‘ਕੱਚੇ ਕੋਠੇ ਦੀ ਛੱਤ’ – ਸਮਾਜ ਅਤੇ ਪਰਿਵਾਰ ਵਿਚ ਔਰਤ ਦੀ ਭੂਮਿਕਾ ਦਾ ਸਿਰਨਾਵਾਂ

ਮੋਹਨ ਸਿੰਘ ਮੋਤੀ
ਫੋਨ: 78696-62775
ਕੋਠਾ ਬਣਾਉਣ ਲਈ ਨੀਂਹਾਂ ਤੇ ਕੰਧਾਂ ਦੀ ਲੋੜ ਹੁੰਦੀ ਹੈ ਪਰ ਛੱਤ ਤੋਂ ਬਿਨਾਂ ਉਹ ਖੋਲ਼ਾ ਹੀ ਰਹਿ ਜਾਵੇਗਾ – ਕੋਠਾ ਨਹੀਂ ਬਣੇਗਾ! ਕੰਧਾਂ ਛੱਤ ਨੂੰ ਸਹਾਰਾ ਦਿੰਦੀਆਂ ਹਨ ਪਰ ਠੰਢੀਆਂ ਹਵਾਵਾਂ, ਧੁੱਪਾਂ, ਬਾਰਿਸ਼ਾਂ ਤੇ ਝੱਖੜਾਂ ਦੀ ਮਾਰ ਤੋਂ ਬਚਾਉਣ ਅਤੇ ਕੋਠੇ ਅੰਦਰ ਵਸਦੇ ਜੀਆਂ ਦਾ ਸਿਰ ਢਕਣ ਲਈ ਛੱਤ ਹੀ ਵੱਡੀ ਜ਼ਿੰਮੇਵਾਰੀ ਨਿਭਾਉਂਦੀ ਹੈ।

ਛੱਤ ਸਾਰੀਆਂ ਮਾਰਾਂ ਸਹਿ ਜਾਵੇ ਪਰ ਚੋਵੇ ਨਾ – ਔਰਤ ਸਭ ਕੁਝ ਸਹਿ ਜਾਵੇ ਪਰ ਰੋਵੇ ਨਾ! ਮਰਦ ਪ੍ਰਧਾਨ ਸਮਾਜ ਸ਼ਾਇਦ ਇਹੀ ਚਾਹੁੰਦਾ ਹੈ।
‘ਕੱਚੇ ਕੋਠੇ ਦੀ ਛੱਤ’ ਵਾਂਗ ਹੀ ਔਰਤ ਨੂੰ ਗ਼ਰੀਬੀ ਦੇ ਤੂਫ਼ਾਨਾਂ, ਝੱਖੜਾਂ ਤੇ ਧੁੱਪਾਂ ਵਿਚ ਪਰਿਵਾਰ ਦਾ ਸਹਾਰਾ ਬਣਨ ਲਈ ਵੱਡੀ ਜ਼ਿੰਮੇਵਾਰੀ ਚੁੱਕਣੀ ਪੈਂਦੀ ਹੈ ਤਾਂ ਉਹ ਵੀ ਉਸੇ ਤਰ੍ਹਾਂ ਸਖ਼ਤ ਹਾਲਾਤ ਦਾ ਮੁਕਾਬਲਾ ਕਰਦੀ ਹੈ! ਹਰ ਮੌਸਮ ਹੰਢਾਉਂਦੀ, ਧੁੱਪਾਂ ਨਾਲ ਡਿੱਗਦੀ, ਟੁੱਟਦੀ, ਖਿੰਡਦੀ ਪਰ ਦੁਬਾਰਾ ਛੱਤ ਬਣ ਜਾਂਦੀ ਹੈ! ਦਵਿੰਦਰ ਕੌਰ ਗੁਰਾਇਆ ਦੀ ਪਲੇਠੀ ਕਾਵਿ ਪੁਸਤਕ ‘ਕੱਚੇ ਕੋਠੇ ਦੀ ਛੱਤ’ ਵੀ ਕੁੱਝ ਏਸੇ ਤਰ੍ਹਾਂ ਹੀ ਆਪਣੀ ਆਤਮ-ਕਥਾ ਕਹਿੰਦੀ ਜਾਪਦੀ ਹੈ:
-ਕਦੀ ਧੁੱਪਾਂ ਨੇ ਉਖੇੜਿਆ
ਕਦੀ ਬੁਛਾੜਾਂ ਨੇ ਰੋੜ੍ਹਿਆ
ਪਰ ਮੇਰੀ ਹੋਂਦ ਨਾ ਮਰੀ
ਮੈਂ ਡਿੱਗੀ, ਟੁੱਟੀ ਤੇ ਖਿੰਡੀ
ਮੁੜ ਛੱਤ ਬਣ ਗਈ,
ਮੈਂ ਕੱਚੇ ਕੋਠੇ ਦੀ ਛੱਤ ਹਾਂ!
