ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੇ ਪਟਿਆਲਾ ਜੇਲ੍ਹ ਵਿਚੋਂ 26 ਜਨਵਰੀ ਨੂੰ ਰਿਹਾਈ ਹੋਣ ਦੇ ਚਰਚੇ ਛਿੜੇ ਹਨ। ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਮੱਦੇਨਜ਼ਰ ਕੇਂਦਰ ਸਰਕਾਰ ਵੱਲੋਂ ਜੇਲ੍ਹਾਂ ‘ਚੋਂ ਕੈਦੀਆਂ ਦੀ ਰਿਹਾਈ ਲਈ ਵਿਸ਼ੇਸ਼ ਛੋਟਾਂ ਅਤੇ ਹਦਾਇਤਾਂ ਜਾਰੀ ਕੀਤੀਆਂ ਹਨ ਜਿਨ੍ਹਾਂ ਦੇ ਤਹਿਤ ਨਵਜੋਤ ਸਿੱਧੂ ਦੀ ਰਿਹਾਈ ਹੋਣੀ ਵੀ ਯਕੀਨੀ ਦੱਸੀ ਜਾ ਰਹੀ ਹੈ।
ਨਵਜੋਤ ਸਿੱਧੂ ਦੀ ਸੰਭਾਵੀ ਰਿਹਾਈ ਨੂੰ ਲੈ ਕੇ ਕਾਂਗਰਸ ਪਾਰਟੀ ਵਿਚ ਵੀ ਘੁਸਰ-ਮੁਸਰ ਸ਼ੁਰੂ ਹੋ ਗਈ ਹੈ ਅਤੇ ਹਾਕਮ ਧਿਰ ਵੀ ਸਥਿਤੀ ਨੂੰ ਨੇੜਿਓਂ ਦੇਖ ਰਹੀ ਹੈ। ਪਿਛਲੇ ਦਿਨੀਂ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀ ਪਟਿਆਲਾ ਜੇਲ੍ਹ ਵਿਚ ਨਵਜੋਤ ਸਿੱਧੂ ਨਾਲ ਮੁਲਾਕਾਤ ਕੀਤੀ ਸੀ। ਵਿਦੇਸ਼ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਵੀ ਪਰਤ ਆਏ ਹਨ।
ਦੂਜੇ ਪਾਸੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੀ ਭਾਰਤ ਜੋੜੋ ਯਾਤਰਾ ਦੇ ਸਿਲਸਿਲੇ ਵਿਚ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਤਾਜਪੋਸ਼ੀ ਬਹਾਨੇ ਜ਼ਿਲ੍ਹਿਆਂ ਵਿਚ ਜਾ ਰਹੇ ਹਨ। ਚੇਤੇ ਰਹੇ ਕਿ ਜਦੋਂ ਅਮਰਿੰਦਰ ਸਿੰਘ ਉਰਫ ਰਾਜਾ ਵੜਿੰਗ ਦੇ ਤਾਜਪੋਸ਼ੀ ਸਮਾਗਮ ਸਨ ਤਾਂ ਉਦੋਂ ਨਵਜੋਤ ਸਿੱਧੂ ਨੇ ਹਾਜ਼ਰੀ ਨਹੀਂ ਭਰੀ ਸੀ। ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਅੰਦਰੋਂ ਤੌਖਲਾ ਹੈ ਕਿ ਨਵਜੋਤ ਸਿੱਧੂ ਦੇ ਜੇਲ੍ਹ ਤੋਂ ਬਾਹਰ ਆਉਣ ਮਗਰੋਂ ਪੰਜਾਬ ਕਾਂਗਰਸ ਵਿਚ ਨਵੀਂ ਸਫ਼ਬੰਦੀ ਸ਼ੁਰੂ ਹੋ ਜਾਵੇਗੀ।
