ਕਲਮਾਂ ਵਾਲੀਆਂ: ਵੱਡੀ ਕਹਾਣੀਕਾਰ ਤੇ ਉੱਚੀ ਇਨਸਾਨ ਸੁਖਵੰਤ ਕੌਰ ਮਾਨ

ਗੁਰਬਚਨ ਸਿੰਘ ਭੁੱਲਰ
ਫੋਨ: +9180763-63058
ਪਿੰਡ ਪਿਥੋ ਦੇ ਜੰਮਪਲ ਅਤੇ ਆਪਣੀ ਬਹੁਤੀ ਹਯਾਤੀ ਮੁਲਕ ਦੀ ਰਾਜਧਾਨੀ ਦਿੱਲੀ ਵਿਚ ਲੰਘਾਉਣ ਵਾਲੇ ਮਿਸਾਲੀ ਲਿਖਾਰੀ ਗੁਰਬਚਨ ਸਿੰਘ ਭੁੱਲਰ ਦਾ ਪੰਜਾਬੀ ਸਾਹਿਤ ਜਗਤ ਵਿਚ ਆਪਣਾ ਰੰਗ ਹੈ। ਉਨ੍ਹਾਂ ਆਪਣੇ ਪਲੇਠੇ ਨਾਵਲ ‘ਇਹੁ ਜਨਮੁ ਤੁਮਹਾਰੇ ਲੇਖੇ’ ਨਾਲ ਇਕੋ ਡਗੇ `ਤੇ ਪਿੰਡ ਲੁੱਟਣ ਵਰਗਾ ਕ੍ਰਿਸ਼ਮਾ ਵੀ ਕੀਤਾ ਹੈ। ਪਿਛਲੇ ਕੁਝ ਸਮੇਂ ਤੋਂ ਉਹ ਵਾਰਤਕ ਪੁਸਤਕਾਂ ਦਾ ਢੇਰ ਲਾ ਰਹੇ ਹਨ। ਪੁਸਤਕਾਂ ਦਾ ਇਹ ਅਜਿਹਾ ਢੇਰ ਹੈ ਜਿਸ ਅੰਦਰ ਰਚਨਾਵਾਂ ਹੀਰੇ-ਮੋਤੀਆਂ ਵਾਂਗ ਪਰੋਈਆਂ ਮਿਲਦੀਆਂ ਹਨ। ਫਲਸਰੂਪ, ਉਨ੍ਹਾਂ ਦੀਆਂ ਲਿਖਤਾਂ ਪਾਠਕਾਂ ਦੇ ਜ਼ਿਹਨ ਅੰਦਰ ਸਹਿਜੇ ਹੀ ਲਹਿ-ਲਹਿ ਜਾਂਦੀਆਂ ਹਨ। ‘ਪੰਜਾਬ ਟਾਈਮਜ਼’ ਲਈ ਉਨ੍ਹਾਂ ਔਰਤ ਲਿਖਾਰੀਆਂ ਦੀ ਲੜੀ ‘ਕਲਮਾਂ ਵਾਲੀਆਂ’ ਨਾਂ ਹੇਠ ਭੇਜੀ ਹੈ, ਜਿਸ ਵਿਚ ਸਾਹਿਤ ਦੇ ਨਾਲ-ਨਾਲ ਜ਼ਿੰਦਗੀ ਦੇ ਹੋਰ ਬਹੁਤ ਸਾਰੇ ਪੱਖਾਂ ਬਾਰੇ ਗੱਲਾਂ-ਬਾਤਾਂ ਬਹੁਤ ਸਲੀਕੇ ਨਾਲ ਕੀਤੀਆਂ ਗਈਆਂ ਹਨ। ਇਹ ਲੜੀ ਅਸੀਂ ਆਪਣੇ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ। ਇਸ ਲੜੀ ਦੇ ਸੱਤਵੇਂ ਪੂਰ ਵਿਚ ਉੱਘੀ ਕਹਾਣੀਕਾਰ ਸੁਖਵੰਤ ਕੌਰ ਮਾਨ ਬਾਰੇ ਗੱਲਾਂ ਹਨ।

ਸੁਖਵੰਤ ਕੌਰ ਮਾਨ ਨਾਲ ਮੇਰੀ ਜਾਣ-ਪਛਾਣ ਜਦੋਂ ਹੋ ਜਾਣੀ ਚਾਹੀਦੀ ਸੀ, ਉਸ ਨਾਲੋਂ ਬਹੁਤ ਪਿਛੇਤੀ ਹੋਈ। ਕਿੰਨਾ ਹੀ ਚਿਰ ਮੈਂ ਰਸਾਲਿਆਂ ਵਿਚ ਛਪੀਆਂ ਉਹਦੀਆਂ ਕਹਾਣੀਆਂ ਅਨਪੜ੍ਹੀਆਂ ਛਡਦਾ ਰਿਹਾ। ਰਸਾਲਿਆਂ ਵਾਲ਼ੇ ਤਾਂ ਉਹਦੀਆਂ ਕਹਾਣੀਆਂ ਛਾਪ ਦਿੰਦੇ, ਪਰ ਉਨ੍ਹਾਂ ਦਾ ਜ਼ਿਕਰ ਹੋਰ ਕਿਤੇ ਘੱਟ ਹੀ ਹੁੰਦਾ ਸੀ। ਕਥਿਤ ਆਲੋਚਕ ਤੇ ਵਿਦਵਾਨ ਤਾਂ ਉਹਦਾ ਜ਼ਿਕਰ ਨਾ ਕਰਨ ਦੀ ਸਹੁੰ ਅੰਤ ਤੱਕ ਪੂਰੇ ਸਿਦਕ ਨਾਲ ਨਿਭਾਉਂਦੇ ਰਹੇ।
ਫੇਰ ਕਿਤੇ ਉਹਦੀ ਕਹਾਣੀ ‘ਖ਼ੁਸ਼ੀ’ ਛਪੀ। ਉਹਦੇ ਸਿਰਲੇਖ ਨੇ ਮੈਨੂੰ ਉਤਸੁਕ ਕੀਤਾ, ਦੇਖਾਂ ਇਸ ਕੁੜੀ ਦਾ ‘ਖ਼ੁਸ਼ੀ’ ਦਾ ਕੀ ਰੂਪ ਹੈ, ਕੀ ਅਰਥ ਹੈ, ਕੀ ਪੈਮਾਨਾ ਹੈ, ਕੀ ਸੰਕਲਪ ਹੈ! ਕਹਾਣੀ ਪੜ੍ਹਨੀ ਤਾਂ ਸ਼ੁਰੂ ਕੀਤੀ ਮੈਂ ਉਹਦਾ ਮੋਟਾ-ਮੋਟਾ ਸਾਰ ਜਾਣਨ ਦੀ ਨੀਤ ਨਾਲ, ਪਰ ਪਤਾ ਹੀ ਨਾ ਲੱਗਿਆ, ਕਦੋਂ ਮੈਂ ਉਸ ਵਿਚ ਡੂੰਘਾ ਉੱਤਰ ਗਿਆ ਤੇ ਹਰ ਫ਼ਿਕਰਾ ਗਹੁ ਨਾਲ ਵਾਚਣ ਲੱਗ ਪਿਆ। ਕਹਾਣੀ ਸਮਾਪਤ ਹੋਈ ਤਾਂ ਮੈਂ ਸੰਤੁਸ਼ਟੀ ਦਾ ਲੰਮਾ ਸਾਹ ਲਿਆ ਤੇ ਆਪਣੇ ਆਪ ਨੂੰ ਕਿਹਾ, ਉਇ ਬੰਦਿਆ! ਤੂੰ ਇਸ ਕਹਾਣੀਕਾਰ ਦੀਆਂ ਕਹਾਣੀਆਂ ਅਨਪੜ੍ਹੀਆਂ ਛਡਦਾ ਰਿਹਾ! ਉਹ ਦਿਨ ਸੋ ਉਹ ਦਿਨ ਤੇ ਉਹ ਕਹਾਣੀ ਸੋ ਉਹ ਕਹਾਣੀ, ਮੈਂ ਸੁਖਵੰਤ ਦਾ ਪੱਕਾ ਪਾਠਕ ਬਣ ਗਿਆ।
