ਡਾ. ਅਜੀਤ ਸਿੰਘ ਕੋਟਕਪੂਰਾ
ਬਹਾਰ ਦਾ ਮੌਸਮ ਸੀ। ਧਰਤੀ ਫੁੱਲਾਂ ਨਾਲ ਮਹਿਕੀ-ਮਹਿਕੀ ਲੱਗ ਰਹੀ ਸੀ। ਸਾਰੇ ਬਾਗ਼ ਬਗੀਚੇ ਫੁੱਲਾਂ ਅਤੇ ਫਲਾਂ ਨਾਲ ਲੱਦੇ ਪਏ ਸਨ। ਨਦੀਆਂ ਕਲ ਕਲ ਕਰਦੀਆਂ ਹੋਈਆਂ ਪੱਥਰਾਂ ਨਾਲ ਕਲੋਲਾਂ ਕਰ ਰਹੀਆਂ ਸਨ। ਵਾਤਾਵਰਨ ਦੇ ਅੰਦਰ ਮਨਮੋਹਕ ਸੰਗੀਤ ਫੈਲਿਆ ਹੋਇਆ ਸੀ। ਸਾਰੀ ਭੂਮੀ ਹਰੀ ਭਰੀ ਸੀ। ਝੋਨੇ ਦੀ ਫ਼ਸਲ ਤਾਂ ਇਸ ਤਰ੍ਹਾਂ ਜਾਪ ਰਹੀ ਸੀ ਜਿਵੇਂ ਕੁਦਰਤ ਨੇ ਮਖਮਲੀ ਗਲੀਚੇ ਵਿਛਾਏ ਹੋਣ। ਜਦੋਂ ਆਲੇ-ਦੁਆਲੇ ਅਜਿਹਾ ਮੌਸਮ ਹੋਵੇ ਤਾਂ ਮਨੁੱਖੀ ਮਨਾਂ ਦੇ ਅੰਦਰ ਵੀ ਪਿਆਰ ਮਲੋਮੱਲੀ ਉੱਗ ਪੈਂਦਾ ਹੈ। ਕਿਸੇ ਦੇ ਸਾਹਾਂ ਵਿਚ ਸਾਹ ਲੈਣ ਨੂੰ ਮਨ ਉਮੜਦਾ ਹੈ ਅਤੇ ਆਪਣੇ ਪਿਆਰੇ ਦੀਆਂ ਬਾਹਾਂ ਦੇ ਅੰਦਰ ਸਿਮਟ ਕੇ ਨਿੱਘ ਮਾਣਨ ਦਾ ਜੀਅ ਕਰਦਾ ਹੈ। ਅਜਿਹਾ ਮਾਹੌਲ ਸ਼ੀਲਾ ਜਿਸ ਦਾ ਨਾਮ ਸੁਸ਼ੀਲ ਕੌਰ ਸੀ, `ਤੇ ਵੀ ਅਸਰ ਕਰ ਗਿਆ ਅਤੇ ਉਸ ਨੂੰ ਪਿੰਡ ਦੇ ਹੀ ਇਕ ਲੜਕੇ ਮੋਹਣੇ ਜਿਸ ਦਾ ਪੂਰਾ ਨਾਮ ਗੁਰਮੋਹਨ ਸੀ, ਨਾਲ ਪਿਆਰ ਹੋ ਗਿਆ।
ਸ਼ੀਲਾ ਇਕ ਸਾਧਾਰਨ ਘਰ ਦੀ ਲੜਕੀ ਸੀ ਅਤੇ ਨੀਵੀਂ ਜਾਤ ਨਾਲ ਸਬੰਧਤ ਸੀ। ਉਹ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਸੀ। ਹਰ ਜਮਾਤ ਵਿਚ ਪਹਿਲੇ ਜਾਂ ਦੂਜੇ ਨੰਬਰ `ਤੇ ਆਇਆ ਕਰਦੀ ਸੀ। ਅਧਿਆਪਕ ਵੀ ਉਸ ਦਾ ਖਾਸ ਖਿਆਲ ਰੱਖਦੇ ਸਨ। ਉਸ ਦੀ ਕਿਤਾਬਾਂ ਅਤੇ ਕਾਪੀਆਂ ਲੈਣ ਵਿਚ ਮਦਦ ਕਰਦੇ ਸਨ। ਉਹ ਸਾਰਿਆਂ ਦੀ ਹਰਮਨ-ਪਿਆਰੀ ਸੀ ਪਰ ਅੰਗਰੇਜ਼ੀ ਵਾਲੀ ਅਧਿਆਪਕਾ ਗੁਰਜੀਤ ਕੌਰ ਉਸ ਦਾ ਵਿਸ਼ੇਸ਼ ਧਿਆਨ ਰੱਖਦੀ ਸੀ। ਸ਼ੀਲਾ ਨੂੰ ਵੀ ਜਦੋਂ ਕੋਈ ਲੋੜ ਹੁੰਦੀ ਤਾਂ ਬਿਨਾਂ ਕਿਸੇ ਝਿਜਕ ਉਸ ਨੂੰ ਦੱਸ ਦਿਆ ਕਰਦੀ ਸੀ ਅਤੇ ਕਈ ਵਾਰ ਤਾਂ ਆਪਣੀ ਫੀਸ ਵੀ ਉਸ ਅਧਿਆਪਕਾ ਤੋਂ ਲੈ ਕੇ ਭਰ ਦਿਆ ਕਰਦੀ ਸੀ। ਇਸ ਤਰ੍ਹਾਂ ਸ਼ੀਲਾ ਦਸਵੀਂ ਜਮਾਤ ਵਿਚ ਪੁੱਜ ਗਈ। ਉਹ ਮਨ ਹੀ ਮਨ ਅੱਗੇ ਪੜ੍ਹਾਈ ਕਰਨ ਬਾਰੇ ਸੋਚ ਰਹੀ ਸੀ ਪਰ ਉਸ ਨੂੰ ਡਰ ਸੀ ਕਿ ਉਸ ਦਾ ਖਰਚ ਕੌਣ ਦੇਵੇਗਾ? ਇਸ ਸਬੰਧੀ ਉਹ ਆਪਣੀ ਅਧਿਆਪਕਾ ਨਾਲ ਗੱਲ ਕਰਨਾ ਚਾਹੁੰਦੀ ਸੀ ਤਾਂ ਕਿ ਕਿਵੇਂ ਨਾ ਕਿਵੇਂ ਖਰਚੇ ਦਾ ਕੋਈ ਪ੍ਰਬੰਧ ਹੋ ਸਕੇ।
ਮੋਹਨ ਵੀ ਉਸੇ ਜਮਾਤ ਵਿਚ ਪੜ੍ਹ ਰਿਹਾ ਸੀ ਪਰ ਪੜ੍ਹਾਈ ਵਿਚ ਠੀਕ ਠੀਕ ਹੀ ਸੀ। ਕੁਝ ਆਪਣੀ ਮੇਹਨਤ ਅਤੇ ਕੁਝ ਪ੍ਰਾਈਵੇਟ ਟਿਊਸ਼ਨ ਸਦਕਾ ਅਗਲੀਆਂ ਜਮਾਤਾਂ ਵਿਚ ਅੱਪੜ ਰਿਹਾ ਸੀ। ਦਸਵੀਂ ਜਮਾਤ ਵਿਚ ਉਸੇ ਸਕੂਲ ਵਿਚ ਪੜ੍ਹ ਰਿਹਾ ਸੀ ਜਿਸ ਵਿਚ ਸ਼ੀਲਾ ਪੜ੍ਹ ਰਹੀ ਸੀ। ਉਸ ਦੇ ਮਾਪੇ ਅਮੀਰ ਸਨ, ਚੰਗੀ ਜ਼ਮੀਨ ਸੀ। ਉਹ ਕਿਸੇ ਨਾ ਕਿਸੇ ਬਹਾਨੇ ਸ਼ੀਲਾ ਨੂੰ ਬੁਲਾ ਲਿਆ ਕਰਦਾ। ਇਸ ਤਰ੍ਹਾਂ ਮੇਲ ਮਿਲਾਪ ਸਦਕਾ ਉਹ ਇੱਕ ਦੂਜੇ ਨੂੰ ਚਾਹੁਣ ਲੱਗੇ। ਪਿਆਰ ਦੀਆਂ ਪੀਂਘਾਂ ਝੂਟਣ ਲੱਗ ਪਏ। ਸਮਾਂ ਆਪਣੀ ਮਸਤ ਚਾਲ ਅੱਗੇ ਵਧ ਰਿਹਾ ਸੀ।
ਮੈਡਮ ਗੁਰਜੀਤ ਨੂੰ ਵੀ ਭਿਣਕ ਪੈ ਗਈ ਕਿ ਸ਼ੀਲਾ ਆਪਣੇ ਰਾਹ ਤੋਂ ਭਟਕ ਰਹੀ ਹੈ ਤੇ ਮੋਹਣੇ ਨਾਲ ਕੁਝ ਜਿ਼ਆਦਾ ਹੀ ਘੁਲ-ਮਿਲ ਰਹੀ ਹੈ। ਉਹ ਉਸ ਨੂੰ ਸਮਝਾਉਣਾ ਚਾਹੁੰਦੀ ਸੀ। ਸ਼ੀਲਾ ਅਕਸਰ ਮੈਡਮ ਦੇ ਘਰ ਕੁਝ ਨਾ ਕੁਝ ਪੁੱਛਣ ਆ ਜਾਇਆ ਕਰਦੀ ਸੀ ਅਤੇ ਉਸ ਨਾਲ ਘਰ ਦੇ ਕੰਮ ਵਿਚ ਮਦਦ ਵੀ ਕਰ ਜਾਇਆ ਕਰਦੀ ਸੀ। ਉਸ ਦੇ ਮਾਪਿਆਂ ਨੂੰ ਵੀ ਪਤਾ ਸੀ ਕਿ ਉਹ ਮੈਡਮ ਦੇ ਘਰ ਚਲੀ ਜਾਂਦੀ ਹੈ। ਉਨ੍ਹਾਂ ਨੇ ਕਦੇ ਇਤਰਾਜ਼ ਨਹੀਂ ਕੀਤਾ ਸੀ। ਇੱਕ ਦਿਨ ਮੈਡਮ ਉਸ ਨੂੰ ਕੋਲ ਬਿਠਾ ਪਿਆਰ ਨਾਲ ਪੁੱਛਣ ਲੱਗੀ,
‘ਅੱਜ ਕੱਲ੍ਹ ਮੋਹਣੇ ਨਾਲ ਕੀ ਚੱਲ ਰਿਹਾ ਹੈ।’
ਇਹ ਸੁਣ ਸ਼ੀਲਾ ਨੂੰ ਕੋਈ ਹੈਰਾਨੀ ਨਹੀਂ ਹੋਈ ਅਤੇ ਉਸ ਨੇ ਸਾਫ ਸਾਫ ਦੱਸ ਦਿੱਤਾ,
‘ਅਸੀਂ ਇਕ ਦੂਜੇ ਨੂੰ ਚਾਹੁੰਦੇ ਹਾਂ।’
ਮੈਡਮ ਨੇ ਇਹ ਸੁਣ ਆਖਿਆ, ‘ਸ਼ੀਲਾ ਤੁਹਾਡੀ ਉਮਰ ਅਜੇ ਛੋਟੀ ਹੈ। ਤੁਹਾਡੇ ਸਿਰ ਭਾਰੀ ਜ਼ਿੰਮੇਵਾਰੀ ਹੈ ਅਤੇ ਕੀ ਤੇਰੀ ਅਗਲੀ ਪੜ੍ਹਾਈ ਬਾਰੇ ਵਿਚਾਰ ਬਦਲ ਗਿਆ ਹੈ?’
