ਗੁਰਬਚਨ ਸਿੰਘ
ਫੋਨ: +91-98156-98451
ਦੁਨੀਆ ਭਰ ਵਿਚ ਇਸਾਈ ਮਤਿ ਨੂੰ ਮੰਨਣ ਵਾਲੇ ਦੋ ਅਰਬ ਤੋਂ ਵਧੇਰੇ ਲੋਕਾਂ ਨੂੰ ਉਨ੍ਹਾਂ ਦੇ ਸਭ ਤੋਂ ਪਵਿੱਤਰ ਦਿਹਾੜੇ ਦੀ ਬਹੁਤ ਬਹੁਤ ਵਧਾਈ। ਯਹੂਦੀਅਤ, ਇਸਾਈਅਤ ਤੇ ਇਸਲਾਮ ਇਕ-ਦੂਜੇ ਦੀ ਨਿਰੰਤਰਤਾ ਵਿਚ ਵਿਕਸਿਤ ਹੋਏ ਧਰਮ ਹਨ।
ਪਵਿੱਤਰ ਬਾਈਬਲ ਦੇ ਆਰੰਭ ਵਿਚ ਸ੍ਰਿਸ਼ਟੀ ਦੀ ਰਚਨਾ ਬਾਰੇ ਦਰਜ ਹੈ, ‘‘ਆਦਿ ਵਿਚ ਜਦੋਂ ਪਰਮੇਸ਼ਰ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਤਾਂ ਉਸ ਸਮੇਂ ਧਰਤੀ ਬਿਨਾਂ ਕਿਸੇ ਰੂਪ ਦੇ ਤੇ ਸੁੰਨੀ ਸੀ। (ਮਨੂ ਸਿਮ੍ਰਿਤੀ ਵਿਚ ਬ੍ਰਹਮਾ ਦੇ ਪੈਦਾ ਹੋਣ ਬਾਰੇ ਵੀ ਕੁਝ ਅਜਿਹਾ ਹੀ ਵਰਣਨ ਹੈ) ਡੂੰਘੇੇ ਸਮੁੰਦਰ ਦੀ ਸਤ੍ਹਾ ਉਤੇ ਹਨੇਰਾ ਸੀ। ਪਰਮੇਸ਼ਰ ਦਾ ਆਤਮਾ ਪਾਣੀਆਂ ਉਤੇ ਮੰਡਲਾ ਰਿਹਾ ਸੀ। ਪਰਮੇਸ਼ਰ ਨੇ ਕਿਹਾ ‘‘ਚਾਨਣ ਹੋਵੇ’’, ਤਾਂ ਇਹ ਹੋ ਗਿਆ। ਪਰਮੇਸ਼ਰ ਨੂੰ ਇਹ ਚੰਗਾ ਲੱਗਾ। ਉਸ ਨੇ ਚਾਨਣ ਨੂੰ ਹਨੇਰੇ ਤੋਂ ਵੱਖ ਕਰ ਦਿੱਤਾ। ਪਰਮੇਸ਼ਰ ਨੇ ਚਾਨਣ ਨੂੰ ‘‘ਦਿਨ’’ ਕਿਹਾ ਤੇ ਹਨੇਰੇ ਨੂੂੰੰ ‘‘ਰਾਤ’’। ਫਿਰ ਸੰਝ ਹੋਈ ਤੇ ਸਵੇਰ ਆਈ। ਇਹ ਪਹਿਲਾ ਦਿਨ ਸੀ।
….ਤਦ ਪਰਮੇਸ਼ਰ ਨੇ ਆਪਣੀ ਰਚੀ ਹਰ ਚੀਜ਼ ਵੇਖੀ, ਜੋ ਉਸ ਨੂੰ ਬਹੁਤ ਹੀ ਚੰਗੀ ਲੱਗੀ। ਫਿਰ ਸੰਝ ਹੋਈ ਤੇ ਸਵੇਰ ਆਈ। ਇਹ ਛੇਵਾਂ ਦਿਨ ਸੀ। ਸੋ ਸਗਲ ਸ੍ਰਿਸ਼ਟੀ ਤੇ ਇਸ ਦੀਆਂ ਚੀਜ਼ਾਂ ਦਾ ਬਣਾਉਣਾ ਸਮਾਪਤ ਹੋ ਗਿਆ। ਇਸ ਤਰ੍ਹਾਂ ਪਰਮੇਸ਼ਰ ਨੇ ਆਪਣਾ ਕੰਮ ਜੋ ਉਹ ਕਰ ਰਿਹਾ ਸੀ ਸਤਵੇਂ ਦਿਨ ਸਮਾਪਤ ਕੀਤਾ ਤੇ ਉਸ ਦਿਨ ਉਸ ਨੇ ਸਾਰੇ ਕੰਮਾਂ ਤੋਂ ਵਿਹਲ ਪਾਈ। ਪਰਮੇਸ਼ਰ ਨੇ ਸਤਵੇਂ ਦਿਨ ਨੂੰ ਅਸੀਸ ਦੇ ਕੇ ਪਵਿੱਤਰ ਠਹਿਰਾਇਆ ਕਿਉਂਕਿ ਇਸ ਦਿਨ ਉਸ ਨੇ ਆਪਣੀ ਬਣਾਈ ਰਚਨਾ ਦੇ ਕੰਮ ਤੋਂ ਵੇਹਲ ਪਾਈ ਸੀ।’’
