੋ ਇਸ ਵਾਰ ਤੇਰੇ ਸਿਰ `ਤੇ ਆ ਡਿਗੀਆਂ, ਇਕੱਠੀਆਂ। ਵਿਵੇਕਹੀਣ ਵਾਰਤਾਵਾਂ ਨੇ ਜੋ ਤੇਰੇ ਮੱਥੇ `ਤੇ ਆ ਚਿਪਕੀਆਂ। ਸੱਚ ਇਹ ਐ, ਇਹ ਵਾਰਤਾਵਾਂ, ਘਟਨਾਵਾਂ ਨਾ ਆਪਣੇ ਆਪ ਵਾਪਦੀਆਂ, ਨਾ ਲਿਖ ਹੁੰਦੀਆਂ। ਇਨ੍ਹਾਂ ਦੀ ਤਹਿ `ਚ ਵਾਪਰਦਾ ਵੱਡਾ ਵਰਤਾਰਾ ਕੁਝ ਹੋਰ ਐ। ਉਹ ਬਹੁਤ ਵੱਖਰੀ ਤਰ੍ਹਾਂ ਦਾ। ਦੇਖਣ-ਛੂਹਣ ਨੂੰ ਮੁਲਾਇਮ, ਪਰ ਹੇਠਲੀ ਪਰਤੋਂ ਚੁੱਭਵਾਂ, ਇਕ ਕਮ ਖੁਰਦਰਾ। ਇਸ ਨੂੰ ਸੁਣਦੇ-ਪੜ੍ਹਦੇ ਸਾਰੇ, ਪਰ ਸਮਝਦੇ ਬਹੁਤ ਘੱਟ।’
ਨਿਸ਼ਚੇ ਹੀ ਤੈਨੂੰ ਉਸ ਵਰਤਾਰੇ ਦੀ ਪੂਰੀ ਜਾਣਕਾਰੀ ਐ। ਤੂੰ ਇਸ ਦੀ ਇਬਾਰਤ ਦੇ ਕੁਝ ਨਾ ਕੁਝ ਬਿੰਦੂ ਜ਼ਰੂਰ ਦੱਸੀਂ …ਨੂਰੀ ਨੂੰ। ਤੂੰ ਬਹਤਾ ਨਹੀਂ, ਤਾ ਸ਼ਾਮਯੁੱਗੀ ਸ਼ਿਕਾਰਕਰਮ ਤੋਂ ਸ਼ੁਰੂ ਕਰ ਕੇ ਸਰਮਾਇਆ ਯੁੱਗ ਦੇ ਪੁਲਾੜੀ ਸਫ਼ਰ ਤੱਕ ਦਾ ਮੋਟਾ-ਮੋਟਾ ਜ਼ਿਕਰ ਜ਼ਰੂਰ ਕਰੀਂ। ਗਾਰਾ-ਗੁਫਾਵਾਂ ਦੇ ਸਿਰ ਢੱਕਣ ਤੋਂ ਲੈ ਕੇ ਸ਼ੀਸ਼ ਮਹਿਲਾਂ ਵਰਗੇ ਰੈਣ-ਵਸੇਰਿਆਂ ਤੱਕ ਪੁੱਜੇ ਅੱਜ ਦੇ ਮਨੁੱਖ ਦੇ ਚੰਗੇਮਾੜੇ ਵਰਤਾਓ ਦਾ ਖੁਲਾਸਾ ਕਰਦਾ ਤੂੰ ਸਾਮੰਤੀ ਤੇ ਰਾਜਾਵਾਦੀ ਪ੍ਰਬੰਧਾਂ ਅੰਦਰ ਖੇਤੀ ਕਾਮਿਆਂ ਸਮੇਤ ਖੇਤੀ ਜਿਣਸਾਂ ਦੀ ਹੁੰਦੀ ਰਹੀ ਦੁਰਗਤ ਦਾ ਵਿਸਥਾਰ ਜ਼ਰੂਰ ਦੇਈਂ। ਬੀਤੇ ਸਮਿਆਂ ਵਿਚ ਖੇਤ-ਮਾਲੀਏ ਦੀ ਧੋਣ ਮਰੋੜ ਕੇ ਸਾਮੰਤੀ ਸਰਦਾਰਾ, ਪ੍ਰਸ਼ਾਸਕੀ ਅਹੁਦਿਆਂ, ਰਾਜ ਗੱਦੀਆਂ ਦੇ ਖ਼ਰਚ-ਖਰਾਬਿਆਂ ਦਾ ਖੁਲਾਸਾ ਕਰਦੇ ਨੇ ਤੂੰ ਨੂਰੀ ਦੇ ਕਈ ਸਾਰੇ ਸ਼ੰਕਿਆਂ ਦੀ ਨਵਿਰਤੀ ਸਹਿਜ-ਸੁਭਾਅ ਹੀ ਕਰੀ ਜਾਂਦੀ ਆਂ। ਮਾਨਵੀ ਮੁੱਲਾਂ ਨੂੰ ਪਛਾੜ ਕੇ ਖਾਹਮਖਾਹ ਦੀ ਹਵਸ-ਹੋੜ ਪਿੱਛੇ ਵਿਆਕਲ ਹੋਈ ਅਜੋਕੇ ਸਮਿਆਂ ਦੀ ਮਾਨਸਿਕਤਾ ਨੂਰੀ ਨੂੰ ਪਤੀ ਦੀ ਹੱਤਿਆ ਪਿੱਛੇ ਕਾਰਜਸ਼ੀਲ ਵੱਡੇ ਕਾਰਨਾਂ ਦੀ ਪਛਾਣ ਵੀ ਕਰਵਾਏਗੀ।
ਤੇ ਸੱਚੀ ਗੱਲ ਐ, ਇਹ ਸਭ ਕੁਝ ਸੁਣੇਗੀ ਵੀ ਤੇ ਸਮਝੇਗੀ ਵੀ। ਇਹ ਮੁੱਢ-ਸ਼ੁਰੂ ਤੋਂ ਸੂਝਵਾਨ ਰਹੀ ਐ, ਇਸ ਪੱਖੋਂ। ਜਿਉਂ-ਜਿਉਂ ਤੂੰ ਇਸ ਦਾ ਜੀਣ-ਥੀਣ ਵਿਚਲਤ ਕਰਨ ਵਾਲੀ ਉਸ ਕਲਮੂੰਹੀ ਲਿਖਤ ਦੇ ਪੱਤਰੇ ਪਰਤਾਈ ਜਾਏਗਾ। ਤਿਉਂ-ਤਿਉਂ ਇਸ ਦੀ ਉਲਝੀ-ਬਿਖ਼ਰੀ ਸੁਰਤ-ਸ਼ਕਤੀ ਤਹਿ ਸਿਰ ਹੁੰਦੀ ਜਾਣੀ।
ਤੈਨੂੰ ਇਹ ਯਤਨ ਇਕ-ਦੋ ਵਾਰ ਨਹੀਂ, ਕਈ ਵਾਰ ਆ ਕੇ ਕਰਨੇ ਪੈਣੇ।
ਪੁਰਾਣੇ ਘਰ ਜਾਂ ਨਵੇਂ ਘਰ ਦਾ ਹਿਸਾਬ-ਕਿਤਾਬ ਤੂੰ ਆਪ ਜੁੜਦਾ ਕਰ ਲਈਂ, ਮੌਕਾ ਵਿਚਾਰ ਕੇ।
ਫੋਨ: 94655-74866