ਬੰਦਾ ਬਹਾਦਰ ਬਾਰੇ ਇਤਿਹਾਸਕ ਤੱਥ: ਕੁਝ ਸਵਾਲ

ਹਾਲ ਹੀ ਵਿਚ ਪ੍ਰੋæ ਹਰਪਾਲ ਸਿੰਘ ਦੀ ਬਾਬਾ ਬੰਦਾ ਬਹਾਦਰ ਬਾਰੇ ਇਕ ਲੇਖ ਲੜੀ ਛਪੀ ਸੀ। ਇਨ੍ਹਾਂ ਲੇਖਾਂ ਵਿਚ ਦਿੱਤੇ ਗਏ ਤੱਥਾਂ ਅਤੇ ਵਿਚਾਰਾਂ ਨਾਲ ਕਈ ਲੋਕ ਸਹਿਮਤ ਨਹੀਂ ਹਨ। ਇਸੇ ਸਿਲਸਿਲੇ ਵਿਚ ਗਿਆਨ ਸਿੰਘ ਬਿਲਗਾ ਹੋਰਾਂ ਦੀ ਇਹ ਪ੍ਰਤੀਕ੍ਰਿਆ ਛਾਪੀ ਜਾ ਰਹੀ ਹੈ। ਪੰਜਾਬ ਟਾਈਮਜ਼ ਦਾ ਇਨ੍ਹਾਂ ਵਿਚਾਰਾਂ ਨਾਲ ਸਹਿਮਤ ਜਾਂ ਅਸਹਿਮਤ ਹੋਣਾ ਜ਼ਰੂਰੀ ਨਹੀਂ ਹੈ। -ਸੰਪਾਦਕ

ਗਿਆਨ ਸਿੰਘ ਬਿਲਗਾ
ਫੋਨ: 661-397-7330
‘ਪੰਜਾਬ ਟਾਈਮਜ਼’ ਵਿਚ ਲੇਖਕ ਹਰਪਾਲ ਸਿੰਘ ਦੀ ਬੰਦਾ ਬਹਾਦਰ ਬਾਰੇ ਲਿਖੀ ਲੇਖ ਲੜੀ ਪੜ੍ਹੀ। ਲੜੀ ਨੰਬਰ 8  ‘ਬੰਦਾ ਬਹਾਦਰ ਨੇ ਘਰ ਕਿਉਂ ਛੱਡਿਆ?’ ਅਤੇ 9 ‘ਕੀ ਬੰਦਾ ਬਹਾਦਰ ਅੰਮ੍ਰਿਤਧਾਰੀ ਸੀ?’ ਬਾਰੇ ਇਤਿਹਾਸਕ ਤੱਥਾਂ ਦੀ ਪੁਣ-ਛਾਣ ਕਰਨੀ ਬਣਦੀ ਹੈ।
27 ਜੁਲਾਈ ਦੇ ਅੰਕ ਵਿਚ ਸੰਪਾਦਕ ਦੀ ਇਹ ਟਿੱਪਣੀ ਪੜ੍ਹ ਕੇ ਹੈਰਾਨੀ ਹੋਈ ਕਿ ਕੁਝ ਭੁੱਲੜ ਵੀਰਾਂ ਨੇ ਲੇਖ ਲੜੀ ਵਿਚ ਛਪੇ ਇਤਿਹਾਸਕ ਤੱਥਾਂ ਅਤੇ ਬੰਦੇ ਬਹਾਦਰ ਬਾਰੇ ਕੁਝ ਲੇਖਕਾਂ ਵੱਲੋਂ ਲਿਖੇ ਅਪ-ਸ਼ਬਦਾਂ ‘ਤੇ ਗੁੱਸੇ ਵਿਚ ਆ ਕੇ ਪਰਚਾ ਸੁੱਟ ਦਿੱਤਾ। ਲੇਖਕ ਦੇ ਵਿਚਾਰਾਂ ਨਾਲ ਸਹਿਮਤ ਜਾਂ ਅਸਹਿਮਤ ਹੋਣਾ ਸਭ ਦਾ ਜਮਹੂਰੀ ਹੱਕ ਹੈ। ਉਨ੍ਹਾਂ ਦਾ ਗੁੱਸਾ ਪਰਚੇ ਜਾਂ ਲੇਖਕ ਨਾਲੋਂ ਵੱਧ ਉਨ੍ਹਾਂ ਉਚ-ਦਮਾਲੜੇ ਪੰਥਕ ਆਗੂਆਂ, ਇਤਿਹਾਸਕਾਰਾਂ, ਪੰਥ ਦੋਖੀਆਂ, ਪੰਥ ਨੂੰ ਦੋਫਾੜ ਕਰਨ ਵਾਲੇ ਜ਼ਾਲਮਾਂ ਵਿਰੁਧ ਹੋਣਾ ਚਾਹੀਦਾ ਸੀ ਜੋ ਲੰਬੇ ਸਮੇਂ ਤੋਂ ਬੰਦਾ ਬਹਾਦਰ ਦੀ ਕਦਰ ਘਟਾਈ ਕਰ ਰਹੇ ਸਨ। ਇਨ੍ਹਾਂ ਦੀ ਸਰਪ੍ਰਸਤੀ ਭਾਵੇਂ ਗੁਰੂ ਗੋਬਿੰਦ ਸਿੰਘ ਦੇ ਮਹਿਲ ਮਾਤਾ ਸੁੰਦਰੀ ਜੀ ਹੀ ਕਿਉਂ ਨਾ ਕਰ ਰਹੇ ਹੋਣ? ਤਰਕ-ਰਹਿਤ, ਇਤਿਹਾਸਕ ਤੱਥਾਂ ਨਾਲ ਮੇਲ ਨਾ ਖਾਂਦੀ, ਮਨ-ਘੜਤ ਦੂਸ਼ਣਬਾਜ਼ੀ ਨਾਲ ਬੰਦਾ ਬਹਾਦਰ ਨੂੰ ਅਸਿੱਖ, ਕੁਰਾਹੀਆ, ਕੁਰਹਿਤੀਆ, ਮਨਮਤੀਆ ਤੇ ਜ਼ਾਲਮ ਵਰਗੇ ਵਿਸ਼ੇਸ਼ਣਾਂ ਨਾਲ ਨਿਵਾਜਿਆ ਗਿਆ। ਅਸਲ ਵਿਚ ਪੰਥ ‘ਚ ਫੁੱਟ ਦੇ ਬੀਜ ਗੁਰੂ ਗੋਬਿੰਦ ਸਿੰਘ ਦੇ ਸਮੇਂ ਬੰਦਾ ਬਹਾਦਰ ਨੂੰ ਦੱਖਣ ਤੋਂ ਪੰਜਾਬ ਵੱਲ ਤੋਰਨ ਤੇ ਉਸ ਦੀ ਅਗਵਾਈ ਮੰਨਣ ਵੇਲੇ ਹੀ ਪੈਦਾ ਹੋ ਗਏ ਸਨ, ਜਦੋਂ ਦਸਮ ਗੁਰੂ ਵੱਲੋਂ ਬੰਦੇ ਨੂੰ ਪੰਥ ਦਾ ਆਗੂ ਨੀਯਤ ਕਰਨ ਸਮੇਂ ਪਾਈ ਗਾਤਰੇ ਦੀ ਕ੍ਰਿਪਾਨ ਕੁਝ ਕੁ ਨਾਰਾਜ਼ ਆਗੂਆਂ ਨੇ ਗਲੋਂ ਲੁਹਾ ਲਈ ਸੀ। ਇਸ ਦਾ ਸਿੱਟਾ ਬਾਬਾ ਵਿਨੋਦ ਸਿੰਘ, ਕਾਹਨ ਸਿੰਘ, ਮੀਰੀ ਸਿੰਘ ਵਰਗੇ ਜਰਨੈਲਾਂ ਦਾ ਬੰਦੇ ਬਹਾਦਰ ਦੇ ਸਾਥ ਛੱਡ ਜਾਣ ਵਿਚ ਨਿਕਲਿਆ। ਪੰਥ, ਬੰਦਈ ਖਾਲਸਾ ਤੇ ਤੱਤ ਖਾਲਸਾ ਵਿਚ ਦੋ ਫਾੜ ਹੋ ਗਿਆ। ਬੰਦਾ ਬਹਾਦਰ ਨੂੰ ਅਲੱਗ-ਥਲੱਗ ਕਰਨ ਲਈ ਤੱਤ ਖਾਲਸਾ ਨੇ ਫਰੁਖਸ਼ੀਅਰ ਨਾਲ ਸਮਝੌਤਾ ਕਰ ਲਿਆ।