ਸ਼ੀਲਾ ਨੇ ਕਿਹਾ, ‘ਮੈਂ ਮੋਹਣੇ ਨੂੰ ਦੱਸ ਦਿੱਤਾ ਹੈ ਕਿ ਮੈਂ ਪੜ੍ਹ ਕੇ ਆਪਣੇ ਪੈਰਾਂ ਸਿਰ ਖੜ੍ਹੀ ਹੋਣਾ ਚਾਹੁੰਦੀ ਹਾਂ। ਸਾਨੂੰ ਇੰਤਜ਼ਾਰ ਕਰਨਾ ਪਵੇਗਾ ਹਾਲੇ ਤਾਂ ਆਪਾਂ ਸਕੂਲ ਦੀ ਪੜ੍ਹਾਈ ਕਰ ਰਹੇ ਹਾਂ। ਉਚੇਰੀ ਪੜ੍ਹਾਈ ਕਰਨੀ ਹੈ। ਤੂੰ ਵੀ ਮੇਹਨਤ ਕਰ, ਮੈਂ ਤੈਨੂੰ ਵੀ ਆਪਣੇ ਪੈਰਾਂ ਉਪਰ ਖੜ੍ਹਾ ਵੇਖਣਾ ਹੈ। ਪਿਆਰ ਦੀਆਂ ਪੀਂਘਾਂ ਤਾਂ ਬਾਅਦ ਵਿਚ ਵੀ ਚੜ੍ਹਾਈਆਂ ਜਾ ਸਕਦੀਆਂ ਹਨ। ਮੈਨੂੰ ਇਹ ਪਤਾ ਹੈ ਕਿ ਉਹਦੇ ਕੋਲ ਬਹੁਤ ਜ਼ਮੀਨ ਹੈ ਅਤੇ ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਹੈ, ਜੇ ਅੱਗੇ ਨਾ ਵੀ ਪੜ੍ਹੇ ਤਾਂ ਉਸ ਲਈ ਕੋਈ ਵੱਡੀ ਗੱਲ ਨਹੀਂ ਹੈ।’
ਇਹ ਸੁਣ ਮੈਡਮ ਨੇ ਕਿਹਾ, ‘ਮੈਨੂੰ ਤੇਰੇ ਤੋਂ ਇਹੋ ਉਮੀਦ ਹੈ। ਪਰ ਯਾਦ ਰੱਖ ਕਿ ਇਸ ਉਮਰ ਵਿਚ ਦੋਸਤੀ ਤੇ ਪਿਆਰ ਕੇਵਲ ਇਕ ਚਾਹਤ ਹੀ ਹੁੰਦੀ ਹੈ ਜਿਸ ਦੇ ਦੂਰ ਰਸੀ ਨਤੀਜੇ ਆਮ ਤੌਰ `ਤੇ ਠੀਕ ਨਹੀਂ ਨਿਕਲਦੇ। ਇਨ੍ਹਾਂ ਵਿਚੋਂ ਕਈ ਅਪਰਾਧ ਹੀ ਜਨਮ ਲੈਂਦੇ ਹਨ, ਫਿਰ ਇੱਕ ਦੂਸਰੇ ਉਪਰ ਦੋਸ਼ ਮੜ੍ਹੇ ਜਾਂਦੇ ਹਨ। ਇਹ ਗੱਲਾਂ ਆਮ ਵਰਤਾਰਾ ਬਣ ਰਹੀਆਂ ਹਨ। ਪਿਆਰ ਅਤੇ ਮੁਹੱਬਤ ਦੀ ਉਮਰ ਭਾਵੇਂ ਤੈਅ ਨਹੀਂ ਹੈ ਪਰ ਉਮਰ ਦੀ ਸਿਆਣਪ ਤੇ ਮਰਿਆਦਾਵਾਂ ਦੇ ਅੰਦਰ ਹੀ ਜਚਦੀ ਹੈ। ਮੈਂ ਤੈਨੂੰ ਸੁਚੇਤ ਕਰਦੀ ਹਾਂ ਕਿ ਤੁਹਾਡੇ ਵਿਚਕਾਰ ਜਾਤ-ਪਾਤ, ਮਜ਼੍ਹਬ ਦੀ ਦੀਵਾਰ ਖੜ੍ਹੀ ਹੈ, ਉਚੇ ਨੀਵੇਂ ਖਾਨਦਾਨਾਂ ਦੇ ਟਿੱਬੇ ਹਨ ਤੇ ਜਿਵੇਂ ਅਕਸਰ ਹੁੰਦਾ ਹੈ ਉਚੇ ਖਾਨਦਾਨਾਂ ਵਾਲੇ ਅਕਸਰ ਨੀਵੇਂ ਲੋਕਾਂ ਨਾਲ ਮੇਲ ਮਿਲਾਪ ਪਸੰਦ ਨਹੀਂ ਕਰਦੇ, ਪਿਆਰ ਆਦਿ ਨੂੰ ਕੇਵਲ ਸਮਾਂ ਲੰਘਾਉਣ ਦਾ ਸਾਧਨ ਹੀ ਮੰਨਦੇ ਹਨ ਅਤੇ ਪਿਆਰ ਕਰਨ ਵਾਲਿਆਂ ਨੂੰ ਇਕੱਠੇ ਕਰਨ ਤੋਂ ਮੁਨਕਰ ਹੋ ਜਾਂਦੇ ਹਨ। ਗਰੀਬ ਲੋਕਾਂ ਵਿਚ ਭਾਵੇਂ ਲੱਖ ਗੁਣ ਹੋਣ ਉਹ ਕਦੇ ਵੀ ਇਕੱਠੇ ਨਹੀਂ ਹੋ ਸਕਦੇ। ਇਹ ਮੋਟੀਆਂ ਦੀਵਾਰਾਂ ਨਾ ਢਹਿ ਸਕਦੀਆਂ ਹਨ ਅਤੇ ਨਾ ਹੀ ਇਨ੍ਹਾਂ ਨੂੰ ਛਾਲ ਮਾਰ ਕੇ ਟੱਪਿਆ ਜਾ ਸਕਦਾ ਹੈ। ਇਸ ਉਮਰ ਵਿਚ ਕੀਤੇ ਵਾਅਦੇ ਘੱਟ ਹੀ ਸਿਰੇ ਚੜ੍ਹਦੇ ਹਨ। ਮੈਂ ਤੈਨੂੰ ਆਗਾਹ ਕਰਦੀ ਹਾਂ ਤਾਂ ਜੋ ਤੁਹਾਡੀ ਅਗਲੇਰੀ ਜ਼ਿੰਦਗੀ ਦੁਸ਼ਵਾਰੀਆਂ ਭਰੀ ਨਾ ਹੋਵੇ। ਇਸ ਲਈ ਆਪਣੇ ਪੈਰ ਸੰਭਲ ਸੰਭਲ ਕੇ ਰੱਖਣ ਦੀ ਲੋੜ ਹੈ। ਮੈਨੂੰ ਤੇਰੇ ਤੋਂ ਪੂਰੀ ਉਮੀਦ ਹੈ ਕਿ ਤੂੰ ਕੋਈ ਧੋਖਾ ਨਹੀਂ ਖਾਵੇਂਗੀ। ਫਿਰ ਵੀ ਤੈਨੂੰ ਕਦੇ ਮੇਰੀ ਸਲਾਹ ਦੀ ਲੋੜ ਹੋਵੇ ਤਾਂ ਤੂੰ ਬਿਨਾਂ ਝਿਜਕ ਦੇ ਮੈਨੂੰ ਮਿਲ ਸਕਦੀ ਹੈਂ। ਮੈਨੂੰ ਤੇਰੀ ਮਦਦ ਕਰ ਕੇ ਖੁਸ਼ੀ ਹੋਵੇਗੀ। ਮੈਨੂੰ ਤੇਰੇ ਉਪਰ ਮਾਣ ਹੈ ਕਿ ਤੂੰ ਕੋਈ ਵੀ ਗ਼ਲਤ ਕਦਮ ਨਹੀਂ ਚੁੱਕੇਂਗੀ।’
ਭਾਵੇਂ ਮੈਡਮ ਨੇ ਇਹ ਸਾਰੀਆਂ ਗੱਲਾਂ ਸ਼ੀਲਾ ਨਾਲ ਸਹਿਜ ਮਨ ਨਾਲ ਕੀਤੀਆਂ ਪਰੰਤੂ ਉਸ ਦੇ ਅੰਦਰ ਦਾ ਤੂਫ਼ਾਨ ਉਸ ਨੂੰ ਆਪਣਾ ਸਮਾਂ ਯਾਦ ਕਰਵਾ ਰਿਹਾ ਸੀ ਕਿ ਕਿਵੇਂ ਉਹ ਕਾਲਜ ਦੇ ਸਮੇਂ ਵਿਚ ਇਕ ਸੋਹਣੇ ਸੁਨੱਖੇ ਗੱਭਰੂ ਨੂੰ ਦਿਲ ਦੇ ਬੈਠੀ ਸੀ। ਬੀ.