ਇਸ ਇਕ ਕਹਾਣੀ ਨੇ ਮੈਨੂੰ ਚਾਨਣ ਕਰ ਦਿੱਤਾ ਕਿ ਉਸ ਕਹਾਣੀ-ਲੇਖਿਕਾ ਦਾ ਆਗਮਨ ਹੋ ਗਿਆ ਹੈ ਜਿਸ ਦੀ ਪੰਜਾਬੀ ਸਾਹਿਤ ਨੂੰ ਲੋੜ ਸੀ। ਉਸ ਤੋਂ ਪਹਿਲਾਂ ਦੀਆਂ ਸਿਰਫ਼ ਤਿੰਨ ਕਹਾਣੀ-ਲੇਖਿਕਾਵਾਂ ਗਿਣਨਜੋਗ ਸਨ, ਅੰਮ੍ਰਿਤਾ ਪ੍ਰੀਤਮ, ਅਜੀਤ ਕੌਰ ਤੇ ਦਲੀਪ ਕੌਰ ਟਿਵਾਣਾ। ਅੰਮ੍ਰਿਤਾ ਦਾ ਸਰੋਕਾਰ ਔਰਤ ਦਾ ਤਨ-ਮਨ ਸੀ, ਔਰਤ ਦੇ ਸਮਾਜਕ-ਆਰਥਿਕ ਸਰੋਕਾਰ ਉਹਦੀ ਸੀਮਾ ਤੋਂ ਬਾਹਰ ਰਹਿ ਜਾਂਦੇ ਸਨ। ਅਜੀਤ ਕੌਰ ਨੇ ਵੀ ਆਰੰਭ ਇਸੇ ਭਾਂਤ ਦੀਆਂ ਕਹਾਣੀਆਂ ਨਾਲ ਕੀਤਾ ਪਰ ਫੇਰ ਉਹਨੇ ਆਪਣਾ ਵਿਸ਼ਿਆਂ ਦਾ ਕਲਾਵਾ ਕੁਝ ਖੁੱਲ੍ਹਾ ਕਰ ਲਿਆ। ਦਲੀਪ ਕੌਰ ਟਿਵਾਣਾ ਬਹੁਤ ਪਹਿਲਾਂ ਕਹਾਣੀ ਲਿਖਣਾ ਛੱਡ ਕੇ ਨਾਵਲ ਨਾਲ ਜੁੜ ਗਈ।
‘ਖ਼ੁਸ਼ੀ’ ਵਿਚ ਕਥਾ-ਵਾਰਤਾ ਥੋੜ੍ਹੇ ਜਿਹੇ ਜੀਆਂ ਵਾਲ਼ੇ ਇਕ ਸਾਧਾਰਨ ਕਿਸਾਨ ਪਰਿਵਾਰ ਦੀ ਸੀ, ਪਰ ਉਸ ਵਿਚ ਸਮੋਈ ਹੋਈ ਕਹਾਣੀ ਕਿਸਾਨੀ ਜੀਵਨ ਉੱਤੇ ਵੱਡਾ ਅਸਰ ਪਾਉਣ ਵਾਲ਼ੀਆਂ ‘ਹਰੀ ਕ੍ਰਾਂਤੀ’ ਦੇ ਨਾਂ ਨਾਲ ਜਾਣੀਆਂ ਜਾਂਦੀਆਂ ਤਬਦੀਲੀਆਂ ਦੀ ਸੀ। ਪੰਜਾਬ ਦੇ ਮੁੱਖ ਧੰਦੇ, ਖੇਤੀ ਵਿਚ ਤੇ ਇਸ ਕਰਕੇ ਪੰਜਾਬੀ ਸਮਾਜ ਵਿਚ ਇਹ ਤਬਦੀਲੀਆਂ ਉਸ ਸਮੇਂ ਤੇਜ਼ੀ ਨਾਲ ਵਾਪਰ ਰਹੀਆਂ ਸਨ। ਪ੍ਰੰਪਰਾਈ ਸੋਚ ਵਾਲ਼ੀ ਪੀੜ੍ਹੀ ਇਨ੍ਹਾਂ ਤਬਦੀਲੀਆਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖ ਰਹੀ ਸੀ ਪਰ ਨਵੀਂ ਪੀੜ੍ਹੀ ਬੜੀ ਸਹਿਜਤਾ ਨਾਲ ਉਨ੍ਹਾਂ ਅਨੁਸਾਰ ਢਲ ਰਹੀ ਸੀ। ਸਮਕਾਲੀ ਸਮਾਜਕ-ਆਰਥਿਕ ਤਬਦੀਲੀਆਂ ਦੀ ਸੁਖਵੰਤ ਦੀ ਸਮਝ ਤਾਂ ਡੂੰਘੀ ਹੈ ਹੀ ਸੀ, ਉਹਦੀ ਕਲਾ ਇਸ ਗੱਲ ਵਿਚ ੳਜਾਗਰ ਹੁੰਦੀ ਸੀ ਕਿ ਪੂਰੀ ਕਹਾਣੀ ਵਿਚ ਕੋਈ ਸ਼ਬਦ ਤੱਕ ਅਜਿਹਾ ਨਹੀਂ ਸੀ ਜੋ ‘ਹਰੀ ਕ੍ਰਾਂਤੀ’ ਵੱਲ ਸਿੱਧਾ ਸੰਕੇਤ ਕਰਦਾ ਹੋਵੇ।
ਇਕ ਮਿੱਤਰ ਨੂੰ ਉਹਦਾ ਨੰਬਰ ਪੁੱਛਿਆ ਤਾਂ ਉਹਦਾ ਕਹਿਣਾ ਸੀ ਕਿ ਉਹ ਫੋਨ ਰਾਹੀਂ, ਖਾਸ ਕਰ ਕੇ ਜੇ ਓਪਰੇ ਬੰਦੇ ਦਾ ਹੋਵੇ, ਸਹਿਜਤਾ ਨਾਲ ਗੱਲਬਾਤ ਕਰ ਨਹੀਂ ਸਕਦੀ। ਉਹਨੇ ਉਹਦੀ ਇਸ ਅਹੁਰ ਦੀ ਕੁਝ ਵਿਆਖਿਆ ਵੀ ਕੀਤੀ। ਉਹਨੇ ਮੈਨੂੰ ਸਿਰਨਾਵਾਂ ਦੇ ਦਿੱਤਾ ਤੇ ਮੈਂ ‘ਖ਼ੁਸ਼ੀ’ ਕਹਾਣੀ ਵਾਲ਼ੀ ਵਾਰਤਾ ਲਿਖ ਕੇ ਸਾਡੇ ਸਾਹਿਤਕ ਮਾਹੌਲ ਬਾਰੇ, ਖਾਸ ਕਰ ਕੇ ਆਲੋਚਨਾ ਬਾਰੇ ਆਪਣਾ ਗਿਲਾ ਸਾਂਝਾ ਕੀਤਾ, ਜਿਥੇ ਇਹੋ ਜਿਹੀਆਂ ਰਚਨਾਵਾਂ ਵੀ ਦਬ ਕੇ ਰਹਿ ਜਾਂਦੀਆਂ ਹਨ! ਉਹਦੀ ਕਹਾਣੀ ਦੀ ਵਡਿਆਈ ਕਰ ਕੇ ਮੈਂ ਲਿਖਿਆ ਕਿ ਉਹਨੂੰ ਆਪਣੀ ਰਚਨਾਤਮਿਕ ਸਮਰੱਥਾ ਦੀ ਪੂਰੀ ਵਰਤੋਂ ਕਰਦੇ ਰਹਿਣਾ ਚਾਹੀਦਾ ਹੈ।
“ਭੁੱਲਰ ਜੀ” ਦੇ ਸੰਬੋਧਨ ਨਾਲ ਉਹਦਾ ਜਵਾਬ ਨਾਪਿਆ-ਤੋਲਿਆ ਹੋਇਆ ਸੀ। ਉਹਨੇ ਲਿਖਿਆ ਸੀ, “ਮੈਂ ਆਪਣੀ ਰਚਨਾਤਮਿਕ ਸਮਰੱਥਾ ਬਾਰੇ ਅਜੇ ਸਪੱਸ਼ਟ ਨਹੀਂ ਹਾਂ ਕਿਉਂਕਿ ਕਿਸੇ ਸਿਆਣੇ ਸਮਕਾਲੀ ਕਹਾਣੀਕਾਰ ਜਾਂ ਆਲੋਚਕ ਨੇ ਮੇਰੀਆਂ ਕਹਾਣੀਆਂ ਬਾਰੇ ਕਦੀ ਮੈਨੂੰ ਕੁਝ ਦੱਸਿਆ ਨਹੀਂ। ਦਰ-ਅਸਲ ਸਾਡੀ ਆਲੋਚਨਾ ਦਾ ਹਾਲ ਸਾਡੇ ਸਾਹਿਤ ਨਾਲੋਂ ਵੀ ਮਾੜਾ ਹੈ। ਆਲੋਚਕ ਹੋਣਾ ਔਖਾ ਹੈ ਕਿਉਂਕਿ ਪਹਿਲਾਂ ਉਹਨੂੰ ਸਾਹਿਤ ਦੀ ਸਮਝ ਹੋਣੀ ਜ਼ਰੂਰੀ ਹੈ ਜੋ ਸਾਹਿਤ ਪੜ੍ਹਿਆਂ ਆਉਂਦੀ ਹੈ ਤੇ ਸਾਹਿਤ ਇਹ ਲੋਕ ਪੜ੍ਹਦੇ ਨਹੀਂ।”
