ਮਾਨਸਾ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਨਵੇਂ ਸਾਲ ਮੌਕੇ ਆਪਣੇ ਪੁੱਤਰ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਪਿੰਡ ਮੂਸਾ ਵਿਚ ਪੰਜਾਬੀ ਗਾਇਕ ਦੇ ਪ੍ਰਸੰਸਕਾਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਪਿਛਲਾ ਸਾਲ ਉਨ੍ਹਾਂ ਦੇ ਪਰਿਵਾਰ ਨੂੰ ਡੂੰਘਾ ਸਦਮਾ ਦੇ ਗਿਆ ਹੈ, ਜਿਸ ਨੂੰ ਉਹ ਆਖਰੀ ਸਾਹ ਤੱਕ ਨਹੀਂ ਭੁਲਾ ਸਕਦੇ।
ਚਰਨ ਕੌਰ ਨੇ ਕਿਹਾ ਕਿ ਪੰਜਾਬ ਪੁਲਿਸ ਅਜੇ ਤੱਕ ਉਨ੍ਹਾਂ ਦੇ ਪੁੱਤ ਦੇ ਕਾਤਲਾਂ ਨੂੰ ਨਹੀਂ ਫੜ ਸਕੀ ਹੈ ਤੇ ਹੁਣ ਪੁਲਿਸ ਤੋਂ ਇਹ ਉਮੀਦ ਵੀ ਖਤਮ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਨੇ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮਾਮਲੇ ਵਿਚ ਸ਼ਾਮਲ ਕੁਝ ਮੁਲਜ਼ਮਾਂ ਦੇ ਨਾਂ ਲਿਖਤੀ ਤੌਰ ‘ਤੇ ਪੁਲਿਸ ਅਤੇ ਸੂਬਾ ਸਰਕਾਰ ਨੂੰ ਸੌਂਪੇ ਸਨ ਪਰ ਉਨ੍ਹਾਂ ਨੂੰ ਹਾਲੇ ਤੱਕ ਨਿਆਂ ਨਹੀਂ ਮਿਲਿਆ। ਉਨ੍ਹਾਂ ਮੰਗ ਕੀਤੀ ਕਿ ਗਾਇਕ ਦੀ ਹੱਤਿਆ ‘ਚ ਸ਼ਾਮਲ ਮੁਲਜ਼ਮਾਂ ਦੇ ਨਾਂ ਜਨਤਕ ਕੀਤੇ ਜਾਣ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਨਾ ਸਿਰਫ ਮੁਲਜ਼ਮਾਂ ਨੂੰ ਸਖਤ ਸਜਾ ਮਿਲੇ, ਸਗੋਂ ਸਿੱਧੂ ਮੂਸੇਵਾਲਾ ਦੀ ਹੱਤਿਆ ਲਈ ਜ਼ਿੰਮੇਵਾਰ ਲੋਕਾਂ ਦਾ ਵੀ ਪਰਦਾਫਾਸ਼ ਹੋਵੇ। ਉਨ੍ਹਾਂ ਕਿਹਾ ਕਿ ਇਨਸਾਫ ਲੈਣ ਲਈ ਉਹ ਪੁਲਿਸ ਅਤੇ ਸਰਕਾਰ ਨੂੰ ਥੋੜ੍ਹਾ ਸਮਾਂ ਹੋਰ ਦੇਣਗੇ, ਇਸ ਮਗਰੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮਾੜੇ ਸਿਸਟਮ ਦੀ ਭੇਟ ਚੜ੍ਹ ਕੇ ਪੰਜਾਬ ਦਾ ਇਕ ਹੀਰਾ ਗਾਇਕ ਸਦਾ ਲਈ ਗੁਆਚ ਗਿਆ ਹੈ, ਜਿਸ ਦਾ ਦੁੱਖ ਰਹਿੰਦੀ ਜ਼ਿੰਦਗੀ ਤੱਕ ਉਨ੍ਹਾਂ ਦੇ ਦਿਲਾਂ ਵਿਚ ਰਹੇਗਾ।