ਦਵਿੰਦਰ ਦੀ ਕਵਿਤਾ ਵਿਚ ਨਾਰੀ ਮਨ ਦੀ ਪੀੜਾ, ਵਲਵਲੇ, ਅੱਖਾਂ ਵਿਚਲੇ ਸੁਪਨੇ, ਤਾਂਘਾਂ, ਰੀਝਾਂ ਅਤੇ ਮਜਬੂਰੀਆਂ ਦੇ ਅਕਸ ਬੜੇ ਉੱਘੜ ਕੇ ਪੇਸ਼ ਹੋਏ ਨੇ:
– ਜੇ ਹਾਮੀ ਭਰਾਂ ਵਿਹੜੇ ਦੀ
ਛੱਤ ਰੁਸਵਾ ਹੋ ਜਾਏ
ਮੈਂ ਕੱਚੇ ਕੋਠੇ ਦੀ
ਘੁਣ ਖਾਧੀ ਸ਼ਤੀਰ ਹਾਂ!
– ਅਜੇ ਨਾ ਪਿੱਪਲਾਂ ਖੜ-ਖੜ ਲਾਈ,
ਅਜੇ ਨਾ ਛਾਂਵਾਂ ਭਾਈਆਂ ਨੇ !
ਅਜੇ ਹੈ ਦਗਦਾ ਸੂਰਜ ਮੱਥੇ,
ਅਜੇ ਨਾ ਬੱਦਲ਼ੀਆਂ ਛਾਈਆਂ ਨੇ !
ਅਜੇ ਤਾਂ ਕੋਰੀ ਚੁੰਨੀ ‘ਤੇ
ਮੈਂ ਰੰਗ ਰੰਗਾਂਵਾਂ ਖੜ੍ਹੀ ਖੜ੍ਹੀ !
ਮੈਨੂੰ ਅਜੇ ਜਿਊਣ ਦੀ ਤਾਂਘ ਬੜੀ !
– ਕਦੀ ਚਾਅ ਸੀ ਛੇਤੀ ਕੰਮ ਮੁਕਾ ਕੇ
ਦਰੀਆਂ ‘ਤੇ ਬਹਿਣ ਦਾ
ਸ਼ਗਨਾਂ ਵਿਆਹਾਂ `ਤੇ
ਗਾਉਣ ਜਾਣ ਦਾ!
ਦਵਿੰਦਰ ਵਿਰਸੇ ਵਿਚ ਆ ਰਹੀ ਗਿਰਾਵਟ ਤੋਂ ਬਹੁਤ ਫਿਕਰਮੰਦ ਹੈ ਅਤੇ ਇਸ ਨੂੰ ‘ਵਿਰਸੇ ਦੀ ਮੌਤ’ ਐਲਾਨਦੀ ਹੈ:
-ਧੀਆਂ ਭੈਣਾਂ ਬਣ ਗਈਆਂ
ਲੇਬਲ ਬਜ਼ਾਰ ਦਾ!
-ਆਓ! ਨੰਗੇ ਜਿਸਮਾਂ ਨੂੰ
ਪਾ ਕੱਫ਼ਨ ਢੱਕ ਦਈਏ!

ਦਵਿੰਦਰ ਦੀ ਕਵਿਤਾ ਵਿਚ ਪੇਸ਼ ਨਾਰੀ ਸੁਚੇਤ ਹੈ ਅਤੇ ਮਰਦ ਦੇ ਗੁਨਾਹਾਂ ਉੱਤੇ ਬੇਬਾਕੀ ਨਾਲ ਬੋਲਦੀ ਹੈ:
– ਮੈਂ ਵੀ ਧੀ ਭੈਣ ਹਾਂ ਕਿਸੇ ਦੀ,
ਮੈਨੂੰ ਘਰ ਤੋਂ ਚੁੱਕ
ਕੋਠੇ ਤੇ ਮਰਦ ਬਿਠਾਉਂਦਾ ਏ!
