ਗੁਰਬਚਨ ਸਿੰਘ ਭੁੱਲਰ
ਫੋਨ: +9180763-63058
ਪਿੰਡ ਪਿਥੋ ਦੇ ਜੰਮਪਲ ਅਤੇ ਆਪਣੀ ਬਹੁਤੀ ਹਯਾਤੀ ਮੁਲਕ ਦੀ ਰਾਜਧਾਨੀ ਦਿੱਲੀ ਵਿਚ ਲੰਘਾਉਣ ਵਾਲੇ ਮਿਸਾਲੀ ਲਿਖਾਰੀ ਗੁਰਬਚਨ ਸਿੰਘ ਭੁੱਲਰ ਦਾ ਪੰਜਾਬੀ ਸਾਹਿਤ ਜਗਤ ਵਿਚ ਆਪਣਾ ਰੰਗ ਹੈ। ਉਨ੍ਹਾਂ ਆਪਣੇ ਪਲੇਠੇ ਨਾਵਲ ‘ਇਹੁ ਜਨਮੁ ਤੁਮਹਾਰੇ ਲੇਖੇ’ ਨਾਲ ਇਕੋ ਡਗੇ `ਤੇ ਪਿੰਡ ਲੁੱਟਣ ਵਰਗਾ ਕ੍ਰਿਸ਼ਮਾ ਵੀ ਕੀਤਾ ਹੈ। ਪਿਛਲੇ ਕੁਝ ਸਮੇਂ ਤੋਂ ਉਹ ਵਾਰਤਕ ਪੁਸਤਕਾਂ ਦਾ ਢੇਰ ਲਾ ਰਹੇ ਹਨ। ਪੁਸਤਕਾਂ ਦਾ ਇਹ ਅਜਿਹਾ ਢੇਰ ਹੈ ਜਿਸ ਅੰਦਰ ਰਚਨਾਵਾਂ ਹੀਰੇ-ਮੋਤੀਆਂ ਵਾਂਗ ਪਰੋਈਆਂ ਮਿਲਦੀਆਂ ਹਨ। ਫਲਸਰੂਪ, ਉਨ੍ਹਾਂ ਦੀਆਂ ਲਿਖਤਾਂ ਪਾਠਕਾਂ ਦੇ ਜ਼ਿਹਨ ਅੰਦਰ ਸਹਿਜੇ ਹੀ ਲਹਿ-ਲਹਿ ਜਾਂਦੀਆਂ ਹਨ।
‘ਪੰਜਾਬ ਟਾਈਮਜ਼’ ਲਈ ਉਨ੍ਹਾਂ ਔਰਤ ਲਿਖਾਰੀਆਂ ਦੀ ਲੜੀ ‘ਕਲਮਾਂ ਵਾਲੀਆਂ’ ਨਾਂ ਹੇਠ ਭੇਜੀ ਹੈ, ਜਿਸ ਵਿਚ ਸਾਹਿਤ ਦੇ ਨਾਲ-ਨਾਲ ਜ਼ਿੰਦਗੀ ਦੇ ਹੋਰ ਬਹੁਤ ਸਾਰੇ ਪੱਖਾਂ ਬਾਰੇ ਗੱਲਾਂ-ਬਾਤਾਂ ਬਹੁਤ ਸਲੀਕੇ ਨਾਲ ਕੀਤੀਆਂ ਗਈਆਂ ਹਨ। ਇਹ ਲੜੀ ਅਸੀਂ ਆਪਣੇ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ। ਇਸ ਲੜੀ ਦੇ ਸੱਤਵੇਂ ਪੂਰ ਵਿਚ ਉੱਘੀ ਕਹਾਣੀਕਾਰ ਸੁਖਵੰਤ ਕੌਰ ਮਾਨ ਬਾਰੇ ਗੱਲਾਂ ਹਨ।
ਇਕ ਵਾਰ ਮੈਂ ਪੁੱਛਿਆ, “ਕੁਝ ਲੋਕਾਂ ਦਾ, ਖਾਸ ਕਰ ਕੇ ਨਾਰੀਵਾਦੀ ਲੇਖਿਕਾਵਾਂ ਦਾ ਕਹਿਣਾ ਹੈ ਕਿ ਔਰਤ ਪਾਤਰ ਦੇ ਮਨ ਦੀ ਥਾਹ ਮਰਦ ਲੇਖਕ ਨਹੀਂ ਪਾ ਸਕਦਾ…”
ਉਹਨੇ ਮੇਰੀ ਗੱਲ ਵਿਚਾਲਿਉਂ ਟੋਕ ਕੇ ਕਿਹਾ, “ਮੈਂ ਇਸ ਗੱਲ ਨਾਲ ਸਹਿਮਤ ਨਹੀਂ। ਇਹ ਤਾਂ ਲੇਖਕ ਦੀ ਸਮਝ ਤੇ ਕਲਪਨਾ ਉੱਤੇ ਨਿਰਭਰ ਏ। ਮਰਦ ਕੀ ਤੇ ਔਰਤ ਕੀ। ਦੂਰ ਕੀ ਜਾਣਾ, ਤੁਸੀਂ ਆਪਣੀਆਂ ਕਹਾਣੀਆਂ ਦੀ ਗੱਲ ਹੀ ਲਉ। ਚਗ਼ਲ, ਵੱਤਰ, ਦੀਵੇ ਵਾਂਗ ਬਲਦੀ ਅੱਖ ਤੇ ਹੋਰ ਕਈ ਜਿਨ੍ਹਾਂ ਦੇ ਨਾਂ ਹੁਣ ਮੌਕੇ ’ਤੇ ਯਾਦ ਨਹੀਂ, ਮੈਂ ਨਹੀਂ ਸਮਝਦੀ, ਸਾਡੀਆਂ ਬਹੁਤੀਆਂ ਕਹਾਣੀ-ਲੇਖਿਕਾਵਾਂ ਨੇ ਔਰਤ ਦੇ ਮਨ ਵਿਚ ਏਨਾ ਡੂੰਘਾ ਉੱਤਰ ਜਾਣ ਦੀ ਸਮਰੱਥਾ ਵਿਖਾਈ ਹੈ।”
ਅੱਗੇ ਚੱਲ ਕੇ ਜਦੋਂ ਮੈਂ ਆਪਣੀ ਪੁਸਤਕ ‘ਕੀ ਕਹੇ ਕਹਾਣੀ’ ਲਈ ਪੰਜਾਬੀ ਦੀਆਂ 25 ਕਹਾਣੀਆਂ ਚੁਣ ਕੇ ਉਨ੍ਹਾਂ ਦੀ ਪਾਠਕੀ ਪੜ੍ਹਤ ਕੀਤੀ, ਸੁਖਵੰਤ ਦੀ ‘ਜਿਉਣ-ਜੋਗੇ’ ਸ਼ਾਮਲ ਕਰਨੀ ਠੀਕ ਲੱਗੀ। ਇਹ ਕਹਾਣੀ ਉਹਨੇ ਚੰਡੀਗੜ੍ਹ ਦੀ ਕੰਨੀ ਉਤਲੀ ਇਕ ‘ਗ਼ੈਰ-ਕਾਨੂੰਨੀ’ ਵਸੋਂ ਢਾਹੇ ਜਾਣ ਦੀ ਘਟਨਾ ਦੁਆਲੇ ਬੁਣੀ ਸੀ। ਸਾਹਮਣੇ ਉਨ੍ਹਾਂ ਦੇ ਘਰਾਂ ਦੇ ਮਲਬੇ ਦੇ ਢੇਰ ਪਏ ਹਨ ਤੇ ਬਚਾ ਕੇ ਲਿਆਂਦੇ ਆਪਣੇ-ਆਪਣੇ ਭਾਂਡੇ-ਟੀਂਡੇ ਕੋਲ ਬੈਠੇ ਲੋਕ ਰੋਣ-ਪਿੱਟਣ ਦੀ ਥਾਂ, ਸ਼ੁਰੂਆਤੀ ਸਦਮੇ ਵਿਚੋਂ ਨਿੱਕਲ ਕੇ, ਜ਼ਿੰਦਗੀ ਨੂੰ ਨਵੇਂ ਸਿਰਿਉਂ ਸ਼ੁਰੂ ਕਰਨ ਦੀਆਂ ਤਿਆਰੀਆਂ ਕਰ ਰਹੇ ਹਨ। ਸਾਂਤਿਆਗੋ ਸਿਰਜਣ ਵਾਲ਼ੇ ਹੈਮਿੰਗਵੇ ਵਾਂਗ ਸੁਖਵੰਤ ਦਾ ਮੱਤ ਸੀ, ਮਨੁੱਖ ਨੂੰ ਬਰਬਾਦ ਕੀਤਾ ਜਾ ਸਕਦਾ ਹੈ ਪਰ ਹਰਾਇਆ ਨਹੀਂ ਜਾ ਸਕਦਾ!
ਉਹਦੀ ਕਹਾਣੀ ਚੰਗੀ ਲਗਦੀ ਤਾਂ ਮੈਂ ਆਪਣੀ ਪ੍ਰਸੰਸਾ, ਉਹਦੇ ਆਧਾਰ ਸਮੇਤ, ਉਸ ਤੱਕ ਪੁਜਦੀ ਕਰਨੋਂ ਨਾ ਖੁੰਝਦਾ। ਤੇ ਮੈਨੂੰ ਉਹਦੀ ਹਰ ਕਹਾਣੀ ਹੀ ਚੰਗੀ ਲਗਦੀ! ਉਹ ਆਖਦੀ, “ਕਹਾਣੀਕਾਰ ਵਜੋਂ ਮੇਰੀ ਵਡਿਆਈ ਦੇ ਤੁਹਾਡੇ ਲਫ਼ਜ਼ ਮੈਨੂੰ ਉਤਸਾਹ ਦਿੰਦੇ ਨੇ ਤੇ ਹੋਰ ਲਿਖਣ ਵਾਸਤੇ ਪ੍ਰੇਰਦੇ ਨੇ।” ਇਕ ਵਾਰ ਮੈਂ ਆਪਣੇ ਹੀ ਕੰਮਾਂ ਵਿਚ ਰੁੱਝਿਆ-ਉਲਝਿਆ ਕਾਫ਼ੀ ਸਮਾਂ ਉਹਨੂੰ ਚਿੱਠੀ ਨਾ ਲਿਖ ਸਕਿਆ। ਉਹਦੀ 4 ਅਪਰੈਲ 2003 ਦੀ, ਸਕੂਲੀ ਕਾਪੀ ਦੇ ਮੱਧਮ ਪੀਲ਼ੇ ਜਿਹੇ ਲਕੀਰਦਾਰ ਕਾਗ਼ਜ਼ ਉੱਤੇ ਲਾਲ ਸਿਆਹੀ ਨਾਲ ਲਿਖੀ ਹੋਈ, ਚਿੱਠੀ ਆਈ। ਇਹ ਉਹਦਾ ਹੂਬਹੂ ਉਤਾਰਾ ਹੈ:
“ਪਿਆਰ ਤੇ ਸਤਿਕਾਰ ਸਹਿਤ, ਭੁੱਲਰ ਸਾਹਿਬ, ਸਤਿ ਸ੍ਰੀ ਅਕਾਲ। ਆਸ ਏ ਆਪ ਕੁਸ਼ਲ ਮੰਗਲ ਹੋਵੋਗੇ, ਪਰ ਤੁਸੀਂ ਮੇਰੇ ਨਾਲ ਵਿੱਟਰ ਗਏ ਲਗਦੇ ਹੋ। ਕਦੀ ਕੋਈ ਖ਼ਤ ਪਤਰ ਨਹੀਂ, ਹੱਲਾ-ਸ਼ੇਰੀ ਨਹੀਂ…ਮੇਰੇ ਜਿਹੀ ਗ਼ਰੀਬਣੀ ’ਤੇ ਆਪ ਦਾ ਬਹੁਤ ਬਹੁਤ ਅਹਿਸਾਨ ਏਂ ਤੁਸਾਂ ਬਾਰ ਬਾਰ ਮੈਨੂੰ ਲਿਖਣ ਲਈ ਪ੍ਰੇਰਿਆ…ਤੇ ਮੈਂ ਮੂਰਖ਼ ਨੇ ਆਪਣੇ ਬਹੁਤ ਸਾਰੇ ਕੀਮਤੀ ਵਰ੍ਹੇ ਗਵਾਏ…ਮਨ ਹੀ ਮਨ ਮੈਂ ਆਪ ਦਾ ਬਹੁਤ ਧੰਨਵਾਦ ਕਰਦੀ ਹਾਂ…ਇਹ ਤੁਸੀਂ ਹੀ ਹੋ ਜਿੰਨ੍ਹਾਂ ਮੁੜ ਕੇ ਮੈਂਨੂੰ ਕਲਮ ਫ਼ੜਨ ਲਈ ਪ੍ਰੇਰਿਆ…ਪੁਸਤਕ ‘ਵਿਹੜਾ’ ਭੇਜ ਰਹੀ ਹਾਂ ‘ਗਲਪ-ਕਾਵਿ’… ਸਦਾ ਸਦਾ ਸ਼ੁਭਚਿੰਤਕ ਸੁਖਵੰਤ ਕੌਰ ਮਾਨ”
ਮੈਨੂੰ ਉਹਦੇ ‘ਗ਼ਰੀਬਣੀ’ ਸ਼ਬਦ ਨੇ ਬਹੁਤ ਪਰੇਸ਼ਾਨ ਕੀਤਾ ਤੇ ਮੈਂ ਨਿਸਚਾ ਕੀਤਾ ਕਿ ਅੱਗੇ ਤੋਂ ਉਹਨੂੰ ਸ਼ਿਕਾਇਤ ਦਾ ਮੌਕਾ ਨਹੀਂ ਦੇਣਾ। ਹੁਣ ਤਾਂ ਉਹਦੇ ਨਾਲ ਫੋਨ ’ਤੇ ਗੱਲ ਕਰਨਾ ਵੀ ਸੰਭਵ ਹੋ ਗਿਆ ਸੀ। ਹੁਣ ਉਹ ਮੇਰੇ ਫੋਨ ਨਾਲ ਅਸਹਿਜ ਨਾ ਹੁੰਦੀ।
ਹਰ ਰਚਨਾ ਦੀ ਵੱਖਰੀ ਨੁਹਾਰ ਬਾਰੇ ਉਹਦਾ ਕਹਿਣਾ ਸੀ, ਜਦੋਂ ਕੋਈ ਲੇਖਕ ਆਪਣੀ ਨਕਲ ਆਪ ਹੀ ਕਰਨ ਲੱਗ ਜਾਵੇ, ਆਪਣੇ ਆਪ ਨੂੰ ਦੁਹਰਾਉਣ ਲੱਗ ਜਾਵੇ, ਉਹਦੇ ਰਚਨਾਤਮਿਕ ਸਮਰੱਥਾ ਦੇ ਸੋਮੇ ਸੁੱਕਣ ਲੱਗ ਪਏ ਹੁੰਦੇ ਨੇ ਤੇ ਉਹਨੂੰ ਲਿਖਣਾ ਬੰਦ ਕਰ ਦੇਣਾ ਚਾਹੀਦਾ ਹੈ। ਲੇਖਕ ਕੋਹਲੂ ਦਾ ਬਲ੍ਹਦ ਨਹੀਂ ਹੁੰਦਾ ਤੇ ਨਾ ਹੀ ਹੋਣਾ ਚਾਹੀਦਾ ਹੈ ਕਿ ਅੱਖਾਂ ਉੱਤੇ ਖੋਪੇ ਚਾੜ੍ਹ ਕੇ ਆਪਣੀਆਂ ਹੀ ਪੈੜਾਂ ਉੱਤੇ ਘੁੰਮਦਾ ਰਹੇ।
ਉਹਦੇ ਬਹੁਤੇ ਪਾਤਰਾਂ ਦੀ, ‘ਜਿਉਣ-ਜੋਗੇ’ ਦੇ ਵਿਸ਼ੇਸ਼ ਹਵਾਲੇ ਨਾਲ, ਸਭ ਮੁਸ਼ਕਿਲਾਂ ਨੂੰ ਚੀਰਦਿਆਂ ਜਿਉਣ ਦੀ ਸ਼ਕਤੀ ਦੀ ਗੱਲ ਚੱਲੀ ਤਾਂ ਉਹਨੇ ਕਿਹਾ, “ਇਹ ਨਹੀਂ ਕਿ ਢਹਿੰਦੀ ਕਲਾ ਵਾਲੇ ਲੋਕ ਸਾਡੇ ਚੁਫੇਰੇ ਹੈ ਨਹੀਂ ਜਾਂ ਮੇਰੇ ਦੇਖਣ ਵਿਚ ਨਹੀਂ ਆਏ। ਪਰ ਮੇਰੇ ਨਾਇਕ ਉਨ੍ਹਾਂ ਤੋਂ ਕਿਤੇ ਬਹੁਤੀ ਗਿਣਤੀ ਦੇ ਉਹ ਲੋਕ ਹਨ ਜੋ ਜਾਬਰ ਹਾਲਤਾਂ ਅੱਗੇ ਗੋਡੇ ਨਹੀਂ ਟੇਕਦੇ। ਮੇਰੇ ਚੁਫੇਰੇ ਉਹ ਬਹੁਤੇ ਸਨ ਤੇ ਉਹੋ ਮੇਰੀ ਪ੍ਰੇਰਨਾ ਬਣਦੇ ਸਨ। ਭੁੱਖਾਂ-ਥੁੜਾਂ ਕਟਦੇ ਪਰ ਜ਼ਿੰਦਗੀ ਨੂੰ ਰੱਜ ਕੇ ਮਾਣਦੇ। ਖਹਿੰਦੇ-ਟੱਕਰਦੇ ਪਰ ਮੌਕਾ ਪਏ ਤੋਂ ਇਕ ਹੋ ਜਾਂਦੇ। ਸੰਤਾਲੀ ਵਿਚ ਲਹੂ ਦਾ ਦਰਿਆ ਲੰਘੇ, ਚੁਰਾਸੀ ਵਿਚ ਲਹੂ ਦੇ ਛੱਪੜਾਂ ਵਿਚ ਨ੍ਹਾਤੇ, ਫੇਰ ਵੀ ਜਿਉਣ ਦੀ ਚਾਹ ਨਹੀਂ ਛੱਡੀ। ਕੁਕਨੂਸ ਬਣ ਕੇ ਆਪਣੀ ਸੁਆਹ ਵਿਚੋਂ ਨਵਾਂ ਜਨਮ ਲੈਂਦੇ ਰਹੇ। ਜੇ ਲਹੂ ਦੇ ਦਰਿਆ ਮਨੁੱਖ ਦੇ ਜਿਉਣ ਦੇ ਜਜ਼ਬੇ ਨੂੰ ਡੋਬ ਸਕਦੇ ਹੁੰਦੇ, ਦੁਨੀਆ ਤੋਂ ਕਦੋਂ ਦਾ ਮਨੁੱਖਜਾਤੀ ਦਾ ਖੁਰਾ-ਖੋਜ ਮਿਟ ਗਿਆ ਹੁੰਦਾ।” ਅਜਿਹੇ ਲੋਕਾਂ ਨੂੰ ਉਹ ਮਾਣ ਨਾਲ ਮੇਰੇ ਲੋਕ ਆਖਦੀ ਤੇ ਉਨ੍ਹਾਂ ਨੂੰ ਹੀ ਆਪਣੀਆਂ ਕਹਾਣੀਆਂ ਦੀ ਸ਼ਕਤੀ ਦਾ ਸੋਮਾ ਦਸਦੀ!
