ਪੰਜਾਬ ਅੰਦਰ ਭਾਰਤ ਜੋੜੋ ਯਾਤਰਾ ਦੀ ਪ੍ਰਸੰਗਿਕਤਾ

ਨਵਕਿਰਨ ਸਿੰਘ ਪੱਤੀ
ਭਾਜਪਾ ਇੱਕ ਖਾਸ ਵਿਚਾਰਧਾਰਾ ਤਹਿਤ ਚੱਲ ਰਹੀ ਹੈ ਜਿਸ ਦਾ ਮੰਤਵ ਘੱਟ ਗਿਣਤੀਆਂ ਨੂੰ ਦਬਾਉਂਦਿਆਂ ਬਹੁ ਗਿਣਤੀ ਨੂੰ ਖੁਸ਼ ਕਰ ਕੇ ਸੱਤਾ ਵਿਚ ਰਹਿਣਾ ਹੈ। ਇਸ ਵਿਚਾਰਧਾਰਾ ਨੂੰ ਕਾਟ ਕਰਨ ਲਈ ਕਾਂਗਰਸ ਕੋਲ ਕੋਈ ਵਿਚਾਰਧਾਰਕ ਸਟੈਂਡ ਨਹੀਂ। ਭਾਜਪਾ ਵਿਰੋਧੀ ਪਾਰਟੀਆਂ ‘ਚੋਂ ਕਾਂਗਰਸ ਭਾਵੇਂ ਸਭ ਤੋਂ ਵੱਡੀ ਪਾਰਟੀ ਹੈ ਪਰ ਇਸ ਪਾਰਟੀ ਲੀਡਰਸ਼ਿਪ ਦੀ ਪਹੁੰਚ ਦੂਜੀਆਂ ਖੇਤਰੀ ਪਾਰਟੀਆਂ ਨੂੰ ਨਾਲ ਲੈ ਕੇ ਚੱਲਣ ਵਾਲੀ ਵੀ ਨਜ਼ਰ ਨਹੀਂ ਆ ਰਹੀ ਹੈ। ਉਂਝ ਵੀ, ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਪਹੁੰਚਣ ਤੋਂ ਪਹਿਲਾਂ ਪੰਜਾਬ ਕਾਂਗਰਸ ਜੁੜਦੀ ਨਜ਼ਰ ਨਹੀਂ ਆ ਰਹੀ।

ਪੰਜਾਬ ਵਿਚ ਕਾਂਗਰਸ ਆਗੂ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਨੂੰ ਲੈ ਕੇ ਕਾਂਗਰਸੀਆਂ ਦੇ ਨਾਲ-ਨਾਲ ਕਈ ਜਮਹੂਰੀ ਕਹਾਉਣ ਵਾਲੇ ਸ਼ਖਸ ਵੀ ਪੱਬਾਂ ਭਾਰ ਹਨ। ਵੱਖ-ਵੱਖ ਪ੍ਰਸੰਗਾਂ ਕਾਰਨ ਪੰਜਾਬ ਵਿਚ ਰਾਹੁਲ ਗਾਂਧੀ ਦੀ ਯਾਤਰਾ ਸਭ ਤੋਂ ਵੱਧ ਚਰਚਿਤ ਰਹਿਣ ਵਾਲੀ ਹੈ। ਇਸ ਸਮੇਂ ਇਸ ਯਾਤਰਾ ਦੀ ਪ੍ਰਸੰਗਿਕਤਾ ਜਾਨਣੀ ਅਹਿਮ ਹੈ।
ਕੰਨਿਆਕੁਮਾਰੀ ਤੋਂ 7 ਸਤੰਬਰ ਨੂੰ ਸ਼ੁਰੂ ਹੋਈ ‘ਭਾਰਤ ਜੋੜੋ ਯਾਤਰਾ` ਹੁਣ ਤੱਕ ਤਾਮਿਲਨਾਡੂ, ਕੇਰਲ, ਕਰਨਾਟਕ, ਤਿੰਲਗਾਨਾ, ਮਹਾਰਾਸ਼ਟਰ, ਮੱਧ ਪ੍ਰਦੇਸ਼, ਰਾਜਸਥਾਨ, ਹਰਿਆਣਾ, ਦਿੱਲੀ ਵਿਚੋਂ ਲੰਘ ਚੁੱਕੀ ਹੈ। ਹੁਣ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਕੇ.ਸੀ. ਵੇਨੂਗੋਪਾਲ ਵੱਲੋਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਭਾਰਤ ਜੋੜੋ ਯਾਤਰਾ ਦੌਰਾਨ 24 ਦਸੰਬਰ ਨੂੰ ਦਿੱਲੀ ਵਿਚ ਵਾਪਰੇ ਛੋਟੇ ਜਿਹੇ ਘਟਨਾਕ੍ਰਮ ਦਾ ਹਵਾਲਾ ਦਿੰਦਿਆਂ ਮੰਗ ਕੀਤੀ ਗਈ ਹੈ ਕਿ ਚੜ੍ਹਦੀ ਜਨਵਰੀ ਪੰਜਾਬ ਅਤੇ ਜੰਮੂ ਕਸ਼ਮੀਰ ਵਿਚ ਦਾਖਲ ਹੋ ਰਹੀ ਯਾਤਰਾ ਨੂੰ ਜਿਆਦਾ ਸੁਰੱਖਿਆ ਮੁਹੱਈਆ ਕੀਤੀ ਜਾਵੇ।
ਪੰਜਾਬ ਦਾ ਅਕਸਰ ‘ਸੱਤਾ` ਤੋਂ ਬਾਗੀ ਰਹਿਣ ਵਾਲਾ ਇਤਿਹਾਸ ਆਪਣੇ ਅੰਦਰ ਬਹੁਤ ਕੁਝ ਸਮੋਈ ਬੈਠਾ ਹੈ। ਆਰ.ਐਸ.ਐਸ. ਤੇ ਭਾਜਪਾ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਆਪਣਾ ਫਿਰਕੂ ਪੱਤਾ ਪੰਜਾਬ ‘ਚ ਚਲਾ ਨਹੀਂ ਸਕੀਆਂ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਆਮ ਆਦਮੀ ਪਾਰਟੀ ਦੇ ਅਖੌਤੀ ਬਦਲਾਉ ਦੀਆਂ ਜੜ੍ਹਾਂ ਵੀ ਪੰਜਾਬੀਆਂ ਨੇ ਹੀ ਲਵਾਈਆਂ ਹਨ। ਕਾਂਗਰਸ ਪਾਰਟੀ ਭਾਰਤੀ ਰਾਜਨੀਤੀ ਵਿਚ ਆਪਣੀ ਪੁਨਰ ਸੁਰਜੀਤੀ ਦਾ ਰਸਤਾ ਪੰਜਾਬ ਰਾਹੀਂ ਵੇਖ ਰਹੀ ਹੈ।