***
– ਪਾ ਕੇ ਚਿੱਟੇ ਕੱਪੜੇ
– ਕੂੜ ਅਦਾਲਤ ਲਾਉਂਦਾ ਏ!
ਮੰਡੀਕਰਨ ਤੇ ਵਿਸ਼ਵੀਕਰਨ ਦੀ ਲਿਸ਼ਕ ਨੇ ਮਾਨਵੀ ਰਿਸ਼ਤਿਆਂ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਦਵਿੰਦਰ ਦੇ ਕਾਵਿ ਵਿਚੋਂ ਇਹ ਫਿਕਰ ਬਹੁਤ ਚੰਗੀ ਤਰ੍ਹਾਂ ਉੱਭਰਿਆ ਹੈ:
-ਐ ਮਨੁੱਖ! ਕੁਦਰਤ ਨੇ ਤੈਨੂੰ
ਮਾਂ, ਭੈਣ, ਪਤਨੀ ਤੇ ਧੀ ਵਰਦਾਨ ਦਿੱਤੇ,
ਪਰ ਤੂੰ ਘਰ ਤੋਂ ਬਾਹਰ
ਭੁੱਲ ਜਾਂਦਾ ਏਂ ਪਹਿਚਾਣ ਇਸ ਦੀ!
ਦਵਿੰਦਰ ਵਿਸ਼ਵ ਵਿਆਪੀ ਵਰਤਾਰਿਆਂ ਤੋਂ ਸੁਚੇਤ ਕਵਿੱਤਰੀ ਹੈ ਅਤੇ ਵਿਕਾਸ ਦੇ ਨਾਂ `ਤੇ ਹੋ ਰਹੇ ਵਿਨਾਸ਼ਕਾਰੀ ਮੰਡੀਕਰਨ ਦੀ ਅਸਲੀਅਤ ਦੱਸਦੀ ਹੈ:
– ਉਹ ਮੇਰੇ ਆਪਣੇ ਹੀ
ਸੱਭਿਆਚਾਰ ਦਾ ਵਿਨਾਸ਼ ਏ,
ਜਿਸ ਨੂੰ ਕਰ ਕੇ ਨੰਗਾ
ਉੱਨਤੀ ਦਾ ਨਾਂ ਦਿੱਤਾ ਏ!
***
-ਦੱਸੋ ਕਿੱਥੋਂ ਲੱਭਾਂ ਪਿੰਡ ਦੀਆਂ ਨਹਿਰਾਂ,
ਇਥੇ ਝੀਲਾਂ ਦਿਆਂ ਪਾਣੀਆਂ ਨੂੰ ਜੰਗ,
ਬੈਗਾਂ ਵਿਚ ਆਟਾ ਕੈਨੀਆਂ ‘ਚ ਦੁੱਧ,
ਬਣ ਗਿਆ ਸਾਡੇ ਜੀਣ ਦਾ ਢੰਗ!
ਕਵਿੱਤਰੀ ਸਮਾਜ ਵਿਚ ਆ ਰਹੇ ਨਿਘਾਰਾਂ ਨੂੰ ਜ਼ਿੰਦਗੀ ਦੇ ਹਰ ਖੇਤਰ ਵਿਚੋਂ ਪਛਾਣ ਲੈਂਦੀ ਹੈ:
– ਬਾਜਾਂ ਵਾਲਿਆ ਸ਼ੇਰਾਂ ਤੋਂ ਬਣੇ ਗਿੱਦੜ,
ਖੰਭ ਚਿੜੀਆਂ ਦੇ ਹੱਥੀਂ ਕਟਵਾਉਣ ਲੱਗੇ!
ਹੱਟੀ ਵਿਸ਼ਵ ਦੀ ਵਾਂਗ ਪਰਚੂਨ ਵਿਕਦੇ,
ਨਵਾਂ ਵਿਰਸੇ `ਤੇ ਰੰਗ ਚੜ੍ਹਾਉਣ ਲੱਗੇ!