ਐਡ ਵਿਚ ਉਸ ਦਾ ਇਕ ਜਮਾਤੀ ਜਿਸ ਦਾ ਨਾਂ ਕੁਲਦੀਪ ਸੀ ਅਤੇ ਪਿਆਰ ਨਾਲ ਉਸ ਦੇ ਦੋਸਤ ਉਸ ਨੂੰ ਦੀਪਾ ਆਖਦੇ ਸਨ, ਉਸ ਨੂੰ ਮਿਲਿਆ ਸੀ ਤਾਂ ਉਹ ਉਸ ਵੱਲ ਵੇਖਦੀ ਹੀ ਰਹਿ ਗਈ ਕਿਓਂ ਜੋ ਉਸਦਾ ਗੋਰਾ ਚਿੱਟਾ ਗੁਲਾਬੀ ਭਾਅ ਮਾਰਦਾ ਰੰਗ, ਦਰਮਿਆਨਾ ਸਰੀਰ, ਸੁਭਾਅ ਤੋਂ ਗੰਭੀਰ ਅਤੇ ਚੇਹਰੇ `ਤੇ ਲੜਕੀਆਂ ਜਿਹੀ ਸ਼ਰਮ ਉਸ ਦੇ ਮਨ ਨੂੰ ਭਾਅ ਗਿਆ ਸੀ ਅਤੇ ਉਹ ਉਸ ਵੱਲ ਖਿੱਚੀ ਚਲੀ ਗਈ ਸੀ। ਦੋਹਾਂ ਦੇ ਦਿਲਾਂ ਦੀਆਂ ਧੜਕਨਾਂ `ਤੇ ਅਜੀਬ ਜਿਹਾ ਅਸਰ, ਨਜ਼ਦੀਕੀਆਂ ਵਧੀਆਂ ਅਤੇ ਮੁਲਾਕਾਤਾਂ ਹੋਣ ਲੱਗੀਆਂ। ਦੋਹਾਂ ਦੀ ਇਕ ਦੂਜੇ ਪ੍ਰਤੀ ਖਿੱਚ ਨੇ ਪਿਆਰ ਦਾ ਰੂਪ ਧਾਰਨ ਕਰ ਲਿਆ। ਉਨ੍ਹਾਂ ਨੂੰ ਲੱਗਣ ਲੱਗਾ ਕਿ ਇੱਕ ਦੂਜੇ ਬਿਨਾਂ ਰਹਿਣਾ ਕਿਤਨਾ ਮੁਸ਼ਕਿਲ ਹੈ। ਪਿਆਰ ਦੇ ਅੰਦਰ ਉਹ ਭੁੱਲ ਗਈ ਸੀ ਕਿ ਉਚੇ-ਨੀਵੇਂ ਦਾ ਮੇਲ ਮੁਸ਼ਕਿਲ ਹੈ। ਜਦੋਂ ਉਸ ਨੇ ਦੀਪੇ ਨੂੰ ਆਖਿਆ ਸੀ ਕਿ ਤੁਹਾਡਾ ਪੱਧਰ ਸਾਡੇ ਨਾਲੋਂ ਉਚਾ ਹੈ ਅਤੇ ਮੈਂ ਇੱਕ ਗਰੀਬ ਘਰ ਦੀ ਲੜਕੀ ਹਾਂ। ਸਮਾਜ ਭਾਵੇਂ ਸਾਨੂੰ ਕਬੂਲ ਕਰ ਲਵੇ ਪਰੰਤੂ ਤੁਹਾਡੇ ਘਰ ਦੇ ਹਾਲਾਤ ਸਾਨੂੰ ਇਕੱਠਾ ਨਹੀਂ ਹੋਣ ਦੇਣਗੇ, ਇਸ ਲਈ ਚੰਗਾ ਹੈ ਕਿ ਅਸੀਂ ਹੁਣੇ ਤੋਂ ਹੀ ਆਪਣੇ ਰਾਹ ਵੱਖਰੇ ਵੱਖਰੇ ਕਰ ਲਈਏ ਤਾਂ ਦੀਪੇ ਨੇ ਵਿਸ਼ਵਾਸ ਦਿਵਾਇਆ ਸੀ ਕਿ ਤੇਰੀ ਗੱਲ ਕੁਝ ਹੱਦ ਤਕ ਠੀਕ ਹੈ ਪਰ ਮੈਨੂੰ ਵਿਸ਼ਵਾਸ ਹੈ ਕਿ ਮੇਰੇ ਮਾਪੇ ਖੁੱਲ੍ਹੇ ਵਿਚਾਰਾਂ ਵਾਲੇ ਹਨ ਤੇ ਮੈਂ ਉਨ੍ਹਾਂ ਨੂੰ ਮਨਾ ਲਵਾਂਗਾਂ। ਜੇ ਫਿਰ ਵੀ ਕੋਈ ਅੜਚਨ ਆਈ ਤਾਂ ਮੈਂ ਤੇਰੇ ਲਈ ਬਾਗੀ ਵੀ ਹੋ ਸਕਦਾ ਹਾਂ ਅਤੇ ਅਸੀਂ ਅਗਲਾ ਜੀਵਨ ਇਕੱਠੇ ਹੀ ਬਤੀਤ ਕਰਾਂਗੇ। ਬਾਗੀ ਹੋਣ ਦਾ ਕਾਰਨ ਗੁਰਜੀਤ ਦਾ ਸੋਹਣੇ ਹੋਣਾ ਤੇ ਉਸ ਦੀਆਂ ਕਮਲ ਦੇ ਫੁੱਲ ਜਿਹੀਆਂ ਗੁਲਾਬੀ ਗੱਲ੍ਹਾਂ ਸਨ। ਜਦੋਂ ਉਹ ਖਿੜਖਿੜਾ ਕੇ ਹੱਸਦੀ ਤਾਂ ਉਸ ਦੇ ਮੋਤੀਆਂ ਜਿਹੇ ਦੰਦ ਉਸ ਦੀ ਸੁੰਦਰਤਾ ਵਿਚ ਵਾਧਾ ਕਰਦੇ। ਜਦੋਂ ਉਹ ਮਿਨਾ-ਮਿਨਾ ਮੁਸਕਰਾਉਂਦੀ ਤਾਂ ਉਸ ਦੀਆਂ ਗੋਰੀਆਂ ਗੱਲ੍ਹਾਂ ਵਿਚ ਪੈਂਦੇ ਟੋਇਆਂ ਉਪਰ ਦੀਪਾ ਫ਼ਿਦਾ ਹੋ ਗਿਆ ਸੀ। ਉਹ ਉਸ ਨੂੰ ਕਿਸੇ ਵੀ ਹਾਲਤ ਵਿਚ ਗੁਆਉਣਾ ਨਹੀਂ ਚਾਹੁੰਦਾ ਸੀ।
ਦੀਪੇ ਦੀਆਂ ਗੱਲਾਂ ਕਾਰਨ ਗੁਰਜੀਤ ਨੂੰ ਵਿਸ਼ਵਾਸ ਬੱਝ ਗਿਆ ਅਤੇ ਉਨ੍ਹਾਂ ਨੇ ਇਕੱਠੇ ਰਹਿਣ ਲਈ ਕਸਮਾਂ ਖਾ ਲਈਆਂ। ਸਮੇਂ ਨੇ ਉਨ੍ਹਾਂ ਦੇ ਹੱਕ ਵਿਚ ਹਾਮੀ ਭਰੀ। ਦੋਵੇਂ ਇਕੋ ਸਕੂਲ ਵਿਚ ਅਧਿਆਪਕ ਲੱਗ ਗਏ। ਦੀਪੇ ਨੇ ਆਪਣੇ ਮਾਪਿਆਂ ਨੂੰ ਵਿਆਹ ਸਬੰਧੀ ਆਪਣੀ ਇੱਛਾ ਦੱਸ ਦਿਤੀ। ਭਾਵੇਂ ਉਸ ਦੇ ਪਿਤਾ ਨੇ ਕੋਈ ਉਜਰ ਨਾ ਕੀਤੀ ਪ੍ਰੰਤੂ ਮਾਂ ਨੂੰ ਇਹ ਗੱਲ ਚੰਗੀ ਨਾ ਲੱਗੀ। ਉਹ ਕਹਿਣ ਲੱਗੀ, ‘ਮੇਰਾ ਇਕੋ ਇੱਕ ਪੁੱਤਰ ਹੈ ਮੈਂ ਰੀਝਾਂ ਨਾਲ ਆਪਣੇ ਵਰਗੇ ਪਰਿਵਾਰ ਵਿਚੋਂ ਕਿਸੇ ਸੋਹਣੀ ਕੁੜੀ ਨਾਲ ਤੇਰਾ ਵਿਆਹ ਕਰਾਂਗੀ। ਮੈਨੂੰ ਇਸ ਤੋਂ ਕੋਈ ਨਹੀਂ ਰੋਕ ਸਕਦਾ।’ ਦੀਪੇ ਦਾ ਮਨ ਦੁਖੀ ਹੋਇਆ ਉਸ ਨੇ ਸਮਾਂ ਪਾ ਕੇ ਆਪਣੀ ਮਾਂ ਨਾਲ ਗੱਲ ਕਰਨ ਦਾ ਫੈਸਲਾ ਕਰ ਲਿਆ ਅਤੇ ਆਪਣੇ ਬਾਪ ਨੂੰ ਕਿਹਾ, ‘ਮੈਂ ਫੈਸਲਾ ਕੀਤਾ ਹੈ ਕਿ ਜੇ ਮੈਂ ਵਿਆਹ ਕਰਨਾ ਹੈ ਤਾਂ ਗੁਰਜੀਤ ਨਾਲ ਹੀ ਕਰਨਾ ਹੈ। ਜੇ ਤੁਸੀਂ ਨਹੀਂ ਮੰਨੋਗੇ ਤਾਂ ਮੈਨੂੰ ਕਚਹਿਰੀ ਦਾ ਸਹਾਰਾ ਲੈਣਾ ਪਵੇਗਾ।’
