ਸੁਖਮਿੰਦਰ ਸੇਖੋਂ
ਫੋਨ: +91-98145-07693
ਲਖਨਊ ਦੀਆਂ ਭੀੜੀਆਂ ਗਲੀਆਂ ਤੇ ਬਾਜ਼ਾਰਾਂ ਵਿਚ ਘੁੰਮਦਾ-ਘੁੰਮਦਾ ਨੌਸ਼ਾਦ ਅਲੀ ਸਿਰਫ਼ 7 ਕੁ ਵਰ੍ਹਿਆਂ ਦੀ ਉਮਰ ਵਿਚ ਹੀ ਸੰਗੀਤ ਪ੍ਰੇਮੀ ਹੋ ਗਿਆ ਸੀ। ਜਦੋਂ ਉਹ ਦਸ ਕੁ ਸਾਲ ਦਾ ਹੋਇਆ ਤਾਂ ਆਪਣੇ ਸ਼ਹਿਰ ਦੇ ਪੁਰਾਣੇ ਸਿਨੇਮਾ ਹਾਲ ਵਿਚ ਫਿਲਮਾਂ ਵੀ ਦੇਖਣ ਜਾਣ ਲੱਗਾ। ਜੇਕਰ ਜੇਬ ਵਿਚ ਟਿਕਟ ਦੇ ਪੈਸੇ ਨਾ ਹੁੰਦੇ ਤਾਂ ਉਹ ਆਪਣੇ ਬਚਪਨ ਦੇ ਇੱਕ ਬੇਲੀ ਨਾਲ ਦਰਗਾਹ ਵਿਚੋਂ ਪੈਸੇ ਚੋਰੀ ਕਰ ਕੇ ਵੀ ਫਿਲਮ ਦੇਖਣ ਦਾ ਸ਼ੌਕ ਪੂਰਾ ਕਰ ਲੈਂਦਾ ਸੀ।
ਉਸ ਦਾ ਜਨਮ ਨਵਾਬੀ ਸ਼ਹਿਰ ਦੇ ਗਰੀਬ ਪਰਿਵਾਰ ਵਿਚ 25 ਦਸੰਬਰ 1919 ਨੂੰ ਹੋਇਆ। ਰਤਾ ਵੱਡਾ ਹੋਇਆ ਤਾਂ ਉਸ ਨੇ ਪੁਰਾਣਾ ਹਾਰਮੋਨੀਅਮ ਖਰੀਦ ਲਿਆ। ਹਰ ਵੇਲੇ ਉਹ ਉਸ ਨਾਲ ਜੁੜਿਆ ਰਹਿੰਦਾ। ਘਰਦਿਆਂ ਨੂੰ ਉਸ ਦੀਆਂ ਇਸ ਤਰ੍ਹਾਂ ਦੀਆਂ ਆਦਤਾਂ ਬਹੁਤ ਰੜਕਦੀਆਂ ਸਨ। ਉਹ ਚਾਹੁੰਦੇ ਸਨ ਕਿ ਉਹ ਥੋੜ੍ਹਾ ਪੜ੍ਹ-ਲਿਖ ਕੇ ਕਿਸੇ ਰੁਜ਼ਗਾਰ ਨੂੰ ਹੱਥ ਪਾ ਲਵੇ ਤੇ ਘਰ ਗ੍ਰਹਿਸਥੀ ਵਿਚ ਉਨ੍ਹਾਂ ਦਾ ਹੱਥ ਵਟਾਏ। ਉਸ ਦੇ ਪਿਤਾ ਨੇ ਇੱਕ ਦਿਨ ਤੰਗ ਆ ਕੇ ਉਸ ਦੇ ਹਾਰਮੋਨੀਅਮ ਨੂੰ ਬਾਹਰ ਪਟਕਾ ਮਾਰਿਆ। ਉਸ ਨੇ ਘਰਦਿਆਂ ਨੂੰ ਧਮਕੀ ਦਿੱਤੀ ਕਿ ਉਹ ਘਰੋਂ ਚਲਾ ਜਾਵੇਗਾ ਤੇ ਮੁੜ ਕਦੇ ਵਾਪਸ ਨਹੀਂ ਆਵੇਗਾ। ਉਸ ਨੇ ਆਪਣੀ ਧਮਕੀ ਸਾਕਾਰ ਕਰ ਦਿਖਾਈ ਤੇ ਬੰਬਈ ਦਾ ਰੁਖ਼ ਕਰ ਲਿਆ। ਉਸ ਕੋਲ ਨਾ ਤਾਂ ਜੇਬ ਵਿਚ ਪੈਸੇ ਸਨ ਤੇ ਨਾ ਹੀ ਉੱਥੇ ਫਿਲਮ ਇੰਸਡਟਰੀ ਵਿਚ ਉਸ ਦੀ ਕੋਈ ਜਾਣ ਪਛਾਣ ਹੀ ਸੀ ਪਰ ਉਹ ਇੱਕ ਸਥਾਪਿਤ ਗੀਤਕਾਰ ਮਧੋਕ ਦੇ ਸੰਪਰਕ ਵਿਚ ਆਇਆ ਤੇ ਉਸ ਦੀ ਮਦਦ ਨਾਲ ਉਸ ਨੂੰ ਫਿਲਮ ਮਿਲੀ ‘ਪ੍ਰੇਮ ਨਗਰ` (1940)। ਇਸ ਅਵਸਰ ਦਾ ਇਹ ਅਸਰ ਹੋਇਆ ਕਿ ਉਸ ਨੂੰ 1944 ਵਿਚ ਇੱਕ ਹੋਰ ਫਿਲਮ ਵਿਚ ਸੰਗੀਤਕਾਰ ਵਜੋਂ ਕੰਮ ਕਰਨ ਦਾ ਮੌਕਾ ਮਿਲਿਆ। ਫਿਲਮ ਸੀ ‘ਰਤਨ`। ਇਸ ਦੇ ਸੰਗੀਤ ਨੇ ਨੌਸ਼ਾਦ ਨੂੰ ਪਛਾਣ ਦਿੱਤੀ ਤੇ ਨਵੀਆਂ-ਨਵੀਆਂ ਬੋਲਦੀਆਂ ਫਿਲਮਾਂ ਵਿਚ ਉਹ ਸੰਗੀਤ ਨਿਰਦੇਸ਼ਕ ਦੇ ਤੌਰ `ਤੇ ਪ੍ਰਵਾਨ ਚੜ੍ਹਨਾ ਸ਼ੁਰੂ ਹੋ ਗਿਆ।
ਫਿਲਮ ‘ਉੜਨ ਖਟੋਲਾ` ਅਤੇ ‘ਬੈਜੂਬਾਵਰਾ` ਉਸ ਦੀਆਂ ਦੋ ਹੋਰ ਅਜਿਹੀਆਂ ਫਿਲਮਾਂ ਸਨ ਜਿਸ ਦੇ ਸੰਗੀਤ ਨੇ ਉਸ ਦੀ ਗੁੱਡੀ ਸੱਤਵੇਂ ਅਸਮਾਨ `ਤੇ ਚਾੜ੍ਹ ਦਿੱਤੀ। ਇਨ੍ਹਾਂ ਦੇ ਗੀਤ ਬਹੁਤ ਮਸ਼ਹੂਰ ਹੋਏ ਜਿਵੇਂ ‘ਨਾ ਤੂਫਾਂ ਸੇ ਖੇਲੋ ਨਾ ਸਾਹਿਲ ਸੇ ਖੇਲੋ, ਮੇਰੇ ਦਿਲ ਕੇ ਪਾਸ ਆਓ ਮੇਰੇ ਦਿਲ ਸੇ ਖੇਲੋ (ਉੜਨ ਖਟੋਲਾ, ਮੁਹੰਮਦ ਰਫੀ)। ਫਿਲਮ ‘ਬੈਜੂਬਾਵਰਾ’ (1952), ‘ਗੰਗਾ ਜਮੁਨਾ’ (1961) ਜਿੱਥੇ ਹਿੱਟ ਫਿਲਮਾਂ ਸਾਬਤ ਹੋਈਆਂ ਉੱਥੇ ਇਨ੍ਹਾਂ ਦਾ ਗੀਤ ਸੰਗੀਤ ਵੀ ਪ੍ਰਵਾਨ ਚੜ੍ਹਿਆ: ‘ਤੂੰ ਗੰਗਾ ਕੀ ਮੌਜ ਮੈਂ ਜਮੁਨਾ ਕਾ ਧਾਰਾ, ਹੋ ਰਹੇਗਾ ਮਿਲਨ ਹਮਾਰਾ ਤੁਮਹਾਰਾ`। ਮੁਹੰਮਦ ਰਫੀ ਦੇ ਹੀ ਇੱਕ ਹੋਰ ਗੀਤ ਵਿਚ ਨੌਸ਼ਾਦ ਨੇ ਉਹ ਸੰਗੀਤਕ ਉਡਾਣ ਭਰੀ ਕਿ ਰਫੀ ਸਾਹਿਬ ਦਾ ਉਹ ਗੀਤ ਸਦਾਬਹਾਰ ਬਣ ਗਿਆ: ‘ਓ ਦੁਨੀਆ ਕੇ ਰਖਵਾਲੇ ਸੁਨ ਦਰਦ ਭਰੇ ਮੇਰੇ ਨਾਲੇ।` ਉਸ ਦਾ ਸੰਗੀਤਬੱਧ ਲਤਾ ਮੰਗੇਸ਼ਕਰ ਦਾ ਗੀਤ ‘ਮੁਝੇ ਭੂਲ ਗਏ ਸਾਂਵਰੀਆ` ਬਹੁਤ ਵਧੀਆ ਹੈ। ਲਤਾ ਮੰਗੇਸ਼ਕਰ ਦਾ ਗੰਗਾ ਜਮਨਾ ਦਾ ਗੀਤ ਵੀ ਲੋਕ ਸ਼ੈਲੀ ਦੀ ਉਮਦਾ ਮਿਸਾਲ ਕਾਇਮ ਕਰ ਗਿਆ: ‘ਦੋ ਹੰਸੋ ਕਾ ਜੋੜਾ ਵਿਛੜ ਗਿਓ ਰੇ`।
ਹੁਣ ਨੌਸ਼ਾਦ ਦਾ ਜ਼ਮਾਨਾ ਆ ਚੁੱਕਾ ਸੀ। ਉਸ ਨੇ ਕੁਲ 65 ਫਿਲਮਾਂ ਲਈ ਸੰਗੀਤ ਦਿੱਤਾ ਜਿਨ੍ਹਾਂ ਵਿਚੋਂ 35 ਸਿਲਵਰ ਜੁਬਲੀ, 12 ਗੋਲਡਨ ਅਤੇ 3 ਡਾਇਮੰਡ ਜੁਬਲੀ ਰਹੀਆਂ। ਉਸ ਦੇ ਸੰਗੀਤ ਦੀ ਇਹ ਘਾਲ ਕਮਾਈ ਹੀ ਸਮਝਣੀ ਹੋਵੇਗੀ ਕਿ ਨਵੇਂ ਸੰਗੀਤਕਾਰਾਂ ਲਈ ਉਸ ਦੇ ਗੀਤ ਅਤੇ ਸੰਗੀਤ ਪ੍ਰੇਰਨਾ ਸਰੋਤ ਬਣੇ। ਸਭ ਤੋਂ ਖੂਬਸੂਰਤੀ ਦਾ ਹਾਸਲ ਇਹ ਬਣਿਆ ਕਿ ਉਸ ਨੇ ਆਪਣੇ ਉੱਤਰ ਪ੍ਰਦੇਸ਼ ਦੇ ਲੋਕ ਗੀਤ ਤੇ ਸ਼ੈਲੀ ਵਿਚ ਆਪਣੇ ਸੰਗੀਤ ਨੂੰ ਢਾਲਣ ਦਾ ਸੁਚੇਤ ਯਤਨ ਕੀਤਾ ਜਿਸ ਵਿਚ ਉਸ ਨੂੰ ਅਪਾਰ ਸਫਲਤਾ ਪ੍ਰਾਪਤ ਹੋਈ। ਇਸ ਦੀਆਂ ਉਦਾਹਰਨਾਂ ਬਹੁਤ ਹਨ ਪਰ ਏਥੇ ਅਸੀਂ ਕੇਵਲ ਦੋ ਗੀਤਾਂ ਦਾ ਹਵਾਲਾ ਦੇਣਾ ਹੀ ਕਾਫ਼ੀ ਸਮਝਾਂਗੇ: ‘ਨੈਣ ਲੜਗੀ ਵੇ ਮਨਵਾ ਮਾ ਖਟਕ ਹੋਈ ਵੇ ਕਰੀਂ` (ਗੰਗਾ ਜਮੁਨਾ), ‘ਮੇਰੇ ਪੈਰੋਂ ਮੇਂ ਘੁੰਗਰੂ…`(ਸੰਘਰਸ਼)।
ਨੌਸ਼ਾਦ ਦੇ ਸੰਗੀਤ ਵਿਚ ਰਫੀ ਦੇ ਗਾਏ ਇਹ ਗੀਤ ਅਮਰ ਹੋ ਗਏ। ਨੌਸ਼ਾਦ ਖ਼ੁਦ ਦਾਅਵਾ ਕਰਦੇ ਸਨ ਕਿ ਉਨ੍ਹਾਂ ਨੇ ਆਪਣੇ ਪ੍ਰਦੇਸ਼ ਦੀ ਮਿੱਟੀ ਨੂੰ ਨਮਨ ਕੀਤਾ ਹੈ ਤੇ ਲੋਕ ਸੰਗੀਤ ਦਾ ਜਾਮਾ ਪਹਿਨਾਇਆ ਹੈ। ਉਨ੍ਹਾਂ ਨੇ ਕਿਹਾ, “ਇਸ ਵਿਚ ਮੇਰੀ ਕੋਈ ਖਾਸ ਭੂਮਿਕਾ ਨਹੀਂ, ਮੈਂ ਤਾਂ ਬਸ ਪੁਰਾਣੀ ਸ਼ਰਾਬ ਨੂੰ ਨਵੀਆਂ ਬੋਤਲਾਂ ਵਿਚ ਪਾਉਣ ਦਾ ਹੀ ਕੰਮ ਕੀਤਾ ਹੈ।” ਉਨ੍ਹਾਂ ਦੇ ਸੰਗੀਤ ਨਿਰਦੇਸ਼ਨ ਵਿਚ ਹੋਰ ਬਹੁਤ ਸਾਰੀਆਂ ਫਿਲਮਾਂ ਵਿਚੋਂ ਕੁਝ ਵਿਸ਼ੇਸ਼ ਹਨ ਜਿਨ੍ਹਾਂ ਨੂੰ ਸੰਗੀਤ ਪ੍ਰੇਮੀਆਂ ਨੇ ਖੂਬ ਸਰਾਹਿਆ। ਇਨ੍ਹਾਂ ਵਿਚ ‘ਮਦਰ ਇੰਡੀਆ’, ‘ਲੀਡਰ’, ‘ਆਨ’, ‘ਅੰਦਾਜ਼’, ‘ਦੀਦਾਰ’, ‘ਮੁਗਲ-ਏ-ਆਜ਼ਮ’, ‘ਦਿਲ ਦੀਆ ਦਰਦ ਲੀਆ’, ‘ਮੇਰੇ ਮਹਿਬੂਬ’, ‘ਪਾਲਕੀ’ ਅਤੇ ‘ਰਾਮ ਔਰ ਸ਼ਿਆਮ’। ਨੌਸ਼ਾਦ ਸ਼ਾਇਰੀ ਵਿਚ ਵੀ ਰੁਚੀ ਰੱਖਦੇ ਸਨ ਅਤੇ ਉਨ੍ਹਾਂ ਫਿਲਮ ‘ਪਾਲਕੀ` ਦੀ ਕਹਾਣੀ ਵੀ ਲਿਖੀ। ਫਿਲਮ ਬੇਸ਼ੱਕ ਕਾਮਯਾਬ ਨਾ ਰਹੀ ਪਰ ਗੀਤ ਸੰਗੀਤ ਨੂੰ ਚੰਗਾ ਹੁਲਾਰਾ ਮਿਲਿਆ।