ਦਵਿੰਦਰ ਕਾਵਿ ਦੀ ਔਰਤ ਤਿਣਕਾ-ਤਿਣਕਾ ਟੁੱਟ ਕੇ ਵੀ ਸਾਬਤ-ਸਬੂਤ ਹੈ, ‘ਮੇਰੀ ਕਥਾ’, ‘ਖੁਦਾ ਹੋ ਗਈ’, ‘ਔਰਤ’ ਅਤੇ ‘ਰੌਸ਼ਨੀ’ ਕਵਿਤਾਵਾਂ ਇਸੇ ਗੱਲ ਵੱਲ ਇਸ਼ਾਰਾ ਕਰਦੀਆਂ ਨੇ:
ਤੂੰ ਇੱਕ ਤੂਫ਼ਾਨ ਏਂ,
ਤੂੰ ਇੱਕ ਚੱਟਾਨ ਏਂ,
ਫਿਰ ਛੱਪੜਾਂ ‘ਚ ਰੀਂਗਦੀ
ਮੱਛੀਆਂ ਕਿਓਂ ਫੜਦੀ ਏਂ!
ਕਵਿੱਤਰੀ ਖੁ਼ਦ ਤਾਂ ਸੁਚੇਤ ਹੈ ਹੀ ਨਾਲ ਦੀ ਨਾਲ ਸਮਾਜ ਦੇ ਪ੍ਰਭਾਵਿਤ ਲੋਕਾਂ ਨੂੰ ਵੀ ਚਲਾਕ ਜਮਾਤਾਂ ਦੀਆਂ ਚਾਲਾਂ ਪ੍ਰਤੀ ਸੁਚੇਤ ਕਰਦੀ ਹੈ, ‘ਮਜ਼ਦੂਰ ਕੁੜੀ ਨੂੰ’ ਤੇ ‘ਗਰੀਬ ਨੂੰ’ ਕਵਿਤਾਵਾਂ ਵਿਚ ਇਹ ਰੰਗ ਰੂਪਮਾਨ ਹੈ! ਸੱਭਿਆਚਾਰਕ ਤਬਦੀਲੀਆਂ ਦੇ ਨਕਾਰਾਤਮਕ ਪ੍ਰਭਾਵਾਂ ਨੂੰ ਮਹਿਸੂਸ ਕਰਦਿਆਂ ਕਵਿੱਤਰੀ ਗੁਆਚ ਰਹੀਆਂ ਵਿਰਾਸਤੀ ਨਿਸ਼ਾਨੀਆਂ ਅਤੇ ਇਸ ਦੇ ਵਿਗੜ ਰਹੇ ਮੁਹਾਂਦਰੇ ਦਾ ਵੀ ਫਿਕਰ ਕਰਦੀ ਹੈ – ਉਹ ਇਸ ਨੂੰ ‘ਵਿਰਸੇ ਦੀ ਮੌਤ’ ਆਖਦੀ ਹੈ! ਉਹ ਮੁਟਿਆਰਾਂ ਨੂੰ ਪਹਿਰਾਵੇ ਸਮੇਤ ਪੁਰਾਤਨ ਵਿਰਾਸਤ ਸੰਭਾਲਣ ਅਤੇ ਮੰਡੀ ਦੀ ਵਸਤੂ ਨਾ ਬਣਨ ਲਈ ਪ੍ਰੇਰਿਤ ਕਰਦੀ ਹੈ:
ਲਾ ਲੈ ਚੁੰਨੀ ਨੂੰ ਕਿਨਾਰੀ, ਨਾਲੇ ਗੁੱਤ ਗੁੰਦ ਲੈ!
ਉੱਤੇ ਲਾਲ ਫੁਲਕਾਰੀ, ਸੂਹੇ ਫੁੱਲ ਟੁੰਗ ਲੈ!
ਪਾ ਲੈ ਸੂਟ ਪਟਿਆਲਾ-ਸਲਵਾਰ ਕੁੜੀਏ!
***
ਕਿਓਂ ਮੰਡੀ ਵਿਚ ਹੁਸਨ ਦਾ ਮੁੱਲ ਵੱਟਦੀ,
ਤੈਨੂੰ ਸੋਭਦਾ ਨਾ ਝੂਠ ਦਾ ਸ਼ਿੰਗਾਰ ਕੁੜੀਏ!
