ਅਗਲੀ ਪੁਲਾਂਘ

ਇਸ ਅੰਕ ਨਾਲ ‘ਪੰਜਾਬ ਟਾਈਮਜ਼’ ਨੇ ਆਪਣੇ ਸਫ਼ਰ ਦੇ 23 ਵਰ੍ਹੇ ਮੁਕੰਮਲ ਕਰ ਲਏ ਹਨ ਅਤੇ 24ਵੇਂ ਵਰ੍ਹੇ ਅੰਦਰ ਪ੍ਰਵੇਸ਼ ਕਰ ਲਿਆ ਹੈ। ਲੇਖਕਾਂ-ਪਾਠਕਾਂ ਦੀ ਭਰਪੂਰ ਮੁਹੱਬਤ ਲੈਣ ਵਾਲਾ ਇਹ ਪਰਚਾ ਹੁਣ ਆਪਣੇ ਸਿਲਵਰ ਜੁਬਲੀ ਵਰ੍ਹੇ ਵੱਲ ਸਾਬਤ-ਕਦਮੀ ਪੈਰ ਵਧਾ ਰਿਹਾ ਹੈ। ਇਸ ਲੰਮੇ ਸਫ਼ਰ ਦਾ ਸਿਹਰਾ ਇਸ ਦੇ ਕਰਤਾ-ਧਰਤਾ ਅਤੇ ਰੂਹ-ਏ-ਰਵਾਂ (ਮਰਹੂਮ) ਸ. ਅਮੋਲਕ ਸਿੰਘ ਜੰਮੂ ਸਿਰ ਬੱਝਦਾ ਹੈ ਜਿਨ੍ਹਾਂ ਆਪਣਾ ਇਕ-ਇਕ ਪਲ ਪਰਚੇ ਨੂੰ ਪੈਰਾਂ ਸਿਰ ਕਰਨ ਦੇ ਲੇਖੇ ਲਾਇਆ।

ਸ਼ੁਰੂਆਤੀ ਦੌਰ ਵਿਚ ਮੁਸ਼ਕਿਲਾਂ ਵੀ ਬਹੁਤ ਆਈਆਂ ਪਰ ਇਹ ਉਨ੍ਹਾਂ ਦੀ ਸ਼ਖਸੀਅਤ ਦਾ ਹੀ ਪ੍ਰਤਾਪ ਸੀ ਕਿ ਛੇਤੀ ਹੀ ਪਰਚੇ ਨੇ ਪੰਜਾਬੀ ਪੱਤਰਕਾਰੀ ਅਤੇ ਪੰਜਾਬੀ ਭਾਈਚਾਰੇ ਅੰਦਰ ਆਪਣਾ ਸਿਰ ਕੱਢ ਲਿਆ। ਫਿਰ ਤਾਂ ਇਕ-ਇਕ ਕਰਕੇ ਪਾਠਕ, ਲੇਖਕ ਅਤੇ ਹੋਰ ਕਦਰਦਾਨ ਜੁੜਦੇ ਗਏ ਤੇ ਇਉਂ ‘ਪੰਜਾਬ ਟਾਈਮਜ਼’ ਕਾਫਲੇ ਦਾ ਰੂਪ ਧਾਰ ਗਿਆ। ਇਹ ਅਸਲ ਵਿਚ ਇਸ ਕਾਫ਼ਲੇ ਦੀ ਹੀ ਤਾਕਤ ਅਤੇ ਹਿੰਮਤ ਹੈ ਕਿ ਸ. ਅਮੋਲਕ ਸਿੰਘ ਜੰਮੂ ਦੀ ਡੇਢ ਸਾਲ ਦੀ ਗੈਰ-ਮੌਜੂਦਗੀ ਦੇ ਬਾਵਜੂਦ ਪਰਚਾ ਹਰ ਹਫਤੇ ਆਪਣੇ ਪਿਆਰੇ ਅਤੇ ਸੁਘੜ ਪਾਠਕਾਂ ਦੇ ਦਰਾਂ ‘ਤੇ ਲਗਾਤਾਰ, ਬਿਨਾ ਨਾਗਾ ਦਸਤਕ ਦੇ ਰਿਹਾ ਹੈ। ਦੋ ਸਾਲ ਪਹਿਲਾਂ ਕਰੋਨਾ ਦੇ ਕਹਿਰ ਕਰ ਕੇ ਲੌਕਡਾਊਨ ਕਾਰਨ ਪਿੰ੍ਰਟ ਮੀਡੀਆ ਨੂੰ ਡਾਢੀ ਸੱਟ ਤਾਂ ਵੱਜੀ ਸੀ ਪਰ ਕਦਰਦਾਨਾਂ ਦੇ ਪਿਆਰ ਦੀ ਬਦੌਲਤ ਇਨ੍ਹਾਂ ਔਖੇ ਦਿਨਾਂ ਦੌਰਾਨ ਵੀ ‘ਪੰਜਾਬ ਟਾਈਮਜ਼’ ਦਾ ਸਫ਼ਰ ਨਿਰਵਿਘਨ ਜਾਰੀਰਿਹਾ।ਇਹ ਉਹ ਦਿਨ ਸਨ ਜਦੋਂ ਕਰੋਨਾ ਦੇ ਖੌਫ ਕਾਰਨ ਪਰਚੇ ਦੀ ਛਪਾਈ ਬੰਦ ਕਰਨੀ ਪਈ ਸੀ ਪਰ ਹਰ ਹਫ਼ਤੇ ਇੰਟਰਨੈੱਟ ਰਾਹੀਂ ਆਪਣੇ ਪਾਠਕਾਂ ਨਾਲ ਰਾਬਤਾ ਲਗਾਤਾਰ ਰਿਹਾ।
ਹੁਣ ਭਾਵੇਂ ਕਰੋਨਾ ਦਾ ਪਹਿਲਾਂ ਵਾਲਾ ਕਹਿਰ ਨਹੀਂ ਰਿਹਾ ਪਰ ਇਹ ਵੀ ਸੱਚ ਹੈ ਕਿ ਛਪਾਈ ਅਤੇ ਇਸ਼ਤਿਹਾਰਾਂ ਦੇ ਪੱਖ ਤੋਂ ਹਾਲਾਤ ਪਹਿਲਾਂ ਵਾਲੇ ਨਹੀਂ ਰਹੇ। ਮੀਡੀਆ ਵੀ ਹੁਣ ਆਮ ਕਰ ਕੇ ਮਿਸ਼ਨ ਦੀ ਥਾਂ ਵਪਾਰਕ ਪਲੜੇ ਵੱਲ ਤੇਜ਼ੀ ਨਾਲ ਝੁਕਦਾ ਜਾਪ ਰਿਹਾ ਹੈ। ਇਸ ਦਾ ਵੱਡਾ ਕਾਰਨ ਇਹ ਹੈ ਕਿ ਇਸ ਖੇਤਰ ਵਿਚ ਹੁਣ ਕਾਰੋਬਾਰੀ ਤਬਕਾ ਵੀ ਆਣ ਸ਼ਾਮਿਲ ਹੋਇਆ ਹੈ। ਮੀਡੀਆ ਦੇ ਇਸ ਨਵੇਂ, ਕਾਰੋਬਾਰੀ ਨਜ਼ਰੀਏ ਨੇ ਇਸ ਨੂੰ ਮੁੱਢੋਂ-ਸੁੱਢੋਂ ਹੀ ਬਦਲਣਾ ਆਰੰਭ ਕਰ ਦਿੱਤਾ ਹੈ ਜਦਕਿ ਮਿਸ਼ਨ ਵਾਲੇ ਮੀਡੀਆ ਦਾ ਇਤਿਹਾਸ ਉਨ੍ਹਾਂ ਗਦਰੀਆਂ ਨਾਲ ਜੁੜਿਆ ਹੋਇਆ ਹੈ ਜਿਨ੍ਹਾਂ ਨੇ ਇਕ ਸਦੀ ਪਹਿਲਾਂ ਉਸ ਹਕੂਮਤ ਨੂੰ ਪਲਟਾਉਣ ਬਾਰੇ ਸੋਚਿਆ ਸੀ ਜਿਸ ਬਾਰੇ ਕਿਹਾ ਜਾਂਦਾ ਸੀ ਕਿ ਇਸ ਦੇ ਰਾਜ ਅੰਦਰ ਸੂਰਜ ਕਦੀ ਨਹੀਂ ਛੁਪਦਾ। ਉਦੋਂ ਗਦਰੀਆਂ ਨੇ ਆਪਣੀ ਸਿਆਸਤ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਆਪਣੀ ਸਿਆਸੀ ਸਰਗਰਮੀਆਂ ਤਾਂ ਕੀਤੀਆਂ ਹੀ, ਨਾਲ ਹੀ ਅਖਬਾਰਾਂ ਰਸਾਲਿਆਂ ਰਾਹੀਂ ਲੋਕ ਚੇਤਨਾ ਨੂੰ ਟੁੰਬਣ ਦਾ ਰਾਹ ਫੜਿਆ। ਅਸਲ ਵਿਚ ਇਨ੍ਹਾਂ ਗਦਰੀ ਜੁਝਾਰੂਆਂ ਨੂੰ ‘ਸ਼ਬਦ’ ਦੀ ਤਾਕਤ ਦਾ ਇਲਮ ਸੀ ਅਤੇ ਉਨ੍ਹਾਂ ਕੈਨੇਡਾ-ਅਮਰੀਕਾ ਦੀ ਧਰਤੀ ਤੋਂ ਪਰਚੇ ਛਾਪਣ ਦੀਆਂ ਵਿਉਂਤਾਂ ਬਣਾਈਆਂ।‘ਪੰਜਾਬ ਟਾਈਮਜ਼’ ਦਾ ਨਾੜੂਆ ਅਸਲ ਵਿਚ ਅਜਿਹੀ ਮਿਸ਼ਨਰੀ ਕਵਾਇਦ ਨਾਲ ਹੀ ਜੁੜਿਆ ਹੋਇਆ ਹੈ ਅਤੇ ਇਸ ਵਿਰਾਸਤ ਕਾਰਨ ਹੀ ਇਹ ਇੰਨਾ ਲੰਮਾ ਸਫ਼ਰ ਤੈਅ ਕਰਨ ਵਿਚ ਕਾਮਯਾਬ ਹੋਇਆ ਹੈ। ਇਹੀ ਕਾਰਨ ਹੈ ਕਿ ਸ. ਅਮੋਲਕ ਸਿੰਘ ਜੰਮੂ ਦੀ ਸਿਹਤ ਨਾਸਾਜ਼ ਹੋਣ ਦੇ ਬਾਵਜੂਦ ‘ਪੰਜਾਬ ਟਾਈਮਜ਼’ ਆਪਣੀ ਮੜਕ ਨਾਲ ਚੱਲਦਾ ਰਿਹਾ।
ਪਰਚਿਆਂ ਦੀ ਛਪਣ ਗਿਣਤੀ ਘਟਣ ਕਰ ਕੇ ਹੁਣ ਹਾਲਾਤ ਐਨ ਉਸੇ ਤਰ੍ਹਾਂ ਦੇ ਬਣ ਰਹੇ ਹਨ ਜਦੋਂ 23 ਵਰ੍ਹੇ ਪਹਿਲਾਂ ‘ਪੰਜਾਬ ਟਾਈਮਜ਼’ ਆਰੰਭ ਕੀਤਾ ਗਿਆ ਸੀ ਸਗੋਂ ਇਸ ਵਾਰ ਦਾ ਸੰਕਟ ਉਦੋਂ ਨਾਲੋਂ ਕਿਤੇ ਜ਼ਿਆਦਾ ਗਹਿਰਾ ਜਾਪਦਾ ਹੈ। ਉਸ ਵਕਤ ਪੱਤਰਕਾਰੀ ਦਾ ਖੇਤਰ ਬਾਹਾਂ ਖੋਲ੍ਹ ਕੇ ਤੁਹਾਨੂੰ ਉਡੀਕ ਰਿਹਾ ਸੀ ਅਤੇ ‘ਪੰਜਾਬ ਟਾਈਮਜ਼’ ਨੇ ਆਪਣੀ ਮਿਆਰੀ, ਨਿਆਰੀ ਅਤੇ ਸਭ ਲਈ ਸਾਂਝੀ ਪੇਸ਼ਕਾਰੀ ਰਾਹੀਂ ਆਪਣੀ ਥਾਂ ਬਣਾ ਲਈ ਸੀ। ਇਨ੍ਹਾਂ 23 ਵਰ੍ਹਿਆਂ ਦੌਰਾਨ ‘ਪੰਜਾਬ ਟਾਈਮਜ਼’ ਦਾ ਮਿਆਰ ਅਤੇ ਵਿਲੱਖਣਤਾ ਕਾਇਮ ਰੱਖਣ ਲਈ ਹਰ ਸੰਭਵ ਯਤਨ ਕੀਤਾ ਗਿਆ ਤੇ ਇਸ ਵਿਚ ਪਾਠਕਾਂ ਦੇ ਸਹਿਯੋਗ ਸਦਕਾ ਬਹੁਤ ਹੱਦ ਤੱਕ ਕਾਮਯਾਬ ਵੀ ਰਹੇ।
ਹੁਣ ਜੇਵੱਖ-ਵੱਖ ਪਰਚਿਆਂ ਦੀ ਛਪਣ ਗਿਣਤੀ ਅਤੇ ਇਸ਼ਤਿਹਾਰਾਂ ‘ਤੇ ਤਰਦੀ ਜਿਹੀ ਨਿਗ੍ਹਾ ਵੀ ਮਾਰ ਲਈ ਜਾਵੇ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਕਿਨ੍ਹਾਂ ਹਾਲਾਤ ਨਾਲ ਜੂਝਣਾ ਪੈ ਰਿਹਾ ਹੈ। ਸੋਸ਼ਲ ਮੀਡੀਆ ਦੀ ਆਮਦ ਨੇ ਇਸ ਖੇਤਰ ਨੂੰ ਝਟਕਾ ਲਾਇਆ ਹੈ। ਇਸ ਤੋਂ ਪਹਿਲਾਂ ਵੱਖ-ਵੱਖ ਸਮਿਆਂ ਦੌਰਾਨ ਰੇਡੀE ਅਤੇ ਟੈਲੀਵਿਜ਼ਨ ਦੀ ਆਮਦ ਮੌਕੇ ਵੀ ਪ੍ਰਿੰਟ ਮੀਡੀਆ ਦੀ ਹੋਂਦ ਬਾਰੇ ਵੱਡੇ ਸਵਾਲ ਉੱਠਦੇ ਰਹੇ ਹਨ ਪਰ ਹੁਣ ਤੱਕ ਸਾਬਤ ਹੁੰਦਾ ਆਇਆ ਹੈ ਕਿ ਪ੍ਰਿੰਟ ਮੀਡੀਆ ਦਾ ਆਪਣਾ ਵੱਖਰਾ ਅਤੇ ਬੇਹੱਦ ਅਹਿਮ ਸਥਾਨ ਹੈ ਜਿਸ ਦੀ ਥਾਂ ਕੋਈ ਹੋਰ ਨਹੀਂ ਲੈ ਸਕਦਾ। ਅਜਿਹਾ ਹੋਇਆ ਵੀ ਹੈ। ਬੇਸ਼ੁਮਾਰ ਟੈਲੀਵਿਜ਼ਨ ਚੈਨਲ ਵੀ ਪਿੰ੍ਰਟ ਮੀਡੀਆ ਦੀ ਅਹਿਮੀਅਤ ਘਟਾ ਨਹੀਂ ਸਕੇ। ਉਂਝ, ਹੁਣ ਸੋਸ਼ਲ ਮੀਡੀਆ ਜਿਸ ਢੰਗ ਨਾਲ ਹਰ ਸ਼ਖਸ ਦੀ ਪਹੁੰਚ ਵਿਚ ਹੈ ਤਾਂ ਇਸ ਨੇ ਜ਼ਰੂਰ ਪਿੰ੍ਰਟ ਮੀਡੀਆ ‘ਤੇ ਅਸਰ ਪਾਉਣਾ ਸ਼ੁਰੂ ਕੀਤਾ ਹੈ।ਇਸੇ ਕਰ ਕੇ ਕਈ ਕਹਿੰਦੇ-ਕਹਾਉਂਦੇ ਅਦਾਰੇ ਵੀ ਹੁਣ ਸੋਸ਼ਲ ਮੀਡੀਆ ਦੀਅਹਿਮੀਅਤ ਨੂੰ ਸਵੀਕਾਰ ਕਰ ਕੇ ਇਸ ਮੰਚ ਨੂੰ ਵਰਤਣ ਲੱਗੇ ਹਨ। ਪ੍ਰਿੰਟ ਮੀਡੀਆ ਨੂੰ ਪ੍ਰਣਾਏ ਕਈ ਅਦਾਰੇ ਅਜਿਹੇ ਵੀ ਹਨ ਜਿਹੜੇ ਆਪਣਾ ਮੁੱਖ ਕਾਰਜ ਜਾਰੀ ਰੱਖਦੇ ਹੋਏ ਸੋਸ਼ਲ ਮੀਡੀਆ ਉਤੇ ਵੀ ਆਪਣੀ ਹਾਜ਼ਰੀ ਲੁਆ ਰਹੇ ਹਨ। ਆਉਂਦੇ ਸਮੇਂ ਦੌਰਾਨ ਪਾਠਕਾਂ ਦਾ ਆਪਣਾ ‘ਪੰਜਾਬ ਟਾਈਮਜ਼’ ਵੀ ਹੁਣ ਅਗਲੀ ਪੁਲਾਂਘ ਪੁੱਟ ਰਿਹਾ ਹੈ ਅਤੇ ਨਵੇਂ ਸਾਲ ਵਿਚ ਪ੍ਰਵੇਸ਼ ਮੌਕੇ ਤਹੱਈਆ ਕਰਦਾ ਹੈ ਕਿ ਇਹ ਸ਼ਾਨਾਂਮੱਤਾ ਸਫ਼ਰ ਜਾਰੀ ਰੱਖਿਆ ਜਾਵੇਗਾ ਅਤੇ ਇਸ ਦੇ ਰੂਪ-ਸਰੂਪ ਵਿਚ ਹੋਰ ਨਿਖਾਰ ਲਿਆਂਦਾ ਜਾਵੇਗਾ।ਜ਼ਾਹਿਰ ਹੈ ਕਿ ‘ਪੰਜਾਬ ਟਾਈਮਜ਼’ ਦੀ ਪਹਿਲ ਮੀਡੀਆ ਵਾਲਾ ਮਿਸ਼ਨ ਜਾਰੀ ਰੱਖਣਾ ਹੈ ਅਤੇ ਨਾਲ ਹੀ ਗਦਰੀਆਂ ਦੀ ਵਿਰਾਸਤ ਵਾਲੀ ਚੇਤਨਾ ਲੋਕਾਈ ਤੱਕ ਪਹੁੰਚਾਉਣਾ ਹੈ।