ਇਹ ਵੀ ਤੱਥ ਹੈ ਕਿ ਵੋਟ ਰਾਜਨੀਤੀ ਵਿਚ ‘ਉੱਤਰ ਕਾਟੋ ਮੇਰੀ ਵਾਰੀ` ਦੀ ਖੇਡ ਚੱਲਦੀ ਹੈ। ਲੋਕ ਇੱਕ ਪਾਰਟੀ ਤੋਂ ਅੱਕ ਕੇ ਉਸ ਨੂੰ ਹਰਾਉਣ ਲਈ ਵੋਟ ਪਾਉਂਦੇ ਹਨ ਜਿਸ ਦੇ ਨਤੀਜੇ ਵਜੋਂ ਦੂਜੀ ਪਾਰਟੀ ਜਾਂ ਸੰਭਾਵੀ ‘ਬਦਲ` ਜਿੱਤ ਜਾਂਦਾ ਹੈ; ਇਸ ਦਾ ਇਹ ਮਤਲਬ ਹਰਗਿਜ਼ ਨਹੀਂ ਕੱਢਿਆ ਜਾ ਸਕਦਾ ਹੈ ਕਿ ਵੋਟਾਂ ਜਿੱਤਣ ਵਾਲੀ ਪਾਰਟੀ ਦੀ ਲੋਕਾਂ ਵਿਚ ਹਰਮਨ-ਪਿਆਰਤਾ ਬਹੁਤ ਜ਼ਿਆਦਾ ਸੀ। ਲੰਘੀਆਂ ਵਿਧਾਨ ਸਭਾ ਚੋਣਾਂ ‘ਚ ਵੀ ਪੰਜਾਬ ਦੇ ਲੋਕ ਕਾਂਗਰਸ, ਅਕਾਲੀ-ਭਾਜਪਾ ਦੀ ਸੱਤਾ ਤੋਂ ਅੱਕ ਚੁੱਕੇ ਸਨ, ਇਸ ਲਈ ਉਹਨਾਂ ਨੇ ਇਹਨਾਂ ਪਾਰਟੀਆਂ ਨੂੰ ਹਰਾਉਣ ਲਈ ਵੋਟ ਪਾਈ। ਨਤੀਜੇ ਵਜੋਂ ‘ਆਪ` ਸੱਤਾ ਹਾਸਲ ਕਰਨ ਵਿਚ ਕਾਮਯਾਬ ਰਹੀ। ਹੁਣ ਲੋਕ ‘ਆਪ` ਸਰਕਾਰ ਦੇ ਪਿਛਲੇ 9 ਮਹੀਨਿਆਂ ਦੇ ਕਾਰਜਕਾਲ ਤੋਂ ਵੀ ਬੁਰੀ ਤਰ੍ਹਾਂ ਅੱਕ ਚੁੱਕੇ ਹਨ, ਇਸ ਲਈ ਕਾਂਗਰਸ ਇਸ ਮੂਡ ਵਿਚ ਹੈ ਕਿ ਸ਼ਾਇਦ ਹੁਣ ਉਹਨਾਂ ਦਾ ਦਾਅ ਲੱਗ ਜਾਵੇ। ‘ਆਪ` ਸਰਕਾਰ ਬੇਰੁਜ਼ਗਾਰੀ, ਨਸ਼ਿਆਂ ਦਾ ਫੈਲਾਅ, ਗੈਂਗਸਟਰਾਂ ਦਾ ਬੋਲਬਾਲਾ ਜਿਹੇ ਮਸਲਿਆਂ ਨੂੰ ਹੱਲ ਵਿਚ ਨਾਕਾਮ ਰਹੀ ਹੈ ਜਿਸ ਕਾਰਨ ਸਾਰੀਆਂ ਹੀ ਰਵਾਇਤੀ ਪਾਰਟੀਆਂ ਪੰਜਾਬ ਦੀ ਸਿਆਸਤ ਵਿਚ ਮੁੜ ਆਪਣੀ ਜ਼ਮੀਨ ਤਲਾਸ਼ ਰਹੀਆਂ ਹਨ।
ਦੇਸ਼ ਦੇ ਬੁੱਧੀਜੀਵੀਆਂ ਅਤੇ ਪੰਜਾਬ ਦੇ ਜਮਹੂਰੀ ਹਲਕਿਆਂ ਦਾ ਇੱਕ ਹਿੱਸਾ ਭਾਜਪਾ ਦੀ ਫਿਰਕੂ ਫਾਸ਼ੀਵਾਦੀ ਰਾਜਨੀਤੀ ਦਾ ਸਿਆਸੀ ਬਦਲ ਕਾਂਗਰਸ ਜਾਂ ਰਾਹੁਲ ਗਾਂਧੀ ਵਿਚੋਂ ਵੇਖ ਰਿਹਾ ਹੈ ਪਰ ਜਜ਼ਬਾਤੀ ਹੋਣ ਤੋਂ ਪਹਿਲਾਂ ਸਾਡੇ ਲਈ ਇਹ ਸਮਝਣਾ ਬੇਹੱਦ ਜ਼ਰੂਰੀ ਹੈ ਕਿ ਭਾਰਤ ਦੇ ਜਮਹੂਰੀ ਕਹੇ ਜਾਣ ਵਾਲੇ ਇਸ ਢਾਂਚੇ ਵਿਚ ਆਖਿਰ ਆਰ.