ਪੰਜਾਬ ਦਾ ਖ਼ਾਮੋਸ਼ ਉਜਾੜਾ

ਪ੍ਰੋ. ਕੁਲਵੰਤ ਸਿੰਘ ਔਜਲਾ
ਪੰਜਾਬ ਦੇ ਅੱਜ ਦੇ ਹਾਲਾਤ ਦਾ ਕਿੱਸਾ ਪ੍ਰੋ. ਕੁਲਵੰਤ ਸਿੰਘ ਔਜਲਾ ਨੇ ਇਸ ਲੇਖ ਦੇ ਰੂਪ ਵਿਚ ਬਿਆਨ ਕੀਤਾ ਹੈ। ਉਨ੍ਹਾਂ ਬੇਵਸੀ ਦੇ ਆਲਮ ਨੂੰ ਜ਼ਬਾਨ ਦੇਣ ਦਾ ਭਰਪੂਰ ਯਤਨ ਕੀਤਾ ਹੈ। ਸੱਚਮੁੱਚ, ਅੱਜ ਕੱਲ੍ਹ ਜੋ ਕੁਝ ਵੀ ਸਾਹਮਣੇ ਦਿਸ ਰਿਹਾ ਹੈ, ਉਹ ਪੰਜਾਬ ਦਾ ਨਹੀਂ ਲੱਗ ਰਿਹਾ। ਸ਼ਾਇਦ ਇਸ ਹਾਲਾਤ ਨੂੰ ਹੀ ਲੇਖਕ ਨੇ ਖਾਮੋਸ਼ ਉਜਾੜਾ ਆਖਿਆ ਹੈ।

ਪੰਜਾਬ ਦੀ ਰਚਨਾਤਮਿਕ ਸੰਵੇਦਨਾ ਅਤੇ ਸ਼ਕਤੀ ਬੁੱਢੀ ਅਤੇ ਬੇਤਾਲ ਹੋ ਗਈ ਹੈ। ਵਕਤ ਦੇ ਚਾਲੂ ਅਤੇ ਚਲੰਤ ਹੋ ਜਾਣ ਦੇ ਸਿੱਟੇ ਵਜੋਂ ਹਰ ਕਿੱਤਾ ਅਤੇ ਕਾਰਜ ਸੱਚੇ ਸੌਦੇ ਦਾ ਵਪਾਰ ਨਹੀਂ ਰਿਹਾ। ਆਪਣਾ ਮਾਲ ਧੜਾਧੜ ਵੇਚਣ ਦੇ ਆਲਮ ਵਿਚ ਸੰਸਥਾਵਾਂ, ਸਿਧਾਂਤ ਤੇ ਸੰਕਲਪ ਖੋਖਲੇ ਅਤੇ ਖ਼ੁਆਬਹੀਣ ਹੋ ਗਏ ਹਨ। ਇਸ਼ਤਿਹਾਰੀ ਲੋੜ ਅਤੇ ਲਾਲਸਾ ਨੇ ਹਰ ਵਸਤੂ ਅਤੇ ਵਰਤਾਰੇ ਨੂੰ ਮੰਡੀ ਦਾ ਮਾਲ ਬਣਾ ਦਿੱਤਾ ਹੈ। ਧਾਰਮਿਕ ਸਥਾਨਾਂ ਦੀ ਸਜਾਵਟ ਲਈ ਕਰੋੜਾਂ ਰੁਪਏ ਦਾ ਸੋਨਾ ਇਸਤੇਮਾਲ ਹੋ ਰਿਹਾ ਹੈ ਪਰ ਸਹੁੰ ਖਾਣ ਲਈ ਵੀ ਕੋਈ ਫ਼ਕੀਰ, ਦਰਵੇਸ਼, ਪੈਗੰਬਰ ਜਾਂ ਔਲੀਆ ਨਹੀਂ ਲੱਭਦਾ।
ਜਦੋਂ ਮਿੱਟੀਆਂ ਦੀ ਤਾਸੀਰ ਅਮਾਨਵੀ ਅਤੇ ਆਤੰਕੀ ਹੋ ਜਾਵੇ, ਉਦੋਂ ਮਹਾਨ ਪ੍ਰਤਿਭਾਵਾਂ ਦਾ ਅਭਾਵ ਹੋ ਜਾਂਦਾ ਹੈ। ਪੁਰਖਿਆਂ ਦੇ ਇਲਮ ਅਤੇ ਇਲਹਾਮ ਦੀ ਕੁੱਖੋਂ ਪੈਦਾ ਹੋਈਆਂ ਰਵਾਇਤਾਂ ਅਤੇ ਰਮਜ਼ਾਂ ਮੂਕ ਹੋ ਜਾਂਦੀਆਂ ਹਨ। ਹਰ ਕੋਈ ਆਪਣੇ ਆਪ ਨੂੰ ਸੱਚਾ ਸੁੱਚਾ ਤੇ ਸਮਝਦਾਰ ਸਿੱਧ ਕਰਨ ਦੀ ਦੌੜ ਵਿਚ ਮਸਰੂਫ਼ ਹੋ ਜਾਂਦਾ ਹੈ। ਨਸੀਹਤਾਂ, ਮਸ਼ਵਰੇ, ਦਾਅਵੇ ਤੇ ਗਿਆਨ ਥਾਂ-ਥਾਂ ਵਿਕਣ ਲੱਗਦਾ ਹੈ। ਖ਼ੁਦ ਨੂੰ ਖ਼ੁਦਾ ਸਮਝਣ ਵਾਲੇ ਲੋਕਾਂ ਕੋਲ ਸਭ ਕੁਝ ਹੁੰਦਾ ਹੈ ਪਰ ਦਿਲ ਨਹੀਂ ਹੁੰਦਾ। ਦਿਲੋਂ ਬੋਲਣਾ ਅਤੇ ਲਿਖਣਾ ਅੱਜ ਦਾ ਰਿਵਾਜ ਨਹੀਂ। ਦਿਲ ਨਾ ਹੋਵੇ ਤਾਂ ਸੁਪਨੇ, ਸਿਧਾਂਤ ਤੇ ਸਟੇਟਾਂ ਧੜਕਦੇ ਨਹੀਂ। ਸਿਰਫ਼ ਖ਼ਾਨਾਪੂਰਤੀ ਕਰਦੇ ਹਨ।
ਦਿਲ ਪਤਾ ਨਹੀਂ ਕਿਉਂ ਦਿਲਗੀਰ ਨਹੀਂ ਹੁੰਦਾ
ਪੂਰਨ ਪੁੱਤ ਪੰਜਾਬ ਦਾ ਹੁਣ ਫ਼ਕੀਰ ਨਹੀਂ ਹੁੰਦਾ
ਜਿਸ ਦੇ ਲਹੂ ਵਿਚੋਂ ਜੋਸ਼ ਤੇ ਜਜ਼ਬਾ ਮੁੱਕ ਜਾਵੇ
ਉਸ ਮਿੱਟੀ ਵਿਚੋਂ ਉਤਪੰਨ ਸੂਰਬੀਰ ਨਹੀਂ ਹੁੰਦਾ
ਉਹ ਅਸਥਾਨ ਨਿਰੇ ਸੰਗਮਰਮਰੀ ਰਹਿ ਜਾਂਦੇ
ਜਿਨ੍ਹਾਂ ਦੀਆਂ ਨੀਂਹਾਂ ਵਿਚ ਮੀਆਂ ਮੀਰ ਨਹੀਂ ਹੁੰਦਾ
ਖ਼ਾਨਾਪੂਰਤੀਆਂ ਖ਼ੁਆਬਾਂ ਨੂੰ ਜਿਊਂਦੇ ਨਹੀਂ ਰਹਿਣ ਦਿੰਦੀਆਂ। ਖ਼ੁਆਬ ਨਾ ਹੋਣ ਤਾਂ ਵਿਧੀਆਂ ਤੇ ਵਿਧਾਨ ਨਿੱਤ ਦਾ ਕੰਮ ਬਣ ਜਾਂਦੇ ਹਨ। ਗਹਿਰੀਆਂ ਤੇ ਗੁੱਝੀਆਂ ਬਾਤਾਂ ਪਾਉਣ ਵਾਲੇ ਦਿਲਾਂ ਦੀਆਂ ਨਾੜਾਂ ਜਾਮ ਹੋ ਜਾਂਦੀਆਂ ਹਨ। ਇੱਕ ਦਿਨ ਲੋਰ ਵਿਚ ਆਏ ਵੱਡੇ ਵਿਦਵਾਨ ਨੂੰ ਮੈਂ ਪੁੱਛ ਬੈਠਾ ਕਿ ਵੱਡੇ ਪੁਰਸਕਾਰ ਕਿਵੇਂ ਮਿਲਦੇ ਹਨ। ਉਸ ਨੇ ਪੁਰਸਕਾਰ ਮਿਲਣ ਦੇ ਵਿਧੀ ਵਿਧਾਨ ਬਾਰੇ ਲੰਮਾ ਚੌੜਾ ਵਿਖਿਆਨ ਕੀਤਾ। ਵਿਖਿਆਨ ਸੁਣ ਕੇ ਮੈਂ ਕਿਹਾ ਕਿ ਇਸ ਪ੍ਰਕਾਰ ਤਾਂ ਕਿਸੇ ਵੀ ਸਹੀ ਰਚਨਾ ਨੂੰ ਇਨਾਮ ਨਹੀਂ ਮਿਲ ਸਕਦਾ, ਸ਼ਰੀਫ਼ ਤੇ ਸਾਊ ਬੰਦਾ ਇੰਨਾ ਤਰੱਦਦ ਕਿੱਥੋਂ ਕਰੇਗਾ? ਵਿਦਵਾਨ ਹਲਕਾ ਮੁਸਕਰਾਇਆ ਅਤੇ ਬੋਲਿਆ- ਜਿਨ੍ਹਾਂ ਨੂੰ ਇਨਾਮ ਮਿਲਦੇ ਨੇ, ਉਹ ਸਭ ਵਿਧੀ ਵਿਧਾਨ ਜਾਣਦੇ ਨੇ। ਵਿਧੀਆਂ ਵਿਧਾਨ ਬਣਾਏ ਇਸ ਤਰੀਕੇ ਜਾਂਦੇ ਨੇ ਕਿ ਇਹ ਆਮ ਬੰਦਿਆਂ ਦੀ ਪਹੁੰਚ ਅਤੇ ਪਕੜ ਵਿਚ ਨਾ ਰਹਿਣ।
ਵਿਧੀਆਂ ਵਿਧਾਨ ਵਿਵਸਥਾ ਨੂੰ ਨਿਰਜਿੰਦ ਕਰ ਦਿੰਦੇ ਹਨ। ਬਾਰੀਂ ਕੋਹੀਂ ਵੀ ਦੀਵਾ ਜਗਦਾ ਨਜ਼ਰ ਨਹੀਂ ਆਉਂਦਾ। ਨਿਆਂ, ਕਾਨੂੰਨ, ਸੁਰੱਖਿਆ, ਸਿੱਖਿਆ, ਸਿਹਤ ਤੇ ਸੁਪਨੇ ਵਿਧੀਆਂ ਵਿਧਾਨਾਂ ਦੇ ਕਾਰੋਬਾਰੀ ਮਨਸੂਬਿਆਂ ਦੇ ਗ਼ੁਲਾਮ ਬਣ ਜਾਂਦੇ ਹਨ। ਕੁਸਕਦੇ ਹਨ ਪਰ ਬੋਲ ਨਹੀਂ ਸਕਦੇ। ਤਕੜਿਆਂ ਦਾ ਸੱਤੀਂ ਵੀਹੀਂ ਸੌ ਹਮੇਸ਼ਾ ਹੁੰਦਾ ਹੈ ਪਰ ਅਜੋਕੇ ਦੌਰ ਵਿਚ ਇਸ ਦਾ ਰੂਪ ਅਤੇ ਰਵੱਈਆ ਤਾਨਾਸ਼ਾਹ ਹੋ ਗਿਆ ਹੈ। ਇਹ ਦੌਰ ਤਨ ਅਤੇ ਤਕਨੀਕ ਦੀ ਪ੍ਰਭੂਤਾ ਦਾ ਦੌਰ ਹੈ। ਛੁਪੇ ਰਹਿਣ ਦੀ ਚਾਹ ਚੂਰ-ਚੂਰ ਹੋ ਗਈ ਹੈ। ਗ਼ਲਤ ਮੁੱਲਾਂ ਅਤੇ ਮਾਨਤਾਵਾਂ ਨੂੰ ਧੱਕੇ ਨਾਲ ਵੇਚਣ ਦਾ ਵਣਜ ਅਜੋਕੇ ਸਮੇਂ ਦਾ ਮਨਭਾਉਂਦਾ ਵਰਤਾਰਾ ਹੈ।