ਇਹ ਸੁਣ ਬਾਪ ਨੇ ਵੀ ਸਮਝਾਇਆ, ‘ਤੂੰ ਥੋੜ੍ਹਾ ਸਮਾਂ ਰੁਕ ਜਾ ਮੈਂ ਤੇਰੀ ਮਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਜੇ ਉਹ ਨਾ ਵੀ ਮੰਨੀ ਤਾਂ ਮੈਂ ਤੇਰੇ ਹੱਕ ਵਿਚ ਹੀ ਭੁਗਤਾਂਗਾ।’ ਦੀਪੇ ਨੂੰ ਕੁਝ ਤਸੱਲੀ ਹੋਈ ਤੇ ਉਹ ਇਕ ਵਾਰ ਚੁੱਪ ਕਰ ਗਿਆ। ਉਸ ਨੇ ਇਹ ਸਾਰੀ ਘਟਨਾ ਦਾ ਵੇਰਵਾ ਗੁਰਜੀਤ ਨਾਲ ਸਾਂਝਾ ਕਰ ਦਿੱਤਾ। ਉਹ ਅਕਸਰ ਸਕੂਲ ਵਿਚ ਵੇਹਲੇ ਸਮੇਂ ਇਕੱਠੇ ਹੀ ਰਹਿੰਦੇ ਸਨ ਤੇ ਛੁੱਟੀ ਵਾਲੇ ਦਿਨ ਆਪਣੇ ਆਪਣੇ ਘਰ ਮਾਪਿਆਂ ਕੋਲ ਚਲੇ ਜਾਇਆ ਕਰਦੇ ਸਨ।
ਗੁਰਜੀਤ ਦੇ ਮਾਪਿਆਂ ਨੂੰ ਗੁਰਜੀਤ ਦੇ ਵਿਆਹ ਦਾ ਫਿਕਰ ਸੀ। ਇਕ ਦਿਨ ਜਦੋਂ ਗੁਰਜੀਤ ਦੇ ਮਾਪੇ ਉਸ ਨਾਲ ਵਿਆਹ ਲਈ ਸਲਾਹ ਕਰਨ ਲੱਗੇ ਤਾਂ ਉਸ ਨੇ ਦੱਸ ਦਿੱਤਾ, ‘ਮੈਂ ਤਾਂ ਆਪਣੇ ਲਈ ਲੜਕਾ ਪਸੰਦ ਕੀਤਾ ਹੋਇਆ ਹੈ ਤੇ ਸਮਾਂ ਆਉਣ `ਤੇ ਤੁਹਾਨੂੰ ਮਿਲਾਵਾਂਗੀ।’ ਮਾਪਿਆਂ ਨੂੰ ਵਿਸ਼ਵਾਸ ਸੀ ਕਿ ਗੁਰਜੀਤ ਜ਼ਿੰਮੇਵਾਰ ਅਤੇ ਸਿਆਣੀ ਹੈ ਆਪਣਾ ਚੰਗਾ ਮਾੜਾ ਭਲੀ ਭਾਂਤ ਵਿਚਾਰ ਸਕਦੀ ਹੈ, ਇਸ ਲਈ ਉਹ ਸ਼ਾਂਤ ਹੋ ਗਏ।
ਜਦੋਂ ਛੁੱਟੀ ਤੋਂ ਬਾਅਦ ਇਸ ਵਾਰ ਮਿਲੇ ਤਾਂ ਦੀਪੇ ਦੇ ਚਿਹਰੇ `ਤੇ ਮੁਸਕਰਾਹਟ ਵੇਖ ਗੁਰਜੀਤ ਵੀ ਖੁਸ਼ ਹੋ ਗਈ। ਉਨ੍ਹਾਂ ਨੇ ਆਪਣੇ ਮਾਪਿਆਂ ਨਾਲ ਹੋਈਆਂ ਗੱਲਾਂ ਇੱਕ ਦੂਜੇ ਨੂੰ ਦੱਸੀਆਂ। ਪਹਿਲਾਂ ਗੁਰਜੀਤ ਨੇ ਦੱਸਿਆ, ‘ਮੈਂ ਆਪਣੇ ਘਰ ਦੱਸ ਦਿੱਤਾ ਹੈ ਕਿ ਮੈਂ ਆਪਣੇ ਲਈ ਲੜਕਾ ਦੇਖ ਲਿਆ ਹੈ ਅਤੇ ਸਮਾਂ ਆਉਣ `ਤੇ ਤੁਹਾਨੂੰ ਮਿਲਾ ਦੇਵਾਂਗੀ।’ ਉਧਰ ਦੀਪੇ ਨੇ ਦੱਸਿਆ, ‘ਮਾਂ ਵੀ ਮੇਰੀ ਮਰਜ਼ੀ ਮੰਨਣ ਲਈ ਤਿਆਰ ਹੈ ਪ੍ਰੰਤੂ ਉਹ ਤੈਨੂੰ ਮਿਲਣਾ ਚਾਹੁੰਦੀ ਹੈ।’ ਦੋਵੇਂ ਬਹੁਤ ਖੁਸ਼ ਹੋਏ ਅਤੇ ਅਗਲੇ ਐਤਵਾਰ ਦੀਪੇ ਨੇ ਗੁਰਜੀਤ ਨੂੰ ਆਪਣੇ ਪਿੰਡ ਦੇ ਗੁਰਦੁਆਰੇ ਦੇ ਦਰਸ਼ਨ ਕਰਵਾਣ ਦਾ ਪ੍ਰੋਗਰਾਮ ਬਣਾ ਲਿਆ ਤਾਂ ਜੋ ਉਸ ਨੂੰ ਆਪਣੀ ਮਾਂ ਨਾਲ ਮਿਲਵਾ ਸਕੇ। ਖੁਸ਼ੀ ਦਾ ਸਮਾਂ ਬਹੁਤ ਛੇਤੀ ਬੀਤਦਾ ਹੈ। ਐਤਵਾਰ ਦੋਵੇਂ ਇਕੱਠੇ ਇੱਕੋ ਸਕੂਟਰ `ਤੇ ਚੱਲ ਪਏ। ਗੁਰਦੁਆਰੇ ਪੁੱਜੇ ਤਾਂ ਦੀਪੇ ਦੇ ਮਾਪੇ ਉਨ੍ਹਾਂ ਦਾ ਇੰਤਜ਼ਾਰ ਕਰ ਰਹੇ ਸਨ। ਗੁਰਜੀਤ ਨੇ ਉਨ੍ਹਾਂ ਨੂੰ ਚਰਨ ਬੰਦਨਾ ਕੀਤੀ। ਜਦੋਂ ਗੁਰਜੀਤ ਨੂੰ ਦੇਖਿਆ ਤਾਂ ਮਾਂ ਨੇ ਕਿਹਾ, ‘ਮੇਰਾ ਪੁੱਤ ਤਾਂ ਪਰੀ ਲੱਭ ਲਿਆਇਆ ਹੈ। ਮੈਨੂੰ ਇਹੋ ਜਿਹੇ ਸੰਸਕਾਰਾਂ ਵਾਲੀ ਲੜਕੀ ਪਸੰਦ ਹੈ ਕੋਈ ਦਾਜ ਦੀ ਲੋੜ ਨਹੀਂ ਹੈ ਮੈਂ ਆਪ ਤੁਹਾਡੇ ਘਰ ਆ ਕੇ ਤੇਰੇ ਮਾਪਿਆਂ ਤੋਂ ਤੈਨੂੰ ਮੰਗ ਕੇ ਲੈ ਜਾਵਾਂਗੀ। ਤੁਸੀਂ ਹਮੇਸ਼ਾ ਖੁਸ਼ ਰਹੋ।’ ਸਾਰਿਆਂ ਨੇ ਰਲ ਕੇ ਲੰਗਰ ਛਕਿਆ ਤੇ ਵਾਪਸ ਚਲੇ ਗਏ।
ਦੋਹਾਂ ਦਾ ਵਿਆਹ ਹੋ ਗਿਆ ਅਤੇ ਕੁਝ ਦਿਨ ਛੁੱਟੀਆਂ ਲੈ ਕੇ ਘੁੰਮਣ ਚਲੇ ਗਏ। ਵਾਪਸੀ `ਤੇ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਦੋਹਾਂ ਨੂੰ ਕਾਫੀ ਸੱਟਾਂ ਲੱਗੀਆਂ ਲੋਕਾਂ ਵਲੋਂ ਹਸਪਤਾਲ ਪੁਚਾਇਆ ਗਿਆ। ਮਾਪਿਆਂ ਨੂੰ ਸੂਚਨਾ ਦਿੱਤੀ। ਉਹ ਵੀ ਹਸਪਤਾਲ ਪੁੱਜ ਗਏ। ਕੁਲਦੀਪ ਜ਼ਖਮਾਂ ਦੀ ਤਾਬ ਨਾ ਸਹਾਰ ਸਕਿਆ ਤੇ ਸਦਾ ਲਈ ਵਿਛੜ ਗਿਆ। ਮਾਪਿਆਂ ਦਾ ਬੁਰਾ ਹਾਲ ਸੀ। ਗੁਰਜੀਤ ਉਸ ਸਮੇਂ ਹੋਸ਼ ਵਿਚ ਨਹੀਂ ਸੀ। ਉਸ ਨੂੰ ਵੀ ਬਹੁਤ ਸੱਟਾਂ ਲੱਗੀਆਂ ਸਨ। ਕੁਲਦੀਪ ਦੀ ਮਾਂ ਨੇ ਆਪਣੇ ਪੁੱਤ ਦੀ ਲਾਸ਼ ਲਈ ਤੇ ਗੁਰਜੀਤ ਨੂੰ ਮਾੜਾ ਬੋਲਦੀ ਹੋਈ ਉਥੋਂ ਚੱਲ ਗਈ। ਗੁਰਜੀਤ ਦੇ ਮਾਪੇ ਉਸ ਕੋਲ ਰੁਕ ਗਏ। ਉਨ੍ਹਾਂ ਨੂੰ ਕੁਲਦੀਪ ਦੇ ਮਾਪਿਆਂ ਦਾ ਇਹ ਵਤੀਰਾ ਚੰਗਾ ਨਾ ਲੱਗਾ। ਕੁਲਦੀਪ ਦੇ ਅਚਾਨਕ ਜਾਣ ਕਾਰਨ ਸਾਰੇ ਹੀ ਸਦਮੇ ਵਿਚ ਸਨ। ਜਦੋਂ ਗੁਰਜੀਤ ਨੂੰ ਹੋਸ਼ ਆਈ ਤਾਂ ਉਸ ਨੇ ਕੁਲਦੀਪ ਬਾਰੇ ਪੁੱਛਿਆ। ਪਹਿਲਾਂ ਉਸ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਕਿ ਉਹ ਠੀਕ ਹੈ ਤੇ ਹੋਰ ਵਾਰਡ ਵਿਚ ਹੈ। ਗੁਰਜੀਤ ਨੇ ਉਸ ਨੂੰ ਦੇਖਣ ਦੀ ਜ਼ਿਦ ਕੀਤੀ ਤਾਂ ਡਾਕਟਰ ਨੇ ਉਸ ਨੂੰ ਅਸਲੀਅਤ ਦੱਸ ਦਿੱਤੀ। ਗੁਰਜੀਤ ਬੇਹੋਸ਼ ਹੋ ਗਈ। ਡਾਕਟਰਾਂ ਨੂੰ ਫ਼ਿਕਰ ਹੋ ਗਿਆ ਉਨ੍ਹਾਂ ਨੇ ਜ਼ਰੂਰੀ ਦਵਾਈਆਂ ਦੇ ਦਿੱਤੀਆਂ। ਜਦੋਂ ਫਿਰ ਹੋਸ਼ ਆਇਆ ਤਾਂ ਉਸ ਨੇ ਕੁਲਦੀਪ ਨੂੰ ਦੇਖਣ ਦੀ ਜ਼ਿਦ ਕੀਤੀ ਤਾਂ ਡਾਕਟਰਾਂ ਨੇ ਜ਼ਰੂਰੀ ਹਦਾਇਤਾਂ ਦੇ ਕੇ ਹਸਪਤਾਲ ਵਿਚੋਂ ਛੁੱਟੀ ਦੇ ਦਿੱਤੀ।
ਭਾਵਂੇ ਕੁਲਦੀਪ ਦੇ ਮਾਪਿਆਂ ਨੇ ਕਿਹਾ ਸੀ ਕਿ ਹੁਣ ਸਾਡਾ ਗੁਰਜੀਤ ਨਾਲ ਕੋਈ ਰਿਸ਼ਤਾ ਨਹੀਂ ਪ੍ਰੰਤੂ ਗੁਰਜੀਤ ਦੀ ਜ਼ਿਦ ਕਾਰਨ ਉਸ ਦੇ ਮਾਪੇ ਉਸ ਨੂੰ ਉਸ ਦੇ ਸਹੁਰੇ ਪਿੰਡ ਲੈ ਗਏ। ਘਰ ਵਿਚ ਬਹੁਤ ਇਕੱਠ ਸੀ, ਗੁਰਜੀਤ ਦਾ ਸਾਰਾ ਸਟਾਫ ਹਾਜ਼ਰ ਸੀ। ਜਦੋਂ ਕੁਲਦੀਪ ਦੀ ਮਾਂ ਨੇ ਗੁਰਜੀਤ ਨੂੰ ਦੇਖਿਆ ਤਾਂ ਉਹ ਭੜਕ ਪਈ ਤੇ ਕਹਿਣ ਲੱਗੀ, ‘ਇਸ ਕੁਲਹਿਣੀ ਨੂੰ ਇਥੋਂ ਲੈ ਜਾਓ ਇਸ ਨੇ ਮੇਰਾ ਪੁੱਤਰ ਖਾ ਲਿਆ ਹੈ। ਮੈਂ ਇਸ ਨੂੰ ਆਪਣੇ ਪੁੱਤਰ ਕੋਲ ਨਹੀਂ ਜਾਣ ਦੇਵਾਂਗੀ।’ ਕੁਲਦੀਪ ਦੇ ਬਾਪ ਨੇ ਮੌਕਾ ਸੰਭਾਲ ਗੁਰਜੀਤ ਨੂੰ ਕੁਲਦੀਪ ਦਾ ਮੂੰਹ ਵਿਖਾਲ ਦਿੱਤਾ ਜਿਹੜਾ ਕਿ ਪੀਲਾ ਜ਼ਰਦ ਸੀ ਅਤੇ ਜਲਦੀ ਹੀ ਸਸਕਾਰ ਕਰ ਦਿੱਤਾ ਗਿਆ ਕਿਓਂ ਜੋ ਦਿਨ ਪਹਿਲਾਂ ਹੀ ਢਲ ਚੁੱਕਾ ਸੀ।
ਗੁਰਜੀਤ ਤੇ ਉਸ ਦੇ ਮਾਪਿਆਂ ਨੇ ਸਲਾਹ ਕਰ ਕੇ ਉਥੋਂ ਜਾਣਾ ਹੀ ਠੀਕ ਸਮਝਿਆ ਤੇ ਗੁਰਜੀਤ ਨੂੰ ਵਾਪਸ ਹਸਪਤਾਲ ਦਾਖਲ ਕਰਵਾ ਦਿੱਤਾ। ਗੁਰਜੀਤ ਨੀਮ ਬੇਹੋਸ਼ੀ ਦੀ ਹਾਲਤ ਵਿਚ ਸੀ, ਉਸ ਦਾ ਹਾਲ ਦੇਖਿਆ ਨਹੀਂ ਜਾ ਰਿਹਾ ਸੀ। ਉਸ ਦਾ ਪਰਿਵਾਰ ਵਸਣ ਤੋਂ ਪਹਿਲਾਂ ਹੀ ਉਜੜ ਗਿਆ ਸੀ। ਹਸਪਤਾਲ ਵਿਚ ਲਗਭਗ ਇਕ ਮਹੀਨਾ ਰਹਿਣ ਪਿੱਛੋਂ ਉਸ ਨੂੰ ਛੁੱਟੀ ਦਿੱਤੀ ਗਈ। ਉਹ ਨੀਮ ਪਾਗਲ ਹੋ ਚੁੱਕੀ ਸੀ। ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਪਰਮਾਤਮਾ ਨੇ ਉਸ ਨੂੰ ਇਤਨੀ ਵੱਡੀ ਸਜ਼ਾ ਕਿਉਂ ਦਿਤੀ ਸੀ। ਜਿਹੜੇ ਦੁੱਖ ਕੁਦਰਤ ਵੱਲੋਂ ਮਿਲਦੇ ਹਨ ਉਸ ਨੂੰ ਸਹਿਣ ਕਰਨ ਲਈ ਸ਼ਕਤੀ ਹੀ ਕੁਦਰਤ ਦੇ ਦਿੰਦੀ ਹੈ।
ਸਮਾਂ ਹਰ ਕਿਸਮ ਦੇ ਜ਼ਖਮ ਭਰ ਦਿੰਦਾ ਹੈ। ਹੌਲੀ-ਹੌਲੀ ਗੁਰਜੀਤ ਸਹਿਜ ਹੋ ਗਈ। ਮਾਪਿਆਂ ਤੇ ਸਟਾਫ ਦੀ ਮਦਦ ਨਾਲ ਉਸ ਨੇ ਹੌਸਲਾ ਫੜਿਆ ਤੇ ਸਕੂਲ ਜਾਣ ਲੱਗੀ। ਸਮੇਂ ਨਾਲ ਉਹ ਵਿਦਿਆਰਥੀਆਂ ਵਿਚ ਰੁਚੀ ਲੈਣ ਲੱਗ ਪਈ। ਉਸ ਦਾ ਵਿਦਿਆਰਥੀਆਂ ਪ੍ਰਤੀ ਵਤੀਰਾ ਬਦਲ ਗਿਆ ਪਹਿਲਾਂ ਕਦੇ ਕਦੇ ਉਹ ਵਿਦਿਆਰਥੀਆਂ ਨੂੰ ਸਜ਼ਾ ਦੇ ਦਿਆ ਕਰਦੀ ਸੀ ਪ੍ਰੰਤੂ ਹੁਣ ਉਸ ਨੇ ਪਿਆਰ ਨਾਲ ਵਿਦਿਆਰਥੀਆਂ ਦੀ ਸਹਾਇਤਾ ਕਰਨੀ ਸ਼ੁਰੂ ਕਰ ਦਿੱਤੀ ਸੀ। ਕਮਜ਼ੋਰ ਬੱਚਿਆਂ ਨੂੰ ਵਧੇਰਾ ਸਮਾਂ ਦੇਣ ਲੱਗ ਪਈ ਸੀ। ਵਿਦਿਆਰਥੀ ਉਸ ਨੂੰ ਵੱਡੀ ਭੈਣ ਸਮਝ ਉਸ ਕੋਲੋਂ ਪੁੱਛਣ ਚਲੇ ਜਾਂਦੇ ਸਨ। ਜਦੋਂ ਬਾਹਰ ਦਰਵਾਜ਼ੇ ਉਪਰ ਕਿਸੇ ਨੇ ਦਸਤਕ ਦਿੱਤੀ ਤਾਂ ਉਸ ਨੂੰ ਯਾਦ ਆਇਆ ਕਿ ਉਹ ਤਾਂ ਸ਼ੀਲਾ ਨਾਲ ਗੱਲਾਂ ਕਰ ਰਹੀ ਸੀ ਤੇ ਯਾਦਾਂ ਦੀ ਗੱਠੜੀ ਕਿਵੇਂ ਖੁੱਲ੍ਹ ਗਈ ਤੇ ਉਹ ਉਨ੍ਹਾਂ ਯਾਦਾਂ ਵਿਚ ਉਲਝ ਗਈ ਸੀ। ਉਸ ਨੇ ਦਰਵਾਜ਼ੇ ਵੱਲ ਡਿੱਠਾ ਤਾਂ ਉਸ ਦੀ ਸਹੇਲੀ ਅਧਿਆਪਕਾ ਉਸ ਨੂੰ ਮਿਲਣ ਆਈ ਹੋਈ ਸੀ। ਉਸ ਨੂੰ ਮਿਲ ਕੇ ਗੱਲਾਂ ਕਰਨ ਲੱਗ ਪਈਆਂ।
