ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਜੇਕਰ ਉਹ ਦਿਲੋਂ ਪੰਜਾਬ ਦੇ ਹਿੱਤਾਂ ਦੀ ਰਾਖੀ ਚਾਹੁੰਦੇ ਹਨ ਤਾਂ ਤੁਰਤ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਖੁਦ ਸੂਬੇ ‘ਚੋਂ ਸਨਅਤਾਂ ਖਤਮ ਕਰਨ ਦੀ ਤਿਆਰੀ ਕਰਵਾ ਕੇ ਸੂਬੇ ਨੂੰ ਤਬਾਹੀ ਦੇ ਰਾਹ ਤੋਰ ਰਹੇ ਹਨ।
ਇਸ ਮੌਕੇ ਉਨ੍ਹਾਂ ‘ਆਪ` ਸਰਕਾਰ `ਤੇ 300 ਕਰੋੜ ਰੁਪਏ ਦੇ ਇਸ਼ਤਿਹਾਰ ਘੁਟਾਲੇ ਦਾ ਦੋਸ਼ ਵੀ ਲਾਇਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ‘ਆਪ` ਦਾ ਸਿਆਸੀ ਸੁਨੇਹਾ ਗੁਜਰਾਤ ਸਣੇ ਹੋਰਨਾਂ ਰਾਜਾਂ ਤੱਕ ਪਹੁੰਚਾਉਣ ਲਈ ਜਿਸ ਤਰ੍ਹਾਂ ਪੈਸਾ ਬਰਬਾਦ ਕੀਤਾ ਹੈ, ਸਰਕਾਰ ਕੋਲੋਂ ਉਸ ਦਾ ਹਿਸਾਬ ਮੰਗਿਆ ਜਾਣਾ ਚਾਹੀਦਾ ਹੈ। ਉਨ੍ਹਾਂ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਦੀ ਜਾਂਚ ਦੇ ਹੁਕਮ ਦੇਣ ਅਤੇ ਆਮ ਆਦਮੀ ਪਾਰਟੀ ਤੋਂ ਲੋਕਾਂ ਦੇ 300 ਕਰੋੜ ਰੁਪਏ ਦੀ ਵਸੂਲੀ ਕਰਵਾਉਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੀ ਸਰਕਾਰ ‘ਆਪ` ਹਾਈ ਕਮਾਨ ਦੇ ਹਵਾਲੇ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ‘ਆਪ` ਹਾਈ ਕਮਾਨ ਨੇ ਪੰਜਾਬ ਦਾ ਸਾਰਾ ਸਰਾਬ ਕਾਰੋਬਾਰ ਦਿੱਲੀ ਤੋਂ ਆਪਣੇ ਚਹੇਤਿਆਂ ਹਵਾਲੇ ਕਰ ਕੇ 500 ਕਰੋੜ ਰੁਪਏ ਦਾ ਘੁਟਾਲਾ ਕੀਤਾ ਤੇ ਹੁਣ ਪੰਜਾਬ ਵਿਚ ਰੀਅਲ ਅਸਟੇਟ ਕਾਰੋਬਾਰ `ਤੇ ਕਬਜ਼ਾ ਕਰਨ ਲਈ ਸਾਬਕਾ ਐਡੀਸ਼ਨਲ ਚੀਫ ਸੈਕਟਰੀ ਤੇ ਅਰਵਿੰਦ ਕੇਜਰੀਵਾਲ ਦੇ ਚਹੇਤੇ ਸੱਤਿਆ ਗੋਪਾਲ ਨੂੰ ਰੇਰਾ ਪੰਜਾਬ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।
ਚੋਣਾਂ ਦੌਰਾਨ ਇਸ਼ਤਿਹਾਰਾਂ `ਤੇ ਖਰਚਿਆ ਸਰਕਾਰੀ ਪੈਸਾ ਮੋੜੇ ‘ਆਪ’: ਬਾਜਵਾ
ਚੰਡੀਗੜ੍ਹ: ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ‘ਤੇ ਦੋਸ਼ ਲਾਇਆ ਹੈ ਕਿ ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਸਮੇਤ ਹੋਰਨਾਂ ਰਾਜਾਂ ਵਿਚ ਪਾਰਟੀ ਦੇ ਵਿਸਥਾਰ ਲਈ ‘ਆਪ‘ ਵੱਲੋਂ ਲਾਪਰਵਾਹੀ ਨਾਲ ਸਰਕਾਰੀ ਖ਼ਜ਼ਾਨੇ ਦੀ ਵਰਤੋਂ ਕੀਤੀ ਗਈ ਹੈ। ਇਸ ਮੌਕੇ ਦਿੱਲੀ ਦੇ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਵੱਲੋਂ 2016 ਵਿਚ ਕਥਿਤ ਤੌਰ ‘ਤੇ ਸਿਆਸੀ ਇਸ਼ਤਿਹਾਰਾਂ ਨੂੰ ਸਰਕਾਰੀ ਇਸ਼ਤਿਹਾਰਾਂ ਵਜੋਂ ਪ੍ਰਕਾਸ਼ਿਤ ਕਰਨ ਲਈ ਦਿੱਲੀ ਦੇ ਮੁੱਖ ਸਕੱਤਰ ਨੂੰ ‘ਆਪ‘ ਤੋਂ 97 ਕਰੋੜ ਰੁਪਏ ਵਸੂਲਣ ਸਬੰਧੀ ਦਿੱਤੇ ਨਿਰਦੇਸ਼ਾਂ ਦਾ ਹਵਾਲਾ ਦਿੰਦਿਆਂ ਸ੍ਰੀ ਬਾਜਵਾ ਨੇ ਮੰਗ ਕੀਤੀ ਹੈ ਕਿ ‘ਆਪ‘ ਸਰਕਾਰ ਵੱਲੋਂ ਗੁਜਰਾਤ ਤੇ ਹਿਮਾਚਲ ਚੋਣਾਂ ਦੌਰਾਨ ਇਸ਼ਤਿਹਾਰਾਂ ਲਈ ਸੂਬੇ ਦੇ ਖਜ਼ਾਨੇ ਵਿਚੋਂ ਕੀਤਾ ਗਿਆ ਖਰਚ ਹੁਣ ਪਾਰਟੀ ਦੇ ਖਾਤੇ ਵਿਚੋਂ ਮੋੜਿਆ ਜਾਵੇ।