ਅਹਿਮ ਸੂਤਰਾਂ ਅਨੁਸਾਰ ਸਾਬਕਾ ਵਿਧਾਇਕਾ ਤੇ ਨਵਜੋਤ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਵੱਲੋਂ ਇਸ ਬਾਰੇ ਪੰਜਾਬ ਸਰਕਾਰ ਤੱਕ ਪਹੁੰਚ ਵੀ ਕੀਤੀ ਗਈ ਸੀ। ਸੂਤਰ ਦੱਸਦੇ ਹਨ ਕਿ ਡਾ. ਨਵਜੋਤ ਕੌਰ ਵੱਲੋਂ ਆਪਣੇ ਪਤੀ ਨਵਜੋਤ ਸਿੱਧੂ ਦੀ ਰਿਹਾਈ ਬਾਰੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਵੀ ਪੱਤਰ ਲਿਖਿਆ ਗਿਆ ਸੀ। ਪਤਾ ਲੱਗਾ ਹੈ ਕਿ ਜੇਲ੍ਹ ਵਿਭਾਗ ਵੱਲੋਂ 26 ਜਨਵਰੀ ਨੂੰ ਕਰੀਬ 50 ਕੈਦੀਆਂ ਨੂੰ ਰਿਹਾਅ ਕਰਨ ਦੀ ਸੂਚੀ ਤਿਆਰ ਕੀਤੀ ਗਈ ਹੈ ਜਿਸ ਵਿਚ ਨਵਜੋਤ ਸਿੱਧੂ ਦਾ ਨਾਮ ਵੀ ਸ਼ਾਮਲ ਹੈ।
ਨਵਜੋਤ ਸਿੱਧੂ ਦੇ ਨੇੜਲਿਆਂ ਨੇ ਸਿੱਧੂ ਦੀ ਰਿਹਾਈ ਮੌਕੇ ਸਵਾਗਤ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪਟਿਆਲਾ ਜੇਲ੍ਹ ਦੇ ਪ੍ਰਸ਼ਾਸਨ ਵੱਲੋਂ ਨਵਜੋਤ ਸਿੱਧੂ ਦੇ ਚੰਗੇ ਆਚਰਨ ਬਾਰੇ ਵੀ ਆਪਣੀ ਰਿਪੋਰਟ ਦੇ ਦਿੱਤੀ ਗਈ ਹੈ। ਨਵਜੋਤ ਸਿੱਧੂ ਮਈ ਮਹੀਨੇ ਵਿਚ ਪਟਿਆਲਾ ਜੇਲ੍ਹ ਵਿਚ ਗਏ ਸਨ ਅਤੇ ਕਲਰਕ ਵਜੋਂ ਜੇਲ੍ਹ ਵਿਚ ਡਿਊਟੀ ਨਿਭਾ ਰਹੇ ਹਨ। ਕੇਂਦਰੀ ਗ੍ਰਹਿ ਮੰਤਰਾਲੇ ਨੇ 10 ਜੂਨ 2022 ਨੂੰ ਚੰਗੇ ਆਚਰਨ ਵਾਲੇ ਕੈਦੀਆਂ ਦੀ ਰਿਹਾਈ ਬਾਰੇ ਵਿਸਥਾਰਤ ਹਦਾਇਤਾਂ ਜਾਰੀ ਕੀਤੀਆਂ ਸਨ ਜਿਨ੍ਹਾਂ ਦਾ ਲਾਭ ਨਵਜੋਤ ਸਿੱਧੂ ਨੂੰ ਵੀ ਮਿਲਣਾ ਤੈਅ ਹੈ। ਨਵਜੋਤ ਸਿੱਧੂ 27 ਦਸੰਬਰ 1988 ਵਿਚ ਪਟਿਆਲਾ ਵਿਚ ਵਾਪਰੀ ਇਕ ਘਟਨਾ ਦੇ ਮਾਮਲੇ ਵਿਚ ਪਟਿਆਲਾ ਜੇਲ੍ਹ ਵਿਚ ਹੁਣ ਇਕ ਸਾਲ ਦੀ ਸਜ਼ਾ ਕੱਟ ਰਹੇ ਹਨ। ਨਵਜੋਤ ਸਿੱਧੂ ਨੇ ਜੇਲ੍ਹ ਦੌਰਾਨ ਕੋਈ ਛੁੱਟੀ ਵੀ ਨਹੀਂ ਲਈ ਹੈ। ਪੰਜਾਬ ਸਰਕਾਰ ਵੀ ਨਵਜੋਤ ਸਿੱਧੂ ਦੀ ਰਿਹਾਈ ਦੇ ਮਾਮਲੇ ਵਿਚ ਕੋਈ ਸਿਆਸੀ ਵਿਵਾਦ ਨਹੀਂ ਛੇੜਨਾ ਚਾਹੁੰਦੀ ਹੈ ਜਿਸ ਦਾ ਨਵਜੋਤ ਸਿੱਧੂ ਨੂੰ ਸਿਆਸੀ ਲਾਭ ਮਿਲਦਾ ਹੋਵੇ। ਪੰਜਾਬ ਸਰਕਾਰ ਇਸ ਰਿਹਾਈ ਦੇ ਰਾਹ ਵਿਚ ਅੜਿੱਕਾ ਪਾਉਣ ਤੋਂ ਵੀ ਗੁਰੇਜ਼ ਕਰ ਰਹੀ ਹੈ ਕਿਉਂਕਿ ਇਸ ਦਾ ਨਵਜੋਤ ਸਿੱਧੂ ਨੂੰ ਸਿੱਧਾ ਰਾਜਸੀ ਫ਼ਾਇਦਾ ਹੋਵੇਗਾ। ਹੋ ਸਕਦਾ ਹੈ ਕਿ ਕੇਂਦਰੀ ਹਦਾਇਤਾਂ ਮਗਰੋਂ ਸਰਕਾਰ ਨੇ ਨਵਜੋਤ ਸਿੱਧੂ ਦੀ ਰਿਹਾਈ ਦਾ ਰਾਹ ਪੱਧਰਾ ਕੀਤਾ ਹੋਵੇ।