ਮੈਂ ਲਿਖਿਆ, “ਮੈਂ ‘ਖ਼ੁਸ਼ੀ’ ਪੜ੍ਹ ਕੇ ਸੋਚਿਆ ਸੀ, ਆਪਣੀ ਨਜ਼ਰੋਂ ਲੰਘੀ ਤੁਹਾਡੀ ਹਰ ਕਹਾਣੀ ਦੀ ਚਰਚਾ ਤੁਹਾਡੇ ਨਾਲ ਉਸੇ ਤਰ੍ਹਾਂ ਕਰਿਆ ਕਰਾਂਗਾ ਜਿਵੇਂ ਹੋਰ ਕਈ ਦੋਸਤਾਂ ਨਾਲ ਉਨ੍ਹਾਂ ਦੀ ਰਚਨਾ ਪੜ੍ਹ ਕੇ ਕਰਦਾ ਹਾਂ। ਪਰ ਤੁਹਾਡੇ ਨਾਲ ਅਜਿਹੀ ਚਰਚਾ ਕਰਨ ਲਈ ਜੋ ‘ਸਿਆਣੇ ਸਮਕਾਲੀ ਕਹਾਣੀਕਾਰ’ ਦੀ ਸ਼ਰਤ ਤੁਸੀਂ ਰੱਖੀ ਹੈ, ਮੈਂ ਉਹ ਪੂਰੀ ਨਹੀਂ ਕਰਦਾ।”
ਉਹਦਾ ਉੱਤਰ ਸੀ, “ਭੁੱਲਰ ਭਾਈ, ਤੁਸੀਂ ਕਹਾਣੀ ਵਿਚ ਤਾਂ ਕੁਝ ਅਲੋਕਾਰ ਕਰਦੇ ਹੀ ਹੋ, ਚਿੱਠੀ ਵਿਚ ਵੀ ਕਰ ਦਿਖਾਇਆ। ਸਿਆਣੇ ਬੰਦੇ ਨੂੰ ਆਪਣੀ ਸਿਆਣਪ ਦੇ ਕਿਸੇ ਸਰਟੀਫ਼ੀਕੇਟ ਦੀ ਲੋੜ ਨਹੀਂ ਹੁੰਦੀ।”
ਇਸ ਪਿੱਛੋਂ ਚਿੱਠੀ-ਪੱਤਰ ਰਾਹੀਂ ਸਾਡਾ ਸਾਹਿਤਕ ਸੰਪਰਕ ਅਕਸਰ ਹੁੰਦਾ ਰਿਹਾ। ਕਈ ਸਾਲ ਮਗਰੋਂ ਮੇਰੀ ਕਹਾਣੀ ਸੰਬੰਧੀ ਇਹ ਸ਼ਬਦ ਉਹਨੇ ਜਸਬੀਰ ਭੁੱਲਰ ਨੂੰ ਦਿੱਤੀ ਇੰਟਰਵਿਊ ਵਿਚ ਪੰਜਾਬੀ ਕਹਾਣੀਕਾਰਾਂ ਬਾਰੇ ਆਪਣਾ ਨਜ਼ਰੀਆ ਪੇਸ਼ ਕਰਦਿਆਂ ਵੀ ਕਹੇ, “ਗੁਰਬਚਨ ਸਿੰਘ ਭੁੱਲਰ ਕੁਝ ਅਲੋਕਾਰ ਗੱਲ ਕਰ ਦਿੰਦਾ ਹੈ!” ਪੰਜਾਬ ਆਰਟ ਕੌਂਸਲ ਦੀ ਬਣਾਈ ਵਿਉਂਤ ਅਨੁਸਾਰ ਤਿਆਰ ਕੀਤੀਆਂ ਗਈਆਂ ਵੱਖ-ਵੱਖ ਵਿਧਾਵਾਂ ਦੀਆਂ ਕਈ ਅਜਿਹੀਆਂ ਪੁਸਤਕਾਂ ਵਿਚੋਂ ਇਕ ਜਸਬੀਰ ਭੁੱਲਰ ਦੀਆਂ ਕੀਤੀਆਂ ਹੋਈਆਂ ਦਸ ਕਹਾਣੀਕਾਰਾਂ ਨਾਲ ਲੰਮੀਆਂ ਇੰਟਰਵਿਊਆਂ ਦਾ ਸੰਗ੍ਰਹਿ ‘ਲਿਖਣ ਵੇਲਾ’ ਸੀ। ਉਸ ਵਿਚ ਸੁਖਵੰਤ ਦੀ ਇੰਟਰਵਿਊ ਵੀ ਸੀ। ਇਕ ਤਾਂ ਇਹ ਇੰਟਰਵਿਊ ਇਸ ਕਰਕੇ ਅਹਿਮ ਹੈ ਕਿ ਇਸ ਵਿਚ ਉਹਨੇ ਸਾਹਿਤ ਬਾਰੇ ਬਹੁਤ ਡੂੰਘੀਆਂ ਗੱਲਾਂ ਕੀਤੀਆਂ ਹਨ ਤੇ, ਦੂਜੇ, ਮੈਨੂੰ ਲਗਦਾ ਹੈ ਕਿ ਇਹ ਸ਼ਾਇਦ ਉਸ ਨਾਲ ਕੀਤੀ ਗਈ ਇਕੋ-ਇਕ ਬਹੁਪੱਖੀ ਤੇ ਭਰਪੂਰ ਇੰਟਰਵਿਊ ਹੋਵੇ।
ਇੰਗਲੈਂਡ-ਵਾਸੀ ਕਹਾਣੀਕਾਰ ਸਵਰਗੀ ਰਘੁਬੀਰ ਢੰਡ ਦੇ ਮਨ ਵਿਚ ਚਾਅ ਉੱਠਿਆ ਕਿ ਉਹਦੀਆਂ, ਮੇਰੀਆਂ, ਮੋਹਨ ਭੰਡਾਰੀ, ਗੁਰਦੇਵ ਸਿੰਘ ਰੁਪਾਣਾ, ਵਰਿਆਮ ਸਿੰਘ ਸੰਧੂ ਅਤੇ ਇਕ ਹੋਰ ਲੇਖਕਜਿਸ ਦਾ ਨਾਂ ਲੈਣਾ ਮੈਨੂੰ ਚੰਗਾ ਨਹੀਂ ਲਗਦਾਦੀਆਂ ਪ੍ਰਤੀਨਿਧ ਕਹਾਣੀਆਂ ਲੈ ਕੇ ਇਕ ਸੰਗ੍ਰਹਿ ਛਾਪਿਆ ਜਾਵੇ। ਉਸ ਛੇਵੇਂ ਨੂੰ ਛੱਡ ਕੇ ਬਾਕੀ ਸਭ ਢੰਡ ਦਾ ਸੁਝਾਅ ਸੁਣ ਕੇ ਖ਼ੁਸ਼ ਹੋਏ, ਪਰ ਉਹਨੇ ਨਾ ਸਿਰਫ ਇਕ ਸੁਹਿਰਦ ਸਮਕਾਲੀ ਦੀ ਇਸ ਨਿਰੋਲ ਸਾਹਿਤਕ, ਦੋਸਤਾਨਾ ਤੇ ਨਿਰਸੁਆਰਥ ਵਿਉਂਤ ਵਿਚੋਂ ਕੀੜੇ ਹੀ ਕੱਢੇ, ਸਗੋਂ ਕਿਹਾ ਕਿ ਤੁਸੀਂ ਵੱਖਰੀ ਧਾਰਾ ਵਾਲੇ ਚਾਰੇ ਕਿਤਾਬ ਛਾਪਦੇ ਰਹੋ, ਮੈਂ ਤੇ ਵਰਿਆਮ ਸੰਧੂ ਤਾਂ ਵੱਖਰੀ ਸਾਹਿਤਕ ਧਾਰਾ ਦੇ ਪ੍ਰਤੀਨਿਧ ਹਾਂ, ਅਸੀਂ ਤੁਹਾਡੇ ਨਾਲ ਨਹੀਂ ਛਪਣਾ!