ਗੁਰੂ ਗ੍ਰੰਥ ਸਾਹਿਬ ਵਿਚ ‘ਸ੍ਰਿਸ਼ਟੀ ਰਚਨਾ’ ਬਾਰੇ ਵਰਣਨ ਇਸ ਨਾਲੋਂ ਬਿਲਕੁਲ ਵੱਖਰਾ ਹੈ:
ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰੁ ਨ ਜਾਇ॥
ਟੁਕੁ ਦਮੁ ਕਰਾਰੀ ਜਉ ਕਰਹੁ ਹਾਜਿਰ ਹਜੂਰਿ ਖੁਦਾਇ॥ 1॥
ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ॥
ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ॥1॥ ਰਹਾਉ॥ (ਪੰਨਾ 727)
ਵੇਦ ਤੇ ਕਤੇਬ ਪੜ੍ਹਨ ਨਾਲ ਦਿਲ (ਮਨ) ਦੇ ਡਰ ਸਹਿਮ ਜਾਂ ਸੰਸੇ ਖਤਮ ਨਹੀਂ ਹੁੰਦੇ ਪਰ ਜੇ ਕੁਝ ਪਲਾਂ ਲਈ ਮਨ ਨੂੰ ਟਿਕਾ ਕੇ ਸੋਚਿਆ ਜਾਏ ਤਾਂ ਅਹਿਸਾਸ ਕੀਤਾ ਜਾ ਸਕਦਾ ਹੈ ਕਿ ਰੱਬ ਹਰੇਕ ਮਨੁੱਖ ਦੇ ਆਪਣੇ ਹੀ ਮਨ ਵਿਚ ਮੌਜੂਦ ਹੈ।
ਹੇ ਬੰਦੇ! ਹਰ ਰੋਜ਼ ਆਪਣੇ ਦਿਲ ਦੀ ਖੋਜ ਕਰ ਭਾਵ ਆਪਣੇ ਮਨ ਨੂੰ ਕਾਬੂ ਕਰ। ਦਸਾਂ ਦਿਸ਼ਾਵਾਂ ਵਿਚ ਭਟਕਦੇ ਮਨ ਦੇ ਆਖੇ ਲੱਗ ਕੇ ਐਵੇਂ ਪ੍ਰੇਸ਼ਾਨ ਨਾ ਹੋ। ਇਹ ਦੁਨੀਆ ਇਕ ਅਜਬ ਮੇਲਾ ਹੈ, ਕਿਸੇ ਮਨ-ਕਲਪਿਤ ਰੱਬ ਦੀ ਰਚਨਾ ਨਹੀਂ। ਰਹਾਉ। ਗੁਰੂ ਗ੍ਰੰਥ ਸਾਹਿਬ ਵਿਚ ਰਹਾਉ ਵਾਲੀ ਪੰਕਤੀ ਵਿਚ ਸਬਦੁ ਦਾ ਸਾਰਤੱਤ ਦਰਜ ਹੁੰਦਾ ਹੈ। ਇਸ ਸਬਦੁ ਦਾ ਸਾਰਤੱਤ ਹੈ ਕਿ ਜਿਸ ਦੁਨੀਆ ਵਿਚ ਅਸੀਂ ਰਹਿ ਰਹੇ ਹਾਂ, ਸਮੇਂ ਤੇ ਸਥਾਨ ਦੇ ਸੰਜੋਗ ਨਾਲ ਹੋਇਆ ਇਹ ਇਕ ਅਜਬ ਮੇਲਾ ਹੈ, ਕਿਸੇ ਮਨ-ਕਲਪਿਤ ਰੱਬ ਦੀ ਰਚਨਾ ਨਹੀਂ।