ਹਰ ਧੰਦਾ ਬਦਨਾਮ ਅਤੇ ਬਦਇਖ਼ਲਾਕ ਹੋ ਗਿਆ ਹੈ। ਤਰ੍ਹਾਂ-ਤਰ੍ਹਾਂ ਦੇ ਮਾਫ਼ੀਏ ਉੱਗ ਆਏ ਹਨ। ਮਾਫ਼ੀਏ ਦੇ ਕਾਰੋਬਾਰ ਨੂੰ ਸਿਸਟਮ ਤੇ ਸਿਆਸਤ ਦੀ ਸ਼ਹਿ ਮਿਲਦੀ ਹੈ। ਮਾਫ਼ੀਆ ਵਕਤ ਨੂੰ ਆਪਣੀ ਇੱਛਾ ਅਨੁਸਾਰ ਚਲਾਉਂਦਾ ਹੈ। ਇਸੇ ਕਰ ਕੇ ਚੈਨਲਾਂ ਉੱਤੇ ਨੰਗੇਜ਼ ਵਿਕਦਾ ਹੈ। ਇਸੇ ਕਰ ਕੇ ਦਰਿਆਵਾਂ ਦੀ ਰੇਤ ਲਈ ਆਪਸੀ ਖਿੱਚੋਤਾਣ ਚੱਲ ਰਹੀ ਹੈ। ‘ਕੂੜੁ ਫਿਰੈ ਪਰਧਾਨੁ ਵੇ ਲਾਲੋ` ਵਰਗੇ ਬੇਬਾਕ ਅਤੇ ਬੁਲੰਦ ਬੋਲ ਬੋਲਣ ਵਾਲਾ ਕੋਈ ਨਹੀਂ। ਬੇਪੀਰ ਹੋ ਗਏ ਇਸ ਜ਼ਮਾਨੇ ਵਿਚ ਸੱਚ ਦਾ ਅਕਸ ਗੰਧਲਾ ਹੋ ਗਿਆ। ਫੇਸਬੁੱਕਾਂ, ਵ੍ਹੱਟਸਐਪਾਂ ਅਤੇ ਯੂ-ਟਿਊਬਾਂ ਦੇ ਮੈਦਾਨ ਵਿਚ ਵਿਅਕਤੀਗਤ ਸਰਦਾਰੀਆਂ, ਸ਼ੋਹਰਤਾਂ, ਸਿਆਣਪਾਂ ਤੇ ਸੰਵਾਦ ਜ਼ੋਰ-ਜ਼ੋਰ ਨਾਲ ਚੀਕ ਰਹੇ ਹਨ।
ਕੋਈ ਕਿਸੇ ਨੂੰ ਟੋਕਣ ਵਾਲਾ ਨਹੀਂ। ਧਰਮ ਅਤੇ ਸਿਆਸਤ ਵਿਚ ਸਾਦਗੀ ਅਤੇ ਸਾਫ਼ਗੋਈ ਦੀ ਥਾਂ ਪਹਿਰਾਵਿਆਂ ਅਤੇ ਪਦਵੀਆਂ ਦਾ ਤਾਨਾਸ਼ਾਹੀ ਬੋਲਬਾਲਾ ਹੈ। ਲੜਾਈਆਂ, ਝਗੜੇ ਤੇ ਵਾਦ-ਵਿਵਾਦ ਮੋਬਾਈਲ ਸਕਰੀਨਾਂ ਉੱਤੇ ਹੋ ਰਹੇ ਹਨ। ਬੰਦਾ ਜ਼ਮੀਨ ਨਾਲੋਂ ਟੁੱਟ ਗਿਆ ਹੈ। ਸਸਤੇ ਅਤੇ ਸ਼ੋਸ਼ੇਬਾਜ਼ ਲੋਕ ਹਰ ਖੇਤਰ ਵਿਚ ਛਾਏ ਹੋਏ ਹਨ। ਪੰਜਾਬ ਦੀ ਚਿੰਤਾ ਵਿਰਲੇ-ਵਿਰਲੇ ਕਿਸੇ ਸਾਊ ਨੂੰ ਹੋ ਸਕਦੀ ਹੈ ਪਰ ਬਹੁਗਿਣਤੀ ਲੋਕ ਉਜੜਨ ਅਤੇ ਉਜਾੜਨ ਦੀ ਸਿਆਸਤ ਕਰ ਰਹੇ ਹਨ। ਡੰਗ ਟਪਾਊ ਸਿਆਸਤ ਨਾਲ ਵਕਤ ਲੰਘਾਉਣ ਵਾਲੇ ਨੇਤਾਵਾਂ ਨੂੰ ਰੂਹਹੀਣ ਅਤੇ ਰੇਗਿਸਤਾਨ ਹੋ ਰਹੇ ਪੰਜਾਬ ਨਾਲ ਕੋਈ ਲਗਾਉ ਨਹੀਂ। ਪਾਣੀਆਂ, ਹਵਾਵਾਂ, ਮਿੱਟੀਆਂ ਨਾਲੋਂ ਜ਼ਹਿਰੀਲੀ ਹੋ ਗਈ ਹੈ ਮਨਾਂ ਮਸਤਕਾਂ ਦੀ ਮਿੱਟੀ। ਲੋਕ ਆਪਣੇ ਕਿਰਦਾਰ, ਕਿੱਤੇ ਤੇ ਕਰਮ ਨਾਲੋਂ ਵਫ਼ਾਦਾਰੀਆਂ ਦੇ ਵਣਜ ਨਾਲ ਹਾਲੋ-ਬੇਹਾਲ ਹੋਏ ਪਏ ਹਨ। ਅੱਜ ਇੱਥੇ ਵਫ਼ਾ, ਕੱਲ੍ਹ ਕਿਤੇ ਹੋਰ ਵਫ਼ਾ। ਵਿਅਕਤੀਗਤ ਸੁਆਰਥ ਤੇ ਸ਼ਨਾਖ਼ਤ ਲਈ ਰਾਤੋ-ਰਾਤ ਬਦਲਣ ਵਾਲੇ ਲੋਕ ਪੰਜਾਬ ਦੇ ਹਿਤੈਸ਼ੀ ਕਿਵੇਂ ਹੋ ਸਕਦੇ ਹਨ? ਕਿਸੇ ਵੇਲੇ ਗੁੜ ਦੀ ਰੋੜੀ ਇਤਬਾਰ ਦੀ ਸੂਚਕ ਹੁੰਦੀ ਸੀ।
ਇੰਨੇ ਬੇਜ਼ਮੀਰੇ ਸਮਿਆਂ ਵਿਚ ਅਸੂਲਾਂ, ਆਦਰਸ਼ਾਂ ਅਤੇ ਅਕਲਾਂ ਉੱਤੇ ਪਹਿਰਾ ਦੇਣਾ ਔਖਾ ਹੋ ਗਿਆ ਹੈ। ਰੁਤਬੇ ਅਤੇ ਰਹਿਮਤਾਂ ਵਫ਼ਾਦਾਰਾਂ ਨੂੰ ਮਿਲਦੀਆਂ ਹਨ। ਵਫ਼ਾਦਾਰੀਆਂ ਦੀ ਵੀ ਖ਼ਰੀਦੋ-ਫਰੋਖ਼ਤ ਹੁੰਦੀ ਹੈ। ਵਫ਼ਾਦਾਰੀਆਂ ਵਿਚ ਮੁਕਾਬਲੇਬਾਜ਼ੀ ਹੈ। ਵਫ਼ਾਦਾਰੀਆਂ ਮੁੱਲ ਵਿਕਦੀਆਂ ਹਨ। ਵਫ਼ਾਦਾਰੀਆਂ ਸਿੱਧ ਕਰਨੀਆਂ ਪੈਂਦੀਆਂ ਹਨ। ਵਫ਼ਾਦਾਰੀਆਂ ਦੀ ਗ਼ੁਲਾਮੀ ਅੰਗਰੇਜ਼ਾਂ ਨਾਲੋਂ ਵੀ ਮਾੜੀ। ਅਕਲਾਂ, ਅਸੂਲਾਂ ਤੇ ਆਦਰਸ਼ਾਂ ਅਨੁਕੂਲ ਜੀਵਨ ਜਿਊਣ ਵਾਲੇ ਬਹੁਤੇ ਲੋਕ ਅੰਤ ਡਿਪਰੈਸ਼ਨ ਦਾ ਸ਼ਿਕਾਰ ਹੋ ਕੇ ਮਰ ਮੁੱਕ ਜਾਂਦੇ ਹਨ।