ਉਹ ਹੋਰਾਂ ਕੋਲ ਇਹ ਵੀ ਕਹਿੰਦਾ ਫਿਰਿਆ ਕਿ ਮੈਂ ਆਪਣੇ ਨਾਲੋਂ ਛੋਟੇ ਕਹਾਣੀਕਾਰਾਂ ਨਾਲ ਨਹੀਂ ਛਪਣਾ ਚਾਹੁੰਦਾ। ਮੈਨੂੰ ਇਸ ਸਵੈਥਾਪੇ ਮਹਾਨ ਕਹਾਣੀਕਾਰ ਦਾ ਵਰਿਆਮ ਸਿੰਘ ਸੰਧੂ ਦੀ ਪ੍ਰਤੀਨਿਧਤਾ ਕਰਨਾ ਬੜਾ ਅਜੀਬ ਲੱਗਿਆ। ਸ਼ਾਇਦ ਉਹ ਆਪਣੇ ਅੱਧੇ ਅਸਮਾਨ ਦੀ ਵੱਟ ਵਰਿਆਮ ਨਾਲ ਸਾਂਝੀ ਹੋਣ ਕਰਕੇ ਉਸ ਉੱਤੇ ਕੁਝ ਵਧੇਰੇ ਹੀ ਮੇਰ ਕਰ ਗਿਆ ਸੀ। ਉਹਨੂੰ ਇਹ ਅਹਿਸਾਸ ਨਹੀਂ ਸੀ ਕਿ ਕੁਝ ਦੋਸਤੀਆਂ, ਲੋਕਾਂ ਨਾਲ ਉਹਦੇ ਹੋਛੇ ਸੰਬੰਧਾਂ ਦੇ ਉਲਟ, ਖਰੀਆਂ ਤੇ ਗਹਿਰੀਆਂ ਵੀ ਹੁੰਦੀਆਂ ਹਨ। ਮੈਂ ਵਰਿਆਮ ਨਾਲ ਗੱਲ ਕੀਤੀ ਤਾਂ ਉਹਨੇ ਇਹ ਚਿੱਠੀ ਲਿਖ ਕੇ ਮਾਮਲਾ ਸਪੱਸ਼ਟ ਕਰ ਦਿੱਤਾ, “ਤੁਸੀਂ ਮੇਰੀ ਕੋਈ ਵੀ ਕਹਾਣੀ, ਕਦੀ ਵੀ, ਕਿਸੇ ਵੀ ਰੂਪ ਵਿਚ, ਬਿਨਾਂ-ਪੁੱਛਿਆਂ ਵਰਤ ਸਕਦੇ ਹੋ।”
ਖ਼ੈਰ, ਆਖ਼ਰ ਨੌਜਵਾਨ ਕਹਾਣੀਕਾਰ (ਸਵਰਗੀ) ਨਰਿੰਦਰ ਭੁੱਲਰ ਨੇ ਸਾਡੇ ਪੰਜਾਂ ਨਾਲ ਮੇਰੇ ਸੁਝਾਅ ਅਨੁਸਾਰ ਛੇਵੀਂ ਸੁਖਵੰਤ ਕੌਰ ਮਾਨ ਨੂੰ ਸ਼ਾਮਲ ਕਰ ਕੇ ਤੇ ਸਭਨਾਂ ਦੀਆਂ ਦੋ-ਦੋ ਕਹਾਣੀਆਂ ਲੈ ਕੇ ‘ਨੁਹਾਰ’ ਨਾਂ ਹੇਠ ਪੁਸਤਕ ਪ੍ਰਕਾਸ਼ਿਤ ਕਰਵਾ ਦਿੱਤੀ। ਮੈਂ ਨਰਿੰਦਰ ਨੂੰ ਕਿਹਾ, ਉਹ ਸੁਖਵੰਤ ਦੀ ਕਹਾਣੀ ‘ਖ਼ੁਸ਼ੀ’ ਤਾਂ ਜ਼ਰੂਰ ਲਵੇ, ਦੂਜੀ ਉਹ ਆਪ ਚੁਣ ਲਵੇ। ਦੂਜੀ ਕਹਾਣੀ, ਉਹਨੇ ਆਪ ਚੁਣੀ ਜਾਂ ਸੁਖਵੰਤ ਤੋਂ ਮੰਗੀ, ‘ਚੂਹਾ’ ਸੀ। ਇਹ ਪਹਿਲਾਂ ਪਤਾ ਨਹੀਂ ਕਿਥੇ ਛਪੀ ਸੀ, ਮੈਂ ਇਥੇ ਹੀ ਪੜ੍ਹੀ। ਇਸ ਨੇ ਮੈਨੂੰ ਦੂਹਰੀ ਹੈਰਾਨੀ ਵਿਚ ਪਾਇਆਇਕ ਤਾਂ ਇਹਦਾ ਸਰੀਰਕ ਮੇਲ ਦਾ ਵਿਸ਼ਾ ਤੇ, ਦੂਜੇ, ਉਹਦੇ ਨਿਭਾਅ ਦੀ ਸੂਖ਼ਮਤਾ। ਕਿਸੇ ਵੱਡੀ ਘਟਨਾ ਨੂੰ ਅਪੂਰਤੀ ਦਾ ਕਾਰਨ ਬਣਾਏ ਬਿਨਾਂ ਨਿੱਕੀਆਂ-ਨਿੱਕੀਆਂ ਕਈ ਘਟਨਾਵਾਂ ਨਾਲ ਉਹਨੇ ਦਰਸਾਇਆ ਸੀ ਕਿ ਸਾਡੇ ਸਮਾਜਕ ਮਾਹੌਲ ਵਿਚ ਕਾਮ ਵਰਗੇ ਇਕ ਕੁਦਰਤੀ ਜਜ਼ਬੇ ਦੀ ਪੂਰਤੀ ਵੀ ਸੌਖਾ ਜਾਂ ਸਹਿਜ ਕਾਰਜ ਨਹੀਂ! ਇਹ ਕਹਾਣੀ ਉਹਦੇ ਨਾਲ ਵਿਚਾਰਨੀ ਮੈਨੂੰ ਠੀਕ ਨਾ ਲੱਗੀ। ਸ਼ਾਇਦ ਅਸੀਂ ਅਜੇ ਇਕ ਦੂਜੇ ਨੂੰ ਏਨਾ ਨਹੀਂ ਸੀ ਜਾਣਦੇ।
ਇਕ ਦਿਨ ਮੈਂ ਸੰਤੋਖ ਸਿੰਘ ਧੀਰ ਨੂੰ ਪੁੱਛਿਆ, “ਸੁਖਵੰਤ ਕੌਰ ਮਾਨ ਦਾ ਪਤਾ ਵੀ ਮੋਹਾਲੀ ਦਾ ਹੈ। ਕਿੰਨੀ ਕੁ ਦੂਰ ਹੈ ਉਹਦਾ ਘਰ?”
ਉਨ੍ਹਾਂ ਨੇ ਦੱਸਿਆ, “ਐਹ ਨੇੜੇ ਹੀ ਹੈ। ਭਾਵੇਂ ਬੰਦਾ ਪੈਦਲ ਚਲਿਆ ਜਾਵੇ।”
ਅਸੀਂ, ਮੈਂ ਤੇ ਮੇਰੀ ਸਾਥਣ ਗੁਰਚਰਨ, ਚਲੇ ਗਏ। ਉਹਦੀ ਭੈਣ ਨੇ ਗੇਟ ਖੋਲ੍ਹਿਆ ਤੇ ਸਾਨੂੰ ਬਿਠਾ ਕੇ ਸੁਖਵੰਤ ਨੂੰ ਦੱਸਣ ਚਲੀ ਗਈ। ਉਹਨੇ ਆਉਂਦਿਆਂ ਕਈ ਮਿੰਟ ਲਾ ਦਿੱਤੇ। ਆਈ ਤਾਂ ਮਿਲ ਕੇ ਬਹੁਤ ਖ਼ੁਸ਼ ਹੋਈ ਪਰ ਅਸਹਿਜ ਜਿਹੀ ਬੈਠੀ ਦਿੱਸੀ, ਕੰਬਦੀ ਹੋਈ, ਜਿਸ ਕਾਂਬੇ ਵਿਚ ਕਦੀ-ਕਦੀ ਉਹਦੇ ਸਰੀਰ ਨੂੰ ਝਟਕਾ ਜਿਹਾ ਵੀ ਲਗਦਾ। ਤਾਂ ਵੀ ਉਹ ਖਰੇ ਪੰਜਾਬੀ ਸਵਾਗਤੀ ਸ਼ਬਦ ਬੋਲੀ, “ਅੱਜ ਤਾਂ ਬਹੁਤਾ ਹੀ ਚੰਗਾ ਦਿਨ ਚੜ੍ਹਿਆ ਹੈ!” ਫੋਨ ਦਾ ਨੰਬਰ ਦੇਣ ਵਾਲ਼ੇ ਮਿੱਤਰ ਨੇ ਉਹਦੀ ਅਹੁਰ ਬਾਰੇ ਠੀਕ ਹੀ ਦੱਸਿਆ ਸੀ। ਪਰ ਮਗਰੋਂ ਜਿਉਂ-ਜਿਉਂ ਸਾਡਾ ਮੇਲ-ਜੋਲ ਵਧਿਆ, ਉਹਦੀ ਅਸਹਿਜਤਾ ਦਾ ਇਹ ਸਮਾਂ ਘਟਦਾ ਗਿਆ।
ਕੁਝ ਸਮੇਂ ਵਿਚ ਸਹਿਜ ਹੋ ਕੇ ਉਹਨੇ ਪੁੱਛਿਆ, “ਤੁਸੀਂ ਕਿਧਰੋਂ ਆਏ?”
ਮੈਂ ਕਿਹਾ, “ਸਿੱਧੇ ਦਿੱਲੀ ਤੋਂ। ਤੁਹਾਨੂੰ ਮਿਲਣ।”
ਉਹ ਕਹਿੰਦੀ, “ਇਹ ਤਾਂ ਸੱਚ ਨਹੀਂ ਲਗਦਾ।”
ਮੈਂ ਕਿਹਾ, “ਬੱਸ ਸਾਮਾਨ ਧੀਰ ਜੀ ਦੇ ਘਰ ਰੱਖਿਆ ਹੈ।”
ਉਹ ਹੱਸੀ, “ਦੇ ਦਿੱਤਾ ਨਾ ਆਪਣੀ ਕਹਾਣੀ ਵਰਗਾ ਮੋੜ!” ਤੇ ਫੇਰ ਉਹ ਗੁਰਚਰਨ ਨੂੰ ਸੰਬੋਧਿਤ ਹੋਈ, “ਇਹ ਘਰੇ ਵੀ ਗੱਲ ਨੂੰ ਇਉਂ ਹੀ ਮੋੜ ਦੇ ਦਿੰਦੇ ਨੇ?”
ਗੁਰਚਰਨ ਮੁਸਕਰਾ ਪਈ। ਮੈਂ ਆਖਿਆ, “ਸੁਖਵੰਤ, ਤੁਸੀਂ ਮੈਨੂੰ ਤੁਸੀਂ ਨਾ ਕਹੋ। ਮੈਨੂੰ ਅਜੀਬ ਜਿਹਾ ਲਗਦਾ ਹੈ।”
ਉਹਨੇ ਦਲੀਲ ਦਿੱਤੀ, “ਤੁਸੀਂ ਵੀ ਤਾਂ ਮੈਨੂੰ ਤੁਸੀਂ ਕਹਿ ਰਹੇ ਹੋ।”
ਮੈਂ ਕਾਰਨ ਲੱਭਿਆ, “ਤੁਸੀਂ ਮੈਥੋਂ 58 ਦਿਨ ਵੱਡੇ ਹੋ।”
ਗੁਰਚਰਨ ਨੇ ਨਿਆਂ ਕੀਤਾ, “ਸੱਚ ਤਾਂ ਇਹ ਹੈ, ਤੁਸੀਂ ਦੋਵੇਂ ਹੀ ਇਕ ਦੂਜੇ ਨੂੰ ਤੁਸੀਂ ਕਹਿੰਦੇ ਓਪਰੇ ਲਗਦੇ ਹੋ।”
ਅਸੀਂ ਸਾਰੇ ਹੱਸ ਪਏ ਅਤੇ ਮੈਂ ਤੇ ਉਹ ਓਪਰਾਪਨ ਛੱਡ ਕੇ ਇਕ ਦੂਜੇ ਨੂੰ ਤੂੰ ਆਖਣ ਲਈ ਸਹਿਮਤ ਹੋ ਗਏ। ਪਰ ਉਹਨੇ ਇਹ ਸਹਿਮਤੀ ਝੱਟ ਹੀ ਤੋੜ ਦਿੱਤੀ। ਉਹ ਬੋਲੀ, “ਤੁਹਾਨੂੰ…ਤੈਨੂੰ…ਮੇਰੀਆਂ ਕਹਾਣੀਆਂ…ਬਈ ਮੈਥੋਂ ਨਹੀਂ ਤੁਹਾਨੂੰ ਤੂੰ ਆਖਿਆ ਜਾਂਦਾ। ਮੇਰੇ ਮਨ ਵਿਚ ਤੁਹਾਡਾ ਜੋ ਪ੍ਰਭਾਵ ਬਣਿਆ ਹੋਇਆ ਹੈ, ਤੂੰ ਉਹਦੇ ਮੇਚ ਨਹੀਂ ਬੈਠਦਾ!…ਹਾਂ, ਤਾਂ ਮੈਂ ਪੁੱਛ ਰਹੀ ਸੀ ਤੁਹਾਨੂੰ ਮੇਰੀਆਂ ਕਹਾਣੀਆਂ ਕਿਸ ਪੱਖੋਂ ਚੰਗੀਆਂ ਲੱਗੀਆਂ?”
ਮੈਂ ਕਿਹਾ, “ਵਿਸ਼ਿਆਂ ਦੀ ਮੌਲਕਤਾ ਸਦਕਾ! ਤੇਰੀਆਂ…ਹਾਂ, ਮੈਂ ਵੀ ਤੇਰੇ ਵਾਂਗ ਸਪੱਸ਼ਟ ਕਰ ਦਿਆਂ, ਪਹਿਲਾਂ ਦੇ ਖ਼ਤ-ਪੱਤਰੀ ਦੇ ਪਿਛੋਕੜ ਦੇ ਸਹਾਰੇ ਪਹਿਲੀ ਵਾਰ ਮਿਲ ਕੇ ਹੀ ਤੂੰ ਮੇਰੇ ਵਾਸਤੇ ਏਨੀ ਆਪਣੀ ਹੋ ਗਈ ਹੈਂ ਕਿ ਮੈਥੋਂ ਹੁਣ ਤੈਨੂੰ ਤੁਸੀਂ ਨਹੀਂ ਕਿਹਾ ਜਾਣਾ!”
“ਵਧੀਆ ਗੱਲ ਹੈ! ਤੁਸੀਂ ਮੈਨੂੰ ਤੂੰ ਕਹੋ, ਮੈਂ ਤੁਹਾਨੂੰ ਤੁਸੀਂ ਕਹਾਂਗੀ!” ਉਹਨੇ ਨਿਬੇੜਾ ਕੀਤਾ। ਤੇ ਸਾਡੇ ਇਹ ਸੰਬੋਧਨ ਸਾਰੀ ਉਮਰ ਨਿਭੇ।
ਮੈਂ ਗੱਲ ਦੀ ਲੜੀ ਫੜੀ, “ਮੈਂ ਕਹਿ ਰਿਹਾ ਸੀ, ਤੇਰੀਆਂ ਕਹਾਣੀਆਂ ਮੈਨੂੰ ਇਸ ਕਰਕੇ ਚੰਗੀਆਂ ਲਗਦੀਆਂ ਹਨ ਕਿਉਂਕਿ ਉਹ ਕਿਸੇ ਵਰਗੀਆਂ ਨਹੀਂ। ਮੇਰੇ ਲਈ ਸਭ ਤੋਂ ਤਸੱਲੀ ਵਾਲ਼ੀ ਗੱਲ ਇਹ ਹੈ ਕਿ ਤੇਰੀਆਂ ਕਹਾਣੀਆਂ ਤੈਥੋਂ ਪਹਿਲਾਂ ਹੋਈਆਂ ਦੋਵਾਂ ਇਸਤਰੀ ਕਹਾਣੀਕਾਰਾਂ, ਅੰਮ੍ਰਿਤਾ ਤੇ ਅਜੀਤ ਕੌਰ ਦੀ ਲੀਹ ’ਤੇ ਨਹੀਂ ਤੁਰੀਆਂ।”
“ਜਦੋਂ ਮੈਨੂੰ ਲੱਗਿਆ, ਮੈਂ ਕਹਾਣੀਆਂ ਲਿਖਣੀਆਂ ਹਨ, ਮੈਂ ਆਪਣੇ ਤੋਂ ਪਹਿਲਾਂ ਦੀ ਪੀੜ੍ਹੀ ਦੇ, ਜਿਨ੍ਹਾਂ ਨੂੰ ਅਸੀਂ ਮੋਢੀ ਕਹਾਣੀਕਾਰ ਆਖਦੇ ਹਾਂ, ਬੜੇ ਗਹੁ ਨਾਲ ਪੜ੍ਹੇ। ਹਰ ਇਕ ਦੀਆਂ ਕੁਝ ਕਹਾਣੀਆਂ ਚੰਗੀਆਂ ਵੀ ਲੱਗੀਆਂ। ਪਰ ਮੇਰੇ ਅੰਦਰਲੇ ਨੇ ਦੱਸਿਆ, ਇਨ੍ਹਾਂ ਵਿਚੋਂ ਕਿਸੇ ਵਰਗਾ ਲਿਖਣਾ ਮੇਰਾ ਰਾਹ ਨਹੀਂ। ਬੱਸ ਇਕ ਵਿਰਕ ਮੈਨੂੰ ਧਰਤੀ ਨਾਲ ਜੁੜਿਆ ਹੋਇਆ ਦਿੱਸਿਆ।”
“ਅੰਮ੍ਰਿਤਾ ਤੇ ਅਜੀਤ ਕੌਰ?”