***
ਢਿੱਲੀ ਚਰਖ਼ੇ ਦੀ ਗੁੱਝ ਹੋਈ, ਮਾਲ੍ਹ ਟੁੱਟ ਗਈ!
ਮੁੱਕਾ ਛੱਟਣਾ ਤੇ ਪੀਹਣਾ, ਹਾਏ ਮਧਾਣੀ ਰੁੱਸ ਗਈ!
***
ਪੂਰ ਛੱਪੜਾਂ ਨੂੰ ਪਿੱਪਲ ਤੇ ਬੋਹੜ ਵੱਢ ਆਏ!
ਅਸੀਂ ਜਾਨ ਤੋਂ ਪਿਆਰਾ ਹਾਏ ਪਿੰਡ ਛੱਡ ਆਏ !
ਦਵਿੰਦਰ ਪੰਜਾਬ ਦੇ ਇਕ ਪਿੰਡ ਤੋਂ ਅਮਰੀਕਾ ਦੀ ਵਰਜੀਨੀਆ ਸਟੇਟ ਵਿਚ ਆਪਣਾ ਖੁਸ਼ਹਾਲ ਪਰਿਵਾਰਕ ਜੀਵਨ ਬਿਤਾ ਰਹੀ ਹੈ। ਉਹਨੂੰ ਆਪਣੇ ਪਤੀ ਹਰਜੀਤ ਸਿੰਘ ਹੁੰਦਲ ਅਤੇ ਇਕਲੌਤੀ ਧੀ ਹਰਲੀਨ ਦੀ ਦੋਸਤੀ ਦਾ ਨਿੱਘ ਵੀ ਹਾਸਲ ਹੈ – ਫਿਰ ਵੀ ਉਹ ਰੌਸ਼ਨੀਆਂ ਵਿਚ ਗੁਆਚੀ ਨਹੀਂ ਸਗੋਂ ਕਲਮ ਦੇ ਕਲ਼ਾਵੇ ਵਿਚ ਰਿਸ਼ਤਿਆਂ ਦੇ ਨਾਲ-ਨਾਲ ਪੰਜਾਬ, ਪਿੰਡ, ਵਿਰਸਾ, ਮਾਂ-ਬੋਲੀ, ਬਚਪਨ, ਜਵਾਨੀ, ਬੁਢਾਪਾ, ਸਹੇਲੀਆਂ, ਖੂਹ, ਟਿੰਡਾਂ, ਦਰੀਆਂ-ਖੇਸ, ਮੇਲੇ, ਬੰਬੀਹੇ, ਕੋਇਲਾਂ, ਸਾਵਣ, ਘਟਾਵਾਂ, ਬੱਚਿਆਂ ਦਾ ਚੀਕ ਚਿਹਾੜਾ, ਪਿੰਡ ਦੇ ਸ਼ੌਕੀਨ, ਨਹਿਰਾਂ, ਝੀਲਾਂ, ਛੱਪੜਾਂ, ਫਿਰਨੀਆਂ, ਖੇਤਾਂ ਸਭ ਨੂੰ ਸਮੇਟ ਲੈਣਾ ਚਾਹੁੰਦੀ ਹੈ ਤੇ ਪ੍ਰਵਾਸ ਦਾ ਦਰਦ ਵੀ ਆਪ ਮੁਹਾਰੇ ਉਹਦੀ ਕਾਵਿ-ਕਲਪਨਾ ਵਿਚ ਪ੍ਰਵੇਸ਼ ਕਰ ਗਿਆ ਹੈ- ‘ਫ਼ਰਕ’, ‘ਦੇਸ ਅਮਰੀਕਾ’, ਅਤੇ ‘ਪੱਥਰਾਂ ਦਾ ਸ਼ਹਿਰ’ ਕਵਿਤਾਵਾਂ ਵਿਚੋਂ ਇਹ ਕਸਕ ਮਹਿਸੂਸ ਕੀਤੀ ਜਾ ਸਕਦੀ ਹੈ:
-ਅਸੀਂ ਮਿੱਟੀ ਦੇ ਜਾਏ, ਛੱਡ ਮਿੱਟੀ ਦੇ ਰਿਸ਼ਤੇ,
ਪੱਥਰਾਂ ਦੇ ਸ਼ਹਿਰ ਵਿਚ ਦਿਲਦਾਰ ਲੱਭਣ ਆਏ ਹਾਂ!