ਐਸ.ਐਸ./ਭਾਜਪਾ ਪ੍ਰਫੁੱਲਿਤ ਕਿਵੇਂ ਹੋਈ ਹੈ। ਜੇ ਅਸੀਂ ਇਸ ਸਵਾਲ ਨੂੰ ਹੱਲ ਕਰਨ ਲਈ ਖੌਝਲਾਂਗੇ ਤਾਂ ਸਾਨੂੰ ਇਸ ਸਵਾਲ ਦਾ ਜਵਾਬ ਮਿਲ ਸਕਦਾ ਹੈ ਕਿ ਰਾਹੁਲ ਜਾਂ ਇਕੱਲੀ ਕਾਂਗਰਸ ਭਾਜਪਾ ਦਾ ਸਿਆਸੀ ਬਦਲ ਬਣ ਸਕਦੀ ਹੈ?
ਸੱਚ ਤਾਂ ਇਹ ਹੈ ਕਿ ਕਾਂਗਰਸ ਪਾਰਟੀ ਨੇ ਆਰ.ਐਸ.ਐਸ. ਵਰਗੇ ਸੰਗਠਨ ਨੂੰ ਭਾਰਤ ਵਿਚ ਫੈਲਣ ਲਈ ਬੇਹੱਦ ਰਿਆਇਤਾਂ ਮੁਹੱਈਆ ਕੀਤੀਆਂ ਹਨ। ਬਾਬਰੀ ਮਸਜਿਦ ਢਾਹੇ ਜਾਣ ਦੀ ਯੋਜਨਾਬੱਧ ਕਾਰਵਾਈ ਅਤੇ ਉਸ ਤੋਂ ਬਾਅਦ ਮੁਸਲਿਮ ਭਾਈਚਾਰੇ ਦੇ ਕਤਲੇਆਮ ਵਿਚ ਮਾਰੇ ਗਏ 2000 ਦੇ ਕਰੀਬ ਲੋਕਾਂ ਦੇ ਮਾਮਲੇ ਵਿਚ ਕਾਂਗਰਸ ਨੇ ਸੱਤਾ ਵਿਚ ਰਹਿੰਦਿਆਂ ਕੋਈ ਠੋਸ ਕਾਰਵਾਈ ਕਰਨ ਦੀ ਜੁਅਰਤ ਨਹੀਂ ਕੀਤੀ। ਕਾਂਗਰਸ ਪਾਰਟੀ ਦੇ ਆਗੂਆਂ ਦੀ ਅਗਵਾਈ ਹੇਠ 1984 ਦੌਰਾਨ ਦਿੱਲੀ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿਚ ਘੱਟ ਗਿਣਤੀ ਸਿੱਖ ਭਾਈਚਾਰੇ ਦੇ ਕਤਲ ਕਰਨ ਅਤੇ ਉਸ ਤੋਂ ਬਾਅਦ ਕਾਤਲਾਂ ਨੂੰ ਬਚਾਉਣ ਵਿਚ ਨਿਭਾਈ ਭੂਮਿਕਾ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ ਹੈ।