“ਮੈਂ ਉਨ੍ਹਾਂ ਨੂੰ ਔਰਤਾਂ ਹੋਣ ਸਦਕਾ ਦੂਜਿਆਂ ਨਾਲੋਂ ਅਲਹਿਦਾ ਕਰ ਕੇ ਨਹੀਂ ਦੇਖਿਆ। ਉਹ ਮੇਰੀ ਪ੍ਰੇਰਨਾ ਵੀ ਨਹੀਂ ਬਣ ਸਕੀਆਂ। ਔਰਤ ਹੋਣ ਦੇ ਆਧਾਰ ਉੱਤੇ ਮੈਂ ਉਨ੍ਹਾਂ ਨੂੰ ਵੱਧ ਨੰਬਰ ਨਹੀਂ ਸੀ ਦੇ ਸਕਦੀ। ਉਨ੍ਹਾਂ ਵਾਲੀ ਸੋਚ ਮੇਰੀ ਸੋਚ ਨਹੀਂ ਸੀ। ਮੈਨੂੰ ਲੇਖਕ ਵਜੋਂ ਬਾਕੀ ਸਭ ਕੁਝ ਭੁੱਲ-ਭੁਲਾ ਕੇ ਸਿਰਫ਼ ਔਰਤ ਹੋਣ ਦਾ ਰੋਣਾ ਰੋਈ ਜਾਣਾ ਵਾਰਾ ਨਹੀਂ ਸੀ ਖਾਂਦਾ। ਨਾ ਮੈਂ ਕਾਮ ਦੀ ਚਾਸ਼ਨੀ ਵਿਚ ਡੁੱਬੀਆਂ ਹੋਈਆਂ ਕਹਾਣੀਆਂ ਲਿਖ ਸਕਦੀ ਸੀ ਜਿਨ੍ਹਾਂ ਨੂੰ ਪੜ੍ਹ ਕੇ ਪਾਠਕ ਸੁਆਦ-ਸੁਆਦ ਹੋ ਜਾਣ ਤੇ ਨਾ ਮੈਂ ਜ਼ੁਲਮ ਦੀ ਚੱਕੀ ਵਿਚ ਪਿਸਦੀ ਔਰਤ ਤੱਕ ਸੀਮਤ ਰਹਿ ਸਕਦੀ ਸੀ।”
ਵਿਚ ਚਾਹ ਆ ਗਈ। ਉਹਨੇ ਭੈਣ ਨੂੰ ਚੌਥੀ ਪਿਆਲੀ ਵਿਚ ਚਾਹ ਪਾਉਣ ਤੋਂ ਰੋਕਿਆ, “ਮੈਂ ਹੁਣੇ ਤਾਂ ਪੀਤੀ ਹੈ। ਤੰਗ ਕਰੇਗੀ…”
ਮਗਰੋਂ ਪਤਾ ਲੱਗਿਆ, ਕਿਸੇ ਸਾਹਮਣੇ ਖਾਂਦਿਆਂ-ਪੀਂਦਿਆਂ ਉਹਦੇ ਹੱਥ ਕੰਬਣ ਲਗਦੇ, ਚੀਜ਼ ਡੁੱਲ੍ਹ-ਡਿੱਗ ਵੀ ਪੈਂਦੀ ਤੇ ਉਹ ਬਹੁਤ ਪਰੇਸ਼ਾਨ ਹੁੰਦੀ। ਉਹਦਾ ਜੀਵਨ “ਤੰਦਰੁਸਤ ਤਨ ਵਿਚ ਤੰਦਰੁਸਤ ਮਨ” ਨੂੰ ਗ਼ਲਤ ਸਿੱਧ ਕਰਦਾ ਸੀ। ਉਹਦਾ ਤਨ ਕੰਬਦਾ, ਡੋਲਦਾ ਤੇ ਝਟਕੇ ਖਾਂਦਾ ਪਰ ਮਨ ਨਵੀਆਂ-ਨਰੋਈਆਂ, ਚੜ੍ਹਦੀ ਕਲਾ ਦੀਆਂ ਗੱਲਾਂ ਕਰਦਾ। ਲੰਮੇ ਵਾਹ ਵਿਚ ਅਨੇਕ ਵਾਰ ਮਨ ਵਿਚ ਆਇਆ, ਉਹਤੋਂ ਉਹ ਕਾਰਨ ਪੁੱਛਾਂ ਜਿਸ ਨੇ ਉਹਨੂੰ ਇਸ ਹਾਲਤ ਵਿਚ ਪਾ ਦਿੱਤਾ ਸੀ। ਪਰ ਇਹ ਸੋਚ ਕੇ ਆਪੇ ਹੀ ਰੁਕਣਾ ਪੈਂਦਾ ਕਿ ਉਹ ਕੋਈ ਘਟਨਾ ਕਿੰਨੀ ਭਿਆਨਕ ਹੋਵੇਗੀ ਤੇ ਉਹਦਾ ਦੁਬਾਰਾ ਉਸ ਵਿਚੋਂ ਲੰਘਣਾ ਵੀ ਕੋਈ ਘੱਟ ਭਿਆਨਕ ਨਹੀਂ ਹੋਣ ਲੱਗਿਆ। ਉਹ ਖੁੱਲ੍ਹੀਆਂ ਜ਼ਮੀਨਾਂ ਵਾਲੇ ਸਰਦਾਰਾਂ ਦੀ ਧੀ ਸੀ। ਉਪਜਾਊ ਖੇਤਾਂ ਤੇ ਭਰਵੀਆਂ ਫ਼ਸਲਾਂ ਵਿਚਕਾਰ ਜੰਮੀ-ਪਲੀ, ਵੱਡੀ ਹੋਈ। ਖੇਤਾਂ ਤੇ ਫਸਲਾਂ ਜਿਹਾ ਨਿਰਛਲ ਹੀ ਉਹਦਾ ਸੁਭਾਅ ਸੀ। ਪਰ ਜ਼ਿੰਦਗੀ ਵਿਚ ਕਿਸੇ ਪੜਾਅ ਉੱਤੇ ਕਈ ਦਬਾਅ ਪਏ, ਕਈ ਭੈੜੇ ਵਰਤਾਉ ਹੋਏ। ਉਹ ਕਹਿੰਦੀ ਸੀ, ਇਸ ਔਕੜ ਵਿਚੋਂ ਨਿੱਕਲਣ ਦਾ ਇਕ ਰਾਹ ਮੈਨੂੰ ਕਹਾਣੀਆਂ ਲਿਖਣਾ ਦਿੱਸਿਆ।
ਹੁਣ ਕੋਲੋਂ ਗੁਰਚਰਨ ਬੋਲ ਪਈ, “ਪਰ, ਭੈਣ ਜੀ, ਉਨ੍ਹਾਂ ਨੇ ਔਰਤਾਂ ਦੀਆਂ ਸਮੱਸਿਆਵਾਂ ਦੀ ਗੱਲ ਕੀਤੀ ਹੈ…”
ਸੁਖਵੰਤ ਦਾ ਉੱਤਰ ਸੀ, “ਸਿਰਫ਼ ਔਰਤ ਹੋਣ ਦੇ ਦੁੱਖ ਰੋਣਾ ਸਾਹਿਤ ਦਾ ਇਕੋ-ਇਕ ਵਿਸ਼ਾ ਨਹੀਂ ਹੋ ਸਕਦਾ, ਇਹ ਇਕ ਵਿਸ਼ਾ ਹੋ ਸਕਦਾ ਐ। ਇਹ ਵੀ ਇਕੱਲੀ ਔਰਤ ਦਾ ਨਹੀਂ, ਸਮਾਜ ਦਾ ਮੁੱਦਾ ਹੈ, ਮਰਦਾਂ-ਔਰਤਾਂ ਸਮੇਤ ਸਭ ਇਨਸਾਨਾਂ ਦਾ। ਔਰਤਾਂ ਇਕੱਲੀਆਂ, ਸਭ ਮਰਦਾਂ ਨੂੰ ਆਪਣੇ ਵਿਰੁੱਧ ਖੜ੍ਹਾ ਕਰ ਕੇ, ਇਹ ਲੜਾਈ ਨਹੀਂ ਲੜ ਸਕਦੀਆਂ। ਹੋ ਸਕਦਾ ਹੈ, ਮੈਂ ਮਰਦ ਦੀ ਚੌਧਰ ਵਾਲੇ ਸਮਾਜ ਵਿਚ ਔਰਤ ਹੋਣ ਦੇ ਦੁੱਖ ਉਨ੍ਹਾਂ ਦੋਵਾਂ ਨਾਲੋਂ ਵੱਧ ਭੋਗੇ ਹੋਣ, ਪਰ ਸਾਹਿਤ ਨੂੰ ਸਿਰਫ਼ ਆਪਣੇ ਰੋਣ-ਧੋਣ ਦਾ ਸਾਧਨ ਬਣਾਉਣਾ ਮੈਨੂੰ ਠੀਕ ਨਹੀਂ ਲਗਦਾ।”
ਉਹਨੇ ਜਸਬੀਰ ਭੁੱਲਰ ਵਾਲ਼ੀ ਇੰਟਰਵਿਊ ਵਿਚ ਵੀ ਕਿਹਾ ਸੀ, “ਜਦੋਂ ਹੁਣ ਵੀ ਕੋਈ ਔਰਤਾਂ ਦਾ ਵੱਖਰਾ ਕਹਾਣੀ-ਦਰਬਾਰ ਸਜਾਇਆ ਜਾਂਦਾ ਏ ਤਾਂ ਮੈਨੂੰ ਕੋਫ਼ਤ ਜਿਹੀ ਹੁੰਦੀ ਏ। ਮੈਨੂੰ ਤਾਂ ਲੇਖਿਕਾ ਸ਼ਬਦ ਤੋਂ ਵੀ ਚਿੜ ਏ। ਜਦੋਂ ਅਸੀਂ ਲਿਖਦੇ ਹਾਂ ਤਾਂ ਬੱਸ ਲਿਖਦੇ ਹਾਂ। ਉਸ ਵਿਚ ਔਰਤ-ਮਰਦ ਦਾ ਕੀ ਸਵਾਲ ਹੋਇਆ।”