ਉੱਤਰ ਪ੍ਰਦੇਸ਼ ਦੇ ਲੋਕ ਗੀਤ ਦੀ ਇੱਕ ਝਲਕ ‘ਮਦਰ ਇੰਡੀਆ` ਦੇ ਗੀਤਾਂ ਵਿਚ ਵੀ ਦਿਖਾਈ ਦਿੰਦੀ ਹੈ: ‘ਗਾੜੀ ਵਾਲੇ ਗਾੜੀ ਧੀਰੇ ਹਾਂਕ ਰੇ` (ਸ਼ਮਸ਼ਾਦ ਬੇਗ਼ਮ, ਮੁਹੰਮਦ ਰਫੀ)। ਫਿਲਮ ‘ਮੁਗਲ-ਏ-ਆਜ਼ਮ` ਦੇ ਸਾਰੇ ਗੀਤਾਂ ਨੇ ਫਿਲਮ ਦੀ ਸਫਲਤਾ ਵਿਚ ਵੱਡਾ ਯੋਗਦਾਨ ਪਾਇਆ। ਗੀਤ ‘ਜਬ ਪਿਆਰ ਕੀਆ ਤੋ ਡਰਨਾ ਕਯਾ` ਦੇ ਬੇਸ਼ੱਕ ਚਾਰ ਮੁੱਖੜੇ ਹੀ ਫਾਈਨਲ ਹੋਏ ਪਰ ਇਨ੍ਹਾਂ ਨੂੰ 105 ਵਾਰ ਸ਼ਕੀਲ ਬਦਾਯੂਨੀ ਤੋਂ ਲਿਖਵਾਇਆ ਗਿਆ ਕਿਉਂਕਿ ਇਸ ਨੂੰ ਵੱਖ-ਵੱਖ ਕੋਣਾਂ ਤੋਂ ਵੱਖਰੇ ਸੰਦਰਭ ਵਿਚ ਫਿਲਮੀ ਸਕਰੀਨ `ਤੇ ਪੇਸ਼ ਕਰਨਾ ਸੀ। ਫਿਲਮ ਦਾ ਇੱਕ ਹੋਰ ਗੀਤ ਵੀ ਸੁਣ ਕੇ ਸੰਗੀਤਕਾਰ ਦੇ ਲੋਕ ਰੰਗ ਨੂੰ ਮਾਣਿਆ ਜਾ ਸਕਦਾ ਹੈ: ‘ਮੋਹੇ ਪਨਘਟ ਪੇ ਨੰਦ ਲਾਲ ਛੇੜ ਗਿਓ ਰੇ`। ਫਿਲਮ ‘ਆਨ` ਵਿਚ ਉਨ੍ਹਾਂ ਇੱਕ ਵੱਖਰਾ ਪ੍ਰਯੋਗ ਕੀਤਾ ਜਿਸ ਨੂੰ ਇਸ ਫਿਲਮ ਦੇ ਇੱਕ ਗੀਤ ਤੋਂ ਹੀ ਸਮਝਿਆ ਜਾ ਸਕਦਾ ਹੈ: ‘ਮਾਨ ਮੇਰਾ ਅਹਿਸਾਨ ਅਰੇ ਨਾਦਾਨ ਮੈਨੇ ਤੁਝ ਸੇ ਕੀਆ ਹੈ ਪਿਆਰ` (ਰਫੀ)।