ਭਾਜਪਾ ਇੱਕ ਖਾਸ ਵਿਚਾਰਧਾਰਾ ਤਹਿਤ ਚੱਲ ਰਹੀ ਹੈ ਜਿਸ ਦਾ ਮੰਤਵ ਘੱਟ ਗਿਣਤੀਆਂ ਨੂੰ ਦਬਾਉਂਦਿਆਂ ਬਹੁ ਗਿਣਤੀ ਨੂੰ ਖੁਸ਼ ਕਰ ਕੇ ‘ਸੱਤਾ` ਵਿਚ ਬਣੇ ਰਹਿਣਾ ਹੈ ਤੇ ਇਸ ਵਿਚਾਰਧਾਰਾ ਨੂੰ ਕਾਟ ਕਰਨ ਲਈ ਕਾਂਗਰਸ ਕੋਲ ਕੋਈ ਵਿਚਾਰਧਾਰਕ ਸਟੈਂਡ ਨਹੀਂ ਹੈ। ਕਾਂਗਰਸ ਪਾਰਟੀ ਦੀ ਲੀਡਰਸ਼ਿਪ ਬਾਕੀਆਂ ਵਾਂਗ ਸਿਰਫ ਤੇ ਸਿਰਫ ਸੱਤਾ ਲਈ ਮੌਕਾਪ੍ਰਸਤ ਹੈ। ਇਸੇ ਕਰ ਕੇ ਪਿਛਲੇ ਦਿਨੀਂ ਪਾਰਟੀ ਨੂੰ ਸੱਤਾ ਤੋਂ ਦੂਰ ਵੇਖ ਕੇ ਪਾਰਟੀ ਦੇ ਪੰਜਾਬ ਦੇ ਮੁੱਖ ਆਗੂ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ, ਰਾਜ ਕੁਮਾਰ ਵੇਰਕਾ ਆਦਿ ਭਾਜਪਾ ਵਿਚ ਚਲੇ ਗਏ। ਚਾਰ ਦਹਾਕੇ ਕਾਂਗਰਸ ਦੀ ਲੀਡਰਸ਼ਿਪ ਵਿਚ ਰਹਿਣ ਵਾਲੇ ਆਗੂ ਜੇ ਮਾੜੇ ਜਿਹੇ ਰੋਸੇ ਨਾਲ ਭਾਜਪਾ ਦਾ ਲੜ ਫੜ ਸਕਦੇ ਹਨ ਤਾਂ ਅਸੀਂ ਇਸ ਤਰ੍ਹਾਂ ਦੀ ਲੀਡਰਸ਼ਿਪ ਤੋਂ ਭਾਜਪਾ ਦਾ ਬਦਲ ਬਨਣ ਦੀ ਕਾਮਨਾ ਕਿਵੇਂ ਕਰ ਸਕਦੇ ਹਾਂ? ਇਹ ਕਹਿਣਾ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਕਾਂਗਰਸ ਦਾ ਅੱਜ ਤੱਕ ਦਾ ਕਿਰਦਾਰ ਲੋਕ ਵਿਰੋਧੀ ਰਿਹਾ ਹੈ ਤੇ ਭਾਜਪਾ ਵਰਗੀ ਲੋਕ ਵਿਰੋਧੀ ਫਿਰਕੂ ਪਾਰਟੀ ਦੇ ਉਭਾਰ ਵਿਚ ਇਸ ਦਾ ਖਾਸ ਯੋਗਦਾਨ ਹੈ।
ਭਾਜਪਾ ਵਿਰੋਧੀ ਪਾਰਟੀਆਂ ਵਿਚੋਂ ਕਾਂਗਰਸ ਭਾਵੇਂ ਸਭ ਤੋਂ ਵੱਡੀ ਪਾਰਟੀ ਹੈ ਪਰ ਇਹ ਵੀ ਤੱਥ ਹੈ ਕਿ ਇਸ ਪਾਰਟੀ ਲੀਡਰਸ਼ਿਪ ਦੀ ਪਹੁੰਚ ਦੂਜੀਆਂ ਖੇਤਰੀ ਪਾਰਟੀਆਂ ਨੂੰ ਨਾਲ ਲੈ ਕੇ ਚੱਲਣ ਵਾਲੀ ਵੀ ਨਜ਼ਰ ਨਹੀਂ ਆ ਰਹੀ ਹੈ। ਭਾਜਪਾ ਲੀਡਰਸ਼ਿਪ ਨੇ ਕੁਝ ਸਮਾਂ ਪਹਿਲਾਂ ਆਪਣੇ ਵਰਕਰਾਂ ਨੂੰ ‘ਕਾਂਗਰਸ ਮੁਕਤ ਭਾਰਤ` ਦਾ ਨਾਅਰਾ ਦਿੱਤਾ ਸੀ ਤੇ ਇਹ ਨਾਅਰਾ ਦੇਣ ਤੋਂ ਬਾਅਦ ਭਾਜਪਾ ਨੇ ਕਾਂਗਰਸ ਨੂੰ ਸਿਆਸੀ ਤੌਰ ‘ਤੇ ਬਹੁਤ ਢਾਅ ਲਾਈ ਹੈ। ਹੁਣ ਹੌਲੀ-ਹੌਲੀ ਇਹ ਨਾਅਰਾ ‘ਵਿਰੋਧੀ ਧਿਰਾਂ ਮੁਕਤ ਭਾਰਤ` ਦੇ ਰੂਪ ਵਿਚ ਵੀ ਵਿਖਾਈ ਦੇਣ ਲੱਗਾ ਹੈ। ਈ.ਡੀ., ਸੀ.ਬੀ.ਆਈ., ਐਨ.ਆਈ.ਏ. ਵਰਗੀਆਂ ਏਜੰਸੀਆਂ ਕੇਂਦਰ ਸਰਕਾਰ ਦੇ ਇਸ਼ਾਰੇ ਤਹਿਤ ਲੱਗੀਆਂ ਹੋਈਆ ਹਨ। ਅਜਿਹੇ ਵਿਚ ਇਸ ਸਵਾਲ ਦੀ ਮਹੱਤਤਾ ਹੋਰ ਜ਼ਿਆਦਾ ਵਧ ਜਾਂਦੀ ਹੈ ਕਿ ਭਾਜਪਾ ਦਾ ਬਦਲ ਕੀ ਹੋਵੇਗਾ?
ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਪਹੁੰਚਣ ਤੋਂ ਪਹਿਲਾਂ ਪੰਜਾਬ ਕਾਂਗਰਸ ਜੁੜਦੀ ਨਜ਼ਰ ਨਹੀਂ ਆ ਰਹੀ ਹੈ। ਪੰਜਾਬ ਵਿਚ ਕਾਂਗਰਸ ਦੀ ਲੀਡਰਸ਼ਿਪ ਦਾ ਵੱਡਾ ਹਿੱਸਾ ਭਾਜਪਾ ਵਿਚ ਸ਼ਾਮਲ ਹੋ ਚੁੱਕਾ ਹੈ ਤੇ ਬਚੀ-ਖੁਚੀ ਕਾਂਗਰਸ ਦੇ ਕਈ ਗੁੱਟ ਇੱਕ ਦੂਜੇ ਨੂੰ ਠਿੱਬੀ ਲਾਉਣ ਲਈ ਤਤਪਰ ਨਜ਼ਰ ਆ ਰਹੇ ਹਨ। ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸੂਬੇ ਦੀ ਸੱਤਾ ਧਿਰ ਨਾਲ ਘੱਟ ਉਲਝ ਰਹੇ ਹਨ ਬਲਕਿ ਕਾਂਗਰਸ ਦੇ ਕੁੱਝ ਲੀਡਰਾਂ ਨਾਲ ਜ਼ਿਆਦਾ ਉਲਝ ਰਹੇ ਹਨ।