ਅਸੀਂ ਆਗਿਆ ਲਈ। ਉਹਨੇ ਡੋਲਦੇ ਜਿਹੇ ਹੱਥਾਂ ਨਾਲ ਗੇਟ ਬੰਦ ਕੀਤਾ ਤੇ ਬੋਲੀ, “ਜਦੋਂ ਦਿੱਲੀ ਤੋਂ ਮੈਨੂੰ ਮਿਲਣ ਆਉ, ਬੈਗ ਧੀਰ ਦੇ ਘਰ ਰੱਖ ਕੇ ਸਿੱਧੇ ਆ ਜਾਣਾ।”
ਉਸ ਪਿੱਛੋਂ, ਸੱਚੀਉਂ ਹੀ, ਅਸੀਂ ਮੋਹਾਲੀ ਗਏ ਕਦੀ ਉਹਨੂੰ ਮਿਲੇ ਬਿਨਾਂ ਨਹੀਂ ਸੀ ਆਏ। ਪਹਿਲੀ ਮਿਲਣੀ ਵਿਚ ਬਣਿਆ ਮੇਰਾ ਇਹ ਵਿਚਾਰ ਹਰ ਮਿਲਣੀ ਵਿਚ ਹੋਰ ਪੱਕਾ ਹੁੰਦਾ ਗਿਆ ਕਿ ਉਹ ਕਹਾਣੀਆਂ ਹੀ ਚੰਗੀਆਂ ਨਹੀਂ ਸੀ ਲਿਖਦੀ, ਸਮਾਜ ਬਾਰੇ, ਸਾਹਿਤ ਬਾਰੇ ਉਹਦੀ ਸੂਝ ਬਹੁਤ ਬਰੀਕ ਤੇ ਨਿੱਖਰਵੀਂ ਸੀ। ਜਦੋਂ ਕੋਈ ਓਪਰਾਪਨ ਰਹਿ ਹੀ ਨਾ ਗਿਆ, ਮੈਂ ਪੜ੍ਹਨ ਦੇ ਸਮੇਂ ਤੋਂ ਮਨ ਵਿਚ ਅਟਕੀ ਕਹਾਣੀ ‘ਚੂਹਾ’ ਬਾਰੇ ਗੱਲ ਛੇੜ ਲਈ, “ਤੈਨੂੰ ਸਿੱਧੇ ਸਰੀਰਕ ਮੇਲ ਦਾ ਵਿਸ਼ਾ ਲੈਂਦਿਆਂ ਸੰਕੋਚ ਨਹੀਂ ਹੋਇਆ?”
“ਨਹੀਂ। ਕਾਮ ਇਕ ਕੁਦਰਤੀ ਜਜ਼ਬਾ ਹੈ ਜਿਸ ਨੂੰ ਹਊਆ ਬਣਾ ਦਿੱਤਾ ਗਿਆ ਹੈ। ਲੇਖਕ ਦੇ ਨਾਤੇ ਇਸ ਬਾਰੇ ਲਿਖਣ ਤੋਂ ਮੈਨੂੰ ਕੋਈ ਸੰਕੋਚ ਨਹੀਂ ਹੋਇਆ। ਸਰੀਰਕ ਮੇਲ ਕੇਂਦਰੀ ਗੱਲ ਹੋਣ ਦੇ ਬਾਵਜੂਦ ਮੇਰੀ ਉਸ ਕਹਾਣੀ ਦਾ ਵਿਸ਼ਾ ਨਹੀਂ। ਮੇਰਾ ਵਿਸ਼ਾ ਇਸ ਸਹਿਜ ਜਜ਼ਬੇ ਦੁਆਲੇ ਖੜ੍ਹੀ ਕਰ ਦਿੱਤੀ ਗਈ ਅਸਹਿਜਤਾ ਹੈ। ਮੁੰਡੇ ਤੇ ਕੁੜੀ ਨੂੰ, ਖਾਸ ਕਰ ਕੇ ਕੁੜੀ ਨੂੰ ਖਾਹਮਖਾਹ ਕਿੰਨੀ ਪਰੇਸ਼ਾਨੀ ਵਿਚੋਂ ਲੰਘਣਾ ਪੈਂਦਾ ਹੈ।”
“ਲੇਖਕ ਵਜੋਂ ਤੇਰੇ ਮਨ ਵਿਚ ਇਹ ਨਹੀਂ ਆਇਆ ਕਿ ਕੋਈ ਗੁਆਂਢੀ ਇਕੱਲੇ ਰਹਿੰਦੇ ਮੁੰਡੇ ਦੀਆਂ ਪੌੜੀਆਂ ਚੜ੍ਹਦੀ ਕੁੜੀ ਨੂੰ ਟੋਕ ਦਿੰਦਾ ਕਿ…”
“ਇਉਂ ਕਹਾਣੀ ਬੜਬੋਲੀ ਹੋ ਜਾਂਦੀ। ਨਾਲੇ ਮੇਰਾ ਨਿਸ਼ਾਨਾ ਡਰ ਦਾ ਕਾਰਨ ਦਿਖਾਉਣਾ ਨਹੀਂ ਸੀ, ਕਾਰਨ ਤੋਂ ਬਿਨਾਂ ਡਰ ਦਿਖਾਉਣਾ ਸੀ। ਸੱਚਮੁੱਚ ਦੇ ਡਰ ਤੋਂ ਡਰਨ ਨਾਲ ਕੋਈ ਗੱਲ ਨਹੀਂ ਬਣਦੀ। ਮੇਰਾ ਉਦੇਸ਼ ਤਾਂ ਇਹ ਸੀ ਕਿ ਡਰਨ ਦਾ ਕੋਈ ਕਾਰਨ ਨਹੀਂ ਪਰ ਕੁੜੀ-ਮੁੰਡੇ ਦੇ ਮਿਲਣ ਦੁਆਲੇ ਸਮਾਜ ਨੇ ਅਜਿਹਾ ਮਾਹੌਲ ਸਿਰਜਿਆ ਹੋਇਆ ਹੈ ਜਿਸ ਵਿਚ ਡਰਨ ਦੇ ਕਾਰਨ ਤੋਂ ਬਿਨਾਂ ਹੀ ਡਰ ਭਰਿਆ ਹੋਇਆ ਹੈ।”
ਜਸਬੀਰ ਵਾਲ਼ੀ ਇੰਟਰਵਿਊ ਵਿਚ ਮੁਹੱਬਤ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਪਹਿਲਾਂ ਤਾਂ ਉਹ ਮੁਹੱਬਤ ਦੀ ਅਨੋਖੀ ਦਰਜੇਬੰਦੀ ਕਰਦੀ ਹੈ, “ਮੁਹੱਬਤ ਦਾ ਜਜ਼ਬਾ ਸਾਡੇ ਸਾਹ ਘੁੱਟਵੇਂ ਸਮਾਜ ਵਿਚ ਨਾ ਸਹਿਜ ਰਹਿ ਜਾਂਦਾ ਏ, ਨਾ ਕੁਦਰਤੀ। ਡਰ, ਭੈ ਤੇ ਸਮਾਜ ਵੱਲੋਂ ਲਾਏ ਅੰਕੁਸ਼ ਅਧੀਨ ਜਾਂ ਤਾਂ ਇਹ ਬਹੁਤ ਨੱਪਿਆ ਜਾਂਦਾ ਏ ਜਾਂ ਬਾਗ਼ੀ ਹੋ ਜਾਂਦਾ ਏ ਤੇ ਭਬੂਕਾ ਮਾਰ ਕੇ ਮੱਚ ਖਲੋਂਦਾ ਏ ਤੇ ਕੁਰਾਹੇ ਪੈ ਜਾਂਦਾ ਏ। ਦੋਵੇਂ ਹਾਲਤਾਂ ਗ਼ੈਰ-ਕੁਦਰਤੀ ਨੇ। ਇਸੇ ਲਈ ਇਹ ਸਮਾਜ ਤੇ ਮਨੁੱਖ ਲਈ ਸਿਰ-ਦਰਦੀ ਬਣ ਜਾਂਦਾ ਏ।… ਪਰ ਸਮਝ ਨਹੀਂ ਆਉਂਦੀ ਕਿ ਸਵਾਲ ਕਰਨ ਸਮੇਂ ਤੁਹਾਡੇ ਮੀਟਰ ਮੁਤਾਬਕ ਇਹ ਮੁਹੱਬਤ ਸਾਡੀਆਂ ਪ੍ਰੇਮ-ਗਾਥਾਵਾਂ ਵਿਚਲੀ ਹੈ ਜਾਂ ਸਾਧਾਰਨ ਕੁੜੀਆਂ ਦੀ ਮੁੰਡਿਆਂ ਉੱਤੇ ਮਰ ਮਿਟਣ ਵਾਲੀ ਜਾਂ ਕਮਲਿਆਂ ਵਾਲੀ?”