ਇਰਾਦੇ ਦੇ ਪੱਕੇ, ਦ੍ਰਿੜ, ਪ੍ਰਤੀਬੱਧ, ਸਿਰੜੀ, ਕੁਰਬਾਨੀ ਦੇ ਪੁੰਜ ਬੰਦਾ ਬਹਾਦਰ ਨੇ ਤਾਂ ਮੁਗਲ ਸਰਕਾਰ ਦੇ ਜ਼ੁਲਮ ਜਬਰ ਵਿਰੁਧ ਆਮ ਕਿਸਾਨ ਵਾਹੀਕਾਰ ਤੇ ਗਰੀਬ ਲੋਕਾਂ ਦੀ ਲੜਾਈ ਜਾਰੀ ਰੱਖੀ। ਸਾਬਤ ਕਦਮ ਰਹਿੰਦਿਆਂ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਦਾ ਅਨਿਨ ਭਗਤ ਸਾਬਤ ਕਰਦਿਆਂ ਬਹਾਦਰੀ ਨਾਲ ਸ਼ਹਾਦਤ ਦਾ ਜਾਮ ਪੀਤਾ। ਸੀਅਰੁਲ ਮੁਖਾਤਬੀਨ ਦਾ ਕਰਤਾ ਗੁਲਾਮ ਹੁਸੈਨ ਤੇ ਖਫੀ ਖਾਨ ਇਸ ਲਾਸਾਨੀ ਸ਼ਹਾਦਤ ਦੇ ਚਸ਼ਮਦੀਦ ਗਵਾਹ ਸਨ। ਜੌਹਨ ਸਰਮਨ, ਐਡਵਰਡ ਸਟੀਫਸਨ ਦੀ ਰਿਪੋਰਟ ਤੇ ਬਰਤਾਨਵੀ ਭਾਰਤ ਦਾ ਰਿਕਾਰਡ ਵੀ ਇਸ ਦੀ ਸ਼ਾਹਦੀ ਭਰਦੇ ਹਨ। ਇਹ ਬੰਦਾ ਬਹਾਦਰ ਦੀ ਮਹਾਨ ਸ਼ਹਾਦਤ ਦਾ ਹੀ ਨਤੀਜਾ ਹੈ ਕਿ ਪੰਥ ਦੀ ਮੁੱਖਧਾਰਾ ਵਾਲੇ ਆਗੂ, ਵਰਤਮਾਨ ਇਤਿਹਾਸਕਾਰ ਉਸ ਦੀ ਸ਼ਖ਼ਸੀਅਤ ਬਾਰੇ ਆਪਣੇ ਵਿਚਾਰ ਸੋਧਣ ਲਈ ਮਜਬੂਰ ਹੋਏ ਹਨ। ਪੁਰਾਤਨ ਰਿਕਾਰਡ ਦੀ ਫਰੋਲਾ-ਫਰਾਲੀ ਹੋ ਰਹੀ ਹੈ।
ਬੰਦਾ ਬਹਾਦਰ ਦੀ ਕਦਰ ਘਟਾਈ ਕਰਨ ਵਿਚ ਉਸ ਦੇ ਆਪਣੇ ਹੀ ਸਾਥੀਆਂ ਨੇ ਵੀ ਕੋਈ ਘੱਟ ਨਹੀਂ ਗੁਜ਼ਾਰੀ। ਵੱਖਰਾ ਕੌਮਾਂਤਰੀ ਵੈਰਾਗੀ ਮੰਡਲ ਜਥੇਬੰਦ ਕਰ ਕੇ ਰਾਜਸੀ ਲਾਹਾ ਲੈਣ ਲਈ ਉਸ ਨੂੰ ਵੱਖਰੇ ਪੰਥ ਦਾ ਆਗੂ ਸਾਬਤ ਕਰ ਕੇ ਪੰਥ ਦੀ ਮੁਖਧਾਰਾ ਤੋਂ ਵੱਖਰਿਆਉਣ ਦਾ ਯਤਨ ਵੀ ਕੀਤਾ ਗਿਆ। ਜੇ ਮੁਹੰਮਦ ਸਫੀ ਵਾਰਿਦ ਵਰਗੇ ਲੇਖਕਾਂ ਜੋ ਮੁਸਲਿਮ ਫਿਰਕਾਪ੍ਰਸਤੀ, ਜਗੀਰਦਾਰੀ, ਸਾਮੰਤਵਾਦੀ ਰਾਜ ਦੀ ਪਿੱਠੂ ਸਨ, ਨੇ ਬੰਦੇ ਬਹਾਦਰ ਬਾਰੇ ਕਿਹਾ, “ਉਸ ਸ਼ਿਕਾਰੀ ਕੁੱਤੇ ਦੀ ਬਗਾਵਤ ਨਾਲ ਮੁਸਲਮਾਨਾਂ ਦਾ ਖੂਨ ਸ਼ਹਿਰ ਸ਼ਹਿਰ ਜੰਗਲ ਜੰਗਲ ਧਰਤੀ ‘ਤੇ ਡੁੱਲ੍ਹਿਆ” ਅਤੇ ਅਸਰਾਰਿ ਸਮਦੀ (1728-29 ਈਸਵੀ) ਨੇ “ਕਿਸੇ ਵਿਅਕਤੀ ਦੀ ਉਸ ਦੇ ਪੰਜੇ ਵਿਚੋਂ ਰਿਹਾਈ ਨਾ ਵੇਖੀ ਗਈ, ਸੰਸਾਰ ਵਿਚ ਪਰਲੋਅ ਪ੍ਰਗਟ ਹੋ ਗਈ” ਵਰਗੀਆਂ ਟਿੱਪਣੀਆਂ ਕੀਤੀਆਂ ਹਨ ਤਾਂ ਜ਼ਾਹਰ ਹੈ ਕਿ ਬੰਦਾ ਬਹਾਦਰ ਦੀ ਲੜਾਈ ਕੱਟੜ ਮੁਸਲਮਾਨ ਫਿਰਕਾਪ੍ਰਸਤ ਤੁਅੱਸਬੀ ਜਗੀਰਦਾਰੀ, ਸਾਮੰਤਵਾਦੀ ਰਾਜ ਪ੍ਰਬੰਧ ਖਤਮ ਕਰਕੇ ਜਨਤਕ ਖਾਲਸਈ ਲਹਿਰ ਰਾਹੀਂ ਜ਼ਮੀਨ ਹਲਵਾਹਕ ਦੀ, ਹਰ ਧਰਮ ਨੂੰ ਯੋਗ ਸਨਮਾਨ ਤੇ ਆਮ ਗਰੀਬ ਲੋਕਾਂ ਦੇ ਨਿਆਂਇਕ ਗੁਰੂ ਗੋਬਿੰਦ ਸਿੰਘ ਦੇ ਖਾਲਸਈ ਅਸੂਲਾਂ ਅਨੁਸਾਰ ਰਾਜ ਸਥਾਪਤ ਕਰਨ ਵੱਲ ਸੇਧਤ ਸੀ। ਪੰਥ ਪ੍ਰਕਾਸ਼ ਰਤਨ ਸਿੰਘ ਭੰਗੂ ਦੀ ਟਿੱਪਣੀ ਹੈ,
ਜਿਸ ਗੁਰ ਜੀ ਸੋਂ ਵੈਰ ਕਮਾਯੋ,
ਬਦਲੇ ਲੈਣ ਤਿਸੀ ਮੈਂ ਆਇਯੋ।
ਤਿੰਨ ਤਿੰਨ ਕੋ ਮੈਂ ਮਾਰ ਮਕਾਊਂ,
ਤਊ ਸਤਿਗੁਰੂ ਕੋ ਬੰਦਾ ਕਹਾਊਂ।
ਦੌਲਤ ਰਾਏ ਇਤਿਹਾਸਕਾਰ ਅਨੁਸਾਰ, “ਬੰਦਾ ਬਹਾਦਰ ਇਸ ਮਿਸ਼ਨ ਨੂੰ ਪੂਰਾ ਕਰਨ ਵਿਚ ਸਫਲ ਹੋਇਆ। ਉਸ ਆਮ ਲੋਕਾਂ ਦੀ ਰਾਜਸੀ ਧਾਰਮਿਕ ਸ਼ਕਤੀ ਪੈਦਾ ਕਰ ਕੇ ਕੌਮੀਅਤ ਦਾ ਜਜ਼ਬਾ ਪੈਦਾ ਕੀਤਾ ਤੇ ਆਜ਼ਾਦੀ ਦੀ ਚਿਣਗ ਜਗਾਈ ਜੋ ਉਸ ਦੀ ਮੌਤ ਪਿੱਛੋਂ ਸਿੱਖ ਰਾਜ ਦੇ ਰੂਪ ਵਿਚ ਲਟ ਲਟ ਕਰ ਕੇ ਬਲੀ।”