ਉਹਨੇ ਆਪਣੀਆਂ ਕਹਾਣੀਆਂ ਦੇ ਵਿਸ਼ਿਆਂ ਦੀ ਸਹਿਜ ਚੋਣ ਦੀ ਗੱਲ ਕੀਤੀ ਤਾਂ ਮੇਰਾ ਅਗਲਾ ਸੁਭਾਵਿਕ ਸਵਾਲ ਉਹਦੇ ਨਿਭਾਅ ਤੇ ਪੇਸ਼ਕਾਰੀ ਦੀ ਸਹਿਜਤਾ ਬਾਰੇ ਸੀ। ਉਹ ਕਹਿੰਦੀ, “ਕਹਾਣੀ ਵਿਚ ਵਿੰਗਵਲੇਵੇਂ ਸਿਰਫ਼ ਪਾਉਣ ਲਈ ਪਾਏ ਮੈਨੂੰ ਠੀਕ ਨਹੀਂ ਲਗਦੇ। ਮੈਂ ਅਜਿਹੀਆਂ ਕਲਾਬਾਜ਼ੀਆਂ ਦੀ ਕੋਈ ਲੋੜ ਮਹਿਸੂਸ ਨਹੀਂ ਕਰਦੀ। ਮੈਂ ਅਜਿਹਾ ਕੁਝ ਆਪਣੀ ਜ਼ਿੰਦਗੀ ਦਾ ਹਿੱਸਾ ਨਹੀਂ ਬਣਾਇਆ ਹੋਇਆ ਤਾਂ ਉਹ ਮੇਰੀਆਂ ਕਹਾਣੀਆਂ ਦਾ ਹਿੱਸਾ ਕਿਥੋਂ ਬਣਦਾ!”
ਦਿਲ ਤੇ ਦਿਮਾਗ਼ ਵਿਚੋਂ ਉਹ ਲੇਖਕ ਲਈ ਦਿਲ ਨੂੰ ਦਿਮਾਗ਼ ਨਾਲੋਂ ਪਹਿਲਾ ਸਥਾਨ ਦਿੰਦੀ ਸੀ। ਉਹਦਾ ਕਹਿਣਾ ਸੀ, ਦਿਲ ਜਜ਼ਬਾਤ ਦਾ ਆਲ੍ਹਣਾ ਏ ਤੇ ਦਿਮਾਗ਼ ਬੁੱਧੀ ਦਾ ਟਿਕਾਣਾ। ਰਚਨਾ ਨਿਰੋਲ ਮਹਿਸੂਸ ਕਰਨ ਨਾਲ ਸ਼ੁਰੂ ਹੁੰਦੀ ਹੈ। ਜੇ ਲੇਖਕ ਜਜ਼ਬਾਤੀ ਹੋ ਕੇ ਕੋਈ ਗੱਲ, ਕੋਈ ਘਟਨਾ ਮਹਿਸੂਸ ਨਹੀਂ ਕਰਦਾ, ਉਹ ਚੰਗੀ ਰਚਨਾ ਨਹੀਂ ਕਰ ਸਕਦਾ। ਬੁੱਧੀ ਲਿਖਣ ਵੇਲੇ ਤਾਂ ਕੰਮ ਆਉਂਦੀ ਹੈ, ਮਹਿਸੂਸ ਜਜ਼ਬਾ ਹੀ ਕਰਦਾ ਹੈ। ਬੁੱਧੀ ਲੇਖ ਲਿਖ ਸਕਦੀ ਹੈ, ਆਲੋਚਨਾ ਕਰ ਸਕਦੀ ਹੈ, ਕਹਾਣੀ, ਨਾਵਲ, ਕਵਿਤਾ ਨਹੀਂ ਸਿਰਜ ਸਕਦੀ। ਇਹ ਦਿਲ ਦਾ, ਜਜ਼ਬੇ ਦਾ ਕੰਮ ਏ।
ਇਕ ਵਾਰ ਰਚਨਾ ਦੀ ਚਰਚਾ ਦੇ ਮਹੱਤਵ ਦੀ ਗੱਲ ਚੱਲੀ ਤਾਂ ਮੈਂ ਉਹਨੂੰ ਵਿਰਕ ਵਾਲ਼ੀ ਗੱਲ ਸੁਣਾਈ। ਉਹਨੇ ਮੇਰੀ ਕਹਾਣੀ ‘ਕੁੱਤਾ ਤੇ ਮਨੁੱਖ’ ਪੜ੍ਹ ਕੇ ਸਿਰਫ਼ ਏਨਾ ਹੀ ਕਿਹਾ, “ਅੱਛਾ, ਅਮੀਰਾਂ ਦੇ ਮੁੰਡੇ ਹੀ ਲੁੱਚੇ ਤੇ ਕੁਕਰਮੀ ਹੁੰਦੇ ਨੇ…” ਤੇ ਮੇਰੇ ਕੰਨ ਖੁੱਲ੍ਹ ਗਏ। ਉਸ ਪਿੱਛੋਂ ਮੈਂ ਅਮੀਰਾਂ ਲਈ ਕਾਲਾ ਰੰਗ ਤੇ ਗ਼ਰੀਬਾਂ ਲਈ ਚਿੱਟਾ ਰੰਗ ਰਾਖਵਾਂ ਕਰਨ ਤੋਂ ਸੰਕੋਚ ਕਰਨ ਲੱਗਿਆ।
ਉਹਨੇ ਵੀ ਆਪਣੇ ਨਾਲ ਬੀਤੀ ਅਜਿਹੀ ਹੀ ਇਕ ਘਟਨਾ ਸੁਣਾਈ ਜਿਸ ਵਿਚ ਗੱਲ ਕਹਿਣ ਵਾਲ਼ਾ ਕੋਈ ਲੇਖਕ-ਆਲੋਚਕ ਵੀ ਨਹੀਂ ਸੀ, ਸਾਧਾਰਨ ਪਾਠਕ ਸੀ। ਪਿੰਡ ਵਿਚੋਂ ਚਾਚੇ ਦੀ ਥਾਂ ਲਗਦਾ ਉਹ ਬੰਦਾ ਸੀ ਤਾਂ ਪੜ੍ਹਿਆ-ਲਿਖਿਆ ਪਰ ਸੀ ਸਦਾ-ਸ਼ਰਾਬੀ। ‘ਘਰ ਵਾਲੀ’ ਨਾਂ ਦੀ ਸੁਖਵੰਤ ਦੀ ਉਹ ਕਹਾਣੀ 1965 ਵਿਚ ‘ਆਰਸੀ’ ਵਿਚ ਛਪੀ ਸੀ ਜਿਸ ਵਿਚ ਘਰੋਂ ਕੱਢ ਦਿੱਤੀ ਗਈ ਇਕ ਔਰਤ ਦਾ ਰੋਣਾ-ਧੋਣਾ ਸੀ। ਇਹ ਸਰਹਿੰਦ ਤੋਂ ਪਿੰਡ ਜਾਣ ਲਈ ਪਿੱਛੋਂ ਆਏ ਤਾਂਗੇ ਵਿਚ ਚੜ੍ਹੀ ਤਾਂ ਉਹ ਪਹਿਲਾਂ ਹੀ ਬੈਠਾ ਹੋਇਆ ਸੀ। ਉਹਨੇ ਉਹ ਕਹਾਣੀ ਪੜ੍ਹ ਲਈ ਹੋਈ ਸੀ। ਉਹ ਵਿਰਕ ਵਾਲ਼ੇ ਉਪਰੋਕਤ ਲਹਿਜ਼ੇ ਵਿਚ ਹੀ ਬੋਲਿਆ, “ਪੜ੍ਹੀ ਮੈਂ ਤੇਰੀ ਕਹਾਣੀ। ਅੱਛਾ, ਮਰਦ ਜ਼ਾਲਮ ਹੁੰਦਾ ਐ ਤੇ ਔਰਤ ਮਜ਼ਲੂਮ। ਪਰ ਕੁੜੀਏ ਸੁਣ, ਜ਼ਿੰਦਗੀ ਇੰਜ ਦੀ ਨਹੀਂ ਹੁੰਦੀ। ਤੂੰ ਅਜੇ ਦੁਨੀਆ ਨਹੀਂ ਦੇਖੀ, ਜ਼ਾਲਮ ਔਰਤਾਂ ਹੁੰਦੀਆਂ ਨੇ ਤੇ ਬੀਬੀਆਂ ਰਾਣੀਆਂ ਬਣ ਕੇ ਜ਼ੁਲਮ ਕਰਦੀਆਂ ਨੇ।” ਤੇ ਉਹ ਠਹਾਕਾ ਮਾਰ ਕੇ ਹੱਸ ਪਿਆ ਜਿਵੇਂ ਸਾਰੇ ਨਿਜ਼ਾਮ ਦਾ ਮਖੌਲ਼ ਉਡਾ ਰਿਹਾ ਹੋਵੇ। ਤੇ ਭਲਾ ਇਹ ਹੋਇਆ ਕਿ ਕਹਾਣੀ ਵੀ ਸੁਖਵੰਤ ਦੀ ਉਹ ਪਹਿਲੀ ਹੀ ਸੀ ਜਿਸ ਕਰਕੇ ਅਗੇਤੀ ਆਈ ਮੱਤ ਇਹਦੇ ਬਹੁਤ ਕੰਮ ਆਈ।