ਮੈਡਮ ਦੀਆਂ ਗੱਲਾਂ ਸੁਣ ਕੇ ਸ਼ੀਲਾ ਆਪਣੇ ਘਰ ਚਲੀ ਗਈ। ਇਮਤਿਹਾਨ ਸ਼ੁਰੂ ਹੋਣ ਵਾਲੇ ਸਨ। ਸ਼ੀਲਾ ਨੇ ਖੂਬ ਮੇਹਨਤ ਕਰ ਪੇਪਰ ਦਿੱਤੇ। ਪੇਪਰਾਂ ਦੌਰਾਨ ਉਸ ਨੇ ਮੋਹਣੇ ਨਾਲ ਕੋਈ ਗੱਲਬਾਤ ਨਾ ਕੀਤੀ ਕੇਵਲ ਪੇਪਰ ਦੇ ਸਬੰਧ ਵਿਚ ਇਕ ਦੂਜੇ ਨਾਲ ਗੱਲ ਕਰ ਲੈਂਦੇ ਸਨ। ਪੇਪਰ ਖਤਮ ਹੋਏ ਤਾਂ ਸ਼ੀਲਾ ਨੇ ਆਪਣੇ ਮਾਪਿਆਂ ਨਾਲ ਕੰਮ ਕਰਵਾਉਣਾ ਸ਼ੁਰੂ ਕਰ ਦਿੱਤਾ ਤਾਂ ਜੋ ਕੁਝ ਰਕਮ ਇਕੱਠੀ ਕਰ ਆਪਣੇ ਕਾਲਜ ਦੇ ਦਾਖਲੇ ਦਾ ਖਰਚ ਕਰ ਸਕੇ। ਇੱਕ ਦਿਨ ਉਹ ਆਪਣੇ ਮਾਪਿਆਂ ਨਾਲ ਕੰਮ ਕਰਵਾ ਰਹੀ ਸੀ ਕਿ ਉਸ ਦੀ ਸਕੂਲ ਦੀ ਸਹੇਲੀ ਮਿਲੀ ਜਿਸ ਨੇ ਦੱਸਿਆ ਕਿ ਨਤੀਜਾ ਆ ਚੁੱਕਿਆ ਹੈ ਅਤੇ ਤੂੰ ਜ਼ਿਲ੍ਹੇ ਵਿਚੋਂ ਪਹਿਲੇ ਨੰਬਰ `ਤੇ ਆਈ ਹੈਂ ਅਤੇ ਮੈਡਮ ਨੇ ਤੈਨੂੰ ਬੁਲਾਇਆ ਹੈ। ਸ਼ੀਲਾ ਦੇ ਮਾਪੇ ਵੀ ਨਾਲ ਹੀ ਸਨ ਜਦੋਂ ਉਨ੍ਹਾਂ ਨੇ ਸੁਣਿਆ ਬਹੁਤ ਹੀ ਖੁਸ਼ ਹੋਏ। ਘਰ ਪੁੱਜੇ ਤਾਂ ਉਨ੍ਹਾਂ ਨੇ ਦੇਖਿਆ ਕਿ ਮੋਹਣਾ ਉਨ੍ਹਾਂ ਦੇ ਘਰ ਦੇ ਨੇੜੇ ਫਿਰਦਾ ਸੀ। ਸ਼ੀਲਾ ਨੇ ਉਸ ਨੂੰ ਬੁਲਾਇਆ ਤੇ ਉਸ ਦਾ ਨਤੀਜਾ ਪੁੱਛਿਆ। ਉਸ ਦੱਸਿਆ ਕਿ ਤੇਰਾ ਤਾਂ ਜ਼ਿਲ੍ਹੇ ਵਿਚ ਪਹਿਲਾ ਨੰਬਰ ਹੈ ਤੇ ਮੈਂ ਪਹਿਲੇ ਦਰਜੇ ਵਿਚ ਪਾਸ ਹੋਇਆ ਹਾਂ। ਮੈਂ ਇਧਰੋਂ ਲੰਘ ਰਿਹਾ ਸੀ ਕਿ ਤੈਨੂੰ ਤੇਰਾ ਨਤੀਜਾ ਦੱਸ ਦੇਵਾਂ। ਦੋਵੇਂ ਖੁਸ਼ ਹੋਏ ਮਾਪਿਆਂ ਨੇ ਉਸ ਨੂੰ ਅੰਦਰ ਆਉਣ ਲਈ ਆਖਿਆ। ਭਾਵੇਂ ਉਸ ਦਾ ਮਨ ਸ਼ੀਲਾ ਨਾਲ ਗੱਲਾਂ ਕਰਨ ਨੂੰ ਕਰ ਰਿਹਾ ਸੀ ਪਰ ਉਸ ਨੇ ਕਿਹਾ ਨਹੀਂ ਮੈਂ ਚਲਦਾ ਹਾਂ ਜਦੋਂ ਦੁਬਾਰਾ ਉਸ ਨੂੰ ਕਿਹਾ ਗਿਆ ਤਾਂ ਉਹ ਆ ਗਿਆ ਕਿਉਂਂਕਿ ਉਹ ਇਹ ਸਮਾਂ ਗੁਆਉਣਾ ਨਹੀਂ ਚਾਹੁੰਦਾ ਸੀ। ਉਨ੍ਹਾਂ ਨੂੰ ਕੁਝ ਸਮਾਂ ਮਿਲਿਆ ਤਾਂ ਉਨ੍ਹਾਂ ਨੇ ਕਾਲਜ ਵਿਚ ਦਾਖਲ ਹੋਣ ਸਬੰਧੀ ਸਲਾਹ ਕਰ ਲਈ ਅਤੇ ਰੋਜ਼ਾਨਾ ਮਿਲਣ ਦਾ ਸਬੱਬ ਕਰ ਲਿਆ।
ਅਗਲੇ ਦਿਨ ਸਾਝਰੇ ਹੀ ਸ਼ੀਲਾ ਮੈਡਮ ਗੁਰਜੀਤ ਨੂੰ ਮਿਲਣ ਚਲੀ ਗਈ। ਹੱਥ ਵਿਚ ਲੱਡੂਆਂ ਦਾ ਡੱਬਾ ਉਸ ਨੇ ਮੈਡਮ ਦੀ ਝੋਲੀ ਵਿਚ ਰੱਖ ਦਿੱਤਾ ਅਤੇ ਮੈਡਮ ਨੇ ਉਸ ਨੂੰ ਘੁੱਟ ਕੇ ਗੱਲ ਨਾਲ ਲਾ ਲਿਆ। ਸ਼ੀਲਾ ਨੂੰ ਉਸ ਮਿਲਣੀ ਵਿਚੋਂ ਵੱਡੀ ਭੈਣ ਦਾ ਪਿਆਰ ਮਿਲਿਆ। ਮੈਡਮ ਬਹੁਤ ਖੁਸ਼ ਹੋਈ ਤੇ ਆਖਿਆ ਹੁਣ ਤੈਨੂੰ ਅੱਗੇ ਦਾਖਲਾ ਮੈਂ ਦਿਵਾਵਾਂਗੀ ਤੇ ਤੇਰੀ ਫੀਸ ਤੇ ਕਿਤਾਬਾਂ ਆਦਿ ਦਾ ਪ੍ਰਬੰਧ ਕਰ ਕੇ ਦੇਵਾਂਗੀ। ਇਸੇ ਤਰ੍ਹਾਂ ਮੇਹਨਤ ਨਾਲ ਅੱਗੇ ਵਧਣਾ ਹੈ। ਮੈਂ ਤੇਰੇ ਚੰਗੇ ਭਵਿੱਖ ਦੀ ਕਾਮਨਾ ਕਰਦੀ ਹਾਂ।