ਲੜੀ ਨੰਬਰ 8 ਦੇ ਲੇਖ ‘ਬੰਦਾ ਬਹਾਦਰ ਨੇ ਘਰ ਕਿਉਂ ਛੱਡਿਆ’ ਵਿਚ ਲੇਖਕ ਹਰਪਾਲ ਸਿੰਘ ਫਾਰਸੀ ਵਿਦਵਾਨ ਬੁੱਧ ਸਿੰਘ ਤੇ ਅਜੈਬ ਸਿੰਘ ਮਲੇਰਕੋਟਲਾ ਦੀ ਕਿਤਾਬ ‘ਰਿਸਾਲਾ ਦਰ ਅਹਿਵਾਲ ਨਾਨਕ ਸ਼ਾਹ ਦਰਵੇਸ਼’ (1783) ਦੇ ਹਵਾਲੇ ਨਾਲ ਬੰਦੇ ਦੇ ਜੀਵਨ ਕਾਲ ਦੇ ਨੇੜੇ ਦੇ ਇਤਿਹਾਸਕਾਰਾਂ ਦੇ ਹਵਾਲਿਆਂ ਨੂੰ ਪਲਟਦਿਆਂ (A) ਬੰਦਾ ਬਹਾਦਰ ਦਾ ਜਨਮ ਪੁਣਛ ਖੇਤਰ ਵਿਚ ਤੱਛਲ ਦੇ ਕਿਲੇ ਦੇ ਕਿਲੇਦਾਰ ਸ੍ਰੀ ਰਾਮਦਾਸ ਦੇ ਘਰ ਦੀ ਬਜਾਏ ਪੰਡੋਰੀ ਕਰਤਾਰਪੁਰ ਨੇੜੇ ਬਿਸਤ ਦੁਆਬ (ਜਲੰਧਰ) ਵਿਖੇ ਬਾਜ਼ੀਗਰ ਬਰਾਦਰੀ ਵਿਚ ਹੋਇਆ ਸਿੱਧ ਕਰਨ ‘ਤੇ ਜ਼ੋਰ ਦਿੰਦਾ ਹੈ। ਲੇਖਕ ਉਸ ਨੂੰ ਹਿੰਦੂ ਵੈਰਾਗੀ ਤੋਂ ਬਾਜ਼ੀਗਰ ਬਣਾ ਦਿੰਦਾ ਹੈ ਅਤੇ ਐਚæਐਸ਼ ਸਿੰਘ ਦੇ ‘ਇਨਸਾਈਕਲੋਪੀਡੀਆ ਆਫ ਸਿੱਖਇਜ਼ਮ’ ਦੇ ਕੇਵਲ ਇਕ ਫੁਟਨੋਟ ਨੂੰ ਆਧਾਰ ਬਣਾਉਂਦਾ ਹੈ; (ਅ) ਬੰਦਾ ਬਹਾਦਰ ਦੇ ਸ਼ਿਕਾਰੀ ਦੇ ਰੂਪ ਵਿਚ ਹਿਰਨੀ ਦਾ ਪੇਟ ਚਾਕ ਕਰਨ ਤੇ ਉਸ ਦੇ ਬੱਚਿਆਂ ਦਾ ਉਸ ਦੀਆਂ ਅੱਖਾਂ ਸਾਹਮਣੇ ਤੜਫ ਤੜਫ ਕੇ ਮਰ ਜਾਣ ਤੋਂ ਬਿਹਬਲ ਹੋ ਕੇ ਸਾਧ ਬਣ ਕੇ ਘਰ-ਬਾਰ ਛੱਡ ਜਾਣ ਦੀ ਕਹਾਣੀ ਨੂੰ ਮਨ-ਘੜਤ, ਅਜੋਕੇ ਇਤਿਹਾਸਕਾਰਾਂ ਵੱਲੋਂ ਪ੍ਰਾਚੀਨ ਇਤਿਹਾਸਕਾਰਾਂ ਦੇ ਨਕਸ਼ੇ ਕਦਮ ‘ਤੇ ਚਲਦਿਆਂ ਲਕੀਰ ਪਿੱਟਣ ਵਾਲੀ ਮੰਨਦਾ ਹੈ। ਲੇਖਕ ਦੇ 1783 ਈਸਵੀ ਦੇ ਹਵਾਲੇ ਨਾਲੋਂ ਸ੍ਰੀ ਗੁਰੂ ਸੋਭਾ (1711 ਈਸਵੀ), ਗੁਰਬਿਲਾਸ ਪਾਤਸ਼ਾਹੀ ਦਸਵੀਂ (1751 ਈਸਵੀ), ਬੰਸਾਵਲੀਨਾਮਾ ਦਸ ਪਾਤਸ਼ਾਹੀਆਂ (1769 ਈਸਵੀ), ਗੁਰੂ ਕੀਆਂ ਸਾਖੀਆਂ (1790 ਈਸਵੀ) ਦੇ ਦਿੱਤੇ ਵੇਰਵਿਆਂ ਨੂੰ ਵਧੇਰੇ ਸਾਰਥਕ ਮੰਨਿਆ ਜਾਣਾ ਚਾਹੀਦਾ ਹੈ, ਕਿਉਂਕਿ ਇਹ ਵੇਰਵੇ ਵਾਪਰੀਆਂ ਘਟਨਾਵਾਂ ਦੇ ਵਧ ਨੇੜੇ ਦੇ ਸਮੇਂ ਦੇ ਪ੍ਰਤੱਖ ਪ੍ਰਮਾਣ ਹਨ। ਸਾਨੂੰ ਕਰਮ ਸਿੰਘ ਹਿਸਟੋਰੀਅਨ ਦੇ ਇਨ੍ਹਾਂ ਸ਼ਬਦਾਂ ਨੂੰ ਅੱਖੋਂ-ਪਰੋਖੇ ਨਹੀਂ ਕਰਨਾ ਚਾਹੀਦਾ, “ਇਤਿਹਾਸਕ ਤੱਥਾਂ ਨੂੰ ਖੋਜਦਿਆਂ ਮਿਤੀਆਂ ਸਥਾਨਾਂ ਆਦਿ ਦੇ ਥੋੜ੍ਹੇ-ਬਹੁਤ ਫਰਕ ਨੂੰ ਜੇ ਉਹ ਸਿੱਖੀ ਦੇ ਮੁੱਢਲੇ ਅਸੂਲਾਂ ਦੀ ਅਵੱਗਿਆ ਨਾ ਕਰਦੇ ਹੋਣ, ਤਾਂ ਲੋਕ ਧਾਰਨਾਵਾਂ ਨੂੰ ਸਹੀ ਮੰਨਣ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ ਅਤੇ ਬੇਲੋੜੀ ਬਹਿਸ ਦਾ ਵਿਸ਼ਾ ਨਹੀਂ ਬਣਾਉਣਾ ਚਾਹੀਦਾ।”
ਲੇਖਕ ਅਨੁਸਾਰ ਪੰਡੋਰੀ (ਜਲੰਧਰ) ਦਾ ਯਤੀਮ ਬਾਜ਼ੀਗਰਾਂ ਦਾ ਨੌਜਵਾਨ ਬੰਦਾ ਬਹਾਦਰ ਆਪਣੇ ਨੇੜੇ ਦੇ ਸਬੰਧੀਆਂ ਚਾਚੇ-ਤਾਇਆਂ ਦਾ ਸਤਾਇਆ ਗੁਰੂ ਘਰ ਕਰਤਾਰਪੁਰ ਨੂੰ ਆਪਣਾ ਆਸਰਾ ਬਣਾਉਂਦਾ ਹੈ। ਗੁਰਦੁਆਰੇ ਦੇ ਭਾਈ ਜੀ ਜਿਸ ਦਾ ਲੇਖਕ ਨੇ ਨਾਉਂ ਨਹੀਂ ਲਿਖਿਆ, ਨੇ ਬੰਦੇ ਨੂੰ ਸਿੱਖੀ ਦੇ ਮੁੱਢਲੇ ਅਸੂਲਾਂ, ਬਾਣੀ ਤੇ ਗੁਰੂ ਘਰ ਦੀ ਸੇਵਾ ਵਰਗੇ ਚੰਗੇ ਗੁਣਾਂ ਦਾ ਧਾਰਨੀ ਬਣਾਇਆ। ਇਥੇ ਲੇਖਕ ਬੰਦੇ ਦੇ ਸੰਗਤ ਨਾਲ ਗੁਰੂ ਜੀ ਦੇ ਦਰਸ਼ਨਾਂ ਲਈ ਅਨੰਦਪੁਰ ਚਾਲੇ ਪਾ ਦੇਣ ਦੀ ਕਹਾਣੀ ਬਿਆਨ ਕਰਦਾ ਹੈ। ਲੇਖਕ ਭੁੱਲ ਜਾਂਦਾ ਹੈ ਕਿ ਕਰਤਾਰਪੁਰ ਦਾ ਗੁਰੂ ਘਰ ਉਸ ਸਮੇਂ ਕਿਸ ਦੇ ਪ੍ਰਬੰਧ ਹੇਠ ਸੀ? ਕਰਤਾਰਪੁਰ ਦੀ ਗੱਦੀ ‘ਤੇ ਉਹੀ ਧੀਰਮੱਲੀਏ ਕਾਬਜ਼ ਸਨ ਜਿਨ੍ਹਾਂ ਬਾਬੇ ਬਕਾਲੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਦੇ ਪ੍ਰਗਟ ਹੋਣ ‘ਤੇ ਬਾਬਾ ਮੱਖਣ ਸ਼ਾਹ ਲੁਬਾਣਾ ਵਲੋਂ ਗੁਰੂ ਲਾਧੋ ਰੇ ਦਾ ਹੋਕਾ ਦੇਣ ਪਿਛੋਂ ਸ਼ੀਹੇਂ ਮਸੰਦ ਨੂੰ ਤੁੱਖਣਾ ਦਿੱਤੀ ਜਿਸ ਨੇ ਗੁਰੂ ਤੇਗ ਬਹਾਦਰ ਉਤੇ ਗੋਲੀ ਚਲਾਈ ਸੀ। ਇਹ ਧੀਰਮੱਲੀਏ ਸੰਗਤਾਂ ਵੱਲੋਂ ਭੇਟ ਕੀਤਾ ਸਾਰਾ ਚੜ੍ਹਾਵਾ ਚੁੱਕ ਕੇ ਲੈ ਗਏ ਸਨ। ਇਸ ਘਟਨਾ ਦੇ ਵਿਰੋਧ ਵਿਚ ਮੱਖਣ ਸ਼ਾਹ ਲੁਬਾਣੇ ਦੇ ਆਦਮੀ ਧੀਰਮਲੀਆਂ ਦੇ ਡੇਰੇ ਤੋਂ ਸਾਰੇ ਸਾਮਾਨ ਦੇ ਨਾਲ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੀੜ ਵੀ ਲੈ ਆਏ ਸਨ। ਗੁਰੂ ਜੀ ਦੀ ਪ੍ਰੇਰਨਾ ਨਾਲ ਹੀ ਬਾਬਾ ਮੱਖਣ ਸ਼ਾਹ ਦੇ ਆਦਮੀ ਲਿਆਂਦਾ ਸਾਮਾਨ ਤੇ ਚੜ੍ਹਾਵਾ ਮੋੜ ਆਏ ਸਨ। ਇਸ ਤਰ੍ਹਾਂ ਆਪਣਾ ਨਿਰਾਦਰ ਹੁੰਦਾ ਵੇਖ ਕੇ ਧੀਰਮਲ ਆਪਣਾ ਡੇਰਾ-ਡੰਡਾ ਚੁੱਕ ਕੇ ਕਰਤਾਰਪੁਰ ਮੁੜ ਗਿਆ ਸੀ। ਇਹ ਕਿਵੇਂ ਹੋ ਸਕਦਾ ਹੈ ਕਿ ਉਹੀ ਧੀਰਮਲ ਬੰਦਾ ਬਹਾਦਰ ਨੂੰ ਪ੍ਰੇਰ ਕੇ ਅਨੰਦਪੁਰ ਸਾਹਿਬ ਵਿਚ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰਨ ਲਈ ਬੇਨਤੀ ਕਰਦਾ ਹੋਵੇ!
ਨੌਂਵੇ ਗੁਰੂ ਤੇਗ ਬਹਾਦਰ ਨੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਪੀੜ੍ਹਾ ਸਾਹਿਬ ਸਮੇਤ ਬਿਆਸ ਦਰਿਆ ਕੰਢੇ ਸੁਭਾਇਮਾਨ ਕਰ ਕੇ ਧੀਰਮਲੀਆਂ ਨੂੰ ਵਾਪਸ ਲੈ ਜਾਣ ਲਈ ਸੁਨੇਹਾ ਭੇਜਿਆ ਸੀ ਅਤੇ ਆਖਿਆ ਸੀ ਕਿ ਧੀਰਮਲ ਦੀ ਕੋਈ ਚੀਜ਼ ਵੀ ਅਸੀਂ ਆਪਣੇ ਕੋਲ ਨਹੀਂ ਰੱਖਾਂਗੇ। ਇਹ ਉਹੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਹੈ ਜੋ ਅੱਜਕੱਲ੍ਹ ਧੀਰਮਲੀਆਂ ਦੇ ਘਰ ਸ਼ੀਸ਼ਮਹਿਲ ਵਿਖੇ ਬਿਰਾਜਮਾਨ ਹੈ। ਹਰ ਸੰਗਰਾਂਦ ਧੀਰਮਲੀਏ ਸੰਗਤਾਂ ਨੂੰ ਉਸ ਦੇ ਦਰਸ਼ਨ ਕਰਵਾਉਂਦੇ ਤੇ ਚੜ੍ਹਾਵਾ ਪ੍ਰਾਪਤ ਕਰਦੇ ਹਨ। (ਜੀਵਨ ਬਿਰਤਾਂਤ ਦਸ ਪਾਤਸ਼ਾਹੀਆਂ, ਸਫਾ 334-335)। ਇਸ ਲਈ ਬੰਦੇ ਬਹਾਦਰ ਦੇ ਕਰਤਾਰਪੁਰ ਠਹਿਰਨ ਅਤੇ ਅਨੰਦਪੁਰ ਪੁੱਜਣ ਦਾ ਵਿਚਾਰ ਇਤਿਹਾਸਕ ਤੱਥਾਂ ਅਨੁਸਾਰ ਦਰੁਸਤ ਸਾਬਤ ਨਹੀਂ ਹੁੰਦਾ।
ਹਰਪਾਲ ਸਿੰਘ ਅੱਗੇ ਲਿਖਦਾ ਹੈ ਕਿ ਅਨੰਦਪੁਰ ਪੁੱਜ ਕੇ ਬੰਦਾ ਬਹਾਦਰ ਗੁਰੂ ਦਾ ਬੰਦਾ ਹੋ ਕੇ ਗੁਰੂ ਚਰਨਾਂ ਵਿਚ ਟਿਕ ਜਾਂਦਾ ਹੈ ਤੇ ਪੰਥ ਦਾ ਅੰਗ ਬਣ ਜਾਂਦਾ ਹੈ। ਉਸ ਵਿਚ ਪੂਰਨ ਸੰਤ ਸਿਪਾਹੀ ਦੇ ਗੁਣਾਂ ਦਾ ਸੰਚਾਰ ਹੋ ਜਾਂਦਾ ਹੈ।
