ਆਮਨਾ ਕੌਰ
ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (ਸੀ.ਬੀ.ਐੱਫ.ਸੀ.) ਨੇ ਫਿਲਮ ‘ਪਠਾਨ’ ਅਤੇ ਇਸ ਦੇ ਗਾਣਿਆਂ ਵਿਚ ਕੁਝ ਤਬਦੀਲੀਆਂ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ ਤਾਂ ਕਿ ਫਿਲਮ ਸੀ.ਬੀ.ਐੱਫ.ਸੀ. ਦੇ ਮਾਪਦੰਡਾਂ ‘ਤੇ ਖਰੀ ਉਤਰ ਸਕੇ। ਇਸ ਫਿਲਮ ਵਿਚ ਸ਼ਾਹਰੁਖ਼ ਖਾਨ ਬਤੌਰ ਨਾਇਕ ਅਤੇ ਦੀਪਿਕਾ ਪਾਦੂਕੋਨ ਬਤੌਰ ਨਾਇਕਾ ਭੂਮਿਕਾ ਨਿਭਾਅ ਰਹੇ ਹਨ। ਸੀ.ਬੀ.ਐੱਫ.ਸੀ. ਦੇ ਚੇਅਰਪਰਸਨ ਪ੍ਰਸੂਨ ਜੋਸ਼ੀ ਨੇ ਦੱਸਿਆ ਕਿ ਯਸ਼ ਰਾਜ ਫਿਲਮਜ਼ ਨੂੰ ਹਦਾਇਤ ਕੀਤੀ ਗਈ ਹੈ ਕਿ ਫਿਲਮ ‘ਪਠਾਨ’ ਵਿਚ ਨਿਰਧਾਰਿਤ ਸੋਧਾਂ ਕੀਤੀਆਂ ਜਾਣ ਜਿਸ ਮਗਰੋਂ ਇਸ ਨੂੰ ਬੋਰਡ ਅੱਗੇ ਮੁੜ ਪੇਸ਼ ਕੀਤਾ ਜਾਵੇ। ਫਿਲਮ ‘ਪਠਾਨ’ ਜਨਵਰੀ ਮਹੀਨੇ ਰਿਲੀਜ਼ ਹੋਣੀ ਹੈ। ਇਸ ਫਿਲਮ ਦਾ ਗਾਣਾ ‘ਬੇਸ਼ਰਮ ਰੰਗ’ ਵੀ ਵਿਵਾਦਾਂ ਵਿਚ ਘਿਰਿਆ ਹੋਇਆ ਹੈ। ਇਸ ‘ਤੇ ਪਾਬੰਦੀ ਤੱਕ ਦੀ ਮੰਗ ਕੀਤੀ ਗਈ ਸੀ।
ਦੋਸ਼ ਲਾਇਆ ਗਿਆ ਹੈ ਕਿ ਗੀਤ ਵਿਚ ਦੀਪਿਕਾ ਪਾਦੂਕੋਣ ਨੂੰ ਭਗਵਾ ਬਿਕਨੀ ਵਿਚ ਕਿਉਂ ਦਿਖਾਇਆ ਗਿਆ ਹੈ। ਦਾਅਵਾ ਕੀਤਾ ਗਿਆ ਹੈ ਕਿ ਇਸ ਨਾਲ ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਯਾਦ ਰਹੇ ਕਿ ਪਿਛਲੇ ਸਮੇਂ ਦੌਰਾਨ ਕਈ ਹੋਰ ਫਿਲਮਾਂ ਵੀ ਵੱਖ-ਵੱਖ ਕਾਰਨਾਂ ਕਰ ਕੇ ਵਿਵਾਦਾਂ ਵਿਚ ਰਹੀਆਂ ਹਨ। ਇਨ੍ਹਾਂ ਵਿਚ ‘ਪਦਮਾਵਤ’, ‘ਉੜਤਾ ਪੰਜਾਬ’, ‘ਲਿਪਸਟਿਕ ਅੰਡਰ ਮਾਈ ਬੁਰਕਾ’, ‘ਮੁਹੱਲਾ ਅੱਸੀ’ ਆਦਿ ਫਿਲਮਾਂ ਸ਼ਾਮਿਲ ਹਨ। ਇਨ੍ਹਾਂ ਫਿਲਮਾਂ ਨੂੰ ਵੀ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਨੇ ਕੱਟ ਲਗਾਉਣ ਲਈ ਕਿਹਾ ਸੀ ਪਰ ਇਨ੍ਹਾਂ ਫਿਲਮਾਂ ਦੇ ਨਿਰਮਾਤਾ ਅਦਾਲਤ ਵਿਚ ਚਲੇ ਗਏ ਹਨ ਅਤੇ ਬੋਰਡ ਨੂੰ ਅਦਾਲਤ ਦਾ ਫੈਸਲਾ ਮੰਨਣਾ ਪਿਆ ਅਤੇ ਇਹ ਫਿਲਮਾਂ ਰਿਲੀਜ਼ ਕਰਨ ਨੂੰ ਹਰੀ ਝੰਡੀ ਦੇਣੀ ਪਈ।
ਉਂਝ ਫਿਲਮ ‘ਪਠਾਨ’ ਦਾ ਮਾਮਲਾ ਵੱਖਰਾ ਹੈ। ਹਿੰਦੂਤਵਵਾਦੀਆਂ ਦਾ ਅਸਲ ਨਿਸ਼ਾਨਾ ਇਸ ਫਿਲਮ ਦਾ ਨਾਇਕ ਸ਼ਾਹਰੁਖ ਖਾਨ ਅਤੇ ਨਾਇਕਾ ਦੀਪਿਕਾ ਪਾਦੂਕੋਣ ਹਨ। ਯਾਦ ਰਹੇ ਕਿ ਕਿ ਸ਼ਾਹਰੁਖ ਖਾਨ ਨੂੰ ਸਿਰਫ ਮੁਸਲਮਾਨ ਹੋਣ ਕਾਰਨ ਬਦਨਾਮ ਕਰਨ ਲਈ ਕੁਝ ਸਮਾਂ ਪਹਿਲਾਂ ਉਸ ਦੇ ਪੁੱਤਰ ਉਤੇ ਨਸ਼ਿਆਂ ਦੇ ਦੋਸ਼ ਲਾਏ ਗਏ ਅਤੇ ਉਸ ਨੂੰ ਜੇਲ੍ਹ ਅੰਦਰ ਵੀ ਡੱਕੀ ਰੱਖਿਆ ਗਿਆ। ਬਾਅਦ ਵਿਚ ਸਬੰਧਿਤ ਕੇਸ ਵਿਚੋਂ ਸ਼ਾਹਰੁਖ ਖਾਨ ਦਾ ਮੁੰਡਾ ਸਾਫ ਬਰੀ ਕਰ ਦਿੱਤਾ ਗਿਆ। ਜਦੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਬੜੀਆਂ ਗੱਲਾਂ ਬਣਾਈਆਂ ਸਨ ਅਤੇ ਖੂਬ ਅਫਵਾਹਾਂ ਵੀ ਫੈਲਾਈਆਂ ਗਈਆਂ ਸਨ। ਦੀਪਿਕਾ ਦਾ ਮਾਮਲਾ ਹੈ। ਜਦੋਂ ਦਿੱਲੀ ਵਿਚ ਜੇ.ਐਨ.ਯੂ. ਦੇ ਵਿਦਿਆਰਥੀਆਂ ਦਾ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਮੋਦੀ ਸਰਕਾਰ ਨਾਲ ਟਕਰਾਅ ਚੱਲ ਰਿਹਾ ਸੀ ਤਾਂ ਦੀਪਿਕਾ ਨੇ ਵਿਦਿਆਰਥੀਆਂ ਦੇ ਸੰਘਰਸ਼ ਦੀ ਹਮਾਇਤ ਕੀਤੀ ਸੀ। ਬੱਸ ਹਿੰਦੂਤਵਵਾਦੀ ਇਸੇ ਗੱਲ ਤੋਂ ਖਫਾ ਹਨ।