ਭਾਰਤੀ ਜਨਤਾ ਪਾਰਟੀ ਵੱਲੋਂ ਕਾਂਗਰਸ ਦੀ ਇਸ ਯਾਤਰਾ ‘ਤੇ ਕੋਈ ਸਿਆਸੀ ਟਿੱਪਣੀ ਕਰਨ ਦੀ ਥਾਂ ਜਾਣਬੁੱਝ ਕੇ ਰਾਹੁਲ ਗਾਂਧੀ ਦੇ ਪਹਿਰਾਵੇ, ਟੀ-ਸ਼ਰਟ, ਉਸ ਦੀ ਦਿੱਖ ‘ਤੇ ਵਾਰ-ਵਾਰ ਨਿੱਜੀ ਟਿੱਪਣੀਆਂ ਕਰ ਕੇ ਸਿਆਸੀ ਮਾਹੌਲ ਨੂੰ ਮਜ਼ਾਕੀਆਂ ਲਹਿਜੇ ਵਿਚ ਮੋੜਾ ਦੇ ਰਹੇ ਹਨ। ਭਾਜਪਾ ਚਾਹੁੰਦੀ ਹੈ ਕਿ ਰਾਹੁਲ ਗਾਂਧੀ ਬਾਰੇ ਮੀਡੀਆ ‘ਚ ਚਰਚਾ ਮਜ਼ਾਕੀਆ ਹੀ ਬਣੀ ਰਹੇ।
ਇਸ ਯਾਤਰਾ ਦੌਰਾਨ ਰਾਹੁਲ ਗਾਂਧੀ ਨੇ ਅੰਬਾਨੀ-ਅਡਾਨੀ ਨੂੰ ਨਿਸ਼ਾਨੇ ‘ਤੇ ਲੈਂਦਿਆਂ ਬਹੁਤ ਸਾਰੇ ਬਿਆਨ ਜਾਰੀ ਕੀਤੇ ਹਨ ਪਰ ਕਾਂਗਰਸ ਦੀ ਸੱਤਾ ਸਮੇਂ ਇਹਨਾਂ ਸਮੇਤ ਅਨੇਕਾਂ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦੀ ਪੂਰਤੀ ਕੀਤੀ ਜਾਂਦੀ ਰਹੀ ਹੈ। ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦੀ ਪੂਰਤੀ ਵਾਲੀਆਂ ਵਿਸ਼ਵੀਕਰਨ, ਉਦਾਰੀਕਰਨ, ਨਿੱਜੀਕਰਨ ਵਰਗੀਆਂ ਨੀਤੀਆਂ ਇਸੇ ਪਾਰਟੀ ਦੀ ਦੇਣ ਹਨ। ਦਰਅਸਲ, ਇਤਿਹਾਸਕ ਕਿਸਾਨ ਅੰਦੋਲਨ ਨੇ ਮੋਦੀ ਹਕੂਮਤ ਪਿਛਲੇ ਕਾਰਪੋਰੇਟ ਘਰਾਣਿਆਂ ਨੂੰ ਲੋਕਾਂ ਸਾਹਮਣੇ ਰੱਖਿਆ ਤੇ ਵਗਦੀ ਗੰਗਾ ਵਿਚ ਹੱਥ ਧੋਣ ਵਾਂਗ ਮਾਹੌਲ ਵੇਖ ਰਾਹੁਲ ਗਾਂਧੀ ਨੇ ਵੀ ਕੁਝ ਚੁਣਵੇਂ ਕਾਰਪੋਰੇਟ ਘਰਾਣਿਆਂ ਖਿਲਾਫ ਬੋਲਣਾ ਸ਼ੁਰੂ ਕਰ ਦਿੱਤਾ ਹੈ।
ਪੰਜਾਬ ਦੀ ਪਿਛਲੀ ਕਾਂਗਰਸ ਸਰਕਾਰ ਸਮੇਂ ਹੋਏ ਘੁਟਾਲਿਆਂ ਕਾਰਨ ਕਈ ਸਾਬਕਾ ਮੰਤਰੀ ਵਿਜੀਲੈਂਸ ਜਾਂਚ ਦਾ ਸਾਹਮਣਾ ਕਰ ਰਹੇ ਹਨ ਤੇ ਕਈ ਤਾਂ ਜੇਲ੍ਹ ਵੀ ਜਾ ਚੁੱਕੇ ਹਨ। ਹੁਣ ਉਹੀ ਕਾਂਗਰਸੀ ਆਗੂ ਭਾਰਤ ਜੋੜੋ ਯਾਤਰਾ ਦੌਰਾਨ ਮੋਹਰੀ ਕਤਾਰ ਵਿਚ ਨਜ਼ਰ ਆਉਣਗੇ। ਲੰਘੀਆਂ ਵਿਧਾਨ ਸਭਾ ਚੋਣਾਂ ਸਮੇਂ ਗਾਂਧੀ ਪਰਿਵਾਰ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਵਜੋਂ ਉਭਾਰਿਆ ਸੀ ਪਰ ਚੋਣਾਂ ਨਿਬੜਦੇ ਹੀ ਚਰਨਜੀਤ ਸਿੰਘ ਚੰਨੀ ਵਿਦੇਸ਼ ਉਡਾਰੀ ਮਾਰ ਗਏ ਤੇ 7 ਮਹੀਨੇ ਤੋਂ ਜ਼ਿਆਦਾ ਸਮਾਂ ਵਿਦੇਸ਼ ਵਿਚ ਬਤੀਤ ਕਰ ਕੇ ਹੁਣ ਪਰਤੇ ਹਨ। ਚੰਨੀ ਦੇ ਵਿਦੇਸ਼ ਵਿਚ ਸਮਾਂ ਬਤੀਤ ਕਰਨ ਪਿੱਛੇ ਮੁੱਖ ਕਾਰਨ ਕਈ ਮਸਲਿਆਂ ਵਿਚ ਉਸ ਖਿਲਾਫ ਸੂਬਾ ਸਰਕਾਰ ਵੱਲੋਂ ਕੀਤੀ ਜਾਣ ਵਾਲੀ ਸੰਭਾਵੀ ਕਾਰਵਾਈ ਮੰਨਿਆ ਜਾਂਦਾ ਹੈ। ਅਜਿਹੇ ਆਗੂਆਂ ਤੋਂ ਇਹ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ ਕਿ ਉਹ ਲੋਕਾਂ ਦੇ ਮੰਗਾਂ ਮਸਲਿਆਂ ਦੇ ਹੱਲ ਲਈ ਸੰਜੀਦਾ ਹਨ।
ਮਹਿੰਗਾਈ, ਬੇਰੁਜ਼ਗਾਰੀ, ਗਰੀਬੀ, ਹਕੂਮਤ ਵੱਲੋਂ ਪੈਦਾ ਕੀਤੀ ਜਾ ਰਹੀ ਫਿਰਕਾਪ੍ਰਤੀ ਕਾਰਨ ਬਣੇ ਮਾਹੌਲ ਦੌਰਾਨ ਦੇਸ਼ ਭਰ ਵਿਚ ਲੋਕਾਂ ਦਾ ਜਿਊਣਾ ਮੁਹਾਲ ਹੋ ਰਿਹਾ ਹੈ ਤੇ ਅਜਿਹੇ ਵਿਚ ਇਨਕਲਾਬੀ ਜਮਹੂਰੀ ਧਿਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਲੋਕਾਂ ਨੂੰ ਹਕੀਕੀ ਬਦਲਾਉ ਲਈ ਪ੍ਰੇਰਨ। ਕਾਂਗਰਸ ਆਗੂ ਰਾਹੁਲ ਗਾਂਧੀ ਦੀ ਸਿਆਸਤ ਭਾਜਪਾ ਅਤੇ ਕੇਜਰੀਵਾਲ ਦੇ ਅਖੌਤੀ ਬਦਲਾਉ ਤੋਂ ਕਿਸੇ ਵੀ ਤਰ੍ਹਾਂ ਵੱਖਰੀ ਨਹੀਂ ਹੈ। ਅਜਿਹੇ ਬਦਲਾਉ ਦਾ ਮਤਲਬ ਸਿਰਫ ਚਿਹਰਿਆਂ ਦੀ ਤਬਦੀਲੀ ਹੈ।