ਇਕ ਵਾਰ ਅਜਿਹਾ ਸਬੱਬ ਬਣਿਆ ਕਿ ਸਾਹਿਤ ਅਕਾਦਮੀ ਦੇ ਇਨਾਮ ਲਈ ਮੈਨੂੰ ਜਿਉਰੀ ਦੇ ਮੈਂਬਰ ਵਜੋਂ ਬੁਲਾ ਲਿਆ ਗਿਆ ਤੇ ਪੁਸਤਕਾਂ ਦੀ ਜੋ ਸੂਚੀ ਜਿਉਰੀ ਅੱਗੇ ਰੱਖੀ ਗਈ, ਉਸ ਵਿਚ ਸੁਖਵੰਤ ਕੌਰ ਮਾਨ ਦਾ ਨਾਂ ਵੀ ਸ਼ਾਮਲ ਸੀ। ਕਿਸੇ ਜ਼ਮਾਨੇ ਵਿਚ ਕਨਵੀਨਰ ਦੀ ਬਹੁਤ ਚੱਲਿਆ ਕਰਦੀ ਸੀ ਤੇ ਉਹ ਬਾਕੀ ਮੈਂਬਰਾਂ ਵਿਚੋਂ ਮਨਮਰਜ਼ੀ ਦੇ ਕੋਈ ਦੋ ਆਪਣੇ ਨਾਲ ਮਿਲਾ ਕੇ ਫ਼ੈਸਲਾ ਕਰ ਲਿਆ ਕਰਦਾ ਸੀ। ਹਰਿੰਦਰ ਸਿੰਘ ਮਹਿਬੂਬ ਨੂੰ ਮਿਲੇ ਇਨਾਮ ਨਾਲ ਸੰਬੰਧਿਤ ਘਟਨਾ ਨੇ ਅਕਾਦਮੀ ਨੂੰ ਆਪਣੇ ਨੇਮ ਬਦਲਣ ਲਈ ਮਜਬੂਰ ਕਰ ਦਿੱਤਾ ਸੀ। ਕਨਵੀਨਰ ਨੂੰ ਇਨਾਮ ਦੇ ਫ਼ੈਸਲੇ ਸੰਬੰਧੀ ਹਰ ਅਧਿਕਾਰ ਤੋਂ ਪੂਰੀ ਤਰ੍ਹਾਂ ਵਿਰਵਾ ਕਰ ਦਿੱਤਾ ਗਿਆ ਸੀ ਤੇ ਉਹਦਾ ਕੰਮ ਜਿਉਰੀ ਅੱਗੇ ਇਨਾਮ ਨਾਲ ਸੰਬੰਧਿਤ ਕਾਗ਼ਜ਼-ਪੱਤਰ ਰੱਖ ਕੇ ਚੁੱਪ ਹੋ ਜਾਣਾ ਅਤੇ ਅੰਤ ਵਿਚ ਉਨ੍ਹਾਂ ਤੋਂ ਫ਼ੈਸਲੇ ਦੇ ਦਸਖ਼ਤਾਂ ਵਾਲੇ ਕਾਗ਼ਜ਼ ਲੈ ਲੈਣਾ ਰਹਿ ਗਿਆ। ਜਿਉਰੀ ਦੇ ਇਹ ਮੈਂਬਰ ਵੀ ਅਕਾਦਮੀ ਦੀ ਆਮ ਜਾਣੀ ਜਾਂਦੀ ਕਮੇਟੀ ਵਿਚੋਂ ਹੋਣ ਦੀ ਥਾਂ ਬਾਹਰੋਂ ਹੋਇਆ ਕਰਨੇ ਸਨ ਤੇ ਉਨ੍ਹਾਂ ਦੇ ਨਾਂ ਵੀ ਗੁਪਤ ਰਹਿਣੇ ਸਨ। ਮੈਨੂੰ ਵੀ ਬਾਕੀ ਦੋਵਾਂ ਦਾ ਪਤਾ ਕਮਰੇ ਵਿਚ ਜਾ ਕੇ ਹੀ ਲੱਗਿਆ ਸੀ।
ਅਕਾਦਮੀ ਦੇ ਇਨਾਮਾਂ ਵਿਚ ਹੇਰਫੇਰ ਤਾਂ ਕਈ ਵਾਰ ਪਹਿਲਾਂ ਵੀ ਚਲਦਾ ਸੀ ਪਰ ਜਿਸ ਨੂੰ ਮਾਫ਼ੀਆ ਰਾਜ ਕਿਹਾ ਜਾਣ ਲੱਗਿਆ, ਇਹ ਨੂਰ ਜੀ ਦੀ ਹੀ ਦੇਣ ਸੀ। ਉਹਦਾ ਬਹੁਤਾ ਸਮਾਂ ਅਕਾਦਮੀਆਂ, ਆਕਾਸ਼ਵਾਣੀ, ਦੂਰਦਰਸ਼ਨ ਤੇ ਹੋਰ ਅਜਿਹੀਆਂ ਸੰਸਥਾਵਾਂ ਦੇ ਦਫ਼ਤਰਾਂ ਵਿਚ ਹੀ ਬੀਤਦਾ ਸੀ। ਤਿੰਨੇ ਗੁਪਤ ਨਾਂਵਾਂ ਦਾ ਪਤਾ ਕਰਨਾ ਉਹਦੇ ਲਈ ਕੋਈ ਮੁਸ਼ਕਿਲ ਨਹੀਂ ਸੀ। ਫੇਰ ਉਹ ਪ੍ਰਭਾਵਿਤ ਕੀਤੇ ਜਾ ਸਕਣ ਵਾਲੇ ਜਿਉਰੀ-ਮੈਂਬਰਾਂ ਨਾਲ ਸੰਪਰਕ ਦੀ ਮੁਹਿੰਮ ਚਲਾਉਂਦਾ। ਕਈ ਬਿਚਾਰੇ-ਬਿਚਾਰੀਆਂ ਲਈ ਤਾਂ ਜਿਉਰੀ-ਮੈਂਬਰ ਬਣਾਏ ਜਾਣਾ ਹੀ ਆਪਣੇ ਸਾਹਿਤਕ ਕੱਦ ਦੇ ਮੁਕਾਬਲੇ ਏਡੀ ਵੱਡੀ ਪ੍ਰਾਪਤੀ ਹੁੰਦਾ ਹੈ ਕਿ ਉਹ ਆਪ ਹੀ ਕਨਵੀਨਰ ਤੋਂ ‘ਹੁਕਮ ਆਕਾ’ ਪੁਛਦੇ ਹਨ।
ਮੇਰੇ ਨਾਲ ਇਕ ਤਾਂ ਦਿੱਲੀ ਦੇ ਪ੍ਰੋ. ਹਰਮੀਤ ਸਿੰਘ ਸਨ, ਸਾਊ, ਤੇ ਘੱਟ-ਬੋਲੜੇ ਸੱਜਨ ਜਿਨ੍ਹਾਂ ਨੇ ਅਜਿਹੇ ਕੰਮਾਂ ਨਾਲ ਕੋਈ ਵਾਹ ਨਹੀਂ ਸੀ ਰੱਖਿਆ ਹੋਇਆ। ਦੂਜੀ ਜਲੰਧਰ ਤੋਂ ਕੋਈ ਬੀਬੀ ਬਲਜੀਤ ਕੌਰ ਸੀ। ਅਕਾਦਮੀ ਦੇ ਨੇਮਾਂ ਦੇ ਉਲਟ ਨੂਰ ਨੇ ਸਿੱਧਾ ਦਖ਼ਲ ਦੇ ਕੇ ਫ਼ੈਸਲਾ ਪ੍ਰਭਾਵਿਤ ਕੀਤਾ। ਲਗਦਾ ਸੀ, ਜੇ ਬਾਕੀ ਦੋਵਾਂ ਨਾਲ ਨਹੀਂ, ਉਹਦੀ ਇਕ ਨਾਲ ਤਾਂ ਗੱਲ ਤੈਅ ਹੋ ਹੀ ਚੁੱਕੀ ਸੀ ਕਿ ਇਕ-ਇਕ ਕਰ ਕੇ ਕਦਮ ਕਿਵੇਂ ਚੁੱਕਣੇ ਹਨ। ਜਦੋਂ ਮੈਂ ਸੁਖਵੰਤ ਕੌਰ ਮਾਨ ਦਾ ਨਾਂ ਲਿਆ, ਬੀਬੀ ਬਲਜੀਤ ਕੌਰ ਨੇ ਵੀ ਉਹਦੀਆਂ ਕਹਾਣੀਆਂ ਦਾ ਗੁਣ-ਗਾਨ ਸ਼ੁਰੂ ਕਰ ਦਿੱਤਾ। ਮੈਂ ਮੂਰਖ ਨੇ ਸੋਚਿਆ, ਗੱਲ ਬਣ ਗਈ! ਫੇਰ ਉਹਨੇ ਅਚਾਨਕ ‘ਪਰ’ ਦੇ ਬਰੇਕ ਲਾ ਦਿੱਤੇ, “ਪਰ ਉਹ ਇਕ ਗ਼ਲਤੀ ਕਰ ਗਈ, ਅਕਾਦਮੀ ਦੇ ਨੇਮਾਂ ਦੇ ਉਲਟ ਉਹਨੇ ਇਸ ਪੁਸਤਕ ਵਿਚ ਆਪਣੀਆਂ ਪਹਿਲਾਂ ਛਪੀਆਂ ਹੋਈਆਂ ਪੁਸਤਕਾਂ ਵਿਚੋਂ ਕਹਾਣੀਆਂ ਪਾ ਦਿੱਤੀਆਂ।”
ਮੈਂ ਹੈਰਾਨ ਹੋ ਕੇ ਕਿਹਾ, “ਇਹ ਕਿਵੇਂ ਹੋ ਸਕਦਾ ਹੈ? ਇਉਂ ਤਾਂ ਉਹ ਲੇਖਕ ਕਰਦਾ ਹੈ ਜਿਸ ਨੂੰ ਕਿਸੇ ਕਾਰਨ ਪੁਸਤਕ ਛਪਵਾਉਣ ਦੀ ਕਾਹਲ ਹੋਵੇ ਪਰ ਉਸ ਕੋਲ ਪੁਸਤਕ ਜੋਗੀਆਂ ਕਹਾਣੀਆਂ ਨਾ ਹੋਣ। ਉਹਦੇ ਕੋਲ ਤਾਂ ਅਨਛਪੇ ਖਰੜੇ ਪਏ ਰਹਿੰਦੇ ਨੇ।”
ਉਹ ਬੋਲੀ, “ਇਹ ਤਾਂ ਉਹ ਜਾਣੇ ਕਿ ਕਿਉਂ ਪਾਈਆਂ, ਪਰ ਪਾ ਦਿੱਤੀਆਂ!”
ਮੇਰੇ ਫੇਰ ਹੈਰਾਨ ਹੋਇਆਂ ਨੂਰ ਨੇ ਪੁਸ਼ਟੀ ਕੀਤੀ, “ਬਲਜੀਤ ਠੀਕ ਕਹਿੰਦੀ ਹੈ।”
ਉਨ੍ਹਾਂ ਦੀ ਸਾਜ਼ਿਸ਼ ਦਾ ਅਗਲਾ ਕਦਮ “ਚਲੋ, ਹੋਰ ਕੋਈ ਨਾਂ ਦੇਖ ਲਉ…ਹੋਰ ਕੋਈ ਨਾਂ ਦੇਖ ਲਉ…” ਸੀ। ਇਹ ਸਾਰਾ ਨਾਟਕ ਕਰਨ ਪਿੱਛੋਂ ਨੂਰ ਆਪਣੇ ਅਸਲੀ ਮੁੱਦੇ ਅਤੇ ਸਾਜ਼ਿਸ਼ ਦੇ ਆਖ਼ਰੀ ਪੜਾਅ ਉੱਤੇ ਆਇਆ, “ਹਲਵਾਰਵੀ ਦੇਖ ਲਉ।” ਦੂਜੇ ਦੋਵੇਂ ਝੱਟ ਸਹਿਮਤ ਹੋ ਗਏ। ਤਦ ਮੈਨੂੰ ਨੂਰ ਜੀ ਦੀ ਕਨਵੀਨਰ ਵਜੋਂ ਬੇਤਾਕਤਾ ਹੁੰਦਿਆਂ ਵੀ ਆਪਣੀ ਮਰਜ਼ੀ ਦਾ ਫ਼ੈਸਲਾ ਕਰਵਾਉਣ ਦੀ ‘ਵਿਗਿਆਨਕ ਤਕਨੀਕ’ ਦੀ ਸਮਝ ਆਈ। ਓਪਰੇ ਬੰਦੇ ਦੇ ਸੁਝਾਅ ਦੀ ਦੱਬ ਕੇ ਹਮਾਇਤ ਕਰਨ ਪਿਛੋਂ ‘ਪਰ’ ਲਾਉ ਅਤੇ ਆਪਣਾ ਮਿਥਿਆ ਨਾਂ ਪਹਿਲਾਂ ਨਹੀਂ, ਹੋਰਾਂ ਦੇ ਸੁਝਾਅ ਰੱਦ ਕਰਵਾਉਣ ਮਗਰੋਂ ਹੀ ਅੱਗੇ ਕਰੋ। ਉਸੇ ਮੀਟਿੰਗ ਵਿਚ ਅਜਮੇਰ ਸਿੰਘ ਔਲਖ ਦੇ ਨਾਂ ਦਾ ਮੇਰਾ ਸੁਝਾਅ ਵੀ ਝੂਠ ਬੋਲ ਕੇ ਇਸੇ ਤਕਨੀਕ ਨਾਲ ਰੱਦ ਕੀਤਾ ਜਾ ਚੁੱਕਿਆ ਸੀ।
ਮੈਂ ਕਸੂਤੀ ਹਾਲਤ ਵਿਚ ਫਸ ਗਿਆ। ਇਕ ਪਾਸੇ ਮੈਂ ਹਲਵਾਰਵੀ ਨੂੰ, ਪੁਰਾਣਾ ਮਿੱਤਰ ਹੋਣ ਦੇ ਬਾਵਜੂਦ, ਅਜਮੇਰ ਤੇ ਸੁਖਵੰਤ ਦੇ ਟਾਕਰੇ ਕਿਵੇਂ ਵੀ ਚੰਗੇਰਾ ਲੇਖਕ ਨਹੀਂ ਸੀ ਮੰਨਦਾ। ਦੂਜੇ ਪਾਸੇ ਵੰਡੀਆਂ ਵੋਟਾਂ ਨਾਲ ਹੋਇਆ ਫ਼ੈਸਲਾ ਦੂਜੀਆਂ ਭਾਸ਼ਾਵਾਂ ਵਾਲਿਆਂ ਵਿਚ ਤੇ ਕੌਮੀ ਅਖ਼ਬਾਰਾਂ ਵਿਚ ਚਰਚਾ ਦਾ ਵਿਸ਼ਾ ਬਣਨਾ ਸੀ ਅਤੇ ਇਹ ਗੱਲ ਪੰਜਾਬੀ ਭਾਸ਼ਾ ਤੇ ਸਾਹਿਤ ਦੇ ਬਿੰਬ ਲਈ ਠੀਕ ਨਹੀਂ ਸੀ ਹੋਣੀ। ਮੈਂ ਹਾਮੀ ਭਰ ਦਿੱਤੀ। ਸੋਚਿਆ, ਚਲੋ, ਪਹਿਲਾਂ ਦੇ ਕਈ ਇਨਾਮ-ਜੇਤੂਆਂ ਨਾਲੋਂ ਤਾਂ ਹਲਵਾਰਵੀ ਚੰਗਾ ਹੀ ਹੈ। ਦੋ ਕੁ ਇਨਾਮ-ਜੇਤੂ ਤਾਂ ਅਜਿਹੇ ਹਨ ਜਿਨ੍ਹਾਂ ਦਾ ਨਾਂ ਲਿਆਂ ਅਗਲਾ ਹੈਰਾਨ ਹੋ ਕੇ ਪੁਛਦਾ ਹੈ, “ਉਹ ਵੀ ਕੁਛ ਲਿਖਦਾ ਹੈ? ਹੱਦ ਹੋ ਗਈ! ਅੱਜ ਸੁਣੀ ਹੈ ਉਹਦੇ ਵੀ ਕੁਝ ਲਿਖਦਾ ਹੋਣ ਦੀ ਤੇ ਇਨਾਮੀ ਹੋਣ ਦੀ ਗੱਲ!”
ਕਈ ਵਾਰ ਕਮਾਲ ਦਾ ਸਬੱਬ ਬਣ ਜਾਂਦਾ ਹੈ। ਜੇ ਇਸ ਸਾਜ਼ਿਸ਼ੀ ਤਾਣੇ-ਬਾਣੇ ਦੀ ਕਿਸੇ ਪੁਸ਼ਟੀ ਦੀ ਲੋੜ ਸੀ, ਉਹ ਵੀ ਉਥੇ ਹੀ ਹੋ ਗਈ। ਓਦੋਂ ਭਸੀਨ ਨਾਂ ਦੇ ਸਾਹਿਤ ਅਕਾਦਮੀ ਦੇ ਇਕ ਅਧਿਕਾਰੀ, ਸ਼ਾਇਦ ਡਿਪਟੀ ਸੈਕਰੈਟਰੀ, ਸਨ। ਸਨਿਮਰ ਸੱਜਨ ਸਨ, ਹਰ ਕਿਸੇ ਨੂੰ ਮਿੱਠਤ ਨਾਲ ਮਿਲਣ ਵਾਲ਼ੇ। ਮੇਰਾ ਕਦੀ ਅਕਾਦਮੀ ਜਾਣਾ ਹੁੰਦਾ, ਉਹ ਬੜੇ ਪਿਆਰ ਨਾਲ ਮਿਲਦੇ। ਉਨ੍ਹਾਂ ਦਾ ਕਮਰਾ ਰਾਹ ਵਿਚ ਉਸੇ ਬਰਾਂਡੇ ਵਿਚ ਸੀ। ਮੈਂ ਮਿਲਣ ਚਲਿਆ ਗਿਆ। ਉਹ ਖੜ੍ਹੇ ਹੋ ਕੇ ਮਿਲਾਉਣ ਲਈ ਹੱਥ ਵਧਾਉਂਦਿਆਂ ਮੁਸਕਰਾਏ, “ਖ਼ਤਮ ਹੋ ਗਈ ਮੀਟਿੰਗ? ਹੋ ਗਿਆ ਹਲਵਾਰਵੀ ਦਾ ਫ਼ੈਸਲਾ?”
ਮੈਥੋਂ ‘ਹਾਂ’ ਸੁਣ ਕੇ ਉਹ ਬੋਲੇ, “ਚਲੋ, ਹੁਣ ਉਹ ਕਮੇਟੀ ਵਿਚ ਵੀ ਆ ਜਾਊ ਤੇ ਫੇਰ ਜੇ ਸਭ ਕੁਛ ਠੀਕ ਰਿਹਾ, ਕਨਵੀਨਰ ਵੀ ਬਣ ਜਾਊ।”
ਮਗਰੋਂ ਮੈਨੂੰ ਕਿਸੇ ਭੇਤੀ ਤੋਂ ਇਸ ਕੂੜ-ਨਾਟਕ ਦੀਆਂ ਅਗਲੀਆਂ ਝਾਕੀਆਂ ਦਾ ਵੀ ਪਤਾ ਲੱਗਿਆ ਕਿ ਇਸ ਪਿੱਛੋਂ ਹਲਵਾਰਵੀ ਨੇ ਨੂਰ ਲਈ ਕੀ ਕਰਨਾ ਸੀ ਤੇ ਫੇਰ ਅੱਗੇ ਕੀ ਹੋਣਾ ਸੀ। ਕੀਹਨੂੰ ਕਿਹੜੀ ਕਮੇਟੀ ਵਿਚ ਪੁਆਇਆ ਜਾਣਾ ਸੀ ਤੇ ਕੀਹਨੂੰ ਕਦੋਂ ਕਿਹੜਾ ਇਨਾਮ ਦੁਆ ਕੇ ਉਹਤੋਂ ਕਦੋਂ ਕਿਹੜੇ ਬੰਦੇ ਦੇ ਕਿਹੜੇ ਇਨਾਮ ਲਈ ਵੋਟ ਪੁਆਈ ਜਾਣੀ ਸੀ। ਬਹੁਤ ਫ਼ੈਲਵਾਂ ਤੇ ਸਾਜ਼ਿਸ਼ੀ ਢੰਗ ਨਾਲ ਬੁਣਿਆ ਹੋਇਆ ਤਾਣਾ-ਬਾਣਾ ਸੀ ਇਹ!
ਘਰ ਜਾ ਕੇ ਮੈਂ ਫੋਨ ’ਤੇ ਸੁਖਵੰਤ ਨਾਲ ਗੁੱਸੇ ਹੋਇਆ ਤਾਂ ਉਹ ਕਹਿੰਦੀ, “ਇਸ ਪੁਸਤਕ ਵਿਚ ਪਹਿਲਾਂ ਮੇਰੀ ਕਿਸੇ ਹੋਰ ਪੁਸਤਕ ਵਿਚ ਛਪੀ ਹੋਈ ਕੋਈ ਕਹਾਣੀ ਨਹੀਂ।”
ਅਜਮੇਰ ਨੂੰ ਤਾਂ ਛੇਤੀ ਹੀ ਮਗਰੋਂ ਇਨਾਮ ਮਿਲ ਗਿਆ ਪਰ ਦੁੱਖ ਦੀ ਗੱਲ ਹੈ ਕਿ ਨਿਰੋਲ ਝੂਠ ਅਤੇ ਸਾਜ਼ਿਸ਼ ਨਾਲ ਪੰਜਾਬੀ ਦੀ ਇਕ ਬੜੀ ਜਾਨਦਾਰ ਤੇ ਪੂਰੀ ਤਰ੍ਹਾਂ ਹੱਕਦਾਰ ਕਹਾਣੀਕਾਰ ਸੁਖਵੰਤ ਦਾ ਇਨਾਮ ਖੋਹ ਲਿਆ ਗਿਆ। ਉਹਦੇ ਨਾਲ ਕਬੀਰ ਜੀ ਦੇ ਦੋਹੇ “ਦੂਰ ਪੜੇਂਗੇ ਜਾਇ” ਵਾਲੀ ਹੋਈ ਤੇ ਉਹ ਨੂਰ ਦੇ ਚਲਾਣੇ ਮਗਰੋਂ ਵੀ ਚਲਦੀ ਰਹੀ ਇਸ ਰੀਤ ਕਾਰਨ ਬੇਇਨਾਮੀ ਹੀ ਚਲਾਣਾ ਕਰ ਗਈ। ਨੂਰ ਤਾਂ ਚਲਿਆ ਗਿਆ, ਬਾਕੀ ਦੋਵਾਂ ਦੇ ਮਨ ਵਿਚ ਕਦੀ ਪਾਪ-ਬੋਧ ਜਾਗਿਆ ਹੈ ਕਿ ਨਹੀਂ, ਪਤਾ ਨਹੀਂ!
ਨੂਰ ਨੇ ਸੁਖਵੰਤ ਕੌਰ ਮਾਨ ਨੂੰ ਸਾਹਿਤ ਅਕਾਦਮੀ ਇਨਾਮ ਤੋਂ ਹੀ ਵਿਰਵੀ ਨਹੀਂ ਸੀ ਰੱਖਿਆ, ਉਹਦਾ ‘ਸ਼੍ਰੋਮਣੀ ਸਾਹਿਤਕਾਰ’ ਸਨਮਾਨ ਵੀ ਮਾਰਿਆ।
ਇਸ ਨੀਚ ਕੰਮ ਦਾ ਵੇਰਵਾ ਜਸਬੀਰ ਭੁੱਲਰ ਤੋਂ ਜਾਣੋ ਜੋ ਉਹਨੇ 4 ਜੂਨ 2016 ਨੂੰ ਹੋਏ ਸੁਖਵੰਤ ਦੇ ਚਲਾਣੇ ਦੇ ਸੋਗ ਵਿਚ 19 ਜੂਨ ਦੇ ‘ਪੰਜਾਬੀ ਟ੍ਰਿਬਿਊਨ’ ਲਈ ਲਿਖੇ ਲੇਖ ਵਿਚ ਦੱਸਿਆ ਸੀ। ਸਾਹਿਤ ਅਕਾਦਮੀ ਵਾਲ਼ੀ ਘਟਨਾ ਦਾ ਜ਼ਿਕਰ ਕਰਨ ਪਿੱਛੋਂ ਉਹਨੇ ਲਿਖਿਆ:
“ਇਹੋ ਜਿਹਾ ਨਾਟਕ ਭਾਸ਼ਾ ਵਿਭਾਗ, ਪੰਜਾਬ ਦੇ ਸ਼੍ਰੋਮਣੀ ਪੁਰਸਕਾਰਾਂ ਲਈ ਲੇਖਕਾਂ ਦੀ ਚੋਣ ਵੇਲੇ ਵੀ ਹੋਇਆ ਸੀ। ਸੁਹਿਰਦ ਮੈਂਬਰ ਸ਼੍ਰੋਮਣੀ ਸਾਹਿਤਕਾਰ ਦਾ ਪੁਰਸਕਾਰ ਸੁਖਵੰਤ ਕੌਰ ਮਾਨ ਨੂੰ ਦੇਣ ਦੇ ਹੱਕ ਵਿਚ ਸਨ। ਮਾਫ਼ੀਏ ਟੋਲੇ ਨੂੰ ਆਪਣਾ ਬੰਦਾ ਪਿੱਛੇ ਪੈਂਦਾ ਜਾਪਿਆ ਤਾਂ ਟੋਲੇ ਦਾ ਸਰਗਨਾ ਉੱਠ ਕੇ ਖਲੋ ਗਿਆ। ਉਹ ਖਲੋਤਾ ਹੋਇਆ ਵੀ ਓਡਾ ਹੀ ਸੀ, ਜੇਡਾ ਬੈਠਾ ਹੋਇਆ, ਪਰ ਉਹਦੀ ਆਵਾਜ਼ ਉੱਚੀ ਹੋ ਗਈ ਸੀ। ਉਸ ਨੇ ਸਖ਼ਤ ਆਵਾਜ਼ ਵਿਚ ਕਿਹਾ, ‘ਇਹ ਪੁਰਸਕਾਰ ਤਾਂ ਫ਼ਲਾਣੇ ਨੂੰ ਹੀ ਮਿਲਣਾ ਚਾਹੀਦਾ ਹੈ। ਅਸੀਂ ਵੀ ਮੀਡੀਆ ਨੂੰ ਜਵਾਬ ਦੇਣਾ ਹੈ। ਬਾਅਦ ਵਿਚ ਸੁਖਵੰਤ ਕੌਰ ਮਾਨ ਦਾ ਨਾਂ ਬਾਲ ਸਾਹਿਤ ਦੇ ਪੁਰਸਕਾਰ ਲਈ ਵਿਚਾਰ ਲਵੋ ਭਾਵੇਂ।’ ਉਸ ਦੇ ਬੋਲਾਂ ਵਿਚ ਲੁਕੀ ਹੋਈ ਧਮਕੀ ਵੀ ਸੀ। ਸਦਾਰਤ ਕਰ ਰਹੀ ਵਜ਼ੀਰ ਸਾਹਿਬਾ ਦੇ ਮੱਥੇ ਉੱਤੇ ਪ੍ਰੇਸ਼ਾਨੀ ਦੀਆਂ ਲਕੀਰਾਂ ਉਜਾਗਰ ਹੋ ਗਈਆਂ। ਉਸ ਮੈਂਬਰ ਦੀ ਧਮਕੀ ਨੂੰ ਫਲ ਪੈ ਗਏ। ਇਹ ਵੀ ਚੰਗਾ ਹੀ ਹੋਇਆ ਕਿ ਉਸ ਦਿਨ ਬਾਲ ਸਾਹਿਤ ਦਾ ਸ਼੍ਰੋਮਣੀ ਪੁਰਸਕਾਰ ਸੁਖਵੰਤ ਕੌਰ ਮਾਨ ਨੂੰ ਮਿਲ ਗਿਆ। ਸੁਖਵੰਤ ਕੌਰ ਮਾਨ ਦੇ ਨੌਂਗੇ ਦਾ ਇਹੋ ਇਕੋ-ਇਕ ਵੱਡਾ ਇਨਾਮ ਸੀ। ਜੇ ਬਾਲ ਸਾਹਿਤ ਲਈ ਉਨ੍ਹਾਂ ਦਾ ਕੋਈ ਆਪਣਾ ਬੰਦਾ ਹੁੰਦਾ ਤਾਂ ਇਹ ਪੁਰਸਕਾਰ ਵੀ ਸੁਖਵੰਤ ਨੂੰ ਨਹੀਂ ਸੀ ਮਿਲਣਾ!…ਉਹ ਜੋ ਇਨਾਮ-ਸਨਮਾਨ ਦੇਣ ਵਾਲੇ ਅਦਾਰਿਆਂ ਉੱਤੇ ਕਾਬਜ਼ ਸਨ, ਉਨ੍ਹਾਂ ਦੀਆਂ ਸ਼ਰਤਾਂ ਵਿਚ ਇਨਾਮ ਲਈ ਚੰਗਾ ਲਿਖਣ ਦੀ ਸ਼ਰਤ ਸ਼ਾਮਲ ਨਹੀਂ ਸੀ। ਜ਼ਾਹਿਰ ਹੈ ਕਿ ਸਾਹਿਤ ਦੇ ਉਸ ਮਾਫ਼ੀਆ ਟੋਲੇ ਦੀਆਂ ਆਪਣੀਆਂ ਸ਼ਰਤਾਂ ਮੁਤਾਬਿਕ ਉਹ ਇਨਾਮ ਦੀ ਹੱਕਦਾਰ ਨਹੀਂ ਸੀ।”
ਹੈਰਾਨੀ ਹੁੰਦੀ ਹੈ ਕਿ ਖੋਟੀਆਂ ਕਲਮਾਂ ਹੱਥ ਵਿਚ ਫੜ ਕੇ ਆਪਣੇ ਆਪ ਨੂੰ ਸਾਹਿਤਕਾਰ, ਵਿਦਵਾਨ, ਆਲੋਚਕ, ਚਿੰਤਕ ਤੇ ਹੋਰ ਪਤਾ ਨਹੀਂ ਕੀ-ਕੀ ਕਹਾਉਣ ਵਾਲੇ ਬੰਦੇ ਮਨੁੱਖ ਵਜੋਂ ਕਿੰਨੇ ਨੀਵੇਂ ਡਿੱਗ ਸਕਦੇ ਹਨ! ਇਨਾਮਾਂ ਤੋਂ ਵਿਰਵੀ ਰੱਖੀ ਗਈ ਸੁਖਵੰਤ ਦੀ ਕਲਮੀ ਸਮਰੱਥਾ ਤੋਂ ਜੇ ਕੋਈ ਵਾਕਿਫ਼ ਨਹੀਂ ਸੀ, ਜਸਬੀਰ ਨੇ ਉਸੇ ਲੇਖ ਵਿਚ ਉਹਦੀ ਕਹਾਣੀ-ਕਲਾ ਦਾ ਸਾਰ-ਤੱਤ ਵੀ ਦੱਸ ਦਿੱਤਾ ਸੀ:
“ਉਹ ਵੱਡੀ ਲੇਖਿਕਾ ਸੀ, ਪਰ ਮਸ਼ਹੂਰ ਲੇਖਿਕਾ ਨਹੀਂ ਸੀ। ਲੇਖਿਕਾਵਾਂ ਨੂੰ ਮਸ਼ਹੂਰ ਕਰਨ ਵਾਲਿਆਂ ਦੀਆਂ ਜ਼ਰਬਾਂ-ਤਕਸੀਮਾਂ ਵਿਚ ਉਹ ਨਹੀਂ ਸੀ ਆਉਂਦੀ। ਉਹ ਸਾਹਿਤ ਦੇ ਮਾਫ਼ੀਏ ਟੋਲੇ ਤੋਂ ਪਰ੍ਹਾਂ ਪਰ੍ਹਾਂ ਹੀ ਰਹਿੰਦੀ ਸੀ। ਲਿਖਣ-ਪੜ੍ਹਨ ਦੇ ਪਵਿੱਤਰ ਕਾਰਜ ਵਿਚ ਭਲਾ ਗੁੰਡਿਆਂ ਦਾ ਕੀ ਕੰਮ! ਲਿਖਣਾ ਸੁਖਵੰਤ ਕੌਰ ਮਾਨ ਲਈ ਕੁਝ ਇਸ ਤਰ੍ਹਾਂ ਹੀ ਸੀ ਜਿਵੇਂ ਕੋਈ ਫ਼ਕੀਰ ਦੂਰ-ਦੁਰਾਡੇ ਜੰਗਲ ਵਿਚ ਧੂਣੀ ਰਮਾ ਕੇ ਬੈਠ ਜਾਂਦਾ ਹੈ। ਜਿਵੇਂ ਕੋਈ ਰਿਸ਼ੀ ਗੁਫ਼ਾ ਵਿਚ ਬੈਠ ਕੇ ਤਪ ਕਰਦਾ ਹੈ। ਉਸ ਦੇ ਤਪ ਨੇ ਜਿਹੜੀਆਂ ਕਹਾਣੀਆਂ ਨੂੰ ਜਨਮ ਦਿੱਤਾ, ਉਨ੍ਹਾਂ ਵਿਚ ਜ਼ਿੰਦਗੀ ਧੜਕਦੀ ਸੀ। ਜਿਸ ਤਰ੍ਹਾਂ ਦੀਆਂ ਕਹਾਣੀਆਂ ਸੁਖਵੰਤ ਕੌਰ ਮਾਨ ਨੇ ਲਿਖੀਆਂ, ਪੰਜਾਬੀ ਦੀ ਕਿਸੇ ਵੀ ਹੋਰ ਲੇਖਿਕਾ ਨੇ ਉਸ ਤਰ੍ਹਾਂ ਦੀਆਂ ਕਹਾਣੀਆਂ ਨਹੀਂ ਲਿਖੀਆਂ। ਉਹੋ ਜਿਹੀਆਂ ਕਹਾਣੀਆਂ ਲਿਖਣੀਆਂ ਆਉਂਦੀਆਂ ਵੀ ਨਹੀਂ ਸਨ ਉਨ੍ਹਾਂ ਨੂੰ। ਰਿਸ਼ਤਿਆਂ ਦੇ ਤਾਣੇ-ਬਾਣੇ ਨੂੰ ਜਿਸ ਤਰ੍ਹਾਂ ਸੁਖਵੰਤ ਸਮਝਦੀ ਸੀ, ਇਹ ਸਿਰਫ਼ ਉਸੇ ਦਾ ਹੀ ਹਾਸਲ ਸੀ। ਉਹਨੂੰ ਰਿਸ਼ਤਿਆਂ ਦੀ ਰੂਹ ਤੱਕ ਉੱਤਰਨਾ ਆਉਂਦਾ ਸੀ।”
ਸਾਹਿਤ ਅਕਾਦਮੀ ਵਾਲ਼ੇ ਇਨਾਮ ਸੰਬੰਧੀ ਉਸ ਨਾਲ ਧੱਕਾ ਕਰਨ ਵਾਲਿਆਂ ਨੂੰ ਮੈਂ ਅੱਜ ਤੱਕ ਮਾਫ਼ ਨਹੀਂ ਕਰ ਸਕਿਆ। ਸੁਖਵੰਤ ਦੇ ਜਾਣ ਮਗਰੋਂ ਵੀ ਗੁਨਾਹਗਾਰਾਂ ਲਈ ਮੇਰੀ ਗਿਲਾਨੀ ਘਟੀ ਨਹੀਂ। ਮੇਰਾ ਅੱਜ ਵੀ ਮੱਤ ਹੈ, ਉਨ੍ਹਾਂ ਨੂੰ ਝੂਠ ਦੇ ਸਹਾਰੇ ਉਹਦਾ ਇਨਾਮ ਖੋਹਣ ਕਰਕੇ ਸੁਖਵੰਤ ਦੀ ਯਾਦ ਤੋਂ ਤੇ ਪੰਜਾਬੀ ਸਾਹਿਤਕ ਪਰਿਵਾਰ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ। ਵੈਸੇ ਜਿਹੜੇ ਲੋਕ ਅਜਿਹੇ ਗੁਨਾਹ ਕਰ ਕੇ ਕਿਸੇ ਪਾਪ-ਬੋਧ ਤੋਂ ਬਿਨਾਂ ਜਿਉਂ ਸਕਦੇ ਹਨ, ਧੰਨ ਤਾਂ ਉਨ੍ਹਾਂ ਨੂੰ ਵੀ ਕਹਿਣਾ ਬਣਦਾ ਹੈ! ਪਰ ਸੁਖਵੰਤ ਆਪ ਕਿੰਨੇ ਵੱਡੇ ਦਿਲ ਵਾਲੀ ਤੇ ਦੂਜਿਆਂ ਦੇ ਗੁਨਾਹਾਂ ਨੂੰ ਮਾਫ਼ ਕਰਨ ਵਾਲੀ ਸੀ, ਹੈਰਾਨੀ ਹੁੰਦੀ ਹੈ।
