ਚੰਡੀਗੜ੍ਹ: ਦਿੱਲੀ ਵਿਚ ਚੱਲੇ ਕਿਸਾਨ ਘੋਲ ਨੇ ਕਿਸਾਨ ਲੀਡਰਸ਼ਿਪ ਨੂੰ ਸਿਖਰਾਂ ‘ਤੇ ਪਹੁੰਚਾਇਆ ਸੀ, ਜਦਕਿ 2022 ਵਰ੍ਹੇ ਵਿਚ ਕਿਸਾਨ ਆਗੂਆਂ ਦੀ ਛਵੀ ਨੂੰ ਕਾਫੀ ਖੋਰਾ ਲੱਗਿਆ। ਦਿੱਲੀ ਮੋਰਚੇ ‘ਚ ਕਿਸਾਨ ਧਿਰਾਂ ਦਾ ਏਕਾ ਆਪਣੇ ਆਪ ਵਿਚ ਮਿਸਾਲ ਬਣਿਆ ਸੀ ਪਰ 2022 ਵਰ੍ਹੇ ਵਿਚ ਪੰਜਾਬੀਆਂ ਨੂੰ ਨਿਰਾਸ਼ ਕੀਤਾ।
ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕੁਝ ਕਿਸਾਨ ਧਿਰਾਂ ਦੇ ਉਤਰਨ ਨਾਲ ਸਭ ਤੋਂ ਵੱਡਾ ਝਟਕਾ ਲੱਗਿਆ ਸੀ। ਐਨ ਚੋਣਾਂ ਤੋਂ ਪਹਿਲਾਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ‘ਚ ਕਰੀਬ ਡੇਢ ਦਰਜਨ ਕਿਸਾਨ ਧਿਰਾਂ ਨੇ ਚੋਣਾਂ ਲੜਨ ਦਾ ਫੈਸਲਾ ਕੀਤਾ। ਜਿਉਂ ਹੀ ਰਾਜੇਵਾਲ ਨੇ ਚੋਣਾਂ ‘ਚ ਉਤਰਨ ਦਾ ਐਲਾਨ ਕੀਤਾ ਤਾਂ ਉਸ ਮਗਰੋਂ ਇੱਕ-ਇੱਕ ਕਰ ਕੇ ਕਈ ਕਿਸਾਨ ਧਿਰਾਂ ਵੱਖ ਹੋਈਆਂ। ਚੋਣਾਂ ਵਿਚ ਕਿਸਾਨ ਧਿਰਾਂ ਨੂੰ ਲੋਕਾਂ ਨੇ ਪੂਰੀ ਤਰ੍ਹਾਂ ਨਕਾਰ ਦਿੱਤਾ। ਇਸ ਹਾਰ ਪਿੱਛੋਂ ਸਮੁੱਚੀ ਕਿਸਾਨੀ ਦੀ ਪੈਂਠ ਨੂੰ ਝਟਕਾ ਲੱਗਿਆ। ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ, ਜੋ ਕਿ ਦਿੱਲੀ ਅੰਦੋਲਨ ‘ਚ ਕੌਮੀ ਨੇਤਾ ਵਜੋਂ ਉਭਰੇ ਸਨ, ਦੀ ਸਾਖ ਨੂੰ ਖੋਰਾ ਲੱਗਾ। ਦਿੱਲੀ ਅੰਦੋਲਨ ‘ਚੋਂ ਵਾਪਸ ਆਈਆਂ ਕਿਸਾਨ ਜਥੇਬੰਦੀਆਂ ਦਾ ਆਪਸੀ ਏਕਤਾ ਦਾ ਅਲਾਪ ਪੰਜਾਬ ਦੀ ਧਰਤੀ ‘ਤੇ ਆ ਕੇ ਮੱਧਮ ਪੈਂਦਾ ਨਜ਼ਰ ਆਇਆ। ਇਸ ਰੁਝਾਨ ਕਾਰਨ ਕੇਂਦਰ ਸਰਕਾਰ ਨੇ ਬਕਾਇਆ ਮੰਗਾਂ ਨੂੰ ਫੌਰੀ ਮੰਨਣ ਤੋਂ ਪਾਸਾ ਵੱਟ ਲਿਆ। ਇਸੇ ਵਰ੍ਹੇ ਵਿਚ ਬਲਬੀਰ ਸਿੰਘ ਰਾਜੇਵਾਲ ਨੇ ਪੰਜ ਕਿਸਾਨ ਧਿਰਾਂ ਦੀ ਅਗਵਾਈ ਵਾਲਾ ਵੱਖਰਾ ਮੋਰਚਾ ਬਣਾਇਆ ਹੋਇਆ ਹੈ। ਸੰਯੁਕਤ ਕਿਸਾਨ ਮੋਰਚਾ ਇਸ ਵਰ੍ਹੇ ਵਿਚ ਕਿਸਾਨ ਆਗੂਆਂ ਦੀਆਂ ਦਰਾੜਾਂ ਦੂਰ ਕਰਨ ਵਿਚ ਜੁਟਿਆ ਰਿਹਾ। ਮੁੱਲਾਂਪੁਰ ਕਿਸਾਨ ਧਿਰਾਂ ਦੀਆਂ ਮੀਟਿੰਗਾਂ ਦਾ ਮੁੱਖ ਕੇਂਦਰ ਉਭਰ ‘ਕੇ ਸਾਹਮਣੇ ਆਇਆ।
ਸੰਯੁਕਤ ਕਿਸਾਨ ਮੋਰਚਾ ਨੇ ਪਾਟੋਧਾੜ ਹੋਈਆਂ ਧਿਰਾਂ ਨੂੰ ਨਾਲ ਲਾਉਣ ਵਿਚ ਸਫਲਤਾ ਹਾਸਲ ਕੀਤੀ ਪਰ ਜਗਜੀਤ ਸਿੰਘ ਡੱਲੇਵਾਲ ਅਤੇ ਬਲਵੀਰ ਸਿੰਘ ਰਾਜੇਵਾਲ ਪ੍ਰਮੁੱਖ ਸੰਯੁਕਤ ਕਿਸਾਨ ਮੋਰਚਾ ਤੋਂ ਲਾਂਭੇ ਹੀ ਰਹੇ। ਜਗਜੀਤ ਸਿੰਘ ਡੱਲੇਵਾਲ ਨੇ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਬਣਾਇਆ ਅਤੇ ਡੱਲੇਵਾਲ ਦਾਅਵਾ ਕਰਦੇ ਹਨ ਕਿ ਉਨ੍ਹਾਂ ਨਾਲ ਕਰੀਬ 16 ਕਿਸਾਨ ਧਿਰਾਂ ਹਨ। ਇਸ ਵਰ੍ਹੇ ਦਾ ਮੁੱਖ ਮੁੱਦਾ ਹੁਣ ਜ਼ੀਰਾ ਦੇ ਪਿੰਡ ਮਨਸੂਰਵਾਲਾ ਵਿਚਲੀ ਸ਼ਰਾਬ ਫੈਕਟਰੀ ਦੇ ਪ੍ਰਦੂਸ਼ਣ ਖ਼ਿਲਾਫ਼ ਚੱਲ ਰਿਹਾ ਅੰਦੋਲਨ ਬਣਿਆ ਹੈ। 24 ਜੁਲਾਈ ਨੂੰ ਆਸ-ਪਾਸ ਦੇ ਪਿੰਡਾਂ ਨੇ ਸਾਂਝਾ ਮੋਰਚਾ ਬਣਾ ਕੇ ਸੰਘਰਸ਼ ਸ਼ੁਰੂ ਕੀਤਾ ਸੀ। ਪੰਜਾਬ ਸਰਕਾਰ ਨੇ ਇਸ ਮੋਰਚੇ ਦੀ ਅਣਦੇਖੀ ਕਰ ਦਿੱਤੀ। ਪੁਲਿਸ ਨੇ ਪੱਕਾ ਮੋਰਚਾ ਹਟਾਉਣ ਲਈ 18 ਦਸੰਬਰ ਨੂੰ ਲਾਠੀਚਾਰਜ ਕਰ ਦਿੱਤਾ ਅਤੇ ਇਨ੍ਹਾਂ ਦਿਨਾਂ ਦੌਰਾਨ 45 ਕਿਸਾਨਾਂ ਨੂੰ ਪੁਲਿਸ ਕੇਸ ਦਰਜ ਕਰ ਕੇ ਜੇਲ੍ਹ ਭੇਜਿਆ ਗਿਆ। ਸਾਲ ਦੇ ਸ਼ੁਰੂ ਵਿਚ ਕਿਸਾਨ ਧਿਰਾਂ ‘ਤੇ ਉੱਠੀ ਉਂਗਲ ਜ਼ੀਰਾ ਅੰਦੋਲਨ ਨੇ ਕਾਫੀ ਹੱਦ ਤੱਕ ਨਿਵਾ ਦਿੱਤੀ ਹੈ। ਜ਼ੀਰਾ ਅੰਦੋਲਨ ਹੀ ਹੁਣ ਕਿਸਾਨ ਧਿਰਾਂ ਦਾ ਭਵਿੱਖ ਤੈਅ ਕਰੇਗਾ।
ਘੱਗਰ ਦਾ ਪਾਣੀ ਪ੍ਰਦੂਸ਼ਿਤ ਕਰਨ ਵਾਲੀਆਂ ਸਨਅਤਾਂ ਖਿਲਾਫ ਵੀ ਅੰਦੋਲਨ ਕਰਾਂਗੇ: ਰੁਲਦੂ ਸਿੰਘ
