ਕਿਰਤ, ਕਿਰਤੀ ਜੀਵਨ ਅਤੇ ਗੁਰਬਾਣੀ

ਕੁਲਦੀਪ ਸਿੰਘ
ਫੋਨ: +91-90412-63401
ਇਹ ਲਿਖਤ ਕਿਰਤੀ ਦੀ ਰਚਨਾ ਹੈ ਜਿਹੜਾ 1988 ਤੋਂ ਆਟੋ ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦੀ ਰੋਜ਼ੀ-ਰੋਟੀ ਚਲਾ ਰਿਹਾ ਹੈ। 1984 ਤੋਂ ਪਹਿਲਾਂ ਉਸ ਦਾ ਪਰਿਵਾਰ ਦਿੱਲੀ ਦੇ ਸੁਲਤਾਨਪੁਰੀ ਇਲਾਕੇ ਵਿਚ ਵਸਦਾ ਸੀ। 1984 ਵਿਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਮਗਰੋਂ ਦਿੱਲੀ ਅਤੇ ਹੋਰ ਸ਼ਹਿਰਾਂ ਵਿਚ ਸਿੱਖਾਂ ਦਾ ਕਤਲੇਆਮ ਹੋਇਆ।

ਕੁਲਦੀਪ ਸਿੰਘ ਦੇ ਪਰਿਵਾਰ ਦੀ ਜਾਨ ਉਨ੍ਹਾਂ ਦੇ ਗੁਆਂਢੀ ਪਰਿਵਾਰ ਜੋ ਮੇਰਠ ਦੇ ਜਾਟ ਸਨ, ਨੇ ਬਚਾਈ। ਕੁਲਦੀਪ ਸਿੰਘ ਦੇ ਨਾਨਕੇ ਪਟਿਆਲੇ ਸਨ ਤੇ 1984 ‘ਚ ਉਹ ਪਟਿਆਲੇ ਆ ਗਏ। ਪਰਿਵਾਰ ਨਾਲ ਹੋਰ ਵੱਡਾ ਦੁਖਾਂਤ ਇਹ ਵਾਪਰਿਆ ਕਿ ਜਦ ਮਹੀਨੇ ਡੇਢ ਮਹੀਨੇ ਬਾਅਦ ਉਹ ਦਿੱਲੀ ਵਾਪਸ ਗਏ ਤਾਂ ਉਨ੍ਹਾਂ ਦੀ ਜਾਨ ਬਚਾਉਣ ਵਾਲੇ ਪਰਿਵਾਰ ਨੇ ਹੀ ਉਨ੍ਹਾਂ ਦੇ ਮਕਾਨ ‘ਤੇ ਕਬਜ਼ਾ ਕਰ ਲਿਆ ਸੀ। ਕੁਲਦੀਪ ਸਿੰਘ ਦੇ ਪਰਿਵਾਰ ਕੋਲ ਮਕਾਨ ਦੀ ਮਲਕੀਅਤ ਸਬੰਧੀ ਕੋਈ ਕਾਗਜ਼ ਨਹੀਂ ਸਨ। ਇਸ ਕਾਰਨ ਉਨ੍ਹਾਂ ਨੂੰ ਆਪਣਾ ਘਰ ਵਾਪਸ ਨਾ ਮਿਲਿਆ। ਧਨ ਤੇ ਜਾਇਦਾਦ ਦੀ ਮਨੁੱਖ ਨੂੰ ਅਮਨੁੱਖਤਾ ਤਕ ਲੈ ਜਾਣ ਵਾਲੀ ਪਕੜ। ਇਸ ਗ਼ਮ ਵਿਚ ਡੇਢ ਕੁ ਸਾਲ ਬਾਅਦ ਕੁਲਦੀਪ ਸਿੰਘ ਦੇ ਪਿਤਾ ਨੇ ਖ਼ੁਦਕੁਸ਼ੀ ਕਰ ਲਈ। ਕੁਲਦੀਪ ਸਿੰਘ ਦੀ ਹਥਲੀ ਲਿਖਤ ਵਿਚ ਗੁਰੂ ਨਾਨਕ ਦੇਵ, ਭਗਤ ਕਬੀਰ, ਸ਼ੇਖ ਫ਼ਰੀਦ ਅਤੇ ਸਾਡੇ ਹੋਰ ਰਹਿਬਰਾਂ ਵੱਲੋਂ ਦਿੱਤੇ ਗਏ ਕਿਰਤੀ ਜੀਵਨ ਨੂੰ ਉਚੇਰਾ ਸਮਝਣ ਦੇ ਸੁਨੇਹੇ ਅਤੇ ਲੇਖਕ ਵੱਲੋਂ ਇਸ ਸੰਦੇਸ਼ ਨੂੰ ਅਮਲੀ ਰੂਪ ਵਿਚ ਜਿਉਣ ਦਾ ਸੰਗਮ ਪ੍ਰਤੱਖ ਦਿਖਾਈ ਦਿੰਦਾ ਹੈ।
ਟੈਲੀਵਿਜ਼ਨ ‘ਤੇ ਇਕ ਜਾਣੇ-ਪਛਾਣੇ ਗਿਆਨੀ ਜੀ ਕਥਾ ਕਰ ਰਹੇ ਸਨ। ਮੈਂ ਬੜਾ ਧਿਆਨ ਲਾ ਕੇ ਸੁਣ ਰਿਹਾ ਸਾਂ। ਕਥਾ ਦਾ ਵਿਸ਼ਾ ਵਸਤੂ ਸੀ ਕਿ ਗੁਰਸਿੱਖ ਦਾ ਆਦਰਸ਼ਕ ਜੀਵਨ ਕਿਵੇਂ ਦਾ ਹੋਣਾ ਚਾਹੀਦਾ ਹੈ। ਗਿਆਨੀ ਜੀ ਗੁਰਬਾਣੀ ਸ਼ਬਦਾਂ ਦੇ ਮੁਤਾਬਿਕ ਢੁੱਕਵੀਆਂ ਦਲੀਲਾਂ ਵੀ ਦੇ ਰਹੇ ਸਨ। ਉਨ੍ਹਾਂ ਦੇ ਬਚਨ ਸੁਣ-ਸੁਣ ਕੇ ਮੇਰਾ ਹਿਰਦਾ ਦ੍ਰਵਦਾ ਜਾ ਰਿਹਾ ਸੀ। ਬੜੇ ਭਾਵਪੂਰਤ ਸ਼ਬਦਾਂ ਵਿਚ ਉਪਦੇਸ਼ ਕਰਦਿਆਂ ਕਰਦਿਆਂ ਅਚਨਚੇਤ ਉਨ੍ਹਾਂ ਦੀ ਸੁਰ ਇਸ ਪਾਸੇ ਤੁਰ ਪਈ ਕਿ ਗੁਰਸਿੱਖ ਲਈ ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦੀ ਉੱਠ ਕੇ ਇਸ਼ਨਾਨ ਪਾਣੀ ਕਰਨ ਤੋਂ ਬਾਅਦ ਪੰਜ ਬਾਣੀਆਂ ਦਾ ਨਿੱਤਨੇਮ ਕੀਤੇ ਬਿਨਾ ਛਕਿਆ ਪ੍ਰਸ਼ਾਦਾ ਜ਼ਹਿਰ ਬਣ ਜਾਂਦਾ ਹੈ; ਜੋ ਲੋਕ ਇਸ ਹੁਕਮ ‘ਤੇ ਅਮਲ ਨਹੀਂ ਕਰਦੇ, ਉਨ੍ਹਾਂ ਦਾ ਜੀਵਨ ਫਿਟਕਾਰ ਯੋਗ ਹੈ; ਅਜਿਹੇ ਲੋਕ ਮਨੁੱਖਾ ਸਰੀਰ ਵਿਚ ਪਸ਼ੂ ਦੇ ਵਾਂਗ ਹਨ; ਜੇਕਰ ਤੁਸੀਂ ਇਸ ਜੀਵਨ ਨੂੰ ਸਫ਼ਲ ਕਰਨਾ ਚਾਹੁੰਦੇ ਹੋ ਤਾਂ ਹੋਰ ਸਾਰੇ ਕੰਮ ਨਿਹਫ਼ਲ ਜਾਣ ਕੇ ਕੇਵਲ ਅੰਮ੍ਰਿਤ ਵੇਲੇ ਦੀ ਸੰਭਾਲ ਵਿਚ ਜੁਟ ਜਾਓ।
ਇਸ ਤੋਂ ਬਾਅਦ ਉਹ ਸਵੇਰੇ ਤਿੰਨ, ਚਾਰ ਅਤੇ ਪੰਜ ਵਜੇ ਉੱਠਣ ਦੇ ਹਿਸਾਬ ਨਾਲ ਸੱਚਖੰਡ ਦੀਆਂ ਸੀਟਾਂ ਵੰਡਣ ਲੱਗ ਪਏ। ਉਨ੍ਹਾਂ ਦੇ ਬਚਨਾਂ ਮੁਤਾਬਿਕ ਇਸ ਜੀਵਨ ਢੰਗ ਤੋਂ ਵਿਰਵੇ ਲੋਕ ਨਖਿੱਧ ਜੀਵਨ ਵਾਲੇ ਹਨ ਤੇ ਸਿੱਖ ਅਖਵਾਉਣ ਦੇ ਲਾਇਕ ਵੀ ਨਹੀਂ ਹਨ। ਇਸ ਸਾਰੀ ਵਾਰਤਾ ਨੂੰ ਸੁਣਦਿਆਂ ਮੇਰੇ ਦਿਲ ਨੂੰ ਡੋਬੂ ਪੈਣ ਲੱਗੇ।
ਮੈਨੂੰ ਭਾਵੇਂ ਅੰਮ੍ਰਿਤਧਾਰੀ ‘ਅਖਵਾਉਂਦਿਆਂ’ ਲਗਭਗ ਤੀਹ ਕੁ ਵਰ੍ਹੇ ਹੋ ਚੁੱਕੇ ਹਨ ਪਰ ਮੈਨੂੰ ਇਹ ਗੱਲ ਬੜੀ ਚੁਭ ਰਹੀ ਸੀ ਕਿ ਮੇਰੇ ਵਰਗੇ ਲੱਖਾਂ ਕਿਰਤੀ, ਜਿਹੜੇ ਸਾਰਾ ਦਿਨ ਹੱਡ-ਭੰਨਵੀਂ ਮਿਹਨਤ ਕਰ ਕੇ ਮਸਾਂ ਟੱਬਰ ਦਾ ਢਿੱਡ ਭਰਦੇ ਨੇ, ਉਹ ਸਾਰੇ ਹੀ ਇਸ ਕਸੌਟੀ ‘ਤੇ ਲਾਇਆਂ ਗਿਆਨੀ ਜੀ ਵਾਲੇ ‘ਅਖੌਤੀ ਸੱਚਖੰਡ’ ਦੀਆਂ ਰਾਖਵੀਆਂ ਸੀਟਾਂ ਤੋਂ ਵਾਂਝੇ ਰਹਿ ਜਾਣਗੇ ਕਿਉਂਕਿ ਅਨਿਸ਼ਚਿਤ ਘੰਟਿਆਂ ਦੀ ਕਿਰਤ ਤੋਂ ਬਾਅਦ ਜਦੋਂ ਕਿਰਤੀਆਂ ਨੂੰ ਲੱਕ ਸਿੱਧਾ ਕਰਨ ਲਈ ਬਿਸਤਰਾ ਮਿਲਦਾ ਹੈ ਤਾਂ ਅੱਖ ਖੁੱਲ੍ਹਣ ਤਕ ਅਕਸਰ ਇਨ੍ਹਾਂ ਰਾਖ਼ਵੀਆਂ ਸੀਟਾਂ ਵਾਲਾ ਸਮਾਂ ਲੰਘ ਚੁੱਕਾ ਹੁੰਦਾ ਹੈ। ਉੱਤੋਂ ਸਿਤਮ ਇਹ ਕਿ ਕਿਰਤੀਆਂ ਦੀਆਂ ਮੁਸ਼ਕਿਲਾਂ ਤੋਂ ਅਣਜਾਣ ਚਿਟਕੱਪੜੀਏ ਕਥਾਕਾਰ ਨਿਸ਼ਚਿਤ ਗਿਣਤੀ ਵਾਲੀਆਂ ਬਾਣੀਆਂ ਦੀ ਲਾਜ਼ਮੀਅਤ ਵਾਲੀ ਸ਼ਰਤ ਨੂੰ ਪੂਰਾ ਕੀਤੇ ਬਿਨਾ ਬਹੁਗਿਣਤੀ ਕਿਰਤੀਆਂ ਨੂੰ ਸਿੱਖੀ ਦੇ ਪਾਂਧੀ ਵੀ ਮੰਨਣ ਲਈ ਤਿਆਰ ਨਹੀਂ।
ਖ਼ੈਰ! ਇਸ ‘ਅਖੌਤੀ ਸੱਚਖੰਡ’ ਦੀ ਸੀਟ ਖੁੱਸਣ ਦੇ ਡਰ ਵਿਚ ਲਿੱਸੇ ਹੁੰਦੇ ਜਾ ਰਹੇ ਮੇਰੇ ਮਨ ਨੂੰ ਅਚਨਚੇਤ ਹੀ ਕਿਰਤੀ ਵਰਗ ਦੇ ਚਾਨਣ ਮੁਨਾਰੇ ਕਬੀਰ ਸਾਹਿਬ ਜੀ ਦੇ ਬਚਨ ਚੇਤੇ ਆ ਗਏ:
