ਸਿੰਜਾਈ ਘੁਟਾਲਾ: ਜਨਮੇਜਾ ਸੇਖੋਂ ਦੀ ਜਾਇਦਾਦ ਦੀ ਜਾਂਚ ਨਾਲੋ-ਨਾਲ ਚੱਲੇਗੀ

ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਸਾਬਕਾ ਅਕਾਲੀ ਮੰਤਰੀ ਜਨਮੇਜਾ ਸਿੰਘ ਸੇਖੋਂ ਦੀ ਜਾਇਦਾਦ ਦੀ ਜਾਂਚ ਵੀ ਨਾਲੋਂ-ਨਾਲ ਵਿੱਢ ਦਿੱਤੀ ਹੈ। ਸਿੰਚਾਈ ਘੁਟਾਲੇ ਕਰਕੇ ਸਾਬਕਾ ਮੰਤਰੀ ਸੇਖੋਂ ਦੀ ਜਾਇਦਾਦ ਵੀ ਜਾਂਚ ਦੇ ਘੇਰੇ ਵਿਚ ਆ ਗਈ ਹੈ।
ਵਿਜੀਲੈਂਸ ਨੇ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਨੂੰ 20 ਦਿਨਾਂ ਦੇ ਅੰਦਰ ਅੰਦਰ ਆਪਣੀ ਸਮੁੱਚੀ ਜਾਇਦਾਦ ਅਤੇ ਆਮਦਨ ਦੇ ਵਸੀਲਿਆਂ ਦਾ ਖ਼ੁਲਾਸਾ ਕਰਨ ਵਾਸਤੇ ਕਿਹਾ ਹੈ।

ਵਿਜੀਲੈਂਸ ਨੇ ਸਾਬਕਾ ਮੰਤਰੀ ਨੂੰ ਇਕ ਪ੍ਰੋਫਾਰਮਾ ਦਿੱਤਾ ਹੈ, ਜਿਸ ਵਿਚ ਸੇਖੋਂ ਨੂੰ ਸੰਪਤੀ ਦੇ ਮੁਕੰਮਲ ਵੇਰਵੇ ਦੇਣ ਲਈ ਕਿਹਾ ਗਿਆ ਹੈ। ਵਿਜੀਲੈਂਸ ਬਿਊਰੋ ਨੇ ਸਾਬਕਾ ਮੰਤਰੀ ਨੂੰ ਸਿੰਚਾਈ ਘੁਟਾਲੇ ਦੇ ਸੰਦਰਭ ਵਿਚ ਪੁੱਛ-ਪੜਤਾਲ ਲਈ ਤਲਬ ਕੀਤਾ ਹੋਇਆ ਸੀ। ਇਸ ਪੜਤਾਲ ਦੌਰਾਨ ਸਾਬਕਾ ਮੰਤਰੀ ਸੇਖੋਂ ਨੂੰ ਜਾਇਦਾਦ ਬਾਰੇ ਵੀ ਸੁਆਲ ਕੀਤੇ ਗਏ ਹਨ। ਵਿਜੀਲੈਂਸ ਦੇ ਸੀਨੀਅਰ ਅਧਿਕਾਰੀ ਦੱਸਦੇ ਹਨ ਕਿ ਸੇਖੋਂ ਦੀ ਆਮਦਨ ਦੇ ਵਸੀਲਿਆਂ ਤੋਂ ਵੱਧ ਜਾਇਦਾਦ ਬਣਾਏ ਜਾਣ ਦੀ ਜਾਂਚ ਵੀ ਨਾਲੋਂ ਨਾਲ ਸ਼ੁਰੂ ਕਰ ਦਿੱਤੀ ਗਈ ਹੈ। ਵਿਜੀਲੈਂਸ ਵੱਲੋਂ ਸਾਬਕਾ ਮੰਤਰੀ ਦੀਆਂ ਨਾਮੀ ਤੇ ਬੇਨਾਮੀ ਸੰਪਤੀਆਂ ਦਾ ਪਤਾ ਲਾਇਆ ਜਾ ਰਿਹਾ ਹੈ।