ਬਾਈਬਲ ਦੀ ਇਕ ਮਿੱਥ ਹੈ ਕਿ ਬਾਬਾ ਆਦਮ ਸਭ ਤੋਂ ਪਹਿਲਾ ਮਨੁੱਖ ਸੀ, ਜਿਸ ਨੂੰ ਖੁ਼ਦਾ ਨੇ ਆਪਣੀ ਸ਼ਕਲ ਦਾ ਰੂਪ ਦੇ ਕੇ ਮਿੱਟੀ ਤੋਂ ਬਣਾਇਆ। ਬਾਈਬਲ ਵਿਚ ਕਥਾ ਹੈ ਕਿ ਜਦੋਂ ਆਦਮ ਸੌਂ ਗਿਆ ਤਾਂ ਖੁ਼ਦਾ ਨੇ ਉਸ ਦੀ ਇਕ ਪਸਲੀ ਕੱਢ ਕੇ ਉਸ ਤੋਂ ਇਕ ਨਾਰੀ ਰਚੀ ਜੋ ‘ਹਵਾ’ ਅਖਵਾਈ। ਖੁ਼ਦਾ ਨੇ ਇਸ ਜੋੜੇ ਨੂੰ ਸਵਰਗ ਦੇ ‘ਅਦਨ’ ਬਾਗ਼ ਵਿਚ ਰਹਿਣ ਦਾ ਹੁਕਮ ਦਿੱਤਾ। ਪਰ ਨਾਲ ਹੀ ਇਕ ਹਦਾਇਤ ਕੀਤੀ ਕਿ ਇਕ ਖਾਸ ਪੌਦੇ ਦਾ ਫਲ ਕਦੇ ਨਹੀਂ ਖਾਣਾ। ਸ਼ੈਤਾਨ ਨੇ ਵਰਗਲਾ ਕੇ ਆਦਮ ਤੇ ਹਵਾ ਨੂੰ ਇਹ ਵਰਜਿਤ ਫਲ ਖਾਣ ਲਈ ਪ੍ਰੇਰ ਲਿਆ। ਇਹ ਪਾਪ ਕਰਨ ਲਈ ਦੋਵੇਂ ਅਦਨ ਬਾਗ ਵਿਚੋਂ ਬਾਹਰ ਕੱਢ ਦਿੱਤੇ ਗਏ।
ਗੁਰਮਤਿ ਨੇ ਇਸ ਭਰਮ ਦਾ ਵੀ ਖੰਡਨ ਕੀਤਾ ਹੈ ;
ਸਤਰਿ ਸੈਇ ਸਲਾਰ ਹੈ ਜਾ ਕੇ॥ ਸਵਾ ਲਾਖੁ ਪੈਕਾਬਰ ਤਾ ਕੇ॥
ਸੇਖ ਜੁ ਕਹੀਅਹਿ ਕੋਟਿ ਅਠਾਸੀ॥ ਛਪਨ ਕੋਟਿ ਜਾ ਕੇ ਖੇਲ ਖਾਸੀ॥ 1॥
ਮੋ ਗਰੀਬ ਕੀ ਕੋ ਗੁਜਰਾਵੈ॥ ਮਜਲਸਿ ਦੂਰਿ ਮਹਲੁ ਕੋ ਪਾਵੈ॥ 1॥ ਰਹਾਉ॥
ਬਾਬਾ ਆਦਮ ਕਉ ਕਿਛੁ ਨਦਰਿ ਦਿਖਾਈ॥ ਉਨਿ ਭੀ ਭਿਸਤਿ ਘਨੇਰੀ ਪਾਈ॥ 2॥
ਸਭੁ ਕੋਈ ਚਲਨ ਕਹਤ ਹੈ ਊਹਾਂ॥ ਨਾ ਜਾਨਉ ਬੈਕੁੰਠੁ ਹੈ ਕਹਾਂ॥ 1॥ ਰਹਾਉ॥ (ਪੰਨਾ 1161)
ਜਿਸ ਖੁ਼ਦਾ ਦੇ ਸੱਤ ਹਜ਼ਾਰ ਫਰਿਸ਼ਤੇ ਤੇ ਸਵਾ ਲੱਖ ਪੈਗੰਬਰ ਕਹੇ ਜਾਂਦੇ ਹਨ। ਜਿਸ ਦੇ ਦਰ ਉਤੇ ਖੜ੍ਹੇ ਅਠਾਸੀ ਕਰੋੜ ਸ਼ੇਖ ਤੇ ਛਪੰਜਾ ਕਰੋੜ ਸ਼ਰਧਾਲੂ ਦੱਸੇ ਜਾਂਦੇ ਹਨ। ਭਲਾ ਉਥੇ ਮੇਰੇ ਵਰਗੇ ਕਿਸੇ ਗ਼ਰੀਬ ਬੰਦੇ ਦੀ ਕੀ ਰਸਾਈ ਹੋਣੀ ਹੈ। ਸਤ ਆਸਮਾਨ ਦੂਰ ਉਸ ਦੇ ਮਹਿਲ ਤਕ ਮੇਰੀ ਕੀ ਪਹੁੰਚ ਹੋ ਸਕਦੀ ਹੈ। ਕਿਹਾ ਜਾਂਦਾ ਹੈ ਕਿ ਬਾਬਾ ਆਦਮ ਨੂੰ ਕੁਝ ਚਿਰ ਲਈ ਬਹਿਸ਼ਤ ਨਸੀਬ ਹੋਈ ਸੀ ਪਰ ਆਖਿਰ ਉਸ ਨੂੰ ਵੀ ਉਥੋਂ ਕੱਢ ਦਿੱਤਾ ਗਿਆ ਸੀ। ਹਰ ਕੋਈ ਬੈਕੁੰਠ ਭਾਵ ਸਵਰਗ ਵਿਚ ਜਾਣਾ ਚਾਹੁੰਦਾ ਹੈ ਪਰ ਪਤਾ ਕਿਸੇ ਨੂੰ ਨਹੀਂ ਕਿ ਇਹ ਸਵਰਗ ਹੈ ਕਿੱਥੇ? ਆਪਣੇ ਮਨ ਅੰਦਰਲੇ ਭੇਦ ਦਾ ਤੇ ਪਤਾ ਨਹੀਂ ਪਰ ਬੈਕੁੰਠ ਦਾ ਵਿਖਿਆਨ ਹੋ ਰਿਹਾ ਹੈ।
ਜਦੋਂ ਤਕ ਬੰਦੇ ਦੇ ਮਨ ਵਿਚ ਕਿਸੇ ਨਰਕ ਸਵਰਗ ਦੀ ਆਸ ਬਣੀ ਰਹਿੰਦੀ ਹੈ, ਉਦੋਂ ਤਕ ਉਸ ਦਾ ਖੁ਼ਦਾ ਦੇ ਚਰਨਾਂ ਵਿਚ ਨਿਵਾਸ ਨਹੀਂ ਹੋ ਸਕਦਾ। ਕਿਉਂਕਿ ਉਸ ਨੂੰ ਇਹ ਪਤਾ ਹੀ ਨਹੀਂ ਲੱਗਦਾ ਕਿ ਰੱਬ ਉਸ ਦੇ ਆਪਣ ਹੀ ਮਨ ਵਿਚ ਵੱਸਦਾ ਹੈ। ਕਿਸੇ ਖਾਈ ਕਿਲ੍ਹੇ ਸ਼ਹਿਰ ਜਾਂ ਉਸ ਕਿਲ੍ਹੇ ਨੂੰ ਜਾਣ ਵਾਲੇ ਕਿਸੇ ਰਸਤੇ ਦਾ ਤੇ ਪਤਾ ਨਹੀਂ ਪਰ ਚਰਚਾ ਬੈਕੁੰਠ ਦੀ ਹੋ ਰਹੀ ਹੈ। ਭਗਤ ਕਬੀਰ ਜੀ ਬਚਨ ਕਰਦੇ ਹਨ ਕਿ ਹੁਣ ਕਿਸੇ ਨੂੰ ਕੀ ਦੱਸੀਏ ਕਿ ਇਹ ਬੈਕੁੰਠ ਅਸਲ ਵਿਚ ਸਾਧ-ਸੰਗਤ ਵਿਚ ਹੀ ਪ੍ਰਾਪਤ ਹੁੰਦਾ ਹੈ।
ਕਵਨੁ ਨਰਕੁ ਕਵਨੁ ਸੁਰਗੁ ਬਿਚਾਰਾ ਸੰਤਨ ਦੋਊ ਰਾਦੇ॥
ਹਮ ਕਾਹੂੰ ਕੀ ਕਾਣਿ ਨ ਕਢਤੇ ਅਪਨੇ ਗੁਰਪ੍ਰਸਾਦੇ॥ (ਪੰਨਾ 969)
ਨਰਕ-ਸੁਰਗ ਦੀ ਸਾਰੀ ਚਰਚਾ ਨੂੰ ਸਪੱਸ਼ਟ ਸ਼ਬਦਾਂ ਵਿਚ ਨਕਾਰਦਿਆਂ ਹੋਇਆਂ ਗੁਰਮਤਿ ਦੇ ਬਚਨ ਹਨ ਕਿ ਸੰਤਾਂ ਨੇ ਨਰਕ-ਸੁਰਗ ਦੇ ਸਾਰੇ ਵਰਤਾਰੇ ਦਾ ਹੀ ਖੰਡਨ ਕਰ ਦਿੱਤਾ ਹੈ।
ਇਸਾਈਅਤ ਤੇ ਇਸਲਾਮ ਵਿਚ ਇਹ ਮੰਨਿਆ ਜਾਂਦਾ ਹੈ ਕਿ ਭਵਿੱਖ ਵਿਚ ਆਉਣ ਵਾਲੇ ਕਿਸੇ ਕਿਆਮਤ ਦੇ ਦਿਨ ਕਬਰਾਂ ਵਿਚਲੇ ਦੱਬੇ ਮੁਰਦੇ ਜਾਗ ਪੈਣਗੇ। ਇਸ ਦਿਨ ਰੱਬ ਹਜ਼ਰਤ ਈਸਾ ਮਸੀਹ ਨੂੰ ਮੰਨਣ ਵਾਲੇ ਸਾਰੇ ਲੋਕਾਂ ਦੇ ਪਾਪ ਮੁਆਫ਼ ਕਰ ਦੇਵੇਗਾ ਤੇ ਉਨ੍ਹਾਂ ਨੂੰ ਸਵਰਗ ਵਿਚ ਭੇਜਿਆ ਜਾਵੇਗਾ, ਜਿਥੇ ਉਨ੍ਹਾਂ ਨੂੰ ਉਹ ਸਾਰੀਆਂ ਸਹੂਲਤਾਂ ਮਿਲਣਗੀਆਂ, ਜਿਨ੍ਹਾਂ ਦੀ ਉਹ ਆਸ ਕਰਦੇ ਹਨ। ਇਸਲਾਮ ਵਿਚ ਮੰਨਿਆ ਜਾਂਦਾ ਹੈ ਕਿ ਕਿਆਮਤ ਦੇ ਦਿਨ ਅੱਲਾਹ ਸਾਰੇ ਮੁਸਲਮਾਨਾਂ ਨੂੰ ਬਹਿਸ਼ਤ ਦੇਵੇਗਾ।
ਗੁਰਮਤਿ ਇਸ ਮਿਥ ਦਾ ਵੀ ਖੰਡਨ ਕਰਦੀ ਹੈ :
ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮ੍ਰਿਆਰ॥
ਘੜਿ ਭਾਂਡੇ ਇਟਾ ਕੀਆ ਜਲਦੀ ਕਰੇ ਪੁਕਾਰ॥
ਜਲਿ ਜਲਿ ਰੋਵੈ ਬਪੁੜੀ ਝੜਿ ਝੜਿ ਪਵਹਿ ਅੰਗਿਆਰ॥
ਨਾਨਕ ਜਿਨਿ ਕਰਤੈ ਕਾਰਣੁ ਕੀਆ ਸੋ ਜਾਣੈ ਕਰਤਾਰੁ॥ (ਪੰਨਾ 466)
ਦੱਬੇ ਮੁਰਦਿਆਂ ਦੀ ਮਿੱਟੀ ਤਾਂ ਘੁਮਿਆਰ ਦੇ ਘੜੇ ਭਾਂਡਿਆਂ ਵਿਚ ਲੱਗ ਗਈ ਹੈ, ਜਿਹੜੇ ਅੱਗ ਦੇ ਅੰਗਿਆਰਾਂ ਉਤੇ ਪੱਕ ਕੇ ਤੇ ਹੌਲੀ-ਹੌਲੀ ਵਰਤੋਂ ਵਿਚ ਆ ਕੇ ਟੁੱਟ-ਭੱਜ ਗਏ ਹਨ। ਗੁਰੂ ਨਾਨਕ ਸਾਹਿਬ ਦੇ ਬਚਨ ਹਨ ਕਿ ਕੁਦਰਤ ਦੇ ਕਣ-ਕਣ ਵਿਚੋਂ ਪ੍ਰਗਟ ਹੁੰਦੇ ਜਿਸ ਕਰਤਾ ਨੇ ਇਹ ਸਾਰਾ ਕੁਝ ਸਿਰਜਿਆ ਹੈ, ਉਹ ਹੀ ਇਨ੍ਹਾਂ ਮੁਰਦਿਆਂ ਦੀ ਹੋਣੀ ਜਾਣਦਾ ਹੈ।
ਗੁਰਮਤਿ ਸੁਆਲ ਕਰਦੀ ਹੈ ਕਿ ਕੌਣ ਮਰਿਆ ਹੈ? ਇਸ ਸੁਆਲ ਨੂੰ ਹੋਰ ਗੰਭੀਰ ਰੂਪ ਦੇਣ ਲਈ ਗੁਰਮਤਿ ਸੁਆਲ ਨੂੰ ਫਿਰ ਦੁਹਰਾਉਂਦੀ ਹੈ ਕਿ ਕੌਣ ਮਰਿਆ ਹੈ? ਫਿਰ ਗੁਰਮਤਿ ਆਪ ਹੀ ਇਸ ਸੁਆਲ ਦਾ ਜੁਆਬ ਦੇਂਦੀ ਹੈ ਕਿ ਬ੍ਰਹਮ ਦਾ ਆਤਮਿਕ ਗਿਆਨ ਰੱਖਣ ਵਾਲੇ ਸਿਆਣੇ ਲੋਕਾਂ ਨੇ ਜਦੋਂ ਨਿੱਠ ਕੇ ਵਿਚਾਰ ਕੀਤੀ, ਤਾਂ ਪਤਾ ਲੱਗਾ ਕਿ ਮਰਨ ਵਾਲਾ ਤਾਂ ਚਲਾ ਗਿਆ ਹੈ।
ਸੁਆਲ ਪੈਦਾ ਹੋਇਆ ਕਿ ਉਹ ਕਿੱਥੇ ਗਿਆ ਹੈ?