ਸ਼ੀਲਾ ਨੂੰ ਕਾਲਜ ਵਿਚ ਦਾਖਲਾ ਮਿਲ ਗਿਆ। ਉਸ ਦੇ ਨੰਬਰਾਂ ਕਾਰਨ ਉਸ ਨੂੰ ਕਿਤਾਬਾਂ ਲਾਇਬ੍ਰੇਰੀ ਵਿਚੋਂ ਮਿਲ ਗਈਆਂ। ਫੀਸ ਕਾਲਜ ਦੀ ਪ੍ਰਬੰਧਕ ਕਮੇਟੀ ਵਲੋਂ ਮੁਆਫ ਕਰ ਦਿੱਤੀ ਗਈ। ਇਸ `ਤੇ ਉਸ ਨੂੰ ਹੌਸਲਾ ਹੋ ਗਿਆ। ਉਸ ਨੇ ਪੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ। ਪੂਰੀ ਮੇਹਨਤ ਕਰਨ ਲੱਗੀ। ਉਸ ਕਾਲਜ ਦੀ ਇਕ ਪ੍ਰੋਫੈਸਰ ਗੁਰਜੀਤ ਮੈਡਮ ਦੀ ਸਹੇਲੀ ਸੀ। ਮੈਡਮ ਨੇ ਵੀ ਉਸ ਪ੍ਰੋਫੈਸਰ ਨੂੰ ਸ਼ੀਲਾ ਦੀ ਮਦਦ ਕਰਨ ਬਾਰੇ ਆਖ ਦਿੱਤਾ। ਇਸ ਤਰ੍ਹਾਂ ਸਮੇਂ ਦੇ ਨਾਲ ਨਾਲ ਉਸ ਨੇ ਬੀ ਏ ਵਿਚ ਵੀ ਵਧੀਆ ਨੰਬਰ ਪ੍ਰਾਪਤ ਕਰ ਲਏ। ਮੈਡਮ ਗੁਰਜੀਤ ਦੇ ਸੰਪਰਕ ਵਿਚ ਤਾਂ ਉਹ ਰਹਿੰਦੀ ਹੀ ਸੀ ਅਤੇ ਜਦੋਂ ਮੈਡਮ ਨੂੰ ਉਸ ਨੇ ਨਤੀਜੇ ਬਾਰੇ ਖਬਰ ਕੀਤੀ ਤਾਂ ਮੈਡਮ ਬਹੁਤ ਖੁਸ਼ ਹੋਈ। ਉਸ ਨੇ ਸ਼ੀਲਾ ਨੂੰ ਸ਼ਾਬਾਸ਼ੀ ਦਿੱਤੀ ਤੇ ਉਸ ਨੂੰ ਮੁਕਾਬਲੇ ਦੇ ਇਮਤਹਾਨ ਬਾਰੇ ਦੱਸਿਆ ਤੇ ਅਗਲੇਰੀ ਪੜ੍ਹਾਈ ਦੇ ਨਾਲ ਨਾਲ ਮੁਕਾਬਲੇ ਦੇ ਇਮਤਿਹਾਨ ਦੀ ਤਿਆਰੀ ਲਈ ਵੀ ਮੇਹਨਤ ਕਰਨ ਬਾਰੇ ਕਿਹਾ। ਸ਼ੀਲਾ ਨੂੰ ਵੀ ਇਹ ਚੰਗਾ ਲੱਗਾ ਤੇ ਉਹ ਤਿਆਰੀ ਵਿਚ ਜੁਟ ਗਈ ਤੇ ਉਸੇ ਕਾਲਜ ਵਿਚ ਐਮ ਏ ਕਰਨ ਲੱਗ ਪਈ।
ਜਦੋਂ ਸ਼ੀਲਾ ਦੀ ਬੀ ਏ ਹੋ ਗਈ ਤਾਂ ਮੋਹਣੇ ਨੇ ਉਸ ਨੂੰ ਕਿਹਾ ਕਿ ਹੁਣ ਆਪਾਂ ਵਿਆਹ ਕਰਵਾ ਲਈਏ ਤੇ ਇਕੱਠੇ ਰਹਿਣਾ ਸ਼ੁਰੂ ਕਰ ਦੇਈਏ ਸਦਾ ਲਈ ਇੱਕ ਹੋਣ ਦੇ ਬਾਰੇ ਤਾਂ ਆਪਾਂ ਪਹਿਲਾਂ ਹੀ ਫੈਸਲਾ ਕਰ ਚੁਕੇ ਹਾਂ ਪ੍ਰੰਤੂ ਹੁਣ ਇਸ ਰਿਸ਼ਤੇ ਨੂੰ ਗੂੜ੍ਹਾ ਕਰ ਲਈਏ। ਸ਼ੀਲਾ ਮਨੋ ਤਾਂ ਇਹੋ ਚਾਹੁੰਦੀ ਸੀ ਪਰ ਉਸ ਦੇ ਸੁਪਨੇ ਤਾਂ ਹੋਰ ਅੱਗੇ ਵਧਣ ਦੇ ਸਨ ਅਤੇ ਉਸ ਨੂੰ ਖੁਸ਼ੀ ਸੀ ਕਿ ਮੋਹਣੇ ਨੇ ਇੰਜੀਨੀਅਰ ਬਣ ਕੇ ਵਿਖਾ ਦਿੱਤਾ ਸੀ। ਪ੍ਰੰਤੂ ਉਹ ਚਾਹੁੰਦੀ ਸੀ ਕਿ ਉਹ ਹੁਣ ਐਮ ਬੀ ਏ ਕਰ ਲਵੇ ਅਤੇ ਹੋਰਾਂ ਨੂੰ ਸਰ ਕਹਿਣ ਦੀ ਬਜਾਏ ਹੋਰ ਕਰਮਚਾਰੀ ਉਸ ਨੂੰ ਸਰ ਆਖ ਕੇ ਬੁਲਾਉਣ ਤੇ ਉਸ ਦੀ ਇੱਜ਼ਤ ਵਧੇ। ਇਸ ਲਈ ਉਸ ਨੇ ਉਸ ਨੂੰ ਮਨਾ ਲਿਆ ਤੇ ਖੁਦ ਉਹ ਅੱਗੇ ਹੋਰ ਪੜ੍ਹ ਕੇ ਮੁਕਾਬਲੇ ਦੇ ਇਮਤਿਹਾਨ ਵਿਚ ਬੈਠ ਉੱਚੀ ਪਦਵੀ ਲੈਣ ਬਾਰੇ ਸੋਚ ਰਹੀ ਸੀ। ਇਹ ਵਿਚਾਰਾਂ ਕਰਨ ਤੋਂ ਬਾਅਦ ਫੇਰ ਮਿਲਣ ਦਾ ਵਾਅਦਾ ਕਰ ਉਹ ਆਪਣੀ ਆਪਣੀ ਮੰਜ਼ਿਲ ਵਲ ਵਧਣ ਲਈ ਅਲੱਗ ਹੋ ਗਏ।
ਮੋਹਣੇ ਨੇ ਐਮ ਬੀ ਏ ਵਿਚ ਦਾਖਲਾ ਲੈ ਲਿਆ ਅਤੇ ਅਗਲੇਰੀ ਪੜ੍ਹਾਈ ਵਿਚ ਜੁਟ ਗਿਆ ਉਸ ਨੇ ਖੂਬ ਮੇਹਨਤ ਕੀਤੀ ਤੇ ਕਾਲਜ ਵਿਚਲੇ ਪ੍ਰੋਫੈਸਰ ਉਸ ਦੀ ਲਗਨ ਦੇਖ ਅਸ਼ ਅਸ਼ ਕਰ ਉੱਠੇ। ਉਨ੍ਹਾਂ ਨੂੰ ਯਕੀਨ ਸੀ ਕਿ ਇਹ ਲੜਕਾ ਜੀਵਨ ਵਿਚ ਬੁਲੰਦੀਆਂ ਛੂਹੇਗਾ। ਉਸ ਨੂੰ ਤਾਂ ਸ਼ੀਲਾ ਨੂੰ ਕੁਝ ਬਣ ਕੇ ਵਿਖਾਉਣ ਦੀ ਮੰਜਿ਼ਲ ਨਜ਼ਰ ਆ ਰਹੀ ਸੀ। ਜਦੋਂ ਰੁਜ਼ਗਾਰ ਲਈ ਇੰਟਰਵਿਊ ਹੋਈ ਤਾਂ ਕੰਪਨੀ ਨੂੰ ਉਸ ਨੂੰ ਚੰਗੀ ਤਨਖਾਹ ਦਾ ਵਾਅਦਾ ਕਰ ਚੁਣ ਲਿਆ ਤੇ ਅਖੀਰਲੀ ਛਿਮਾਹੀ ਤੋਂ ਉਸ ਨੂੰ ਅੱਧੀ ਤਨਖਾਹ ਦੇਣੀ ਮੰਨ ਲਈ ਤੇ ਐਮ ਬੀ ਏ ਪੂਰੀ ਕਰਨ `ਤੇ ਕੰਮ `ਤੇ ਆਉਣ ਲਈ ਆਖ ਦਿੱਤਾ। ਮੋਹਣੇ ਦੇ ਸਾਥੀ ਤੇ ਪ੍ਰੋਫੈਸਰ ਬਹੁਤ ਖੁਸ਼ ਹੋਏ। ਇਹ ਖਬਰ ਉਹ ਸ਼ੀਲਾ ਨੂੰ ਦੱਸਣਾ ਚਾਹੁੰਦਾ ਸੀ। ਉਹ ਉਸ ਦੇ ਕਾਲਜ ਵਿਚ ਚਲਾ ਗਿਆ। ਜਦੋਂ ਉਸ ਨੇ ਪਤਾ ਕੀਤਾ ਤਾਂ ਉਸ ਨੂੰ ਪਤਾ ਲੱਗਾ ਕਿ ਸ਼ੀਲਾ ਤਾਂ ਮੁਕਾਬਲੇ ਦਾ ਇਮਤਿਹਾਨ ਦੇਣ ਗਈ ਹੋਈ ਹੈ ਤਾਂ ਉਹ ਵਾਪਸ ਆ ਗਿਆ ਤੇ ਫੇਰ ਮਿਲਣ ਬਾਰੇ ਸੋਚਣ ਲੱਗਾ।