ਇਕ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਸੇਖੋਂ ਨੂੰ 20 ਦਿਨਾਂ ‘ਚ ਸੰਪਤੀ ਦੇ ਵੇਰਵੇ ਦੇਣ ਲਈ ਕਿਹਾ ਗਿਆ ਹੈ। ਵਿਜੀਲੈਂਸ ਇਹ ਦੇਖਣਾ ਚਾਹੁੰਦੀ ਹੈ ਕਿ ਕਿਤੇ ਘੁਟਾਲੇ ਦਾ ਪੈਸਾ ਜਾਇਦਾਦਾਂ ਵਿਚ ਨਿਵੇਸ਼ ਤਾਂ ਨਹੀਂ ਕੀਤਾ ਗਿਆ ਹੈ। ਸੂਤਰ ਦੱਸਦੇ ਹਨ ਕਿ ਵਿਜੀਲੈਂਸ ਨੇ ਗੁਪਤ ਤੌਰ ‘ਤੇ ਸੇਖੋਂ ਦੀਆਂ ਸੰਪਤੀਆਂ ਬਾਰੇ ਕੁਝ ਹਾਸਲ ਵੀ ਕੀਤਾ ਹੈ। ਜਦੋਂ ਜਨਮੇਜਾ ਸਿੰਘ ਸੇਖੋਂ ਵੱਲੋਂ ਚੋਣ ਕਮਿਸ਼ਨ ਕੋਲ ਸੰਪਤੀ ਦੇ ਨਸ਼ਰ ਕੀਤੇ ਵੇਰਵਿਆਂ ‘ਤੇ ਨਜ਼ਰ ਮਾਰਦੇ ਹਨ ਤਾਂ ਸਾਬਕਾ ਮੰਤਰੀ ਦੀ ਸੰਪਤੀ 15 ਵਰ੍ਹਿਆਂ ਵਿਚ ਤੇਜ਼ੀ ਨਾਲ ਵਧੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਜਨਮੇਜਾ ਸਿੰਘ ਸੇਖੋਂ ਨੇ 2022 ਵਿਚ ਵਿਧਾਨ ਸਭਾ ਦੀ ਚੋਣ ਹਲਕਾ ਜ਼ੀਰਾ ਤੋਂ ਲੜੀ ਸੀ ਅਤੇ ਇਸ ਮੌਕੇ ਉਨ੍ਹਾਂ ਵੱਲੋਂ ਸੰਪਤੀ ਦੇ ਜਨਤਕ ਕੀਤੇ ਵੇਰਵਿਆਂ ਅਨੁਸਾਰ ਸੇਖੋਂ ਕੋਲ ਇਸ ਵੇਲੇ 10.14 ਕਰੋੜ ਦੀ ਚੱਲ ਅਚੱਲ ਜਾਇਦਾਦ ਹੈ ਅਤੇ ਉਨ੍ਹਾਂ ਸਿਰ 4.93 ਕਰੋੜ ਦੀਆਂ ਦੇਣਦਾਰੀਆਂ ਹਨ। ਉਨ੍ਹਾਂ ਨੇ ਵਰ੍ਹਾ 2021 ਵਿਚ ਹੀ ਤਿੰਨ ਨਵੀਆਂ ਗੱਡੀਆਂ ਖ਼ਰੀਦ ਕੀਤੀਆਂ ਹਨ, ਜਿਨ੍ਹਾਂ ‘ਤੇ 82.91 ਲੱਖ ਰੁਪਏ ਖ਼ਰਚ ਕੀਤੇ ਹਨ। ਉਨ੍ਹਾਂ ਕੋਲ ਬੀ.ਐਮ.ਡਬਲਿਊ, ਇਨੋਵਾ ਅਤੇ ਥਾਰ ਗੱਡੀ ਹੈ।
ਜਨਤਕ ਕੀਤੇ ਤੱਥਾਂ ਅਨੁਸਾਰ ਸਾਬਕਾ ਮੰਤਰੀ ਸੇਖੋਂ ਕੋਲ 1.55 ਕਰੋੜ ਦੀ ਜਵੈਲਰੀ ਹੈ ਜਿਸ ‘ਚ 58 ਲੱਖ ਦਾ ਡਾਇਮੰਡ ਵੀ ਸ਼ਾਮਲ ਹੈ। ਉਨ੍ਹਾਂ ਦੇ ਪਰਿਵਾਰ ਕੋਲ 18 ਲੱਖ ਰੁਪਏ ਦੀ ਡਾਇਮੰਡ ਰਿੰਗ, 20 ਲੱਖ ਰੁਪਏ ਦਾ ਡਾਇਮੰਡ ਸੈੱਟ, 5 ਲੱਖ ਦੇ ਡਾਇਮੰਡ ਟੌਪਸ ਅਤੇ 15 ਲੱਖ ਰੁਪਏ ਦੀ ਡਾਇਮੰਡ ਦਾ ਹਾਰ ਵੀ ਹੈ। ਸਾਬਕਾ ਮੰਤਰੀ ਸੇਖੋਂ ਕੋਲ ਕਰੀਬ 4.70 ਕਰੋੜ ਰੁਪਏ ਦੀ ਖੇਤੀ ਵਾਲੀ ਜ਼ਮੀਨ ਵੀ ਹੈ। ਵਰ੍ਹਾ 2007 ਵਿਚ ਸੇਖੋਂ ਕੋਲ 2.73 ਕਰੋੜ ਦੀ ਸੰਪਤੀ ਸੀ ਜੋ 2022 ਵਿਚ ਵਧ ਕੇ 10.14 ਕਰੋੜ ਰੁਪਏ ਹੋ ਗਈ। ਸੇਖੋਂ ਦੇ ਸਿਰ 2007 ਵਿਚ 72 ਹਜ਼ਾਰ ਰੁਪਏ ਦਾ ਕਰਜ਼ਾ ਸੀ ਜੋ 2022 ਵਿਚ ਵਧ ਕੇ 4.93 ਕਰੋੜ ਰੁਪਏ ਹੋ ਗਿਆ। ਸੇਖੋਂ ਕੋਲ ਸਾਲ 2007 ਵਿਚ 2.73 ਕਰੋੜ ਦੀ ਸੰਪਤੀ ਸੀ ਜਦਕਿ ਕਰਜ਼ਾ 72 ਹਜ਼ਾਰ ਰੁਪਏ ਸੀ। ਸਾਲ 2012 ਵਿਚ ਸੰਪਤੀ 13.73 ਕਰੋੜ ਹੋ ਗਈ ਤੇ ਕਰਜ਼ਾ 1.40 ਕਰੋੜ ਹੋ ਗਿਆ। ਸਾਲ 2017 ਵਿਚ ਸੰਪਤੀ 12.58 ਕਰੋੜ ਹੋ ਗਈ ਜਦਕਿ ਕਰਜ਼ਾ 5.83 ਕਰੋੜ ਰਿਹਾ। ਇਸ ਤੋਂ ਬਾਅਦ ਸਾਲ 2022 ਵਿਚ ਸੰਪਤੀ 10.14 ਕਰੋੜ ਹੋ ਗਈ ਤੇ ਕਰਜ਼ਾ 4.93 ਕਰੋੜ ਰੁਪਏ ਰਹਿ ਗਿਆ।
ਜਨਮੇਜਾ ਨੇ ਵਿਜੀਲੈਂਸ ਸਵਾਲਾਂ ਦੇ ਗੋਲ-ਮੋਲ ਜਵਾਬ ਦਿੱਤੇ
ਚੰਡੀਗੜ੍ਹ:ਪੰਜਾਬ ਦੀ ਪਿਛਲੀ ਅਕਾਲੀ-ਭਾਜਪਾ ਸਰਕਾਰ ਵੇਲੇ ਹੋਏ ਬਹੁ-ਕਰੋੜੀ ਸਿੰਜਾਈ ਘੁਟਾਲੇ ਸਬੰਧੀ ਮੁਹਾਲੀ ਸਥਿਤ ਵਿਜੀਲੈਂਸ ਭਵਨ ਦੇ ਮੁੱਖ ਦਫਤਰ ਵਿਚ ਵਿਜੀਲੈਂਸ ਵਿਸ਼ੇਸ਼ ਟੀਮ ਨੇ ਸਾਬਕਾ ਅਕਾਲੀ ਮੰਤਰੀ ਜਨਮੇਜਾ ਸਿੰਘ ਸੇਖੋਂ ਤੋਂ ਪੁੱਛ-ਪੜਤਾਲ ਕੀਤੀ। ਵਿਜੀਲੈਂਸ ਦੀ ਜਾਂਚ ਟੀਮ ਨੇ ਸੇਖੋਂ ਤੋਂ ਸਿੰਜਾਈ ਘੁਟਾਲੇ ਨਾਲ ਸਬੰਧਤ ਕਈ ਸਵਾਲ ਕੀਤੇ। ਸੂਤਰ ਦੱਸਦੇ ਹਨ ਕਿ ਅਕਾਲੀ ਆਗੂ ਵੱਲੋਂ ਵਿਜੀਲੈਂਸ ਦੇ ਸਵਾਲਾਂ ਦੇ ਗੋਲਮੋਲ ਹੀ ਜਵਾਬ ਦਿੱਤੇ ਗਏ ਹਨ। ਇਸ ਸਬੰਧੀ ਵਿਜੀਲੈਂਸ ਥਾਣਾ ਮੁਹਾਲੀ ਵਿਚ ਕੇਸ ਦਰਜ ਹੈ।