ਅੰਮ੍ਰਿਤਸਰ: ਮਾਝੇ ਦੇ ਕੱਦਾਵਰ ਆਗੂ ਨਵਜੋਤ ਸਿੰਘ ਸਿੱਧੂ ਤੇ ਬਿਕਰਮ ਸਿੰਘ ਮਜੀਠੀਆ ਦੇ ਸਿਆਸੀ ਜੀਵਨ ਵਿਚ ਇਹ ਸਾਲ 2022 ਵੱਡੇ ਉਤਾਰ-ਚੜ੍ਹਾਅ ਵਾਲਾ ਰਿਹਾ। ਇਨ੍ਹਾਂ ਦੇ ਜੀਵਨ ਵਿਚ ਸ਼ਾਇਦ ਇਹ ਵਰ੍ਹਾ ਨਾ ਭੁੱਲਣਯੋਗ ਰਹੇਗਾ। ਇਸ ਵਰ੍ਹੇ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਉਹ ਪਹਿਲੀ ਵਾਰ ਚੋਣ ਹਾਰੇ ਹਨ। ਇਸ ਤੋਂ ਬਾਅਦ ਉਨ੍ਹਾਂ ਨੂੰ ਪੁਰਾਣੇ ਅਦਾਲਤੀ ਕੇਸ ਵਿਚ ਜੇਲ੍ਹ ਵੀ ਜਾਣਾ ਪਿਆ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਲਈ ਵੀ ਸਾਲ 2022 ਵੱਡੇ ਉਤਾਰ-ਚੜ੍ਹਾਅ ਵਾਲਾ ਰਿਹਾ। ਸ੍ਰੀ ਮਜੀਠੀਆ ਨੇ ਵੀ ਆਪਣੇ ਸਿਆਸੀ ਜੀਵਨ ਵਿਚ ਹੁਣ ਤੱਕ ਕਦੇ ਹਾਰ ਦਾ ਮੂੰਹ ਨਹੀਂ ਸੀ ਵੇਖਿਆ ਪਰ ਇਸ ਵਰ੍ਹੇ ਹੋਈਆਂ ਚੋਣਾਂ ਵਿਚ ਉਨ੍ਹਾਂ ਨੂੰ ਪਹਿਲੀ ਵਾਰ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਤੋਂ ਹਾਰ ਪ੍ਰਾਪਤ ਹੋਈ ਹੈ। ਉਨ੍ਹਾਂ ਨੇ ਸਾਲ 2007, 2012 ਅਤੇ 2017 ਵਿਚ ਲਗਾਤਾਰ ਮਜੀਠਾ ਵਿਧਾਨ ਸਭਾ ਹਲਕੇ ਤੋਂ ਚੋਣ ਜਿੱਤੀ। ਉਨ੍ਹਾਂ ਨੂੰ ਵੀ ਅਦਾਲਤੀ ਕੇਸ ਦੇ ਮਾਮਲੇ ਵਿਚ ਅਦਾਲਤ ਅੱਗੇ ਆਤਮ-ਸਮਰਪਣ ਕਰਨਾ ਪਿਆ ਸੀ।
ਨਵਜੋਤ ਸਿੰਘ ਸਿੱਧੂ ਨੇ ਆਪਣਾ ਸਿਆਸੀ ਜੀਵਨ 2004 ਵਿਚ ਭਾਜਪਾ ਵਿਚ ਸ਼ਾਮਲ ਹੁੰਦਿਆਂ ਸ਼ੁਰੂ ਕੀਤਾ ਸੀ। ਉਨ੍ਹਾਂ ਉਸ ਸਾਲ ਪਹਿਲੀ ਵਾਰ ਅੰਮ੍ਰਿਤਸਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਜਿੱਤੀ ਸੀ। ਉਸ ਤੋਂ ਬਾਅਦ ਉਹ 2007, 2009 ਅਤੇ 2014 ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਲਗਾਤਾਰ ਜੇਤੂ ਰਹੇ। 2017 ਵਿਚ ਕਾਂਗਰਸ ਵਿਚ ਸ਼ਾਮਲ ਹੋਣ ਮਗਰੋਂ ਉਨ੍ਹਾਂ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਦੀ ਚੋਣ ਲੜੀ ਤੇ ਵੱਡੇ ਫਰਕ ਨਾਲ ਜੇਤੂ ਰਹੇ ਸਨ। ਉਹ ਕਾਂਗਰਸ ਸਰਕਾਰ ਵਿਚ ਕੈਬਨਿਟ ਮੰਤਰੀ ਵੀ ਰਹੇ ਅਤੇ ਬਾਅਦ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ।
ਇਸੇ ਤਰ੍ਹਾਂ ਕਾਂਗਰਸ ਦੇ ਓਪੀ ਸੋਨੀ ਲਈ ਵੀ ਇਹ ਸਾਲ ਇਹੋ-ਜਿਹਾ ਹੀ ਰਿਹਾ ਹੈ। ਉਨ੍ਹਾਂ ਨੂੰ ਹੁਣ ਤੱਕ ਵਿਧਾਨ ਸਭਾ ਦੀਆਂ ਚੋਣਾਂ ਵਿਚ ਕਦੇ ਵੀ ਹਾਰ ਨਹੀਂ ਸੀ ਮਿਲੀ। ਉਨ੍ਹਾਂ ਨੇ 1997, 2002, 2007, 2012 ਅਤੇ 2017 ਵਿਚ ਲਗਾਤਾਰ ਵਿਧਾਨ ਸਭਾ ਚੋਣਾਂ ਜਿੱਤੀਆਂ ਹਨ। ਪਰ ਸਾਲ 2022 ਵਿੱਚ ਉਨ੍ਹਾਂ ਨੂੰ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਵਿੱਚ ਹਾਰ ਦਾ ਮੂੰਹ ਦੇਖਣਾ ਪਿਆ। ਇਸ ਵੇਲੇ ਸ੍ਰੀ ਸੋਨੀ ਨੂੰ ਵੀ ਵਿਜੀਲੈਂਸ ਬਿਊਰੋ ਦੀ ਜਾਂਚ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਮੰਚ ‘ਤੇ ਇਹ ਸਾਲ ਅਹਿਮ ਰਿਹਾ ਹੈ। ਇਸ ਵਿੱਚ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਨੂੰ ਬੀਬੀ ਜਗੀਰ ਕੌਰ ਦੇ ਰੂਪ ਵਿਚ ਅੰਦਰੂਨੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ। ਇਸ ਸਾਲ ਨਵੰਬਰ ਮਹੀਨੇ ਵਿਚ ਸ਼੍ਰੋਮਣੀ ਕਮੇਟੀ ਦੀ ਸਾਲਾਨਾ ਚੋਣ ਵਿੱਚ ਜਗੀਰ ਕੌਰ ਨੇ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਚੁਣੌਤੀ ਦਿੱਤੀ ਸੀ। ਸ਼੍ਰੋਮਣੀ ਅਕਾਲੀ ਦਲ ਨੂੰ ਸਿਆਸੀ ਮੰਚ ‘ਤੇ ਤਾਂ ਪਹਿਲਾਂ ਵੀ ਕਈ ਝਟਕੇ ਲੱਗੇ ਸਨ ਪਰ ਇਸ ਵਾਰ ਸ਼੍ਰੋਮਣੀ ਕਮੇਟੀ ਦੇ ਮੰਚ ‘ਤੇ ਵੀ ਵੱਡਾ ਝਟਕਾ ਸਹਿਣਾ ਪਿਆ ਹੈ।