ਬਾਕੀ ਬਚੇ ਅਤਿਵਾਦੀ, ਗੈਂਗਸਟਰ, ਨਸ਼ਈ ਅਤੇ ਨਿਕੰਮੇ ਬਣ ਜਾਂਦੇ ਹਨ। ਅੱਕ ਕੇ ਹੀ ਸਾਡੇ ਬੱਚੇ ਪੰਜਾਬ ਛੱਡ ਕੇ ਪਰਵਾਸ ਕਰ ਰਹੇ ਹਨ। ਪਰਵਾਸ ਸੌਖਾ ਵਰਤਾਰਾ ਨਹੀਂ। ਸ਼ਨਾਖ਼ਤ ਤੇ ਸੁਰਤ ਉਜੜ ਜਾਂਦੀ ਹੈ। ਅਜੋਕੇ ਬੇਲਗਾਮ ਮਾਹੌਲ ਵਿਚ ਜਿਊਣਾ ਅਤਿਅੰਤ ਔਖਾ ਹੈ। ਬੰਦਾ ਕੀ ਕਰੇ? ਮਾਹੌਲ ਬੰਦੇ ਨੂੰ ਕੀ ਦਾ ਕੀ ਬਣਾ ਦਿੰਦਾ ਹੈ। ਪ੍ਰਤਿਭਾ ਅਤੇ ਸੰਘਰਸ਼ ਦੇ ਸੀਤ ਹੋਣ ਨਾਲ ਨਿਰਾਸ਼ਾ ਉਤਪੰਨ ਹੁੰਦੀ ਹੈ ਜਾਂ ਫਿਰ ਤੱਤੀਆਂ ਗੱਲਾਂ ਚੰਗੀਆਂ ਲੱਗਦੀਆਂ ਹਨ। ਕੁਝ ਵੀ ਸੁਰੀਲਾ, ਸੋਚਵੰਤ ਤੇ ਸਾਜਿੰਦ ਨਹੀਂ ਰਿਹਾ। ਕਲਮਾਂ ਬੇਹੀਆਂ ਤੇ ਬੇਤਾਲ ਹੋ ਗਈਆਂ ਹਨ। ਕਵੀਆਂ, ਕਲਾਕਾਰਾਂ, ਸੰਗੀਤਕਾਰਾਂ, ਪੱਤਰਕਾਰਾਂ ਤੇ ਬੁੱਧੀਜੀਵੀਆਂ ਵਿਚ ਜਾਨ ਤੇ ਜੁੰਬਿਸ਼ ਨਹੀਂ ਰਹੀ। ਹਰ ਕੋਈ ਬਚਦਾ-ਬਚਦਾ ਲਿਖਦਾ ਹੈ। ਹਰ ਕੋਈ ਡਰਦਾ-ਡਰਦਾ ਬੋਲਦਾ ਹੈ। ਨਾਨਕ ਦੀ ਰਾਹ `ਤੇ ਕੌਣ ਚੱਲੇ?
ਆਪਣੀ ਜ਼ਹਿਰੀਲੀ ਕਣਕ ਖਾਣ ਦੀ ਥਾਂ ਪੈਸਾ ਖਰਚਣ ਵਾਲੇ ਪੰਜਾਬੀ ਹੁਣ ਮਹਾਂਰਾਸ਼ਟਰ ਦੀ ਮਹਿੰਗੀ ਕਣਕ ਖਾਣ ਲੱਗ ਪਏ ਹਨ। ਆਪਣੀਆਂ ਸਬਜ਼ੀਆਂ ਦੀ ਥਾਂ ਹਿਮਾਚਲ ਦੀਆਂ ਸਬਜ਼ੀਆਂ ਦੀ ਤਰਜੀਹ ਵਧ ਗਈ ਹੈ। ਇਸ ਪ੍ਰਕਾਰ ਦੇ ਵਰਤਾਰੇ ਪੰਜਾਬ ਦੀ ਸਿਰਜਣ ਸ਼ਕਤੀ ਤੇ ਸੰਵੇਦਨਾ ਦੇ ਸੁੰਨ ਤੇ ਅਸਤ ਹੋ ਜਾਣ ਦੀ ਨਿਸ਼ਾਨੀ ਹਨ। ਕਾਰਪੋਰੇਟ ਨੇ ਹਰ ਧੰਦੇ ਨੂੰ ਆਪਣੀ ਚਾਟੇ ਲਾ ਲਿਆ ਹੈ। ਇਸ ਲਈ ਕਿਸਾਨ ਹੁਣ ਅਨਾਜ ਨਹੀਂ ਉਪਜਾਉਂਦਾ ਸਗੋਂ ਮੰਡੀ ਦੀ ਵਸਤੂ ਪੈਦਾ ਕਰਦਾ ਹੈ। ਸਿੱਖਿਆ ਸੰਸਥਾਵਾਂ ਦਾ ਕੰਮ ਪੁਰਜ਼ੇ ਪੈਦਾ ਕਰਨੇ ਰਹਿ ਗਿਆ ਹੈ। ਅੰਦਰੂਨੀ ਸਿਰਜਣਾ ਦੇ ਸ੍ਰੋਤ ਖੀਣ ਹੋ ਰਹੇ ਹਨ। ਹਰ ਕੋਈ ਮੰਡੀ ਦੇ ਅਨੁਕੂਲ ਵਿਚਰ ਰਿਹਾ ਹੈ। ਸਿਆਸਤ ਦੇ ਮਾਡਲ ਬੁੱਚੜ ਤੇ ਬਚਗਾਨੇ ਹੋ ਗਏ ਹਨ। ਜਦੋਂ ਅਨਾਜ ਖਾਣ ਜੋਗ ਨਾ ਰਹੇ, ਜਦੋਂ ਕਿਤਾਬਾਂ ਗ਼ੈਰ-ਮਿਆਰੀ ਤੇ ਮਸ਼ੀਨੀ ਹੋ ਜਾਣ ਉਦੋਂ ਮਾਨਵੀ ਰੂਹਾਂ ਰੇਤਲੀਆਂ ਹੋ ਜਾਂਦੀਆਂ ਹਨ। ਮਾਹੌਲ ਨਸ਼ਈ ਹੋ ਜਾਂਦਾ ਹੈ।
ਅੰਮ੍ਰਿਤਸਰ ਸ਼ਹਿਰ ਦਾ ਮਕਬੂਲਪੁਰ ਨਸ਼ੇ ਦੇ ਮਕਬੂਲ ਅੱਡੇ ਵਜੋਂ ਇੱਕ ਦਿਨ ਵਿਚ ਪ੍ਰਸਿੱਧ ਨਹੀਂ ਹੋਇਆ। ਲਗਭਗ ਹਰ ਸ਼ਹਿਰ ਵਿਚ ਮਕਬੂਲਪੁਰੇ ਹਨ। ਮੇਰੇ ਸ਼ਹਿਰ ਵਿਚ ਮਹਿਤਾਬਗੜ੍ਹ ਹੈ। ਮਹਿਤਾਬਗੜ੍ਹ ਦਾ ਵਸਨੀਕ ਅਰਵਿੰਦ ਮੇਰੇ ਘਰ ਹਰ ਮਹੀਨੇ ਟੈਲੀਫੋਨ ਦਾ ਬਿੱਲ ਲੈਣ ਆਉਂਦਾ ਹੈ। ਕਈ ਵਾਰ ਉਸ ਨਾਲ ਬਹਿਸ ਹੋ ਜਾਂਦੀ ਹੈ। ਉਹ ਆਖਦਾ ਹੈ ਕਿ ਸਾਡੇ ਇਲਾਕੇ ਵਿਚੋਂ ਨਸ਼ਿਆਂ ਦਾ ਧੰਦਾ ਖ਼ਤਮ ਹੋਣਾ ਮੁਸ਼ਕਿਲ ਹੈ। ਲੋਕ ਕਹਿੰਦੇ ਨੇ, ਇਹ ਧੰਦਾ ਨਾ ਕਰੀਏ ਤਾਂ ਹੋਰ ਕੀ ਕਰੀਏ। ਹੋਰ ਕੋਈ ਬਦਲ ਨਹੀਂ ਹੈ। ਇਸ ਲਈ ਲੋਕ ਨਸ਼ਾ ਵੇਚ ਕੇ ਗੁਜ਼ਾਰਾ ਕਰਦੇ ਹਨ। ਜੇਲ੍ਹ ਕੱਟਦੇ ਹਨ ਤੇ ਫਿਰ ਆ ਕੇ ਉਹੀ ਧੰਦਾ ਸ਼ੁਰੂ ਕਰ ਦਿੰਦੇ ਹਨ।