ਇਥੇ ਲੇਖਕ ਦੱਸਦਾ ਹੈ ਕਿ ਭੰਗਾਣੀ ਦਾ ਯੁੱਧ ਪਹਾੜੀ ਰਾਜਿਆਂ ਭੀਮ ਚੰਦ ਗੜਵਾਲ ਦੇ ਰਾਜਾ ਫਤਿਹ ਸ਼ਾਹ ਵਿਚਕਾਰ 15 ਸਤੰਬਰ 1688 ਨੂੰ ਹੋਇਆ। ਇਸ ਵਿਚ ਬੰਦਾ ਬਹਾਦਰ ਵੱਲੋਂ ਨਿਭਾਈ ਅਹਿਮ ਭੂਮਿਕਾ ਦਾ ਜ਼ਿਕਰ ਹੈ ਕਿ ਬੰਦੇ ਬਹਾਦਰ ਤੇ ਹਰੀ ਚੰਦ ਵਿਚਕਾਰ ਗਹਿ-ਗੱਚ ਲੜਾਈ ਵਿਚ ਹਰੀ ਚੰਦ ਮਾਰਿਆ ਗਿਆ ਜਿਸ ਦਾ ਸਿੱਟਾ ਗੁਰੂ ਜੀ ਦੀ ਜਿੱਤ ਵਿਚ ਨਿਕਲਿਆ। ਲੇਖਕ ਗੁਰੂ ਗੋਬਿੰਦ ਸਿੰਘ ਰਚਿਤ ‘ਬਚਿਤਰ ਨਾਟਕ’ ਦੀਆਂ ਇਨ੍ਹਾਂ ਤੁਕਾਂ ਨੂੰ ਬੰਦੇ ਬਹਾਦਰ ਨਾਲ ਜੋੜਨ ਦਾ ਹੀਲਾ ਕਰਦਾ ਹੈ,
ਜਬੈ ਬਾਣ ਲਾਗਯੋ, ਤਬੈ ਰੋਸ ਜਾਗਯੋ।
ਕਰੀ ਲੈ ਕਮਾਣੈ, ਹਨਿਯੋ ਇਹ ਜੁਆ ਨੇ।
ਸਭੈ ਵੀਰ ਧਾਏ, ਸਰੋਘੇ ਚਲਾਏ।
ਹਰੀ ਚੰਦ ਮਾਰੇ, ਸੋ ਯੋਧਾ ਲਤਾਰੇ।
ਭਈ ਜੀਤ ਮੇਰੀ, ਕ੍ਰਿਪਾ ਨਾਲ ਤੇਰੀ।
ਰਣ ਜੀਤ ਆਏ, ਜਯੋ ਗੀਤ ਗਾਏ।
ਲੇਖਕ ਨੇ ਇਨ੍ਹਾਂ ਸਤਰਾਂ ਨੂੰ ਬੇਤੁਕੇ ਢੰਗ ਨਾਲ ਬੰਦਾ ਬਹਾਦਰ ਨਾਲ ਜੋੜਿਆ ਹੈ। ਇਥੇ ‘ਗੁਰੂ ਕੀਆਂ ਸਾਖੀਆਂ’ (1790) ਦਾ ਪੰਨਾ 101 ਵਾਚਣਾ ਜ਼ਰੂਰੀ ਹੈ, “ਫਤਿਹ ਸ਼ਾਹ ਨੇ ਭੱਜੀ ਜਾਂਦੀ ਫੌਜ ਨੂੰ ਦੇਖ ਕੇ ਹਰੀ ਚੰਦ ਨੂੰ ਤਾਅਨਾ ਮਾਰਿਆ, ਇਸ ਨੂੰ ਬੜੀ ਤਮਕ ਲਾਗੀ ਕਮਾਨ ਪਕੜ ਸਾਹਮਣੇ ਦੇਖ ਗੁਰੂ ਜੀ ਤੇ ਯਕੇ ਬਾਦ ਦੀਗਰੇ ਇਸੇ ਬੜੀ ਤੇਜ਼ੀ ਸੇ ਤੱਕ ਤੱਕ ਤੀਰ ਮਾਰੇ ਜਿਸ ਮੇਂ ਦੋ ਵਾਰ ਖਾਲੀ ਗਏ ਤੀਜਾ ਵਾਰ ਗੁਰੂ ਜੀ ਦੀ ਪੇਟੀ ਮੇਂ ਲਗਾ ਜਿਸ ਸੇ ਸਤਿਗੁਰਾਂ ਕੋ ਮਾਮੂਲੀ ਸਾ ਘਾਓ ਆਇਆ। ਗੁਰੂ ਜੀ ਨੇ ਇਸੇ ਦੇਖ ਕਮਾਨ ਪਕੜ ਐਸਾ ਖੀਂਚ ਕੇ ਤੀਰ ਮਾਰਾ ਜਿਸ ਦੇ ਲਾਗਨੇ ਸੇ ਹਰੀ ਚੰਦ ਘੋੜੇ ਸੇ ਨੀਚੇ ਆਇ ਗਿਰਾ ਇਸ ਕੇ ਮਰਨ ਦੀ ਦੇਰੀ ਸੀ ਫਤਿਹ ਸ਼ਾਹ ਕੀ ਫੌਜ ਕਾ ਹੌਸਲਾ ਪਸਤ ਹੋਇ ਗਿਆ, ਸਭ ਨੇ ਭਾਗ ਕਰ ਜਾਨ ਬਚਾਈ।”
ਇਤਿਹਾਸਕ ਤੱਥਾਂ ਦੇ ਵਿਪਰੀਤ ਹਰਪਾਲ ਸਿੰਘ ਨੇ ਤਰਕ-ਵਿਹੂਣੇ ਢੰਗ ਨਾਲ ਭੰਗਾਣੀ ਦੇ ਯੁੱਧ ਵਿਚ ਬੰਦੇ ਬਹਾਦਰ ਦੀ ਸ਼ਮੂਲੀਅਤ ਨੂੰ ਨਰੜਨ ਦਾ ਯਤਨ ਕੀਤਾ ਹੈ।
ਨਦੌਣ ਦੀ ਲੜਾਈ ਮੁਗਲ ਜਰਨੈਲ ਅਲਫ ਖਾਂ ਅਤੇ ਭੀਮ ਚੰਦ ਤੇ ਪਹਾੜੀ ਰਾਜਿਆਂ ਨਾਲ ਵਿਚਕਾਰ ਹੋਈ। ਭੀਮ ਚੰਦ ਨੇ ਗੁਰੂ ਤੋਂ ਸਹਾਇਤਾ ਮੰਗੀ। ਇਸ ਯੁੱਧ ਵਿਚ ਵੀ ਲੇਖਕ ਇਹ ਦੱਸਣ ਦੇ ਆਹਰ ਵਿਚ ਹੈ ਕਿ ਪਹਾੜੀ ਰਾਜਿਆਂ ਦੀ ਬੇਨਤੀ ਪ੍ਰਵਾਨ ਕਰਦਿਆਂ, ਗੁਰੂ ਜੀ ਨੇ ਬੰਦਾ ਬਹਾਦਰ ਦੀ ਅਗਵਾਈ ਵਿਚ ਦੀਵਾਨ ਨੰਦ ਚੰਦ, ਧਰਮ ਚੰਦ, ਭਾਈ ਮਨੀ ਰਾਮ, ਭਾਈ ਆਲਮ ਚੰਦ ਨਚਣਾ ਨੂੰ ਪਹਾੜੀ ਰਾਜਿਆਂ ਦੀ ਸਹਾਇਤਾ ਲਈ ਭੇਜਿਆ। ਹੋਰ ਕਿਸੇ ਵੀ ਇਤਿਹਾਸਕਾਰ ਨੇ ਇਸ ਜੰਗ ਵਿਚ ਬੰਦਾ ਬਹਾਦਰ ਦੀ ਸ਼ਮੂਲੀਅਤ ਦਾ ਜ਼ਿਕਰ ਨਹੀਂ ਕੀਤਾ। ਕੀ ਵਿਦਵਾਨ ਲੇਖਕ ਦੱਸ ਸਕਦਾ ਹੈ ਕਿ ਅਨੰਦਪੁਰ ਦੀ ਪਹਿਲੀ ਲੜਾਈ (1682 ਵਿਚ ਰਾਜਾ ਭੀਮ ਚੰਦ ਅਤੇ ਗੁਰੂ ਪੰਥ ਵਿਚਕਾਰ), ਅਨੰਦਪੁਰ ਦੀ ਦੂਜੀ ਲੜਾਈ (1685 ਵਿਚ ਦਸਵੇਂ ਪਾਤਸ਼ਾਹ ਅਤੇ ਭੀਮ ਚੰਦ, ਕਾਂਗੜਾ ਤੇ ਗਲੇਰ ਦੇ ਰਾਜਿਆਂ ਵਿਚਕਾਰ), ਵਸਾਲੀ ਦੀ ਲੜਾਈ, ਹਸੈਨੀ ਯੁੱਧ (1696 ਵਿਚ ਦਲਾਵਰ ਖਾਂ, ਹਸੈਨ ਖਾਂ ਅਤੇ ਗੁਰੂ ਜੀ ਦਰਮਿਆਨ) ਵਿਚ ਬੰਦੇ ਬਹਾਦਰ ਦੀ ਭੂਮਿਕਾ ਸੀ?