ਸ਼ੀਲਾ ਦਾ ਮੁਕਾਬਲੇ ਦਾ ਇਮਤਿਹਾਨ ਵਧੀਆ ਹੋ ਗਿਆ ਸੀ ਉਸ ਨੂੰ ਉਮੀਦ ਸੀ ਕਿ ਨਤੀਜਾ ਉਸ ਦੇ ਹੱਕ ਵਿਚ ਆਵੇਗਾ। ਉਹ ਹੁਣ ਐਮ.ਏ ਦੀ ਪੜ੍ਹਾਈ ਵਿਚ ਰੁੱਝ ਗਈ ਕਿਉਂ ਜੋ ਪੇਪਰ ਵੀ ਨੇੜੇ ਸਨ। ਖੂਬ ਮੇਹਨਤ ਕੀਤੀ ਪੇਪਰ ਦਿੱਤੇ ਤੇ ਘਰ ਪੁੱਜ ਗਈ। ਸਬੱਬ ਨਾਲ ਮੋਹਣਾ ਵੀ ਪਿੰਡ ਆਇਆ ਹੋਇਆ ਸੀ। ਉਸ ਨੂੰ ਇਹ ਪਤਾ ਸੀ ਕਿ ਜਦੋਂ ਸ਼ੀਲਾ ਪਿੰਡ ਆਵੇਗੀ ਮੈਡਮ ਗੁਰਜੀਤ ਨੂੰ ਜ਼ਰੂਰ ਮਿਲੇਗੀ। ਇਸ ਲਈ ਉਹ ਮੈਡਮ ਨੂੰ ਮਿਲ ਆਪਣੀ ਪ੍ਰਾਪਤੀ ਬਾਰੇ ਦੱਸ ਆਇਆ ਸੀ। ਮੈਡਮ ਦੀ ਖੁਸ਼ੀ ਵੇਖੀ ਨਹੀਂ ਜਾ ਰਹੀ ਸੀ। ਉਸ ਨੂੰ ਲੱਗ ਰਿਹਾ ਸੀ ਕਿ ਹੁਣ ਜੱਗੋਂ ਤੇਹਰਵੀਂ ਹੋਣ ਵਾਲੀ ਹੈ। ਉਸ ਨੂੰ ਉਮੀਦ ਸੀ ਕਿ ਜਾਤ-ਪਾਤ ਦੀ ਦੀਵਾਰ ਢਹਿਣ ਵਾਲੀ ਹੈ ਪਰ ਮਨ ਵਿਚ ਡਰ ਵੀ ਸੀ ਜੇ ਅਮੀਰੀ ਗਰੀਬੀ ਵਾਲੇ ਟੋਏ ਟਿੱਬੇ ਬਰਾਬਰ ਨਾ ਹੋ ਸਕੇ ਤਾਂ ਸ਼ੀਲਾ ਦੀ ਜ਼ਿੰਦਗੀ ਦਾ ਕੀ ਬਣੇਗਾ। ਉਸ ਨੂੰ ਪੂਰਨ ਯਕੀਨ ਸੀ ਖੁਦਾ ਵੀ ਜ਼ਰੂਰ ਮਦਦ ਕਰੇਗਾ ਕਿਉਂ ਜੋ ਪਿਆਰ ਕਰਨ ਵਾਲੇ ਸੱਚੇ ਅਤੇ ਮਿਹਨਤ ਕਰ ਰਹੇ ਸਨ। ਹਾਲੇ ਉਹ ਇਨ੍ਹਾਂ ਸੋਚਾਂ ਵਿਚ ਹੀ ਸੀ ਕਿ ਉਧਰੋਂ ਸ਼ੀਲਾ ਨੇ ਦਰਵਾਜ਼ੇ `ਤੇ ਦਸਤਕ ਦਿੱਤੀ ਅਤੇ ਸਿੱਧੀ ਹੀ ਅੰਦਰ ਮੈਡਮ ਨੂੰ ਚਿੰਬੜ ਗਈ। ਉਹ ਅੱਜ ਬਹੁਤ ਖੁਸ਼ ਸੀ ਉਸ ਦੀ ਮੇਹਨਤ ਨੂੰ ਫਲ ਲੱਗਾ ਸੀ। ਉਸ ਨੇ ਮੈਡਮ ਨੂੰ ਦੱਸਿਆ ਕਿ ਮੁਕਾਬਲੇ ਦੇ ਇਮਤਿਹਾਨ ਵਿਚ ਉਸ ਦਾ ਪਹਿਲੀਆਂ ਪੰਜ ਪੁਜ਼ੀਸ਼ਨਾਂ ਵਿਚ ਨਾਂ ਸੀ ਅਤੇ ਉਹ ਘਰੇ ਨਹੀਂ ਗਈ ਸਿੱਧੀ ਹੀ ਤੁਹਾਨੂੰ ਖਬਰ ਦੇਣ ਆ ਗਈ ਹਾਂ। ਮੈਡਮ ਤਾਂ ਪਹਿਲਾਂ ਹੀ ਮੋਹਣੇ ਦੀ ਖਬਰ ਸੁਣ ਚੁੱਕੀ ਸੀ। ਉਸ ਨੇ ਮੋਹਣੇ ਦੀ ਖਬਰ ਸ਼ੀਲਾ ਨੂੰ ਦੱਸ ਦਿੱਤੀ ਤੇ ਉਹ ਬਹੁਤ ਖੁਸ਼ ਤੇ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਲੱਗੀ। ਮੈਡਮ ਨੇ ਮੋਹਣੇ ਨੂੰ ਆਪਣੇ ਘਰ ਬੁਲਾ ਲਿਆ ਤੇ ਦੋਵੇਂ ਉਸ ਦੇ ਘਰ ਇਕੱਠੇ ਹੋ ਗਏ। ਤਿੰਨਾਂ ਨੇ ਮਿਲ ਖੁਸ਼ੀ ਸਾਂਝੀ ਕੀਤੀ। ਮੋਹਣੇ ਨੇ ਦੱਸਿਆ ਕਿ ਕੱਲ੍ਹ ਹੀ ਮੇਰੇ ਮਾਪੇ ਸ਼ੀਲਾ ਦੇ ਘਰ ਉਸ ਦੇ ਵਿਆਹ ਲਈ ਜਾਣਗੇ। ਗੱਲ ਬਾਤ ਕਰ ਛੇਤੀ ਹੀ ਵਿਆਹ ਕਰਨ ਬਾਰੇ ਵਿਚਾਰ ਕਰਨਗੇ। ਮੈਡਮ ਦੀ ਖੁਸ਼ੀ ਵੀ ਹੁਣ ਝੱਲੀ ਨਹੀਂ ਜਾ ਰਹੀ ਸੀ। ਉਸ ਨੂੰ ਲੱਗ ਰਿਹਾ ਸੀ ਕਿ ਉਸ ਦੇ ਵਿਦਿਆਰਥੀ ਕਾਮਯਾਬੀ ਦੀ ਪੌੜੀ ਚੜ੍ਹ ਕੇ ਇਕੱਠਾ ਜੀਵਨ ਬਤੀਤ ਕਰਨਗੇ।
ਅਗਲੇ ਦਿਨ ਦੋਵੇਂ ਪਰਿਵਾਰ ਇਕੱਠੇ ਹੋਏ ਸ਼ੀਲਾ ਅਤੇ ਮੋਹਣੇ ਦੀ ਕਾਮਯਾਬੀ ਦੀਆਂ ਖੁਸ਼ੀਆਂ ਮਨਾਈਆਂ ਗਈਆਂ। ਵਿਆਹ ਦੀ ਤਰੀਕ ਤੈਅ ਕਰ ਲਈ ਗਈ ਅਤੇ ਮੋਹਣੇ ਦੀ ਮਾਂ ਨੇ ਕਿਹਾ ਸਾਨੂੰ ਦਾਜ ਦੀ ਕੋਈ ਲੋੜ ਨਹੀਂ ਮਿੱਥੇ ਦਿਨ `ਤੇ ਗੁਰਦੁਆਰੇ ਵਿਚ ਆਨੰਦ ਕਾਰਜ ਹੋਣਗੇ ਤੇ ਸ਼ੀਲਾ ਨੂੰ ਤਿੰਨਾਂ ਕੱਪੜਿਆਂ ਵਿਚ ਲੈ ਜਾਵਾਂਗੇ ਤੇ ਸਾਡੇ ਘਰ ਇਕ ਪਾਰਟੀ ਕੀਤੀ ਜਾਵੇਗੀ ਜਿਸ ਵਿਚ ਮੈਡਮ ਗੁਰਜੀਤ ਵੀ ਸ਼ਾਮਿਲ ਹੋਣਗੇ। ਉਨ੍ਹਾਂ ਦਾ ਵਿਆਹ ਕਰ ਦਿੱਤਾ ਗਿਆ। ਦੋਵਾਂ ਦੇ ਮਾਪੇ ਖੁਸ਼ ਸਨ। ਕੁਝ ਦਿਨ ਪਾ ਕੇ ਸ਼ੀਲਾ ਨੂੰ ਇਕ ਪੱਤਰ ਮਿਲਿਆ ਜਿਸ ਵਿਚ ਉਸ ਨੂੰ ਉਪ ਤਹਿਸੀਲਦਾਰ ਨਿਯੁਕਤ ਕਰ ਦਿੱਤਾ ਗਿਆ ਸੀ। ਸਾਰਾ ਪਰਿਵਾਰ ਬਹੁਤ ਖੁਸ਼ ਹੋ ਗਿਆ।
ਗੁਰਜੀਤ ਮੈਡਮ ਨੂੰ ਤਸੱਲੀ ਹੋ ਗਈ ਕਿ ਜਾਤ ਪਾਤ ਦੀ ਦੀਵਾਰ ਨੂੰ ਢਾਹ ਦਿੱਤਾ ਗਿਆ ਸੀ ਅਤੇ ਇੰਤਜ਼ਾਰ ਤੋਂ ਬਾਅਦ ਦੋਵੇਂ ਪਰਿਵਾਰ ਇੱਕ ਹੋ ਗਏ ਸਨ ਜੋ ਕਿ ਆਮ ਲੋਕਾਂ ਲਈ ਉਦਾਹਰਣ ਬਣ ਗਏ ਸਨ।