ਜੁਆਬ ਹੈ: ਹਵਾ ਹਵਾ ਵਿਚ ਸਮਾਅ ਗਈ। ਜ਼ਿੰਦਗੀ ਦੀ ਰੌਂਅ ਅਗਲੀ ਪੀੜ੍ਹੀ ਵਿਚ ਚਲੀ ਗਈ। ਮਿੱਟੀ ਮਿੱਟੀ ਵਿਚ ਰਲ ਗਈ ਤੇ ਮਰਨ ਵਾਲੇ ਬਾਰੇ ਹੁਣ ਰੋਣ ਦਾ ਕੋਈ ਆਧਾਰ ਨਹੀਂ। ਮਰਨ ਵਾਲੇ ਕਿਸੇ ਬੰਦੇ ਨੇ ਕਦੇ ਵਾਪਸ ਆ ਕੇ ਇਹ ਖ਼ਬਰ ਨਹੀਂ ਦਿੱਤੀ ਕਿ ਮੌਤ ਤੋਂ ਬਾਅਦ ਮਰਨ ਵਾਲੇ ਦਾ ਕੀ ਬਣਿਆ ਹੈ। ਮਰਿਆਂ ਨੂੰ ਰੋਣ ਵਾਲੇ ਖ਼ੁਦ ਵੀ ਇਕ ਦਿਨ ਮਰ ਜਾਂਦੇ ਹਨ। ਇਹ ਸਾਰੇ ਮੋਹ ਭਾਵ ਝੂਠੇ ਪਿਆਰ ਦੇ ਬੰਧਨ ਐਵੇਂ ਇਕ ਭਰਮਜਾਲ ਹੈ। ਸੁਪਨੇ ਵਿਚ ਬੁੜਬੁੜਾਉਣ ਵਾਂਗ ਹੈ। ਇਹ ਕਰਤਾਰ ਭਾਵ ਕੁਦਰਤ ਦੇ ਕਣ-ਕਣ ਵਿਚੋਂ ਪ੍ਰਗਟ ਹੁੰਦੇ ਕਾਦਰ ਦਾ ਸਿਰਜਿਆ ਸੰਸਾਰ ਹੈ। ਜੰਮਣਾ-ਮਰਨਾ ਇਸ ਦਾ ਇਕ ਨੇਮ ਹੈ। ਨਾ ਕੋਈ ਮਰਦਾ ਹੈ। ਨਾ ਕੋਈ ਮਰਨ ਜੋਗਾ ਹੈ। ਸਦਾ ਰਹਿਣ ਵਾਲਾ ਕਾਦਰ ਅਬਿਨਾਸੀ ਹੈ।
ਮਨੁੱਖ ਆਪਣੇ ਆਪ ਬਾਰੇ ਜੋ ਸਮਝਦਾ ਹੈ, ਅਸਲ ਵਿਚ ਉਹ, ਉਹ ਹੈ ਨਹੀਂ। ਤਥਾ ਬੰਦਾ ਆਪਣੀ ਨਾਸਵੰਤ ਹੋਂਦ ਨਾ ਪਛਾਣ ਕੇ ਤੇ ਸਦਾ ਜਿਉਂਦੇ ਰਹਿਣ ਦਾ ਭਰਮ ਪਾਲ ਕੇ ਹੋਰ-ਹੋਰ ਫਾਲਤੂ ਧੰਦਿਆਂ ਵਿਚ ਉਲਝਿਆ ਰਹਿੰਦਾ ਹੈ। ਗੁਰੂ ਅਰਜਨ ਦੇਵ ਜੀ ਦੇ ਬਚਨ ਹਨ ਕਿ ਗੁਰੂ ਦੇ ਦਿੱਤੇ ਆਤਮਿਕ ਗਿਆਨ ਨਾਲ ਉਨ੍ਹਾਂ ਦਾ ਇਹ ਭਰਮ ਹੁਣ ਸਦਾ ਲਈ ਖਤਮ ਹੋ ਗਿਆ ਹੈ। ਹੁਣ ਉਨ੍ਹਾਂ ਨੂੰ ਇਹ ਗਿਆਨ ਹੋ ਗਿਆ ਹੈ ਕਿ ਨਾ ਕੋਈ ਮਰਦਾ ਹੈ ਤੇ ਨਾ ਹੀ ਕੋਈ ਕਿਤੇ ਆਉਂਦਾ-ਜਾਂਦਾ ਹੈ। ਜਿਨ੍ਹਾਂ ਕੁਦਰਤੀ ਤੱਤਾਂ ਦਾ ਇਹ ਸਰੀਰ ਬਣਿਆ ਹੈ, ਉਹ ਸਾਰੇ ਤੱਤ ਮੁੜ ਉਨ੍ਹਾਂ ਤੱਤਾਂ ਵਿਚ ਹੀ ਰਲ ਜਾਂਦੇ ਹਨ ਤੇ ਇਹ ਇਕ ਕੁਦਰਤੀ ਵਰਤਾਰਾ ਹੈ।
ਪਵਨੈ ਮਹਿ ਪਵਨੁ ਸਮਾਇਆ॥ ਜੋਤੀ ਮਹਿ ਜੋਤਿ ਰਲਿ ਜਾਇਆ॥
ਮਾਟੀ ਮਾਟੀ ਹੋਈ ਏਕ॥ ਰੋਵਨਹਾਰੇ ਕੀ ਕਵਨ ਟੇਕ॥ 1॥