30 ਮਾਰਚ 1699 ਨੂੰ ਅਨੰਦਪੁਰ ਕੇਸਗੜ੍ਹ ਦੀ ਧਰਤੀ ‘ਤੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਗੋਬਿੰਦ ਸਿੰਘ ਨੇ ਖਾਲਸੇ ਦੀ ਸਾਜਨਾ ਕੀਤੀ। ਲੇਖਕ ਪ੍ਰਮਾਣੀਕ ਇਤਿਹਾਸਕ ਤੱਥਾਂ ਦੇ ਉਲਟ ਬੰਦਾ ਬਹਾਦਰ ਨੂੰ ਕੇਸਗੜ੍ਹ ਅਨੰਦਪੁਰ ਸਾਹਿਬ ਵਿਖੇ ਅੰਮ੍ਰਿਤਧਾਰੀ ਬਣ ਜਾਣਾ ਸਿੱਧ ਕਰਨ ਦੇ ਆਹਰ ਵਿਚ ਹੈ। ਸੁਰਜੀਤ ਸਿੰਘ ਪੰਛੀ ਦੀ ਪੁਸਤਕ ‘ਬੰਦਾ ਸਿੰਘ ਬਹਾਦਰ ਜੀਵਨ ਸੰਘਰਸ਼ ਤੇ ਪ੍ਰਾਪਤੀਆਂ’ ਵਿਚ ਬੰਦਾ ਸਿੰਘ ਬਹਾਦਰ ਦੇ ਅੰਮ੍ਰਿਤਧਾਰੀ ਹੋਣ ਬਾਰੇ ਵਿਸਥਾਰ ਪੂਰਵਕ ਚਰਚਾ ਹੈ। ਬੰਦੇ ਬਹਾਦਰ ਦੀ ਜੌਨਪੁਰ ਦੀ ਸੰਗਤ ਨੂੰ 12 ਦਸੰਬਰ 1710 ਨੂੰ ਲਿਖੀ ਚਿੱਠੀ ਦਾ ਹਵਾਲਾ ਦੇਣਾ ਬਣਦਾ ਹੈ, “ਸਰਬਤ ਖਾਲਸਾ ਜਾਉਨਪੁਰ ਕਾ ਗੁਰੂ ਰਖੇਗਾ। ਗੁਰੂ ਗੁਰੂ ਜਪਣਾ, ਤੁਸੀਂ ਅਕਾਲ ਪੁਰਖ ਕਾ ਖਾਲਸਾ ਹੋ, ਮੇਰਾ ਹੁਕਮ ਹੈ ਜੋ ਖਾਲਸੇ ਦੀ ਰਹਿਤ ਰਹੇਗਾ ਤਿਸ ਕੀ ਗੁਰੂ ਬਹੁੜੀ ਕਰੇਗਾ।” ਜਿਹੜਾ ਬੰਦਾ ਸਿੰਘ ਬਹਾਦਰ ਖਾਲਸੇ ਦੀ ਰਹਿਤ ਰਹਿਣ ਦਾ ਹੁਕਮ ਸੰਗਤ ਨੂੰ ਦਿੰਦਾ ਹੈ, ਕੀ ਉਹ ਆਪ ਅੰਮ੍ਰਿਤਧਾਰੀ ਖਾਲਸਾ ਨਹੀਂ ਹੋਵੇਗਾ? ਕੀ ਸੰਗਤ, ਬਿਨਾਂ ਅੰਮ੍ਰਿਤਧਾਰੀ ਬੰਦਾ ਸਿੰਘ ਦਾ ਹੁਕਮ ਮੰਨੇਗੀ? ਕੀ ਬਿਨਾਂ ਅੰਮ੍ਰਿਤ ਧਾਰਨ ਕੀਤੇ ਕੋਈ ਬੰਦਾ ਖਾਲਸੇ ਦੀ ਰਹਿਤ ਰਹਿਣ ਦਾ ਉਪਦੇਸ਼ ਦੇ ਸਕਦਾ ਹੈ? ਇਹ ਕਦਾਚਿਤ ਨਹੀਂ ਹੋ ਸਕਦਾ।
ਇਸ ਘਟਨਾ ਤੋਂ ਬਾਅਦ ਲੇਖਕ ਬੰਦਾ ਸਿੰਘ ਬਹਾਦਰ ਨੂੰ ਇਤਿਹਾਸਕ ਘਟਨਾਕ੍ਰਮ ‘ਚੋਂ ਗਾਇਬ ਕਰ ਕੇ ਪਿਛੋਕੜ ਵਿਚ ਧੱਕ ਦਿੰਦਾ ਹੈ। ਕੀ ਲੇਖਕ ਦੱਸ ਸਕਦਾ ਹੈ ਕਿ ਕੇਸਗੜ੍ਹ ਸਾਹਿਬ ਗੁਰੂ ਜੀ ਵੱਲੋਂ ਖਾਲਸਾ ਪੰਥ ਸਾਜਣ ਸਮੇਂ ਬੰਦਾ ਬਹਾਦਰ ਦੀ ਕੀ ਭੂਮਿਕਾ ਸੀ? ਅਨੰਦਪੁਰ ਛੱਡਣ ਸਮੇਂ ਸਰਸਾ ਕੰਢੇ ਹੋਏ ਯੁੱਧ ਅਤੇ ਚਮਕੌਰ ਸਾਹਿਬ ਦੀ ਬੇਮੇਚਵੀਂ ਲੜਾਈ ਸਮੇਂ ਉਹ ਕਿੱਥੇ ਸੀ? ਖਿਦਰਾਣੇ ਦੀ ਢਾਬ ‘ਤੇ 40 ਸਿੰਘ ਸ਼ਹੀਦੀਆਂ ਪਾ ਰਹੇ ਸਨ ਤੇ ਆਪਣੀ ਭੁੱਲ ਬਖਸ਼ਾ ਰਹੇ ਸਨ, ਉਸ ਸਮੇਂ ਬੰਦਾ ਕਿਸ ਸਥਾਨ ‘ਤੇ ਠਹਿਰਿਆ ਹੋਇਆ ਸੀ? ਲੇਖਕ ਵੱਲੋਂ ਇਸ ਖੱਪੇ ਨੂੰ ਭਰਨ ਦਾ ਕੀ ਯਤਨ ਹੈ?
