ਜਿਨਸੀ ਸ਼ੋਸ਼ਣ ਮਾਮਲੇ ਵਿਚ ਘਿਰੇ ਸੰਦੀਪ ਸਿੰਘ ਵੱਲੋਂ ਖੇਡ ਵਿਭਾਗ ਤੋਂ ਅਸਤੀਫਾ

ਚੰਡੀਗੜ੍ਹ: ਜਿਨਸੀ ਸ਼ੋਸ਼ਣ ਦੇ ਦੋਸ਼ਾਂ ਵਿਚ ਘਿਰੇ ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਨੇ ਖੇਡ ਵਿਭਾਗ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਕਦਮ ਨੈਤਿਕਤਾ ਦੇ ਆਧਾਰ ਉਤੇ ਚੁੱਕਿਆ ਹੈ। ਇਸ ਤੋਂ ਪਹਿਲਾਂ ਚੰਡੀਗੜ੍ਹ ਪੁਲਿਸ ਨੇ ਹਰਿਆਣਾ ਦੀ ਮਹਿਲਾ ਜੂਨੀਅਰ ਅਥਲੈਟਿਕਸ ਕੋਚ ਦੀ ਸ਼ਿਕਾਇਤ ਉਤੇ ਸੰਦੀਪ ਸਿੰਘ ਖ਼ਿਲਾਫ ਜਿਨਸੀ ਸ਼ੋਸ਼ਣ ਤੇ ਗਲਤ ਤਰੀਕੇ ਨਾਲ ਕੈਦ ਕਰਨ ਦੇ ਦੋਸ਼ਾਂ ਤਹਿਤ ਐਫ.ਆਈ.ਆਰ. ਦਰਜ ਕੀਤੀ ਸੀ।

ਸੰਦੀਪ ਸਿੰਘ ਨੇ ਹਾਲਾਂਕਿ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਆਪਣੇ ਉਤੇ ਲਗਾਏ ਦੋਸ਼ਾਂ ਨੂੰ ਖਾਰਜ ਕੀਤਾ ਤੇ ਮਾਮਲੇ ਵਿਚ ਸੁਤੰਤਰ ਜਾਂਚ ਦੀ ਮੰਗ ਕੀਤੀ ਹੈ। ਉਧਰ, ਪੀੜਤ ਮਹਿਲਾ ਕੋਚ ਨੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਪੀੜਤ ਮਹਿਲਾ ਨੂੰ ਇਨਸਾਫ ਦਿਵਾਉਣ ਦੀ ਗੱਲ ਕਹੀ ਹੈ। ਸੰਦੀਪ ਸਿੰਘ ਨੇ ਕਿਹਾ ਕਿ ਉਸ ਨੇ ਖੇਡ ਵਿਭਾਗ ਛੱਡ ਦਿੱਤਾ ਹੈ। ਸਾਬਕਾ ਓਲੰਪੀਅਨ ਤੇ ਕੁਰੂਕਸ਼ੇਤਰ ਦੇ ਪਿਹੋਵਾ ਤੋਂ ਪਹਿਲੀ ਵਾਰ ਵਿਧਾਇਕ ਬਣੇ ਸੰਦੀਪ ਸਿੰਘ ਕੋਲ ਪ੍ਰਿੰਟਿੰਗ ਤੇ ਸਟੇਸ਼ਨਰੀ ਵਿਭਾਗ ਵੀ ਹੈ, ਹਾਲਾਂਕਿ ਉਨ੍ਹਾਂ ਮੰਤਰੀ ਮੰਡਲ ਤੋਂ ਅਸਤੀਫਾ ਨਹੀਂ ਦਿੱਤਾ ਹੈ। ਹਰਿਆਣਾ ਦੇ ਡੀ.ਜੀ.ਪੀ. ਨੇ ਸੰਦੀਪ ਸਿੰਘ ਵੱਲੋਂ ਕੋਚ ਖ਼ਿਲਾਫ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਇਕ ਕਮੇਟੀ ਦਾ ਗਠਨ ਕੀਤਾ ਹੈ। ਸੰਦੀਪ ਸਿੰਘ ਨੇ ਦਾਅਵਾ ਕੀਤਾ ਹੈ ਕਿ ਮਹਿਲਾ ਕੋਚ ਨੇ ਮੇਰੇ ਅਕਸ ਨੂੰ ਖਰਾਬ ਕੀਤਾ ਹੈ। ਸੰਦੀਪ ਸਿੰਘ ਨੇ ਕਿਹਾ ਕਿ ਜਦੋਂ ਤੱਕ ਕਮੇਟੀ ਆਪਣੀ ਰਿਪੋਰਟ ਨਹੀਂ ਦਿੰਦੀ, ਉਦੋਂ ਤੱਕ ਉਹ ਨੈਤਿਕਤਾ ਦੇ ਆਧਾਰ ਉਤੇ ਮੁੱਖ ਮੰਤਰੀ ਨੂੰ ਖੇਡ ਵਿਭਾਗ ਸੌਂਪ ਰਿਹਾ ਹੈ। ਸੰਦੀਪ ਨੇ ਇਕ ਵਾਰ ਫਿਰ ਦੁਹਰਾਇਆ ਕਿ ਮਹਿਲਾ ਕੋਚ ਵੱਲੋਂ ਉਸ ਉਤੇ ਲਾਏ ਗਏ ਦੋਸ਼ ਬੇਬੁਨਿਆਦ ਹਨ।