-ਮਿੱਟੀਏ ਨੀ ਮੁਆਫ਼ ਕਰੀਂ, ਮੁਆਫ਼ ਕਰ ਦਈਂ,
ਅਸੀਂ ਬੜੇ ਨਿਰਮੋਹੇ ਤੈਨੂੰ ਛੱਡ ਆਏ ਹਾਂ!
-ਘਰੋਂ ਨਿਕਲੇ ਸਾਂ ਦੌਲਤਾਂ ਕਮਾਉਣ ਵਾਸਤੇ!
ਗਹਿਣੇ ਪਏ ਕਿੱਲੇ ਬਾਪੂ ਦੇ ਛੁਡਾਉਣ ਵਾਸਤੇ!
-ਵੱਸ ਪਏ ਹਾਂ ਬਿਗਾਨੇ,
ਹੋਂਦ ਆਪਣੀ ਨੂੰ ਜਿੰ਼ਦਾ ਮਾਰ ਦੱਬ ਆਏ ਹਾਂ।
ਦਵਿੰਦਰ ਲਈ ਕਵਿਤਾ ਰੁਜ਼ਗਾਰ ਨਹੀਂ ਇਬਾਦਤ ਹੈ। ਇਸੇ ਲਈ ਉਹ ਖ਼ੈਰ ਸੁੱਖ ਤੇ ਮੁਹੱਬਤ ਦੇ ਧਾਗੇ ਵਿਚ ਸ਼ਬਦਾਂ ਦੇ ਫੁੱਲ ਪਰੋਅ ਕੇ ਆਪਣੇ ਰਿਸ਼ਤਿਆਂ ਨੂੰ ਮਹਿਕਾਉਂਦੀ ਹੈ ਤੇ ਨਿੱਘ ਵਧਾਉਂਦੀ ਰਹਿੰਦੀ ਹੈ- ਆਪਣੇ ਪਤੀ ਲਈ ਉਹ ‘ਚੀਰੇ ਵਾਲ਼ਾ’, ਗੀਤ ਗਾਉਂਦੀ ਹੈ ਤਾਂ ਧੀਸ਼ਾਲੂ ਨੂੰ ‘ਅਸ਼ੀਰਵਾਦ’ ਵੀ ਕਾਵਿਕ ਬੋਲਾਂ ਨਾਲ ਦਿੰਦੀ ਹੈ:
ਜਦ ਤੂੰ ਜੰਮੀ ਤੇਰੇ ਬਾਬਲ ਨੇ ਸੀ ਲੱਡੂ ਵੰਡੇ!
ਉਸ ਦੇ ਕਾਵਿ ਵਿਚ ਵਿਸ਼ਿਆਂ ਦੀ ਭਿੰਨਤਾ ਹੈ ਜੋ ਰਿਸ਼ਤਿਆਂ ਦੇ ਨਿੱਘ ਅਤੇ ਮਹੱਤਵ ਦੇ ਨਾਲ ਨਾਲ ਔਰਤ ਦੀ ਸਮਾਜ ਅਤੇ ਪਰਿਵਾਰ ਵਿਚ ਸਥਿਤੀ ਅਤੇ ਭੂਮਿਕਾ ਦਾ ਸਿਰਨਾਵਾਂ ਵੀ ਜਾਪਦੇ ਹਨ। ਉਹਦੀ ਕਵਿਤਾ ਵਿਚੋਂ ਲੋਕ ਗੀਤਾਂ ਦਾ ਮੁਹਾਂਦਰਾ ਨਜ਼ਰੀਂ ਪੈਂਦਾ ਹੈ:
ਚੱਲ ਜਿੰਦੂਆ ਕੁੱਛ ਕਰੀਏ ਐਸਾ
ਮਰ ਕੇ ਜੀਵਨ ਪਾਈਏ!
ਲਿਖੇ ‘ਗੁਰਾਇਆ’ ਗਾਵੇ ‘ਹੁੰਦਲ’,
ਕੋਈ ਛੱਡ ਸੁਨੇਹਾ ਜਾਈਏ!