‘ਮੁਹੱਬਤ’ ਤੋਂ ਤੁਰ ਕੇ ਉਹ ਕਾਮ ਦੀ ਗੱਲ ਕਰਨ ਲਗਦੀ ਹੈ ਤੇ ਬੜੀ ਸਹਿਜਤਾ ਨਾਲ ਬੇਸੰਕੋਚ ਆਪਣੇ ਵਿਚਾਰ ਦਸਦੀ ਜਾਂਦੀ ਹੈ। ਆਪਣੀ ਗੱਲ ਸਪੱਸ਼ਟ ਕਰਨ ਲਈ ਉਹ ਮਿਸਾਲ ਆਪਣੀ ਇਸੇ ਕਹਾਣੀ ‘ਚੂਹਾ’ ਦੀ ਦਿੰਦੀ ਹੈ, “ਮੈਂ ਫ਼ਰਾਇਡ ਵਾਂਗ ਕਾਮ ਦੇ ਜਜ਼ਬੇ ਨੂੰ ਜੀਵਨ ਦਾ ਕੇਂਦਰ ਬਿੰਦੂ ਨਹੀਂ ਮੰਨਦੀ। ਨਾ ਹੀ ਕਾਮ-ਅਪੂਰਤੀ ਨਾਲ ਕੋਈ ਮਰਦਾ ਵੇਖਿਆ ਏ। ਫਿਰ ਵੀ ਇਸ ਦੀ ਪੂਰਤੀ ਬਹੁਤ ਜ਼ਰੂਰੀ ਏ। ਮੈਂ ਕਾਮ ਜਾਂ ਪਿਆਰ ਬਾਰੇ ਓਸੋ-ਰਜਨੀਸ਼ ਨਾਲ ਜ਼ਿਆਦਾ ਸਹਿਮਤ ਹਾਂ। ਇਸ ਦਾ ਕੁਦਰਤੀ ਤੇ ਸਹਿਜ ਨਿਕਾਸ ਹੋਣਾ ਚਾਹੀਦਾ ਏ। ਨਹੀਂ ਤਾਂ ਇਹ ਕੁੰਠਾ ਦਾ ਰੂਪ ਧਾਰਨ ਕਰ ਲੈਂਦਾ ਏ ਤੇ ਮਨੁੱਖ ਦੀ ਇਹਦੇ ਤੋਂ ਮੁਕਤੀ ਨਹੀਂ ਹੁੰਦੀ। ਇਸੇ ਕਰਕੇ ਮਨੁੱਖ ਇਕ ਭਟਕਣਾ ਦੇ ਆਲਮ ਵਿਚ ਰਹਿੰਦਾ ਏ ਤੇ ਹੋਰ ਵਡੇਰੇ ਤੇ ਮਹਾਨ ਕੰਮ ਨਹੀਂ ਛੋਹ ਸਕਦਾ। ਇਸ ਵਿਚੋਂ ਮਾਨਸਿਕ ਤੌਰ ਉੱਤੇ ਜਿੰਨਾ ਛੇਤੀ ਕੋਈ ਨਿੱਕਲ ਜਾਏ, ਓਨਾ ਹੀ ਸਿਆਣਾ ਹੋ ਕੇ ਨਿੱਕਲਦਾ ਹੈ। ਕਹਾਣੀ ‘ਚੂਹਾ’ ਵਿਚਲੀ ਕੁੜੀ ਕਾਮ-ਭੁੱਖ ਦੀ ਸਤਾਈ ਹੋਈ ਕਿੰਨੇ ਡਰ-ਭੈ ਤੇ ਸੰਤਾਪ ਵਿਚੋਂ ਗੁਜ਼ਰਦੀ ਏ, ਕਿਉਂਕਿ ਸਮਾਜ ਵਿਚ ਅਣ-ਵਿਆਹੇ ਲੋਕਾਂ ਲਈ ਕੋਈ ਇਹੋ ਜਿਹੀ ਖੁੱਲ੍ਹ ਨਹੀਂ।”
ਉਹ ਅੰਮ੍ਰਿਤਾ ਤੇ ਅਜੀਤ ਕੌਰ ਵਾਲੇ ਸੀਮਤ ਨਾਰੀਵਾਦੀ ਵਿਸ਼ਾ-ਕਲਾਵੇ ਨੂੰ ਅਪਰਵਾਨ ਕਰਦਿਆਂ ਪੰਜਾਬੀ ਲੇਖਿਕਾਵਾਂ ਵਿਚੋਂ ਸਹੀ ਅਰਥਾਂ ਵਿਚ ਪਹਿਲੀ ਕਹਾਣੀਕਾਰ ਬਣੀ। ਜਿਉਂ-ਜਿਉਂ ਮੈਂ ਉਹਨੂੰ ਪੜ੍ਹਿਆ, ਰਚਨਾਕਾਰ ਵਜੋਂ ਉਹਦਾ ਕੱਦ ਮੇਰੀ ਪਾਠਕੀ ਨਜ਼ਰ ਵਿਚ ਵਧਦਾ ਹੀ ਗਿਆ। ਉਹਦੀ ਹਰ ਨਵੀਂ ਰਚਨਾ ਉਹਦੀਆਂ ਪਹਿਲੀਆਂ ਰਚਨਾਵਾਂ ਨਾਲੋਂ ਵੱਖਰੀ ਹੁੰਦੀ ਤੇ ਕੁਝ ਨਵਾਂ ਲੈ ਕੇ ਆਉਂਦੀ। ਲਿਖੇ ਉਹਨੇ ਨਾਵਲ ਵੀ ਤੇ ਲਿਖਿਆ ਬਾਲ-ਸਾਹਿਤ ਵੀ, ਪਰ ਪਾਠਕਾਂ ਨੇ ਜਾਣਿਆ ਬਹੁਤਾ ਉਹਨੂੰ ਕਹਾਣੀਕਾਰ ਵਜੋਂ ਹੀ। ਉਹ ਅੰਮ੍ਰਿਤਾ ਤੇ ਅਜੀਤ ਕੌਰ ਤੋਂ ਹੀ ਵੱਖਰੀ ਹੋ ਕੇ ਨਹੀਂ ਤੁਰੀ, ਉਸ ਤੋਂ ਮਗਰੋਂ ਦੀ ਕੋਈ ਕਹਾਣੀਕਾਰ ਵੀ ਉਹਦੇ ਮਿਆਰ ਦੀਆਂ ਕਹਾਣੀਆਂ ਨਹੀਂ ਲਿਖ ਸਕੀ।
(ਚੱਲਦਾ)