ਫਿਲਮਫੇਅਰ ਐਵਾਰਡਾਂ ਤੋਂ ਇਲਾਵਾ ਨੌਸ਼ਾਦ ਨੂੰ 1982 ਵਿਚ ਕੇਂਦਰ ਸਰਕਾਰ ਵੱਲੋਂ ਪਦਮ ਭੂਸ਼ਨ ਨਾਲ ਨਿਵਾਜਿਆ ਗਿਆ ਅਤੇ 1992 ਵਿਚ ਉਨ੍ਹਾਂ ਨੂੰ ਫਿਲਮੀ ਦੁਨੀਆ ਦਾ ਸਭ ਤੋਂ ਵੱਕਾਰੀ ਸਨਮਾਨ ਦਾਦਾ ਸਾਹਿਬ ਫਾਲਕੇ ਸਨਮਾਨ ਹਾਸਲ ਹੋਇਆ। ਸੰਗੀਤ ਨੂੰ ਖ਼ੁਦਾ ਦੀ ਦੇਣ ਮੰਨਣ ਵਾਲੇ ਨੌਸ਼ਾਦ ਦੇ ਸੰਗੀਤਬੱਧ ਕੀਤੇ ਗੀਤਾਂ ਵਿਚ ਕੁਝ ਹੋਰ ਵੀ ਸੁਣਨ ਤੇ ਮਾਣਨਯੋਗ ਹਨ, ਜਿਵੇਂ ‘ਜਬ ਦਿਲ ਸੇ ਦਿਲ ਟਕਰਾਤਾ ਹੈ ਮਤ ਪੂਛੀਏ ਕਯਾ ਹੋ ਜਾਤਾ ਹੈ` (ਸੰਘਰਸ਼), ‘ਗੁਜ਼ਰੇ ਹੈ ਆਜ ਏਕ ਕੇ ਹਮ ਉਸ ਮੁਕਾਮ ਸੇ, ਨਫ਼ਰਤ ਸੀ ਹੋ ਗਈ ਹੈ ਮੁਹੱਬਤ ਕੇ ਨਾਮ ਸੇ` (ਦਿਲ ਦੀਆ), ‘ਮੁਝੇ ਦੁਨੀਆ ਵਾਲੋ ਸ਼ਰਾਬੀ ਨਾ ਸਮਝੋ ਮੈਂ ਪੀਤਾ ਨਹੀਂ ਹੂੰ ਪਿਲਾਈ ਗਈ ਹੈ` (ਲੀਡਰ), ‘ਦਿਲਰੁਬਾ ਮੈਨੇ ਤੇਰੇ ਪਿਆਰ ਮੇ ਕਯਾ ਕਯਾ ਨਾ ਕੀਆ, ਦਿਲ ਦੀਆ ਦਰਦ ਲੀਆ` ਅਤੇ ‘ਯਾਦ ਮੇਂ ਤੇਰੀ ਜਾਗ ਜਾਗ ਕੇ ਹਮ ਰਾਤ ਭਰ ਕਰਵਟੇਂ ਬਦਲਤੇ ਹੈਂ` (ਮੇਰੇ ਮਹਿਬੂਬ, ਲਤਾ,ਰਫੀ)।
ਨਵਾਬੀ ਸ਼ਹਿਰ ਲਖਨਊ ਦੇ ਗਰੀਬ ਪਰਿਵਾਰ ਵਿਚ ਪੈਦਾ ਹੋਏ ਇਸ ਨਵਾਬੀ ਸੰਗੀਤਕਾਰ ਨੇ ਲੰਮੀ ਉਮਰ ਭੋਗ ਕੇ 5 ਮਈ 2006 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤੀ। ਅਜਿਹੇ ਕਲਾਸੀਕਲ ਤੇ ਲੋਕ ਰੰਗ ਦੇ ਮਾਹਿਰ ਸੰਗੀਤਕਾਰ ਅੱਜ ਦੇ ਦੌਰ ਵਿਚ ਦੀਵਾ ਲੈ ਕੇ ਵੀ ਲੱਭਣੇ ਮੁਸ਼ਕਿਲ ਜਾਪਦੇ ਹਨ।