ਮੋ ਗਰੀਬ ਕੀ ਕੋ ਗੁਜਰਾਵੈ॥
ਮਜਲਸਿ ਦੂਰਿ ਮਹਲੁ ਕੋ ਪਾਵੈ॥
ਇਨ੍ਹਾਂ ਬਚਨਾਂ ਨੇ ਮੇਰੀ ਸੁਰਤ ਧਰਤ ਮੰਡਲ ਵੱਲ ਲੈ ਆਂਦੀ ਅਤੇ ਇਹ ਜਤਾ ਦਿੱਤਾ ਕਿ ਉਪਰੋਕਤ ‘ਸੱਚਖੰਡ’ ਤਾਂ ਸਾਨੂੰ ਹਰਗਿਜ਼ ਨਹੀਂ ਮਿਲ ਸਕਦਾ। ਸੋਚਾਂ ਵਿਚ ਗ਼ਲਤਾਨ ਹੋ ਕੇ ਜਦੋਂ ਮੈਂ ਆਪਣੀ ਨਿੱਤ ਦੀ ਕਾਰ ‘ਤੇ ਝਾਤ ਮਾਰੀ ਤਾਂ ਜਿਹੜਾ ਦ੍ਰਿਸ਼ ਦਿੱਸਿਆ, ਉਸ ਨੇ ਮੈਨੂੰ ਝੁਣਝੁਣੀ ਛੇੜ ਦਿੱਤੀ। ਅਸੀਂ ਤਾਂ ਗਿਆਨੀ ਜੀ ਦੀਆਂ ਵਰਣਨ ਕੀਤੀਆਂ ਉਕਤ ਸ਼ਰਤਾਂ ਦੇ ਪਾਸਕੂ ਵੀ ਨਹੀਂ ਹਾਂ। ਪਿਛਲੇ ਪੈਂਤੀ ਸਾਲਾਂ ਦੇ ਕਿਰਤੀ ਜੀਵਨ ਦੀ ਰੁਟੀਨ ਦੇ ਮੁਤਾਬਿਕ ਜੋ ਨਜ਼ਰੀਂ ਆਇਆ, ਉਹ ਨਿਮਨਲਿਖਤ ਹੈ:
ਸਵੇਰੇ ਉੱਠ ਕੇ ਇਸ਼ਨਾਨ ਤੋਂ ਲੈ ਕੇ ਕੇਸਾਂ ਦੀ ਸੰਭਾਲ ਤਕ ਇਕ ਘੰਟਾ ਲੱਗ ਜਾਂਦਾ ਹੈ। ਜਪੁ ਬਾਣੀ ਦੀ ਸਮਾਪਤੀ ਹੁੰਦਿਆਂ ਤਕ ਦੀਵਾਰ ਘੜੀ ਸਕੂਲ ਦੇ ਬੱਚਿਆਂ ਨੂੰ ਲੈ ਕੇ ਨਿਕਲਣ ਲਈ ਇਸ਼ਾਰਾ ਕਰਨ ਲੱਗ ਪੈਂਦੀ ਹੈ। ਇਸ ਤੋਂ ਬਾਅਦ ਸਿਲਸਿਲਾ ਸ਼ੁਰੂ ਹੁੰਦਾ ਹੈ ਰੋਜ਼ ਦੇ ਤੇਲ ਖਰਚ ਲਈ ਸਵਾਰੀਆਂ ਲੱਭਣ ਵਾਲੀ ਦੌੜ-ਭੱਜ ਦਾ। ਕਦੋਂ ਦੁਬਾਰਾ ਸਕੂਲ ਜਾਣ ਦਾ ਟਾਈਮ ਹੋ ਜਾਂਦਾ ਹੈ, ਪਤਾ ਹੀ ਨਹੀਂ ਲੱਗਦਾ। ਦੁਪਹਿਰ ਵੇਲੇ ਬੇਵਕਤ ਜੁੜੇ ਖਾਣੇ ਤੋਂ ਬਾਅਦ ਫੇਰ ਢਿੱਡ ਦੇ ਝਮੇਲੇ ਸ਼ੁਰੂ ਹੋ ਜਾਂਦੇ ਹਨ। ਇੰਨੇ ਖਲਜਗਣ ਤੋਂ ਬਾਅਦ ਵੀ ਸਾਰੀ ਉਮਰ ਦੋ ਡੰਗ ਦੀ ਰੋਟੀ ਦੇ ਜੁਗਾੜ ਵਿਚ ਹੀ ਲੰਘ ਗਈ। ਨਾ ਕਦੇ ਆਪਾਂ ਤਿੰਨ, ਚਾਰ ਜਾਂ ਪੰਜ ਵਜੇ ਵਾਲੇ ਅਭਿਆਸੀ ਬਣ ਸਕੇ ਤੇ ਨਾ ਹੀ ਬਾਣੀ ਦੇ ਰਸਮੀ ਪਠਨ ਪਾਠਨ ਦੀਆਂ ਗਿਣਤੀਆਂ-ਮਿਣਤੀਆਂ ਵਿਚ ਪੂਰੇ ਉਤਰ ਸਕੇ। ਪਰਮੇਸ਼ਰ ਨੇ ਜਿਹੜਾ ਢਿੱਡ ਲਾਇਆ, ਉਸ ਨੇ ਇਹੋ ਜਿਹੇ ਚੱਕਰ ਵਿਚ ਫਸਾਇਆ ਕਿ ‘ਨਾਨਕ ਸੋ ਪ੍ਰਭੁ ਸਿਮਰੀਐ’ ਦਾ ਹੁਕਮ ਤਾਂ ਭੁੱਲ ਗਿਆ ਤੇ ‘ਤਿਸੁ ਦੇਹੀ ਕਉ ਪਾਲਿ॥’ ਦੇ ਆਹਰ ਵਿਚ ਹੀ ਲੱਗੇ ਰਹੇ।
ਸ਼ਾਇਦ ਇਹ ਕਿਸੇ ਨੂੰ ਅਤਿਕਥਨੀ ਵੀ ਮਹਿਸੂਸ ਹੋ ਸਕਦੀ ਹੈ ਪਰ ਕਿਰਤੀਆਂ ਲਈ ਇਹ ਜੀਵਨ-ਸੰਘਰਸ਼ ਦਾ ਹਿੱਸਾ ਹੈ।
ਮੇਰਾ ਮਕਸਦ ਸਿਰਫ਼ ਆਪਣੀਆਂ ਨਿੱਜੀ ਦੁਸ਼ਵਾਰੀਆਂ ਦਾ ਵੇਰਵਾ ਦੱਸਣਾ ਨਹੀਂ ਹੈ। ਲਗਭਗ ਸਾਰੇ ਕਿਰਤੀ ਗੁਰਸਿੱਖਾਂ ਨੂੰ ਇਸੇ ਤਰ੍ਹਾਂ ਦੇ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚਾਹੇ ਉਹ ਡਰਾਈਵਰੀ ਕਰ ਰਹੇ ਜਾਂ ਸੁਰੱਖਿਆ ਗਾਰਡ ਬਣ ਕੇ ਜੀਵਨ ਨਿਰਬਾਹ ਕਰ ਰਹੇ ਹੋਣ ਜਾਂ ਕਈ ਕਈ ਸਿ਼ਫਟਾਂ ਵਾਲੀਆਂ ਡਿਊਟੀਆਂ ਕਰ ਰਹੇ ਹੋਣ। ਢਿੱਡ ਭਰਨ ਲਈ ਦਿਨ-ਰਾਤ ਦੀ ਪਰਵਾਹ ਕੀਤੇ ਬਿਨਾਂ ਠੇਡੇ ਖਾਂਦਿਆਂ ਵੀ ਜੇਕਰ ਜਿ਼ਆਦਾਤਰ ਗੁਰਸਿੱਖ ਕਿਰਤੀਆਂ ਦੀ ਸੋਚ ਵਿਚ ਸਿੱਖੀ ਦੀ ਕਣੀ ਬਰਕਰਾਰ ਹੈ ਤਾਂ ਉਸ ਦਾ ਕਾਰਨ ਹੈ ਕਿ ਗੁਰੂ ਨਾਨਕ ਸਾਹਿਬ ਵੱਲੋਂ ਨਿਰੂਪਿਆ ਗੁਰਮਤਿ ਸਿਧਾਂਤ ‘ਕਿਰਤ ਕਰੋ’ ਦਾ ਉਪਦੇਸ਼ ਪਹਿਲਾਂ ਦਿੰਦਾ ਹੈ, ਉਸ ਤੋਂ ਮਗਰੋਂ ‘ਨਾਮ ਜਪੋ’ ਦੀ ਹਦਾਇਤ ਹੈ। ਅਗਲਾ ਹੁਕਮ ਵੰਡ ਛਕਣ ਦਾ ਹੈ। ਬਾਬਾ ਨਾਨਕ ਜੀ ਨੇ ਤਾਂ ਸਾਨੂੰ ਕਿਰਤੀਆਂ ਨੂੰ ਇਨ੍ਹਾਂ ਬਚਨਾਂ ਨੂੰ ਕਮਾ ਲੈਣ ‘ਤੇ ਹੀ ਧਰਮ ਦੇ ਪਾਂਧੀ ਹੋਣ ਦਾ ਦਰਜਾ ਬਖ਼ਸ਼ ਦਿੱਤਾ ਹੈ, ਉਹ ਕਹਿੰਦੇ ਹਨ:
ਘਾਲਿ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ॥
ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਸਿੱਖ ਰਹਿਤ ਮਰਿਆਦਾ ਵਿਚ ਦਰਜ ਸਿੱਖ ਦੀ ਸ਼ਖ਼ਸੀ ਰਹਿਣੀ ਤੋਂ ਇਨਕਾਰੀ ਹਾਂ ਸਗੋਂ ਜਦੋਂ ਅਸੀਂ ਫੁਰਸਤ ਦੇ ਪਲਾਂ ਵਿਚ ਬਹਿ ਕੇ ਬਾਣੀ ਪੜ੍ਹਦੇ ਹਾਂ ਤਾਂ ਸਾਡੀ ਇਹ ਸੋਚ ਹੋਰ ਦ੍ਰਿੜ੍ਹ ਹੁੰਦੀ ਹੈ ਕਿ ਗੁਰੂ ਬਾਬਾ ਜੀ ਸਾਡੇ ਮਾਇਕੀ ਫਿ਼ਕਰਾਂ ਨਾਲ ਲੱਦੇ ਜੀਵਨ ਨੂੰ ਰਸਮੀ ਕਰਮ-ਕਾਂਡਾਂ ਨਾਲ ਹੋਰ ਨਹੀਂ ਸਨ ਲੱਦਣਾ ਚਾਹੁੰਦੇ। ਸੱਚ ਜਾਣਿਓ ਉਦੋਂ ਸਾਡੇ ਸਾਰੇ ਤੌਖ਼ਲੇ ਲੱਥ ਜਾਂਦੇ ਹਨ ਤੇ ਉਦੋਂ ਸਾਨੂੰ ਗੁਰੂ ਬਾਬਾ ਜੀ ਹੋਰ ਵਧੇਰੇ ਆਪਣੇ ਲੱਗਣ ਲੱਗ ਪੈਂਦੇ ਹਨ, ਆਪਣੇ ਵਰਗੇ ਕਿਰਤੀ, ਜਿਹੜੇ ਸਾਡੀਆਂ ਮਜਬੂਰੀਆਂ ਨੂੰ ਵੀ ਜਾਣਦੇ ਹਨ ਤੇ ਸਾਡੀ ਬਾਂਹ ਵੀ ਨਹੀਂ ਛੱਡਦੇ। ਜਦੋਂ ਕਦੇ ਫ਼ੋਕੇ ਗਿਆਨੀਆਂ ਦੇ ਨਿਹੋਰਿਆਂ ਨੂੰ ਸੁਣ ਕੇ ਸਾਡੇ ਮਨ ਡਿੱਕ-ਡੋਲੇ ਖਾਣ ਲੱਗਣ ਤਾਂ ਬਾਣੀ ਦੇ ਰਾਹੀਂ ਧਰਵਾਸ ਵੀ ਮਿਲਦੀ ਹੈ ਕਿ ਜੇ ਗੁਰੂ ਨਾਨਕ ਸਾਹਿਬ ਵਰਗੇ ਰਹਿਬਰ ਸਾਡੇ (ਕਿਰਤੀਆਂ ਦੇ) ਪੱਖ ਵਿਚ ਖੜ੍ਹੇ ਹਨ ਤਾਂ ਸਾਨੂੰ ‘ਅਖੌਤੀ ਸੱਚਖੰਡ’ ਦੀਆਂ ਸੀਟਾਂ ਦੀ ਮੁਥਾਜੀ ਹੀ ਕਿੱਥੇ ਹੈ।
ਇਸ ਵਾਰਤਾ ਰਾਹੀਂ ਮੇਰਾ ਮਕਸਦ ਆਪਣੇ ਆਪ ਨੂੰ ਸਚਿਆਰੇ ਸਾਬਤ ਕਰਨਾ ਨਹੀਂ ਹੈ ਸਗੋਂ ਮੇਰੀ ਪ੍ਰਚਾਰਕਾਂ ਦੇ ਅੱਗੇ ਬੇਨਤੀ ਹੈ ਕਿ ਗੁਰਬਾਣੀ ਦੇ ਉਪਦੇਸ਼ਾਂ ਨੂੰ ਪ੍ਰਚਾਰਨ ਲਈ ਕਿਰਤੀਆਂ ਦੇ ਜੀਵਨ ਨੂੰ ਕੇਂਦਰ ਵਿਚ ਰੱਖ ਕੇ ਵਿਆਖਿਆ ਕਰਨ ਦਾ ਦਸਤੂਰ ਅਪਣਾਓ।
