ਕਰੋਨਾ ਵਾਇਰਸ ਦੀ ਮੁੜ ਦਸਤਕ ਪਿੱਛੋਂ ਚੌਕਸ ਹੋਇਆ ਭਾਰਤ

ਨਵੀਂ ਦਿੱਲੀ: ਚੀਨ ਸਣੇ ਕੁਝ ਹੋਰ ਦੇਸ਼ਾਂ ਵਿਚ ਕਰੋਨਾ ਵਾਇਰਸ ਦੀ ਤਬਾਹੀ ਨੂੰ ਵੇਖਦੇ ਹੋਏ ਭਾਰਤ ਵਿਚ ਵੀ ਚੌਕਸੀ ਵਰਤਣ ਦੇ ਹੁਕਮ ਦਿੱਤੇ ਗਏ ਹਨ। ਭਾਰਤ ਸਰਕਾਰ ਨੇ ਚੀਨ, ਜਾਪਾਨ, ਦੱਖਣੀ ਕੋਰੀਆ, ਸਿੰਗਾਪੁਰ ਅਤੇ ਥਾਈਲੈਂਡ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਵਿਚ ਕੋਵਿਡ-19 ਦਾ ਪਤਾ ਲਗਾਉਣ ਲਈ ਉਨ੍ਹਾਂ ਦਾ ਆਰ.ਟੀ-ਪੀ.ਸੀ.ਆਰ. ਟੈਸਟ ਜਰੂਰੀ ਕਰ ਦਿੱਤਾ ਹੈ। ਇਨ੍ਹਾਂ ਮੁਲਕਾਂ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਦੀ ਹਵਾਈ ਅੱਡਿਆਂ ‘ਤੇ ਥਰਮਲ ਜਾਂਚ ਕੀਤੀ ਜਾਵੇਗੀ ਅਤੇ ਜਿਨ੍ਹਾਂ ਯਾਤਰੀਆਂ ‘ਚ ਕੋਵਿਡ-19 ਦੇ ਲੱਛਣ ਜਾਂ ਬੁਖਾਰ ਪਾਇਆ ਗਿਆ, ਉਨ੍ਹਾਂ ਨੂੰ ਇਕਾਂਤਵਾਸ ਕੀਤਾ ਜਾਵੇਗਾ। ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਵਾਸਤੇ ਸਿਹਤ ਸਬੰਧੀ ਜਾਣਕਾਰੀ ਸਾਂਝੀ ਕਰਨ ਲਈ ‘ਏਅਰ ਸੁਵਿਧਾ‘ ਫਾਰਮ ਭਰਨਾ ਜਰੂਰੀ ਹੋਵੇਗਾ।

ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਆਲਮੀ ਪੱਧਰ ‘ਤੇ ਕਰੋਨਾ ਦੇ ਕੇਸਾਂ ‘ਚ ਵਾਧਾ ਹੋਣ ਦਾ ਗੰਭੀਰ ਨੋਟਿਸ ਲੈਂਦਿਆਂ ਆਖਿਆ ਹੈ ਕਿ ਮਹਾਮਾਰੀ ਨਾਲ ਨਜਿੱਠਣ ਲਈ ਕੇਂਦਰ ਤੇ ਰਾਜਾਂ ਨੂੰ ਪਹਿਲਾਂ ਦੀ ਤਰ੍ਹਾਂ ਮਿਲ ਕੇ ਕੰਮ ਕਰਨ ਦੀ ਜਰੂਰਤ ਹੈ। ਉਨ੍ਹਾਂ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਆਕਸੀਜਨ ਪਲਾਂਟਾਂ, ਵੈਂਟੀਲੇਟਰਾਂ, ਸਾਜੋ-ਸਾਮਾਨ ਅਤੇ ਮਨੁੱਖੀ ਸਰੋਤਾਂ ‘ਤੇ ਵਿਸ਼ੇਸ਼ ਧਿਆਨ ਦੇਣ ਦੇ ਨਾਲ ਨਾਲ ਬੁਨਿਆਦੀ ਢਾਂਚੇ ਦੀ ਤਿਆਰੀ ਯਕੀਨੀ ਬਣਾਉਣ ਲਈ ਸਾਰੀਆਂ ਸਿਹਤ ਸਹੂਲਤਾਂ ‘ਚ ਮੌਕ ਡਰਿੱਲ ਕਰਨ ਦੀ ਸਲਾਹ ਦਿੱਤੀ ਹੈ। ਕੇਂਦਰੀ ਮੰਤਰੀ ਨੇ ਰਾਜਾਂ ਦੇ ਸਿਹਤ ਮੰਤਰੀਆਂ, ਪ੍ਰਿੰਸੀਪਲ ਸਕੱਤਰਾਂ, ਵਧੀਕ ਮੁੱਖ ਸਕੱਤਰਾਂ ਤੇ ਸੂਚਨਾ ਕਮਿਸ਼ਨਰਾਂ ਨਾਲ ਆਨਲਾਈਨ ਮੀਟਿੰਗ ਦੌਰਾਨ ਕਿਹਾ ਕਿ ਦੇਸ਼ ਨੂੰ ਚੌਕਸ ਰਹਿਣ ਤੇ ਕਰੋਨਾ ਵਾਇਰਸ ਨਾਲ ਨਜਿੱਠਣ ਲਈ ਪੂਰੀਆਂ ਤਿਆਰੀਆਂ ਰੱਖਣ ਦੀ ਜਰੂਰਤ ਹੈ। ਚੀਨ, ਜਪਾਨ, ਬ੍ਰਾਜੀਲ ਤੇ ਅਮਰੀਕਾ ‘ਚ ਪਿੱਛੇ ਜਿਹੇ ਕਰੋਨਾ ਦੇ ਕੇਸਾਂ ‘ਚ ਵਾਧੇ ਦੇ ਮੱਦੇਨਜ਼ਰ ਹੋਈ ਇਸ ਮੀਟਿੰਗ ‘ਚ ਕੇਂਦਰੀ ਸਿਹਤ ਰਾਜ ਮੰਤਰੀ ਭਾਰਤੀ ਪ੍ਰਵੀਨ ਪਵਾਰ, ਨੀਤੀ ਆਯੋਗ ਦੇ ਮੈਂਬਰ ਵੀਕੇ ਪੌਲ ਵੀ ਹਾਜਰ ਸਨ। ਮੀਟਿੰਗ ਦੌਰਾਨ ਕਰੋਨਾ ਨਾਲ ਨਜਿੱਠਣ ਦੀਆਂ ਤਿਆਰੀਆਂ ਤੇ ਕਰੋਨਾ ਰੋਕੂ ਟੀਕਾਕਰਨ ਮੁਹਿੰਮ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ।
ਇਸ ਸਬੰਧੀ ਜਾਰੀ ਕੀਤੇ ਗਏ ਅਧਿਕਾਰਤ ਬਿਆਨ ਅਨੁਸਾਰ ਰਾਜਾਂ ਨੂੰ ਅਗਾਊਂ ਤਿਆਰੀ ਰੱਖਣ ਲਈ ਕਿਹਾ ਗਿਆ ਹੈ। ਮੰਤਰੀ ਨੇ ਨਾਲ ਹੀ ਸਮੂਹਿਕ ਢੰਗ ਨਾਲ ਸਿਸਟਮ ਨੂੰ ਮੁੜ ਮਜ਼ਬੂਤ ਕਰਨ ਦੀ ਲੋੜ ‘ਤੇ ਵੀ ਜੋਰ ਦਿੱਤਾ। ਉਨ੍ਹਾਂ ਰਾਜਾਂ ਤੇ ਯੂਟੀਜ ਨੂੰ ਆਰ.ਟੀ-ਪੀ.ਸੀ.ਆਰ. ਟੈਸਟ ਵਧਾਉਣ ਅਤੇ ਯੋਗ ਅਬਾਦੀ ਤੇ ਖਾਸ ਬਜ਼ੁਰਗਾਂ ਦਾ ਟੀਕਾਕਰਨ ਵਧਾਉਣ ਦੀ ਸਲਾਹ ਦਿੱਤੀ। ਆਉਣ ਵਾਲੇ ਤਿਉਹਾਰਾਂ ਤੇ ਨਵੇਂ ਸਾਲ ਦੇ ਜਸ਼ਨਾਂ ਨੂੰ ਧਿਆਨ ‘ਚ ਰੱਖਦਿਆਂ ਸਿਹਤ ਮੰਤਰੀ ਨੇ ਲੋਕਾਂ ਨੂੰ ਜਾਗਰੂਕ ਕਰਨ ਦੀਆਂ ਮੁਹਿੰਮਾਂ ਚਲਾਉਣ ਤੇ ਕਰੋਨਾ ਤੋਂ ਬਚਣ ਲਈ ਹਦਾਇਤਾਂ ਦੀ ਪਾਲਣਾ ‘ਤੇ ਜੋਰ ਦਿੱਤਾ। ਮਾਂਡਵੀਆ ਨੇ ਸੂਬਿਆਂ ਦੇ ਸਿਹਤ ਮੰਤਰੀਆਂ ਨੂੰ ਨਿੱਜੀ ਤੌਰ ‘ਤੇ ਸਾਰੇ ਬੁਨਿਆਦੀ ਢਾਂਚੇ ਦੀਆਂ ਤਿਆਰੀਆਂ ਦੀ ਨਿਗਰਾਨੀ ਤੇ ਸਮੀਖਿਆ ਕਰਨ ਅਤੇ ਜਰੂਰੀ ਦਵਾਈਆਂ ਦਾ ਲੋੜੀਂਦਾ ਸਟਾਕ ਯਕੀਨੀ ਬਣਾਉਣ ਲਈ ਕਿਹਾ ਹੈ।
ਭਾਰਤ ਦੀ ਨੱਕ ਵਾਲੀ ਵੈਕਸੀਨ ਮਨਜ਼ੂਰ
ਨਵੀਂ ਦਿੱਲੀ: ‘ਭਾਰਤ ਬਾਇਓਟੈੱਕ` ਦੇ ‘ਇੰਟਰਾਨੇਜ਼ਲ ਕੋਵਿਡ` ਵੈਕਸੀਨ ਨੂੰ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਬੂਸਟਰ ਖੁਰਾਕ ਵਜੋਂ ਵਰਤਣ ਦੀ ਕੇਂਦਰੀ ਸਿਹਤ ਮੰਤਰਾਲੇ ਨੇ ਮਨਜ਼ੂਰੀ ਦੇ ਦਿੱਤੀ ਹੈ। ਅਧਿਕਾਰੀਆਂ ਅਨੁਸਾਰ ਇਸ ਟੀਕੇ `ਚ ਕਿਸੇ ਤਰ੍ਹਾਂ ਦੀ ਸੂਈ ਦੀ ਵਰਤੋਂ ਨਹੀਂ ਹੋਵੇਗੀ ਅਤੇ ਇਸ ਨੂੰ ਨੱਕ ਰਾਹੀਂ ਦਿੱਤਾ ਜਾਵੇਗਾ। ਇਹ ਨਿੱਜੀ ਹਸਪਤਾਲਾਂ `ਚ ਮੁਹੱਈਆ ਹੋਵੇਗੀ। ਇਸ ਨੂੰ ਇਹਤਿਆਤੀ ਖੁਰਾਕ ਵਜੋਂ ਉਨ੍ਹਾਂ ਬਾਲਗਾਂ ਨੂੰ ਦਿੱਤਾ ਜਾ ਸਕਦਾ ਹੈ ਜੋ ਕੋਵੀਸ਼ੀਲਡ ਜਾਂ ਕੋਵੈਕਸੀਨ ਦੀਆਂ ਦੋ ਖੁਰਾਕਾਂ ਲਗਵਾ ਚੁੱਕੇ ਹਨ। ਚੀਨ ਤੇ ਕੁਝ ਹੋਰ ਮੁਲਕਾਂ `ਚ ਕਰੋਨਾ ਵਾਇਰਸ ਦੀ ਲਾਗ ਵਧਣ ਦੇ ਵਿਚਾਲੇ ਇਸ ਟੀਕੇ ਨੂੰ ਮਨਜ਼ੂਰੀ ਮਿਲੀ ਹੈ।