ਸੁਰਜੀਤ ਸਿੰਘ ਪੰਛੀ ‘ਗੁਰੂ ਗੋਬਿੰਦ ਸਿੰਘ ਜੀ ਦਾਦੂ ਮਾਜਰੇ’ ਸਿਰਲੇਖ ਹੇਠ ਲਿਖਦੇ ਹਨ, “ਦਾਦੂ ਮਾਜਰਾ ਜੈਪੁਰ (ਰਾਜਸਥਾਨ) ਵਿਚ ਪਿੰਡ ਨਰਾਇਣਾ ਵਿਚ ਹੈ। ਗੁਰੂ ਜੀ ਦਾਦੂ ਮਾਜਰੇ ਜੈਤ ਰਾਮ ਨੂੰ ਮਿਲੇ ਅਤੇ ਰਾਜਸਥਾਨ ਦੇ ਰਾਜਪੂਤ ਰਾਜਿਆਂ ਨੂੰ ਗੁਰੂ ਜੀ ਦੇ ਮੁਗਲ ਰਾਜ ਵਿਰੁਧ ਸੰਘਰਸ਼ ਵਿਚ ਪ੍ਰੇਰ ਕੇ ਸ਼ਾਮਿਲ ਕਰਵਾਉਣ ਲਈ ਕਿਹਾ ਪਰ ਜੈਤ ਰਾਮ ਨੇ ਮੁਗਲਾਂ ਤੇ ਰਠੌਰਾਂ ਵਿਚਕਾਰ ਭੀਸ਼ਣ ਲਹੂ ਵੀਟਵੇਂ ਸੰਘਰਸ਼ ਚਲ ਰਹੇ ਹੋਣ ਕਰ ਕੇ ਆਪਣੀ ਅਸਮਰਥਾ ਪ੍ਰਗਟ ਕੀਤੀ ਪਰ ਮਾਧੋਦਾਸ ਦੀ ਦੱਸ ਪਾਈ ਜੋ ਉਸ ਸਮੇਂ ਦੱਖਣ ਵਿਚ ਸੀ। ਉਹ ਗੁਰੂ ਜੀ ਦੀ ਸਹਾਇਤਾ ਕਰਨ ਦੇ ਯੋਗ ਤੇ ਸਮਰੱਥ ਸੀ।
20 ਫਰਵਰੀ, 1707 ਈਸਵੀ ਨੂੰ ਔਰੰਗਜ਼ੇਬ ਦੀ ਮੌਤ ਭਾਰਤ ਦੇ ਇਤਿਹਾਸ ਵਿਚ ਮਹੱਤਵਪੂਰਨ ਘਟਨਾ ਸੀ। ਗੁਰੂ ਜੀ ਨੂੰ ਇਹ ਖਬਰ 12 ਮਾਰਚ 1707 ਨੂੰ ਬਘੌਰ (ਰਾਜਸਥਾਨ) ਵਿਖੇ ਮਿਲੀ। ਇਸ ਨਾਲ ਭਾਰਤ ਦੀ ਰਾਜਨੀਤੀ ਵਿਚ ਕੋਈ ਜਮਾਤੀ ਸਿਫ਼ਤੀ ਤਬਦੀਲੀ ਆਉਣ ਦੀ ਆਸ ਨਹੀਂ ਕੀਤੀ ਜਾ ਸਕਦੀ ਸੀ ਪਰ ਦਿੱਲੀ ਤਖ਼ਤ ਦੀ ਪ੍ਰਾਪਤੀ ਲਈ ਤਿੰਨ ਦਾਅਵੇਦਾਰ ਪੁੱਤਰਾਂ ਵਿਚ ਖੂਨੀ ਟਕਰਾਉ ਸੁਨਿਸਚਿਤ ਸੀ। ਵੱਡਾ ਮੁਅੱਜ਼ਮ ਉਸ ਸਮੇਂ ਕਾਬਲ ਦਾ ਗਵਰਨਰ ਸੀ। ਉਸ ਨੇ ਆਪਣੇ ਇਕ ਭਰੋਸੇਯੋਗ ਮੁਨਿਅਮ ਖਾਂ ਨੂੰ ਲਾਹੌਰ ਦਾ ਸਰਬਾ-ਸਰਬ ਬਣਾਇਆ ਹੋਇਆ ਸੀ। ਦੂਜਾ ਮੁਹੰਮਦ ਆਜ਼ਮ ਸ਼ਾਹ ਔਰੰਗਜ਼ੇਬ ਦੇ ਨਾਲ ਸੀ। ਤੀਜਾ ਕਾਮ ਬਖ਼ਸ਼ ਬੀਜਾਪੁਰ ਵਿਖੇ ਸੀ। ਮੁਅਜ਼ਮ ਬਾਕੀ ਦੋ ਭਰਾਵਾਂ ਤੋਂ ਘੱਟ ਤੁਅੱਸਬੀ ਸੀ ਅਤੇ ਧਾਰਮਿਕ ਅਮਨ ਸਹਿਹੋਂਦ ਵਿਚ ਯਕੀਨ ਰੱਖਦਾ ਸੀ। ਨੰਦ ਲਾਲ ਗੋਇਆ ਉਸ ਲਈ ਸਹਾਇਤਾ ਪ੍ਰਾਪਤ ਕਰਨ ਲਈ ਇੱਕ ਸਿੱਖ ਹਾਕਮ ਰਾਏ ਨੂੰ ਨਾਲ ਲੈ ਕੇ ਆਪਣੇ ਡਿਪਲੋਮੈਟਿਕ ਮਿਸ਼ਨ ‘ਤੇ ਬਘੌਰ ਵਿਖੇ ਗੁਰੂ ਜੀ ਨੂੰ ਆ ਮਿਲਿਆ।
ਜੰਜੂਆ ਦੇ ਸਥਾਨ ‘ਤੇ ਦਿੱਲੀ ਤਖ਼ਤ ਲਈ ਭਰਾਵਾਂ ਵਿਚ ਗਹਿਗਚ ਲੜਾਈ ਹੋਈ। ਗੁਰੂ ਜੀ ਦੀ ਸਰਗਰਮ ਸ਼ਮੂਲੀਅਤ ਰਾਹੀਂ ਹੀ ਮੁਅੱਜ਼ਮ (ਬਹਾਦਰ ਸ਼ਾਹ) ਦੀ ਜਿੱਤ ਹੋਈ। ਗੁਰੂ ਜੀ ਦੇ ਤੀਰ ਨਾਲ ਹੀ ਆਜ਼ਮ ਮਾਰਿਆ ਗਿਆ ਸੀ।
ਇਥੇ ਲੇਖਕ ਬਿਲਕੁਲ ਵੱਖਰਾ ਰਾਹ ਅਖ਼ਤਿਆਰ ਕਰਦਾ ਹੈ ਕਿ ਮੁਨਿਅਮ ਖਾਂ ਨੇ ਮੁਅੱਜ਼ਮ (ਗਵਰਨਰ ਕਾਬਲ) ਦੇ ਕਹਿਣ ‘ਤੇ ਪੰਜਾਬ ਤੋਂ ਫੌਜ ਵਿਚ ਸਿੱਖਾਂ ਦੀ ਭਰਤੀ ਦਾ ਅਭਿਆਨ ਚਲਾਇਆ। ਇਕ ਵੱਖਰੀ ਫੌਜੀ ਟੁਕੜੀ ਦਾ ਗਠਨ ਕੀਤਾ ਜਿਸ ਨੂੰ ਗੁਰੂ ਦੀ ਸੰਗਤ ਕਹਿੰਦੇ ਸਨ। ਬੰਦਾ ਬਹਾਦਰ ਇਸ ਦਾ ਆਗੂ ਸੀ। ਲੇਖਕ ਇਤਿਹਾਸਕ ਤੱਥਾਂ ਦੇ ਉਲਟ ਲਿਖਦਾ ਹੈ ਕਿ ਗੁਰੂ ਜੀ ਤਾਂ ਜੰਜੂਆ ਦੇ ਸਥਾਨ ‘ਤੇ ਹੋਈ ਲੜਾਈ ਵਿਚ ਸ਼ਾਮਲ ਹੀ ਨਹੀਂ ਸਨ। ਉਹ ਲਿਖਦਾ ਹੈ, “ਇਤਿਹਾਸਕਾਰ ਭੁਲੇਖਾ ਖਾ ਗਏ ਕਿਉਂਕਿ ਬੰਦੇ ਬਹਾਦਰ ਦਾ ਕੱਦ-ਕਾਠ ਗੁਰੂ ਜੀ ਨਾਲ ਮੇਲ ਖਾਂਦਾ ਸੀ।” ਹੈਰਾਨੀ ਹੁੰਦੀ ਹੈ ਕਿ ਕੀ ਇਤਿਹਾਸਕਾਰ ਐਡੇ ਹੀ ਕਮ-ਅਕਲ ਸਨ ਕਿ ਦੋ ਅਹਿਮ ਸ਼ਖ਼ਸੀਅਤਾਂ ਜੋ ਆਪਣੀ ਵੱਖੋ-ਵੱਖਰੀ ਪ੍ਰਤਿਭਾ ਰੱਖਦੀਆਂ ਸਨ, ਵਿਚ ਫਰਕ ਨਾ ਕਰ ਸਕੇ।
