ਪੰਜਾਬ ਸੰਕਟ ਦੀ ਚਿੰਤਾ

ਗੁਲਜ਼ਾਰ ਸਿੰਘ ਸੰਧੂ
ਖਾਲਸਾ ਕਾਲਜ ਅੰਮ੍ਰਿਤਸਰ ਦੇ ਪੰਜਾਬੀ ਵਿਭਾਗ ਨੇ ਪੰਜਾਬ ਦੇ ਵਰਤਮਾਨ ਸੰਕਟ ਨਾਲ ਜੁੜੇ ਮਸਲਿਆਂ ਨੂੰ ਪਛਾਣਦੀ ਤੇ ਇਨ੍ਹਾਂ ਦੀ ਦਵਾ ਦਾਰੂ ਲੱਭਦੀ ਇਕ ਵਡਮੁੱਲੀ ਪੁਸਤਕ ਨਵੇਂ ਸਾਲ ਦੇ ਤੋਹਫੇ ਵਜੋਂ ਤਿਆਰ ਕੀਤੀ ਹੈ। ਇਸ ਵਿਚ ਡੇਢ ਦਰਜਨ ਜਾਣੇ-ਪਛਾਣੇ ਤੇ ਸਮਰੱਥ ਲੇਖਕਾਂ ਦੇ ਲੇਖ ਹਨ ਜਿਨ੍ਹਾਂ ਵਿਚ ਪੰਜਾਬ ਨੂੰ ਦਰਪੇਸ਼ ਗਹਿਰ ਗੰਭੀਰ ਮਸਲਿਆਂ ਦੀ ਚਰਚਾ ਕੀਤੀ ਗਈ ਹੈ।

ਇਸ ਵਿਚ ਸੁੱਚਾ ਸਿੰਘ ਗਿੱਲ, ਅਮਰਜੀਤ ਗਰੇਵਾਲ, ਦਵਿੰਦਰ ਸ਼ਰਮਾ, ਸੁਮੇਲ ਸਿੰਘ ਸਿਧੂ, ਰਾਜਿੰਦਰਪਾਲ ਬਰਾੜ, ਭਾਈ ਹਰਿਸਿਮਰਨ ਸਿੰਘ, ਪ੍ਰੇਮ ਮਾਨ ਤੇ ਪਰਮਜੀਤ ਢੀਂਗਰਾ ਵਰਗੇ ਹੋਰ ਕਈ ਲੇਖਕ ਸ਼ਾਮਲ ਹਨ। ਸੰਪਾਦਨ ਦੀ ਜ਼ਿੰਮੇਵਾਰੀ ਡਾ. ਮਹਿਲ ਸਿੰਘ ਤੇ ਡਾ. ਆਤਮ ਸਿੰਘ ਰੰਧਾਵਾ ਨੇ ਨਿਭਾਈ ਹੈ। ਇਨ੍ਹਾਂ ਵਿਚ ਹਰੀ ਕ੍ਰਾਂਤੀ ਤੋਂ ਪਿੱਛੋਂ ਉਦਯੋਗ, ਰੁਜ਼ਗਾਰ ਤੇ ਵਿਉਪਾਰ ਵਿਚ ਆਈ ਖੜੋਤ ਨੂੰ ਵਿਚਾਰਿਆ ਗਿਆ ਹੈ। ਪਾਠਕਾਂ ਦੇ ਧਰਵਾਸ ਲਈ ਪ੍ਰੋ. ਪੂਰਨ ਸਿੰਘ ਦੇ ਹੇਠ ਲਿਖੇ ਬੋਲਾਂ ਦੀ ਸ਼ਰਨ ਲੈ ਕੇ ਸੁਰਜੀਤ ਪਾਤਰ ਦਾ ਪੱਲਾ ਵੀ ਫੜਿਆ ਗਿਆ ਹੈ। ਪਹਿਲਾਂ ਪ੍ਰੋ. ਪੂਰਨ ਸਿੰਘ:
ਪੰਜਾਬ ਨਾ ਹਿੰਦੂ ਨਾ ਮੁਸਲਮਾਨ
ਪੰਜਾਬ ਜੀਉਂਦਾ ਗੁਰੂ ਦੇ ਨਾਮ `ਤੇ।

ਪਾਤਰ ਦੇ ਬੋਲ ਵੀ ਸਰਲ ਸਪੱਸ਼ਟ ਹਨ:

ਇਹ ਪੰਜਾਬ ਕੋਈ ਨਿਰਾ ਜੁਗਰਾਫੀਆ ਨਹੀਂ,
ਇਹ ਇੱਕ ਰੀਤ, ਇੱਕ ਗੀਤ, ਇਤਿਹਾਸ ਵੀ ਹੈ।
ਗੁਰੂਆਂ, ਰਿਸ਼ੀਆਂ ਤੇ ਸੂਫੀਆਂ ਸਿਰਜਿਆ ਏ,
ਇਹ ਇਕ ਫਲਸਫਾ, ਸੋਚ, ਅਹਿਸਾਸ ਵੀ ਹੈ।
ਕਿੰਨੇ ਝੱਖੜਾਂ, ਤੂਫਾਨਾਂ ’ਚੋਂ ਲੰਘਿਆ ਏ,
ਇਹਦਾ ਮੁੱਖੜਾ ਕੁੱਝ ਉਦਾਸ ਵੀ ਹੈ।
ਇਕ ਦਿਨ ਸ਼ਾਨ ਇਸਦੀ ਸੂਰਜ ਵਾਂਗ ਚਮਕੂ,
ਮੇਰੀ ਆਸ ਵੀ ਹੈ, ਅਰਦਾਸ ਵੀ ਹੈ।
ਅਮਰਜੀਤ ਗਰੇਵਾਲ ਨੇ ਕਿਸਾਨੀ ਸੰਘਰਸ਼ ਦੀਆਂ ਪਰਤਾਂ ਫਰੋਲਦਿਆਂ ਵਲੀ ਕੰਧਾਰੀ ਕਾਰਪੋਰੇਟਾਂ ਨੂੰ ਨਕਾਰ ਕੇ ਏਥੋਂ ਦੇ ਵਸਨੀਕਾਂ ਤੇ ਸਰਕਾਰਾਂ ਤੋਂ ਭਿਖਾਰੀ ਸੋਚ ਨਕਾਰ ਕੇ ਦਾਤੇ ਤੇ ਦਾਤਾਰ ਬਣਨ ਦੀ ਮੰਗ ਕੀਤੀ ਹੈ। ਸੁੱਚਾ ਸਿੰਘ ਗਿੱਲ ਨੇ ਖੇਤੀ ਦੇ ਬਦਲਵੇਂ ਮਾਡਲਾਂ ਦਾ ਸੁਝਾਅ ਦਿੱਤਾ ਹੈ। ਦਵਿੰਦਰ ਸ਼ਰਮਾ ਨੇ ਵੀ ਵਧੇਰੇ ਲਾਗਤ ਤੇ ਉਤਪਾਦਨ ਵਾਲੇ ਸੰਘਣੀ ਖੇਤੀ ਸਿਧਾਂਤ ਤੋਂ ਕਿਨਾਰਾਕਸ਼ੀ ਕਰਨ ਦੀ ਅਪੀਲ ਕੀਤੀ ਹੈ। ਸੁਮੇਲ ਸਿਧੂ ਨੇ ਪੰਜਾਬ ਦੇ ਦਰਿਆਵਾਂ ਵਿਚ ਘਟ ਰਹੇ ਪਾਣੀਆਂ ਦੀ ਚਿੰਤਾ ਜਤਾਈ ਹੈ। ਰਾਜਿੰਦਰਪਾਲ ਬਰਾੜ ਨੇ ਵਾਤਾਵਰਨ, ਸਿਹਤ, ਸਿੱਖਿਆ ਤੇ ਰੁਜ਼ਗਾਰ ਵਿਚ ਆਏ ਨਿਘਾਰ ਦਾ ਹਵਾਲਾ ਦੇ ਕੇ ਲੋਕਤੰਤਰ ਪ੍ਰਣਾਲੀ ਨੂੰ ਸੁਚੇਤ ਹੋਣ ਦੀ ਅਪੀਲ ਕੀਤੀ ਹੈ।
ਇਹ ਵੀ ਹਦਾਇਤ ਕੀਤੀ ਹੈ ਕਿ ਏਸ ਮਾਰਗ ਤੁਰਦਿਆਂ ਧੱਕੇਸ਼ਾਹੀ ਤੇ ਹਿੰਸਾ ਤੋਂ ਮੁਕਤ ਰਹਿਣ ਦੀ ਲੋੜ ਹੈ ਨਹੀਂ ਤਾਂ ਲੋਕਤੰਤਰੀ ਤਾਣਾ-ਬਾਣਾ ਖੇਰੂੰ-ਖੇਰੂੰ ਹੋ ਸਕਦਾ ਹੈ। ਭਾਈ ਹਰਿਸਿਮਰਨ ਸਿੰਘ ਨੇ ਕੁਦਰਤੀ ਜੈਵਿਕ ਖੇਤੀ ਨੂੰ ਅਪਨਾਉਣ ਤੇ ਬੀਜ-ਬਿਜਾਈ ਜਾਂ ਗੁਡ-ਗੁਡਾਈ ਸਮੇਂ ਰਸਾਇਣ ਦੀ ਵਰਤੋਂ ਕਰਨ ਤੋਂ ਵਰਜਣ ਦਾ ਬੀੜਾ ਚੁੱਕਿਆ ਹੈ। ਪ੍ਰੇਮ ਮਾਨ ਨੇ ਇਹੀਓ ਨੁਕਤਾ ਸਮਝਾਉਣ ਲਈ ਗੁਰਬਾਣੀ ਦੀ ਸ਼ਰਨ ਲਈ ਹੈ। ਉਂਝ ਸਾਰੇ ਲੇਖਕ ਖੇਤੀ ਨੂੰ ਪੰਜਾਬ ਸੰਕਟ ਦਾ ਧੁਰਾ ਮੰਨਦੇ ਹਨ ਤੇ ਏਸ ਪਾਸੇ ਖਾਸ ਧਿਆਨ ਦੇਣ ਦੀ ਲੋੜ ਹੈ। ਖਾਲਸਾ ਕਾਲਜ ਅੰਮ੍ਰਿਤਸਰ ਦੇ ਪੰਜਾਬੀ ਅਧਿਐਨ ਵਿਭਾਗ ਵਲੋਂ ਇਸ ਗੰਭੀਰ ਵਿਸ਼ੇ ਨੂੰ ਉਭਾਰਨ ਦਾ ਸਵਾਗਤ ਕਰਨਾ ਬਣਦਾ ਹੈ।
ਜਾਂਦੇ ਜਾਂਦੇ ਇਹ ਵੀ ਦੱਸ ਦਿਆਂ ਕਿ ਪੰਜਾਬ ਸੰਕਟ ਦੀ ਚਿੰਤਾ ਕੇਵਲ ਅੰਮ੍ਰਿਤਸਰੀਆਂ ਨੂੰ ਹੀ ਨਹੀਂ ਚੰਡੀਗੜ੍ਹ ਦੇ ਲੋਕਗੀਤ ਪ੍ਰਕਾਸ਼ਨ ਨੂੰ ਵੀ ਹੈ ਜਿਸ ਨੇ ਦੋ-ਚਾਰ ਮਹੀਨੇ ਪਹਿਲਾਂ ‘ਸਪਤ-ਸਿੰਧੂ ਪੰਜਾਬ’ ਨਾਂ ਦੀ ਵੱਡ-ਆਕਾਰੀ ਪੁਸਤਕ ਵਿਚ ਦਰਜਨ ਤੋਂ ਵੱਧ ਬੁੱਧੀਜੀਵੀਆਂ ਦੇ ਵਿਚਾਰ ਪੇਸ਼ ਕੀਤੇ ਹਨ। ਉਹ ਵਾਲੀ ਰਚਨਾ ਵੀ ਸਪਤ-ਸਿੰਧੂ ਵਾਸੀਆਂ ਨੂੰ ਜਾਗ੍ਰਤ ਕਰਨ ਵਾਲੀ ਹੈ, ਭਾਵੇਂ ਉਹ ਪਾਕਿਸਤਾਨ ਦੇ ਬਾਸ਼ਿੰਦੇ ਹਨ, ਹਰਿਆਣਾ, ਹਿਮਾਚਲ ਜਾਂ ਏਧਰਲੇ ਪੰਜਾਬ ਦੇ। ਸਮੁੱਚੇ ਪੰਜਾਬੀ ਭਾਈਚਾਰੇ ਨੂੰ ਜਾਗਣ ਦੀ ਲੋੜ ਹੈ।
ਦੇਸਾਂ ਪ੍ਰਦੇਸਾਂ ਦੇ ਸੜਕ ਹਾਦਸੇ