ਉਸ ਨਾਲ ਹੋਏ ਇਸ ਧੱਕੇ ਤੇ ਧੋਖੇ ਦਾ ਜ਼ਿਕਰ ਮੈਂ ਇਕ ਲੇਖ ਵਿਚ ਕਰ ਦਿੱਤਾ। ਉਥੋਂ ਇਹ ਜ਼ਿਕਰ ਹੋਰ ਕਈ ਥਾਂਈਂ ਹੋ ਗਿਆ। ਉਸ ਤੋਂ ਕੁਝ ਚਿਰ ਮਗਰੋਂ ਤਰਸੇਮ ਨੇ ਦਿੱਲੀ ਦੇ ਵੀਹ ਪੰਜਾਬੀ ਲੇਖਕਾਂ ਨਾਲ ਇੰਟਰਵਿਊ ਕਰਨ ਦੀ ਵਿਉਂਤ ਬਣਾ ਲਈ। ਮੇਰੇ ਨਾਲ ਗੱਲਬਾਤ ਕਰਦਿਆਂ ਉਹਨੇ ਸੁਖਵੰਤ ਦਾ ਇਨਾਮ ਖੋਹੇ ਜਾਣ ਬਾਰੇ ਸਵਾਲ ਪੁੱਛ ਲਿਆ। ਇਹ ਗੱਲਬਾਤ ਉਹਨੇ ‘ਕਲਾ-ਸਿਰਜਕ’ ਵਿਚ ਛਪਵਾ ਦਿੱਤੀ। ਸੁਖਵੰਤ ਨੇ ਪੜ੍ਹੀ ਤੇ ਉਹਦੀ 12 ਅਪਰੈਲ 2008 ਦੀ ਲਿਖੀ ਹੋਈ ਚਿੱਠੀ ਆਈ। ਇਸ ਚਿੱਠੀ ਨੇ ਮੈਨੂੰ ਹੈਰਾਨ ਕਰ ਦਿੱਤਾ, ਹੈਰਾਨ ਵੀ ਕੁਝ ਵਧੇਰੇ ਹੀ। ਆਪਣੀ ਗੱਲ ਉੱਤੇ ਜ਼ੋਰ ਦੇਣ ਲਈ ਤੇ ਮੈਨੂੰ ਆਪਣਾ ਲਿਖਿਆ ਮੰਨਣ ਵਾਸਤੇ ਮਜਬੂਰ ਕਰਨ ਲਈ ਉਹਨੇ ਚਿੱਠੀ ਬਹੁਤ ਪਿਆਰੇ ਰਿਸ਼ਤਿਉਂ ਲਿਖੀ ਹੋਈ ਸੀ। ਉਹਨੇ ਸੰਬੋਧਨ ਪਹਿਲਾਂ ਵਰਤੇ ਜਾਂਦੇ ਰਹੇ ‘ਭੁੱਲਰ ਸਾਹਿਬ’ ਦੀ ਥਾਂ ‘ਵੀਰ ਭੁੱਲਰ’ ਪਹਿਲੀ ਵਾਰ ਵਰਤਿਆ ਸੀ। ਮੈਨੂੰ ਅਜੀਬ ਤਾਂ ਲਗਿਆ, ਬਹੁਤਾ ਨਹੀਂ ਕਿਉਂਕਿ ਉਹ ਪੇਂਡੂ ਸ਼ਬਦਾਵਲੀ ਵਰਤਦਿਆਂ ਕਈ ਵਾਰ ਮੈਨੂੰ ਭੁੱਲਰ ਭਾਈ ਆਖ-ਲਿਖ ਦਿੰਦੀ ਰਹੀ ਸੀ। ਪਰ ਜਦੋਂ ਮੈਂ ਚਿੱਠੀ ਦੇ ਅੰਤ ਉੱਤੇ ਪੁੱਜਿਆ, ਮੇਰੇ ਲਈ ਅਸਲ ਹੈਰਾਨੀ ਉਥੇ ਉਡੀਕ ਕਰ ਰਹੀ ਸੀ। ਉਹਨੇ ਚਿੱਠੀ ਦੀ ਸਮਾਪਤੀ “ਆਪ ਦੀ ਵੱਡੀ ਭੈਣ ਸੁਖਵੰਤ ਮਾਨ” ਲਿਖ ਕੇ ਕੀਤੀ ਹੋਈ ਸੀ। ਸ਼ੁਰੂ ਵਿਚ ਉਹਨੀਂ ਦਿਨੀਂ ‘ਪੰਜਾਬੀ ਟ੍ਰਿਬਿਊਨ’ ਵਿਚ ਛਪੇ ਮੇਰੇ ਕਿਸੇ ਲੇਖ ਦਾ ਬਹੁਤ ਸੰਖੇਪ ਜ਼ਿਕਰ ਕਰ ਕੇ ਸਿਰਫ਼ ਇਸੇ ਮੁੱਦੇ ਬਾਰੇ ਲਿਖੀ ਗਈ ਇਹ ਚਿੱਠੀ ਅੱਖਰ-ਅੱਖਰ ਇਉਂ ਸੀ:
“ਵੀਰ ਭੁੱਲਰ, ਆਸ ਏ ਰਾਜ਼ੀ-ਖ਼ੁਸ਼ੀ ਹੋਵੋਗੇ। ਤੁਹਾਡਾ ਲੇਖ ਟ੍ਰਿਬਿਊਨ ’ਚ ਪੜ੍ਹਿਆ। ਖ਼ੂਬਸੂਰਤ ਖੋਜ ਹੈ। ਕਲਾ ਸਿਰਜਕ ਮਿਲਿਆ। ਤਰਸੇਮ ਵੱਲੋਂ ਲਿਆ ਆਪ ਦਾ ਇੰਟਰਵਿਊ ਪੜ੍ਹਿਆ-ਵਾਚਿਆ…ਲੱਗਿਆ ਇਹ ਗੱਲ ਪਹਿਲਾਂ ਵੀ ਬਹੁਤ ਵੇਰ ਹੋ ਚੁੱਕੀ ਏ, ਪੀਠੇ ਦਾ ਕੀ ਪੀਹਣਾ…ਦਾਨਾਈ ਇਸੇ ’ਚ ਹੈ ਕਿ ਹੁਣ ਇਸ ਨੂੰ ਭੁਲਾਅ ਦਿੱਤਾ ਜਾਏ, ਮੇਰੇ ’ਤੇ ਮਾਂਹ ’ਤੇ ਸਫ਼ੈਦੀ ਜਿੰਨਾ ਵੀ ਅਸਰ ਨਹੀਂ ਇਸ ਸਾਰੇ ਘਟਨਾ-ਕ੍ਰਮ ਦਾ, ਕੋਈ ਰੰਜਸ਼ ਨਹੀਂ, ਗਿਲਾ ਨਹੀਂ…ਬੀਬੇ ਵੀਰ ਬਣ ਕੇ ਹੁਣ ਇਹ ਕਿੱਸੇ ਨਾ ਛੇੜੋ। ਆਸ ਏ ਗੁਰਚਰਨ ਹੁਣੀਂ ਠੀਕ ਹੋਣਗੇ। ਆਪਣੀ ਸਿਹਤ ਦਾ ਖ਼ਿਆਲ ਰੱਖੋ। ਸਾਨੂੰ ਤੁਹਾਡੀ ਸਿਹਤਯਾਬੀ ਤੇ ਲੰਮੀ ਉਮਰ ਚਾਹੀਦੀ ਏ। ਖ਼ੁਸ਼-ਖ਼ੁਸ਼ਾਈਂ ਰਹੋ। ਆਮੀਨ ਆਪ ਦੀ ਵੱਡੀ ਭੈਣ ਸੁਖਵੰਤ ਮਾਨ”
ਮੈਂ ਸਦਾ ਹੀ ਉਹਨੂੰ ਜਿਸ ਰਿਸ਼ਤਿਉਂ ਦੇਖਿਆ ਸੀ ਪਰ ਕਦੀ ਦੱਸਣ ਦੀ ਲੋੜ ਨਹੀਂ ਸੀ ਸਮਝੀ, ਉਹ ਪਤਾ ਨਹੀਂ ਕਦੋਂ ਤੋਂ ਉਸ ਰਿਸ਼ਤੇ ਨੂੰ ਜਾਣ ਗਈ ਸੀ! ਮੇਰੀਆਂ ਅੱਖਾਂ ਛਲਕਾਉਣ ਲਈ ਇਹੋ ਕਾਫ਼ੀ ਸੀ। ਪਰ ਚਿੱਠੀ ਵਿਚ ਜੋ ਵਡੱਤਣ ਉਹਨੇ ਉਹਦਾ ਹੱਕ ਮਾਰਨ ਵਾਲੇ ਲਘੂ-ਮਨੁੱਖਾਂ ਦੇ ਸੰਬੰਧ ਵਿਚ ਦਿਖਾਈ ਸੀ, ਉਹਨੇ ਉਸ ਦੂਰ ਬੈਠੀ ਸਾਹਮਣੇ ਮੇਰਾ ਸੀਸ ਝੁਕਾ ਦਿੱਤਾ!
ਉਹ ਠੀਕ ਹੀ ਕਹਾਣੀਕਾਰ ਵੀ ਵੱਡੀ ਸੀ ਤੇ ਇਨਸਾਨ ਵੀ ਉੱਚੀ ਸੀ!
(ਸਮਾਪਤ)