‘ਛੱਲਾ’ ਤੇ ‘ਚੀਰੇ ਵਾਲ਼ਾ’ ਰਚਨਾਵਾਂ ਵੀ ਇਸੇ ਕੜੀ ਵਿਚੋਂ ਹਨ।
ਪੁਸਤਕ ਵਿਚ ਸ਼ਾਮਲ ਹਰੇਕ ਕਵਿਤਾ ਜਾਂ ਗੀਤ ਆਪਣੇ ਵਿਸ਼ੇ ਕਰਕੇ ਤੇ ਕਵਿੱਤਰੀ ਦੀ ਪ੍ਰਪੱਕ ਕਾਵਿ ਸੂਝ ਕਰਕੇ ਮਹੱਤਵਪੂਰਨ ਹੈ। ਉਸ ਨੇ ਕਈ ਵਿਸ਼ਿਆਂ ਉੱਤੇ ਤਾਂ ਇੱਕ ਤੋਂ ਵੱਧ ਰਚਨਾਵਾਂ ਵੀ ਕੀਤੀਆਂ ਨੇ ਉਦਾਹਰਣ ਲਈ:
‘ਮਿੱਟੀਏ ਨੀ ਮਾਫ਼ ਕਰੀਂ’ ਅਤੇ ‘ਪਿੰਡ ਛੱਡ ਆਏ’
ਏਸੇ ਤਰ੍ਹਾਂ ‘ਦੇਸ ਅਮਰੀਕਾ’ ਅਤੇ ‘ਨੀ ਮੌਤੇ’ ਕਵਿਤਾਵਾਂ ਵਿਚ ਵੀ ਵਿਸ਼ੇ ਅਤੇ ਖਿਆਲਾਂ ਦਾ ਦੁਹਰਾ ਜਾਪਦਾ ਹੈ। ਪਰ ਉਸ ਦੀਆਂ ਦੋ ਕਵਿਤਾਵਾਂ ਦੇ ਜ਼ਿਕਰ ਬਿਨਾਂ ਮੇਰਾ ਕੰਮ ਅਧੂਰਾ ਰਹਿ ਜਾਵੇਗਾ:
‘ਉਹ ਦਿਨ ਕਿੱਥੇ ਗਏ’ ਕੁੜੀਆਂ ਦੇ ਬਚਪਨ ਤੋਂ ਲੈ ਕੇ ਦੂਜੇ ਪਿੰਡ ਜਾ ਵੱਸਣ ਤੱਕ ਦਾ ਕਲਾਤਮਿਕ ਚਿੱਤਰਨ ਹੈ ਅਤੇ ਦੂਜੀ ਕਵਿਤਾ ‘ਮੈਂ ਕੰਮੀਆਂ ਦੀ ਲਗਰ’ ਸ਼ਿਵ ਬਟਾਲਵੀ ਦੀ ਕਵਿਤਾ ‘ਮੈਂ ਕੰਡਿਆਲੀ ਥੋਹਰ’ ਦੇ ਨੈਣ-ਨਕਸ਼ਾਂ ਦਾ ਭੁਲੇਖਾ ਪਾਉਂਦੀ ਹੋਈ ਉਸ ਦੀ ਜੁੜਵਾ ਭੈਣ ਜਾਪਦੀ ਹੈ!
ਦਵਿੰਦਰ ਕੌਰ ਇਕੋ ਸਮੇਂ ਗੁਰਾਇਆ ਵੀ ਅਤੇ ਹੁੰਦਲ ਵੀ ਕਹਾਉਣਾ ਪਸੰਦ ਕਰਦੀ ਹੈ ਕਿਉਂਕਿ ਉਹ ਆਪਣੇ ਪੇਕੇ ਅਤੇ ਸਹੁਰਿਆਂ ਵਿਚ ਇੱਕ ਸਾਂਝ ਦਾ ਪੁਲ ਬਣਨਾ ਚਾਹੁੰਦੀ ਹੈ – ਵਖਰੇਵੇਂ ਦੀ ਕੰਧ ਨਹੀਂ। ਆਪਣੇ ਵੀਰ ਡਾ. ਨਿਰਮਲ ਸਿੰਘ ਆਜ਼ਾਦ ਨੂੰ ਉਹ ਆਪਣਾ ਰੱਬ ਮੰਨਦੀ ਹੈ। ਉਹ ਸ਼ਾਇਦ ਅਨਪੜ੍ਹ ਰਹਿ ਜਾਂਦੀ ਜੇ ਉਸਦੀ ਬਿਮਾਰੀ ਦਾ ਕਾਰਨ ਜਾਣ ਡਾ. ਆਜ਼ਾਦ ਵਰਗਾ ਦੂਰ-ਅੰਦੇਸ਼ ਸ਼ਖ਼ਸ ਉਸਦੀ ਹਿੰਮਤ, ਹੌਂਸਲਾ ਅਤੇ ਰਹਿਨੁਮਾ ਨਾ ਬਣਦਾ। ਤਾਂ ਹੀ ਉਹ ਸਿਰੜੀ ਕੁੜੀ ਕਿਸੇ ਸਕੂਲ ਜਾਣ ਤੋਂ ਦਸਵੀਂ ਜਮਾਤ ਪਾਸ ਕਰ ਕੇ ਐਮ.ਏ. ਬੀ.ਐੱਡ ਕਰ ਕੇ ਅਧਿਆਪਕਾ ਵੀ ਬਣੀ ਅਤੇ ਪੀ.ਐਚ.ਡੀ. ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ। ਪਰ ਸਿਖ਼ਰ ਚੜ੍ਹੀ ਪੀਂਘ ਦਾ ਟਾਹਣਾ ਟੁੱਟਣ ਵਰਗਾ ਭਾਣਾ ਵਰਤ ਗਿਆ। ਦਵਿੰਦਰ ਹਉਕਾ ਜਿਹਾ ਭਰ ਕੇ ਲਿਖਦੀ ਹੈ:
ਵੀਰ ਆਜ਼ਾਦ ਮੌਤ ਦੇ ਵੱਸ ਪੈ ਗਿਆ,
ਸਭ ਕੁੱਝ ਧਰਿਆ ਧਰਾਇਆ ਰਹਿ ਗਿਆ।
ਆਪਣੇ ਰਾਹ ਦਸੇਰੇ ਇਸ ਵੀਰ ਨੂੰ ਯਾਦ ਕਰਦਿਆਂ ਪੁਸਤਕ ਵਿਚ ‘ਕੂਕ’, ‘ਜਾਣ ਵਾਲੇ ਦੀ ਯਾਦ ਵਿਚ’ ਅਤੇ ‘ਵੀਰ ਆਜ਼ਾਦ ਦੇ ਨਾਂ’ ਕਵਿਤਾਵਾਂ ਸ਼ਾਮਲ ਕੀਤੀਆਂ ਨੇ ਪਰ ਆਪਣੇ ਅਸੀਮ ਪਿਆਰ ਸਤਿਕਾਰ ਨੂੰ ਮੁਹਰਬੰਦ ਕਰਦਿਆਂ ਦਵਿੰਦਰ ਨੇ ਪਲੇਠਾ ਕਾਵਿ-ਸੰਗ੍ਰਹਿ ਹੀ ਡਾ. ਨਿਰਮਲ ਸਿੰਘ ਆਜ਼ਾਦ ਨੂੰ ਸਮਰਪਿਤ ਕੀਤਾ ਹੈ।
ਪੁਸਤਕ ਪੜ੍ਹਦਿਆਂ ਪਾਠਕ ਆਪ ਮੁਹਾਰੇ ਗੁਣਗੁਣਾਏਗਾ ਵੀ ਅਤੇ ਅੱਖਾਂ ਵਿਚਲੀ ਨਮੀ ਵੀ ਨਹੀਂ ਲਕੋ ਸਕੇਗਾ। ਭਾਸ਼ਾ, ਸੱਭਿਆਚਾਰ, ਸੰਗੀਤਕਤਾ, ਸੰਘਰਸ਼ ਆਦਿ ਵਿਸ਼ਿਆਂ ਨੂੰ ਸਮੇਟਦੀ ‘ਕੱਚੇ ਕੋਠੇ ਦੀ ਛੱਤ’ ਪੜ੍ਹਨਯੋਗ ਤੇ ਸਾਂਭਣਯੋਗ ਪੁਸਤਕ ਹੈ। 2013 ਵਿਚ ਛਪੀ ਇਸ ਕਿਤਾਬ ਤੋਂ ਬਾਅਦ ਦਵਿੰਦਰ ਕੌਰ ਗੁਰਾਇਆ – ਹੁੰਦਲ ਦੇ ਅਗਲੇਰੇ ਸਾਹਿਤਕ ਕਦਮ ਦੀ ਉਡੀਕ ਹੈ।