ਕਉਨੁ ਮੂਆ ਰੇ ਕਉਨੁ ਮੂਆ॥
ਬ੍ਰਹਮ ਗਿਆਨੀ ਮਿਲਿ ਕਰਹੁ ਬੀਚਾਰਾ ਇਹੁ ਤਉ ਚਲਤੁ ਭਇਆ॥ 1॥ ਰਹਾਉ॥ (ਪੰਨਾ 885)
ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ:
ਨ ਹਮ ਹਿੰਦੂ ਨ ਮੁਸਲਮਾਨ॥ ਅਲਹ ਰਾਮ ਕੇ ਪਿੰਡੁ ਪਰਾਨ॥ (ਪੰਨਾ 1136)
ਨਾ ਅਸੀਂ ਹਿੰਦੂ ਹਾਂ ਤੇ ਨਾ ਮੁਸਲਮਾਨ ਪਰ ਸਾਡਾ ਮਨੁੱਖੀ ਸਰੀਰ ਤੇ ਜਿੰਦ ਅੱਲਾਹ ਤੇ ਰਾਮ ਦੀ ਦੇਣ ਹੈ। ਅੱਲਾਹ ਮੁਸਲਮਾਨਾਂ ਲਈ ਉਚਤਮ ਰੱਬੀ ਹਸਤੀ ਹੈ ਤੇ ਰਾਮ ਹਿੰਦੂਆਂ ਲਈ ਅਵਤਾਰੀ ਮਹਾਂਪੁਰਖ।
ਗੁਰਮਿਤ ਇਸ ਸੋਚ ਨੂੰ ਹੋਰ ਸਪੱਸ਼ਟ ਕਰਦੀ ਹੈ। ਸਮੁੱਚੀ ਖ਼ਲਕਤ ਨੂੰ ਪੈਦਾ ਕਰਨ ਵਾਲਾ ਖਾਲਕ ਸਭਨੀ ਥਾਈਂ ਰਮਿਆ ਹੋਇਆ ਹੈ। ਇਹ ਖਾਲਕ ਸਰਬ-ਵਿਆਪੀ ਹੈ। ਇਹੀ ਖਾਲਕ ਕਾਰਨ ਹੈ। ਇਹੀ ਕਰਨ ਵਾਲਾ ਹੈ। ਇਹ ਖਾਲਕ ਬਖਸ਼ਿੰਦ ਹੈ। ਇਹ ਖਾਲਕ ਸਾਰਿਆਂ ਦੀ ਪਾਲਣਾ ਕਰਨ ਵਾਲਾ ਤੇ ਸਾਰਿਆਂ ਉਤੇ ਰਹਿਮਤਾਂ ਕਰਨ ਵਾਲਾ ਹੈ। ਅੱਲਾਹ ਦੇ ਰੂਪ ਵਿਚ ਇਹ ਖਾਲਕ ਅਪਹੁੰਚ ਤੇ ਬੇਅੰਤ ਹੈ। ਇਹ ਖਾਲਕ ਹੀ ਹਿੰਦੂ ਮਤਿ ਵਿਚਲਾ ਸਰਬਵਿਆਪੀ ਓਮ, ਨਮੋ, ਭਗਵੰਤ ਤੇ ਗੁਸਾਈਂ ਹੈ। ਇਹੀ ਖਾਲਕ ਧਰਤੀ ਦਾ ਮਾਲਕ ਤੇ ਜਗਤ ਦਾ ਪਾਲਕ ਹੈ। ਸਮੁੱਚੇ ਜਗਤ ਨੂੰ ਜੀਵਨ ਦੇਣ ਵਾਲਾ ਜਗਜੀਵਨ ਦਾਤਾ ਤੇ ਸਮੁੱਚੀ ਦੌਲਤ ਦਾ ਮਾਲਕ ਵੀ ਇਹੀ ਖਾਲਕ ਹੈ। ਇਸ ਖਾਲਕ ਨੂੰ ਹਿਰਦੇ ਵਿਚ ਵਸਾਉਣ ਨਾਲ ਸਾਰੇ ਡਰ ਦੂਰ ਹੋ ਜਾਂਦੇ ਹਨ। ਮਨੁੱਖੀ ਇੰਦਰੀਆਂ ਦਾ ਮਾਲਕ ਵੀ ਇਹੀ ਖਾਲਕ ਹੈ, ਜਿਹੜਾ ਪੂਰਨ ਹੈ, ਸਰਬ-ਵਿਆਪੀ ਹੈ ਤੇ ਮੁਕਤੀਦਾਤਾ ਹੈ। ਇਹੀ ਖਾਲਕ ਸਾਰੇ ਦਿਲਾਂ ਦਾ ਮਾਲਕ ਹੈ। ਪਵਿੱਤਰ ਕੁਰਾਨ ਤੇ ਕਤੇਬ ਵਿਚ ਦਰਜ ਖਾਲਕ ਵੀ ਇਹੀ ਹੈ। ਇਹੀ ਨਾਰਾਇਣ ਨਰਹਰ ਦਇਆਲ ਪੁਰਖ ਹੈ। ਇਹੀ ਰਮਿਆ ਹੋਇਆ ਰਾਮ ਹੈ। ਇਹੀ ਵਾਸਦੇਵ ਸਭ ਥਾਂ ਵਸਦਾ ਹੈ। ਗੁਰੂ ਸਾਹਿਬ ਦੇ ਬਚਨ ਹਨ ਕਿ ਹੁਣ ਗੁਰੂ ਨੇ ਮੇਰੇ ਮਨ ਦੇ ਸਾਰੇ ਭਰਮ ਦੂਰ ਕਰ ਦਿੱਤੇ ਹਨ ਤੇ ਮੈਨੂੰ ਪਤਾ ਲੱਗਾ ਹੈ ਕਿ ਸਾਡੇ ਚਾਰ-ਚੁਫੇਰੇ ਪਸਰਿਆ ਏਕੋ ਹੀ ਅਲਹ ਤੇ ਇਹ ਏਕੋ ਹੀ ਪਾਰਬ੍ਰਹਮ ਹੈ। ਭਾਵ ਹਿੰਦੂ ਤੇ ਇਸਲਾਮੀ ਫਿਲਾਸਫੀ ਵਿਚਲੀ ਰੱਬੀ ਹੋਂਦ ਤੇ ਹਸਤੀ ਇਕੋ ਹੀ ਹੈ। ਗੁਰੂ ਨਾਨਕ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਵਿਚ ਕਿਤੇ ਨਹੀਂ ਕਿਹਾ ਕਿ ‘ਰੱਬ’, ‘ਪ੍ਰਮਾਤਮਾ’, ‘ਪ੍ਰਭੂ’, ‘ਈਸ਼ਵਰ’ ਇਕ ਹੈ। ਉਨ੍ਹਾਂ ਨੇ ਮਨੁੱਖਤਾ ਨੂੰ ਇਸ ਮਨ-ਕਲਪਿਤ ਰੱਬੀ ਭਰਮਜਾਲ ਤੋਂ ਸਦਾ ਲਈ ਮੁਕਤ ਕਰ ਦਿੱਤਾ।
ਸਤਿਗੁਰੂ ਨਾਨਕ ਪਾਤਸਾਹ ਦੇ ਬਚਨ ਹਨ: ਨਾਨਕ ਏਕੋ ਪਸਰਿਆ ਦੂਜਾ ਕਹ ਦ੍ਰਿਸਟਾਰ॥ (ਪੰਨਾ 292)
ਗੁਰਮਤਿ ਦਾ ਮਤਿ ਹੈ ਕਿ ਇਹ ਅਸੀਮ ਤੇ ਸਦੀਵੀ ਬ੍ਰਹਿਮੰਡੀ ਵਿਸਥਾਰ ਏਕੋ (ੴ) ਭਾਵ ਇਕ ਹੈ। ਇਹ ਸਤਿ ਹੈ। ਕਰਤਾਰੀ ਹਸਤੀ ਸਿਰਜਣਹਾਰ ਕਰਤਾ ਦੇ ਰੂਪ ਵਿਚ ਇਹ ਨਿਰਭਓ ਨਿਰਵੈਰ ਕਿਸੇ ਸਮੇਂ ਦੀ ਸੀਮਾ ਵਿਚ ਨਾ ਬੱਝਣ ਵਾਲਾ ਅਕਾਲ, ਸਾਕਾਰ ਰੂਪ ਤੇ ਕਿਸੇ ਜੂਨ ਵਿਚ ਨਾ ਆਉਣ ਵਾਲਾ, ਸਵੈ ਤੋਂ ਵਿਕਸਿਤ ਹੋਣ ਵਾਲਾ ਤੇ ਆਪਣੇ ਹੀ ਨੇਮਾਂ ਅਨੁਸਾਰ ਗਤੀਸ਼ੀਲ ਹੈ ਅਤੇ ਇਸ ਦੀ ਪਛਾਣ ਕੁਦਰਤ ਵਿਚੋਂ ਹੁੰਦੀ ਹੈ। ਨਾਨਕ ਸਚੁ ਦਾਤਾਰੁ ਸਿਨਾਖਤੁ ਕੁਦਰਤੀ॥ (ਪੰਨਾ 141)
ਬੇਸ਼ਕ ਗੁਰਮਤਿ ਨੇ ਇਸਾਈ ਧਰਮ ਦੇ ਦੋ ਮੂਲ ਮਾਨਵੀ ਸਰੋਕਾਰਾਂ ਦਇਆ ਅਤੇ ਸੰਤੋਖ ਨੂੰ ਧਰਮ ਵਜੋਂ ਮਾਨਤਾ ਦਿੱਤੀ ਹੈ।
ਧੌਲੁ ਧਰਮੁ ਦਇਆ ਕਾ ਪੂਤੁ॥ ਸੰਤੋਖੁ ਥਾਪਿ ਰਖਿਆ ਜਿਨਿ ਸੂਤਿ॥ (ਪੰਨਾ 3)