ਇਹ ਠੀਕ ਹੈ ਕਿ ਧਰਮੀ ਮਨੁੱਖ ਦੇ ਜੀਵਨ ਦੇ ਜੀਵਨ ਜਾਚ ਦਾ ਅਕਸ ਘੜਨ ਸਮੇਂ ਮੁੱਢ ਕਦੀਮ ਤੋਂ ਹੀ ਤੜਕੇ ਉੱਠਣ ਦੇ ਉੱਦਮ ਨੂੰ ਵਡਿਆਇਆ ਗਿਆ ਹੈ:
ਪਹਿਲੈ ਪਹਰੈ ਫੁਲੜਾ ਫਲੁ ਭੀ ਪਛਾ ਰਾਤਿ॥
ਜੋ ਜਾਗੰਨਿ ਲਹੰਨਿ ਸੇ ਸਾਈ ਕੰਨੋ ਦਾਤਿ॥
ਭਾਵ, ਰਾਤ ਦੇ ਪਹਿਲੇ ਪਹਿਰ ਦੀ ਬੰਦਗੀ (ਮਾਨੋ) ਸੋਹਣਾ ਜਿਹਾ ਫੁੱਲ ਹੈ, ਫਲ ਅੰਮ੍ਰ੍ਰਤਿ ਵੇਲੇ ਦੀ ਬੰਦਗੀ ਹੀ ਹੋ ਸਕਦੀ ਹੈ; ਜਿਹੜੇ ਬੰਦੇ ਅੰਮ੍ਰਿਤ ਵੇਲੇ ਜਾਗਦੇ ਹਨ, ਉਹ ਪਰਮਾਤਮਾ ਤੋਂ ਬਖ਼ਸ਼ਿਸ਼ ਹਾਸਿਲ ਕਰ ਸਕਦੇ ਹਨ।
ਮੈਂ ਕਲਪਨਾ ਕਰਦਾ ਹਾਂ ਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਸ਼ੇਖ਼ ਫ਼ਰੀਦ ਜੀ ਦੇ ਇਹ ਬਚਨ ਆਏ ਹੋਣਗੇ ਤਾਂ ਉਨ੍ਹਾਂ ਸਾਹਮਣੇ ਭਾਈ ਲਾਲੋ ਜੀ ਵਰਗੇ ਕਿਰਤੀਆਂ ਦਾ ਜੀਵਨ ਸੀ ਤੇ ਨਾਲ ਹੀ ਉਨ੍ਹਾਂ ਕੋਲ ਕਿਰਤੀਆਂ ਦੀ ਆਤਮਿਕ ਜੀਵਨ-ਜਾਚ ਨੂੰ ਘੜਨ ਦੀ ਜੁਗਤ ਵੀ ਸੀ। ਉਹ ਜਾਣਦੇ ਸਨ ਕਿ ਕਿਰਤੀਆਂ ਦੀਆਂ ਦੁਸ਼ਵਾਰੀਆਂ ਹਰ ਸਮੇਂ, ਹਰ ਸਦੀ ਵਿਚ ਇਕੋ ਜਿਹੀਆਂ ਹੀ ਰਹੀਆਂ ਹਨ, ਉਨ੍ਹਾਂ ਨੇ ਆਪਣਾ ਨਜ਼ਰੀਆ ਵੀ ਨਾਲ ਹੀ ਦਰਜ ਕਰ ਦਿੱਤਾ:
ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ॥
ਇਕਿ ਜਾਗੰਦੇ ਨਾ ਲਹਨਿ ਇਕਨਾ ਸੁਤਿਆ ਦੇਇ ਉਠਾਲਿ॥
ਭਾਵ, ਬਖ਼ਸ਼ਿਸ਼ਾਂ ਪਰਮਾਤਮਾ ਦੀਆਂ ਹਨ; ਉਸ ਅੱਗੇ ਕਿਸੇ ਦਾ ਕੀ ਜ਼ੋਰ ਚੱਲ ਸਕਦਾ ਹੈ; ਕਈ (ਅੰਮ੍ਰਿਤ ਵੇਲੇ) ਜਾਗਦੇ ਵੀ ਇਹ ਬਖ਼ਸ਼ਿਸ਼ਾਂ ਨਹੀਂ ਲੈ ਸਕਦੇ ਅਤੇ ਕਈ ਭਾਗਾਂ ਵਾਲਿਆਂ ਨੂੰ ਪਰਮਾਤਮਾ ਜਗਾ ਕੇ ਬਖ਼ਸ਼ਿਸ਼ਾਂ ਦੇ ਦਿੰਦਾ ਹੈ।