ਜਿਵੇਂ ਜਿਵੇਂ ਮੋਟਰ ਗੱਡੀਆਂ ਦੀ ਵਰਤੋਂ ਵਧ ਰਹੀ ਹੈ ਦੁਨੀਆ ਭਰ ਵਿਚ ਸੜਕ ਹਾਦਸੇ ਵੀ ਵਧ ਰਹੇ ਹਨ। ‘ਸੜਕ ਹਾਦਸੇ ਤੇ ਟਰੈਫਿਕ 2021’ ਦੀ ਸਾਲਾਨਾ ਰਿਪੋਰਟ ਅਨੁਸਾਰ ਇਕੱਲੇ ਪੰਜਾਬ ਸੂਬੇ ਵਿਚ 2021 ਦੌਰਾਨ ਹਰ ਰੋਜ਼ ਤੇਰਾਂ ਬੰਦਿਆਂ ਦੀ ਜਾਨ ਚਲੀ ਗਈ ਸੀ। ਜਿਹੜੀ 2020 ਨਾਲੋਂ 17.7% ਵੱਧ ਹੈ। ਕੁੱਲ ਮਿਲਾ ਕੇ 5,871 ਹਾਦਸੇ ਹੋਏ ਜਿਨ੍ਹਾਂ ਵਿਚ 4,581 ਵਿਅਕਤੀ ਮਾਰੇ ਗਏ ਤੇ 2,032 ਜ਼ਖਮੀ ਹੋਏ। ਹਾਦਸਿਆਂ ਦਾ ਮੁੱਖ ਕਾਰਨ ਤੇਜ਼-ਰਫਤਾਰੀ ਤੇ ਉਲਟ ਪਾਸੇ ਦੀ ਡਰਾਈਵਿੰਗ ਦੱਸਿਆ ਗਿਆ ਹੈ। ਹਾਦਸਿਆਂ ਦਾ ਸ਼ਿਕਾਰ ਹੋਣ ਵਾਲਿਆਂ ਦੀ ਉਮਰ ਵੀ 18 ਤੋਂ 45 ਸਾਲ ਨੋਟ ਕੀਤੀ ਗਈ ਹੈ। ਕੇਵਲ ਪੰਜਾਬ ਹੀ ਨਹੀਂ ਅਜਿਹੀਆਂ ਰਿਪੋਰਟਾਂ ਦੂਜੇ ਮੁਲਕਾਂ ਤੋਂ ਵੀ ਚੰਗੀਆਂ ਨਹੀਂ ਮਿਲ ਰਹੀਆਂ। ਕਾਰਨ ਉਥੇ ਵੀ ਗੱਡੀਆਂ ਦੀ ਗਿਣਤੀ ਵਧਣਾ ਹੀ ਦੱਸਿਆ ਗਿਆ। 14 ਦਸੰਬਰ ਨੂੰ ਕੈਲੀਫੋਰਨੀਆ ਦੇ ਸੈਕਰਾਮੈਂਟੋ ਸ਼ਹਿਰ ਤੋਂ ਇਕ ਅਤਿਅੰਤ ਭਿਆਨਕ ਹਾਦਸੇ ਦੀ ਖ਼ਬਰ ਮਿਲੀ। ਤਿੰਨ ਗੋਰੇ ਤੇ ਇਕ ਪੰਜਾਬੀ ਇਕੋ ਕਾਰ ਵਿਚ ਸਫਰ ਕਰ ਰਹੇ ਸਨ। ਕਿਸੇ ਕਾਰਨ ਚਾਲਕ ਕੋਲੋਂ ਕਾਰ ਬੇਕਾਬੂ ਹੋ ਗਈ ਤੇ ਇਕ ਰੁਖ ਨਾਲ ਟਕਰਾਉਂਦੇ ਸਾਰ ਇਸਨੂੰ ਅੱਗ ਲੱਗ ਗਈ। ਅੱਗ ਏਨੀ ਤੇਜ਼ ਸੀ ਕਿ ਪਲਾਂ ਛਿਣਾਂ ਵਿਚ ਹੀ ਗੱਡੀ ਵੀ ਸੜ ਗਈ ਤੇ ਸਵਾਰੀਆਂ ਵੀ ਲੂਹੀਆਂ ਗਈਆਂ। ਜਾਨੋਂ ਮਰਨ ਵਾਲੇ ਤਿੰਨੋ ਗੋਰੇ 55 ਤੋਂ 65 ਸਾਲ ਦੀ ਉਮਰ ਦੇ ਸਨ ਤੇ ਪੰਜਾਬੀ ਕੇਵਲ 45 ਵਰ੍ਹਿਆਂ ਦਾ। ਪੰਜਾਬੀ ਦੀ ਪਛਾਣ ਕੰਵਰ ਹਰਪ੍ਰੀਤ ਸਿੰਘ ਪੰਨੂ ਉਰਫ ਹੈਰੀ ਵਜੋਂ ਹੋਈ ਹੈ ਜਿਸਦਾ ਜੱਦੀ ਪੁਸ਼ਤੀ ਪਿੰਡ ਤਰਨਤਾਰਨ ਜ਼ਿਲ੍ਹੇ ਦਾ ਨੌਸ਼ਹਿਰਾ ਪੰਨੂੰਆ ਹੈ। ਉਹ 20-22 ਸਾਲ ਪਹਿਲਾਂ ਕੈਲੀਫੋਰਨੀਆ ਗਿਆ ਸੀ। ਉਸਦਾ ਇਕ ਬੇਟਾ 17 ਸਾਲ ਦਾ ਹੈ ਜਿਹੜਾ ਉਸਦੀ ਪਹਿਲੀ ਪਤਨੀ ਤੋਂ ਹੈ। ਦੂਜੇ ਦੋਵੇਂ ਬੱਚੇ ਤਿੰਨ ਸਾਲ ਤੋਂ ਘੱਟ ਉਮਰ ਦੇ ਹਨ ਜਿਹੜੇ ਉਹਦੀ ਦੂਜੀ ਪਤਨੀ ਤੋਂ ਹਨ। ਦੂਜੀ ਪਤਨੀ ਦੇ ਮਾਪੇ ਜਰਮਨ ਮੂਲ ਦੇ ਹਨ। ਨਿਸ਼ਚੇ ਹੀ ਹੈਰੀ ਦੇ ਮਾਪਿਆਂ ਤੇ ਸਹੁਰਿਆਂ ਦਾ ਦੁੱਖ ਹਿਰਦੇਵੇਧਕ ਹੈ। ਸਾਰੇ ਅੰਗੀ ਸੰਗੀ ਭਾਣਾ ਮੰਨਣ ਦਾ ਦਿਲਾਸਾ ਦੇ ਕੇ ਸਮਾਂ ਵੇਖਣ ਦੀ ਅਰਦਾਸ ਕਰ ਰਹੇ ਹਨ।
ਦੁਨੀਆ ਭਰ ਦੇ ਦੇਸ਼ਾਂ ਵਿਚ ਵਾਪਰ ਰਹੇ ਅਜਿਹੇ ਹਾਦਸੇ ਪਰਵਾਨ ਕਰੇ ਬਿਨਾਂ ਕੋਈ ਚਾਰਾ ਵੀ ਨਹੀਂ। ਜਿਉਂ ਜਿਉਂ ਨਵੀਆਂ ਕਾਢਾਂ ਵਧ ਰਹੀਆਂ ਹਨ ਹਰ ਚੀਜ਼ ਦੀ ਰਫਤਾਰ ਵਧ ਰਹੀ ਹੈ। ਤੇਜ਼ ਰਫਤਾਰੀ ਅਜਿਹੇ ਰੋਗਾਂ ਦੀ ਜੜ੍ਹ ਹੈ। ਲੰਘੀ 19 ਦਸੰਬਰ ਨੂੰ ਧੰੁਦ ਕਾਰਨ ਸ਼੍ਰੀ ਮੁਕਤਸਰ ਸਾਹਿਬ ਤੇ ਪਟਿਆਲਾ ਜ਼ਿਲ੍ਹਿਆਂ ਵਿਚ ਇਕ ਦਰਜਨ ਵਾਹਨ ਆਪਸ ਵਿਚ ਟਕਰਾ ਗਏ ਜਿਨ੍ਹਾਂ ਵਿਚ ਤਿੰਨ ਵਿਅਕਤੀ ਜਾਨ ਤੋਂ ਮਾਰੇ ਗਏ। ਕਰੀਏ ਤਾਂ ਕੀ ਕਰੀਏ!

ਅੰਤਿਕਾ
ਮਿਰਜ਼ਾ ਗਾਲਿਬ
ਕੋਈ ਉਮੀਦ ਬਰ ਨਹੀਂ ਆਤੀ, ਕੋਈ ਸੂਰਤ ਨਜ਼ਰ ਨਹੀਂ ਆਤੀ।
ਆਗੇ ਆਤੀ ਥੀ ਹਾਲ-ਏ-ਦਿਲ ਪਰ ਹੰਸੀ, ਅਬ ਕਿਸੀ ਬਾਤ ਪਰ ਨਹੀਂ ਆਤੀ।