ਮਾਨਸਾ: ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਨੇ ਕਿਹਾ ਕਿ ਘੱਗਰ ਦਰਿਆ ਦੇ ਪਾਣੀ ਨੂੰ ਜ਼ਹਿਰੀਲਾ ਬਣਾਉਣ ਵਾਲੀਆਂ ਸਨਅਤਾਂ ਖ਼ਿਲਾਫ਼ ਜ਼ੀਰਾ ਸ਼ਰਾਬ ਫੈਕਟਰੀ ਦੀ ਤਰਜ਼ ‘ਤੇ ਅੰਦੋਲਨ ਚਲਾਇਆ ਜਾਵੇਗਾ, ਜਿਸ ਲਈ ਇਲਾਕੇ ਦੀਆਂ ਕਿਸਾਨ ਧਿਰਾਂ ਅਤੇ ਜਥੇਬੰਦਕ ਆਗੂਆਂ ਨਾਲ ਮਾਮਲਾ ਵਿਚਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸ਼ੁੱਧ ਅਤੇ ਸਾਫ ਪਾਣੀ ਦੀ ਦੁਨੀਆਂ ਭਰ ਵਿਚ ਗੱਲ ਹੁੰਦੀ ਸੀ, ਪਰ ਫੈਕਟਰੀਆਂ ਤੇ ਉਦਯੋਗਾਂ ਵਾਲਿਆਂ ਨੇ ਇਥੋਂ ਦੇ ਦਰਿਆਵਾਂ, ਨਹਿਰਾਂ ਅਤੇ ਡਰੇਨਾਂ ਵਿਚ ਗੰਦਾ ਪਾਣੀ ਸੁੱਟ ਕੇ ਲੋਕਾਂ ਨੂੰ ਬਿਮਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਲੜਾਈ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਲੜੀ ਜਾਵੇਗੀ।
ਸ਼ਹੀਦ ਕਿਸਾਨਾਂ ਦੇ ਵਾਰਸਾਂ ਨੂੰ 31.70 ਕਰੋੜ ਜਾਰੀ
ਚੰਡੀਗੜ੍ਹ: ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਹੁਣ ਤੱਕ ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਹੋਏ 634 ਕਿਸਾਨਾਂ ਦੇ ਵਾਰਸਾਂ ਨੂੰ 5 ਲੱਖ ਰੁਪਏ ਦੇ ਹਿਸਾਬ ਨਾਲ ਕੁੱਲ 31 ਕਰੋੜ 70 ਲੱਖ ਰੁਪਏ ਜਾਰੀ ਕੀਤੇ ਹਨ। ਇਸੇ ਤਰ੍ਹਾਂ ਕਿਸਾਨਾਂ ਦੇ 326 ਵਾਰਸਾਂ ਨੂੰ ਵੱਖ-ਵੱਖ ਵਿਭਾਗਾਂ ਵਿਚ ਸਰਕਾਰੀ ਨੌਕਰੀ ਦਿੱਤੀ ਜਾ ਚੁੱਕੀ ਹੈ, 98 ਨੂੰ ਨੌਕਰੀ ਦੇਣ ਲਈ ਵੈਰੀਫਿਕੇਸ਼ਨ ਮੁਕੰਮਲ ਹੋ ਗਈ ਹੈ ਜਦਕਿ 210 ਹੋਰਾਂ ਨੂੰ ਸਰਕਾਰੀ ਨੌਕਰੀ ਦੇਣ ਲਈ ਪ੍ਰਕਿਰਿਆ ਮੁਕੰਮਲ ਕੀਤੀ ਜਾ ਰਹੀ ਹੈ।