ਗੁਰਬਾਣੀ ਦੇ ਉਪਦੇਸ਼ ਸਰਬ ਕਾਲੀ ਅਤੇ ਸਰਬ ਦੇਸ਼ੀ ਹਨ। ਅੱਜ ਦੇ ਮਨੁੱਖ ਦੇ ਜੀਵਨ ਢੰਗ ਵਿਚ ਅਣਗਿਣਤ ਬਦਲਾਉ ਆ ਗਏ ਹਨ, ਚੌਦਾਂ-ਪੰਦਰਾਂ ਘੰਟੇ ਦੀ ਘੋਰ ਮੁਸ਼ੱਕਤ ਕਰਨ ਵਾਲਿਆਂ ਨੂੰ ਧਰਮ ਦੇ ਨਾਂ ‘ਤੇ ਘੋਰ ਕਰਮ-ਕਾਂਡੀ ਰਸਮਾਂ ਵਿਚ ਜੁੜਨ ਨੂੰ ਧਰਮ ਪ੍ਰਚਾਰ ਕਹਿਣਾ ਸਹੀ ਨਹੀਂ ਲੱਗਦਾ। ਪ੍ਰਚਾਰਕਾਂ ਨੂੰ ਕਿਰਤੀਆਂ ਦੇ ਮਨਾਂ ਅੰਦਰ ਅਪਰਾਧ ਬੋਧ ਪੈਦਾ ਕਰਨ ਦੀ ਥਾਂ ‘ਤੇ ਗੁਰੂ ਨਾਨਕ ਦੇਵ ਜੀ ਦੀ ਕਿਰਤ, ਮਾਣ-ਸਨਮਾਨ ਦੇਣ ਵਾਲੀ ਪਰੰਪਰਾ ਨੂੰ ਆਪਣਾਉਣਾ ਚਾਹੀਦਾ ਹੈ।
ਧਰਮ ਦੇ ਨਾਂ ‘ਤੇ ਕਰਮ-ਕਾਂਡੀ ਪੱਖ ਨੂੰ ਹੀ ਵਡਿਆਉਣਾ ਤੇ ਕਿਰਤੀਆਂ ਨੂੰ ਛੁਟਿਆ ਕੇ ਉਨ੍ਹਾਂ ਦੇ ਅੰਦਰ ਹੀਣ ਭਾਵਨਾ ਭਰਨਾ ਬਿਪਰ ਦਾ ਪੁਰਾਣਾ ਢੰਗ ਹੈ ਜੋ ਸਦੀਆਂ ਤਕ ਬਿਪਰੀ ਲੁੱਟ ਦਾ ਸੰਦ ਬਣਿਆ ਰਿਹਾ ਹੈ। ਸਿੱਖੀ ਦੇ ਪ੍ਰਚਾਰ ਤੇ ਪਸਾਰ ਲਈ ਯਤਨਸ਼ੀਲ ਧਿਰਾਂ ਨੂੰ ਊਣੇ-ਹੀਣੇ ਲੋਕਾਂ ਨੂੰ ਭੰਡਣ ਦਾ ਵਿਹਾਰ ਤਿਆਗ ਕੇ, ਉਨ੍ਹਾਂ ਦੇ ਰੋਜ਼ਾਨਾ ਜੀਵਨ ‘ਚ ਪੇਸ਼ ਆਉਂਦੀਆਂ ਮੁਸ਼ਕਿਲਾਂ ‘ਤੇ ਧਿਆਨ ਕੇਂਦਰਿਤ ਕਰ ਕੇ ਸਿਧਾਂਤਾਂ ਦਾ ਨਿਰੂਪਣ ਕਰਨਾ ਪਵੇਗਾ। ਕੇਵਲ ਦੋਸ਼ ਆਰੋਪਣ ਵਾਲੀ ਬਿਰਤੀ ਗੁਰਮਤਿ ਸਿਧਾਂਤ ਤੋਂ ਪੂਰੀ ਤਰ੍ਹਾਂ ਜਾਣੂ ਨਾ ਹੋਣ ਵਾਲੀ ਅਵਸਥਾ ਵਿਚ ਵਿਚਰ ਰਹੇ ਕਿਰਤੀਆਂ ਦੇ ਮਨਾਂ ਅੰਦਰ ਅਪਰਾਧ ਬੋਧ ਪੈਦਾ ਕਰ ਕੇ ਉਨ੍ਹਾਂ ਨੂੰ ਸਿੱਖ ਧਰਮ ਤੋਂ ਸਗੋਂ ਹੋਰ ਦੂਰ ਕਰਨ ਦਾ ਕਾਰਨ ਬਣ ਰਹੀ ਹੈ।