ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਜਾਂਚ ਆਰੰਭ ਦਿੱਤੀ ਹੈ। ਵਿਜੀਲੈਂਸ ਵੱਲੋਂ ਇਹ ਜਾਂਚ ਸੈਰ-ਸਪਾਟਾ ਵਿਭਾਗ ਵਿਚ ਕਰੋੜਾਂ ਰੁਪਏ ਦੀਆਂ ਵਿੱਤੀ ਬੇਨਿਯਮੀਆਂ ਦੇ ਦੋਸ਼ਾਂ ਤਹਿਤ ਮਿਲੀ ਇਕ ਸ਼ਿਕਾਇਤ ਦੇ ਆਧਾਰ ‘ਤੇ ਸ਼ੁਰੂ ਕੀਤੀ ਗਈ ਹੈ।
ਸੂਤਰਾਂ ਦਾ ਦੱਸਣਾ ਹੈ ਕਿ ਮੁੱਖ ਡਾਇਰਕੈਟਰ ਵਿਜੀਲੈਂਸ ਵਰਿੰਦਰ ਕੁਮਾਰ ਨੇ ਸਾਬਕਾ ਮੁੱਖ ਮੰਤਰੀ ਖ਼ਿਲਾਫ਼ ਜਾਂਚ ਦਾ ਕੰਮ ਏ.ਆਈ.ਜੀ. ਫਲਾਇੰਗ ਸਕੁਐਡ ਮਨਮੋਹਨ ਸ਼ਰਮਾ ਨੂੰ ਸੌਂਪਿਆ ਹੈ। ਸ਼ਿਕਾਇਤਕਰਤਾ ਰਾਜਬਿੰਦਰ ਸਿੰਘ ਪੁੱਤਰ ਚੰਨਣ ਸਿੰਘ ਪਿੰਡ ਭਾਗੂ ਜ਼ਿਲ੍ਹਾ ਬਠਿੰਡਾ ਵੱਲੋਂ 6 ਪੰਨਿਆਂ ਦੀ ਸ਼ਿਕਾਇਤ ਦੇ ਨਾਲ ਪੂਰੇ ਦਸਤਾਵੇਜ਼ ਨੱਥੀ ਕਰਦਿਆਂ ਦੋਸ਼ ਲਾਇਆ ਗਿਆ ਹੈ ਕਿ ਨਵੰਬਰ 2021 ਵਿਚ ਸਾਬਕਾ ਮੁੱਖ ਮੰਤਰੀ ਦੇ ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਵਿਚ ‘’ਦਾਸਤਾਨ-ਏ-ਸ਼ਹਾਦਤ“ ਦੇ ਸਮਾਗਮ ਦੌਰਾਨ ਕਰੋੜਾਂ ਰੁਪਏ ਦਾ ਘਪਲਾ ਕੀਤਾ ਹੈ। ਸ਼ਿਕਾਇਤਕਰਤਾ ਨੇ ਇਹ ਵੀ ਦੋਸ਼ ਲਾਇਆ ਹੈ ਕਿ ਇਸ ਸਮਾਗਮ `ਤੇ ਕੀਤੇ ਖਰਚ ਦੀ ਆੜ ਹੇਠ ਸਾਬਕਾ ਮੁੱਖ ਮੰਤਰੀ ਦੇ ਪੁੱਤਰ ਦੀ ਸ਼ਾਦੀ `ਤੇ ਹੋਏ ਖਰਚ ਨੂੰ ਐਡਜਸਟ ਕੀਤਾ ਗਿਆ ਹੈ।
ਸ਼ਿਕਾਇਤ ਵਿਚ ਦੋਸ਼ ਲਾਇਆ ਗਿਆ ਹੈ ਕਿ ‘’ਦਾਸਤਾਨ-ਏ-ਸ਼ਹਾਦਤ“ ਸਮਾਗਮ ਦੌਰਾਨ ਹੋਏ ਖਰਚ ਦੌਰਾਨ 1.47 ਕਰੋੜ ਰੁਪਏ ਦਾ ਘਪਲਾ ਹੋਇਆ ਹੈ। ਸ਼ਿਕਾਇਤ ਅਨੁਸਾਰ ਇਸ ਸਮਾਗਮ ਲਈ ਕੰਮ ਅਲਾਟ ਕਰਨ ਸਮੇਂ ਟੈਂਡਰਾਂ ਦੀ ਅਲਾਟਮੈਂਟ ਤੋਂ ਲੈ ਕੇ ਖਰਚ ਕਰਨ ਦੇ ਮਾਮਲੇ ਵਿਚ ਹਰ ਥਾਂ ਕਥਿਤ ਘਪਲੇ ਦੇ ਸਬੂਤ ਦਿਖਾਈ ਦਿੰਦੇ ਹਨ। ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਇਸ ਸਮਾਗਮ `ਤੇ ਸਾਧਾਰਨ ਨਾਲੋਂ 20 ਗੁਣਾ ਜ਼ਿਆਦਾ ਰੇਟਾਂ `ਤੇ ਕੰਮ ਅਲਾਟ ਕੀਤਾ ਗਿਆ, ਜੋ ਕਿ ਵੱਡੀ ਵਿੱਤੀ ਬੇਨਿਯਮੀ ਹੈ। ਸ਼ਿਕਾਇਤਕਰਤਾ ਨੇ ਦਾਅਵਾ ਕੀਤਾ ਹੈ ਕਿ ਆਰਜ਼ੀ ਸਟੇਜ `ਤੇ 97 ਲੱਖ ਰੁਪਏ ਦਾ ਖਰਚ ਕੀਤਾ ਗਿਆ। ਚਾਹ ਦੇ ਕੱਪ ਦਾ ਖਰਚ 2 ਹਜ਼ਾਰ ਰੁਪਏ ਪ੍ਰਤੀ ਕੱਪ ਤੱਕ ਦਿਖਾਇਆ ਗਿਆ ਹੈ ਤੇ ਕੁਝ ਮਹੀਨਿਆਂ ਬਾਅਦ ਹੀ ਚੋਣ ਕਮਿਸ਼ਨ ਨੇ ਵਿਧਾਨ ਸਭਾ ਚੋਣਾਂ ਦੌਰਾਨ ਚਾਹ ਦੇ ਕੱਪ ਦੀ ਕੀਮਤ 12 ਰੁਪਏ ਪ੍ਰਤੀ ਕੱਪ ਨਿਰਧਾਰਤ ਕੀਤੀ ਸੀ। ਖਾਣੇ ਦੀ ਪਲੇਟ `ਤੇ ਵੀ 2 ਹਜ਼ਾਰ ਰੁਪਏ ਪ੍ਰਤੀ ਵਿਅਕਤੀ ਦਾ ਖਰਚ ਦਿਖਾਇਆ ਗਿਆ ਹੈ। ਪੂਰੀ ਛੋਲਿਆਂ ਦੀ ਪਲੇਟ ਦਾ ਖਰਚ 250 ਰੁਪਏ ਪ੍ਰਤੀ ਪਲੇਟ ਦਿਖਾਇਆ ਗਿਆ ਹੈ ਅਤੇ ਇਸ ਦੀ ਅਸਲ ਕੀਮਤ 25 ਰੁਪਏ ਪਲੇਟ ਹੈ। ਸ਼ਿਕਾਇਤਕਰਤਾ ਮੁਤਾਬਕ ਟੈਂਟ ਦੀਆਂ ਕੁਰਸੀਆਂ, ਮੇਜ਼ ਆਦਿ ਦਾ ਕਿਰਾਇਆ ਵੀ ਲੋੜੋਂ ਵੱਧ ਦਿਖਾਇਆ ਗਿਆ ਹੈ।
ਦੱਸਣਯੋਗ ਹੈ ਕਿ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਨੇ ਸਤੰਬਰ 2021 ਵਿਚ ਕੈਪਟਨ ਅਮਰਿੰਦਰ ਸਿੰਘ ਨੂੰ ਗੱਦੀਓਂ ਲਾਹ ਕੇ ਮੁੱਖ ਮੰਤਰੀ ਦੀ ਕੁਰਸੀ ‘ਤੇ ਬਿਠਾਇਆ ਸੀ। ਸੱਭਿਆਚਾਰਕ ਮਾਮਲੇ ਅਤੇ ਸੈਰ ਸਪਾਟਾ ਵਿਭਾਗ ਸ੍ਰੀ ਚੰਨੀ ਨੇ ਆਪਣੇ ਕੋਲ ਰੱਖੇ ਹੋਏ ਸਨ। ਸੂਬੇ ਵਿਚ ਸੱਤਾ ਤਬਦੀਲੀ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਵਿਦੇਸ਼ ਚਲੇ ਗਏ ਸਨ ਤੇ ਛੇ ਮਹੀਨਿਆਂ ਦੇ ਵੱਧ ਸਮੇਂ ਤੋਂ ਬਾਅਦ ਸ੍ਰੀ ਚੰਨੀ ਪਿਛਲੇ ਦਿਨੀਂ ਹੀ ਵਤਨ ਪਰਤੇ ਹਨ। ਸਾਬਕਾ ਮੁੱਖ ਮੰਤਰੀ ਦੇ ਵਿਦੇਸ਼ ਹੋਣ ਕਰਕੇ ਸਿਆਸੀ ਵਿਰੋਧੀਆਂ ਵੱਲੋਂ ਲਗਾਤਾਰ ਕਾਂਗਰਸ ਅਤੇ ਚੰਨੀ ਹਮਾਇਤੀਆਂ ਨੂੰ ਘੇਰਿਆ ਜਾ ਰਿਹਾ ਸੀ। ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਪੂਰੀ ਪੜਤਾਲ ਕੀਤੀ ਜਾਵੇਗੀ ਤੇ ਮੁਕੰਮਲ ਜਾਂਚ ਤੋਂ ਬਾਅਦ ਹੀ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਸਾਬਕਾ ਮੁੱਖ ਮੰਤਰੀ ਖ਼ਿਲਾਫ਼ ਵਿਜੀਲੈਂਸ ਵੱਲੋਂ ਹੋਰਨਾਂ ਕਈ ਮਾਮਲਿਆਂ ਵਿੱਚ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
ਮੈਨੂੰ ਜੇਲ੍ਹ ਭੇਜਣ ਦੀ ਸਾਜ਼ਿਸ਼ ਰਚੀ ਜਾ ਰਹੀ: ਚੰਨੀ
ਚੰਡੀਗੜ੍ਹ:ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੋਸ਼ ਲਾਇਆ ਕਿ ਸੂਬੇ ਦੀ ‘ਆਪ` ਸਰਕਾਰ ਕਿਸੇ ਨਾ ਕਿਸੇ ਬਹਾਨੇ ਉਨ੍ਹਾਂ ਨੂੰ ਜੇਲ੍ਹ ਭੇਜਣ ਦੀਆਂ ਸਾਜ਼ਿਸ਼ਾਂ ਰਚ ਰਹੀ ਹੈ। ਇਸ ਲਈ ਵਿਜੀਲੈਂਸ ਵੱਲੋਂ ਇਕ ਜਾਂਚ ਨਹੀਂ ਬਲਕਿ ਉਨ੍ਹਾਂ ਖ਼ਿਲਾਫ਼ ਕਈ ਤਰ੍ਹਾਂ ਦੀਆਂ ਪੜਤਾਲਾਂ ਖੋਲ੍ਹੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜਿਥੋਂ ਤੱਕ ‘’ਦਾਸਤਾਨ-ਏ-ਸ਼ਹਾਦਤ“ ਸਮਾਗਮ ਦੇ ਨਾਮ `ਤੇ ਪੈਸੇ ਖਾਣ ਦੇ ਦੋਸ਼ਾਂ ਦਾ ਸਵਾਲ ਹੈ ਤਾਂ ਇਸ ਤਰ੍ਹਾਂ ਦੀ ਘਟੀਆ ਹਰਕਤ ਬਾਰੇ ਤਾਂ ਕੋਈ ਵਿਅਕਤੀ ਸੋਚ ਵੀ ਨਹੀਂ ਸਕਦਾ।