ਅਤਿਅੰਤ ਦਰਦਨਾਕ ਦ੍ਰਿਸ਼ ਹੈ ਪੰਜਾਬ ਦੇ ਮਕਬੂਲਪੁਰਿਆਂ ਦਾ। ਨਸ਼ਾ ਛੁਡਾਊ ਕੇਂਦਰ ਬੇਵੱਸ ਹਨ। ਸਰਵੇਖਣ ਕਾਗ਼ਜ਼ੀ ਹਨ। ਕਲਮਕਾਰ ਅਤੇ ਕਲਾਕਾਰ ਇਨ੍ਹਾਂ ਅਣਹੋਏ ਅਤੇ ਅਪਾਹਜ ਲੋਕਾਂ ਤੱਕ ਪਹੁੰਚਦੇ ਨਹੀਂ। ਜਦੋਂ ਬੰਦੇ ਨੂੰ ਸਿਹਤਮੰਦ ਤੇ ਸੁਪਨਸਾਜ਼ ਮਾਹੌਲ ਨਾ ਮਿਲੇ ਤਾਂ ਉਹ ਕੁਝ ਵੀ ਬਣ ਸਕਦਾ ਹੈ। ਸੱਚ ਬਹੁਤ ਕੌੜਾ ਹੈ। ਨਿਪੁੰਸਕ ਤੇ ਨਜ਼ਰ ਵਿਹੂਣੇ ਪੰਜਾਬ ਕੋਲ ਉਜੜਨ ਤੋਂ ਬਿਨਾਂ ਕੋਈ ਰਾਹ ਨਹੀਂ। ਖੁੰਢੇ ਹਥਿਆਰਾਂ ਨਾਲ ਵਕਤ ਨਹੀਂ ਬਦਲਦਾ। ਚੱਲੋ ਅਰਜ਼ੋਈਆਂ ਕਰੀਏ। ਅਰਜ਼ੋਈਆਂ ਕਰਨ ਨਾਲ ਮਨ ਨੂੰ ਸਕੂਨ ਤੇ ਸੰਤੁਸ਼ਟੀ ਮਿਲਦੀ ਹੈ। ਵਕਤ ਭਾਵੇਂ ਬਦਲੇ ਜਾਂ ਨਾ ਬਦਲੇ।
ਖ਼ਾਬਾਂ ਨੂੰ ਅੰਬਰ ਤੇ ਖੰਭਾਂ ਨੂੰ ਪਰਵਾਜ਼ ਮਿਲੇ,
ਹਰ ਕਿਸੇ ਨੂੰ ਸੱਚ ਬੋਲਣ ਵਾਲੀ ਆਵਾਜ਼ ਮਿਲੇ।
ਜੋ ਦਿਸ ਰਿਹਾ ਹੈ ਉਹ ਸੱਚੀ-ਮੁੱਚੀ ਦਾ ਪੰਜਾਬ ਨਹੀਂ। ਅਸਲੀ ਪੰਜਾਬ ਮਕਬੂਲਪੁਰਿਆਂ ਵਿਚ ਰਹਿੰਦਾ ਹੈ ਜਿਸ ਨੂੰ ਸਿਆਸਤਦਾਨ ਆਪਣੀਆਂ ਫਿਕਸਡ ਵੋਟਾਂ ਕਹਿੰਦੇ ਹਨ। ਚੈਨਲਾਂ ਵਾਲਾ ਪੰਜਾਬ ਮੇਰਾ ਪੰਜਾਬ ਨਹੀਂ। ਮੇਰੇ ਬਾਪ ਕੋਲ ਗੰਡਾਸੀ ਹੁੰਦੀ ਸੀ, ਆਟੋਮੈਟਿਕ ਸਟੇਨਗੰਨ ਨਹੀਂ ਸੀ ਹੁੰਦੀ। ਮੇਰੀਆਂ ਮਾਵਾਂ-ਭੈਣਾਂ ਇਸ ਪ੍ਰਕਾਰ ਨੰਗੇਜ਼ ਨਹੀਂ ਸੀ ਦਿਖਾਉਂਦੀਆਂ। ਸ਼ਰਮ ਹਯਾ ਪਤਾ ਨਹੀਂ ਕਿੱਥੇ ਚਲੀ ਗਈ! ਅੰਤਰਝਾਤ ਮਾਰਨੀ।