ਡਾæ ਸੁਖਦਿਆਲ ਸਿੰਘ ਤਾਂ ਇੱਥੋਂ ਤੱਕ ਕਹਿਣ ਚਲਿਆ ਗਿਆ ਕਿ “ਸੈਨਿਕਾਂ ਦੀ ਟੁਕੜੀ ਪਹਿਲਾਂ ਹੀ ਬਹਾਦਰ ਸ਼ਾਹ ਕੋਲ ਸੀ ਜਿਸ ਦਾ ਕਮਾਂਡਰ ਬੰਦਾ ਸਿੰਘ ਬਹਾਦਰ ਸੀ, ਕੋਈ ਨਵੇਂ ਸੈਨਿਕ ਗੁਰੂ ਜੀ ਨੇ ਨਹੀਂ ਦਿੱਤੇ ਸਨ।” ਡਾæ ਸੁਖਦਿਆਲ ਲਿਖਦਾ ਹੈ, “ਬੰਦਾ ਬਹਾਦਰ ਨਾਲ ਨਾਂਦੇੜ ਸਾਹਿਬ ਤੋਂ ਹੀ ਬਹੁਤ ਵੱਡੀ ਫੌਜ ਸੀ। ਇਸ ਵਿਚ ਉਹ ਸਿੱਖ ਫੌਜ ਵੀ ਸੀ ਜੋ ਬਾਦਸ਼ਾਹ ਬਹਾਦਰ ਸ਼ਾਹ ਨਾਲ ਸੀ। ਗੁਰੂ ਜੀ ਉਪਰ ਮਾਰੂ ਹਮਲਾ ਹੋ ਜਾਣ ਦੀ ਖ਼ਬਰ ਸੁਣ ਕੇ ਬਾਦਸ਼ਾਹ ਵਿਚਲੀ ਸਿੱਖ ਫੌਜ ਗੁਰੂ ਜੀ ਕੋਲ ਪੁੱਜ ਗਈ। ਗੁਰੂ ਜੀ ਦੇ ਜੋਤੀ ਜੋਤਿ ਸਮਾਉਣ ਪਿੱਛੋਂ ਇਸ ਫੌਜ ਨੇ ਨਾਂਦੇੜ ਸਾਹਿਬ ਵਿਖੇ ਤਰਥੱਲੀ ਮਚਾ ਦਿੱਤੀ। ਤੱਥਾਂ ਨੂੰ ਦੱਸਣ ਵਾਲੇ ਸਪਸ਼ਟ ਸਰੋਤ ਭਾਵੇਂ ਅਜੇ ਤੱਕ ਸਾਨੂੰ ਮਿਲੇ ਨਹੀਂ, ਪਰ ਕੁਝ ਅਸਪਸ਼ਟ ਸਰੋਤਾਂ ਤੋਂ ਇਸ ਦੀ ਪੁਸ਼ਟੀ ਹੁੰਦੀ ਲਗਦੀ ਹੈ।” ਡਾæ ਸੁਖਦਿਆਲ ਸਿੰਘ ਆਪਣੇ ਹੀ ਸਰੋਤਾਂ ਨੂੰ ਅਸਪਸ਼ਟ ਤੇ ਅਪੁਸ਼ਟ ਕਹਿੰਦਾ ਹੈ, ਉਸ ‘ਤੇ ਹਰਪਾਲ ਸਿੰਘ ਕਿਉਂ ਐਵੇਂ ਕਲਮ ਘਸਾਈ ਕਰ ਰਿਹਾ ਹੈ?
ਰਾਜ ਹਮੇਸ਼ਾ ਹੀ ਜਮਾਤੀ ਹੁੰਦਾ ਹੈ। ਇਹ ਆਪਣੀ ਜਮਾਤ ਦੀ ਪ੍ਰਤੀਨਿਧਤਾ ਕਰਦਾ ਹੈ ਤੇ ਉਸ ਦੇ ਹੱਕ ਵਿਚ ਭੁਗਤਦਾ ਹੈ। ਬੰਦਾ ਬਹਾਦਰ ਦਾ ਰਾਜ ਗੁਰੂ ਗੋਬਿੰਦ ਸਿੰਘ ਦੇ ਖਾਲਸਈ ਆਸ਼ੇ ਤੇ ਮਨਸ਼ੇ ਅਨੁਸਾਰ ਪਾਤਸ਼ਾਹੀ ਦੇ ਸੰਕਲਪ ਨਾਲ ਸਮਾਜ ਦੇ ਨਿਤਾਣੇ, ਹਾਸ਼ੀਏ ‘ਤੇ ਧੱਕੇ ਰਾਏ ਅਸਮਰਥ ਵਰਗ ਦੀ ਪ੍ਰਤੀਨਿਧਤਾ ਕਰਦਿਆਂ ਕਿਰਤ ਕਰ ਕੇ ਖਾਣ ਵਾਲੇ ਵਾਹੀਕਾਰਾਂ, ਕਾਸ਼ਤਕਾਰਾਂ, ਕਿਰਤੀਆਂ, ਹਰ ਧਰਮ ਦੀ ਕਦਰ ਕਰਨ ਵਾਲਿਆਂ ਦਾ ਰਾਜ ਸੀ। ਇਹੀ ਲੋਕ ਸਨ ਜੋ ਉਸ ਨੂੰ ਆਪਣਾ ਮਸੀਹਾ ਮੰਨਦੇ ਸਨ- ਇਨਹੂੰ ਕੋ ਦਊ ਪਾਤਸ਼ਾਹੀ। ਇਹ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਜਥੇਬੰਦ ਕੀਤੇ ਖਾਲਸਾ ਪੰਥ ਦੇ ਅਸੂਲਾਂ ਅਨੁਸਾਰ ਸੀ। ਤੁਅੱਸਬੀ ਕੱਟੜ ਮੁਸਲਮਾਨ ਜ਼ਾਲਮ ਮੁਗਲ ਸ਼ਾਸਕ ਜੋ ਜਗੀਰਦਾਰੀ, ਸਮੰਤਵਾਦੀਆਂ, ਲੁਟੇਰਿਆਂ ਦੀਆਂ ਹੀ ਸੁੱਖ-ਸਹੂਲਤਾਂ ਤੇ ਐਸ਼ੋ-ਇਸ਼ਰਤ ਦਾ ਧਿਆਨ ਰੱਖਦੇ  ਸਨ, ਉਨ੍ਹਾਂ ਲਈ ਬੰਦਾ ਬਹਾਦਰ ਜਮਦੂਤ ਤੇ ਜ਼ਾਲਮ ਸੀ।
ਵਿਦਵਾਨ ਇਤਿਹਾਸਕਾਰਾਂ ਤੇ ਇਤਿਹਾਸ ਦੇ ਖੋਜੀਆਂ ਨੂੰ ਬੇਨਤੀ ਹੈ ਕਿ ਉਹ ਮਨ-ਇੱਛਤ ਨਤੀਜੇ ਕੱਢਣ ਲਈ ਪਾਠਕਾਂ ਸਾਹਮਣੇ ਅਸਪਸ਼ਟ, ਅਪੁਸ਼ਟ ਇਤਿਹਾਸਕ ਘਟਨਾਵਾਂ, ਮਿਤੀਆਂ, ਮਿਥਾਂ ਅਤੇ ਵੇਰਵੇ ਨਾ ਰੱਖਣ। ਇਸ ਨਾਲ ਹੋਰ ਵਿਗਾੜ ਪੈਦਾ ਹੁੰਦਾ ਹੈ, ਧੁੰਦਲਕਾ ਫੈਲਦਾ ਹੈ।

Be the first to comment

Leave a Reply

Your email address will not be published.